ਚੰਡੀਗੜ੍ਹ: ਪੰਜਾਬ ਅਸੈਂਬਲੀ ਵਿਚ 1947 ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਹੀ ਬਹਿਸਾਂ ਦੇ ਸਰਕਾਰੀ ਤੌਰ ‘ਤੇ ਦਰਜ ਰਿਕਾਰਡ ਨੂੰ ਆਨਲਾਈਨ ਕਰਨ ਦਾ ਪ੍ਰਾਜੈਕਟ ਆਰੰਭ ਦਿੱਤਾ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਇਸਦੀ ਜ਼ਿੰਮੇਵਾਰੀ ਚੰਡੀਗੜ੍ਹ ਦੀ ਪੰਜਾਬ ਡਿਜ਼ੀਟਲ ਲਾਇਬ੍ਰੇਰੀ ਨੂੰ ਸੌਂਪੀ ਗਈ ਹੈ, ਜਿਸ ਵੱਲੋਂ ਪੰਜਾਬ ਅਸੈਂਬਲੀ ਦੀਆਂ ‘ਖੁੰਢ ਬਹਿਸਾਂ’ ਤੇ ਕਾਰਵਾਈਆਂ, ਜੋ ਕਿ ਤਕਰੀਬਨ ਢਾਈ ਲੱਖ ਪੰਨਿਆਂ ਵਿਚ ਹਨ, ਦਾ ਹੂਬਹੂ ਉਤਾਰਾ (ਡਿਜ਼ੀਟਲਾਇਜ਼/ਕੰਪਿਊਟਰੀਕਰਨ) ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਆਮ ਲੋਕਾਂ ਵਿਸ਼ੇਸ਼ਕਰ ਖੋਜਕਾਰਾਂ ਲਈ ਇਹ ਰਿਕਾਰਡ ਇਸ ਲਈ ਵੀ ਰੌਚਕ ਹੋਵੇਗਾ ਕਿਉਂਕਿ 1966 ਤੋਂ ਪਹਿਲਾਂ ਪੰਜਾਬ-ਹਰਿਆਣਾ ਦੀ ਅਸੈਂਬਲੀ-ਕਾਰਵਾਈ ਇਕੱਠੀ ਹੀ ਹੁੰਦੀ ਸੀ। ਉਸ ਵੇਲੇ ਕਰਨਾਲ ਤੋਂ ਪਰੇ ਦੇ ਇਲਾਕੇ ਨੂੰ ਹਰਿਆਣਾ ਆਖ ਦਿੱਤਾ ਸੀ। ਜਾਣਕਾਰਾਂ ਅਨੁਸਾਰ 1966 ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਦੇ ਵਖਰੇਵੇਂ ਨਾਲ ਸਬੰਧਤ ਬਹਿਸਾਂ ਦਾ ਰਿਕਾਰਡ ਕਾਫੀ ਅਹਿਮ ਹੈ, ਜੋਕਿ ਇਸ ਵੇਲੇ ਵਿਧਾਨ ਸਭਾ ਦੀ ਲਾਇਬ੍ਰੇਰੀ ਵਿਚ ਮੌਜੂਦ ਹੈ। ਇਸ ਤੋਂ ਇਲਾਵਾ 1966 ਮਗਰੋਂ ਖਾੜਕੂਵਾਦ ਦੇ ਦੌਰ ਦੌਰਾਨ ਹੋਣ ਵਾਲੀਆਂ ਬਹਿਸਾਂ, ਪਾਣੀਆਂ ਦਾ ਮਸਲਾ, ਰਾਜਧਾਨੀ ਚੰਡੀਗੜ੍ਹ ਦਾ ਮਸਲਾ, ਨਸ਼ਾਖੋਰੀ ਦਾ ਮਸਲਾ ਤੇ ਅਜਿਹੇ ਮਸਲਿਆਂ ਨੂੰ ਲੈਕੇ ਸਿਆਸੀ ਧਿਰਾਂ ਵਿਚ ਹੁੰਦੇ ਸ਼ਬਦੀ ਦੰਗਲਾਂ ਦੀ ਕਾਰਵਾਈ ਤੇ ਝਲਕ ਭਾਵੇਂ ਕਿ ਮੀਡੀਆ ਜ਼ਰੀਏ ਆਮ ਲੋਕਾਂ ਤੱਕ ਬਾਖੂਬੀ ਪਹੁੰਚਦੀ ਰਹੀ ਹੈ, ਪਰ ਹਰ ਸੈਸ਼ਨ ਦੌਰਾਨ ਹੋਣ ਵਾਲੀ ਬਹਿਸ ਦਾ ਹੂਬਹੂ ਉਤਾਰਾ ਵਿਧਾਨ ਸਭਾ ਦੇ ਰਿਕਾਰਡ ਵਿਚ ਹੀ ਮੌਜੂਦ ਹੈ।
