ਕਿੱਸਾ ‘ਗਰੀਬ ਦੀ ਵਹੁਟੀ’ ਤੇ ਧਰਮ ਪਰਿਵਰਤਨ ਦੀ ਧੰਦੇਬਾਜ਼ੀ ਦਾ

-ਜਤਿੰਦਰ ਪਨੂੰ
ਗਰੀਬ ਦੀ ਵਹੁਟੀ ਸਾਰੇ ਪਿੰਡ ਦੀ ਭਾਬੀ ਹੁੰਦੀ ਹੈ। ਇਹ ਗੱਲ ਭਾਵੇਂ ਇੱਕ ਮੁਹਾਵਰੇ ਵਜੋਂ ਪੰਜਾਬੀ ਬੋਲੀ ਦਾ ਅੰਗ ਹੈ ਪਰ ਇਸ ਵਾਰ ਅਸੀਂ ਇਸ ਦੀ ਵਰਤੋਂ ਨਹੀਂ ਕੀਤੀ। ਇੱਕ ਸਮਾਗਮ ਦੌਰਾਨ ਆਰ ਐਸ ਐਸ ਦੇ ਸਰਸੰਘ ਚਾਲਕ ਮੋਹਣ ਭਾਗਵਤ ਨੇ ਪਿਛਲੇਰੇ ਹਫਤੇ ਇਸ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ “ਹਿੰਦੂ ਦਾ ਕੀ ਹੈ, ਉਹ ਸਦੀਆਂ ਤੋਂ ਗਰੀਬ ਦੀ ਜ਼ੋਰੂ ਬਣਿਆ ਰਿਹਾ ਹੈ, ‘ਗਰੀਬ ਦੀ ਜ਼ੋਰੂ ਪਿੰਡ ਦੀ ਭਰਜਾਈ’ ਹੁੰਦੀ ਹੈ।”

ਭਾਗਵਤ ਨੇ ਇਸ ਤੋਂ ਅੱਗੇ ਇਹ ਵੀ ਕਹਿ ਦਿੱਤਾ ਕਿ ਪਿਛਲੀਆਂ ਸਦੀਆਂ ਵਿਚ ਬਹੁਤ ਸਾਰੇ ਹਿੰਦੂਆਂ ਨੂੰ ਹੋਰ ਧਰਮ ਵਾਲੇ ਖਿੱਚ ਕੇ ਲੈ ਗਏ ਸਨ, “ਆਪਣਾ ਉਦੋਂ ਦਾ ਲੁੱਟਿਆ ਹੋਇਆ ‘ਮਾਲ’ ਅਸੀਂ ਵਾਪਸ ਲੈਣ ਲੱਗੇ ਹਾਂ ਤਾਂ ਕਿਸੇ ਨੂੰ ਇਸ ਗੱਲ ਦੀ ਤਕਲੀਫ ਨਹੀਂ ਹੋਣੀ ਚਾਹੀਦੀ।” ਕਮਾਲ ਦੀ ਗੱਲ ਹੈ ਕਿ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੀ ਠੇਕੇਦਾਰੀ ਦਾ ਦਾਅਵਾ ਕਰਦੇ ਸੰਗਠਨ ਦਾ ਮੁਖੀ ਆਪਣੀ ਗੱਲ ਨੂੰ ਸਹੀ ਸਿੱਧ ਕਰਨ ਲਈ ਇਨਸਾਨਾਂ ਨੂੰ ‘ਮਾਲ’ ਆਖਦਾ ਹੈ। ਉਸ ਨੇ ਜਿਵੇਂ ਆਪਣੇ ‘ਮਾਲ’ ਦੀ ਵਾਪਸੀ ਦੀ ਮੁਹਿੰਮ ਦੀ ਸਰਪ੍ਰਸਤੀ ਕੀਤੀ ਸੀ, ਉਸ ਨਾਲ ਸਰਕਾਰ ਅਤੇ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਵਿਚ ਕਿੰਨੇ ਪੁਆੜੇ ਪਏ ਤੇ ਕਿਵੇਂ ਧਰਮ ਪਰਿਵਰਤਨ ਕਰਾਉਣ ਵਾਲੇ ‘ਧਰਮ ਜਾਗਰਣ ਮੰਚ’ ਦੇ ਮੁਖੀ ਰਾਜੇਸ਼ਵਰ ਸਿੰਘ ਨੂੰ ਘਰ ਭੇਜਣਾ ਪਿਆ, ਇਹ ਕਹਾਣੀ ਇਸ ਵੇਲੇ ਅਸੀਂ ਇਥੇ ਨਹੀਂ ਪਾ ਰਹੇ। ਉਸ ਦੀ ਥਾਂ ਅਸੀਂ ਇਸ ਮੁੱਦੇ ਵੱਲ ਆਉਣਾ ਚਾਹੁੰਦੇ ਹਾਂ ਕਿ ਧਰਮ ਪਰਿਵਰਤਨ ਕਰਦਾ ਕੌਣ ਹੈ ਤੇ ਧਰਮ ਦਾ ਅਰਥ ਕੀ ਹੈ?
