ਪੈਲਾਟਾਈਨ ਗੁਰੂ ਘਰ ਦੀ ਸਟੇਜ ਕਿਸੇ ਇਕ ਪਾਰਟੀ ਦੀ ਸਿਆਸੀ ਕਾਨਫਰੰਸ ਲਈ ਵਰਤੇ ਜਾਣ ਦੀ ਨਿਖੇਧੀ

ਸ਼ਿਕਾਗੋ (ਬਿਊਰੋ): ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਮਿਡਵੈਸਟ ਇਕਾਈ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਆਗੂਆਂ ਅਤੇ ਗੁਰਦੁਆਰਾ ਪੈਲਾਟਾਈਨ ਦੀ ਸੰਗਤ ਦੇ ਕੁਝ ਮੈਂਬਰਾਂ ਨੇ ਲੰਘੇ ਐਤਵਾਰ ਗੁਰੂਘਰ ਦੇ ਦੀਵਾਨ ਹਾਲ ਵਿਚ ਅਕਾਲੀ ਦਲ (ਅੰਮ੍ਰਿਤਸਰ) ਅਤੇ ਖਾਲਿਸਤਾਨ ਪੱਖੀਆਂ ਦੀ ਕਾਨਫਰੰਸ ਸੰਗਤ ਦੇ ਵਿਰੋਧ ਦੇ ਬਾਵਜੂਦ ‘ਧੱਕੇ ਨਾਲ’ ਕਰਵਾਏ ਜਾਣ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਹੈ ਕਿ ਇਸ ਕਾਨਫਰੰਸ ਵਿਚ ਹਿੱਸਾ ਲੈਣ ਲਈ ਬਾਹਰੋਂ ਆਏ ਕੁਝ ਵਿਅਕਤੀਆਂ ਨੇ ਵਿਰੋਧ ਕਰ ਰਹੇ ਸੰਗਤ ਮੈਂਬਰਾਂ ਨੂੰ ਜਾਨੋਂ ਮਾਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖਤਮ ਕਰਨ ਤਕ ਦੀਆਂ ਧਮਕੀਆਂ ਦਿਤੀਆਂ।
ਅਕਾਲੀ ਆਗੂ ਅਤੇ ਗੁਰਦੁਆਰਾ ਪੈਲਾਟਾਈਨ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ਼ ਹਰਵਿੰਦਰ ਸਿੰਘ ਨੇ ਇਥੇ ਜਾਰੀ ਇਕ ਬਿਆਨ ਵਿਚ ਆਖਿਆ ਕਿ ਸੰਗਤ ਮੈਂਬਰਾਂ ਨੇ ਗੁਰੂਘਰ ਦੀ ਪ੍ਰਧਾਨ ਬੀਬੀ ਸੁਖਦੇਵ ਕੌਰ ਘੁੰਮਣ ਨੂੰ ਵਾਰ-ਵਾਰ ਬੇਨਤੀ ਕੀਤੀ ਸੀ ਕਿ ਕਿਸੇ ਇਕ ਸਿਆਸੀ ਪਾਰਟੀ ਨੂੰ ਇੰਜ ਗੁਰੂਘਰ ਦੇ ਦੀਵਾਨ ਹਾਲ ਵਿਚ ਸਿਆਸੀ ਮਨੋਰਥ ਵਾਲੀ ਕਾਨਫਰੰਸ ਨਾ ਕਰਨ ਦਿਤੀ ਜਾਵੇ ਅਤੇ ਉਨ੍ਹਾਂ ਭਰੋਸਾ ਵੀ ਦਿਤਾ ਸੀ ਕਿ ਕਾਨਫਰੰਸ ਦੌਰਾਨ ਸਿਰਫ ਸਾਂਝੇ ਪੰਥਕ ਹਿਤਾਂ ਦੀ ਹੀ ਗੱਲ ਕੀਤੀ ਜਾਵੇਗੀ, ਪਰੰਤੂ ਬਾਅਦ ਵਿਚ ਉਹ ਆਪਣੀ ਇਸ ਗੱਲ ‘ਤੇ ਟਿਕੇ ਨਾ ਰਹਿ ਸਕੇ। ਕਾਨਫਰੰਸ ਦੌਰਾਨ 1984 ਦੇ ਸਿੱਖ ਕਤਲੇਆਮ ਦੀ ਗੱਲ ਘੱਟ ਹੋਈ ਅਤੇ ਖਾਲਿਸਤਾਨ ਦੀ ਵੱਧ। ਸ਼ ਹਰਵਿੰਦਰ ਸਿੰਘ ਨੇ ਕਾਨਫਰੰਸ ਦਾ ਵਿਰੋਧ ਕਰਨ ਵਾਲਿਆਂ ਨੂੰ ਪੁਲਿਸ ਬੁਲਾ ਕੇ ਗੁਰੂਘਰੋਂ ਚਲੇ ਜਾਣ ਲਈ ਆਖੇ ਜਾਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬਾਹਰੋਂ ਆਏ ਕੁਝ ਲੋਕਾਂ ਨੇ ਦੀਵਾਨ ਹਾਲ ਦੀਆਂ ਪੌੜੀਆਂ ਵਿਚ ਉਨ੍ਹਾਂ ਨੂੰ ਧੱਕੇ ਮਾਰੇ ਅਤੇ ਇਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਇਕ ਸਾਥੀ ਨੂੰ ਜਾਨੋਂ ਮਾਰਨ ਤਕ ਦੀਆਂ ਧਮਕੀਆਂ ਦਿਤੀਆਂ।
ਇਸੇ ਦੌਰਾਨ ਗੁਰਦੁਆਰਾ ਪੈਲਾਟਾਈਨ ਦੀ ਸੰਵਿਧਾਨ ਅਮਲ ਕਮੇਟੀ (ਸੀ ਆਈ ਸੀ) ਦੇ ਮੈਂਬਰ ਹਰਿੰਦਰਪਾਲ ਸਿੰਘ ਲੈਲ ਨੇ ਵੀ ਆਖਿਆ ਹੈ ਕਿ ਗੁਰੂਘਰ ਦਾ ਦੀਵਾਨ ਹਾਲ ਕਿਸੇ ਇਕ ਸਿਆਸੀ ਪਾਰਟੀ ਨੂੰ ਕੋਈ ਸਿਆਸੀ ਕਾਨਫਰੰਸ ਕਰਨ ਦੇਣਾ ਇਕ ਗਲਤ ਰਵਾਇਤ ਹੈ ਅਤੇ ਉਨ੍ਹਾਂ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਸੁਖਦੇਵ ਕੌਰ ਘੁੰਮਣ ਨੂੰ ਇਸ ਬਾਰੇ ਸੁਚੇਤ ਵੀ ਕੀਤਾ ਸੀ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਇਸ ਕਾਨਫਰੰਸ ਦੌਰਾਨ ਸਿਰਫ ਸਾਂਝੇ ਪੰਥਕ ਹਿਤਾਂ ਦੀ ਗੱਲ ਹੋਵੇਗੀ ਅਤੇ ਕਿਸੇ ਇਕ ਪਾਰਟੀ ਦਾ ਨਾਂ ਨਹੀਂ ਲਿਆ ਜਾਏਗਾ। ਪਰੰਤੂ ਬਾਅਦ ਵਿਚ ਹੋਇਆ ਇਸ ਦੇ ਬਿਲਕੁਲ ਉਲਟ। ਸ਼ ਲੈਲ ਨੇ ਆਖਿਆ ਕਿ ਉਨ੍ਹਾਂ ਇਸ ਮਾਮਲੇ ‘ਤੇ ਡਾæ ਬਲਵੰਤ ਸਿੰਘ ਹੰਸਰਾ ਨਾਲ ਵੀ ਗੱਲ ਕੀਤੀ ਸੀ ਅਤੇ ਉਹ ਵੀ ਇਸ ਗੱਲ ਨਾਲ ਸਹਿਮਤ ਸਨ। ਐਤਵਾਰ ਸਵੇਰੇ ਜਦੋਂ ਧਾਰਮਕ ਸਕੱਤਰ ਸ਼ ਦਲਜੀਤ ਸਿੰਘ ਦਿਓਲ ਨੇ ਸਟੇਜ ਅਕਾਲੀ ਦਲ-ਅੰਮ੍ਰਿਤਸਰ ਦੇ ਆਗੂ ਬੂਟਾ ਸਿੰਘ ਖੜੌਦ ਨੂੰ ਦਿਤੀ ਤਾਂ ਉਨ੍ਹਾਂ ਇਸ ਗੱਲ ‘ਤੇ ਇਤਰਾਜ ਕੀਤਾ ਅਤੇ ਕਾਨਫਰੰਸ ਵਿਚ ਕਿਸੇ ਪਾਰਟੀ ਦਾ ਨਾਂ ਲਏ ਬਿਨਾ ਪੰਥਕ ਹਿਤਾਂ ਦੀ ਗੱਲ ਕਰਨ ਦੀ ਬੇਨਤੀ ਕੀਤੀ ਪਰ ਉਨ੍ਹਾਂ ਦੀ ਗੱਲ ਸੁਣੀ ਨਹੀਂ ਗਈ।
