ਗੁਰੂ ਨਗਰੀ ਦੇ ਵਿਕਾਸ ਬਾਰੇ ਬਾਦਲਾਂ ਦੇ ਵਾਅਦੇ ਵਫਾ ਨਾ ਹੋਏ

ਅੰਮ੍ਰਿਤਸਰ: ਬਾਦਲਾਂ ਦੇ ਵਾਅਦਿਆਂ ਦੇ ਬਾਵਜੂਦ ਅੰਮ੍ਰਿਤਸਰ ਵਿਚ ਵਿਕਾਸ ਦੀ ਔੜ ਹੈ। ਗੁਰੂ ਨਗਰੀ ਨੂੰ ਖ਼ੂਬਸੂਰਤ ਤੇ ਵਿਸ਼ਵ ਦਾ ਨੰਬਰ ਇਕ ਸ਼ਹਿਰ ਬਣਾਉਣ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਈ ਵਾਰ ਕੀਤੇ ਵਾਅਦਿਆਂ, ਦਾਅਵਿਆਂ ਤੇ ਦਿੱਤੇ ਬਿਆਨਾਂ ਨੂੰ ਝੁਠਲਾਉਂਦਾ 2014 ਦਾ ਇਹ ਵਰ੍ਹਾ ਵੀ ਲੰਘ ਗਿਆ ਹੈ।

ਨਾ ਵਾਅਦੇ ਪੂਰੇ ਹੋਏ ਤੇ ਨਾ ਦਾਅਵਿਆਂ ਦੀ ਸਾਰਥਿਕਤਾ ਸਾਹਮਣੇ ਆਈ।
ਇਸ ਪਵਿੱਤਰ, ਇਤਿਹਾਸਕ ਤੇ ਸਿਫ਼ਤੀ ਦੇ ਘਰ ਦੀ ਮਹੱਤਤਾ ਨੂੰ ਵੇਖਦਿਆਂ ਜੇਕਰ ਇਸ ਦੇ ਹੁਣ ਤੱਕ ਹੋਏ ਵਿਕਾਸ ‘ਤੇ ਝਾਤੀ ਮਾਰੀਏ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਸਥਿਤੀ ਇਹ ਹੈ ਕਿ ਵਿਸ਼ਵ ਦੇ ਨਕਸ਼ੇ ‘ਤੇ ਆਪਣੇ ਧਾਰਮਿਕ ਤੇ ਗੌਰਵਮਈ ਇਤਿਹਾਸ ਸਦਕਾ ਵਿਲੱਖਣ ਪਛਾਣ ਰੱਖਣ ਵਾਲੇ ਤੇ ਵਿਸ਼ਵ ਦੇ ਦਸ ਮਹੱਤਵਪੂਰਨ ਸਥਾਨਾਂ ਵਿਚ ਸ਼ਾਮਲ ਇਸ ਸ਼ਹਿਰ ਦੀ ਹਾਲਤ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ। ਪਹਿਲੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੋਇਆ ਤੇ ਅਨੇਕਾਂ ਹੋਰ ਨਵੀਆਂ ਸਮੱਸਿਆਵਾਂ ਸ਼ਹਿਰ ਨੂੰ ਦਰਪੇਸ਼ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੁਲਾਈ 2008 ਵਿਚ ਬਿਆਨ ਦਿੱਤਾ ਸੀ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਲੋੜੀਂਦੀ ਰਕਮ ਖਰਚ ਕੇ ਇਸ ਨੂੰ ਵਿਸ਼ਵ ਦਾ ਵਧੀਆ ਸ਼ਹਿਰ ਬਣਾਇਆ ਜਾਵੇਗਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਛੇ ਅਕਤੂਬਰ, 2012 ਨੂੰ ਇਸ ਨੂੰ ਵਿਸ਼ਵ ਦਾ ਇਕ ਨੰਬਰ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ ਸੀ।
ਉਨ੍ਹਾਂ ਕਿਹਾ ਸੀ ਕਿ ਸ਼ਹਿਰ ਦੇ ਚੌਕਾਂ ਦਾ ਇਸ ਤਰ੍ਹਾਂ ਵਿਕਾਸ ਕੀਤਾ ਜਾਵੇਗਾ ਕਿ ਉਹ ਅੰਮ੍ਰਿਤਸਰ ਦੇ ਇਤਿਹਾਸ ‘ਤੇ ਚਾਨਣਾ ਪਾਉਣਗੇ ਪਰ ਹੁਣ ਤੱਕ ਇਹ ਐਲਾਨ ਖੋਖਲੇ ਸਾਬਤ ਹੋਏ ਹਨ। ਉਪ ਮੁੱਖ ਮੰਤਰੀ ਇਸ ਵਰ੍ਹੇ ਜਦੋਂ ਵੀ ਅੰਮ੍ਰਿਤਸਰ ਵਿਚ ਚੱਲ ਰਹੇ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਆਉਂਦੇ ਸਨ ਤਾਂ ਸ਼ਹਿਰ ਨੂੰ ਅਤਿ ਖ਼ੂਬਸੂਰਤ ਬਣਾਉਣ ਦੀਆਂ ਗੱਲਾਂ ਕਰਦੇ ਸਨ ਪਰ ਇਹ ਵਰ੍ਹਾ ਬੀਤਣ ‘ਤੇ ਵੀ ਇਹ ਸੁੰਦਰ ਸ਼ਹਿਰ ਤਾਂ ਕੀ ਬਣਨਾ ਸੀ, ਸਗੋਂ ਸਾਰੇ ਸ਼ਹਿਰ ਵਿਚ ਲੱਗੇ ਵੱਡੇ-ਵੱਡੇ ਗੰਦਗੀ ਦੇ ਢੇਰ ਸਰਕਾਰ ਦੇ ਵਾਅਦਿਆਂ ਦਾ ਮਜ਼ਾਕ ਉਡਾ ਰਹੇ ਹਨ।
