ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਫੰਡਾਂ ਨੂੰ ਸਿਆਸਤ ਦਾ ਘੁਣ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਈ ਜਾਰੀ ਕੀਤੇ ਜਾਂਦੇ ਪ੍ਰਚਾਰ-ਫੰਡਾਂ ਵਿਚ ਕਾਣੀਵੰਡ ਦਾ ਮਾਮਲਾ ਸਾਹਮਣੇ ਆਇਆ ਹੈ। ਕਮੇਟੀ ਵੱਲੋਂ ਫੰਡਾਂ ਦੀ ਕੁੱਲ 62 ਲੱਖ ਰੁਪਏ ਰਕਮ ਵਿਚੋਂ ਇਕ ਤਿਹਾਈ ਭਾਵ 22 ਲੱਖ 57 ਹਜ਼ਾਰ ਰੁਪਏ ਇਕੱਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਜ਼ਿਲ੍ਹੇ ਲੁਧਿਆਣਾ ਨੂੰ ਹੀ ਜਾਰੀ ਕਰ ਦਿੱਤੇ ਗਏ।

ਦਿਲਚਸਪ ਗੱਲ ਇਹ ਹੈ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਲੁਧਿਆਣਾ ਨੂੰ ਜਾਰੀ ਕੀਤੀ ਰਕਮ ਵਿਚੋਂ ਪੰਜ ਲੱਖ ਰੁਪਏ ਉਥੋਂ ਦੀ ਸਪੋਰਟਸ ਕਾਸਲ ਨੂੰ ਜਾਰੀ ਕਰ ਦਿੱਤੇ ਗਏ ਜਿਸ ਦਾ ਸਿੱਖੀ ਦੇ ਪ੍ਰਚਾਰ ਨਾਲ ਕੋਈ ਸਿੱਧਾ ਵਾਸਤਾ ਨਜ਼ਰ ਨਹੀਂ ਆਉਂਦਾ। ਜਦਕਿ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ ਬਹੁਤਾਤ ਵਾਲੇ ਜ਼ਿਲ੍ਹੇ ਬਠਿੰਡੇ ਨੂੰ ਧਰਮ ਪ੍ਰਚਾਰ ਕਮੇਟੀ ਨੇ ਸਿੱਖੀ ਦੇ ਪ੍ਰਚਾਰ ਲਈ ਇਕ ਸਾਲ ਵਿਚ ਸਿਰਫ 18,700 ਰੁਪਏ ਹੀ ਜਾਰੀ ਕੀਤੇ, ਜਦਕਿ ਮੋਗਾ ਜ਼ਿਲ੍ਹੇ ਨੂੰ 5900 ਰੁਪਏ, ਫਿਰੋਜ਼ਪੁਰ ਜ਼ਿਲ੍ਹੇ ਨੂੰ 10 ਹਜ਼ਾਰ ਰੁਪਏ ਤੇ ਜ਼ਿਲ੍ਹਾ ਫਾਜ਼ਿਲਕਾ ਨੂੰ 18,700 ਰੁਪਏ ਜਾਰੀ ਕੀਤੇ ਗਏ। ਚੇਤੇ ਰਹੇ ਕਿ ਜਥੇਦਾਰ ਅਵਤਾਰ ਸਿੰਘ ਲੁਧਿਆਣੇ ਦੇ ਰਹਿਣ ਵਾਲੇ ਹਨ ਤੇ ਇਕੱਲੇ ਪੰਜਾਬ ਵਿਚ ਹੀ ਨਹੀਂ, ਬਲਕਿ ਸ਼੍ਰੋਮਣੀ ਕਮੇਟੀ ਵੱਲੋਂ ਹੋਰ ਹੋਰ ਸੂਬਿਆਂ ਨੂੰ ਜਾਰੀ ਕੀਤੀ ਗਈ ਰਾਸ਼ੀ ਵਿਚੋਂ ਵੀ ਸਭ ਤੋਂ ਵੱਧ ਲੁਧਿਆਣੇ ਜ਼ਿਲ੍ਹੇ ਦੀ ਹੀ ਬਣਦੀ ਹੈ।
