ਸਾਂਗ ਦੀ ਸਿਆਸੀ ਨੁਮਾਇਸ਼ ਅਤੇ ਨਸ਼ਿਆਂ ਦੀ ਮਾਰ

ਦਲਜੀਤ ਅਮੀ
ਫੋਨ: 91-97811-21873
ਪੰਜਾਬ ਵਿਚ ਨਸ਼ਿਆਂ ਦੀ ਮਾਰ ਦਾ ਪੁਖਤਾ ਅੰਦਾਜ਼ਾ ਲਗਾਉਣਾ ਔਖਾ ਹੈ। ਇਸ ਮਾਰ ਦੀਆਂ ਕਹਾਣੀਆਂ ਸਾਡੇ ਪਿੰਡਾਂ-ਸ਼ਹਿਰਾਂ, ਗੁਆਂਢ ਅਤੇ ਘਰਾਂ ਵਿਚ ਆਣ ਪੁੱਜੀਆਂ ਹਨ। ਕਿਸੇ ਠੋਸ ਅੰਕੜੇ ਤੋਂ ਬਿਨਾਂ ਹੀ ਇਸ ਮਾਰ ਦਾ ਅਹਿਸਾਸ ਹੋ ਜਾਂਦਾ ਹੈ। ਇਸ ਵੇਲੇ ਨਸ਼ਾ-ਮੁਕਤੀ ਮੁਹਿੰਮਾਂ ਅਤੇ ਨਸ਼ਾ-ਮੁਕਤੀ ਅਦਾਰਿਆਂ ਦੀ ਭਰੋਸੇਯੋਗਤਾ ਸ਼ੱਕ ਦੇ ਘੇਰੇ ਵਿਚ ਹੈ।

ਮਰਜ਼ ਦੀ ਮਾਰ ਅਤੇ ਤਬੀਬ ਦੀ ਬਦਨੀਅਤ ਦਾ ਜਮ੍ਹਾਂਜੋੜ ਮੌਜੂਦਾ ਪੰਜਾਬ ਦਾ ਪੇਚੀਦਾ ਸੁਆਲ ਹੈ ਜਿਸ ਤੋਂ ਜ਼ਿਆਦਾਤਰ ਜ਼ਿੰਮੇਵਾਰ ਧਿਰਾਂ ਕੰਨੀ ਕਤਰਾ ਰਹੀਆਂ ਹਨ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨਸ਼ਿਆਂ ਦੇ ਧੰਦੇ ਨੂੰ ਬੰਦ ਕਰਵਾਉਣ ਨੂੰ ਅਹਿਮ ਸੁਆਲ ਬਣਾ ਰਹੀਆਂ ਹਨ। ਇਸ ਸੁਆਲ ਦੇ ਹਵਾਲੇ ਨਾਲ ਇੱਕ-ਦੂਜੇ ਉਤੇ ਟਿੱਪਣੀਆਂ ਕਰਦੀਆਂ ਸਿਆਸੀ ਪਾਰਟੀਆਂ ਦੇ ਕਾਰਗੁਜ਼ਾਰੀ ਪੱਖੋਂ ਕੁਝ ਵੀ ਪੱਲੇ ਨਹੀਂ ਹੈ।
ਸਿਆਸੀ ਪਾਰਟੀਆਂ ਦੀ ਸਰਪ੍ਰਸਤੀ ਅਤੇ ਪੁਲਿਸ-ਪ੍ਰਸ਼ਾਸਨ ਦੀ ਮਿਲੀਭੁਗਤ ਤੋਂ ਬਿਨਾਂ ਨਸ਼ਿਆਂ ਦਾ ਕਾਰੋਬਾਰ ਨਹੀਂ ਹੋ ਸਕਦਾ। ਇਹ ਦਾਅਵੇਦਾਰੀ ਕਰਨ ਲਈ ਕੋਈ ਮਾਹਰ ਹੋਣ ਦੀ ਲੋੜ ਨਹੀਂ। ਸਿਆਸਤਦਾਨਾਂ ਖਿਲਾਫ ਕੋਈ ਵੀ ਗ਼ੈਰ-ਸਮਾਜਕ ਇਲਜ਼ਾਮ ਲੋਕਾਂ ਨੂੰ ਜਚ ਜਾਂਦਾ ਹੈ। ਲੋਕਾਈ ਪੁਲਿਸ-ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉਤੇ ਕੀਤੇ ਹਰ ਸੁਆਲ ਬਾਰੇ ਯਕੀਨ ਕਰਨ ਨੂੰ ਤਿਆਰ ਹੈ।
ਇਸ ਹਾਲਤ ਦਾ ਇੱਕ ਸਿਰਾ ਜੇ ਆਵਾਮ ਦੀ ਸਨਕ ਨਾਲ ਜੁੜਦਾ ਹੈ, ਤਾਂ ਦੁਸ਼ਵਾਰੀਆਂ ਨਾਲ ਵੀ ਜੁੜਦਾ ਹੈ। ਦੂਜਾ ਸਿਰਾ ਸਿਆਸਤਦਾਨਾਂ ਅਤੇ ਪੁਲਿਸ-ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਮਿਆਰੀ ਤਸਦੀਕ ਨਾਲ ਜੁੜਦਾ ਹੈ। ਇਨ੍ਹਾਂ ਹਾਲਾਤ ਵਿਚ ਪੰਜਾਬ ਵਿਚ ਨਸ਼ਿਆਂ ਦੀ ਮਾਰ ਜਾਰੀ ਹੈ। ਠੀਕਰਾ ਸਿਆਸਤਦਾਨਾਂ ਅਤੇ ਪੁਲਿਸ-ਪ੍ਰਸ਼ਾਸਨ ਸਿਰ ਭੰਨਿਆ ਜਾ ਰਿਹਾ ਹੈ। ਜਦੋਂ ਇਹ ਨਿਚੋੜ ਕੱਢਿਆ ਜਾਂਦਾ ਹੈ, ਤਾਂ ਮੰਨ ਲਿਆ ਜਾਂਦਾ ਹੈ ਕਿ ਪੰਜਾਬੀ ਭੇਡਾਂ ਹਨ ਜਿਨ੍ਹਾਂ ਨੂੰ ਸਿਆਸੀ ਪਾਰਟੀਆਂ ਅਤੇ ਇੰਤਜਾਮੀਆ ਰਲ ਕੇ ਤਸਕਰਾਂ ਰਾਹੀਂ ਨਸ਼ਿਆਂ ਦਾ ਚਾਰਾ ਚਾਰ ਰਹੇ ਹਨ। ਜੇ ਇਹ ਸੱਚ ਹੈ ਤਾਂ ਫਿਰ ਨਸ਼ਿਆਂ ਦੀ ਮਾਰ ਦਾ ਸੁਆਲ ਕਿੱਥੋਂ ਆ ਰਿਹਾ ਹੈ ਅਤੇ ਇਸ ਨੂੰ ਮੁਖਾਤਬ ਹੋਣਾ ਮੁਨਾਫਾਖੋਰਾਂ ਲਈ ਮਜਬੂਰੀ ਕਿਉਂ ਬਣ ਰਿਹਾ ਹੈ?
ਸਿਆਸੀ ਪਾਰਟੀਆਂ ਲਈ ਨਸ਼ਿਆਂ ਦੇ ਖਿਲਾਫ ਬੋਲਣਾ ਮਜਬੂਰੀ ਕਿਉਂ ਬਣਦਾ ਹੈ? ਇੰਤਜਾਮੀਆ ਲਈ ਨਸ਼ਿਆਂ ਨੂੰ ਰੋਕਣ ਦੀ ਮਸ਼ਕ ਕਰਨਾ ਕਿਉਂ ਜ਼ਰੂਰੀ ਹੋ ਜਾਂਦਾ ਹੈ? ਜੇ ਇਹ ਸੁਆਲ ਘੁੰਮ ਕੇ ਭੋਲੇ-ਮਜੀਠੀਆ ਲਾਣੇ ਤੱਕ ਮਹਿਦੂਦ ਹੋ ਜਾਏਗਾ, ਤਾਂ ਅਸੀਂ ਪਹਿਲਾਂ ਕੱਢੇ ਨਿਚੋੜ ਉਤੇ ਹੀ ਪਹੁੰਚ ਜਾਵਾਂਗੇ। ਬੁਨਿਆਦੀ ਸੁਆਲ ਨਸ਼ਿਆਂ ਦੇ ਕਾਰੋਬਾਰ ਦਾ ਨਹੀਂ ਹੈ, ਸਗੋਂ ਪੰਜਾਬੀ ਬੰਦੇ ਅੰਦਰ ਪੈਂਦੀ ਖੋਅ ਦਾ ਹੈ, ਪੰਜਾਬੀ ਬੰਦੇ ਨੂੰ ਲੱਗੀ ਅੱਚਵੀ ਦਾ ਹੈ। ਕੀ ਪੰਜਾਬੀ ਬੰਦੇ ਉਤੇ ਦਾਅਵੇਦਾਰੀ ਸਿਰਫ ਸਿਆਸਤਦਾਨਾਂ ਅਤੇ ਇੰਤਜਾਮੀਆ ਦੀ ਹੈ? ਜੇ ਪੰਜਾਬੀ ਬੰਦੇ ਉਤੇ ਦਾਅਵੇਦਾਰੀ ਸਿਰਫ ਇਨ੍ਹਾਂ ਦੀ ਹੀ ਹੈ, ਤਾਂ ਨਸ਼ਿਆਂ ਦੀ ਮਾਰ ਨੂੰ ਨਿਆਮਤ ਕਿਹਾ ਜਾਣਾ ਚਾਹੀਦਾ ਹੈ। ਇਨ੍ਹਾਂ ਹਾਲਾਤ ਵਿਚ ਨਸ਼ੇ ਕਰਨ ਨੂੰ ਆਜ਼ਾਦੀ ਮੰਨਿਆ ਜਾਣਾ ਚਾਹੀਦਾ ਹੈ। ਨਸ਼ੇ ਕਰ ਕੇ ਘਰ-ਵਾਰ ਵੇਚਣ ਨੂੰ ਵੀ ਆਜ਼ਾਦੀ ਮੰਨਿਆ ਜਾਣਾ ਚਾਹੀਦਾ ਹੈ। ਨਸ਼ੇ ਕਰ ਕੇ ਜਾਂ ਕਰਨ ਲਈ ਕੁੱਟ-ਮਾਰ ਅਤੇ ਲੁੱਟ-ਖੋਹ ਕਰਨ ਨੂੰ ਵੀ ਆਜ਼ਾਦੀ ਮੰਨਿਆ ਜਾਣਾ ਚਾਹੀਦਾ ਹੈ। ਨਸ਼ਿਆਂ ਦੀ ਨਿਆਮਤ ਵਿਚ ਜੋਬਨ ਉਮਰੇ ਮਰਨ ਵਾਲਿਆਂ ਨੂੰ ਸ਼ਹੀਦ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਇਨ੍ਹਾਂ ਆਜ਼ਾਦੀਆਂ ਦੀ ਫਹਿਰਿਸਤ ਹੋਰ ਵੀ ਲੰਮੀ ਹੋ ਸਕਦੀ ਹੈ।
ਪੰਜਾਬੀ ਬੰਦੇ ਉਤੇ ਨਿੱਘ, ਪਿਆਰ, ਇਲਮ, ਇਬਾਦਤ, ਅਦਬ, ਸਿਦਕ-ਸਦਾਕਤ, ਸਲੀਕੇ ਅਤੇ ਜਗਿਆਸਾ ਦੇ ਹਵਾਲੇ ਨਾਲ ਦਾਅਵੇਦਾਰੀ ਕਿਸ ਦੀ ਹੈ? ਪੰਜਾਬੀ ਬੰਦੇ ਨੂੰ ਦਰਦਮੰਦ, ਸਿਦਕਦਿਲ, ਗਿਆਨਵਾਨ ਅਤੇ ਜਗਿਆਸੂ ਵਜੋਂ ਕੌਣ ਪਛਾਣਦਾ ਹੈ? ਕੌਣ ਪੰਜਾਬੀ ਬੰਦੇ ਲਈ ਮਨੁੱਖੀ ਬੁਲੰਦੀ ਅਤੇ ਖੁਦਮੁਖਤਿਆਰੀ ਦੇ ਸੁਫ਼ਨੇ ਵੇਖਦਾ ਹੈ? ਕੌਣ ਪੰਜਾਬੀ ਬੰਦੇ ਦਾ ਢਿੱਡ ਅਤੇ ਸਿਰ ਉਸੇ ਦੇ ਹਵਾਲੇ ਕਰਨ ਨੂੰ ਅਹਿਮ ਸੁਆਲ ਮੰਨਦਾ ਹੈ? ਕੌਣ ਪੰਜਾਬੀ ਬੰਦੇ ਨੂੰ ਸ਼ਰਧਾ ਅਤੇ ਬੇਬਿਸਾਹੀ ਦੇ ਘੇਰੇ ਵਿਚੋਂ ਕੱਢ ਕੇ ਦਲੀਲ ਦੇ ਰਾਹੇ ਤੋਰਨ ਦੀ ਹਾਮੀ ਭਰਦਾ ਹੈ? ਕੌਣ ਪੰਜਾਬੀ ਬੰਦੇ ਨੂੰ ਇੱਜ਼ਤਦਾਰ ਆਲਮੀ ਸ਼ਹਿਰੀ ਦਾ ਦਰਜਾ ਕਮਾਉਣ ਵਾਲੇ ਪਾਸੇ ਲਗਾਉਣਾ ਚਾਹੁੰਦਾ ਹੈ?