ਪੰਜਾਬ ਦੇ ਟਕਸਾਲੀ ਲੀਡਰ ਦੇ ਲੱਛੇਦਾਰ ਭਾਸ਼ਣ ਵੀ ਇਸ ਪ੍ਰਾਜੈਕਟ ਦੇ ਪੂਰੇ ਹੋਣ ਮਗਰੋਂ ਆਮ ਲੋਕਾਂ ਲਈ ਉਪਲੱਬਧ ਹੋਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਕਹਿਣਾ ਹੈ ਕਿ ਜਦੋਂ ਉਹ ਲੋਕ ਸਭਾ ਦੇ ਡਿਪਟੀ ਸਪੀਕਰ ਸਨ, ਉਸ ਵੇਲੇ ਉਨ੍ਹਾਂ ਨੇ ਲੋਕ ਸਭਾ ਦੀਆਂ ਬਹਿਸਾਂ ਵੀ ਡਿਜ਼ੀਟਲਾਇਜ਼ ਕਰਵਾਈਆਂ ਸਨ। ਕਈ ਸੂਬੇ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ, ਇਸ ਲਈ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਰਿਕਾਰਡ ਵੀ ਕੰਪਿਊਟਰਾਇਜ਼ ਕਰਵਾਇਆ ਜਾ ਰਿਹਾ ਹੈ। ਸਪੀਕਰ ਅਨੁਸਾਰ ਰਿਕਾਰਡ ਨੂੰ ਆਨਲਾਈਨ ਕਰਨ ਬਾਰੇ ਆਉਂਦੇ ਦਿਨੀਂ ਬੈਠਕ ਸੱਦੀ ਗਈ ਹੈ। ਪੰਜਾਬ ਵਿਧਾਨ ਸਭਾ ਦੇ ਸਾਲ ਦਰ ਸਾਲ ਹੁੰਦੇ ਸੈਸ਼ਨਾਂ ਦੀ ਕਾਰਵਾਈ ਕਿਤਾਬਚੇ ਦੇ ਰੂਪ ਵਿਚ ਉਪਲੱਬਧ ਹੁੰਦੀ ਹੈ ਤੇ ਇਛੁੱਕ ਵਿਅਕਤੀ ਇਹ ਕਿਤਾਬਚੇ ਖਰੀਦ ਵੀ ਲੈਂਦੇ ਹਨ ਜਾਂ ਆਰæਟੀæਆਈæ ਤਹਿਤ ਫ਼ੀਸ ਦੇ ਕੇ ਹਾਸਲ ਕਰ ਲੈਂਦੇ ਹਨ।
ਪੰਜਾਬ ਡਿਜ਼ੀਟਲ ਲਾਇਬ੍ਰੇਰੀ ਦੇ ਸੰਚਾਲਕ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਲਾਇਬ੍ਰੇਰੀ ਵੱਲੋਂ ਵਿਧਾਨ ਸਭਾ ਸੈਸ਼ਨਾਂ ਦੇ ਤਕਰੀਬਨ ਢਾਈ ਲੱਖ ਪੰਨੇ ਕੰਪਿਊਟ੍ਰਾਈਜ਼ ਕੀਤੇ ਜਾਣੇ ਹਨ। ਇਹ ਬਹੁਤ ਜ਼ਿਆਦਾ ਸਮਾਂ ਬੀਤ ਜਾਣ ਕਾਰਨ 50ਵੇਂ ਤੇ 60ਵੇਂ ਦਹਾਕੇ ਦੇ ਰਿਕਾਰਡ ਨੂੰ ਡਿਜ਼ੀਟਲ ਕਰਨ ਦਾ ਇਹ ਬਿਲਕੁਲ ਸਹੀ ਸਮਾਂ ਹੈ, ਕਿਉਂਕਿ ਰਿਕਾਰਡ ਜਿੰਨਾ ਜ਼ਿਆਦਾ ਪੁਰਾਣਾ ਹੁੰਦਾ ਜਾਵੇਗਾ, ਉਸਦੇ ਖਰਾਬ ਹੋਣ ਦੀ ਸੰਭਾਵਨਾਵਾ ਵੀ ਵਧਣਗੀਆਂ। ਜੇਕਰ ਇਹ ਰਿਕਾਰਡ ਆਨਲਾਈਨ ਹੁੰਦਾ ਹੈ ਤਾਂ ਇਹ ਰਾਜਨੀਤੀ ਸ਼ਾਸਤਰ ਤੇ ਹੋਰ ਸਬੰਧਤ ਖੇਤਰਾਂ ਵਿਚ ਪੀæਐਚæਡੀæ ਕਰਨ ਵਾਲਿਆਂ ਲਈ ਲਾਹੇਵੰਦ ਹੋਵੇਗਾ ਤੇ ਲੋਕ ਆਸਾਨੀ ਨਾਲ ਇਸ ਨੂੰ ਪੜ੍ਹ ਸਕਣਗੇ।