ਪਰਵਾਸੀ ਭਗੌੜਿਆਂ ਨੇ ਉਡਾਈ ਪੰਜਾਬ ਪੁਲਿਸ ਦੀ ਨੀਂਦ

ਮੁਹਾਲੀ: ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਗੰਭੀਰ ਅਪਰਾਧਕ ਮਾਮਲਿਆਂ ਵਿਚ ਲੋੜੀਂਦੇ ਪਰਵਾਸੀ ਭਾਰਤੀ ਮੁਲਜ਼ਮਾਂ ਤੱਕ ਪਹੁੰਚਣ ਲਈ ਕਾਨੂੰਨ ਦੇ ਲੰਮੇ ਹੱਥ ਵੀ ਛੋਟੇ ਪੈ ਗਏ ਹਨ। ਇਨ੍ਹਾਂ ਵਿਚ ਟਾਡਾ ਤੇ ਕਤਲ ਦੇ ਮਾਮਲੇ ਵਿਚ ਨਾਮਜ਼ਦ ਇਕ ਮੁਲਜ਼ਮ 34 ਸਾਲਾਂ ਤੋਂ ਅਮਰੀਕਾ ਬੈਠਾ ਹੈ।

ਪੰਜਾਬ ਪੁਲਿਸ ਦੇ ਐਨæਆਰæਆਈæ ਵਿੰਗ ਦੇ ਸੂਤਰਾਂ ਮੁਤਾਬਕ ਮੌਜੂਦਾ ਸਮੇਂ ਵਿਚ ਵੱਖ-ਵੱਖ ਅਪਰਾਧਿਕ ਕੇਸਾਂ ਵਿਚ ਨਾਮਜ਼ਦ ਤਕਰੀਬਨ 67 ਭਗੌੜੇ ਮੁਲਜ਼ਮ ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਸਮੇਤ ਹੋਰ ਮੁਲਕਾਂ ਵਿਚ ਬੈਠੇ ਹਨ। ਇਨ੍ਹਾਂ ਵਿਚੋਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਚਾਰ, ਫ਼ਰੀਦਕੋਟ ਜ਼ਿਲ੍ਹੇ ਦੇ 32 ਤੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ 31 ਪਰਵਾਸੀ ਪੰਜਾਬੀ ਭਗੌੜੇ ਹਨ।
ਇਨ੍ਹਾਂ ਮੁਲਜ਼ਮਾਂ ਨੂੰ ਵੱਖ-ਵੱਖ ਅਦਾਲਤਾਂ ਵੱਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ ਪਰ ਵਿਦੇਸ਼ਾਂ ਵਿਚ ਜਾ ਲੁਕਣ ਕਾਰਨ ਪੁਲਿਸ ਇਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਹੁਸ਼ਿਆਰਪੁਰ ਦੇ ਵਸਨੀਕ ਜਗਜੀਤ ਸਿੰਘ ਵਿਰੁੱਧ ਟਾਡਾ ਤੇ ਕਤਲ ਦਾ ਕੇਸ ਦਰਜ ਹੈ। ਉਸ ਨੂੰ ਹੁਸ਼ਿਆਰਪੁਰ ਦੀ ਜ਼ਿਲ੍ਹਾ ਅਦਾਲਤ ਨੇ ਅੱਠ ਦਸੰਬਰ 1981 ਨੂੰ ਭਗੌੜਾ ਕਰਾਰ ਦਿੱਤਾ ਸੀ। ਉਸ ਸਮੇਂ ਉਹ ਪੁਲਿਸ ਨੂੰ ਝਕਾਨੀ ਦੇ ਕੇ ਅਮਰੀਕਾ ਜਾ ਵਸਿਆ, ਜੋ ਹੁਣ ਤੱਕ ਗ੍ਰਿਫ਼ਤ ਤੋਂ ਬਾਹਰ ਹਨ। ਜਲੰਧਰ ਜ਼ਿਲ੍ਹੇ ਨਾਲ ਸਬੰਧਤ ਗੁਰਿੰਦਰ ਸਿੰਘ ਉਰਫ਼ ਗਿੰਦਾ ਨੂੰ ਧੋਖਾਧੜੀ ਦੇ ਮਾਮਲੇ ਵਿਚ 24 ਮਈ 2014 ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਗਿੰਦਾ ਗ੍ਰਿਫ਼ਤਾਰੀ ਦੇ ਡਰੋਂ ਆਸਟਰੇਲੀਆ ਜਾ ਲੁਕਿਆ। ਦਾਜ ਦੇ ਮਾਮਲੇ ਵਿਚ ਲੋੜੀਂਦੀ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸੀਤਾ ਰਾਣੀ ਤੇ ਉਸ ਦੀ ਬੇਟੀ ਕ੍ਰਿਸ਼ਮਾ ਵਰਮਾ ਨੇ ਦੁਬਈ ਦਾ ਰਾਹ ਫੜ ਲਿਆ। ਦਾਜ ਦੇ ਇਕ ਹੋਰ ਮਾਮਲੇ ਵਿਚ ਨਾਮਜ਼ਦ ਰਸ਼ਮੀ ਕੌਰ ਤੇ ਸੁਰਿੰਦਰ ਕੌਰ ਇਟਲੀ ਜਾ ਵਸੀਆਂ। ਕੁੱਟਮਾਰ ਤੇ ਧਮਕੀ ਦੇਣ ਦੇ ਮਾਮਲੇ ਵਿਚ ਨਾਮਜ਼ਦ ਸ਼ੀਲਾ ਦੇਵੀ ਤੇ ਉਸ ਦੀ ਭੈਣ ਦੀਪ ਕੌਰ ਸਿੰਗਾਪੁਰ ਵਿਚ ਰਹਿ ਰਹੀਆਂ ਹਨ। ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਦਾ ਸਾਹਮਣਾ ਕਰ ਰਹੀ ਮਨਵੀਰ ਕੌਰ ਉਰਫ਼ ਹਨੀ ਕੈਨੇਡਾ ਰਹਿ ਰਹੀ ਹੈ, ਜਦੋਂ ਕਿ ਧੋਖਾਧੜੀ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਨਾਮਜ਼ਦ ਗੋਬਿੰਦ ਕੌਰ, ਸਰਬਜੀਤ ਕੌਰ ਤੇ ਭੋਲੀ ਅਤੇ ਸੰਦੀਪ ਕੌਰ (ਜ਼ਿਲ੍ਹਾ ਹੁਸ਼ਿਆਰਪੁਰ) ਕਾਨੂੰਨ ਤੋਂ ਬਚਣ ਲਈ ਕੈਨੇਡਾ ਜਾ ਵਸੀਆਂ।
ਦਾਜ ਦੇ ਮਾਮਲੇ ਦਾ ਸਾਹਮਣਾ ਕਰ ਰਹੀ ਮਨਜੀਤ ਕੌਰ ਨੇ ਅਮਰੀਕਾ, ਇਰਾਦਾ ਕਤਲ ਦੇ ਮਾਮਲੇ ਵਿਚ ਨਾਮਜ਼ਦ ਦਲਜੀਤ ਕੌਰ ਤੇ ਧੋਖਾਧੜੀ ਦੇ ਮਾਮਲੇ ਵਿਚ ਸ਼ਾਮਲ ਬੇਅੰਤ ਕੌਰ (ਜ਼ਿਲ੍ਹਾ ਫ਼ਿਰੋਜ਼ਪੁਰ) ਨੇ ਛੁਪਣ ਲਈ ਕੈਨੇਡਾ ਦੀ ਓਟ ਲਈ। ਇਸ ਦੌਰਾਨ ਲਖਵਿੰਦਰ ਸਿੰਘ ਅਮਰੀਕਾ, ਸੁਰਿੰਦਰ ਸਿੰਘ ਤੇ ਸ਼ਸ਼ੀ ਭੂਸ਼ਨ (ਦੋਵੇਂ ਵਾਸੀ ਹੁਸ਼ਿਆਰਪੁਰ) ਆਸਟਰੇਲੀਆ, ਗੁਰਿੰਦਰ ਸਿੰਘ ਤੇ ਮੱਖਣ ਸਿੰਘ ਮਲੇਸ਼ੀਆ ਤੇ ਬਲਦੇਵ ਸਿੰਘ ਦੁਬਈ ਭੱਜ ਗਏ। ਇਨ੍ਹਾਂ ਸਾਰਿਆਂ ਖ਼ਿਲਾਫ਼ ਧੋਖਾਧੜੀ ਦੇ ਕੇਸ ਦਰਜ ਹਨ।
ਪੁਲਿਸ ਨੂੰ ਲੋੜੀਂਦੇ ਅਮਿਤ ਵਰਮਾ, ਬਲਕਾਰ ਸਿੰਘ ਤੇ ਨਿਰਮਲ ਸਿੰਘ ਅਮਰੀਕਾ, ਨਰਿੰਦਰ ਕੁਮਾਰ ਦੁਬਈ, ਗੁਰਜੀਤ ਸਿੰਘ, ਹਰਭਜਨ ਸਿੰਘ, ਮੁਕੇਸ਼ ਲਾਲ, ਬਿੰਦਰਪਾਲ (ਵਾਸੀ ਜਲੰਧਰ) ਇਟਲੀ, ਜਸਵੰਤ ਸਿੰਘ, ਸੋਢੀ ਲਾਲ, ਦਵਿੰਦਰ ਸਿੰਘ ਉਰਫ਼ ਹੈਪੀ, ਕੁਲਵਿੰਦਰ ਸਿੰਘ, ਸਰਬਜੀਤ ਸਿੰਘ, ਚਰਨਜੀਤ ਸਿੰਘ ਜਰਮਨ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਆਸ਼ੀਸ਼ ਸਰਦਾਨਾ (ਸਾਰੇ ਹੁਸ਼ਿਆਰਪੁਰ) ਕੈਨੇਡਾ ਅਤੇ ਦਵਿੰਦਰ ਸਿੰਘ ਅਮਰੀਕਾ ਜਾ ਪਹੁੰਚੇ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਦਾਜ ਲਈ ਤੰਗ ਪ੍ਰੇਸ਼ਾਨ ਤੇ ਕੁੱਟਮਾਰ ਦੇ ਕੇਸ ਦਰਜ ਹਨ।