ਇਨ੍ਹਾਂ ਸੁਆਲਾਂ ਨੂੰ ਮੁਖਾਤਬ ਹੋਣ ਦੇ ਵਾਅਦੇ ਨਾਲ ਉਸਾਰੇ ਗਏ ਅਦਾਰੇ ਹਨ। ਇਨ੍ਹਾਂ ਸੁਆਲਾਂ ਨੂੰ ਮੁਖਾਤਬ ਹੋਣ ਦੀ ਲੋੜ ਨਾਲ ਜੁੜੀਆਂ ਜਥੇਬੰਦੀਆਂ ਹਨ। ਨਸ਼ਿਆਂ ਦੀ ਮਾਰ ਦੇ ਹਵਾਲੇ ਨਾਲ ਇਨ੍ਹਾਂ ਅਦਾਰਿਆਂ ਦੀ ਕਾਰਗੁਜ਼ਾਰੀ ਦੀ ਪੜਚੋਲ ਕਰਨੀ ਬਣਦੀ ਹੈ। ਇਨ੍ਹਾਂ ਅਦਾਰਿਆਂ ਨੇ ਆਪਣੇ ਵਾਅਦੇ ਨੂੰ ਵਸੀਹ ਕਰਨ ਦੀ ਥਾਂ ਨੌਕਰੀਆਂ, ਤਰੱਕੀਆਂ, ਵਜ਼ੀਫ਼ਿਆਂ, ਸਨਮਾਨਾਂ ਅਤੇ ਅਹੁਦਿਆਂ ਤੱਕ ਮਹਿਦੂਦ ਕਰ ਲਿਆ ਹੈ। ਪੰਜਾਬੀ ਬੰਦੇ ਦੀ ਬਦਹਾਲੀ ਦੇ ਸੁਆਲ ਦੇ ਜੁਆਬ ਵਿਚ ਇਨ੍ਹਾਂ ਨੇ ਅੰਕੜਿਆਂ ਦੇ ਕਾਰਖਾਨੇ ਲਗਾ ਦਿੱਤੇ ਹਨ। ਜ਼ਿਆਦਾ ਖੁਦਕੁਸ਼ੀਆਂ ਦਰਜ ਕਰਨ ਵਾਲਾ ਅਧਿਐਨ ਵੱਡਾ ਹੋ ਗਿਆ ਹੈ। ਪੰਜਾਬੀ ਬੰਦੇ ਉਤੇ ਪਈ ਗ਼ੁਰਬਤ ਅਤੇ ਨਸ਼ਿਆਂ ਦੀ ਮਾਰ ਨੂੰ ਵਡੇਰਾ ਦਰਸਾਉਣ ਵਾਲਾ ਅਧਿਐਨ ਜ਼ਿਆਦਾ ਅਹਿਮ ਹੋ ਗਿਆ ਹੈ। ਪੰਜਾਬੀ ਬੰਦੇ ਦਾ ਉਦਮੀ ਖ਼ਾਸਾ ਪੰਜਾਬ ਵਿਚ ਸਾਧਨਾਂ ਅਤੇ ਪਹਿਲਕਦਮੀਆਂ ਦੀ ਤੋਟ ਦਾ ਸ਼ਿਕਾਰ ਹੈ, ਪਰ ਪਰਵਾਸ ਲਈ ਸਾਧਨ ਅਤੇ ਪਹਿਲਕਦਮੀਆਂ ਅਤੁੱਟ ਕਿਵੇਂ ਹਨ? ਖੇਤੀ ਘਾਟੇ ਦਾ ਸੌਦਾ ਹੈ ਪਰ ਠੇਕਾ ਹਰ ਸਾਲ ਕਿਉਂ ਵਧੀ ਜਾਂਦਾ ਹੈ? ਸਿੱਖਿਆ ਦੇ ਅਦਾਰਿਆਂ ਨੂੰ ḔਮਿਆਰḔ ਦੇ ਸਨਮਾਨ ਮਿਲ ਰਹੇ ਹਨ, ਪਰ ਵਿਦਿਆਰਥੀਆਂ ਅਤੇ ਖੋਜ ਦਾ ਮਿਆਰ ਨੀਵਾਂ ਕਿਵੇਂ ਹੋ ਰਿਹਾ ਹੈ? ਮਾਂ-ਬੋਲੀ ਦੇ ਸੇਵਕਾਂ ਦੀ ਗਿਣਤੀ ਅਤੇ ਬੋਲੀ ਵਿਚ ਕੋਕੜੂਆਂ ਦੀ ਗਿਣਤੀ ਇੱਕੋ ਵੇਲੇ ਕਿਵੇਂ ਵਧ ਰਹੀ ਹੈ? ਅਦਾਰਿਆਂ ਦੇ ਹਵਾਲੇ ਨਾਲ ਇਨ੍ਹਾਂ ਸੁਆਲਾਂ ਦੀ ਫਹਿਰਿਸਤ ਹੋਰ ਵੀ ਲੰਮੀ ਹੋ ਸਕਦੀ ਹੈ।
ਇਨ੍ਹਾਂ ਅਦਾਰਿਆਂ ਦੀ ਦਲੀਲ ਦਾ ਸਿਆਸਤਦਾਨਾਂ ਅਤੇ ਇੰਤਜਾਮੀਆ ਨਾਲ ਸਿੱਧਾ ਰਿਸ਼ਤਾ ਬਣਦਾ ਹੈ। ਇਹ ਰਲ਼ ਕੇ ਪੰਜਾਬੀ ਬੰਦੇ ਨੂੰ ਹਿੰਦਸੇ ਤੱਕ ਮਹਿਦੂਦ ਕਰਦੇ ਹਨ। ਇਨ੍ਹਾਂ ਦੀ ਪੰਜਾਬੀ ਬੰਦੇ ਦੀ ਰੂਹ ਵਿਚ ਦਿਲਚਸਪੀ ਹੀ ਨਹੀਂ ਜੋ ਇਨ੍ਹਾਂ ਦੀ ਚੱਟੀ ਬਣੀ ਹੋਈ ਹੈ। ਇਨ੍ਹਾਂ ਨੇ ਦਲੀਲ ਨੂੰ Ḕਜੀ-ਹਜ਼ੂਰੀḔ ਦੇ ਰਾਹੇ ਤੋਰ ਕੇ ਪੰਜਾਬੀ ਬੰਦੇ ਨਾਲ ਧਰੋਹ ਕਮਾਇਆ ਹੈ। ਜਗਿਆਸਾ ਨੂੰ ਜ਼ਲੀਲ ਕੀਤਾ ਹੈ। ਆਪਣੀਆਂ ਕਮਾਈਆਂ ਅਤੇ ਧੀਆਂ-ਪੁੱਤਰਾਂ ਨੂੰ ਪਰਦੇਸੀਂ ਮਹਿਫ਼ੂਜ਼ ਕੀਤਾ ਹੈ ਅਤੇ ਮੁਲਕ ਚੌਧਰਾਂ ਲਈ ਰਾਖਵਾਂ ਕਰ ਲਿਆ ਹੈ। ਮੁਲਖ ਨੂੰ ਭੇਡਾਂ ਬਣਾਉਣ ਦੀ ਚਾਲ ਇਨ੍ਹਾਂ ਰਾਹੀਂ ਪ੍ਰਵਾਨ ਚੜ੍ਹੀ ਹੈ। ਖੁੱਲ੍ਹੀ ਮੰਡੀ ਦਾ ਆਪਹੁਦਰਾਪਣ ਇਸੇ ਤਬਕੇ ਰਾਹੀਂ ਕੋਹਜ ਤੋਂ ਵਰਦਾਨ ਦਾ ਰੁਤਬਾ ਹਾਸਲ ਕਰ ਸਕਿਆ ਹੈ ਜਿਸ ਦੇ ਕਸੀਦੇ Ḕਪੰਜਾਬੀਆਂ ਦੀ ਸ਼ਾਨ ਵੱਖਰੀḔ ਅਤੇ Ḕਸਭਿਆਚਾਰ ਦੇ ਸੇਵਕḔ ਗਾਉਂਦੇ ਹਨ। ਸਿਆਸਤਦਾਨਾਂ ਅਤੇ ਇੰਤਜਾਮੀਆ ਦੀ ਪੜਚੋਲ ਕਰਨ ਦੇ ਵਾਅਦੇ ਨਾਲ ਉਸਰਿਆ ਇਹ ਤਬਕਾ Ḕਚੋਰਾਂ ਨਾਲ ਰਲḔ ਗਿਆ ਹੈ, ਪਰ ਇਨ੍ਹਾਂ ਦੀ ਵਾਅਦਾ-ਫਰੋਸ਼ੀ ਸੰਵਾਦ ਦੇ ਘੇਰੇ ਵਿਚ ਨਹੀਂ ਆਈ। ਖ਼ਬਰਸਾਰ ਲੈਣ ਵਾਲੇ ਖ਼ਬਰਾਂ ਵਿਚੋਂ ਇਸ਼ਤਿਹਾਰ ਦੀ ਭਾਲ ਵਿਚ ਲੱਗੇ ਹੋਏ ਹਨ ਪਰ Ḕਪੰਜਾਬ ਦੀ ਆਵਾਜ਼Ḕ ਹੋਣ ਦਾ ਫੱਟਾ ਉਨ੍ਹਾਂ ਦੀਆਂ ਦੁਕਾਨਾਂ ਉਤੇ ਸਜਿਆ ਹੋਇਆ ਹੈ।
