ਭਾਜੜ ਤਖਤ ਲਾਹੌਰ

ਲਾਹੌਰ ਵੱਸਦਾ ਵਿਦਵਾਨ ਨਜਮ ਹੁਸੈਨ ਸੱਯਦ ਪੰਜਾਬ ਦੀ ਨਾਬਰੀ ਵਾਲੀ ਪਰੰਪਰਾ ਉਤੇ ਪਹਿਰਾ ਦੇਣ ਦਾ ਚੇਤਾ ਵਾਰ-ਵਾਰ ਨਹੀਂ, ਸਗੋਂ ਹਰ ਵਾਰ ਕਰਵਾਉਂਦਾ ਹੈ। ਉਹ ਪਾਠਕ ਮਨ ਨੂੰ ਆਪਣੇ ਸ਼ਬਦਾਂ ਦੀਆਂ ਹੁੱਝਾਂ ਨਾਲ ਝੰਜੋੜਦਾ, ਉਠ ਤੁਰਨ ਲਈ ਪ੍ਰੇਰਦਾ ਹੈ। ਪੰਜਾਬੀ ਸਾਹਿਤ ਅਤੇ ਸਭਿਆਚਾਰ, ਪੂਰੇ ਜਲੌਅ ਨਾਲ ਉਹਦੀਆਂ ਲਿਖਤਾਂ ਦਾ ਹਿੱਸਾ ਬਣਿਆ ਹੈ।

ਬਾਗੀ ਪੰਜਾਬੀ ਨਾਇਕ ਦੁੱਲੇ ਬਾਰੇ ਲਿਖੇ ਇਸ ਲੇਖ ‘ਭਾਜੜ ਤਖਤ ਲਾਹੌਰ’ ਵਿਚ ਉਹ ਅਸਲ ਵਿਚ ਸੱਚੀ-ਸੁੱਚੀ ਪੰਜਾਬੀ ਪਰੰਪਰਾ ਅਤੇ ਰੀਤ ਬਾਰੇ ਹੀ ਗੱਲਾਂ ਕਰਦਾ ਹੈ। ਬਹੁਤ ਵਾਰ ਉਹ ਸਪਸ਼ਟ ਅਤੇ ਕਈ ਵਾਰ ਗੁੱਝੀਆਂ ਰਮਜ਼ਾਂ ਨਾਲ ਪਾਠਕ ਦਾ ਦਿਲ ਠਕੋਰਦਾ ਹੈ। ਇਸ ਠਕੋਰ ਵਿਚ ਲੋਹੜੇ ਦਾ ਸੇਕ ਰਲਿਆ ਹੁੰਦਾ ਹੈ ਜਿਸ ਦੀ ਨੇੜ ਨਾਲ ਪਾਠਕ-ਮਨ ਤਰਲ ਹੋ ਤੁਰਦਾ ਹੈ। ਇਸ ਲੇਖ ਦੇ ਕੁਝ ਕੁ ਸ਼ਬਦ-ਜੋੜ ਪਾਠਕਾਂ ਦੀ ਸਹੂਲਤ ਲਈ ਸੌਖੇ ਕਰ ਲਏ ਹਨ ਅਤੇ ਬਾਕੀ ਸਾਰੇ ਜਿਵੇਂ ਦੇ ਤਿਵੇਂ ਰਹਿਣ ਦਿੱਤੇ ਹਨ ਤਾਂ ਕਿ ਸਾਨੂੰ ਪੰਜਾਬੀਆਂ, ਜਿਹੜੇ ਅਸੀਂ ਨਿੱਤ ਦਿਨ ਪੰਜਾਬੀ ਮੁਹਾਵਰੇ ਅਤੇ ਰਹਿਤਲ ਤੋਂ ਦੂਰ ਜਾਈ ਜਾਂਦੇ ਹਾਂ, ਨੂੰ ਲਹਿੰਦੀ ਪੰਜਾਬੀ ਦੇ ਇਸ ਰੰਗ ਦਾ ਥੋੜ੍ਹਾ ਅਹਿਸਾਸ ਤਾਂ ਹੋਵੇ। ਆਪਣੀ ਲਿਖਤ ਵਿਚ ਨਜਮ ਹੁਸੈਨ ਸੱਯਦ ਇਸੇ ਤਰ੍ਹਾਂ ਅਪਣੱਤ ਦਾ ਅਹਿਸਾਸ ਕਰਵਾਉਂਦਾ ਪਾਠਕ ਨੂੰ ਨਵੇਂ ਰਾਹਾਂ ਦਾ ਰਾਹੀ ਬਣਾਉਂਦਾ ਹੈ। ਦੁੱਲਾ ਭੱਟੀ ਬਾਰੇ ਇਸ ਲੇਖ ਵਿਚ ਉਹ ਲਾਲ ਹੁਸੈਨ (ਸੂਫੀ ਸ਼ਾਇਰ ਸ਼ਾਹ ਹੁਸੈਨ) ਅਤੇ ਮਾਧੋ ਦਾ ਜ਼ਿਕਰ ਕਰਨਾ ਨਹੀਂ ਭੁੱਲਦਾ ਜੋ ਨਾਬਰੀ ਦੀ ਪਰੰਪਰਾ ਨੂੰ ਤਾਂਘਦੇ ਹਨ। ਲੋਹੜੀ ਮੌਕੇ ਅਸੀਂ ਇਸ ਲੇਖ ਰਾਹੀਂ ਆਪਣੇ ਨਾਇਕ ਦੁੱਲੇ ਨੂੰ ਯਾਦ ਕਰ ਰਹੇ ਹਾਂ। -ਸੰਪਾਦਕ

ਨਜਮ ਹੁਸੈਨ ਸੱਯਦ

ਸੋਲ੍ਹਵੀਂ ਸਦੀ ਦਾ ਲਾਹੌਰ ਅਸਲੋਂ ਅਜੋਕਾ ਲਾਹੌਰ ਹੀ ਹੈ। ਇਹ ਦਰਬਾਰੀ ਕਾਰਮੁਖ਼ਤਾਰਾਂ ਦੀ ਗੱਦੀ ਹੈ। ਸ਼ਾਹੀ ਨੌਕਰਾਂ ਦਾ ਠਾਣਾ ਹੈ। ਇਥੇ ਹਾਕਮ ਟਾਬਰੀ ਉਚੀ ਵਲਗਣ ਵਲੀ ਬੈਠੀ ਹੈ, ਉਚੀ ਵਲਗਣ ਉਹਲਿਉਂ ਰੱਬ ਦੀ ਧਰਤ ਉਤੇ ਰੁੱਝੇ ਵਾਹਕਾਂ ਤੇ ਕਾਰਗੀਰਾਂ ਦੇ ਰਿਜ਼ਕ ਦੀ ਡੋਰ ਜਿਵੇਂ ਚਾਂਹਵਦੀ ਹੈ, ਭੁਆਂਵਦੀ ਹੈ, ਕਿ ਵਾਹਕ ਤੇ ਕਾਰਗੀਰ ਉਹਦੀ ਮਨਸ਼ਾ ਮੂਜਬ ਕੰਮੀਂ ਜੁਟੇ ਰਹਿਣ ਤੇ ਉਹਨੂੰ ਲੋੜੀਂਦੇ ਅੰਨ ਵਸਤ ਦੀ ਤਰੋਟਕ ਨਾ ਆਵੇ।
ਵਾਹਕ ਤੇ ਕਾਰਗੀਰ ਨੂੰ ਹੱਥ ਹੇਠ ਰੱਖਣ ਲਈ ਹਾਕਮ ਟਾਬਰੀ ਉਨ੍ਹਾਂ ਨੂੰ ਸਿਆਸਤ, ਇਲਮ ਤੇ ਵਰਤ ਵਰਤਾਰੇ ਵਿਚ ਆਪਣਾ ਮੁਥਾਜ ਬਣਾ ਲੈਂਦੀ ਹੈ। ਸਿਆਸਤ ਤੇ ਇਲਮ ਦੀ ਝੂਠੀ ਚੌਧਰ ਸਾਂਭਣ ਨਾਲ ਹਾਕਮ ਟਾਬਰੀ ਦੀ ਆਪਣੇ ਰਿਜ਼ਕ ਵਾਸਤੇ ਵਾਹਕ ਤੇ ਕਾਰਗੀਰ ਅੱਗੇ ਅਸਲੀ ਮੁਥਾਜੀ ਲੁਕ ਵੈਂਦੀ ਹੈ। ਹਾਕਮ ਟਾਬਰੀ ਸਿਆਸਤ ਦਾ ਅਜਿਹਾ ਢੰਗ ਚਲਾਂਵਦੀ ਹੈ, ਕਿ ਅਸਲ ਅਖ਼ਤਿਆਰ ਸ਼ਹਿਰੋਂ ਬਾਹਰ ਨਾ ਜਾਵੇ, ਆਪਣੇ ਹੱਥ ਰਵ੍ਹੇ। ਉਹ ਕਾਨੂੰਨ ਅਜਿਹੇ ਬਣਾਂਵਦੀ ਹੈ, ਜਿਹੜੇ ਕਾਰਗੀਰ ਤੇ ਵਾਹਕ ਨੂੰ ਨਾ ਸੂਝ-ਸਿਆਣ ਵਿਚ, ਨਾ ਵਾਹ-ਵਰਤਣ ਵਿਚ-ਕਿਧਰੇ ਵੀ ਆਪ-ਵਸਾਹੇ ਨਾ ਹੋਵਣ ਦੇਣ। ਉਹ ਮਦਰਸੇ ਅਜਿਹੇ ਚਾਲੂ ਕਰੇਂਦੀ ਹੈ, ਜਿਥੇ ਹਾਕਮ ਟੋਲੀ ਦੀ ਰਹਿਤਲ ਰੀਤ ਦਾ ਝੰਡਾ ਉਚਾ ਕੀਤਾ ਜਾਵੇ; ਜਿਥੇ ਪਰਖ-ਤੋਲ ਦੇ ਅਜਿਹੇ ਢੰਗ ਸਿਖੀਂਜਣ ਜਿਹੜੇ ਹਾਕਮ ਟੋਲੀ ਦੀ ਜਗ-ਮੰਨਤਾ ਕਰਾਉਣ। ਹਾਕਮ ਟਾਬਰੀ ਆਪਣਾ ਇਲਮ, ਆਪਣਾ ਰਿਵਾਜ਼, ਆਪਣਾ ਵਰਤਾਰਾ, ਆਪਣਾ ਕਾਨੂੰਨ ਪਿੰਡ ਵਸੋਂ ਦੀਆਂ ਆਂਦਰਾਂ ਵਿਚ ਵਗਾਉਣ ਵਾਸਤੇ ਵੱਟਾਂ, ਆਡਾਂ, ਮੋਘਿਆਂ ਦਾ ਪੂਰਾ ਸਰਬੰਦ ਕਰੇਂਦੀ ਹੈ। ਸ਼ਹਿਰ ਵਿਚ ਹੀ ਛਾਵਣੀ ਤੇ ਬਾਰੂਦਖਾਨੇ ਹਨ, ਇਹ ਉਹ ਧੌਂਸੇ ਹਨ ਜਿਨ੍ਹਾਂ ਦੇ ਆਸਰੇ ਹਾਕਮ ਦਾ ਹੁਕਮ ਚਲਦਾ ਹੈ।
