ਭਾਈ ਮੇਵਾ ਸਿੰਘ ਲੋਪੋਕੇ

ਭਾਈ ਮੇਵਾ ਸਿੰਘ ਦੀ ਸ਼ਹੀਦੀ ਨੂੰ 11 ਜਨਵਰੀ 2015 ਨੂੰ ਸੌ ਸਾਲ ਹੋ ਜਾਣਗੇ। ਉਸ ਨੂੰ ਇੰਮੀਗਰੇਸ਼ਨ ਅਫਸਰ ਵਿਲੀਅਮ ਹਾਪਕਿਨਸਨ ਨੂੰ ਮਾਰਨ ਦੇ ਦੋਸ਼ ਵਿਚ 11 ਜਨਵਰੀ 1915 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਭਾਈ ਮੇਵਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਲੋਪੋਕੇ ਵਿਚ ਸ਼ ਨੰਦ ਸਿੰਘ ਔਲਖ ਦੇ ਘਰ 1881 ਵਿਚ ਪੈਦਾ ਹੋਏ ਅਤੇ ਰੁਜ਼ਗਾਰ ਖਾਤਰ ਉਹ ਹੋਰ ਪੰਜਾਬੀਆਂ ਵਾਂਗ 1906 ਵਿਚ ਕੈਨੇਡਾ ਪਹੁੰਚੇ; ਪਰ ਕੈਨੇਡਾ ਪੁੱਜੇ ਪੰਜਾਬੀ ਛੇਤੀ ਹੀ ਕੈਨੇਡੀਅਨ ਸਰਕਾਰ ਵਲੋਂ ਪਰਵਾਸੀਆਂ ਨਾਲ ਕੀਤੇ ਜਾ ਰਹੇ ਧੱਕੇ ਅਤੇ ਵਿਤਕਰੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਸੋਚਣ ਲੱਗੇ।

ਉਨ੍ਹਾਂ ਸਿੰਘ ਸਭਾ ਲਹਿਰ ਤੋਂ ਪ੍ਰੇਰਨਾ ਲੈ ਕੇ ਖ਼ਾਲਸਾ ਦੀਵਾਨ ਸੁਸਾਇਟੀ ਬਣਾਈ ਅਤੇ ਫਿਰ ਗੱਲ ਅਗਾਂਹ ਤੋਰਨ ਅਤੇ ਇਕੱਠੇ ਬੈਠ ਕੇ ਲਾਮਬੰਦੀ ਕਰਨ ਲਈ ਗੁਰਦੁਆਰਾ ਉਸਾਰਨ ਦਾ ਫ਼ੈਸਲਾ ਕਰ ਲਿਆ। ਜਿਹੜੇ ਆਗੂ ਗੁਰਦੁਆਰਾ ਉਸਾਰਨ ਦੀ ਮੁਹਿੰਮ ਵਿਚ ਅਗਲੀਆਂ ਸਫ਼ਾਂ ਵਿਚ ਕਾਰਜਸ਼ੀਲ ਸਨ, ਭਾਈ ਮੇਵਾ ਸਿੰਘ ਦਾ ਉਨ੍ਹਾਂ ਨਾਲ ਬੜਾ ਨੇੜਲਾ ਸਬੰਧ ਸੀ। ਇਤਿਹਾਸ ਦੇ ਇਸ ਸਫੇ ਬਾਰੇ ‘ਪੰਜਾਬ ਟਾਈਮਜ਼’ ਦੇ ਮੱਦਾਹ ਵਰਿਆਮ ਸਿੰਘ ਸੰਧੂ ਨੇ ਲੰਮਾ ਲੇਖ ਭੇਜਿਆ ਹੈ ਜਿਹੜਾ ਅਸੀਂ ਕਿਸ਼ਤਵਾਰ ਛਾਪ ਰਹੇ ਹਾਂ ਅਤੇ ਭਾਈ ਮੇਵਾ ਸਿੰਘ ਤੇ ਉਨ੍ਹਾਂ ਦੇ ਜੁਝਾਰੂ ਸਾਥੀਆਂ ਨੂੰ ਯਾਦ ਕਰ ਰਹੇ ਹਾਂ। -ਸੰਪਾਦਕ

ਵਰਿਆਮ ਸਿੰਘ ਸੰਧੂ
ਸ਼ਹੀਦ ਭਾਈ ਮੇਵਾ ਸਿੰਘ ਦੀ ਸ਼ਹੀਦੀ ਨੂੰ 11 ਜਨਵਰੀ 2015 ਨੂੰ ਸੌ ਸਾਲ ਹੋ ਜਾਣਗੇ। ਇਹ ਉਸ ਦੀ ਸ਼ਹੀਦੀ ਦਾ ਸ਼ਤਾਬਦੀ ਵਰ੍ਹਾ ਹੈ। ਕੈਨੇਡਾ ਵਿਚ ਵੱਸਦੇ ਸਾਊਥ ਏਸ਼ੀਅਨ ਭਾਈਚਾਰੇ ਦਾ ਉਹ ਪਹਿਲਾ ਮਾਣਯੋਗ ਸ਼ਹੀਦ ਸੀ। ਇਹ ਠੀਕ ਹੈ ਕਿ ਉਸ ਤੋਂ ਪਹਿਲਾਂ ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਨੂੰ ਭਾਰਤੀ-ਕੈਨੇਡੀਅਨ ਜਸੂਸ ਹਾਪਕਿਨਸਨ ਦੇ ਜ਼ਰ-ਖ਼ਰੀਦ ਗੋਲੇ ਤੇ ਚਾਟੜੇ ਬੇਲਾ ਸਿੰਘ ਜਿਆਣ ਨੇ ਗੁਰਦੁਆਰੇ ਵਿਚ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਸੀ, ਨਿਸਚੈ ਹੀ ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਦੀ ਸ਼ਹਾਦਤ ਕਾਲ-ਕ੍ਰਮ ਅਨੁਸਾਰ ਭਾਈ ਮੇਵਾ ਸਿੰਘ ਤੋਂ ਪਹਿਲਾਂ ਹੋਈ, ਪਰ ਪ੍ਰਾਪਤ ਮੌਤ ਨੂੰ ਵਰਨਾ ਉਨ੍ਹਾਂ ਦੀ ਪਹਿਲ ਨਹੀਂ ਸੀ। ਮੌਤ ਬੇਲਾ ਸਿੰਘ ਦੇ ਰੂਪ ਵਿਚ ਉਨ੍ਹਾਂ ਕੋਲ ਗੁਰਦੁਆਰੇ ਵਿਚ ਆਪ ਚੱਲ ਕੇ ਆਈ ਸੀ, ਜਦਕਿ ਭਾਈ ਮੇਵਾ ਸਿੰਘ ਦਾ ਮੌਤ ਨੂੰ ਗਲੇ ਲਾਉਣ ਦਾ ਫ਼ੈਸਲਾ ਬੜਾ ਸੋਚਿਆ-ਸਮਝਿਆ ਸੀ। ਉਹ ਖ਼ੁਦ ਮੌਤ ਕੋਲ ਚੱਲ ਕੇ ਗਿਆ। ਇਸੇ ਲਈ ਸ਼ਹੀਦੀ ਨੂੰ ਸੁਚੇਤ ਤੌਰ ‘ਤੇ ਵਰਨ ਵਾਲਾ ਉਹ ਵੀਹਵੀਂ ਸਦੀ ਦੇ ਕੈਨੇਡੀਅਨ ਭਾਰਤੀਆਂ ਦਾ ਪਹਿਲਾ ਸ਼ਹੀਦ ਸੀ।
ਭਾਈ ਮੇਵਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਲੋਪੋਕੇ ਵਿਚ ਸਰਦਾਰ ਨੰਦ ਸਿੰਘ ਔਲਖ ਦੇ ਘਰ 1881 ਵਿਚ ਪੈਦਾ ਹੋਇਆ। ਉਸ ਦਾ ਇਕ ਹੋਰ ਭਰਾ ਵੀ ਸੀ ਜਿਸ ਦਾ ਨਾਂ ਦੇਵਾ ਸਿੰਘ ਸੀ। ਪੰਝੀ ਕੁ ਸਾਲ ਦੀ ਭਰ ਜਵਾਨ ਉਮਰ ਵਿਚ ਮੇਵਾ ਸਿੰਘ ਦੇ ਮਨ ਵਿਚ ਵੀ ਇਹ ਵਿਚਾਰ ਪੈਦਾ ਹੋਇਆ ਕਿ ਕਿਰਸਾਣੀ ਦੇ ਘਾਟੇ-ਵੰਦੇ ਧੰਦੇ ਵਿਚ ਟਿਕੇ ਰਹਿ ਕੇ ਕਰਜ਼ਾਈ ਤੇ ਖੱਜਲ ਹੋਈ ਜਾਣ ਦਾ ਕੋਈ ਲਾਭ ਨਹੀਂ; ਉਸ ਨੂੰ ਘਰ-ਪਰਿਵਾਰ ਦੀ ਭੁੱਖ-ਦੁੱਖ ਦਾ ਇਲਾਜ ਕਰਨ ਲਈ ਰੁਜ਼ਗਾਰ ਦੀ ਨਵੀਂ ਜ਼ਮੀਨ ਤਲਾਸ਼ ਕਰਨੀ ਹੋਵੇਗੀ। ਇਹ ਉਹ ਸਮਾਂ ਸੀ ਜਦੋਂ ਕਰਜ਼ੇ ਤੇ ਗ਼ਰੀਬੀ ਦੇ ਭੰਨੇ ਪੰਜਾਬੀ ਕਿਰਸਾਣ ਜਾਂ ਤਾਂ ਅੰਗਰੇਜ਼ ਦੀ ਫੌਜ ਵਿਚ ਭਰਤੀ ਹੋ ਰਹੇ ਸਨ, ਤੇ ਜਾਂ ਬਾਹਰਲੇ ਮੁਲਕਾਂ ਵਿਚ ਜਾ ਕੇ ਮਿਹਨਤ ਅਤੇ ਮਜ਼ਦੂਰੀ ਕਰ ਕੇ ਘਰ-ਪਰਿਵਾਰ ਦੀ ਦਸ਼ਾ ਸੁਧਾਰਨ ਲਈ ਘਾਲਾਂ ਘਾਲ਼ ਰਹੇ ਸਨ। ਇਨ੍ਹਾਂ ਦਿਨਾਂ ਵਿਚ ਉਤਰੀ ਅਮਰੀਕਾ ਵਿਚ ਰੁਜ਼ਗਾਰ ਤੇ ਚੰਗੀ ਮਜ਼ਦੂਰੀ ਮਿਲਣ ਦੀਆਂ ਸੰਭਾਵਨਾਵਾਂ ਵੇਖਦੇ ਹੋਏ ਮੇਵਾ ਸਿੰਘ ਵੀ ਹੋਰ ਪੰਜਾਬੀਆਂ ਵਾਂਗ ਖੱਟੀ-ਕਮਾਈ ਕਰਨ ਲਈ ਕੈਨੇਡਾ ਪਹੁੰਚ ਗਿਆ।
ਭਾਈ ਮੇਵਾ ਸਿੰਘ 1906 ਵਿਚ ਕੈਨੇਡਾ ਜਾ ਪਹੁੰਚਿਆ। ਅਜੇ ਕੈਨੇਡੀਅਨ ਸਰਕਾਰ ਨੇ 1908 ਵਾਲਾ, ਭਾਰਤ ਤੋਂ ਤੋੜ ਤੱਕ ਖ਼ਰੀਦੀ ਟਿਕਟ ‘ਤੇ ਸਿੱਧਾ ਸਫ਼ਰ ਕਰ ਕੇ ਕੈਨੇਡਾ ਪਹੁੰਚਣ ਅਤੇ ਤੱਟ ‘ਤੇ ਪਹੁੰਚ ਕੇ ਦੋ ਸੌ ਡਾਲਰ ਨਕਦ ਵਿਖਾਉਣ ਵਾਲਾ, ਉਹ ਬਦਨਾਮ ਕਾਨੂੰਨ ਪਾਸ ਨਹੀਂ ਸੀ ਕੀਤਾ ਜਿਸ ਦੇ ਲਾਗੂ ਹੋਣ ਨਾਲ ਪਿੱਛੋਂ ਜਾ ਕੇ ਭਾਰਤੀਆਂ ਦਾ ਕੈਨੇਡਾ ਵਿਚ ਆਉਣਾ ਲਗਭਗ ਬੰਦ ਹੀ ਹੋ ਗਿਆ ਸੀ। ਮੇਵਾ ਸਿੰਘ ਅਜੇ ਤੱਕ ਅਣਵਿਆਹਿਆ ਸੀ। ਉਹ ਪਿੱਛੋਂ ਖੇਤੀ-ਬਾੜੀ ਦਾ ਕੰਮ ਕਰਦਾ ਆਇਆ ਸੀ। ਹੁਨਰੀ ਕਾਮਾ ਨਾ ਹੋਣ ਕਰ ਕੇ ਉਸ ਨੇ ਨਿਊ ਵੈਸਟ ਮਿਨਸਟਰ ਦੀ ਫਰੇਜ਼ਰ ਮਿੱਲ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਵੇਲੇ ਤੱਕ ਬ੍ਰਿਟਿਸ਼ ਕੋਲੰਬੀਆ ਵਿਚ ਰਹਿੰਦੇ ਪੰਜਾਬੀ/ਹਿੰਦੀ ਲੋਕ ਕੈਨੇਡੀਅਨ ਸਰਕਾਰ ਵਲੋਂ ਕੀਤੇ ਜਾ ਰਹੇ ਧੱਕੇ ਅਤੇ ਵਿਤਕਰੇ ਬਾਰੇ ਸੁਚੇਤ ਹੋ ਚੁੱਕੇ ਸਨ। ਭਾਰਤ ਅਤੇ ਬਰਤਾਨੀਆਂ ਦੀ ਅੰਗਰੇਜ਼ ਹਕੂਮਤ ਦੀ ਸ਼ਹਿ ਅਤੇ ਸਲਾਹ ਵੀ ਕੈਨੇਡੀਅਨ ਸਰਕਾਰ ਨੂੰ ਅਜਿਹੇ ਫ਼ੈਸਲੇ ਲੈਣ ਵਿਚ ਸਹਾਇਕ ਹੋ ਰਹੀ ਸੀ। ਉਨ੍ਹਾਂ ਨਿੱਤ ਦੀ ਜ਼ਲਾਲਤ ਤੋਂ ਨਿਜਾਤ ਹਾਸਲ ਕਰਨ ਲਈ, ਸਾਂਝੇ ਮਸਲਿਆਂ ਤੇ ਦੁੱਖਾਂ/ਤਕਲੀਫ਼ਾਂ ਦੇ ਨਿਵਾਰਨ ਹਿਤ ਸਿਰ ਜੋੜ ਕੇ ਬੈਠਣ ਤੇ ਇਸ ਨਾਖ਼ੁਸ਼ਗਵਾਰ ਹਾਲਾਤ ਵਿਚੋਂ ਉਭਰਨ ਦਾ ਫੈਸਲਾ ਕਰ ਲਿਆ, ਪਰ ਮੁਸ਼ਕਲ ਇਹ ਸੀ ਕਿ ਉਨ੍ਹਾਂ ਦੇ ਮਿਲ-ਬੈਠਣ ਲਈ ਕੋਈ ਸਾਂਝਾ ਸਥਾਨ ਨਹੀਂ ਸੀ। ਵਿਹਲੇ ਸਮੇਂ ਉਹ ਅਕਸਰ ਪਾਰਕਾਂ ਜਾਂ ਸੜਕਾਂ ਦੇ ਕਿਨਾਰੇ ਦੁਖੜੇ ਫੋਲਣ ਲਈ ਖੜ੍ਹੇ ਹੁੰਦੇ ਤਾਂ ਪੁਲਿਸ ਉਨ੍ਹਾਂ ਨੂੰ ਝਿੜਕ ਕੇ ਉਥੋਂ ਤੁਰ ਜਾਣ ਲਈ ਮਜਬੂਰ ਕਰ ਦਿੰਦੀ।
ਭੱਠੀ ਵਿਚ ਭਖਦਾ ਸੋਨਾ: ਭਾਰਤ ਵਿਚਲੀ ਸਿੰਘ ਸਭਾ ਲਹਿਰ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਨੇ ਇਥੇ ਵੀ Ḕਖ਼ਾਲਸਾ ਦੀਵਾਨ ਸੁਸਾਇਟੀḔ ਬਣਾ ਲਈ। ਧਾਰਮਿਕ ਵਿਸ਼ਵਾਸ ਦੀ ਤ੍ਰਿਪਤੀ ਲਈ ਅਤੇ ਮਿਲ-ਬੈਠ ਕੇ ਸਾਂਝੇ ਮਸਲੇ ਵਿਚਾਰਨ ਤੇ ਉਨ੍ਹਾਂ ਦਾ ਹੱਲ ਕੱਢਣ ਲਈ ਗੁਰਦੁਆਰਾ ਉਸਾਰਨ ਦਾ ਫ਼ੈਸਲਾ ਕਰ ਲਿਆ। ਜਿਹੜੇ ਆਗੂ ਗੁਰਦੁਆਰਾ ਉਸਾਰਨ ਦੀ ਇਸ ਮੁਹਿੰਮ ਦੀਆਂ ਅਗਲੀਆਂ ਸਫ਼ਾਂ ਵਿਚ ਕਾਰਜਸ਼ੀਲ ਸਨ, ਮੇਵਾ ਸਿੰਘ ਦਾ ਉਨ੍ਹਾਂ ਨਾਲ ਬੜਾ ਨੇੜਲਾ ਸਬੰਧ ਸੀ। ਖ਼ਾਲਸਾ ਦੀਵਾਨ ਸੁਸਾਇਟੀ ਦੇ ਆਗੂ ਭਾਈ ਭਾਗ ਸਿੰਘ ਨਾਲ ਉਸ ਦੇ ਸਬੰਧ ਇਸ ਕਾਰਨ ਵੀ ਨੇੜਲੇ ਸਨ ਕਿਉਂਕਿ ਉਨ੍ਹਾਂ ਦੋਵਾਂ ਦਾ ਕਾਰਜ-ਸਥਾਨ ਵੀ ਇਕੋ ਸੀ। ਦੋਵੇਂ ਹੀ ਫਰੇਜ਼ਰ ਮਿੱਲ ਵਿਚ ਕੰਮ ਕਰਦੇ ਸਨ। ਭਾਈ ਬਦਨ ਸਿੰਘ ਤੇ ਕਈ ਹੋਰ ਦੇਸ਼ ਭਗਤ ਵੀ ਇਸੇ ਮਿੱਲ ਵਿਚ ਕੰਮ ਕਰਦੇ ਸਨ। ਦੇਸ਼ ਭਗਤੀ ਦੇ ਵਿਚਾਰਾਂ ਵਾਲੇ ਅਜਿਹੇ ਜੁਝਾਰੂ, ਚੰਗੇ ਤੇ ਨੇਕ ਇਨਸਾਨਾਂ ਨਾਲ ਰੋਜ਼ਾਨਾ ਮੇਲ-ਮਿਲਾਪ ਤੇ ਸੰਗ-ਸਾਥ ਦਾ ਉਸ ਦੇ ਵਿਚਾਰਾਂ ‘ਤੇ ਅਸਰ ਪੈਣਾ ਸੁਭਾਵਕ ਹੀ ਸੀ। ਉਹ ਵੀ ਸਾਂਝੇ ਕੰਮਾਂ ਤੇ ਸਾਂਝੀਆਂ ਮੁਹਿੰਮਾਂ ਵਿਚ ਪੂਰੇ ਸਮਰਪਣ ਭਾਵ ਨਾਲ ਜੁੱਟ ਗਿਆ। ਗੁਰਦੁਆਰੇ ਦੀ ਸਥਾਪਨਾ ਲਈ ਮਾਇਆ ਇਕੱਤਰ ਕਰਨ ਲਈ ਉਹ ਆਪਣਾ ਕੰਮ ਖ਼ਤਮ ਕਰਨ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ, ਦੂਰ ਦੂਰ ਤੇ ਵੱਖ ਵੱਖ ਡੇਰਿਆਂ ‘ਤੇ ਜਾ ਕੇ ਹੋਰ ਸਮਰਪਤ ਸਿੱਖਾਂ ਵਾਂਗ ਉਗਰਾਹੀ ਕਰਨ ਨਿਕਲ ਜਾਂਦਾ, ਪਰ ਈਮਾਨਦਾਰ ਇੰਨਾ ਕਿ ਉਗਰਾਹੀ ਵਿਚੋਂ ਇਕ ਵੀ ਪੈਸਾ ਆਪਣੇ ਖ਼ਰਚੇ ਵਾਸਤੇ ਨਾ ਵਰਤਦਾ।