ਇਬਾਦਤ ਦੇ ਹਵਾਲੇ ਨਾਲ ਬੰਦੇ ਨਾਲ ਸੰਵਾਦ ਦਾ ਵਾਅਦਾ ਕਰਨ ਵਾਲੇ ਅਦਾਰੇ ਪ੍ਰਬੰਧ ਦੇ ਨਾਮ ਉਤੇ ਸਿਆਸਤ ਹੇਠ ਲੱਗ ਗਏ ਹਨ। ਇਨ੍ਹਾਂ ਨੇ ਸ਼ਬਦ ਨੂੰ ਅਰਥ ਤੱਕ ਪਹੁੰਚਣ ਨਹੀਂ ਦਿੱਤਾ। ਸ਼ਬਦਾਂ ਦੇ ਸ਼ੋਰ ਵਿਚ ਬੰਦਾ ਆਪਣੀ ਜ਼ਿੰਦਗੀ ਦੀ ਅਰਥ ਕਿੱਥੋਂ ਭਾਲੇ? ਇਨ੍ਹਾਂ ਨੇ ਆਪਣਾ ਘੇਰਾ Ḕਮੱਥਾ ਟਿਕਾਉਣḔ, Ḕਨੱਕ ਰਗੜਾਉਣḔ ਅਤੇ Ḕਸੁੱਖਾਂ ਪੂਰੀਆਂḔ ਕਰਨ ਤੱਕ ਮਹਿਦੂਦ ਕਰ ਲਿਆ ਹੈ। ਨਸ਼ੇ ਕਰਨ ਵਾਲਾ ਬੰਦਾ ਵੀ ਨੱਕ ਰਗੜਣ ਅਤੇ ਸੁੱਖ ਮਾਣਨ ਵਿਚ ਲੱਗਿਆ ਹੋਇਆ ਹੈ। ਉਸ ਕੋਲ ਘੱਟੋ-ਘੱਟ ਇਹੋ ਕੰਮ ਆਪਣੀ ਮਰਜ਼ੀ ਨਾਲ ਕਰਨ ਦੀ ਹਉਮੈ ਤਾਂ ਬਚੀ ਹੋਈ ਹੈ।
ਇਸ ਦੌਰ ਵਿਚ ਸਿਦਕਦਿਲੀ ਜਾਂ ਬੰਦਿਆਈ ਦੇ ਸੁਆਲ ਪੁੱਛਣ ਵਾਲੇ ਜੀਆਂ, ਅਦਾਰਿਆਂ ਜਾਂ ਜਥੇਬੰਦੀਆਂ ਨੂੰ ਅਖਤਿਆਰਾਂ (ਕਾਨੂੰਨਾਂ) ਦੇ ਹਵਾਲੇ ਨਾਲ ਘੇਰਿਆ ਜਾਂਦਾ ਹੈ। ਮਨੁੱਖੀ ਬੁਲੰਦੀ ਤੋਂ ਲੈ ਕੇ ਮਨੁੱਖੀ ਖੁਦਮੁਖਤਿਆਰੀ ਅਤੇ ਨੈਤਿਕਤਾ ਦੇ ਸੁਆਲ ਅਖ਼ਤਿਆਰਾਂ ਦੇ ਘੇਰੇ ਵਿਚ ਨਹੀਂ ਆਉਂਦੇ। ਕਾਨੂੰਨਾਂ ਦੀਆਂ ਨਵੀਂਆਂ ਸੋਧਾਂ ਇਸੇ ਰੁਝਾਨ ਨੂੰ ਮਜ਼ਬੂਤ ਕਰ ਰਹੀਆਂ ਹਨ। ਕਾਨੂੰਨ ਦੇ ਘੇਰੇ ਤੋਂ ਬਾਹਰਲੀ ਗੱਲ ਗੈਰ-ਕਾਨੂੰਨੀ ਹੈ ਅਤੇ ਕਾਨੂੰਨ ਦਾ ਘੇਰਾ ਲਗਾਤਾਰ ਤੰਗ ਹੋ ਰਿਹਾ ਹੈ। ਸਰਕਾਰ ਜਦੋਂ ਨਿੱਜੀ ਉਦਮੀਆਂ ਦੀ ਕਾਰਗੁਜ਼ਾਰੀ ਨੂੰ ਆਪਣੀਆਂ ਪ੍ਰਾਪਤੀਆਂ ਵਜੋਂ ਪੇਸ਼ ਕਰਦੀ ਹੈ ਤਾਂ ਸਮਾਜਕ ਪ੍ਰਾਪਤੀ ਦੀ ਧਾਰਨਾ ਹੀ ਬੇਮਾਅਨਾ ਹੋ ਜਾਂਦੀ ਹੈ। ਜਦੋਂ ਖੁਦਗਰਜ਼ੀ ਸਰਕਾਰੀ ਪ੍ਰਾਪਤੀ ਹੋ ਸਕਦੀ ਹੈ ਤਾਂ ਕੋਈ ਸਮਾਜ ਨੂੰ ਮੁਖਾਤਬ ਕਿਉਂ ਹੋਵੇ? ਜੇ ਕੋਈ ਜਥੇਬੰਦੀ ਇਨ੍ਹਾਂ ਸੁਆਲਾਂ ਨੂੰ ਮੁਖਾਤਬ ਹੁੰਦੀ ਹੈ ਤਾਂ ਉਸ ਦੇ ਆਗੂਆਂ ਦੀਆਂ ਜੇਲ੍ਹ ਯਾਤਰਾਵਾਂ, ਪੇਸ਼ੀਆਂ ਅਤੇ ਨਿਗਰਾਨੀਆਂ ਦੀ ਗਿਣਤੀ ਮੰਤਰੀਆਂ ਦੀਆਂ ਜਾਇਦਾਦਾਂ ਦੀ ਰਫਤਾਰ ਨਾਲ ਵਧ ਜਾਂਦੀ ਹੈ।