ਦੁੱਲਾ ਭੱਟੀ ਬਾਰ ਦਾ ਵਸਨੀਕ ਹੈ। ਉਹ ਪਿੰਡ ਵਾਸੀਆਂ ਦੇ ਉਸ ਧੜੇ ਵਿਚ ਹੈ, ਜਿਨ੍ਹਾਂ ਸੱਤਾਂ ਪੀੜ੍ਹੀਆਂ ਥੀਂ ਦਿੱਲੀ ਵਿਚ ਜੰਮੀ ਅਤੇ ਲਾਹੌਰੀਂ ਪਲੀ ਬਾਦਸ਼ਾਹੀ ਦੇ ਅੱਗੇ ਸਿਰ ਨਹੀਂ ਨਿਵਾਇਆ। ਉਹਦਿਆਂ ਵੱਡ-ਵਡੇਰਿਆਂ ਏਸ ਬਾਦਸ਼ਾਹੀ ਦੇ ਘੋੜੇ ਨੂੰ ਡੱਕਣ ਲਈ ਸਿਰਾਂ ਦੇ ਬੰਨ੍ਹ ਮਾਰੇ, ਤੇ ਰੱਤ ਦੇ ਖਾਲ ਕੱਢੇ। ਦੁੱਲੇ ਵੀ ਨਿੱਕੇ ਹੁੰਦਿਆਂ ਆਪਣੀ ਰੱਤ ਨੂੰ ਅਮਾਨਤ ਹੀ ਸਮਝਿਆ ਹੈ। ਉਹਦੇ ਘਰ ਵਿਚ ਵੱਡਿਆਂ ਦੇ ਕੀਤੇ ਘੋਲ ਦੀ ਕਹਾਣੀ ਨਵੇਂ ਪੋਚ ਦੀ ਗੁੜ੍ਹਤੀ ਹੈ। ਉਹਨੇ ਇਸ ਕਹਾਣੀ ਨੂੰ ਮੁੜ ਖੇਡ ਕੇ ਵਿਖਾਉਣਾ ਹੈ।
ਦੁੱਲੇ ਨੇ ਆਪਣੇ ਆਪ ਨੂੰ ਨਿੱਕੇ ਹੁੰਦਿਆਂ ਤੋਂ ਹੀ ਲੜਾਈ ਲਈ ਤਿਆਰਿਆ ਹੈ। ਉਹ ਪਿੰਡ ਵਾਸੀਆਂ ਦੀ ਜੁਗਾਂ ਪੁਰਾਣੀ ਕੌੜ ਦਾ ਨਿਸ਼ਾਨ ਹੈ। ਉਹਨੂੰ ਆਪਣਾ ਆਪ ਬਚਾਉਣ ਦਾ ਕੋਈ ਧਿਆਨ ਨਹੀਂ। ਲਾਹੌਰ ਦਰਬਾਰ ਨੂੰ ਹਰ ਦਮ ਦੁੱਲੇ ਦਾ ਧੁੜਕਾ ਹੈ। ਦਰਬਾਰ ਵਾਲਿਆਂ ਲਈ ਦੁੱਲੇ ਦੇ ਜੀਵਨ ਦੀ ਹਰ ਘੜੀ ਨਵਾਂ ਜੋਖੋਂ ਜਗਾਂਵਦੀ ਹੈ। ਦੁੱਲੇ ਦਾ ਲੜਨ ਢੰਗ ਨਿਵੇਕਲਾ ਹੈ। ਉਹ ਹੁਣੇ ਹੈ, ਤੇ ਹੁਣੇ ਨਹੀਂ। ਉਹ ਹਰ ਥਾਂ ਹੋਂਦਾ ਹੈ, ਪਰ ਲੱਭਦਾ ਕਿਧਰੇ ਨਹੀਂ।
ਕਦੀ ਪਹਾੜ ਦੇ ਪਿੱਛੇ, ਕਦੀ ਝੱਲਾਂ ਵਿਚ, ਕਦੀ ਖੁੱਲ੍ਹੀ ਸੜਕ ਉਤੇæææਸਭਨੀਂ ਥਾਈਂ ਉਹਦਾ ਲਿਸ਼ਕਾਰ ਤੇ ਘੁੰਮਕਾਰ ਹੈ। ਉਹ ਸ਼ਾਹੀ ਕਿਲ੍ਹੇ ਦੇ ਅੰਦਰ ਵੀ ਆ ਵੜਦਾ ਹੈ ਤੇ ਦਿਹੁੰ ਦੀਵੀ ਆਪਣੀ ਕਾਰ ਕਰ ਕੇ ਛਾਈਂ-ਮਾਈਂ ਹੋ ਵੈਂਦਾ ਹੈ। ਭਾਰਿਆ ਹਥਿਆਰਾਂ ਵਾਲਾ ਲੋਹੇ-ਪੋਸ਼ ਬਾਦਸ਼ਾਹੀ ਕਟਕ ਦੁੱਲੇ ਪਿਛੇ ਭੌਂਚਲਿਆ ਵੱਤਦਾ ਹੈ। ਸ਼ਾਹੀ ਕਿਲ੍ਹੇ ਵਿਚ ਰਾਤੀਂ ਕੋਈ ਸੁੱਖ ਨੀਂਦਰ ਨਹੀਂ ਸੌਂ ਸਕਦਾ।
ਓੜਕ ਪਿੰਡ ਵਸੋਂ ਦੀਆਂ ਆਂਦਰਾਂ ਵਿਚ ਧਸੀ ਹੋਈ ਸਰਕਾਰੀ ਨੌਕਰਚਾਰੀ ਕਿਸੇ ਫੰਧੇ ਨਾਲ ਦੁੱਲੇ ਨੂੰ ਫੰਧਾ ਦੇਂਦੀ ਹੈ। ਦੁੱਲੇ ਨੂੰ ਸੰਗਲ ਘੱਤ ਕੇ ਲਾਹੌਰ ਲਿਆਂਵਦੇ ਹਨ। ਵੱਤ ਲਾਹੌਰ ਦੀ ਵਲਗਣ ਹੇਠ ਉਹਨੂੰ ਸੂਲੀ ਚਾੜ੍ਹ ਦੇਂਦੇ ਹਨ। ਮੌਤ ਦੁੱਲੇ ਨੂੰ ਨਾ ਘਬਰਾਂਵਦੀ ਹੈ, ਨਾ ਥੜੇਂਦੀ ਹੈ। ਉਹਦੇ ਭਾਣੇ ਸੂਲੀ ਕੋਈ ਤਕਦੀਰ ਦਾ ਧ੍ਰੋਹ ਨਹੀਂ, ਆਪਣੀ ਲੜਾਈ ਦਾ ਮੋਰਚਾ ਹੈ, ਆਪਣੀ ਸਿਆਸਤ ਦਾ ਪੈਂਤੜਾ ਹੈ। ਦੁੱਲੇ ਨੂੰ ਮਾਰਨ ਵਾਲਿਆਂ ਦਾ ਮਨਸੂਬਾ ਇਹ ਆਹਾ, ਕਿ ਉਹਨੂੰ ਸੂਲੀ ਚਾੜ੍ਹ ਕੇ ਨਾਬਰੀ ਦੀ ਉਸ ਪੁਰਾਣੀ ਕਹਾਣੀ ਉਤੇ ਮਿੱਟੀ ਘੱਤੀਏ ਜਿਹਨੂੰ ਦੁੱਲੇ ਆਪਣੇ ਜੀਵਨ ਵਿਚ ਮੁੜ ਖੇਡ ਵਿਖਾਇਆ, ਪਰ ਦੁੱਲੇ ਆਪਣੀ ਜਾਨ ਜਲਾਦਾਂ ਦੇ ਹੱਥੋਂ ਖੱਸ ਲੀਤੀ। ਉਹਨੇ ਸੂਲੀ ਚੜ੍ਹਦਿਆਂ ਵੀ ਧੌਣ ਨਾ ਲਿਫਾਈ। ਉਹਨੇ ਸੂਲੀ ਚੜ੍ਹ ਕੇ ਵੀ ਅਕਬਰ ਨੂੰ ਲਲਕਾਰਿਆ ਤੇ ਸ਼ਾਹੀ ਮਾਣ ਭੰਡਿਆ; ਸਗੋਂ ਮਰ ਕੇ ਉਹਨੇ ਨਾਬਰੀ ਵਾਲੀ ਕਹਾਣੀ ਦਾ ਰੰਗ ਘਣਾ ਉਘਾੜਿਆ। ਮਰ ਕੇ ਉਹਨੇ ਆਪਣੀ ਸਹੁੰ ਨੂੰ ਵਧੇਰੇ ਪਕੇਰਾ ਕੀਤਾ।
