ਗੋਲੀਬੰਦੀ ਦੀ ਉਲੰਘਣਾ ਕਾਰਨ ਬੇਘਰ ਹੋਏ ਸਰਹੱਦੀ ਪਿੰਡਾਂ ਦੇ ਲੋਕ

ਬੇਈਂਗਲਰ (ਸਾਂਬਾ): ਪਾਕਿਸਤਾਨ ਰੇਂਜਰਾਂ ਵੱਲੋਂ ਜੰਮੂ-ਕਸ਼ਮੀਰ ਸਰਹੱਦ ਉੱਤੇ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਸਰਹੱਦੀ ਇਲਾਕੇ ਵਿਚ ਸਹਿਮ ਫੈਲਿਆ ਹੋਇਆ ਹੈ ਤੇ ਲੋਕ ਨਿਰੰਤਰ ਸੁਰੱਖਿਆ ਟਿਕਾਣਿਆਂ ਦੀ ਭਾਲ ਵਿਚ ਭਟਕ ਰਹੇ ਹਨ। ਠੰਢ ਦੇ ਮੌਸਮ ਵਿਚ ਉਧਰੋਂ ਹੋ ਰਹੀ ਗੋਲੀਬਾਰੀ ਕਾਰਨ ਸਰਹੱਦੀ ਲੋਕ ਸ਼ਰਨ ਲੈਣ ਲਈ ਕੈਂਪਾਂ ਜਾਂ ਫਿਰ ਦੂਰ-ਦੁਰਾਡੇ ਰਹਿੰਦੇ ਰਿਸ਼ਤੇਦਾਰਾਂ ਕੋਲ ਜਾ ਰਹੇ ਹਨ ਤੇ ਪਿੱਛੇ ਘਰਾਂ ਦੀ ਰਾਖੀ ਕਰਨ ਲਈ ਬਜ਼ੁਰਗਾਂ ਨੂੰ ਛੱਡਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਰੇਂਜਰਾਂ ਵੱਲੋਂ ਕਠੂਆ ਤੇ ਸਾਂਬਾ ਜ਼ਿਲ੍ਹੇ ਵਿਚ 13 ਅਗਲੀਆਂ ਸਰਹੱਦੀ ਚੌਂਕੀਆਂ ਤੇ ਮਾਰਟਰਾਂ ਨਾਲ ਭਾਰੀ ਗੋਲੀਬਾਰੀ ਕੀਤੀ ਗਈ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਤੇ ਅੱਠ ਨਾਗਰਿਕ ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਗੋਲੀਬੰਦੀ ਦੀ ਤਾਜ਼ਾ ਉਲੰਘਣਾ ਕਾਰਨ ਸਰਹੱਦੀ ਪਿੰਡਾਂ ਵਿਚੋਂ ਲੋਕਾਂ ਦੀ ਹਿਜਰਤ ਵਿਚ ਤੇਜ਼ੀ ਆਈ ਹੈ ਤੇ ਕਠੂਆ ਤੇ ਸਾਂਬਾ ਜ਼ਿਲ੍ਹਿਆਂ ਵਿਚੋਂ ਸਰਹੱਦ ਨੇੜੇ ਵਸਦੇ ਇਕ ਹਜ਼ਾਰ ਲੋਕਾਂ ਤੋਂ ਇਲਾਕਾ ਖਾਲੀ ਕਰਵਾਇਆ ਗਿਆ ਹੈ। ਪਾਕਿਸਤਾਨ ਵੱਲੋਂ ਤਾਜ਼ਾ ਗੋਲੀਬੰਦੀ ਦੀ ਉਲੰਘਣਾ ਨਵੇਂ ਸਾਲ ਦੀ ਪੂਰਬ ਸੰਧਿਆਂ ਤੋਂ ਸ਼ੁਰੂ ਕੀਤੀ ਗਈ ਹੈ ਤੇ ਹੁਣ ਤੱਕ ਬੀæਐਸ਼ਐਫ਼ ਦੇ ਇਕ ਜਵਾਨ ਸਣੇ ਦੋ ਵਿਅਕਤੀ ਮਾਰੇ ਗਏ ਹਨ ਤੇ ਨੌਂ ਵਿਅਕਤੀ ਜ਼ਖਮੀ ਹੋਏ ਹਨ ਤੇ ਭਾਰਤ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿਚ ਪੰਜ ਪਾਕਿਸਤਾਨੀ ਰੇਂਜਰ ਵੀ ਜ਼ਖਮੀ ਹੋਏ ਹਨ। ਇਸ ਤੋਂ ਦੋ ਮਹੀਨਾ ਪਹਿਲਾਂ ਵੀ ਸਰਹੱਦ ਉੱਤੇ ਵਿਆਪਕ ਪੱਧਰ ‘ਤੇ ਗੋਲੀਬੰਦੀ ਦੀ ਉਲੰਘਣਾ ਹੋਈ ਸੀ, ਜਿਸ ਵਿਚ 13 ਲੋਕ ਮਾਰੇ ਗਏ ਸਨ ਤੇ ਕੋਈ 32000 ਲੋਕ ਬੇਘਰੇ ਹੋ ਗਏ ਸਨ।