ਦਰਅਸਲ, ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਇਕ ਅਪ੍ਰੈਲ 2013 ਤੋਂ 30 ਮਈ 2014 ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਧਰਮ ਪ੍ਰਚਾਰ ਲਈ ਕੁੱਲ 62 ਲੱਖ 4 ਹਜ਼ਾਰ 588 ਰੁਪਏ ਰਕਮ ਜਾਰੀ ਕੀਤੀ, ਜਿਸ ਵਿਚੋਂ ਮੁਹਾਲੀ ਜ਼ਿਲ੍ਹੇ ਨੂੰ ਸਿਰਫ 56,900 ਰੁਪਏ, ਹੁਸ਼ਿਆਰਪੁਰ ਜ਼ਿਲ੍ਹੇ ਨੂੰ ਇਕ ਲੱਖ ਰੁਪਏ, ਰੋਪੜ ਜ਼ਿਲ੍ਹੇ ਨੂੰ ਇਕ ਲੱਖ 10 ਹਜ਼ਾਰ ਰੁਪਏ, ਤਰਨਤਾਰਨ ਜ਼ਿਲ੍ਹੇ ਨੂੰ ਇਕ ਲੱਖ 45 ਹਜ਼ਾਰ 820 ਰੁਪਏ, ਗੁਰਦਾਸਪੁਰ ਜ਼ਿਲ੍ਹੇ ਨੂੰ ਛੇ ਲੱਖ ਪੰਜ ਹਜ਼ਾਰ 900 ਰੁਪਏ, ਫਤਹਿਗੜ੍ਹ ਸਾਹਿਬ ਜ਼ਿਲ੍ਹੇ ਨੂੰ ਇਕ ਲੱਖ 82 ਹਜ਼ਾਰ ਰੁਪਏ, ਪਟਿਆਲੇ ਨੂੰ ਚਾਰ ਲੱਖ ਅੱਠ ਹਜ਼ਾਰ 50 ਰੁਪਏ, ਫ਼ਰੀਦਕੋਟ ਜ਼ਿਲ੍ਹੇ ਨੂੰ ਤਿੰਨ ਲੱਖ 65 ਹਜ਼ਾਰ 496 ਰੁਪਏ, ਬਰਨਾਲਾ ਜ਼ਿਲ੍ਹੇ ਨੂੰ ਇਕ ਲੱਖ 20 ਹਜ਼ਾਰ ਰੁਪਏ, ਜਗਰਾਉਂ ਨੂੰ 50 ਹਜ਼ਾਰ ਰੁਪਏ, ਜਲੰਧਰ ਨੂੰ ਚਾਰ ਲੱਖ ਰੁਪਏ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਦੋ ਲੱਖ 25 ਹਜ਼ਾਰ ਰੁਪਏ ਜਾਰੀ ਕੀਤੇ ਗਏ। ਇਹ ਅੰਕੜੇ ਸ਼੍ਰੋਮਣੀ ਕਮੇਟੀ ਨੂੰ ਪੰਜਾਬ ਸੂਚਨਾ ਕਮਿਸ਼ਨ ਦੀ ਅਦਾਲਤ ਦੇ ਹੁਕਮਾਂ ‘ਤੇ ਅੰਮ੍ਰਿਤਸਰ ਵਾਸੀ ਆਰæਟੀæਆਈæ ਕਾਰਕੁਨ ਬਲਦੇਵ ਸਿੰਘ ਸਿਰਸਾ ਕੋਲ ਨਸ਼ਰ ਕਰਨੇ ਪਏ।