ਸ਼ਹਿਰਦਾਰਾਂ ਦੀ ਚੋਖੀ ਭੀੜ ਦੁੱਲੇ ਨੂੰ ਸੂਲੀ ਚੜ੍ਹਦਿਆਂ ਵੇਖਣ ਢੁਕੀ। ਵਿਹਲ ਦੇ ਅਕਾਏ ਲੋਕੀਂ ਤੇ ਉਹ ਲੋਕੀਂ ਜਿਹੜੇ ਉਹਦੇ ਜੀਂਵਦੇ ਦੇ ਨਾਂ ਤੋਂ ਕੰਬਦੇ ਸਨ, ਨਿੱਕਿਆਂ ਤੇ ਮੋਟਿਆਂ ਵਪਾਰਾਂ ਵਾਲੇ, ਨੀਵੀਆਂ ਉਚੀਆਂ ਨੌਕਰੀਆਂ ਵਾਲੇ, ਤੇ ਉਹ ਜਿਨ੍ਹਾਂ ਦੇ ਕੋਲ ਕੱਖ ਨਾ ਆਹਾ, ਪਰ ਡਰਦੇ ਸਨæææਮਤਾਂ ਦੁੱਲਾ ਅਸਾਂ ਗੋਲਿਆਂ ਕੋਲੋਂ ਗਲ ਦੇ ਪਟਕੇ ਤੇ ਲੱਕ ਦੀਆਂ ਪੇਟੀਆਂ ਖੱਸ ਖੜੇ। ਮਾਲਕਾਂ ਦੀ ਮਰਜ਼ੀ ਇਹ ਆਹੀ, ਕਿ ਗੋਲਿਆਂ ਨੂੰ ਆਪਣੇ ਬਲਕਾਰ ਦਾ ਨਜ਼ਾਰਾ ਦਸੀਜੇ, ਪਰ ਗੋਲਿਆਂ ਨੂੰ ਏਸ ਨਜ਼ਾਰੇ ਦੀ ਲੋੜ ਈ ਨਹੀਂ। ਉਨ੍ਹਾਂ ਚਿਰੋਕਣਾ ਖੌਫ ਨੂੰ ਮੁਰਸ਼ਦ ਮੰਨ ਲੀਤਾ ਹੋਇਆ ਹੈ। ਖੌਫ ਨੂੰ ਉਹ ਬਲਾ ਟਾਲ ਟੂਣਾ ਸਮਝ ਕੇ ਸੀਨਿਆਂ ਅੰਦਰ ਮੜ੍ਹਾਈ ਬੈਠੇ ਹਨ। ਉਨ੍ਹਾਂ ਮਾਲਕਾਂ ਦੀ ਰਹਿਤਲ ਨੂੰ, ਉਨ੍ਹਾਂ ਦੇ ਵਰਤਾਰੇ ਨੂੰ ਉਚਾ ਸੱਚ ਮੰਨ ਘਿੱਦਾ ਹੈ। ਉਹ ਮਾਲਕ ਦੀ ਦੌਲਤ ਲੈ ਨਹੀਂ ਸਕਦੇ ਪਰ ਏਸ ਦੌਲਤ ਦੇ ਚਾਕਰਾਂ, ਸਾਂਭਿਆਂ ਤੇ ਰਾਖਿਆਂ ਵਿਚ ਨਾਵਾਂ ਲਵਾ ਕੇ ਉਹਦੇ ਨਾਲ ਝੂਠਾ ਜਿਹਾ ਸਾਂਗਾ ਤਾਂ ਜੋੜ ਸਕਦੇ ਹਨ। ਲਾਹੌਰ ਦੇ ਇਹ ਵਸਨੀਕ ਸਦਾ ਹੁਸੜੇ ਤੇ ਉਦਾਸੇ ਰਹਿੰਦੇ ਹਨ। ਉਹ ਜੋ ਕੁਝ ਬਣ ਗਏ ਹਨ, ਉਹ ਬਣਨ ਲਈ ਉਨ੍ਹਾਂ ਨੂੰ ਆਪਣੇ ਅੰਦਰ ਕਿਸੇ ਸ਼ੈਅ ਦਾ ਸੰਘ ਘੁਟਣਾ ਪਿਆ। ਉਨ੍ਹਾਂ ਨੂੰ ਇਹ ਤਾਂ ਸਾਰ ਨਹੀਂ ਕਿ ਉਹ ਕੀ ਸ਼ੈਅ ਆਹੀ, ਪਰ ਇਤਨਾ ਪਤਾ ਕਿ ਅੰਦਰ ਕੋਈ ਮੁਰਦਾ ਪਿਆ ਤਰੱਕਦਾ ਹੈ। ਜਦੋਂ ਦੁੱਲਾ ਸੂਲੀ ਚੜ੍ਹਿਆ, ਪਲ ਦਾ ਪਲ ਉਨ੍ਹਾਂ ਨੂੰ ਝਉਲਾ ਜਿਹਾ ਪਿਆ ਕਿ ਦੁੱਲੇ ਦੇ ਮਰਨ ਦਾ ਸਾਡੇ ਜੀਵਨ ਨਾਲ ਕੋਈ ਸਬੰਧ ਹੈ, ਪਰ ਇਹ ਪਲ ਦਾ ਝਉਲਾ ਮੁੱਕ ਗਿਆ। ਦੁੱਲਾ ਸੂਲੀ ਚੜ੍ਹ ਗਿਆ ਤੇ ਲਾਹੌਰ ਦੇ ਇਹ ਵਸਨੀਕ ਖਲੋਤੇ ਤੱਕਦੇ ਰਹੇ।
ਲਾਹੌਰ ਦੇ ਵਸਨੀਕਾਂ ਦੀ ਏਸ ਭੀੜ ਵਿਚ ਪਵਲੀ ਪੁੱਤਰ ਲਾਲ ਹੁਸੈਨ ਵੀ ਹੈ। ਲਾਹੌਰ ਦਾ ਜੰਮ-ਪਲ ਹੋਂਦਿਆਂ ਵੀ ਹੋਰਾਂ ਕੋਲੂੰ ਅੱਡਰਾ ਹੈ। ਸੋਚ ਵੀ ਉਹਦੀ ਡਰਾਵਣੀ ਹੈ, ਪਰ ਸਰਕਾਰ ਉਹਨੂੰ ਏਸ ਕਾਰਨ ਚਾਂਵਦੀ ਹੈ, ਕਿ ਉਹਦੀ ਸੋਚ ਤੇ ਉਹਦੇ ਜੀਵਨ ਵਿਚ ਕੋਈ ਨਿਖੇੜ ਨਹੀਂ। ਮਲਕ ਅਲੀ ਕੋਤਵਾਲ ਜਿਹੜਾ ਦੁੱਲੇ ਦੀ ਸੂਲੀ ਦਾ ਸਰਬੰਧ ਕਰਨ ਆਇਆ ਹੈ, ਚਿਰੋਕਣਾ ਲਾਲ ਹੁਸੈਨ ਦੀ ਟੋਹ ਵਿਚ ਹੈ। ਭੀੜ ਵਿਚ ਲਾਲ ਹੁਸੈਨ ਨੂੰ ਵੇਖ ਕੇ ਮਲਕ ਅਲੀ ਕੋਤਵਾਲ ਨੂੰ ਦੁੱਲਾ ਭੁੱਲ ਗਿਆ। ਹੁਕਮ ਕੀਤੋਸ, ਤੇ ਪਿਆਦਿਆਂ ਲਾਲ ਹੁਸੈਨ ਨੂੰ ਸੰਗਲ ਚਾ ਘੱਤੇ, ਪਰ ਸੰਗਲ ਲਾਲ ਹੁਸੈਨ ਦੇ ਵਜੂਦ Ḕਤੇ ਖਲੋਂਵਦੇ ਨਹੀਂ, ਖੁੱਲ੍ਹ ਕੇ ਪਰ੍ਹਾਂ ਜਾ ਪੈਂਦੇ ਹਨ। ਕੋਤਵਾਲ ਛਿੱਥਾ ਪੈ ਕੇ ਏਸ ਰਮਜ਼ ਵੱਲ ਗਹੁ ਨਹੀਂ ਕਰੇਂਦਾ, ਤੇ ਲਾਲ ਹੁਸੈਨ ਨੂੰ ਬੁੜ੍ਹਕਦਾ ਹੈ ਕਿ Ḕਤੈਨੂੰ ਤਸੀਹੇ ਦੇ ਕੇ ਮਰੇਸਾਂḔ। ਇਹ ਵੀ ਹੋ ਸਕਦਾ ਹੈ ਕਿ ਮਲਕ ਅਲੀ ਨੂੰ ਸੰਗਲਾਂ ਵਾਲੀ ਰਮਜ਼ ਦੀ ਡਾਢੀ ਸੰਞਾਨ ਹੋਵੇ ਤੇ ਉਸ ਸਹੀ ਬੁੱਝਿਆ ਹੋਵੇ ਕਿ ਲਾਲ ਹੁਸੈਨ ਉਹਦਿਆਂ ਮਾਲਕਾਂ ਦੇ ਰਾਜ ਦਾ ਓਡਾ ਈ ਕਰੜਾ ਵੈਰੀ ਹੈ ਜਿੱਡਾ ਦੁੱਲਾ। ਦੁੱਲਾ ਸ਼ਾਹੀ ਹੁਕਮ ਦੇ ਘਰ ਨੂੰ ਬਾਹਰੋਂ ਧਾਵਾ ਕਰ ਕੇ ਢਾਵਣ ਚੜ੍ਹਿਆ ਹੈ; ਲਾਲ ਹੁਸੈਨ ਅੰਦਰੋਂ ਲਾਂਬੂ ਲਾ ਕੇ ਫੂਕਣ ਲੋੜਦਾ ਹੈ। ਐਵੇਂ ਨਹੀਂ ਉਹ ਸੂਲੀ ਵੇਲੇ ਦੁੱਲੇ ਦੇ ਸਾਹਵੇਂ ਹੋਇਆ।
ਪਰ ਮਲਕ ਅਲੀ ਕੋਤਵਾਲ ਇਹ ਨਹੀਂ ਜਾਤਾ, ਪਈ ਜਦ ਤਾਈਂ ਅਸਾਂ ਜੀਂਵਦੇ ਹਾਂ, ਲਾਲ ਹੁਸੈਨ ਨੂੰ ਸੰਗਲੀਂ ਵਲਿਆ ਨਹੀਂ ਜਾ ਸਕਦਾ। ਸਾਡਾ ਈਮਾਨ ਇਸ ਗੱਲ ਨੂੰ ਕਬੂਲਦਾ ਨਹੀਂ। ਸਾਡੇ ਲਈ ਉਹ ਰਾਂਝਾ ਹੈ ਜਿਸ ਖੇੜਿਆਂ ਦੇ ਸ਼ਹਿਰ ਲਾਹੌਰ ਵਿਚ ਆਣ ਉਤਾਰਾ ਕੀਤਾ ਹੈ। ਉਹ ਸਾਡੇ ਵਸੇਬੇ ਦੀਆਂ ਨਾੜਾਂ ਵਿਚੋਂ ਜ਼ਾਹਿਰ ਪੂਜਾ ਦੇ ਝੁਮੇ ਲਾਹ ਕੇ ਸੂਹੀ ਧੁਖਦੀ ਰੱਤ ਦੀ ਛਲ ਉਛਾਲਣ ਆਇਆ ਹੈ।