ਸ਼ ਹਰਵਿੰਦਰ ਸਿੰਘ ਅਤੇ ਸ਼ ਲੈਲ ਨੇ ਆਖਿਆ ਕਿ 1984 ਦਾ ਸਿੱਖ ਕਤਲੇਆਮ ਸਿੱਖਾਂ ਦੇ ਦਿਲਾਂ ਦਾ ਨਾਸੂਰ ਹੈ ਅਤੇ ਇਸ ਪ੍ਰਤੀ ਵਿਰੋਧ ਜਾਹਰ ਕਰਨਾ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਗੁਰੂਘਰ ਦੀ ਸਟੇਜ ਤੋਂ ਖਾਲਿਸਤਾਨ ਦੀ ਗੱਲ ਕਰਨਾ ਵੀ ਜਾਇਜ਼ ਹੈ ਪਰ ਕਿਸੇ ਇਕ ਪਾਰਟੀ ਦੇ ਬੈਨਰ ਥੱਲੇ ਨਹੀਂ। ਅਜ ਇਕ ਪਾਰਟੀ ਨੂੰ ਅਜਿਹਾ ਕਰਨ ਦੀ ਖੁਲ੍ਹ ਦਿਤੀ ਗਈ ਹੈ ਤਾਂ ਕਲ੍ਹ ਨੂੰ ਕੋਈ ਦੂਜੀ ਪਾਰਟੀ ਵੀ ਆਪਣੀ ਮਰਜੀ ਦੀ ਗੱਲ ਕਰਨ ਦੀ ਮੰਗ ਕਰੇਗੀ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ-ਅਮਰੀਕਾ ਦੀ ਮਿਡਵੈਸਟ ਇਕਾਈ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਵਲੋਂ ਜਾਰੀ ਵੱਖੋ ਵੱਖ ਬਿਆਨਾਂ ਵਿਚ ਆਖਿਆ ਗਿਆ ਹੈ ਕਿ ਉਨ੍ਹਾਂ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਗੁਰੂਘਰ ਦੇ ਦੀਵਾਨ ਹਾਲ ਦੀ ਕਿਸੇ ਇਕ ਪਾਰਟੀ ਨੂੰ ਆਪਣੇ ਸਿਆਸੀ ਮਨੋਰਥਾਂ ਅਤੇ ਖਾਲਿਸਤਾਨ ਦੇ ਪ੍ਰਚਾਰ ਲਈ ਵਰਤੋਂ ਕਰਨ ਦੀ ਇਜ਼ਾਜਤ ਨਾ ਦਿਤੀ ਜਾਵੇ ਪਰ ਪ੍ਰਬੰਧਕਾਂ ਨੇ ਨਾ ਸਿਰਫ ਅਜਿਹਾ ਕਰਨ ਦਿਤਾ ਸਗੋਂ ਬਾਹਰੋਂ ਆਏ ਇਨ੍ਹਾਂ ਲੋਕਾਂ ਨੂੰ ਪੂਰਾ ਸਹਿਯੋਗ ਵੀ ਦਿਤਾ। ਪ੍ਰਬੰਧਕਾਂ ਨੇ ਨਾ ਸਿਰਫ ਗੁਰੂਘਰ ਦੀ ਸਟੇਜ ਬਾਹਰੋਂ ਆਏ ਲੋਕਾਂ ਨੂੰ ਵਰਤਣ ਦੀ ਇਜਾਜ਼ਤ ਦਿਤੀ ਸਗੋਂ ਵਿਰੋਧ ਕਰਨ ਵਾਲਿਆਂ ਨੂੰ ਗੁਰੂਘਰ ਦੀ ਹਦੂਦ ਵਿਚੋਂ ਬਾਹਰ ਕੱਢਣ ਲਈ ਪੁਲਿਸ ਵੀ ਬੁਲਾਈ। ਉਨ੍ਹਾਂ ਦੋਸ਼ ਲਾਇਆ ਕਿ ਬਾਹਰੋਂ ਆਏ ਅਤਿਵਾਦੀ ਕਿਸਮ ਦੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਧਮਕੀਆਂ ਵੀ ਦਿਤੀਆਂ।