ਜੇ ਹਾਲਾਤ ਇਸ ਹੱਦ ਤੱਕ ਨਾ-ਸਾਜ਼ ਹਨ ਤਾਂ ਸਿਆਸਤਦਾਨਾਂ ਦੀ ਕੀ ਮਜਬੂਰੀ ਬਣਦੀ ਹੈ? ਇਸੇ ਦੌਰ ਵਿਚ ਕੁਝ ਆਵਾਜ਼ਾਂ ਹਨ ਜੋ ਮਨੁੱਖ ਨੂੰ ਮਨੁੱਖ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣ ਦੇ ਸੁਫ਼ਨੇ ਦਿਖਾਉਂਦੀਆਂ ਹਨ; ਜੋ ਮਨੁੱਖੀ ਬੁਲੰਦੀ ਅਤੇ ਸ਼ਾਨ ਨੂੰ ਮਨੁੱਖ ਦਾ ਜਨਮ-ਸਿੱਧ ਅਧਿਕਾਰ ਮੰਨਦੀਆਂ ਹਨ। ਇਹੋ ਆਵਾਜ਼ਾਂ ਸਰਕਾਰਾਂ, ਸਿਆਸਤਦਾਨਾਂ ਅਤੇ ਇੰਤਜਾਮੀਆ ਦੀ ਮਜਬੂਰੀ ਬਣਦੀਆਂ ਹਨ। ਨਸ਼ਿਆਂ ਦੇ ਮਾਮਲੇ ਵਿਚ ਇਹ ਮਜਬੂਰੀ ਕਾਰੋਬਾਰ ਨੂੰ ਰੋਕਣ ਤੱਕ ਮਹਿਦੂਦ ਹੈ। ਕਾਰੋਬਾਰ ਨੂੰ ਰੋਕਣ ਬਾਬਤ ਇਨ੍ਹਾਂ ਦੀ ਸੰਜੀਦਗੀ ਸ਼ੱਕ ਦੇ ਘੇਰੇ ਵਿਚ ਹੈ ਪਰ ਸੁਆਲ ਇਸ ਤੋਂ ਬਿਨਾਂ ਵੀ ਜਿਉਂ ਦਾ ਤਿਉਂ ਖੜ੍ਹਾ ਹੈ। ਜਿਨ੍ਹਾਂ ਨੂੰ ਨਸ਼ਿਆਂ ਦੀ ਤੋੜ ਲੱਗੀ ਹੈ ਅਤੇ ਜੋ ਤੋੜ ਵਿਚ ਨਿਘਾਰ ਦੀ ਹਰ ਹੱਦ ਲੰਘਣ ਨੂੰ ਤਿਆਰ ਹਨ, ਉਨ੍ਹਾਂ ਨੂੰ ਵਿਦੇਸ਼ੀ ਨਹੀਂ ਤਾਂ ਦੇਸੀ ਨਸ਼ਾ ਮਿਲ ਜਾਏਗਾ। ਅਨਾਥ ਹੋਏ ਪੰਜਾਬੀ ਬੰਦੇ ਨੂੰ ਕਾਨੂੰਨਾਂ ਜਾਂ ਪ੍ਰਬੰਧਾਂ ਦੇ ਸੰਗਲਾਂ ਨੇ ਰੋਕ ਨਹੀਂ ਸਕਣਾ। ਖ਼ਾਨਾਜੰਗੀ ਦਾ ਸ਼ਿਕਾਰ ਬੰਦਾ ਆਪਣੇ ਆਪ ਨੂੰ ਨਸ਼ਿਆਂ ਅਤੇ ਆਪਣੇ ਨਜ਼ਦੀਕੀਆਂ ਤੋਂ ਬੇਗਾਨਿਆਂ ਤੱਕ ਸਾਰੇ ਸਮਕਾਲੀਆਂ ਨੂੰ ਹਿੰਸਾ ਦੇ ਹਵਾਲੇ ਕਰਦਾ ਹੈ। ਬੇਰੂਹ ਬੰਦਾ ਜਿਸਮ ਦੀਆਂ ਤਕਲੀਫ਼ਾਂ ਤੋਂ ਕਦੋਂ ਡਰਿਆ ਹੈ?