ਸਾਡੇ ਵਸੇਬੇ ਵਿਚ ਸੋਚ ਉਤੇ ਕਾਜ਼ੀ ਮੁੱਲਾਂ ਤੇ ਕੈਦੋਂ ਦਾ ਪਹਿਰਾ ਹੈ। ਇਥੇ ਜੀਵਦਿਆਂ ਜੀਆਂ ਦੀਆਂ ਲੋੜਾਂ-ਥੁੜਾਂ ਨੂੰ ਕਦੀ ਗਹੁ ਗੋਚਰਾ ਨਹੀਂ ਸਮਝਿਆ ਜਾਂਦਾ; ਮਤਾਂ ਵਿਹਾਰ ਦਾ ਬਾਹਰਲਾ ਪੋਚਾ ਨਾ ਤਿੜਕੇ। ਇਥੇ ਸੱਚੇ ਸਾਂਗੇ ਨੂੰ ਤਾਂਘਣਾ ਨਿਕੰਮੀ ਗੱਲ ਸਮਝਿਆ ਜਾਂਵਦਾ ਹੈ। ਜ਼ਾਹਿਰ ਬਾਹਰ ਦੇ ਸਬੰਧ ਹੀ ਢੇਰ ਸਮਝਦੇ ਜਾਂਵਦੇ ਹਨ, ਪਰ ਬੰਦਾ ਜ਼ਾਹਿਰ ਬਾਹਰ ਦਿਆਂ ਸਬੰਧਾਂ ਨਾਲ ਨਹੀਂ ਜੀਅ ਸਕਦਾ। ਉਹਨੂੰ ਆਪਣੇ ਆਪ ਨਾਲ ਇਕ ਹੋ ਕੇ ਜੀਵਨ ਲਈ ਤੇ ਹੱਡਾਂ ਵਿਚ ਜੀਵਨ ਸੇਕ ਮਾਨਣ ਲਈ ਸੱਚਿਆਂ, ਗੂੜ੍ਹਿਆਂ ਸਾਂਗਿਆਂ ਦੀ ਭੁੱਖ ਰਹਿੰਦੀ ਹੈ। ਉਹਨੂੰ ਆਪਣੇ ਅੰਦਰੋਂ ਉਛਲਦੀ ਜੀਵਨ ਲਹਿਰ ਨਾਲ ਤੇ ਬਾਹਰ ਵਗਦੇ ਜੀਵਣ ਵਹਿਣ ਨਾਲ, ਆਪਣੇ ਮਨ ਨਾਲ ਤੇ ਦੂਜਿਆਂ ਦੇ ਮਨ ਨਾਲ ਗੂੜ੍ਹੀਆਂ ਪਾਵਣ ਦੀ ਤਾਂਘ ਰਹਿੰਦੀ ਹੈ। ਉਹ ਜੀਅ ਤਦੇ ਸਕਦਾ ਹੈ, ਜੇ ਹਰਦਮ ਜੀਵਨ ਚੱਕ ਉਤੇ ਚੜ੍ਹਿਆ ਬਣ-ਬਣ ਪਿਆ ਉਭਰੇ, ਤੇ ਉਭਰ ਉਭਰ ਪਿਆ ਬਣੇ। ਅਰਸ਼ਾਂ ਵਲ ਪਿਆ ਉਛਲੇ, ਤੇ ਧਰਤ ਅੰਦਰ ਮੇਂਵਦਾ ਤੇ ਪਸਰਦਾ ਰਵ੍ਹੇ, ਪਰ ਖੇੜਾਸ਼ਾਹੀ ਦਾ ਜ਼ਾਬਤਾ, ਕਾਜ਼ੀ ਮੁੱਲਾਂ ਤੇ ਕੈਦੋਂ ਦਾ ਪ੍ਰਚਾਰਿਆ ਤੇ ਪਾਲਿਆ ਜ਼ਾਬਤਾ ਬੰਦਿਆਂ ਕੋਲੋਂ ਜ਼ਮਾਨਤਾਂ ਮੰਗਦਾ ਹੈ, ਪਈ ਜੇ ਰਹਿਣਾ ਹੈ ਤਾਂ ਛੜੇ ਸਿਫ਼ਰੇ ਬਣ ਕੇ ਰਹੋ। ਬਾਹਰੋਂ ਬੰਦ ਤੇ ਅੰਦਰੋਂ ਸੱਖਣੇ।
ਪਰ ਲਾਲ ਹੁਸੈਨ ਸਿਫ਼ਰਾ ਬਣ ਕੇ ਨਹੀਂ ਰਹਿ ਸਕਦਾ, ਤੇ ਨਾ ਹੋਰਾਂ ਨੂੰ ਸਿਫ਼ਰੇ ਬਣ ਕੇ ਰਹਿੰਦਿਆਂ ਵੇਖ ਸਕਦਾ ਹੈ। ਉਹ ਨਿਰਾ ਜਾਲਣ ਨਹੀਂ, ਜੀਵਨ ਚਾਂਹਵਦਾ ਹੈ, ਹੋਵਣ ਚਾਂਹਵਦਾ ਹੈ। ਉਹ ਬੰਦੇ ਦਿਆਂ ਹੱਡਾਂ ਨੂੰ ਮੁੜ ਜੀਵਨ ਦਾ ਨਿੱਘ ਦੇਵਣ ਲੋੜਦਾ ਹੈ। ਖੇੜਾਸ਼ਾਹੀ ਉਹਨੂੰ ਡੱਕਣ Ḕਤੇ ਤੁਲੀ ਬੈਠੀ ਹੈ, ਕਿਉਂ ਜੇ ਖੇੜਾਸ਼ਾਹੀ ਜੀਵਨ ਦੇ ਸਾਰੇ ਰਸਤੇ ਡੱਕ ਕੇ ਈ ਆਪਣੀ ਖੋਖਲੀ ਜਾਲ, ਜਾਲ ਸਕਦੀ ਹੈ। ਖੇੜਾਸ਼ਾਹੀ ਠੁੱਕ ਤਾਂ ਈ ਖਲੋ ਸਕਦੇ ਹਨ, ਜੇ ਉਨ੍ਹਾਂ ਦੇ ਸਾਹਵੇਂ ਹੋਰ ਕੋਈ ਠੁੱਕ ਨਾ ਉਠੇ, ਤੇ ਵਸੇਬ ਦੀ ਹੋਣੀ, ਕਰਨੀ ਦੀ ਮੁਹਾਰ ਉਨ੍ਹਾਂ ਦੇ ਹੱਥ ਈ ਟਿਕੀ ਰਵ੍ਹੇ। ਖੇੜੇ ਅਸਲੀ ਬੰਦੇ ਨਹੀਂ। ਜੀਂਵਦੇ ਜਾਗਦੇ ਹੋਵਣਹਾਰ ਜੀਅ ਨਹੀਂ, ਪਰਛਾਵੇਂ ਹਨ। ਉਨ੍ਹਾਂ ਦੀ ਨਿਸ਼ਾ ਤਾਹੀਉਂ ਹੈ ਜੇ ਸਾਰਾ ਜੱਗ ਪਰਛਾਵਾਂ ਬਣ ਵੰਞੇ।
ਲਾਲ ਹੁਸੈਨ ਉਤੇ ਖੇੜਾਸ਼ਾਹੀ ਦਾ ਮੰਤਰ ਨਾ ਫਿਰਿਆ। ਉਹ ਪਰਛਾਵਾਂ ਬਣਨ ਤੋਂ ਨਾਬਰ ਹੋ ਖਲੋਤਾ। ਲਾਲ ਹੁਸੈਨ ਖੇੜਿਆਂ ਦੇ ਜ਼ਾਬਤੇ ਤੋਂ ਮੂਲੋਂ ਕੰਡ ਵਲਾ ਗਿਆ ਹੈ। ਪਰਛਾਵਿਆਂ ਦੀ ਦੁਨੀਆਂ ਵਿਚੋਂ ਉਹਨੇ ਆਪਣਾ ਦਾਣਾ-ਪਾਣੀ ਚਾ ਖੜਿਆ ਹੈ। ਉਹ ਹੁਣ ਕਿਸੇ ਸ਼ੈਅ ਦੀ ਮਾਲਕੀ ਲਈ ਨਹੀਂ ਪਿਆ ਘੁਲਦਾ, ਸਗੋਂ ਉਹ ਆਪਣੇ ਸਿਰੋਂ ਮੂਲ ਦੇ ਭਾਰ ਲਾਹੀ ਜਾਂਵਦਾ ਹੈ। ਅਸਲੋਂ ਆਪਣਾ ਆਪ ਥੀਵਣ ਵਾਸਤੇ ਉਹਨੇ ਸਾਰੇ ਕੱਪੜੇ ਲਾਹ ਛੱਡੇ ਹਨ। ਲਾਲ ਹੁਸੈਨ ਦਾ ਵਰਤਾਰਾ ਖੇੜਾਸ਼ਾਹੀ ਦਾ ਅਸਲ ਤੋੜ ਹੈ। ਉਹਦੇ ਹੋਵਣ ਵਿਚ ਖੇੜਿਆਂ ਨੂੰ ਆਪਣਾ ਨਾ ਹੋਵਣ, ਉਹਦੇ ਵਾਸ ਵਿਚ ਆਪਣਾ ਉਜਾੜਾ ਦਿਸਦਾ ਹੈ।
ਲਾਲ ਹੁਸੈਨ ਦੇ ਕੰਮ, ਵਸੇਬ ਦਿਆਂ ਰੋਗਾਂ ਦਾ ਉਪਾਅ ਹਨ। ਉਹ ਇਕੋ ਸੱਟ ਨਾਲ ਢਾਂਵਦਾ ਤੇ ਉਸਾਰਦਾ ਟੁਰਿਆ ਜਾਂਵਦਾ ਹੈ। ਲਾਲ ਹੁਸੈਨ ਦੇ ਕੰਮ ਖੇੜਿਆਂ ਦੇ ਕੋਝ ਨੂੰ, ਉਨ੍ਹਾਂ ਦੀ ਵਾਂਝ ਰਹਿਤਲ ਨੂੰ ਧੁਪ ਲੁਆ ਕੇ ਸਾੜਦੇ ਹਨ। ਉਹਦੀ ਥਾਂਵੇਂ ਨਵੇਂ ਜੀਵਨ ਦੇ ਬੀਅ ਕੇਰੀ ਆਂਵਦੇ ਹਨ। ਉਹਦੀ ਸ਼ਰਾਬ ਦੀ ਮਸਤੀ ਖੇੜਾ-ਰਹਿਤਲ ਦੀ ਖੋਟੀ ਸਾਵਧਾਨੀ ਤੇ ਹੀਣੀ ਸੁਰਤ ਸੰਭਾਲ ਨੂੰ ਭੰਡਦੀ ਹੈ। ਖੇੜਾ-ਰਹਿਤਲ ਦੀ ਸੁਰਤ ਸੰਭਾਲ ਨਿਰਾ ਭਰਮ ਹੈ। ਲਾਲ ਹੁਸੈਨ ਦੀ ਮਸਤੀ ਭਰਮ ਗੰਵਾਂਵਦੀ ਤੇ ਚਾਨਣ ਲਾਂਵਦੀ ਹੈ। ਮਾਧੋ ਨਾਲ ਉਹਦਾ ਇਸ਼ਕ ਇਹ ਦੱਸਦਾ ਹੈ, ਪਈ ਖੇੜਾਸ਼ਾਹੀ ਵਿਚ ਜਣੇ-ਜ਼ਨਾਨੀ ਦਾ ਸਾਕ ਸੱਚਾ ਨਹੀਂ ਹੋ ਸਕਦਾ। ਖੋਹ-ਖੱਸ ਤੇ ਮੱਲੋ-ਮੱਲੀ ਦੇ ਵਿਹਾਰ ਨੇ ਜ਼ਨਾਨੀ ਨੂੰ ਉਕਾ ਬਿਹਬਲ ਕਰ ਛੱਡਿਆ ਹੈ। ਉਹਨੂੰ ਸੂਝ ਸੋਚ ਤੋਂ ਵਾਂਝ ਕੇ ਉਹਦੀ ਆਪ-ਵਸਾਹੀ ਮੁਕਾ ਦਿੱਤੀ ਹੈ। ਹੁਣ ਉਹਦੀ ਡੋਰ ਉਨ੍ਹਾਂ ਬੇਨਾਮ, ਬੇਸ਼ਕਲ ਪਰਛਾਵਿਆਂ ਦੇ ਹੱਥ ਹੈ ਜਿਨ੍ਹਾਂ ਨੂੰ ਖੇੜਾਸ਼ਾਹੀ ਦੇ ਠੁੱਕ ਆਖਿਆ ਜਾਂਦਾ ਹੈ। ਜ਼ਨਾਨੀ ਨੇ ਆਪ ਵੀ ਇਨ੍ਹਾਂ ਠੁੱਕਾਂ ਦੀ ਗੋੱਲੀ ਬਣਨਾ ਕਬੂਲ ਲੀਤਾ ਹੈ। ਹੁਣ ਉਹ ਇਨ੍ਹਾਂ ਠੁੱਕਾਂ ਦੀ ਪਾਲਣਹਾਰ ਤੇ ਸੰਭਾਲਣਹਾਰ ਹੈ। ਲੋਕਾਈ ਦਾ ਸਿਰ ਖੇੜਾਸ਼ਾਹੀ ਅੱਗੇ ਨਿਵਾਵਣ ਲਈ ਵਿਚੋਲੀ ਹੈ। ਜਣੇ-ਜ਼ਨਾਨੀ ਦਾ ਸਾਕ ਹੁਣ ਖੇੜਾ-ਰਹਿਤਲ ਨੂੰ ਚਲਾਵਣ ਤੇ ਵਧਾਵਣ ਵਾਸਤੇ ਸਭ ਤੋਂ ਵੱਡਾ ਹਥਿਆਰ ਹੈ। ਮਾਧੋ ਖੇੜਾਸ਼ਾਹੀ ਦਾ ਦਾਸ ਨਹੀਂ ਬਣਦਾ। ਉਹ ਲਾਲ ਹੁਸੈਨ ਨਾਲ ਨਿਹੁੰ ਲਾਂਵਦਾ ਹੈ। ਲਾਲ ਹੁਸੈਨ ਤੇ ਮਾਧੋ ਦਾ ਨਿਹੁੰ ਖੇੜਾਸ਼ਾਹੀ ਦੇ ਕੋਝ ਦੇ ਪਰਦੇ ਪਾੜਦਾ ਹੈ। ਆਪ ਇਹ ਨਿਹੁੰ ਬੇਪਰਦ, ਨਿਲੱਜ ਤੇ ਅਣਝਕ ਹੈ। ਖੇੜਿਆਂ ਦੀ ਹਨੇਰ ਰਹਿਤਲ ਵਿਚ ਅੱਗ ਦਾ ਨੰਗਾ ਲਾਂਬੂ ਹੈ ਜਿਹੜਾ ਸਾੜਦਾ ਵੀ ਹੈ ਤੇ ਜਵਾਲਦਾ ਵੀ ਹੈ।
ਅੰਦਰ ਮਚੇ ਬੇਵਸਾਹੀ ਦੇ ਝਲ ਵਿਚ ਖੇੜਾ-ਰਹਿਤਲ ਦੇ ਜਣੇ-ਜ਼ਨਾਨੀਆਂ ਇਕ-ਦੂਜੇ ਨਾਲ ਨਿਰੇ ਕਾਗ਼ਜ਼ੀ ਸਾਂਗੇ ਲਾਂਵਦੇ ਹਨ। ਤ੍ਰੀਮਤਾਂ ਇਕੇ ਤਾਂ ਲਛਮੀਆਂ ਹਨ ਜਿਹੜੀਆਂ ਬਾਹਰੋਂ ਧਨ ਰੋਲ ਕੇ ਘਰੀਂ ਲਿਆਂਵਦੀਆਂ ਹਨ, ਤੇ ਇਕੇ ਆਪ ਪਰਾਇਆ ਧਨ ਹਨ ਜਿਹੜਾ ਮਾਪਿਆਂ ਦੇ ਖਾਤੇ ਵਿਚੋਂ ਨਿਕਲ ਕੇ ਬਿਗਾਨੇ ਖਾਤੇ ਵਿਚ ਚੜ੍ਹ ਵੈਂਦਾ ਹੈ। ਤ੍ਰੀਮਤਾਂ ਤ੍ਰੀਮਤਾਂ ਨਹੀਂ, ਖਾਤਿਆਂ ਦੇ ਅੰਕੜੇ ਹਨ। ਮੁੜ ਜ਼ਨਾਨੀਆਂ ਬਣਨਾ ਉਨ੍ਹਾਂ ਦੇ ਵੱਸ ਨਹੀਂ। ਨਾ ਹੀ ਉਨ੍ਹਾਂ ਨੂੰ ਇਹਦੀ ਸੱਧਰ ਹੈ। ਜਦੋਂ ਬੰਦਾ ਰਹਿਤਲ ਦਿਆਂ ਠੁੱਕਾਂ ਅੱਗੇ ਹਾਰ ਮੰਨ ਘਿੰਨਦਾ ਹੈ ਤੇ ਉਹਦੀਆਂ ਸਿੱਕਾਂ ਸੱਧਰਾਂ ਉਵੀਂ ਥੀ ਵੈਂਦੀਆਂ ਹਨ, ਜਿਵੇਂ ਰਹਿਤਲ ਵਾਲਿਆਂ ਨੂੰ ਭਾਵੇ।
ਖੇੜਿਆਂ ਦੀ ਰਹਿਤਲ ਵਿਚ ਸਮਝੋ ਭੁੱਖ ਭੁੱਖ ਨਹੀਂ ਰਹੀ, ਤੇ ਕਾਮ ਕਾਮ ਨਹੀਂ ਰਿਹਾ। ਜਿਵੇਂ-ਜਿਵੇਂ ਕਾਮ ਉਤੇ ਸਜਾਵਟਾਂ ਦੇ ਸਤਰੰਗੇ ਚਿਲਕਵੇਂ ਪਰਦੇ ਪੈਂਦੇ ਗਏ, ਸਜਾਵਟੀ ਰਹਿਤ ਵਿਚ ਸਜਾਵਟੀ ਆਰਟ ਤੇ ਸਜਾਵਟੀ ਸ਼ਾਇਰੀ ਰਾਹੀਂ ਕਾਮ ਦਾ ਸਤਰੰਗਿਆ ਲਾਟੂ ਜਗਦਾ ਗਿਆ, ਤਿਵੇਂ-ਤਿਵੇਂ ਰਸ ਅੱਗੇ ਝੱਪੇ ਚੜ੍ਹਦੇ ਗਏ, ਉਲੇਲ ਮੁੱਕਦੀ ਗਈ, ਸੁਰਤ ਸੌਂਦੀ ਗਈ, ਸੁਭਾਅ ਖੁੰਢੇ ਹੁੰਦੇ ਗਏ। ਹੁਣ ਸਦਾ ਹੁਸੜੇ ਖੇੜੇ ਜ਼ਨਾਨੀ ਨੂੰ ਵੇਖਦੇ ਹਨ, ਤੇ ਉਨ੍ਹਾਂ ਨੂੰ ਕਾਮ ਸੈਨਤ ਮਰੇਂਦਾ ਹੈ, ਪਰ ਕੋਲ ਜਾਂਦੇ ਹਨ ਤੇ ਇਹ ਸੈਨਤ ਝੌਂ ਜਾਂਵਦੀ ਹੈ, ਤੇ ਜ਼ਨਾਨੀ ਲੱਭਦੀ ਹੀ ਨਹੀਂ। ਕਾਮ ਦੀ ਸੈਨਤ ਐਵੇਂ ਝਉਲਾ ਹੈ ਜਿਹੜਾ ਅਸਲ ਵਿਚ ਜੀਵਨ ਆਸਰੇ ਲੱਭਣ ਦਾ ਤਰਲਾ ਹੈ। ਕਾਮ ਦੀ ਇਹ ਸੈਨਤ, ਇਹ ਝਉਲਾ, ਇਹ ਤਰਲਾ ਬੰਦਿਆਂ ਦਾ ਆਸਰਾ ਤਾਂ ਨਹੀਂ ਬਣ ਸਕਦਾ, ਹਾਂ! ਪਰਛਾਵਿਆਂ ਵਿਚ ਜਾਨ ਪਾਈ ਰੱਖਦਾ ਹੈ। ਹੋਵਣ ਦੀ ਰੜਕ ਲੁਕਾਈ ਰੱਖਦਾ ਹੈ, ਤੇ ਨਾ ਹੋਵਣ ਦੇ ਵਹਿਣ ਵਿਚ ਵਗਾਈ ਰੱਖਦਾ ਹੈ।
ਜਣੇ ਜਣੇ ਨਹੀਂ ਤੇ ਜ਼ਨਾਨੀਆਂ ਜ਼ਨਾਨੀਆਂ ਨਹੀਂ। ਉਹ ਇਕ-ਦੂਜੇ ਨਾਲ ਰਹਿੰਦੇ ਨਹੀਂ, ਆਪੋ ਆਪਣਾ ਭਿਲਾ ਕਰਨ ਲਈ ਇਕ-ਦੂਜੇ ਨੂੰ ਵਰਤਦੇ ਹਨ। ਇਕ-ਦੂਜੇ ਨੂੰ ਆਪੋ-ਆਪਣੇ ਪਰਛਾਵੇਂ ਦੀ ਵਸਾਖੀ ਬਣੇਂਦੇ ਹਨ। ਵਧੋ-ਵਧੀ ਮੱਲ ਮਾਰਨ ਦੇ ਵਪਾਰ ਵਿਚ ਇਕ-ਦੂਜੇ ਦੇ ਸ਼ਰੀਕ ਵੀ ਹਨ ਤੇ ਭਾਈਵਾਲ ਵੀ। ਜੇ ਤੁਸਾਂ ਦਾ ਵਪਾਰ ਲਾਹੇਵੰਦਾ ਹੋਵੇ ਤਾਂ ਕਾਮ ਦੇ ਝਾਕੇ ਵਾਲੀ ਖੇਡ ਵੀ ਬਣੀ ਰਹਿੰਦੀ ਹੈ। ਜੇ ਵਪਾਰ ਵਿਚ ਹਾਰ ਹੋਈ, ਤੇ ਇਹ ਖੇਡ ਵੀ ਠੱਪ ਘੱਤੀ! ਖੇੜਿਆਂ ਦੇ ਠੁੱਕ ਕੁਦਰਤ ਦਿਆਂ ਠੁੱਕਾਂ ਨੂੰ ਤਰੋੜਦੇ ਹਨ। ਖੇੜਿਆਂ ਦਿਆਂ ਠੁੱਕਾਂ ਨੂੰ ਭੰਡ ਕੇ ਲਾਲ ਹੁਸੈਨ ਕੁਦਰਤ ਦਿਆਂ ਠੁੱਕਾਂ ਦਾ ਪਾਲਣ ਕਰੇਂਦਾ ਹੈ। ਉਹ ਬੰਦੇ ਦੀਆਂ ਸੁੱਕੀਆਂ ਜੜ੍ਹਾਂ ਵਿਚ ਪਾਣੀ ਤਰੌਂਕਦਾ ਹੈ।
ਮਾਧੋ ਦੇ ਇਸ਼ਕ ਵਿਚ ਦੋ ਰਮਜ਼ਾਂ ਹੋਈਆਂ। ਇਕ ਤਾਂ ਇਹ ਇਸ਼ਕ ਹੋਕਾ ਪਿਆ ਦੇਂਦਾ ਹੈ ਕਿ ਖੇੜਾਸ਼ਾਹੀ ਵਿਚ ਕਾਮ ਦੇ ਸੋਮੇ ਪੂਰ ਘੜੇ ਹਨ, ਤੇ ਖੇੜਾਸ਼ਾਹੀ ਆਪਣੇ ਅਖ਼ੀਰ ਨੂੰ ਪੁੱਜ ਖਲੋਤੀ ਹੈ। ਦੂਜਾ ਇਹ ਇਸ਼ਕ ਵਿਖਾਲਦਾ ਹੈ, ਪਈ ਅਸਲ ਸਾਂਗਾ ਕੀ ਹੋਂਵਦਾ ਹੈ ਤੇ ਕਿਵੇਂ ਮੋਈਆਂ ਰੂਹਾਂ ਵਿਚ ਜ਼ਿੰਦ ਪਾਂਵਦਾ ਹੈ। ਖੇੜਿਆਂ ਦੇ ਵਾਂਝ ਨਗਰ ਵਿਚ ਲਾਲ ਹੁਸੈਨ ਸੁੱਕੇ ਟਾਹਣ ਢਾਵਣ ਵਾਲੀ ਲਾਲ ਹਨ੍ਹੇਰੀ ਵੀ ਹੈ, ਤੇ ਸਾਵੇ ਪੱਤਰ ਜਗਾਵਣ ਵਾਲੀ ਫ਼ਜ਼ਰ ਦੀ Ḕਵਾ ਵੀ। ਉਹ ਨਵੇਂ ਜੀਵਨ ਦਾ ਸੱਦਾ ਹੈ। ਉਹ ਖੱਟੇ ਅਤੇ ਸੂਹੇ ਲਾਂਵਦਾ ਹੈ ਜਿਹੜੇ ਬਸੰਤ ਤੇ ਵਿਸਾਖ ਦੇ ਰੰਗ ਹਨ। ਉਹਦੇ ਨੱਚਣ ਨਾਲ, ਉਹਦੀ ਮਸਤੀ ਦੇ ਉਭਾਰ ਨਾਲ ਖੇੜਾਸ਼ਾਹੀ ਦੇ ਜ਼ਾਬਤੇ ਪਏ ਤਰੁੱਟਦੇ ਹਨ। ਖੇੜਿਆਂ ਦੀ ਰਹਿਤਲ ਡੋਲਣ ਲੱਗ ਪੈਂਦੀ ਹੈ। ਬੰਦਾ ਆਪਣੇ ਭਰਮ ਘੇਰੇ ਵਿਚੋਂ ਛਿਟਦਾ ਹੈ। ਆਪਣੀ ਜਿੰਦ ਨੂੰ ਮੁੜ ਗੌਲਦਾ ਹੈ। ਜੀਵਨ ਦੀਆਂ ਸਾਰਾਂ ਮੁੜ ਭਾਲਦਾ ਤੇ ਨਿਹੁੰ ਦੇ ਰਸ ਮੁੜ ਮਾਣਦਾ ਹੈ। ਆਪਣੀਆਂ ਨਾੜਾਂ ਵਿਚ ਰੱਤ ਦਾ ਸੇਕ ਮੁੜ ਪਛਾਣਦਾ ਹੈ।
ਲਾਲ ਹੁਸੈਨ ਕੌਣ ਹੈ। ਲਾਲ ਹੁਸੈਨ ਨਾਂ ਹੈ ਸਾਡੀ ਰਾਂਝਾ ਬਣ ਵੰਝਣ ਦੀ ਰੀਝ ਦਾ। ਉਹ ਨਾਂ ਹੈ ਸਾਡੀ ਜੀਵਨ ਦੀ ਤਾਂਘ ਦਾ, ਹੋਵਣ ਦੀ ਆਸ ਦਾ। ਉਹ ਸਾਡੇ ਵਸੇਬ, ਸਾਡੇ ਵਿਹਾਰ ਦਿਆਂ ਕੋਹੜਾਂ ਨੂੰ ਚੌਕ ਵਿਚ ਲਿਆ ਕੇ ਖੋਲ੍ਹਦਾ ਹੈ। ਇਹ ਕੋਹੜ ਅਣਡਿੱਠੇ, ਅਣ-ਪਛਾਣੇ ਸਾਨੂੰ ਜੰਮਣ ਲਾ ਦੇ ਚੰਬੜੇ ਹਨ। ਵਤ ਰਹਿੰਦੀ ਉਮਰ ਅਸਾਂ ਸਾਰੇ ਆਪਣੀ ਰੱਤ ਖੁਆ ਕੇ ਇਨ੍ਹਾਂ ਨੂੰ ਪਏ ਪਾਲਦੇ ਹਾਂ। ਲਾਲ ਹੁਸੈਨ ਇਨ੍ਹਾਂ ਕੋਹੜਾਂ ਨੂੰ ਉਖਾੜ ਕੇ ਵਿਖਾਂਵਦਾ ਹੈ। ਮੁੜ ਆਪਣੇ ਉਦਮ ਤੇ ਜ਼ੇਰੇ ਨਾਲ ਇਨ੍ਹਾਂ ਨੂੰ ਮੇਟਣ ਦਾ ਵਸੀਲਾ ਵੀ ਬਣਦਾ ਹੈ। ਰੋਜ਼ ਚੜ੍ਹਦੇ ਸੂਰਜ ਉਹ ਗਾਂਵਦਾ ਬੇੜਾ ਚੜ੍ਹਦਾ ਹੈ, ਤੇ ਗਾਂਵਦਾ ਰਾਵੀ ਪਾਰ ਕਰ ਕੇ ਮਾਧੋ ਨੂੰ ਮਿਲਣ ਜਾਂਵਦਾ ਹੈ। ਉਹਦਾ ਗਾਵਣ, ਉਹਦਾ ਰਾਵੀਉਂ ਪਾਰ ਮਾਧੋ ਨਾਲ ਮੇਲ ਖੇੜਾਸ਼ਾਹੀ ਨਾਲ ਉਹਦੇ ਆਢੇ ਦੀਆਂ ਮੰਜ਼ਲਾਂ ਹਨ। ਇਹ ਆਢਾ ਉਹਦਾ ਨਿਹੁੰ ਹੈ। ਹਰ ਨਵਾਂ ਦਿਹੁੰ ਉਹਦੇ ਨਿਹੁੰ ਦੀ ਗਵਾਹੀ ਭਰੇਂਦਾ ਹੈ। ਖੇੜਾ ਰਹਿਤਲ ਦੇ ਲਾਕੜੀ ਕਾਜ਼ੀ ਮੁੱਲਾਂ ਤੇ ਕੈਦੋਂ ਉਹਨੂੰ ਡੱਕਣ ਲਈ ਟਿੱਲ ਲਾਂਵਦੇ ਹਨ। ਉਨ੍ਹਾਂ ਨੂੰ ਸਮਝ ਨਹੀਂ ਆਂਵਦੀ ਜੇ ਉਹਨੂੰ ਕਿਥੇ ਡੱਕਣ। ਉਹ ਥਾਂਈਂ-ਕੁਥਾਂਈਂ ਪਿਆ ਦਿਸਦਾ ਹੈ- ਪੱਤਣਾਂ ਉਤੇ, ਸੜਕਾਂ ਉਤੇ, ਪੈਲੀਆਂ, ਵਿਹੜਿਆਂ, ਮਦਰਸਿਆਂ ਤੇ ਢਾਰਿਆਂ ਵਿਚ, ਖੇੜਿਆਂ ਦੇ ਪਸਾਰ ਠੱਪਦਾ ਲੱਭਦਾ ਹੈ। ਉਨ੍ਹਾਂ ਨੂੰ ਉਹ ਖੁਆਬਾਂ ਵਿਚ ਵੀ ਆਂਵਦਾ ਹੈ। ਉਨ੍ਹਾਂ ਦੀਆਂ ਜ਼ਨਾਨੀਆਂ ਦੇ ਨਾਲ ਮੌਜਾਂ ਮਾਣਦਾ ਤੇ ਉਨ੍ਹਾਂ ਦੇ ਘਰ ਉਜਾੜਦਾ ਹੈ। ਉਹ ਹਰਦਮ ਉਨ੍ਹਾਂ ਦੇ ਸਿਰ ਦਾ ਸੂਲ ਬਣਿਆ ਰਹਿੰਦਾ ਹੈ। ਉਹ ਵਧਰ ਤਰਲਾ ਮਰੇਂਦੇ ਹਨ ਜੇ ਉਹਨੂੰ ਵਲਾ-ਤਲਾ ਕੇ ਆਪਣੀ ਰਹਿਤਲ ਵਿਚ ਰਲਾ ਲਈਏ, ਤੇ ਦਰਬਾਰ ਦਾ ਵਜ਼ੀਫੇਖਾਰ ਸੂਝਵਾਨ ਬਣਾ ਲਈਏ, ਪਰ ਲਾਲ ਹੁਸੈਨ ਨੂੰ ਕੌਣ ਵਲਾਵੇ?