ਪਹਿਲਾਂ ਗੁਰਦੁਆਰਾ ਕਿਰਾਏ ਦੇ ਮਕਾਨ ਵਿਚ ਬਣਾਇਆ ਗਿਆ ਸੀ ਪਰ ਲੋੜ ਜੋਗੀ ਮਾਇਆ ਇਕੱਤਰ ਹੋ ਜਾਣ ਉਪਰੰਤ ਅਕਤੂਬਰ 1907 ਵਿਚ ਗੁਰਦੁਆਰੇ ਦੀ ਨੀਂਹ ਰੱਖੀ ਗਈ ਤੇ 19 ਜਨਵਰੀ 1908 ਵਿਚ ਖ਼ਾਲਸਾ ਦੀਵਾਨ ਸੁਸਾਇਟੀ ਦੀ ਦੇਖ-ਰੇਖ ਵਿਚ ਗੁਰਦੁਆਰਾ ਸਿੱਖ ਟੈਂਪਲ ਵੈਨਕੂਵਰ ਦਾ ਉਦਘਾਟਨ ਕਰ ਕੇ ਇਸ ਨੂੰ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ। ਭਜਨ ਬੰਦਗੀ ਕਰਨ ਵਾਲਾ ਮੇਵਾ ਸਿੰਘ ਵਿਹਲ ਮਿਲਦਿਆਂ ਗੁਰਦੁਆਰੇ ਜਾਂਦਾ ਰਹਿੰਦਾ। ਸੇਵਾ ਕਰਦਾ। ਉਹ ਭਾਵੇਂ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦਾ ਜਾਣਕਾਰ ਨਹੀਂ ਸੀ ਪਰ ਪੰਜਾਬੀ ਪੜ੍ਹ-ਲਿਖ ਸਕਦਾ ਸੀ। ਇਸ ਕਰ ਕੇ ਉਹ ਗੁਰਦੁਆਰੇ ਲੋੜ ਪੈਣ ‘ਤੇ ਗ੍ਰੰਥੀ ਦੇ ਫ਼ਰਜ਼ ਵੀ ਅਦਾ ਕਰਦਾ। ਪਾਠ ਕਰਦਾ, ਅਰਦਾਸ ਕਰਦਾ। ਭਾਈ ਮੇਵਾ ਸਿੰਘ ਗੁਰਦੁਆਰੇ ਦੇ ਹੋਰ ਕੰਮਾਂ ਵਿਚ ਵੀ ਬੜੀ ਨਿਸ਼ਕਾਮ ਭਾਵਨਾ ਨਾਲ ਸੇਵਾ ਵਿਚ ਜੁਟਿਆ ਰਹਿੰਦਾ। ਲੋੜ ਅਨੁਸਾਰ ਆਈਆਂ ਸੰਗਤਾਂ ਦੀ ਸੇਵਾ ਕਰਦਾ। ਆਪਣੀ ਦਸਾਂ ਨਹੁੰਆਂ ਦੀ ਕਮਾਈ ਵਿਚੋਂ ਉਹ ਕੁਝ ਨਾ ਕੁਝ ਮਾਇਆ ਭਲਾਈ ਦੇ ਸਾਂਝੇ ਕੰਮਾਂ ਲਈ ਵੀ ਖ਼ਰਚਦਾ ਰਹਿੰਦਾ। ਗਿਆਨੀ ਕੇਸਰ ਸਿੰਘ ਗੁਰਦੁਆਰੇ ਦੇ ਰਿਕਾਰਡ ਦੇ ਹਵਾਲੇ ਨਾਲ ਇਹ ਗੱਲ ਨੋਟ ਕਰਨ ਲਈ ਆਖਦਾ ਹੈ ਕਿ 23 ਜਨਵਰੀ 1910 ਨੂੰ ਭਾਈ ਮੇਵਾ ਸਿੰਘ ਨੇ ਗੁਰਦੁਆਰੇ ਦੇ ਟਾਇਲਟ ਠੀਕ ਕਰਾਉਣ ਲਈ ਛੇ ਡਾਲਰ ਆਪਣੇ ਕੋਲੋਂ ਖ਼ਰਚ ਕੀਤੇ ਸਨ।
ਹੋਰ ਖੇਤਰਾਂ ਵਿਚ ਪਿੱਛੇ ਰਹਿ ਕੇ ਕੰਮ ਕਰਨ ਵਿਚ ਰੁਚੀ ਰੱਖਣ ਵਾਲਾ ਮੇਵਾ ਸਿੰਘ ਸੁਰੀਲੀ ਤੇ ਸੰਗੀਤਕ ਆਵਾਜ਼ ਦਾ ਮਾਲਕ ਹੋਣ ਕਰ ਕੇ ਸ਼ਬਦ-ਗਾਇਨ ਕਰਨ ਵਾਲੇ ਜੱਥੇ ਦੀ ਅਗਵਾਈ ਕਰਦਾ। ਉਹ ਘੱਟ, ਪਰ ਮਿੱਠਾ ਬੋਲਣ ਵਾਲਾ ਸੀ। ਅੰਤਰਮੁਖੀ ਸੁਭਾਅ ਦਾ ਧਾਰਨੀ ਹੋਣ ਕਰ ਕੇ ਉਹ ਆਪਣੀ ਮੌਜ ਵਿਚ ਮਸਤ ਰਹਿੰਦਾ ਤੇ ਆਸੇ ਪਾਸੇ ਹੋ ਰਹੇ ਕੰਮਾਂ-ਕਾਰਾਂ ਜਾਂ ਫਿਰਦੇ-ਤੁਰਦੇ ਬੰਦਿਆਂ ਬਾਰੇ ਟਿੱਪਣੀ ਕਰਨ ਤੋ ਗੁਰੇਜ਼ ਹੀ ਕਰਦਾ। ਉਸ ਦੇ ਇਸੇ ਸੁਭਾਅ ਕਰ ਕੇ ਸਾਰੇ ਜਣੇ ਉਸ ਨੂੰ ਸਨੇਹ ਕਰਦੇ। ਭਾਈ ਮੇਵਾ ਸਿੰਘ ਅੰਮ੍ਰਿਤ ਪਾਨ ਕਰ ਕੇ ਸਿੰਘ ਸੱਜਣ ਵਾਲੇ ਪਹਿਲੇ ਸਿੱਖਾਂ ਵਿਚੋਂ ਹੈ। ਉਸ ਨੇ 21 ਜੂਨ 1908 ਦੇ ਦਿਹਾੜੇ ਅੰਮ੍ਰਿਤ ਛਕ ਲਿਆ। ਦਿਲਚਸਪ ਗੱਲ ਹੈ ਕਿ ਖ਼ਾਲਸਾ ਦੀਵਾਨ ਸੁਸਾਇਟੀ ਦੇ ਆਗੂ ਤੇ ਤਤਕਾਲੀ ਜਨਰਲ ਸਕੱਤਰ ਭਾਈ ਭਾਗ ਸਿੰਘ ਅਤੇ ਗੁਰਦੁਆਰੇ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਹੁਰੀਂ ਭਾਈ ਮੇਵਾ ਸਿੰਘ ਤੋਂ ਹਫ਼ਤਾ ਬਾਅਦ 28 ਜੂਨ 1908 ਨੂੰ ਅੰਮ੍ਰਿਤ ਪਾਨ ਕਰਦੇ ਹਨ। ਇਸ ਤੱਥ ਤੋਂ ਭਾਈ ਮੇਵਾ ਸਿੰਘ ਦੀ ਸਿੱਖ ਧਰਮ ਵਿਚ ਗੂੜ੍ਹੀ ਆਸਥਾ ਦਾ ਪਤਾ ਲਗਦਾ ਹੈ।
ਇਕ ਵਾਰ ਕੈਨੇਡਾ ਵਿਚ ਨਵਾਂ ਨਵਾਂ ਆਇਆ ਇਕ ਮੁਸਲਮਾਨ ਗੁਰਦੁਆਰੇ ਦੇ ਬਾਹਰਵਾਰ ਆ ਕੇ ਬੈਠ ਗਿਆ। ਭਾਈ ਮੇਵਾ ਸਿੰਘ ਨੇ ਉਸ ਨੂੰ ਬਾਹਰ ਬੈਠਾ ਵੇਖ ਕੇ ਕਾਰਨ ਪੁੱਛਿਆ ਤਾਂ ਉਸ ਨੇ ਸੰਗਦੇ-ਝਿਜਕਦੇ ਜਵਾਬ ਦਿੱਤਾ, “ਮੈਂ ਇਸ ਕਰ ਕੇ ਡਰਦਾ ਅੰਦਰ ਨਹੀਂ ਗਿਆ ਕਿਉਂਕਿ ਇਹ ਤੁਹਾਡਾ ਸਿੱਖਾਂ ਦਾ ਗੁਰਦੁਆਰਾ ਹੈ। ਮੇਰੇ ਅੰਦਰ ਜਾਣ ‘ਤੇ ਸ਼ਾਇਦ ਤੁਸੀਂ ਬੁਰਾ ਮਨਾਓਗੇ।”
ਉਸ ਦੀ ਗੱਲ ਸੁਣ ਕੇ ਭਾਈ ਮੇਵਾ ਸਿੰਘ ਨੇ ਉਸ ਨੂੰ ਉਠਾਲ ਕੇ ਆਪਣੀ ਛਾਤੀ ਨਾਲ ਲਾ ਲਿਆ ਤੇ ਕਿਹਾ, “ਭਲੇਮਾਣਸਾ! ਇਹ ਇਕੱਲਾ ਸਾਡਾ ਸਿੱਖਾਂ ਦਾ ਹੀ ਗੁਰਦੁਆਰਾ ਨਹੀਂ। ਇਹ ਤਾਂ ਸਰਬ-ਸਾਂਝੀ ਮਨੁੱਖਤਾ ਲਈ ਸਭ ਦਾ ਸਾਂਝਾ ਗੁਰੂਘਰ ਹੈ। ਇਹ ਜਿੰਨਾ ਸਾਡਾ ਜਾਂ ਮੇਰਾ ਹੈ, ਉਨਾ ਹੀ ਤੇਰਾ ਵੀ ਹੈ।” ਤੇ ਉਹ ਉਸ ਨੂੰ ਬਾਹੋਂ ਫੜ ਕੇ ਗੁਰਦੁਆਰੇ ਦੇ ਅੰਦਰ ਲੈ ਗਿਆ। ਇੰਜ ਉਸ ਨੇ ਸਹਿਵਨ ਹੀ ਗੁਰ-ਸਿੱਖੀ ਤੇ ਗੁਰਦੁਆਰੇ ਦੇ ਜਾਤ-ਪਾਤ ਰਹਿਤ ਸਰਬ-ਸਾਂਝੇ ਸਰੂਪ ਨੂੰ ਪਰਿਭਾਸ਼ਿਤ ਕਰ ਦਿੱਤਾ ਸੀ।