ਇੰਝ ਧਾਰਾ 364 ਵਿਚ ਨਾਮਜ਼ਦ ਕੁਲਦੀਪ ਸਿੰਘ ਕੈਨੇਡਾ, ਧਾਰਾ 494 ਦੇ ਕੇਸ ਵਿਚ ਸ਼ਾਮਲ ਅਜਮੇਰ ਸਿੰਘ ਕੈਨੇਡਾ, ਧਾਰਾ 364ਏ ਵਿਚ ਨਾਮਜ਼ਦ ਸੁਰਿੰਦਰ ਸਿੰਘ ਇੰਗਲੈਂਡ ਜਾ ਲੁਕੇ ਹਨ, ਜਦੋਂ ਕਿ ਗੁਰਪ੍ਰੀਤ ਸਿੰਘ ਤੇ ਗੁਰਿੰਦਰ ਸਿੰਘ ਵਿਰੁੱਧ ਚੋਰੀ ਦਾ ਕੇਸ ਦਰਜ ਹੈ, ਉਹ ਕ੍ਰਮਵਾਰ ਕੈਨੇਡਾ ਤੇ ਜਰਮਨੀ ਪੁੱਜ ਗਏ। ਧਾਰਾ 306 ਦੇ ਕੇਸ ਵਿਚ ਸ਼ਾਮਲ ਬਲਤੇਜ ਸਿੰਘ ਕੈਨੇਡਾ, ਧਾਰਾ 406 ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੁਰਿੰਦਰ ਸਿੰਘ ਕੈਨੇਡਾ ਤੇ ਜਗਜੀਤ ਸਿੰਘ ਤੇ ਸੁਖਪਾਲ ਸਿੰਘ ਇੰਗਲੈਂਡ, ਐਨæਡੀæਪੀæਐਸ਼ ਐਕਟ ਦੇ ਮਾਮਲੇ ਵਿਚ ਨਾਮਜ਼ਦ ਪਰਮਿੰਦਰ ਸਿੰਘ ਕੈਨੇਡਾ ਤੇ ਸਤਿੰਦਰ ਸਿੰਘ ਦੁਬਈ ਦੌੜ ਗਏ।
ਰਸਤੇ ਵਿਚ ਘੇਰ ਕੇ ਕੁੱਟਮਾਰ ਦੇ ਮਾਮਲੇ ਵਿਚ ਨਾਮਜ਼ਦ ਹਰਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਕੈਨੇਡਾ, ਧਾਰਾ 452 ਦੇ ਕੇਸ ਵਿਚ ਨਾਮਜ਼ਦ ਸੁਖਦੀਪ ਸਿੰਘ ਉਰਫ਼ ਸੰਨੀ ਕੈਨੇਡਾ, ਸੜਕ ਹਾਦਸੇ ਵਿਚ ਮੌਤ ਦੇ ਮਾਮਲੇ ਵਿਚ ਨਾਮਜ਼ਦ ਪਰਮਿੰਦਰ ਸਿੰਘ ਇਟਲੀ ਤੇ ਸਵਰਨ ਸਿੰਘ ਮਲੇਸ਼ੀਆ, ਸ਼ਰਾਬ ਤਸਕਰੀ ਦੇ ਮਾਮਲੇ ਵਿਚ ਸ਼ਾਮਲ ਸੁਖਜਿੰਦਰ ਸਿੰਘ ਦੁਬਈ ਤੇ ਧਾਰਾ 292 ਦੇ ਕੇਸ ਵਿਚ ਨਾਮਜ਼ਦ ਪ੍ਰੇਮ ਬਹਾਦਰ ਦੁਬਈ ਜਾ ਕੇ ਛੁਪ ਗਏ ਹਨ। ਡੀæਐਸ਼ਪੀæ (ਤਫ਼ਤੀਸ਼ੀ) ਜਗਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕਈ ਫੌਜਦਾਰੀ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦੇ ਮੁਲਜ਼ਮ ਵੱਖ-ਵੱਖ ਮੁਲਕਾਂ ਵਿਚ ਜਾ ਲੁਕੇ ਹਨ। ਭਗੌੜੇ ਐਨæਆਰæਆਈæ ਮੁਲਜ਼ਮਾਂ ਦੀ ਸੂਚਨਾ ਛੇਤੀ ਇੰਟਰਨੈੱਟ ‘ਤੇ ਪਾਈ ਜਾਵੇਗੀ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਦੀ ਮਦਦ ਲਈ ਜਾਵੇਗੀ।