ਲਾਲ ਹੁਸੈਨ ਦੀ ਜੀਵਨੀ ਅਸਾਂ ਆਪਣੇ ਚੇਤੇ ਵਿਚ ਸਾਂਭੀ ਰੱਖੀ। ਅੰਗਰੇਜ਼ਾਂ ਦੇ ਪੰਜਾਬੇ ਆਵਣ ਤਾਂਈਂ ਇਹ ਜੀਵਨੀ ਸਾਡੇ ਚੇਤੇ ਵਿਚ ਪਈ ਵਸੀ। ਸਾਡੇ ਮਨ ਵਿਚ ਲਾਲ ਹੁਸੈਨ ਰੁੱਤ ਫਿਰਨ ਦਾ, ਧਰਤ ਦੇ ਨਵਿਆਂ ਹੋਵਣ ਦਾ, ਬੀਅ ਪੁੰਗਰਨ ਤੇ ਕਣਕਾਂ ਨਿਸਰਨ ਦਾ ਨਿਸ਼ਾਨ ਬਣ ਗਿਆ।
ਇਕ ਬੇਔਲਾਦ ਜ਼ਨਾਨੀ ਲਾਲ ਹੁਸੈਨ ਨੂੰ ਆਖਿਆ: Ḕਮੇਰੇ ਲਈ ਦੁਆ ਕਰੋ।Ḕ ਉਸ ਆਖਿਆ: Ḕਮੈਂ ਰਾਤੀਂ ਆਵਸਾਂ। ਤੂੰ ਸ਼ਰਾਬ ਤੇ ਕਬਾਬ ਤਿਆਰ ਰੱਖੀਂ।Ḕ ਜ਼ਨਾਨੀ ਲਾਲ ਹੁਸੈਨ ਦੀ ਖਾਤਰ ਜੋਗਾ ਸਾਰਾ ਸਰਬੰਧ ਕੀਤਾ। ਉਹ ਆਇਆ, ਤੇ ਖਾਣ-ਪੀਣ ਕਰ ਕੇ ਦੋਵੇਂ ਸੌਂ ਗਏ। ਗੋੱਲੀ ਬਾਹਰ ਪਹਿਰੇ Ḕਤੇ ਆਹੀ। ਉਹਦੇ ਮਨ ਆਈ, ਵੇਖਾਂ ਇਹ ਫਕੀਰ ਮੇਰੀ ਬੀਬੀ ਨਾਲ ਕੀ ਪਿਆ ਕਰੇਂਦਾ ਹੈ। ਉਹਨੇ ਝੀਤ ਵਿਚੋਂ ਤੱਕਿਆ, ਤੇ ਲਾਲ ਹੁਸੈਨ ਸੱਜ-ਜੰਮਿਆ ਬਾਲੜਾ ਬਣਿਆ ਬੀਬੀ ਦੇ ਥਣੀਂ ਲੱਗਾ ਪਿਆ ਆਹਾ। ਉਹਦਾ ਦੁਆ ਕਰਨ ਦਾ ਇਹੀ ਢੰਗ ਆਹਾ। ਕੁਝ ਦਿਹੁੰ ਪਾ ਕੇ ਉਸ ਜ਼ਨਾਨੀ ਨੂੰ ਆਸ ਲੱਗ ਗਈ। ਉਹਦਾ ਜਣਾ ਘਰ ਪਰਤਿਆ, ਤੇ ਸ਼ੱਕ ਪਿਉਸ, ਜੇ ਫਕੀਰ ਮੈਂਡੀ ਜ਼ਨਾਨੀ ਨਾਲ ਭੋਗ ਕਰ ਗਿਆ ਹੈ। ਲਾਲ ਹੁਸੈਨ ਨੂੰ ਪਰਖਣ ਵਾਸਤੇ ਉਹਨੇ ਸੱਦਾ ਦਿੱਤਾ, ਪਈ ਅੱਜ ਸ਼ਾਮੀਂ ਮੇਰੇ ਘਰ ਅੰਨ-ਪਾਣੀ ਕਰੋ। ਸ਼ਰਾਬ ਦੀ ਥਾਂ ਬੋਤਲ ਵਿਚ ਜ਼ਹਿਰ ਭਰਿਉਸ। ਲਾਲ ਹੁਸੈਨ ਆਇਆ, ਤੇ ਬੋਤਲ ਡੀਕ ਗਿਆ। ਵਤ ਆਖਣ ਲੱਗਾ: Ḕਮੀਆਂ, ਇਹ ਤੇ ਪਾਣੀ ਹੈ। ਅਸਾਂ ਤੇ ਸ਼ਰਾਬ ਦਾ ਨਾਂ ਸੁਣ ਕੇ ਆਏ ਹਾਂ।’
ਇਹ ਗੱਲ ਡਾਢੀ ਰਮਜ਼ ਭਰੀ ਹੈ। ਨਵੀਂ ਜੂਨੇ ਜੰਮਣ ਦੀ ਰਮਜ਼। ਖਾਰ ਤੇ ਸਾਂਭ ਸਹੇੜ ਉਤੇ ਉਸਰੀ ਰਹਿਤਲ ਹੁਣ ਮੂਲੋਂ ਵਾਂਝ ਥੀ ਗਈ ਹੈ। ਉਡੀਕ ਵਾਲਾ ਚੰਗਿਆੜਾ ਇਹਦੇ ਵਿਚ ਅਜੇ ਹੈ, ਖਬਰੇ ਕੋਈ ਆਵੇ! ਕੌਣ ਹੈ ਜਿਹੜਾ ਇਸ ਵਾਂਝ ਦੀ ਕੁੱਖ ਪੁੰਗਾਰੇ। ਇਹ ਲਾਲ ਹੁਸੈਨ ਫਕੀਰ ਈ ਹੈ। ਹੋਰ ਬੱਸ। ਲਾਲ ਹੁਸੈਨ ਫਕੀਰ ਜਿਹੜਾ ਰਹਿਤਲ ਦੇ ਅੰਦਰ ਹੋਂਵਦਿਆਂ ਵੀ ਰਹਿਤਲ ਦੇ ਬਾਹਰ ਹੈ। ਜਿਹੜਾ ਖਾਰ ਤੇ ਸਾਂਭ ਸਹੇੜ ਦੇ ਵਿਹਾਰ ਦਾ ਹਥਿਆਰ ਵੀ ਨਹੀਂ, ਤੇ ਏਸ ਵਿਹਾਰ ਦਾ ਕੁੱਠਾ ਵੀ ਨਹੀਂ। ਬਸ ਉਹਦੇ ਅੰਦਰ ਨਿਵੇਕਲੇ, ਨਿੱਤ ਉਛਲਦੇ ਸਤ ਦਾ ਸੋਮਾ ਹੈ। ਉਹੋ ਈ ਹੈ ਜਿਹੜਾ ਆਪਣੀ ਸੂਝ ਰਾਹੀਂ, ਆਪਣੇ ਸਿਰੜ ਰਾਹੀਂ, ਆਪਣੇ ਨਿਤ ਖਿੜੇ ਪਿਆਰ ਦੀ ਵਾਸ਼ਨਾ ਰਾਹੀਂ ਜੱਗ ਨੂੰ ਮੁੜ ਜਵਾਲ ਸਕਦਾ ਹੈ। ਉਹੋ ਹੀ ਪੁਰਾਣੀ ਰਹਿਤਲ ਦੇ ਮਲਬੇ ਵਿਚੋਂ ਨਵੀਂ ਰਹਿਤਲ ਉਸਾਰ ਸਕਦਾ ਹੈ। ਉਹ ਨਵੇਂ ਜੁਗ ਦਾ ਬਾਲ ਹੈ, ਨਵਾਂ ਮਾਹਣੂੰ।
ਪੁਰਾਣੀ ਰਹਿਤਲ ਦਿਆਂ ਮਾਲਕਾਂ ਨੂੰ, ਕੁਰਸੀ ਦੀਆਂ ਖੱਸੀ ਜੋਕਾਂ ਨੂੰ ਫਕੀਰ ਦੀ ਪੀਚਵੀਂ ਗਲਵਕੜੀ ਵਿਚ ਆਪਣੀ ਮੌਤ ਦਿਸਦੀ ਹੈ, ਪਰ ਫਕੀਰ ਨੂੰ ਉਨ੍ਹਾਂ ਦੀ ਵਿਸ ਵੀ ਨਹੀਂ ਪੋਂਹਦੀ। ਉਹਦੇ ਸਗਵੇਂ ਤੇ ਸੁੱਚੇ ਵਜੂਦ ਨੂੰ ਲਗਦਿਆਂ ਸਾਰ ਈ ਵਿਸ ਪਾਣੀ ਬਣ ਵੈਂਦੀ ਹੈ। ਉਹ ਸ਼ਰਾਬ ਮੰਗਦਾ ਹੈ, ਪਰ ਇਨ੍ਹਾਂ ਕੋਲ ਸ਼ਰਾਬ ਕਿਥੇ? ਇਹ ਉਹਨੂੰ ਜ਼ਹਿਰ ਦੇਂਦੇ ਹਨ। ਉਹ ਸ਼ਰਾਬ ਮੰਗੀ ਆਂਵਦਾ ਹੈ, ਇਹ ਜ਼ਹਿਰ ਪਵਾਈ ਆਂਵਦੇ ਹਨ। ਓੜਕ ਫਕੀਰ ਇਨ੍ਹਾਂ ਜੋਕਾਂ ਦਾ ਸਾਰਾ ਜ਼ਹਿਰ, ਪਾਣੀ ਜਿਹੜਾ ਰੱਤ ਦੀ ਥਾਂ ਇਨ੍ਹਾਂ ਦੀਆਂ ਨਾੜਾਂ ਵਿਚ ਫਿਰਦਾ ਹੈ, ਛਿੱਕ ਖੜਿਆ ਤੇ ਇਹ ਡਿੱਗ ਕੇ ਢੇਰੀ ਹੋ ਗਏ। ਫਕੀਰ ਨੇ ਇਕੋ ਇਸ਼ਕ ਕਲਾਵੇ ਵਿਚ ਨਵਾਂ ਜੁੱਗ ਜਾਇਆ ਤੇ ਪੁਰਾਣਾ ਠੱਪਿਆ ਹੈ।