ਇਤਿਹਾਸ ਗਵਾਹ ਹੈ ਕਿ ਗੁਰਦੁਆਰਾ ਸਿੱਖ ਟੈਂਪਲ ਵੈਨਕੂਵਰ ਸਹੀ ਅਰਥਾਂ ਵਿਚ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਗੁਰਦੁਆਰਾ ਬਣ ਗਿਆ ਸੀ। ਉਪਰਲੀ ਮੰਜ਼ਿਲ ‘ਤੇ ਧਾਰਮਿਕ ਕਿਰਿਆ-ਕਰਮ ਹੁੰਦਾ ਤੇ ਹੇਠਲੀ ਬੇਸਮੈਂਟ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਸਿਰ ਪਈਆਂ ਸਾਂਝੀਆਂ ਸਮੱਸਿਆਵਾਂ ਦੇ ਹੱਲ ਤਲਾਸ਼ਣ ਲਈ ਵਿਚਾਰ ਚਰਚਾਵਾਂ ਕਰ ਕੇ ਯੁੱਧਨੀਤੀ ਘੜਦੇ ਰਹਿੰਦੇ। ਭਾਈ ਮੇਵਾ ਸਿੰਘ ਇਨ੍ਹਾਂ ਸਮਾਜਕ-ਸਭਿਆਚਾਰਕ ਤੇ ਰਾਜਨੀਤਕ ਸਰਗਰਮੀਆਂ ਵਿਚ ਅੱਗੇ ਵਧ ਕੇ ਆਗੂ ਧਿਰ ਵਾਂਗ ਵਿਚਰਨ ਦੀ ਕੋਸ਼ਿਸ਼ ਨਾ ਕਰਦਾ, ਕਿਉਂਕਿ ਉਸ ਦਾ ਸੁਭਾਅ ਅੱਗੇ ਦਿਸਣ ਨਾਲੋਂ ਪਿੱਛੇ ਰਹਿ ਕੇ ਚੁੱਪ-ਚਾਪ ਕੰਮ ਕਰਨ ਵਾਲਾ ਸੀ, ਪਰ ਇਨ੍ਹਾਂ ਸਰਗਰਮੀਆਂ ਨੂੰ ਹਰ ਰੋਜ਼ ਨੇੜਿਓਂ ਵੇਖਦਾ/ਸਮਝਦਾ ਰਹਿੰਦਾ ਸੀ ਅਤੇ ਇਨ੍ਹਾਂ ਦੇ ਮਹੱਤਵ ਨੂੰ ਵੀ ਪਛਾਣਦਾ ਸੀ। ਆਪਣੇ ਦੇਸ਼ ਭਗਤ ਸਾਥੀਆਂ ਦੇ ਵਿਚਾਰਾਂ ਤੇ ਸੰਗਤ ਦਾ ਰੰਗ ਉਸ ‘ਤੇ ਦਿਨੋ ਦਿਨ ਗੂੜ੍ਹਾ ਚੜ੍ਹਦਾ ਜਾ ਰਿਹਾ ਸੀ। ਗੁਰਦੁਆਰੇ ਵਿਚੋਂ ਹੀ ਹਿੰਦੀਆਂ ਨੂੰ ਹਾਂਡੂਰਾਸ ਟਾਪੂ ਵਿਚ ਧੱਕ ਦਿੱਤੇ ਜਾਣ ਵਿਰੁਧ ਜਥੇਬੰਦ ਘੋਲ ਲੜਿਆ ਗਿਆ। ਇਥੋਂ ਹੀ ਨਸਲੀ ਵਿਤਕਰੇ ਵਿਰੁਧ ਇਕਮੁੱਠ ਹੋ ਕੇ ਲੜਾਈ ਲੜੀ ਗਈ। ਇਸੇ ਗੁਰਦੁਆਰੇ ਵਿਚੋਂ Ḕਸਿੱਧੇ ਸਫ਼ਰḔ ਦੇ ਵਿਤਕਰੇ ਵਾਲੇ ਕਾਨੂੰਨ ਦੇ ਖ਼ਿਲਾਫ਼ ਸੰਘਰਸ਼ ਅਰੰਭਿਆ ਗਿਆ। ਇਥੋਂ ਹੀ ਗ਼ਦਰ ਪਾਰਟੀ ਨਾਲ ਕੈਨੇਡੀਅਨ ਹਿੰਦੀਆਂ ਦੀ ਰਿਸ਼ਤਗੀ ਸਥਾਪਤ ਹੋਈ ਤੇ ਗ਼ਦਰ ਦਾ ਪ੍ਰਚਾਰ ਕੀਤਾ ਜਾਂਦਾ ਰਿਹਾ। ਇਹੋ ਗੁਰਦੁਆਰਾ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਦੀ ਸਹਾਇਤਾ ਕਰਨ ਵਾਲਾ ਮੁਢਲਾ ਕੇਂਦਰ ਬਣਿਆ। ਇਨ੍ਹਾਂ ਸਾਰੇ ਘੋਲਾਂ ਦਾ ਭਾਈ ਮੇਵਾ ਸਿੰਘ ਚਸ਼ਮਦੀਦ ਗਵਾਹ ਵੀ ਸੀ ਤੇ ਇਨ੍ਹਾਂ ਘੋਲਾਂ ਦੇ ਘੋਲ ਵਿਚ ਘੁਲ ਕੇ ਇਨਕਲਾਬੀ ਰੰਗਣ ਵਿਚ ਰੰਗਿਆ ਵੀ ਗਿਆ ਸੀ।
ਗੁਰਦੁਆਰੇ ਵਿਚ ਅਕਸਰ ਆਉਂਦਾ ਜਾਂਦਾ ਤੇ ਨਿਸ਼ਕਾਮ ਸੇਵਾ ਕਰਦਾ ਹੋਣ ਕਰ ਕੇ ਉਹਦਾ ਖ਼ਾਲਸਾ ਦੀਵਾਨ ਸੁਸਾਇਟੀ ਅਤੇ ਗੁਰਦੁਆਰੇ ਦੇ ਦੂਜੇ ਆਗੂਆਂ ਨਾਲ ਵੀ ਨੇੜਲਾ ਸੰਪਰਕ, ਸਾਥ ਤੇ ਵਿਸ਼ਵਾਸ ਬਣ ਗਿਆ ਸੀ। ਉਂਜ, ਉਹ ਕੰਮ ਵੀ ਉਸੇ ਫ਼ਰੇਜ਼ਰ ਮਿੱਲ ਵਿਚ ਕਰਦਾ ਸੀ ਜਿੱਥੇ ਗੁਰਦੁਆਰਾ ਸਿੱਖ ਟੈਂਪਲ ਦਾ ਆਗੂ ਭਾਈ ਭਾਗ ਸਿੰਘ ਵੀ ਕੰਮ ਕਰਦਾ ਸੀ। ਭਾਈ ਭਾਗ ਸਿੰਘ ਤੇ ਭਾਈ ਬਲਵੰਤ ਸਿੰਘ ਜਿਹੇ ਸੰਗੀਆਂ-ਸਾਥੀਆਂ ਦੀ ਸੰਗਤ ਵਿਚ ਰਹਿ ਕੇ ਅਤੇ ਗੁਰਦੁਆਰੇ ਵਿਚ ਰੋਜ਼ ਹੀ ਆਉਂਦਾ ਜਾਂਦਾ ਹੋਣ ਕਰ ਕੇ ਬ੍ਰਿਟਿਸ਼ ਕੋਲੰਬੀਆ ਵਿਚ ਵੱਸਦੇ ਸਮੁੱਚੇ ਭਾਰਤੀ ਭਾਈਚਾਰੇ ਵਲੋਂ ਆਪਣੇ ਕਲਿਆਣ ਲਈ ਸੋਚੇ ਤੇ ਵਿੱਢੇ ਜਾਣ ਵਾਲੇ ਹਰ ਸੰਘਰਸ਼ ਦਾ ਉਹ ਜਾਣੂ ਵੀ ਸੀ ਤੇ ਹਿੱਸੇਦਾਰ ਵੀ। ਜਦੋਂ ਪ੍ਰੋਫ਼ੈਸਰ ਤੇਜਾ ਸਿੰਘ ਕੈਨੇਡਾ ਆਇਆ ਤਾਂ ਭਾਈ ਭਾਗ ਸਿੰਘ ਤੇ ਭਾਈ ਬਲਵੰਤ ਸਿੰਘ ਵਾਂਗ ਹੀ ਭਾਈ ਮੇਵਾ ਸਿੰਘ ਆਪਣੇ ਨਿੱਘੇ ਤੇ ਮਿਲਾਪੜੇ ਸੁਭਾਅ ਕਰ ਕੇ ਪ੍ਰੋਫ਼ੈਸਰ ਤੇਜਾ ਸਿੰਘ ਦੇ ਪਰਿਵਾਰ ਦੇ ਬਹੁਤ ਨੇੜੇ ਹੋ ਗਿਆ ਸੀ। ਜਿੰਨਾ ਚਿਰ ਪ੍ਰੋæ ਤੇਜਾ ਸਿੰਘ ਆਪਣੀ ਪਤਨੀ ਬਿਸ਼ਨ ਕੌਰ ਅਤੇ ਦੋ ਬੱਚਿਆਂ ਸਮੇਤ ਵੈਨਕੂਵਰ ਰਿਹਾ, ਭਾਈ ਮੇਵਾ ਸਿੰਘ ਉਨ੍ਹਾਂ ਦੀ ਬੜੇ ਸਨੇਹ ਨਾਲ ਦੇਖ-ਭਾਲ ਅਤੇ ਸਹਾਇਤਾ ਕਰਦਾ ਰਿਹਾ। ਅਜਿਹੇ ਮਹੱਤਵਪੂਰਨ ਆਗੂਆਂ ਦੀ ਸੰਗਤ ਵਿਚ ਸੁਣੇ ਵਿਚਾਰਾਂ ਅਤੇ ਗੁਰਦੁਆਰੇ ਵਿਚ ਹੁੰਦੀਆਂ ਹੋਰ ਰਾਜਨੀਤਕ ਸਰਗਰਮੀਆਂ ਨਾਲ ਜੋ ਮਾਹੌਲ ਉਸਰ ਰਿਹਾ ਸੀ, ਅਜਿਹੇ ਤਪਦੇ ਮਾਹੌਲ ਵਿਚ ਉਸ ਦੀ ਇਨਕਲਾਬੀ ਸ਼ਖ਼ਸੀਅਤ ਦੀ ਉਸਾਰੀ ਵੀ ਹੋ ਰਹੀ ਸੀ। ਉਹਦਾ ਕੱਚ-ਪਿੱਲ ਝੜਦਾ ਜਾ ਰਿਹਾ ਸੀ ਤੇ ਸੰਘਰਸ਼ ਦੀ ਭੱਠੀ ਵਿਚ ਭਖ਼ ਕੇ ਉਹਦਾ ਆਪਾ ਕੁੰਦਨ ਰੂਪ ਵਿਚ ਢਲਦਾ ਜਾ ਰਿਹਾ ਸੀ।