ਮੰਗੂ ਚੱਕ ਇਲਾਕੇ ਦੇ ਇਕ ਦੁਕਾਨਦਾਰ ਅਰਵਿੰਦ ਕੁਮਾਰ ਨੇ ਤਾਜ਼ਾ ਪੈਦਾ ਹੋਈ ਸਥਿਤੀ ਬਾਰੇ ਕਿਹਾ ਕਿ ਉਹ ਖੇਤਾਂ ਨੂੰ ਜਾਣ ਸਮੇਂ ਜਾਂ ਸੜਕਾਂ ਉੱਤੇ ਚੱਲਣ ਸਮੇਂ ਹਰ ਸਮੇਂ ਭੈਅਭੀਤ ਰਹਿੰਦੇ ਹਨ ਕਿਉਂਕਿ ਕੋਈ ਪਤਾ ਨਹੀਂ ਉਹ ਕਦੋਂ ਕਿਸੇ ਗੋਲੀ ਦੀ ਮਾਰ ਵਿਚ ਆ ਜਾਣ ਜਾਂ ਫਿਰ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਦਾ ਸ਼ਿਕਾਰ ਹੋ ਜਾਣ। ਲੋਕ ਸਰਹੱਦੀ ਪਿੰਡਾਂ ਤੋਂ ਰੇਹੜੀਆਂ, ਟਰੱਕਾਂ, ਟੈਂਪੂਆਂ ਤੇ ਟਰੈਕਟਰ-ਟਰਾਲੀਆਂ ਉੱਤੇ ਨਿਕਲ ਰਹੇ ਹਨ। ਕਠੂਆ ਦੇ ਡਿਪਟੀ ਕਮਿਸ਼ਨਰ ਸ਼ਾਹਿਦ ਇਕਬਾਲ ਚੌਧਰੀ ਅਨੁਸਾਰ ਜ਼ਿਲ੍ਹੇ ਦੇ ਸਰਹੱਦ ਨਾਲ ਲੱਗਦੇ ਚਾਰ ਪਿੰਡਾਂ ਨੂੰ ਖਾਲੀ ਕਰਵਾਇਆ ਹੈ ਤੇ ਕੋਈ ਤਿੰਨ ਸੌ ਸਰਹੱਦੀ ਲੋਕ ਘਰ-ਬਾਰ ਛੱਡ ਚੁੱਕੇ ਹਨ। ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਸਰਹੱਦ ‘ਤੇ ਪੈਂਦੇ ਆਖਰੀ ਪਿੰਡ ਗਾਲਾਰਡ ਦੇ ਲੋਕ ਪਾਕਿਸਤਾਨ ਵੱਲੋਂ ਨਿੱਤ ਦਿਨ ਦੀ ਗੋਲੀਬਾਰੀ ਤੋਂ ਸਹਿਮ ਦੇ ਮਾਰੇ ਪਿੰਡ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਚਲੇ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦ ਵੀ ਸਰਹੱਦ ਪਾਰ ਤੋਂ ਗੋਲੀਬਾਰੀ ਹੁੰਦੀ ਹੈ ਤਾਂ ਅਸਲ ਨਿਸ਼ਾਨਾ ਉਹ ਹੀ ਬਣਦੇ ਹਨ।
ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਤੋਂ ਬਾਅਦ ਸਾਂਬਾ, ਕਠੂਆ ਤੇ ਜੰਮੂ ਜ਼ਿਲ੍ਹਿਆਂ ਦੇ ਕੌਮਾਂਤਰੀ ਸਰਹੱਦ ਲਾਗੇ ਰਹਿੰਦੇ ਪਿੰਡਾਂ ਦੇ ਲੋਕ ਆਪਣਾ ਘਰ-ਬਾਰ ਛੱਡਣ ਨੂੰ ਮਜਬੂਰ ਹੋ ਗਏ ਹਨ। ਲੋਂਡੀ ਪਿੰਡ ਦੇ ਵਸਨੀਕ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਚੈਨ ਦੀ ਨੀਂਦ ਨਹੀਂ ਸੌਂ ਸਕਦੇ ਕਿਉਂਕਿ ਹਮੇਸ਼ਾ ਇਹ ਖਤਰਾ ਬਣਿਆ ਰਹਿੰਦਾ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਸਾਡੇ ਘਰਾਂ ‘ਤੇ ਕਿਸੇ ਸਮੇਂ ਵੀ ਗੋਲੇ ਦਾਗੇ ਜਾ ਸਕਦੇ ਹਨ। ਸਾਡੇ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਨਾਲ ਹੀ ਉਹ ਦਿਮਾਗੀ ਤੌਰ ‘ਤੇ ਸਹਿਮ ਦਾ ਸ਼ਿਕਾਰ ਹੋ ਰਹੇ ਹਨ। ਕਠੂਆ ਜ਼ਿਲ੍ਹੇ ਦੇ ਪਿੰਡ ਬੋਬੀਆ ਦੇ ਵਸਨੀਕ ਵਿਕਰਮ ਮਹਿਰਾ ਨੇ ਕਿਹਾ ਕਿ ਪਿੰਡਾਂ ਦੇ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਅਸੀਂ ਭਾਵੇਂ ਚਾਹੁੰਦੇ ਹਾਂ ਕਿ ਪਾਕਿਸਤਾਨ ਨੂੰ ਸਬਕ ਸਿਖਾਇਆ ਜਾਵੇ ਪਰ ਨਾਲ ਹੀ ਅਸੀਂ ਸ਼ਾਂਤੀ ਦੀ ਕਾਮਨਾ ਵੀ ਕਰਦੇ ਹਾਂ ਤਾਂ ਜੋ ਦੋਵੇਂ ਪਾਸਿਆਂ ਦੇ ਲੋਕ ਸ਼ਾਂਤੀ ਨਾਲ ਜੀਵਨ ਬਿਤਾ ਸਕਣ।
___________________________________________________
ਭਾਰਤ ਵਲੋਂ ਜੰਗਬੰਦੀ ਦੀ ਉਲੰਘਣਾ ਬਾਰੇ ਦੋਸ਼ ਖਾਰਜ
ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨੀ ਰੇਂਜਰਾਂ ਦੀ ਮੌਤ ਨੂੰ ਲੈ ਕੇ ‘ਵਿਸ਼ਵਾਸ਼ ਤੋੜਨ’ ਬਾਰੇ ਪਾਕਿਸਤਾਨ ਦੇ ਦੋਸ਼ਾਂ ਦਾ ਜ਼ੋਰਦਾਰ ਤਰੀਕੇ ਨਾਲ ਖੰਡਨ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਸਰਹੱਦ ‘ਤੇ ਸ਼ਾਂਤੀ ਕਾਇਮ ਰੱਖਣ ਲਈ ਵਿਕਸਤ ਕੀਤੇ ਗਏ ਤੰਤਰ ਦੀ ਪਾਲਣਾ ਯਕੀਨੀ ਬਣਾਉਣ ਦੀ ਵੀ ਸਲਾਹ ਦਿੱਤੀ ਹੈ। ਦੱਸਣਯੋਗ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਸਰਹੱਦ ‘ਤੇ ਭਾਰਤ ਦੀ ਗੋਲੀਬਾਰੀ ਵਿਚ ਮਾਰੇ ਗਏ ਪਾਕਿ ਰੇਂਜਰਾਂ ਦੀ ਮੌਤ ਦੀ ਤੁਰੰਤ ਜਾਂਚ ਦੀ ਮੰਗ ਕੀਤੀ ਸੀ। ਅਜ਼ੀਜ਼ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਭਾਰਤੀ ਵਿਦੇਸ਼ ਮੰਤਰੀ ਨੇ ਸੁਸ਼ਮਾ ਸਵਰਾਜ ਨੇ ਕਿਹਾ ਕਿ 31 ਦਸੰਬਰ ਨੂੰ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਪਾਕਿਸਤਾਨੀ ਰੇਂਜਰਾਂ ਦੀ ਗੋਲੀਬਾਰੀ ਦੀ ਆੜ ਵਿਚ ਅਤਿਵਾਦੀ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ ਤੇ ਭਾਰਤ ਦਾ ਗਸ਼ਤੀ ਦਲ ਪਾਕਿ ਗੋਲੀਬਾਰੀ ਦੀ ਮਾਰ ਹੇਠ ਆ ਗਿਆ।