ਲੰਮੀ ਔੜ ਲੱਗੀ। ਲਾਹੌਰ ਨੇੜੇ ਇਕ ਪਿੰਡ ਦਿਆਂ ਚੌਧਰੀਆਂ ਲਾਲ ਹੁਸੈਨ ਦਿਆਂ ਕੁਝ ਸੰਗੀਆਂ ਨੂੰ ਫਧੀਉਨਿ ਤੇ ਆਖਿਉਨਿ, ਦੁਆ ਮੰਗ ਕੇ ਮੀਂਹ ਵਰ੍ਹਾਓ। ਆਪਣੇ ਦਿਲੋਂ ਚੌਧਰੀਆਂ ਬਖੇੜੀ ਕੀਤੀ। ਮਤਾ ਇਹ ਪਕਾਇਉ ਨੇ ਜੇ ਲਾਲ ਹੁਸੈਨ ਦਿਆਂ ਸੰਗੀਆਂ ਨੂੰ ਭੰਡੀਏ। ਜੇ ਫਕੀਰ ਦੁਆ ਮੰਗਣ ਤੋਂ ਨਾਂਹ ਕਰ ਗਏ, ਤੇ ਇੰਜ ਫਕੜੀ ਲੱਗ ਜਾਸੀ, ਤੇ ਜੇ ਦੁਆ ਮੰਗਣ Ḕਤੇ ਰਾਜ਼ੀ ਹੋ ਗਏ, ਤਾਂ ਮੀਂਹ ਤੇ ਵਰ੍ਹਨਾ ਨਹੀਂ, ਇਨ੍ਹਾਂ ਦੇ ਮੂੰਹ ਕਾਲੇ ਕਰ ਕੇ ਸ਼ਹਿਰ ਵਿਚ ਭਵਾਈਏ। ਲਾਲ ਹੁਸੈਨ ਨੂੰ ਖ਼ਬਰ ਲੱਗੀ ਤਾਂ ਉਹ ਪਿੰਡ ਅੱਪੜਿਆ, ਤੇ ਆਖਣ ਲੱਗਾ- Ḕਤੁਸੀਂ ਸ਼ਰਾਬ ਤੇ ਟੁੱਕਰ ਵਣਵਾਓ, ਅਸਾਂ ਦੁਆ ਕਰੇਂਦੇ ਹਾਂ।Ḕ
ਲਾਲ ਹੁਸੈਨ ਸੰਗੀਆਂ ਲਾਲ ਰਲ ਕੇ ਪਿੰਡ ਵਿਚ ਧਮਾਲ ਪਾਈ। ਧਮਾਲ ਮਚੀ, ਅੰਬਰਾਂ ਵਿਚ ਘਟਾ ਚੜ੍ਹੀ, ਤੇ ਵਾਛੜ ਲਹਿ ਪਈ। ਧਮਾਲ ਮਚਦੀ ਰਹੀ, ਪਰਨਾਲੇ ਸੁਰਲਾਟਦੇ ਰਹੇ ਤੇ ਪਹੇ-ਪੈਲੀਆਂ ਇਕ ਥੀ ਗਏ। ਚੌਧਰੀਆਂ ਦੇ ਕੰਧਾਂ ਕੋਠੇ ਖੁਰਨ ਲੱਗ ਪਏ। ਪਿੰਡ ਰੁੜ੍ਹਨ ਲੱਗਾ ਤੇ ਚੌਧਰੀਆਂ ਲਾਲ ਹੁਸੈਨ ਦੇ ਪੈਰ ਫੜ ਲੀਤੇ, ਪਈ ਸਾਨੂੰ ਬਖ਼ਸ਼ ਦੇ। ਲਾਲ ਹੁਸੈਨ ਨੇ ਪੈਰ ਤਾਂ ਡੱਕ ਲੀਤੇ, ਪਰ ਚੌਧਰੀਆਂ ਦੇ ਦਿਲਾਂ ਵਿਚ ਧਮਾਲ ਮਚ ਗਈ ਆਹੀ। ਉਨ੍ਹਾਂ ਸਿਰ ਮੁਨਾ ਲੀਤੇ, ਗਲਮੇਂ ਪਾੜ ਲੀਤੇ, ਭੋਈਂ ਭਾਂਡਾ ਛੱਡ ਕੇ ਲਾਲ ਹੁਸੈਨ ਦੇ ਨਾਲ ਈ ਟੁਰ ਪਏ।
ਲਾਲ ਹੁਸੈਨ ਦੀ ਜੀਵਨੀ ਵਿਚ ਸਾਨੂੰ ਇਹ ਨਕਸ਼ਾ ਮੁੜ-ਮੁੜ ਦਿਸਦਾ ਹੈ। ਪਹਿਲਾਂ ਔੜ, ਸੋਕੇ ਤੇ ਅਠਰਾਹ ਦੀ ਰੁੱਤ ਹੋਂਦੀ ਹੈ। ਲੋਕ ਏਸ ਰੁੱਤ ਤੋਂ ਖਲਾਸ ਹੋਵਣਾ ਲੋਚਦੇ ਹਨ, ਪਰ ਰੂਹ ਬੇਵਸਾਹਿਆ ਆਖਦਾ ਹੈ ਜੇ ਖਲਾਸੀ ਹੋਣੀ ਨਹੀਂ, ਇਹ ਰੁੱਤ ਕਦੀਮੀ ਹੈ, ਇਹਦਾ ਅੰਤ ਨਹੀਂ। ਜਦੋਂ ਅੱਤ ਸੌੜੇ ਪੌਂਦੇ ਹਨ, ਤਾਂ ਲਾਲ ਹੁਸੈਨ ਨੂੰ ਵੰਗਾਰਦੇ ਤਾਂ ਹਨ, ਪਰ ਦਿਲਾਂ ਵਿਚੋਂ ਸ਼ੱਕ, ਖੋਟ ਤੇ ਬੇਵਸਾਹੀ ਦੇ ਚੋਰ ਨਹੀਂ ਨਿਕਲਦੇ। ਲਾਲ ਹੁਸੈਨ ਨੂੰ ਵਿਹੜੇ ਵਾੜਦੇ ਤਾਂ ਹਨ, ਪਰ ਅਧ-ਯਕੀਨੇ ਜਿਹੇ ਹੋ ਕੇ ਉਹਨੂੰ ਖਲਦੇ ਤੇ ਟਿਚਕਰਦੇ ਹਨ।
ਪਰ ਲਾਲ ਹੁਸੈਨ ਇਕ ਵਾਰੀਂ ਵਿਹੜੇ ਵੜਿਆਂ ਨਹੀਂ ਨਿਕਲਦਾ; ਭਾਵੇਂ ਉਹਨੂੰ ਹਾਸੇ ਭਾਣੇ ਹੀ ਵਾੜੋ। ਉਹਦੇ ਸਿਰੜ ਤੇ ਲਗਨ ਦੇ ਛੱਟੇ ਐਡੇ ਭਰਵੇਂ ਹੋਂਵਦੇ ਹਨ ਜੇ ਤੋੜੇ ਤੁਸੀਂ ਝੂਠੇ ਦਿਲੋਂ ਈ ਉਹਦੇ ਸਾਹਵੇਂ ਹੋ ਵੰਞੋ ਭਜਣੋਂ ਨਹੀਂ ਰਹਿ ਸਕਦੇ। ਤੇ ਜਿਹੜਾ ਇਕ ਵਾਰੀ ਭੱਜਿਆ, ਉਹਦਾ ਮਨ ਮੌਜਦਾ ਹੈ। ਉਹਦੇ ਆਪਣੇ ਅੰਦਰੋਂ ਲਗਨ ਤੇ ਦ੍ਰਿੜ੍ਹਤਾ ਦਾ ਹੜ੍ਹ ਉਭਰ ਪੌਂਦਾ ਹੈ। ਖੇੜਿਆਂ ਦੇ ਤਖ਼ਤ ਲਾਹੌਰ ਨੂੰ ਦੋਪਾਸੀਂ ਘੇਰਾ ਹੈ। ਬਾਹਰੋਂ ਦੁੱਲਾ ਫਕੀਰ ਨਿਮਾਣਿਆਂ ਤੇ ਹੀਣਿਆਂ ਦੀਆਂ ਫੌਜਾਂ ਬੰਨ੍ਹ ਕੇ ਇਹਦੇ ਕਿੰਗਰੇ ਢਾਵਣ ਚੜ੍ਹ ਪਿਆ ਹੈ, ਤੇ ਅੰਦਰੋਂ ਲਾਲ ਹੁਸੈਨ ਫਕੀਰ ਦੇ ਬੋਲ ਤੇ ਧਮਾਲਾਂ ਇਹਦੀਆਂ ਕੰਧਾਂ ਨੂੰ ਸੰਨ੍ਹ ਪਏ ਲਾਂਵਦੇ ਹਨ।