ਵਿਰੋਧੀ-ਜੁੱਟ: ਭਾਈ ਮੇਵਾ ਸਿੰਘ ਵਲੋਂ ਹਾਪਕਿਨਸਨ ਦਾ ਕਤਲ ਕਰ ਕੇ ਸ਼ਹਾਦਤ ਨੂੰ ਵਰਨ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਲਈ ਉਸ ਪਿਛੋਕੜ ਉਤੇ ਸਰਸਰੀ ਝਾਤ ਮਾਰਨੀ ਲਾਜ਼ਮੀ ਹੈ ਜਿਸ ਨਾਲ ਮਰਨ ਜਾਂ ਮਾਰ ਦੇਣ ਵਾਲੇ ਇਸ ਮਾਹੌਲ ਦੀ ਉਸਾਰੀ ਹੋ ਗਈ। ਇਸ ਮਾਹੌਲ ਨੂੰ ਸਮਝਣ ਲਈ ਉਨ੍ਹਾਂ ਦੋ ਵਿਰੋਧੀ-ਜੁੱਟਾਂ ਦੀ ਸੋਚ, ਸਥਿਤੀ ਅਤੇ ਮਾਨਸਿਕਤਾ ਦਾ ਅਨੁਮਾਨ ਲਾਉਣਾ ਜ਼ਰੂਰੀ ਹੈ। ਇਨ੍ਹਾਂ ਵਿਰੋਧੀ ਜੁੱਟਾਂ ਵਿਚ ਇਕ ਜੁੱਟ ਸੀ- ਕੈਨੇਡਾ ਦੀ ਨਸਲਵਾਦੀ ਸਰਕਾਰ, ਬਰਤਾਨੀਆਂ ਵਿਚਲੀ ਅੰਗਰੇਜ਼ ਸਰਕਾਰ ਤੇ ਭਾਰਤ ਵਿਚਲੀ ਬਰਤਾਨਵੀ ਸਰਕਾਰ। ਇਹ ਬਹੁਤ ਵੱਡਾ ਤੇ ਵਿਆਪਕ ਸਮਰੱਥਾ ਵਾਲਾ ਸ਼ਕਤੀਸ਼ਾਲੀ ਜੁੱਟ ਸੀ। ਦੂਜਾ ਜੁੱਟ ਸੀ, ਕੈਨੇਡਾ ਵਿਚ ਵੱਸਦੇ ਸਾਊਥ ਏਸ਼ੀਅਨ ਭਾਈਚਾਰੇ ਦਾ ਜਿਸ ਵਿਚ ਬਹੁਤਾਤ ਭਾਵੇਂ ਪੰਜਾਬੀਆਂ ਅਤੇ ਸਿੱਖਾਂ ਦੀ ਸੀ, ਪਰ ਇਸ ਵਿਚ ਹਿੰਦੂ-ਮੁਸਲਮਾਨਾਂ ਦੀ ਸ਼ਮੂਲੀਅਤ ਵੀ ਸੀ। ਪਹਿਲਾ ਜੁੱਟ ਸਾਊਥ ਏਸ਼ੀਅਨ ਭਾਈਚਾਰੇ ਦੀ ਕੈਨੇਡਾ ਵਿਚ ਆਮਦ ਨੂੰ ਨਾ-ਪਸੰਦ ਕਰਦਾ ਸੀ ਅਤੇ ਉਨ੍ਹਾਂ ਨੂੰ ਕੈਨੇਡਾ ਵਿਚ ਦਾਖ਼ਲ ਹੋਣੋਂ ਰੋਕਣ ਲਈ ਅਤੇ ਦਾਖ਼ਲ ਹੋ ਚੁੱਕਿਆਂ ਨੂੰ ਕੈਨੇਡਾ ਤੋਂ ਬਾਹਰ ਕੱਢਣ ਲਈ ਹਰ ਸੰਭਵ ਹੀ ਨਹੀਂ, ਸਗੋਂ ਹਰ ਘਿਨਾਉਣਾ ਕਾਰਾ ਕਰਨ ਲਈ ਤਤਪਰ ਸੀ। ਦੂਜਾ ਜੁੱਟ ਬਰਤਾਨਵੀ ਪਰਜਾ ਹੋਣ ਅਤੇ ਫੌਜੀ ਸੇਵਾ ਰਾਹੀਂ ਅੰਗਰੇਜ਼ੀ ਸਲਤਨਤ ਲਈ ਮਾਰੀਆਂ ਮੱਲਾਂ ਦੇ ਮਾਣ ਨਾਲ ਕੈਨੇਡਾ ਵਿਚ ਆਉੁਣਾ, ਵੱਸਣਾ ਅਤੇ ਕੈਨੇਡੀਅਨ ਸ਼ਹਿਰੀਆਂ ਦੇ ਬਰਾਬਰ ਦੇ ਸ਼ਹਿਰੀ ਵਜੋਂ ਤਸਲੀਮ ਕੀਤੇ ਜਾਣਾ ਤੇ ਸਵੈਮਾਣ ਨਾਲ ਜਿਉਣਾ ਆਪਣਾ ਹੱਕ ਸਮਝਦਾ ਸੀ; ਪਰ ਬਰਤਾਨੀਆ ਤੇ ਭਾਰਤ ਵਿਚਲੀ ਬਰਤਾਨਵੀ ਸਰਕਾਰ ਦੀ ਸ਼ਹਿ ਅਤੇ ਸਾਥ ਨਾਲ ਆਪਣੇ ਨਸਲਵਾਦੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਕੈਨੇਡੀਅਨ ਸਰਕਾਰ ਪੱਬਾਂ ਭਾਰ ਹੋਈ ਪਈ ਸੀ ਅਤੇ ਸਾਊਥ ਏਸ਼ੀਅਨ ਭਾਈਚਾਰੇ ਦੀ ਦੂਜੀ ਧਿਰ ਦੀ ਕਿਸੇ ਵੀ ਇੱਛਾ ਦੀ ਪੂਰਤੀ ਕਰਨਾ ਉਸ ਦੇ ਏਜੰਡੇ ਉਤੇ ਨਹੀਂ ਸੀ।
ਕੈਨੇਡਾ ਨੂੰ ਸ਼ੁਰੂ ਤੋਂ ਹੀ Ḕਗੋਰਿਆਂ ਦਾ ਦੇਸ਼Ḕ ਬਣਾਈ ਰੱਖਣ ਦੀ ਨੀਤੀ ਨਾਲ ਨਸਲੀ ਵਿਤਕਰੇ ਦੀ ਨੀਂਹ ਰੱਖ ਦਿੱਤੀ ਗਈ ਸੀ। ਕੈਨੇਡਾ ਨੂੰ ਗੋਰੇ ਲੋਕਾਂ ਦਾ ਦੇਸ਼ ਬਣਾਈ ਰੱਖਣ ਦੀ ਸਰਕਾਰ ਦੀ ਇੱਛਾ ਕੈਨੇਡਾ ਦੀ ਇਮੀਗ੍ਰੇਸ਼ਨ ਸਬੰਧੀ ਨੀਤੀ ਦਾ ਸਿਧਾਂਤਕ ਆਧਾਰ ਬਣ ਗਈ। ਇਸ ਲਈ ਏਸ਼ੀਅਨ ਲੋਕਾਂ ਲਈ Ḕਦਰਵਾਜ਼ੇ ਖੋਲ੍ਹਣਾḔ ਕੈਨੇਡਾ ਸਰਕਾਰ ਦੀ ਅਣਸਰਦੀ ਲੋੜ ਸੀ। ਨਵੇਂ ਕੈਨੇਡਾ ਦੀ ਉਸਾਰੀ ਹੋ ਰਹੀ ਸੀ। ਨਵੀਆਂ ਰੇਲ-ਪਟੜੀਆਂ ਉਸਾਰੀਆਂ ਜਾ ਰਹੀਆਂ ਸਨ; ਜੰਗਲ ਕੱਟੇ ਜਾ ਰਹੇ ਸਨ। ਕਈ ਕੰਪਨੀਆਂ ਅਤੇ ਮਿੱਲ ਮਾਲਕਾਂ ਨੂੰ ਅਜਿਹੇ ਭਾਰੇ ਕੰਮ ਕਰਨ ਲਈ ਸਸਤੇ ਮਜ਼ਦੂਰਾਂ ਦੀ ਲੋੜ ਸੀ। ਦੂਜੇ ਪਾਸੇ ਹੋਰ ਮੁਲਕਾਂ ਦੇ ਲੋਕਾਂ ਨੂੰ ਕੈਨੇਡਾ ਵਿਚ ਕੰਮ ਮਿਲਣ ਅਤੇ ਆਪਣੇ ਮੁਲਕ ਨਾਲੋਂ ਕਈ ਗੁਣਾ ਵੱਧ ਮਜ਼ਦੂਰੀ ਮਿਲਣ ਦਾ ਲਾਲਚ ਕੈਨੇਡਾ ਆਉਣ ਲਈ ਖਿੱਚਾਂ ਪਾ ਰਿਹਾ ਸੀ। ਕੰਮ ਕਰਵਾਉਣ ਵਾਲਿਆਂ ਨੂੰ ਕਾਮੇ ਚਾਹੀਦੇ ਸਨ ਜਦਕਿ ਸਿਆਸਤਦਾਨ, ਪ੍ਰੈਸ, ਵਪਾਰੀ, ਲੇਬਰ ਕੌਂਸਲ ਅਤੇ ਗੋਰੇ ਮਜ਼ਦੂਰ Ḕਬਾਹਰਲੇ ਕਾਮਿਆਂḔ ਦੇ ਦਾਖ਼ਲੇ ਦੇ ਵਿਰੁਧ ਸਨ। ਉਨ੍ਹਾਂ ਨੇ ਐਂਟੀ-ਏਸ਼ੀਆਟਿਕ ਲੀਗ ਦੀ ਸਥਾਪਨਾ ਕਰ ਕੇ ਏਸ਼ੀਅਨ ਕਾਮਿਆਂ ਨੂੰ ਕੈਨੇਡਾ ਵਿਚ ਵੜਨੋਂ ਰੋਕਣ ਅਤੇ ਆ ਚੁੱਕਿਆਂ ਨੂੰ ਵਾਪਸ ਮੋੜਨ ਦੀ ਸਰਗਰਮ ਮੁਹਿੰਮ ਅਰੰਭੀ ਹੋਈ ਸੀ ਪਰ ਉਨ੍ਹਾਂ ਦਾ ਮੁੱਖ ਨਿਸ਼ਾਨਾ ਹਿੰਦ ਵਾਸੀ ਸਨ। ਦੋਵਾਂ ਸਰਕਾਰਾਂ ਦੇ ਆਪਸੀ ਸਾਊਆਂ ਵਾਲੇ ਸਮਝੌਤੇ ਕਾਰਨ ਜਪਾਨੀ ਤਾਂ ਹਰ ਸਾਲ ਚਾਰ ਸੌ ਦੀ ਗਿਣਤੀ ਵਿਚ ਕੈਨੇਡਾ ਆ ਸਕਦੇ ਸਨ ਤੇ ਚੀਨ ਵਾਸੀ ਨਿਯਤ ਹੈਡ ਟੈਕਸ ਦੇ ਕੇ ਜਿੰਨੀ ਗਿਣਤੀ ਵਿਚ ਚਾਹੁਣ ਆ ਸਕਦੇ ਸਨ। ਹਿੰਦੀਆਂ ਪ੍ਰਤੀ ਖ਼ਿਲਾਫ਼ਤ ਦਾ ਕਾਰਨ ਇਹ ਸੀ ਕਿ ਕੈਨੇਡਾ ਵਿਚ ਆਉਣ ਨਾਲ ਹਿੰਦ ਵਾਸੀ ਰਾਜਨੀਤਕ ਤੌਰ ‘ਤੇ ਚੇਤੰਨ ਹੋ ਕੇ, ਜਾਤਾਂ-ਧਰਮਾਂ ਦੇ ਵਿਰੋਧ ਭੁੱਲ ਕੇ, ਤੇ ਜਥੇਬੰਦ ਹੋ ਕੇ ਅੰਗਰੇਜ਼ੀ ਰਾਜ ਦਾ ਤਖ਼ਤਾ ਉਲਟਾਉਣ ਲਈ ਕਾਰਜਸ਼ੀਲ ਹੋ ਸਕਦੇ ਹਨ।
ਪੁਆੜੇ ਦੀ ਜੜ੍ਹ ਹਾਪਕਿਨਸਨ: ਹਿੰਦੀਆਂ ਦੇ ਜਾਗ੍ਰਿਤ ਤੇ ਜਥੇਬੰਦ ਹੋਣ ਦੀਆਂ ਸੂਚਨਾਵਾਂ ਭਾਰਤ ਵਿਚਲੀ ਅੰਗਰੇਜ਼ੀ ਸਰਕਾਰ ਨੂੰ ਮਿਲੀਆਂ ਤਾਂ ਉਸ ਵਲੋਂ ਕੈਨੇਡਾ ਵਿਚ ਹਿੰਦੀਆਂ ਦੀਆਂ ਸਰਗਰਮੀਆਂ ਨੂੰ ਅੱਖ ਹੇਠ ਰੱਖਣ ਲਈ ਹਾਪਕਿਨਸਨ ਨਾਂ ਦੇ ਸੀæਆਈæਡੀæ ਅਫ਼ਸਰ ਦੀ ਡਿਊਟੀ ਲਾ ਦਿੱਤੀ ਗਈ। ਉਸ ਦਾ ਪੂਰਾ ਨਾਂ ਵਿਲੀਅਮ ਚਾਰਲਸ ਹਾਪਕਿਨਸਨ ਸੀ। ਜਨਮ ਤੋਂ ਉਹ ਐਂਗਲੋ-ਇੰਡੀਅਨ ਸੀ। ਉਹਦੇ ਜਨਮ ਬਾਰੇ Ḕਇੰਡੀਆ ਆਫਿਸ ਲਾਇਬ੍ਰੇਰੀḔ ਵਿਚੋਂ ਮਿਲੀ ਸੂਚਨਾ ਮੁਤਾਬਕ ਉਹਦਾ ਜਨਮ 16 ਜੂਨ 1880 ਵਿਚ ਦਿੱਲੀ ਵਿਖੇ ਹੋਇਆ। ਉਦੋਂ ਉਹਦਾ ਪਿਉ ਅਲਾਹਾਬਾਦ ਵਿਚ ਫੌਜੀ ਅਫਸਰ ਵਜੋਂ ਸੇਵਾ ਨਿਭਾਅ ਰਿਹਾ ਸੀ। ਪਿੱਛੋਂ ਉਸ ਦਾ ਪਿਤਾ ਅਫ਼ਗਾਨਿਸਤਾਨ ਵਿਚ ਕਿਸੇ ਫੌਜੀ ਮੁਹਿੰਮ ਵਿਚ ਮਾਰਿਆ ਗਿਆ। ਅਨੁਮਾਨ ਹੈ ਕਿ ਉਹਦੀ ਮਾਂ ਭਾਰਤੀ-ਯੂਰਪੀ ਨਸਲ ਦਾ ਮਿਲਗੋਭਾ ਸੀ। ਕੈਨੇਡਾ ਆਉਣ ਤੋਂ ਪਹਿਲਾਂ ਹਾਪਕਿਨਸਨ ਸਿਖਿਅਤ ਤੇ ਤਜਰਬੇਕਾਰ ਪੁਲਿਸ ਅਫ਼ਸਰ ਸੀ। ਉਹ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਜ਼ਬਾਨ ਵੀ ਬੜੀ ਚੰਗੀ ਤਰ੍ਹਾਂ ਬੋਲ ਤੇ ਸਮਝ ਲੈਂਦਾ ਸੀ। ਸੋਲਾਂ ਸਾਲ ਦੀ ਉਮਰ ਵਿਚ ਉਹ ਪੰਜਾਬ ਪੁਲਿਸ ਵਿਚ ਭਰਤੀ ਹੋ ਗਿਆ ਸੀ ਤੇ ਇਥੇ ਉਹ ਪੰਜਾਬੀ ਜ਼ਬਾਨ ਤੇ ਪੰਜਾਬੀ ਸਭਿਆਚਾਰ ਦਾ ਚੰਗਾ ਜਾਣੂ ਹੋ ਗਿਆ, ਪਰ ਉਹਨੂੰ ਪੰਜਾਬ ਵਿਚ ਕੋਈ ਵਧੀਆ ਭਵਿੱਖ ਨਜ਼ਰੀਂ ਨਾ ਆਉਂਦਾ ਹੋਣ ਕਰ ਕੇ ਉਸ ਨੇ ਇੱਕੀ ਸਾਲ ਦੀ ਉਮਰ ਵਿਚ ਆਪਣਾ ਤਬਾਦਲਾ ਕਲਕੱਤੇ (ਹੁਣ ਕੋਲਕਾਤਾ) ਦਾ ਕਰਾ ਲਿਆ। ਕਲਕੱਤਾ ਪੁਲਿਸ ਵਿਚ ਜਦੋਂ ਉਹ ਇੰਸਪੈਕਟਰ ਦੀਆਂ ਸੇਵਾਵਾਂ ਨਿਭਾਅ ਰਿਹਾ ਸੀ ਤਾਂ ਉਹਨੂੰ ਸੂਹੀਆ ਵਿਭਾਗ ਨਾਲ ਜੋੜ ਦਿੱਤਾ ਗਿਆ ਸੀ ਤਾਂ ਕਿ ਉਸ ਰਾਹੀਂ ਦੇਸ਼ ਭਗਤਾਂ ਵਲੋਂ ਸਰਕਾਰ ਵਿਰੁਧ ਕੀਤੀਆਂ ਜਾਣ ਵਾਲੀਆਂ ਮੁਜਰਮਾਨਾ ਕਾਰਵਾਈਆਂ ਦੀ ਖ਼ੁਫ਼ੀਆ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕੇ।
1908 ਦੀ ਪਤਝੜ ਦੇ ਮੌਸਮ ਵਿਚ ਹਾਪਕਿਨਸਨ ਕੈਨੇਡਾ ਪਹੁੰਚ ਗਿਆ। ਉਹਦੇ ਕੈਨੇਡਾ ਆਉਣ ਦਾ ਕਾਰਨ ਰਹੱਸ ਦੇ ਘੇਰੇ ਵਿਚ ਹੈ, ਪਰ ਇਸ ਵਿਚ ਸ਼ੱਕ ਨਹੀਂ ਕਿ ਕੈਨੇਡਾ ਪਹੁੰਚ ਕੇ ਵੀ ਉਸ ਨੇ ਭਾਰਤ ਵਿਚਲੀ ਬ੍ਰਿਟਿਸ਼ ਸਰਕਾਰ ਲਈ ਜਸੂਸੀ ਕਰਨ ਦਾ ਕੰਮ ਜਾਰੀ ਰੱਖਿਆ। ਪਹਿਲਾਂ ਪਹਿਲਾਂ ਭਾਵੇਂ ਉਹ ਕਿਸੇ ਸਟੋਰ ‘ਤੇ ਸਟੋਰਕੀਪਰ ਵਜੋਂ ਕੰਮ ਕਰਦਾ ਸੀ, ਪਰ ਉਦੋਂ ਵੀ ਉਹ ਨਾਲ ਦੀ ਨਾਲ ਕੈਨੇਡਾ ਵਿਚ ਰਹਿੰਦੇ ਹਿੰਦੀਆਂ ਦੀਆਂ ਸਰਗਰਮੀਆਂ ‘ਤੇ ਨਜ਼ਰ ਵੀ ਰੱਖਦਾ ਸੀ ਅਤੇ ਭਾਰਤ ਸਰਕਾਰ ਤੋਂ ਇਲਾਵਾ ਕੈਨੇਡਾ ਸਰਕਾਰ ਨੂੰ ਵੀ ਹਿੰਦੀਆਂ ਦੀਆਂ ਅੰਗਰੇਜ਼-ਵਿਰੋਧੀ ਸਰਗਰਮੀਆਂ ਬਾਰੇ ਰਿਪੋਰਟਾਂ ਭੇਜਦਾ ਰਹਿੰਦਾ। ਇਸ ਤੋਂ ਪ੍ਰਭਾਵਿਤ ਹੋ ਕੇ ਕੈਨੇਡਾ ਦੇ ਗਵਰਨਰ ਜਨਰਲ ਲਾਰਡ ਗਰੇ ਨੇ ਉਹਦੇ ਪਿਛੋਕੜ ਤੇ ਯੋਗਤਾਵਾਂ ਬਾਰੇ ਮਕੈਨਜ਼ੀ ਕਿੰਗ ਅਤੇ ਵਿਸ਼ੇਸ਼ ਤੌਰ ‘ਤੇ ਹਾਂਡੂਰਸ ਦੇ ਅੰਗਰੇਜ਼ ਗਵਰਨਰ ਕਰਨਲ ਈæਜੇæ ਸਵੈਨ ਤੋਂ ਹੋਰ ਜਾਣਕਾਰੀ ਲਈ। ਉਹ ਉਹਨੂੰ ਬੜਾ ਕੰਮ ਦਾ ਬੰਦਾ ਲੱਗਾ। ਇੰਜ ਹਾਪਕਿਨਸਨ ਨੂੰ Ḕਡੋਮੀਨੀਅਨ ਪੁਲਿਸ ਅਫ਼ਸਰḔ ਵਜੋਂ ਭਰਤੀ ਕਰ ਲਿਆ ਗਿਆ। ਇਹਦੇ ਨਾਲ ਹੀ ਉਹਨੂੰ ਇਮੀਗ੍ਰੇਸ਼ਨ ਇੰਸਪੈਕਟਰ ਦੇ ਤੌਰ ‘ਤੇ ਨਿਯੁਕਤ ਕਰ ਕੇ ਇਮੀਗ੍ਰੇਸ਼ਨ ਵਿਭਾਗ ਵਿਚ ਉਸ ਕੋਲੋਂ ਦੋਭਾਸ਼ੀਏ ਵਜੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ।