ਜੇ ਇਹ ਬੰਦਾ ਦਰਦਮੰਦੀ, ਸਿਦਕਦਿਲੀ, ਜਗਿਆਸਾ, ਗਿਆਨ, ਵਿਗਿਆਨ ਅਤੇ ਕਲਾ ਦੇ ਸਮੁੰਦਰ ਵਿਚ ਗੋਤਾ ਲਗਾ ਲਵੇ ਤਾਂ ਇਸ ਨੂੰ ਆਪਣੀ ਸ਼ਾਨ ਦਾ ਅਹਿਸਾਸ ਹੋ ਸਕਦਾ ਹੈ। ਇਹ ਪਿਆਰ ਦੇ ਹਵਾਲੇ ਨਾਲ ਇਜ਼ਹਾਰ, ਇਕਰਾਰ ਅਤੇ ਇਨਕਾਰ ਦੀ ਬੋਲੀ ਸਿੱਖ ਸਕਦਾ ਹੈ। ਮਨੁੱਖੀ ਬੁਲੰਦੀ ਅਤੇ ਖੁਦਮੁਖ਼ਤਿਆਰ ਰੁਤਬਾ ਇਸ ਦੇ ਟੀਚੇ ਹੋ ਸਕਦੇ ਹਨ। ਜਦੋਂ ਇਹ ਬੰਦਾ ਆਪਣੇ ਟੀਚਿਆਂ ਅਤੇ ਹਾਲਾਤ ਵਿਚਲੇ ਪਾੜੇ ਬਾਰੇ ਸੁਆਲ ਪੁੱਛੇਗਾ ਤਾਂ ਇਹੋ ਸਿਆਸਤਦਾਨ ਅਤੇ ਇੰਤਜਾਮੀਆ Ḕਅਮਨ-ਕਾਨੂੰਨḔ ਦੀ ਰਾਖੀ ਲਈ ਉਹ ਖ਼ੂਨ ਵਹਾਉਣ ਤੱਕ ਜਾਏਗਾ ਜਿਸ ਨੂੰ ਸੁਕਾਉਣ ਤੋਂ ਇਹ ਕਦੇ ਨਹੀਂ ਝਿਜਕਦਾ।
ਨਸ਼ਿਆਂ ਖਿਲਾਫ ਰੈਲੀਆਂ ਨੂੰ ਜਾਂਦੀਆਂ ਗੱਡੀਆਂ, ਬੱਸਾਂ, ਕਾਰਾਂ ਵਿਚ ਜੋ ਹੋ ਰਿਹਾ ਹੈ; ਉਹ ਪੰਜਾਬ ਦਾ ਮਸਲਾ ਹੈ। ਜਿਸ ਮਾਰ ਤੋਂ ਪੰਜਾਬ ਨੂੰ ਬਚਾਉਣ ਲਈ ਸਿਆਸਤਦਾਨ ਦੁਹਾਈ ਦੇ ਰਹੇ ਹਨ; ਪੰਜਾਬੀ ਬੰਦਾ ਉਸੇ ਮਾਰ ਵਿਚ ਮੰਤਰ-ਮੁਗਧ ਹੋਇਆ ਉਸ ਦੇ ਸਾਹਮਣੇ ਬੈਠਾ ਹੈ। ਅਦਾਕਾਰੀ ਹੁਕਮਰਾਨ ਦਾ ਅਹਿਮ ਗੁਣ ਮੰਨਿਆ ਜਾਂਦਾ ਹੈ। ਨਸ਼ਿਆਂ ਖਿਲਾਫ ਮੁਜ਼ਾਹਰੇ ਅਤੇ ਇੰਤਜਾਮੀਆ ਦੀਆਂ ਮੁਹਿੰਮਾਂ ਇਸੇ ਗੁਣ ਦੀ ਨੁਮਾਇਸ਼ ਹਨ। ਪੰਜਾਬ ਵਿਚ ਰੈਲੀਆਂ ਉਤੇ Ḕਚੁੱਪ ਦਾ ਦਾਨ ਬਖ਼ਸ਼ਣḔ ਦੀਆਂ ਬੇਨਤੀਆਂ ਅਤੇ ਬਾਅਦ ਵਿਚ ਪੰਜ-ਇਸ਼ਨਾਨਾ ਨਾਲ ਗੁਜ਼ਾਰਾ ਕਰਨ ਵਾਲਿਆਂ ਨੂੰ Ḕਨਹਾ ਦੇਣḔ ਦੇ ਵਾਅਦੇ ਕਈ ਵਾਰ ਸੁਣੇ ਗਏ ਹਨ।