ਜਗਮੀਤ ਬਰਾੜ ਵੱਲੋਂ ਕਾਂਗਰਸ ਨਾਲੋਂ ਤੋੜ-ਵਿਛੋੜਾ

ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਵਰਕਿੰਗ ਕਮੇਟੀ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ। ਇਹ ਐਲਾਨ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਖ਼ੂਬ ਗੁਣਗਾਨ ਕੀਤਾ ਅਤੇ ਭਾਜਪਾ ਨੂੰ ਫਿਰਕੂ ਪਾਰਟੀ ਹੋਣ ਤੋਂ ਵੀ ਕਲੀਨ ਚਿੱਟ ਦੇ ਦਿੱਤੀ, ਪਰ ਫਿਲਹਾਲ ਭਾਜਪਾ ਵਿਚ ਸ਼ਾਮਲ ਹੋਣ ਤੋਂ ਚੁੱਪ ਵੱਟੀ ਰੱਖੀ।

ਕਾਂਗਰਸ ਨਾਲੋਂ 35 ਸਾਲਾਂ ਦਾ ਸਾਥ ਛੱਡਣ ਦਾ ਐਲਾਨ ਕਰਦਿਆਂ ਸ੍ਰੀ ਬਰਾੜ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਰਗੜੇ ਲਾਏ। ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਉਪਰ ਪਰਿਵਾਰਵਾਦ ਦੇ ਗੰਭੀਰ ਦੋਸ਼ ਵੀ ਲਾਏ। ਉਨ੍ਹਾਂ ਅਜੇ ਭਾਵੇਂ ਆਪਣੀ ਅਗਲੀ ਰਣਨੀਤੀ ਨਹੀਂ ਦੱਸੀ, ਪਰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਭਾਜਪਾ ਵਿਚ ਸ਼ਾਮਲ ਹੋਣਾ ਤੈਅ ਹੈ। ਅਗਲੇ ਦਿਨੀਂ ਉਨ੍ਹਾਂ ਦੇ ਹੋਰ ਹਮਾਇਤੀ ਵੀ ਕਾਂਗਰਸ ਤੋਂ ਅਸਤੀਫ਼ੇ ਦੇਣ ਦਾ ਐਲਾਨ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਸਮੇਤ ਦਿੱਲੀ ਜਾ ਕੇ ਭਾਜਪਾ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸ੍ਰੀ ਬਰਾੜ ਵੱਲੋਂ ਪੰਜ ਮਹੀਨੇ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਾਰਗੁਜ਼ਾਰੀ ਉਪਰ ਸਵਾਲ ਉਠਾਉਣ ਕਾਰਨ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ।
ਸ੍ਰੀ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਨੇ ਉਸ ਨੂੰ ਇੰਨਾ ਬੇਇੱਜ਼ਤ ਕਰ ਦਿੱਤਾ ਕਿ ਉਸ ਕੋਲ ਅਸਤੀਫ਼ਾ ਦੇਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਉਹ ਕੋਈ ਨਵੀਂ ਪਾਰਟੀ ਨਹੀਂ ਬਣਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੇ ਮਾਮਲੇ ਵਿਚ ਸਾਰੇ ਵੱਡੇ ਆਗੂ ਸ਼ਾਮਲ ਹਨ। ਬਾਦਲ ਸਰਕਾਰ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀæਬੀæਆਈæ) ਨੂੰ ਦੇਣ ਤੋਂ ਇਸ ਲਈ ਭੱਜ ਰਹੀ ਹੈ ਕਿਉਂਕਿ ਉਹ ਆਪਣੇ ਚਹੇਤਿਆਂ ਨੂੰ ਬਚਾਉਣਾ ਚਾਹੁੰਦੀ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਇਹ ਮਾਮਲਾ ਸੀæਬੀæਆਈæ ਨੂੰ ਦੇਣ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਡਰੱਗ ਸਰਗਨਾ ਭੋਲਾ ਇੰਕਸ਼ਾਫ ਕਰ ਚੁੱਕਾ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਸ ਨੇ ਕਾਂਗਰਸ ਦੇ ਇਕ ਚੋਟੀ ਦੇ ਆਗੂ ਨੂੰ ਫੰਡ ਦਿੱਤਾ ਸੀ। ਇਹੀ ਨਹੀਂ, ਕੈਪਟਨ ਅਮਰਿੰਦਰ ਸਿੰਘ ਪੱਤਰ ਲਿਖ ਕੇ ਦੋਸ਼ ਲਾ ਚੁੱਕੇ ਹਨ ਕਿ ਪ੍ਰਤਾਪ ਸਿੰਘ ਬਾਜਵਾ ਦਾ ਪਿਛੋਕੜ ਸਮਗਲਰਾਂ ਨਾਲ ਜੁੜਿਆ ਰਿਹਾ ਹੈ। ਇਸ ਮੌਕੇ ਸ੍ਰੀ ਬਰਾੜ ਦੇ ਭਰਾ ਤੇ ਸਾਬਕਾ ਵਿਧਾਇਕ ਰਿਪਜੀਤ ਬਰਾੜ, ਸਾਬਕਾ ਵਿਧਾਇਕ ਵਿਜੈ ਸਾਥੀ, ਮੁਕਤਸਰ ਦੇ ਕਾਂਗਰਸੀ ਆਗੂ ਗੁਰਦਾਸ ਗਿਰਧਰ ਅਤੇ ਮਨਜੀਤ ਸਿੰਘ ਝੱਲਬੂਟੀ ਨੇ ਵੀ ਹਾਈ ਕਮਾਂਡ ਨੂੰ ਆਪਣੇ ਅਸਤੀਫ਼ੇ ਭੇਜ ਦਿੱਤੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਗਮੀਤ ਬਰਾੜ ਮੌਕਾਪ੍ਰਸਤ ਬੰਦਾ ਹੈ। ਉਸ ਦੇ ਜਾਣ ਨਾਲ ਪਾਰਟੀ ਵਧੀਆ ਕੰਮ ਕਰੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪਾਰਟੀ ਨੇ ਸ੍ਰੀ ਬਰਾੜ ਨੂੰ ਸਮੇਂ ਸਮੇਂ ਕਈ ਅਹਿਮ ਅਹੁਦੇ ਦਿੱਤੇ ਪਰ ਜਾਪਦਾ ਹੈ ਕਿ ਉਸ ਦੀ ਭੁੱਖ ਨਹੀਂ ਮਿਟੀ।