ਉਹ ਹਿੰਦੀ ਬੋਲ ਲੈਂਦਾ ਸੀ ਤੇ ਪੰਜਾਬੀ ਦਾ ਜਾਣਕਾਰ ਹੋਣ ਦਾ ਦਾਅਵਾ ਵੀ ਕਰਦਾ ਸੀ। ਇਸ ਲਈ ਕੈਨੇਡਾ ਪਹੁੰਚਣ ਵਾਲੇ ਹਰ ਭਾਰਤੀ ਬਾਰੇ ਤਾਂ ਉਹ ਆਉਂਦਿਆਂ ਹੀ ਜਾਣਕਾਰੀ ਹਾਸਲ ਕਰ ਲੈਂਦਾ ਸੀ, ਤੇ ਫਿਰ ਭਾਈਚਾਰੇ ਵਿਚ ਵਿਚਰਦੇ ਹਰ ਆਵਾਸੀ ਦੀਆਂ ਸਰਗਰਮੀਆਂ ਦਾ ਖ਼ਿਆਲ ਵੀ ਰੱਖਦਾ ਸੀ। ਉਹਨੇ ਵੈਨਕੂਵਰ ਵਿਚ ਵੱਸਦੇ ਅੰਗਰੇਜ਼ ਹਕੂਮਤ ਦੇ ਵਫਾæਦਾਰ ਭਾਰਤੀਆਂ ਵਿਚੋਂ ਕੁਝ ਇਕ ਨੂੰ, ਉਨ੍ਹਾਂ ਦੇ ਸਬੰਧੀਆਂ ਤੇ ਜਾਣਕਾਰਾਂ ਨੂੰ ਵੀ ਕੈਨੇਡਾ ਵਿਚ ਉਤਾਰ ਲੈਣ ਅਤੇ ਹੋਰ ਕਈ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਨਾਲ ਵੀ ਜੋੜ ਲਿਆ ਹੋਇਆ ਸੀ। ਇਨ੍ਹਾਂ ਵਿਚੋਂ ਬੇਲਾ ਸਿੰਘ ਜਿਆਣ ਤੇ ਉਹਦੇ ਸਾਥੀ ਬਾਬੂ ਸਿੰਘ, ਗੰਗਾ ਰਾਮ ਆਦਿਕ ਹਾਪਕਿਨਸਨ ਦੇ ਮਹੱਤਵਪੂਰਨ ਹੱਥਠੋਕੇ ਬਣ ਚੁੱਕੇ ਸਨ। ਉਨ੍ਹਾਂ ਰਾਹੀਂ ਉਸ ਨੇ ਬ੍ਰਿਟਿਸ਼ ਕੋਲੰਬੀਆ ਵਿਚ ਰਹਿੰਦੇ ਭਾਰਤੀ ਭਾਈਚਾਰੇ ਵਿਚ ਫੁੱਟ ਦੇ ਬੀਜ ਬੀਜ ਦਿੱਤੇ ਸਨ। ਇਹ ਵੀ ਹਾਪਕਿਨਸਨ ਹੀ ਸੀ ਜਿਸ ਨੇ ਤਾਰਕਨਾਥ ਦਾਸ ਦੀਆਂ ਸਰਗਰਮੀਆਂ ਬਾਰੇ ਲੇਖ ਲਿਖ ਕੇ ਉਹਨੂੰ ਸਰਕਾਰੀ ਨਜ਼ਰਾਂ ਵਿਚ ਦੋਸ਼ੀ ਬਣਾ ਧਰਿਆ ਸੀ, ਤੇ ਤਾਰਕਨਾਥ ਦਾਸ ਨੂੰ ਵੈਨਕੂਵਰ ਛੱਡ ਕੇ ਅਮਰੀਕਾ ਵਿਚ ਜਾਣ ਲਈ ਮਜਬੂਰ ਹੋਣਾ ਪਿਆ ਸੀ। 1908 ਵਿਚ ਹਿੰਦੀਆਂ ਨੂੰ ਧੱਕ ਕੇ ਹਾਂਡੂਰਾਸ ਟਾਪੂ ਵਿਚ ਸੁੱਟ ਦੇਣ ਦੀ ਸਾਜ਼ਿਸ਼ ਵਿਚ ਵੀ ਉਹ ਪੇਸ਼-ਪੇਸ਼ ਸੀ। ਨਵੰਬਰ 1913 ਵਿਚ ਭਾਈ ਭਗਵਾਨ ਸਿੰਘ ਨੂੰ ਕੈਨੇਡਾ ਤੋਂ ਡੀਪੋਰਟ ਕਰਨ ਵਿਚ ਵੀ ਉਹਦਾ ਹੱਥ ਸੀ, ਕਿਉਂਕਿ ਭਾਈ ਭਗਵਾਨ ਸਿੰਘ ਨੇ ਉਹਦਾ ਹੱਥ-ਠੋਕਾ ਬਣਨ ਤੋਂ ਇਨਕਾਰ ਹੀ ਨਹੀਂ ਸੀ ਕੀਤਾ, ਸਗੋਂ ਉਹਨੇ ਆਪਣੀਆਂ ਤਕਰੀਰਾਂ ਨਾਲ ਭਾਰਤੀ ਭਾਈਚਾਰੇ ਦੇ ਮਨਾਂ ਵਿਚ ਦੇਸ਼ ਭਗਤੀ ਦੀ ਜਵਾਲਾ ਬਲਣ ਲਾ ਦਿੱਤੀ ਸੀ। ਹਾਪਕਿਨਸਨ ਨੇ ਹਸਨ ਰਹੀਮ ਨੂੰ ਵੀ ਦੇਸ਼ ਨਿਕਾਲਾ ਦਿਵਾਉਣ ਲਈ ਕਈ ਅਸਫ਼ਲ ਕੋਸ਼ਿਸ਼ਾਂ ਕੀਤੀਆਂ ਸਨ। ਕਾਮਾਗਾਟਾ ਮਾਰੂ ਜਹਾਜ਼ ਨੂੰ ਵਾਪਸ ਪਰਤਾਉਣ ਵਾਲੇ ਦੁਖਾਂਤ ਵਿਚ ਵੀ ਉਸ ਦਾ ਨਿੰਦਣਯੋਗ ਰੋਲ ਸਭ ਦੇ ਸਾਹਮਣੇ ਸੀ। ਉਹ ਵੈਨਕੂਵਰ ਹੀ ਨਹੀਂ, ਅਮਰੀਕਾ ਵਿਚ ਕੰਮ ਕਰਦੇ ਗ਼ਦਰੀਆਂ ਲਈ ਵੀ ਬੜਾ ਵੱਡਾ ਖ਼ਤਰਾ ਸੀ ਤੇ ਉਨ੍ਹਾਂ ਦੀਆਂ ਸਰਗਰਮੀਆਂ ਦੀ ਟੋਹ ਰੱਖਦਾ ਸੀ। ਲਾਲਾ ਹਰਦਿਆਲ ਨੂੰ ਅਮਰੀਕਾ ਤੋਂ ਬੇਦਖ਼ਲ ਕਰਵਾਉਣ ਵਿਚ ਵੀ ਉਹਦੀਆਂ ਰਿਪੋਰਟਾਂ ਦਾ ਹੱਥ ਸੀ। ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਨੂੰ ਕੰਢੇ ਨਾ ਲੱਗਣ ਦੇਣ ਵਿਚ ਵੀ ਹਾਪਕਿਨਸਨ ਦਾ ਮੁੱਖ ਰੋਲ ਸੀ। ਉਸ ਨੇ ਮੁਸਾਫ਼ਰਾਂ ਨੂੰ ਉਤਾਰਨ ਵਿਚ ਮਦਦ ਕਰਨ ਲਈ ਗੁਰਦਿੱਤ ਸਿੰਘ ਕੋਲੋਂ ਦੋ ਹਜ਼ਾਰ ਡਾਲਰ ਦੀ ਰਿਸ਼ਵਤ ਮੰਗੀ ਸੀ, ਪਰ ਕੁਝ ਕਾਰਨਾਂ ਕਰ ਕੇ ਰਿਸ਼ਵਤੀ-ਸਮਝੌਤਾ ਸਿਰੇ ਨਾ ਚੜ੍ਹਨ ਕਰ ਕੇ ਉਹ ਦੁਸ਼ਮਣੀ ‘ਤੇ ਉਤਰ ਆਇਆ ਸੀ, ਤੇ ਕਾਮਾਗਾਟਾ ਮਾਰੂ ਜਹਾਜ਼ ਦੀ ਵਾਪਸੀ ਵਿਚ ਸਰਕਾਰ ਦਾ ਵੱਡਾ ਸਹਾਇਕ ਹੋ ਨਿੱਬੜਿਆ ਸੀ।