ਸ਼੍ਰੋਮਣੀ ਅਕਾਲੀ ਦਲ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਨਵੰਬਰ 1984 ਦੇ ਕਤਲੇਆਮ ਵਿਰੁਧ ਗੱਲ ਕਰਨ ਲਈ ਕਾਨਫਰੰਸ ਕਰਨ ਉਤੇ ਕੋਈ ਇਤਰਾਜ ਨਹੀਂ ਸਗੋਂ ਇਹ ਸਿੱਖਾਂ ਦਾ ਹੱਕ ਬਣਦਾ ਹੈ। ਉਹ ਕਿਸੇ ਪਾਰਟੀ ਵਲੋਂ ਖਾਲਿਸਤਾਨ ਦੀ ਗੱਲ ਕੀਤੇ ਜਾਣ ਦੇ ਵਿਰੁਧ ਵੀ ਨਹੀਂ, ਸਿਰਫ ਇੰਨੀ ਗੱਲ ਹੈ ਕਿ ਇਸ ਖਾਤਰ ਗੁਰੂ ਘਰ ਦਾ ਦੀਵਾਨ ਹਾਲ ਵਰਤਣ ਦੀ ਥਾਂ ਕੋਈ ਵੀ ਹੋਰ ਥਾਂ ਵਰਤੀ ਜਾਵੇ।
ਇਸੇ ਦੌਰਾਨ ਗੁਰਦੁਆਰਾ ਪੈਲਾਟਾਈਨ ਨਾਲ ਸ਼ੁਰੂ ਤੋਂ ਜੁੜੇ ਹੁੰਦਲ ਗਰੁਪ ਦੇ ਇਕ ਆਗੂ ਭੁਪਿੰਦਰ ਸਿੰਘ ਹੁੰਦਲ ਨੇ ਪ੍ਰਬੰਧਕਾਂ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ।
_____________________________________________________

ਕਾਨਫਰੰਸ ਵਿਚ ਖਲਲ ਪਾਉਣਾ ਬੁਰਛਾਗਰਦੀ: ਮਾਨ ਦਲ
ਸ਼ਿਕਾਗੋ (ਬਿਊਰੋ): ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਇਕਾਈ ਨੇ ਇਥੇ ਗੁਰਦੁਆਰਾ ਪੈਲਾਟਾਈਨ ਵਿਚ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ‘ਸਿੱਖ ਨਸਲਕੁਸ਼ੀ, ਪ੍ਰਭੂਸੱਤਾ ਅਤੇ ਭਾਰਤ ਵਿਚ ਸਿੱਖਾਂ ਉਪਰ ਹੋ ਰਹੇ ਜ਼ੁਲਮਾਂ ਨੂੰ ਰੋਕਣ ਵਾਸਤੇ’ ਕਰਵਾਈ ਗਈ ਪੰਜਵੀਂ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਵਿਘਨ ਪਾਉਣ ਵਾਲੇ ਲੋਕਾਂ ਨੂੰ ਬਾਦਲ ਦਲੀਆਂ ਤੇ ਕਾਂਗਰਸੀਆਂ ਦੀ ਬੁਰਛਾਗਰਦੀ ਕਰਾਰ ਦਿੱਤਾ ਹੈ। ਪੰਜਾਬ ਟਾਈਮਜ਼ ਨੂੰ ਭੇਜੇ ਇਕ ਪ੍ਰੈਸ ਬਿਆਨ ਵਿਚ ਪਾਰਟੀ ਨੇ ਸਥਿਤੀ ਨੂੰ ਸਹੀ ਤਰੀਕੇ ਨਾਲ ਸੰਭਾਲਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਬੀਬੀ ਸੁਖਦੇਵ ਕੌਰ ਦੀ ਸ਼ਲਾਘਾ ਕੀਤੀ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਐਤਵਾਰ ਨੂੰ ਸਵੇਰੇ ਜਿਉਂ ਹੀ ਗੁਰੂ ਘਰ ਦੇ ਸਟੇਜ ਸਕੱਤਰ ਦਲਜੀਤ ਸਿੰਘ ਦਿਓਲ ਨੇ ਇਹ ਬੇਨਤੀ ਕਰਦਿਆਂ ਕਿ ਹਰ ਬੁਲਾਰਾ ਗੁਰਮਤਿ ਦਾਇਰੇ ਦੇ ਵਿਚ ਰਹਿ ਕੇ ਵਿਚਾਰ ਕਰੇ, ਸਟੇਜ ਪਾਰਟੀ ਦੇ ਕਨਵੀਨਰ ਸ਼ ਬੂਟਾ ਸਿੰਘ ਦੇ ਹਵਾਲੇ ਕੀਤੀ ਤਾਂ ਝੱਟ ਹੀ ਕੁਝ ਕਲੀਨਸ਼ੇਵ ਲੋਕ ਅਤੇ ਇਕ ਦਸਤਾਰਧਾਰੀ ਨੌਜਵਾਨ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਬੈਠਣ ਦੀ ਥਾਂ ਰੌਲਾ ਪਾਉਣ ਲੱਗੇ ਕਿ ਚੱਲ ਰਹੀਆਂ ਵਿਚਾਰਾਂ ਬੰਦ ਕੀਤੀਆਂ ਜਾਣ, ਗੁਰੂ ਘਰ ਵਿਚ ਨਸਲਕੁਸ਼ੀ ਤੇ ਖਾਲਿਸਤਾਨ ਦੀ ਗੱਲ ਨਹੀਂ ਕਰਨ ਦਿੱਤੀ ਜਾਵੇਗੀ। ਪਾਰਟੀ ਨੇ ਬਿਆਨ ਵਿਚ ਕਿਹਾ ਹੈ ਕਿ ਇਕ ਪਾਸੇ ਤਾਂ ਗੁਰੂ ਪੰਥ ਦੇ ਚੌਕੀਦਾਰ ਕੌਮ ਨੂੰ ਜਾਗ੍ਰਿਤ ਕਰਨ ਆਏ ਸਨ ਪਰ ਕੁਝ ਗੁਲਾਮਾਂ ਦੇ ਪਾਲਤੂ ਲੋਕ ਉਨ੍ਹਾਂ ਨੂੰ ਗੁਰਦੁਆਰੇ ਵਿਚ ਵਿਚਾਰਾਂ ਕਰਨ ਤੋਂ ਰੋਕਣ, ਗੁਰੂ ਸਾਹਿਬ ਦੀ ਬੇਅਦਬੀ ਕਰਕੇ ਅਤੇ ਲੜਾਈ ਕਰਵਾ ਕੇ ਓਕ ਕਰੀਕ ਗੋਲੀ ਕਾਂਡ ਤੋਂ ਬਾਅਦ ਸਿੱਖਾਂ ਨੂੰ ਮਿਲੀ ਹਮਦਰਦੀ ਤੇ ਪਛਾਣ ਘੱਟੇ ਵਿਚ ਰੋਲਣ ਲਈ ਆਏ ਸਨ। ਬੀਬੀ ਸੁਖਦੇਵ ਕੌਰ ਨੇ ‘ਉਨ੍ਹਾਂ ਦੀ ਮੰਦੀ ਸੋਚ’ ਨੂੰ ਭਾਂਪਦਿਆਂ ਅਨਾਊਂਸ ਕਰ ਦਿੱਤਾ ਕਿ ਜਾਂ ਤਾਂ ਬਹਿ ਕੇ ਵਿਚਾਰ ਸੁਣਨ ਨਹੀਂ ਤਾਂ ਪੁਲਿਸ ਸੱਦੀ ਜਾਏਗੀ ਜਿਸ ‘ਤੇ ਉਹ ਦਰਬਾਰ ਹਾਲ ਵਿਚੋਂ ਬਾਹਰ ਚਲੇ ਗਏ।
ਬਿਆਨ ਵਿਚ ਕਾਂਗਰਸੀ ਹਮਾਇਤੀਆਂ ਨੂੰ ਚੇਤੇ ਕਰਵਾਇਆ ਗਿਆ ਹੈ ਕਿ ਅੰਮ੍ਰਿਤਸਰ ਐਲਾਨਨਾਮੇ ਉਪਰ ਉਨ੍ਹਾਂ ਦੇ ਮੋਹਰੀ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤ ਹਨ ਜਦੋਂਕਿ 1992 ਵਿਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬੁਤਰਸ ਘਾਲੀ ਨੂੰ ਆਜ਼ਾਦ ਸਿੱਖ ਸਟੇਟ ਲਈ ਦਿੱਤੇ ਗਏ ਯਾਦ ਪੱਤਰ ਉਪਰ ਬਾਦਲ ਦਲੀਆਂ ਦੇ ਆਕਾ ਸ਼ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖਤ ਹਨ।

Be the first to comment

Leave a Reply

Your email address will not be published.