ਅਕਾਲੀ-ਭਾਜਪਾ ਗਠਜੋੜ ਦੇ ਨਿਗਮ ਹਾਊਸ ਨੂੰ ਹੋਂਦ ਵਿਚ ਆਇਆਂ ਢਾਈ ਸਾਲ ਹੋ ਗਏ ਹਨ ਪਰ ਜਿਸ ਤਰ੍ਹਾਂ ਦੀ ਨਾਕਸ ਸਥਿਤੀ ਸ਼ਹਿਰ ਦੀ ਬਣੀ ਹੋਈ ਹੈ, ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਮੌਜੂਦਾ ਨਗਰ ਨਿਗਮ ਕੁਝ ਵੀ ਕਰਨ ਦੇ ਜਾਂ ਤਾਂ ਸਮਰੱਥ ਨਹੀਂ ਤੇ ਜਾਂ ਫਿਰ ਲੋਕਾਂ ਦੇ ਚੁਣੇ ਪ੍ਰਤੀਨਿਧ ਕੁਝ ਕਰਨਾ ਹੀ ਨਹੀਂ ਚਾਹੁੰਦੇ। ਇਸ ਸ਼ਹਿਰ ਦੀ ਆਵਾਜਾਈ ਲਈ ਆਟੋ ਰਿਕਸ਼ੇ ਸਭ ਤੋਂ ਵੱਡੀ ਸਮੱਸਿਆ ਬਣੇ ਹੋਏ ਹਨ। ਅਵਾਰਾ ਪਸ਼ੂਆਂ ਦੀ ਭਰਮਾਰ ਦੁਰਘਟਨਾਵਾਂ ਦਾ ਕਾਰਨ ਬਣ ਰਹੀ ਹੈ ਪਰ ਨਿਗਮ ਅਧਿਕਾਰੀ ਕੁਝ ਨਹੀਂ ਕਰ ਰਹੇ। ਸੜਕਾਂ ‘ਤੇ ਸੀਵਰੇਜ ਦੇ ਮੈਨਹੋਲਾਂ ਦੇ ਉੱਚੇ ਨੀਵੇਂ ਢੱਕਣ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਮੰਗਤਿਆਂ ਦੀ ਭਰਮਾਰ ਸ਼ਹਿਰ ਦੇ ਲੋਕਾਂ ਲਈ ਵੱਡੀ ਸਮੱਸਿਆ ਹੈ। ਸੜਕਾਂ, ਬਾਜ਼ਾਰਾਂ ਵਿਚ ਗ਼ੈਰਕਾਨੂੰਨੀ ਕਬਜ਼ੇ ਤੇ ਰੇਹੜੀਆਂ ਦੀ ਭਰਮਾਰ ਨੇ ਲੋਕਾਂ ਲਈ ਵੱਡੀਆਂ ਮੁਸ਼ਕਲਾਂ ਪੈਦਾ ਕੀਤੀਆਂ ਹੋਈਆਂ ਹਨ।
___________________________________
ਸਵੱਛ ਭਾਰਤ ਮੁਹਿੰਮ ਦੀ ਨਿਕਲੀ ਫੂਕ
ਸਵੱਛ ਭਾਰਤ ਅਭਿਆਨ ਤਹਿਤ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੇ ਨਿਗਮ ਅਧਿਕਾਰੀਆਂ ਨੇ ਝਾੜੂ ਚੁੱਕ ਕੇ ਸ਼ਹਿਰ ਦੀ ਸਫ਼ਾਈ ਕਰਦਿਆਂ ਫੋਟੋਆਂ ਖਿਚਵਾ ਲਈਆਂ ਪਰ ਸ਼ਹਿਰ ਵਿਚ ਅੱਜ ਵੀ ਥਾਂ-ਥਾਂ ਲੱਗੇ ਕੂੜੇ ਦੇ ਢੇਰ ਲੋਕਾਂ ਦਾ ਮੂੰਹ ਚਿੜਾ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਅੰਮ੍ਰਿਤਸਰ ਵਿਚ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਲਾਉਣ ਵਿਚ ਅਸਫ਼ਲ ਰਹੀ ਹੈ। ਸ਼ਹਿਰ ਅੱਜ ਵੀ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਸੀਵਰੇਜ, ਸਫ਼ਾਈ, ਸਾਫ਼ ਪੀਣ ਵਾਲੇ ਪਾਣੀ ਦੀ ਨਾਕਸ ਸਪਲਾਈ, ਬੇਨਿਯਮਤ ਆਵਾਜਾਈ, ਟੁੱਟੀਆਂ ਸੜਕਾਂ ਤੇ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਉਸੇ ਤਰ੍ਹਾਂ ਕਾਇਮ ਹਨ।