ਹਾਪਕਿਨਸਨ ਬਹੁਤ ਸ਼ਾਤਰ ਬੰਦਾ ਸੀ। ਵੈਨਕੂਵਰ ਰਹਿੰਦੇ ਹਿੰਦੀਆਂ ਵਿਚ ਆਪਣਾ ਸੂਹੀਆ ਜਾਲ ਵਿਛਾਉਣ ਲਈ ਉਹਨੇ ਭਾਰਤੀ ਭਾਈਚਾਰੇ ਵਿਚੋਂ ਲਾਲਚੀ ਬੰਦਿਆਂ ਨੂੰ ਕੁਝ ਰਿਆਇਤਾਂ ਦੇ ਕੇ ਆਪਣੇ ਨਾਲ ਜੋੜ ਲਿਆ। ਇਸ ਕੰਮ ਲਈ ਉਹਦੇ ਸਭ ਤੋਂ ਵੱਡੇ ਹੱਥ-ਠੋਕੇ ਬੇਲਾ ਸਿੰਘ ਜਿਆਣ, ਬਾਬੂ ਸਿੰਘ ਤੇ ਗੰਗਾ ਰਾਮ ਆਦਿ ਸਨ। ਬੇਲਾ ਸਿੰਘ ਉਹਦਾ ਸਭ ਤੋਂ ਵੱਡਾ ਸਹਾਇਕ ਤੇ ਲੋੜੀਂਦੀਆਂ ਅਸਾਮੀਆਂ ਲੱਭਣ ਲਈ ਉਹਦਾ ਸਭ ਤੋਂ ਵੱਡਾ ਦਲਾਲ ਸੀ। ਉਹ ਇਕ ਤਰ੍ਹਾਂ ਨਾਲ ਹਾਪਕਿਨਸਨ ਦੇ ਕੰਨਾਂ ਤੇ ਅੱਖਾਂ ਦਾ ਕੰਮ ਕਰਦਾ ਸੀ। ਉਹਨੂੰ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵਲੋਂ ਇਸ ਕੰਮ ਲਈ ਪੈਸੇ ਵੀ ਮਿਲਦੇ ਸਨ। ਸਰਕਾਰ ਦੇ ਪੇ-ਰੋਲ ‘ਤੇ ਹੋਣ ਕਰ ਕੇ ਉਹਨੂੰ ਸਾਢੇ ਬਾਹਟ ਡਾਲਰ ਪ੍ਰਤੀ ਮਹੀਨਾ ਮਿਲਦੇ ਸਨ। ਬੇਲਾ ਸਿੰਘ ਭਾਰਤੀ ਭਾਈਚਾਰੇ ਵਿਚ ਹੁੰਦੀ ਹਰ ਸਰਗਰਮੀ ਦੀ ਸੂਚਨਾ ਹਾਪਕਿਨਸਨ ਤੱਕ ਪਹੁੰਚਾਉਣਾ ਆਪਣਾ ਪਰਮ ਕਰਤੱਵ ਸਮਝਦਾ ਸੀ। ਹਾਪਕਿਨਸਨ ਨੇ ਬੇਲਾ ਸਿੰਘ ਦੀ ਮਦਦ ਨਾਲ ਪੰਜਾਹ-ਸੱਠ ਬੰਦੇ ਆਪਣੇ ਨਾਲ ਜੋੜ ਲਏ ਸਨ। ਇਮੀਗ੍ਰੇਸ਼ਨ ਵਿਭਾਗ ਵਿਚ ਹੋਣ ਕਰ ਕੇ ਉਹ ਉਨ੍ਹਾਂ ਨੂੰ ਲਾਲਚ ਦਿੰਦਾ ਕਿ ਉਨ੍ਹਾਂ ਦੇ ਸਕੇ-ਸਬੰਧੀਆਂ ਨੂੰ ਕੈਨੇਡਾ ਦੇ ਤੱਟ ‘ਤੇ ਉਤਾਰਨ ਵਿਚ ਸਹਾਈ ਹੋਵੇਗਾ। ਇਸ ਕੰਮ ਲਈ ਉਹ ਉਨ੍ਹਾਂ ਤੋਂ ਰਿਸ਼ਵਤ ਵੀ ਲੈਂਦਾ ਤੇ ਕਈਆਂ ਨੂੰ ਉਸ ਨੇ ਉਨ੍ਹਾਂ ਦੇ ਕਾਗ਼ਜ਼ਾਂ ਵਿਚ ḔਗੜਬੜḔ ਹੋਣ ਦੇ ਬਾਵਜੂਦ ਕੈਨੇਡਾ ਵਿਚ ਉਤਰਨ ਵਿਚ ਮਦਦ ਕੀਤੀ ਸੀ। ਜਿਹੜੇ ਆਵਾਸੀਆਂ ਨੂੰ ਉਸ ਨੇ ਅਜਿਹੀ ਰਿਆਇਤ ਦੇ ਕੇ ਕੈਨੇਡਾ ਦੀ ਧਰਤੀ ‘ਤੇ ਉਤਾਰਿਆ ਸੀ, ਉਹ ਉਨ੍ਹਾਂ ਨੂੰ ਆਪਣੀ ਮੁੱਠ ਵਿਚ ਰੱਖਦਾ ਤੇ ਆਪਣਾ ਸਾਥ ਦੇਣ ਅਤੇ ਆਪਣੇ ਲਈ ਖ਼ੁਫ਼ੀਆ ਸੂਚਨਾਵਾਂ ਇਕੱਤਰ ਕਰਨ ਲਈ ਮਜਬੂਰ ਕਰਦਾ। ਉਨ੍ਹਾਂ ਦਾ ਭੇਤ ਲੁਕਾਈ ਰੱਖਣ ਲਈ ਉਨ੍ਹਾਂ ਨੂੰ ਬਲੈਕ-ਮੇਲ ਵੀ ਕਰਦਾ ਰਹਿੰਦਾ ਕਿ ਜੇ ਉਹ ਉਸ ਲਈ ਕੰਮ ਨਹੀਂ ਕਰਨਗੇ ਤਾਂ ਉਹ ਉਨ੍ਹਾਂ ਨੂੰ ਡਿਪੋਰਟ ਕਰਵਾ ਦੇਵੇਗਾ। ਸਮੇਂ ਸਮੇਂ ਉਨ੍ਹਾਂ ਤੋਂ ਪੈਸੇ ਵੀ ਬਟੋਰਦਾ ਰਹਿੰਦਾ। ਇੰਜ ਕਈ ਮਰਜ਼ੀ ਨਾਲ ਤੇ ਕਈ ਦਬਾਓ ਵੱਸ ਉਸ ਲਈ ਕੰਮ ਕਰਨ ਤੇ ਉਹਦਾ ਸਾਥ ਦੇਣ ਲਈ ਮਜਬੂਰ ਸਨ।
ਭਾਈ ਮੇਵਾ ਸਿੰਘ ਕਿਉਂਕਿ ਸਭ ਦੇ ਪਿਆਰ-ਸਤਿਕਾਰ ਦਾ ਪਾਤਰ ਸੀ ਤੇ ਇਕ ਸਾਊ ਮਨੁੱਖ ਵਜੋਂ ਉਹਦੇ ਬੇਲਾ ਸਿੰਘ ਹੁਰਾਂ ਨਾਲ ਵੀ ਸੁਖਾਵੇਂ ਸਬੰਧ ਸਨ, ਇਕ ਦਿਨ ਭਾਈ ਭਾਗ ਸਿੰਘ ਤੇ ਦੂਜੇ ਸਾਥੀਆਂ ਨੇ ਮੇਵਾ ਸਿੰਘ ਨੂੰ ਕਿਹਾ ਕਿ ਉਹ ਬੇਲਾ ਸਿੰਘ ਨੂੰ ਮਿਲ ਕੇ ਸਮਝਾਵੇ ਕਿ ਉਹ ਆਪਣੇ ਦੇਸ਼-ਭਾਈਆਂ ਦੇ ਵਿਰੁਧ ਜਾ ਕੇ ਇਮੀਗ੍ਰੇਸ਼ਨ ਦਫ਼ਤਰ ਵਿਚ ਸੂਚਨਾਵਾਂ ਨਾ ਪਹੁੰਚਾਇਆ ਕਰੇ। ਇਸ ਦੀ ਪੂਰਤੀ ਲਈ ਉਸ ਨੂੰ ਪੰਜ ਸੌ ਡਾਲਰ ਦੇਣ ਤੇ ਉਸ ਲਈ ਰੀਅਲ ਅਸਟੇਟ ਦਾ ਬੰਦੋਬਸਤ ਕੀਤੇ ਜਾਣ ਦੀ ਪੇਸ਼ਕਸ਼ ਵੀ ਕੀਤੀ ਗਈ।
ਭਾਈ ਮੇਵਾ ਸਿੰਘ ਨੇ ਜਦੋਂ ਬੇਲਾ ਸਿੰਘ ਨੂੰ ਜਾ ਕੇ ਭਾਈਚਾਰੇ ਵਲੋਂ ਕੀਤੀ ਪੇਸ਼ਕਸ਼ ਤੇ ਸਲਾਹ ਬਿਆਨ ਕਰ ਕੇ ਇਮੀਗ੍ਰੇਸ਼ਨ ਦਫ਼ਤਰ ਵਿਚ ਸੂਚਨਾਵਾਂ ਦੇਣ ਤੋਂ ਵਰਜਿਆ ਤਾਂ ਬੇਲਾ ਸਿੰਘ ਨੇ ਉਹਨੂੰ ਤਾਂ ਕੁਝ ਨਾ ਕਿਹਾ, ਪਰ ਤੁਰਤ ਹੀ ਇਹ ਇਤਲਾਹ ਹਾਪਕਿਨਸਨ ਤੱਕ ਪੁੱਜਦੀ ਕਰ ਦਿੱਤੀ। ਹਾਪਕਿਨਸਨ ਨੇ ਬੇਲਾ ਸਿੰਘ ਨੂੰ ਮੇਵਾ ਸਿੰਘ ਨਾਲ ਬਣਾਈ ਰੱਖਣ ਲਈ ਕਿਹਾ। ਸ਼ਾਇਦ ਉਸ ਦਾ ਅਨੁਮਾਨ ਸੀ ਕਿ ਵਿਚੋਲਗੀ ਕਰਨ ਵਾਲਾ ਅਜਿਹਾ ਸਾਊ ਬੰਦਾ ਕਿਸੇ ਵੇਲੇ ਉਹ ਆਪਣੇ ਹਿਤ ਲਈ ਵੀ ਵਰਤ ਸਕਦੇ ਸਨ, ਪਰ ਮੇਵਾ ਸਿੰਘ ਤਾਂ ਹਾਪਕਿਨਸਨ ਦੇ ਘਿਨਾਉਣੇ ਕਿਰਦਾਰ ਨੂੰ ਭਲੀ-ਭਾਂਤ ਜਾਣਦਾ ਸੀ। ਉਹਨੇ ਆਪਣੀ ਅੱਖੀਂ ਹਾਪਕਿਨਸਨ ਨੂੰ ਕੈਨੇਡਾ ਵਿਚਲੇ ਭਾਰਤੀ ਅਵਾਸੀਆਂ ਨੂੰ ਹਾਂਡੂਰਾਸ ਟਾਪੂ ਵਿਚ ਧਕਾਉਣ ਦੀ ਸਾਜ਼ਿਸ਼ ਵਿਚ ਆਗੂ ਰੋਲ ਨਿਭਾਉਂਦਾ ਵੇਖਿਆ ਸੀ। ਹਰ ਰੋਜ਼ ਉਹਦੇ ਸੰਗੀ-ਸਾਥੀ ਗੁਰਦੁਆਰੇ ਵਿਚ ਹੁੰਦੇ ਗੁਪਤ ਇਕੱਠਾਂ ਵਿਚ ਹਾਪਕਿਨਸਨ ਤੇ ਉਹਦੇ ਚਾਟੜਿਆਂ ਦੀਆਂ ਕਰਤੂਤਾਂ ਦਾ ਜ਼ਿਕਰ ਕਰਦੇ ਰਹਿੰਦੇ ਤੇ ਆਪਣੇ ਸਾਥੀਆਂ ਨੂੰ ਉਨ੍ਹਾਂ ਗ਼ੱਦਾਰਾਂ ਤੋਂ ਸੁਚੇਤ ਰਹਿਣ ਲਈ ਆਖਦੇ ਰਹਿੰਦੇ ਸਨ।
(ਚਲਦਾ)