ਅੰਕੜੇ ਸਾਂਝੇ ਕਰਦਿਆਂ ਸ਼ ਸਿਰਸਾ ਨੇ ਦੱਸਿਆ ਕਿ ਕਮੇਟੀ ਨੇ ਰਾਜਾਂ ਨੂੰ ਵੀ ਜਿਸ ਤਰੀਕੇ ਨਾਲ ਰਕਮ ਵੰਡੀ ਹੈ, ਉਹ ਸਮਝ ਤੋਂ ਪਰ੍ਹੇ ਹੈ। ਉੱਤਰ ਪ੍ਰਦੇਸ਼ ਰਾਜ, ਜਿਥੇ ਕਿ ਸਿੱਖਾਂ ਤੇ ਗੁਰਦੁਆਰਿਆਂ ਦੀ ਗਿਣਤੀ ਕਾਫੀ ਹੈ, ਨੂੰ ਧਰਮ ਪ੍ਰਚਾਰ ਲਈ 79 ਹਜ਼ਾਰ ਰੁਪਏ ਦਿੱਤੇ ਗਏ, ਬਿਹਾਰ ਨੂੰ ਇਕ ਲੱਖ ਰੁਪਏ, ਪੁਡੂਚੇਰੀ ਨੂੰ 10 ਲੱਖ ਰੁਪਏ, ਉਡੀਸਾ ਨੂੰ 50 ਹਜ਼ਾਰ ਰੁਪਏ, ਸਿੱਕਮ ਨੂੰ ਦੋ ਲੱਖ ਰੁਪਏ, ਹਰਿਆਣਾ ਨੂੰ 10 ਲੱਖ 57 ਹਜ਼ਾਰ 650 ਰੁਪਏ, ਆਂਧਰਾ ਪ੍ਰਦੇਸ਼ ਨੂੰ ਪੰਜ ਲੱਖ 95 ਹਜ਼ਾਰ ਰੁਪਏ, ਜੰਮੂ ਕਸ਼ਮੀਰ ਨੂੰ ਛੇ ਲੱਖ 28 ਹਜ਼ਾਰ 700 ਰੁਪਏ, ਛੱਤੀਸਗੜ੍ਹ ਨੂੰ ਛੇ ਲੱਖ 43 ਹਜ਼ਾਰ ਰੁਪਏ, ਰਾਜਸਥਾਨ ਨੂੰ ਤਿੰਨ ਲੱਖ 84 ਹਜ਼ਾਰ 950 ਰੁਪਏ ਤੇ ਯੂæਕੇæ ਦੀ ਇਕ ਬੀਬੀ ਪ੍ਰਦੀਪ ਕੌਰ ਨੂੰ ਇਕ ਲੱਖ ਰੁਪਏ ਜਾਰੀ ਕੀਤੇ ਗਏ। ਇਸ ਬਾਰੇ ਸ਼੍ਰੋਮਣੀ ਕਮੇਟੀ ਸਕੱਤਰ ਦਲਮੇਘ ਸਿੰਘ ਦਾ ਕਹਿਣਾ ਹੈ ਕਿ ਇਸਦਾ ਜਵਾਬ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਤਿਬੀਰ ਸਿੰਘ ਹੀ ਦੇਣਗੇ, ਜੋਕਿ ਵਿਦੇਸ਼ ਗਏ ਹੋਏ ਹਨ। ਇਸ ਬਾਰੇ ਉਪਰੋਕਤ ਆਰæਟੀæਆਈæ ਕਾਰਕੁਨ ਤੇ ਪੰਥਕ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਸ ਵੇਲੇ ਪੰਜਾਬ ਸਮੇਤ ਦੇਸ਼ ਭਰ ਵਿਚ ਧਰਮ ਪਰਿਵਰਤਨ ਦਾ ਮਸਲਾ ਗਰਮਾਇਆ ਹੋਇਆ ਹੈ ਤੇ ਪਿਛਲੇ ਦਿਨੀਂ ਪੰਜਾਬ ਵਿਚ ਸਿੱਖਾਂ ਦੇ ਇਸਾਈ ਬਣਨ ਦਾ ਮਸਲਾ ਵੀ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਰਾਸ਼ੀ ਜਾਰੀ ਕਰਨ ਦਾ ਤੌਰ ਤਰੀਕਾ ਸਪੱਸ਼ਟ ਕਰਦਾ ਹੈ ਕਿ ਕਮੇਟੀ ਧਰਮ ਪ੍ਰਚਾਰ ਪ੍ਰਤੀ ਗੰਭੀਰ ਨਹੀਂ ਹੈ।