ਅਸੀਂ ਇਹ ਗਾਣਾ ਨਹੀਂ ਗਾਉਣਾ ਚਾਹੁੰਦੇ ਕਿ “ਇਕ ਬਾਬਾ ਨਾਨਕ ਸੀ, ਜਿਹਨੇ ਤੁਰ ਕੇ ਦੁਨੀਆ ਗਾਹ’ਤੀ, ਇੱਕ ਅੱਜ ਦੇ ਬਾਬੇ ਨੇ ਬੱਤੀ ਲਾਲ ਗੱਡੀ ‘ਤੇ ਲਾ’ਤੀ”, ਪਰ ਸੱਚਾਈ ਇਹੋ ਹੈ ਕਿ ਇਹੋ ਜਿਹੇ ਲਾਲ ਬੱਤੀ ਵਾਲੇ ਸੰਤ ਬਣੇ ਸਿੱਖੀ ਅਤੇ ਹਿੰਦੂ ਧਰਮ ਦੇ ਅਜੋਕੇ ਮਹੰਤਾਂ ਦੇ ਕਾਰਨ ਲੋਕ ਹੁਣ ਇਨ੍ਹਾਂ ਦੋਵਾਂ ਤੋਂ ਅਵਾਜ਼ਾਰ ਹੋ ਰਹੇ ਹਨ। ਧਰਮ ਦੇ ਅਰਥ ਉਹ ਨਹੀਂ, ਜਿਹੜੇ ਹਿੰਦੂ ਤੇ ਸਿੱਖ ਧਰਮ ਦੇ ਅਜੋਕੇ ਸੰਤ ਦੱਸਦੇ ਹਨ। ਲੋਕਾਂ ਨੂੰ ਦੱਸਣ ਤੋਂ ਪਹਿਲਾਂ ਇਨ੍ਹਾਂ ਨੂੰ ਖੁਦ ਸਮਝਣਾ ਚਾਹੀਦਾ ਹੈ। ਗੁਰਬਾਣੀ ਦਾ ਸ਼ਬਦ ਹੈ- “ਆਪਿ ਨ ਬੂਝਾ ਲੋਕ ਬੁਝਾਈ ਐਸਾ ਆਗੂ ਹੋਵਾਂ॥” ਭਾਵ ਜਿਨ੍ਹਾਂ ਨੇ ਆਪ ਨਹੀਂ ਸਮਝਿਆ, ਉਹ ਲੋਕਾਂ ਦੀ ਅਗਵਾਈ ਕਰਨ ਨਿਕਲ ਤੁਰੇ ਹਨ।
ਪਹਿਲਾਂ ਅਸੀਂ ਹਿੰਦੂ ਧਰਮ ਦੇ ਉਹ ਅਰਥ ਚੇਤੇ ਕਰਵਾਉਣ ਦੀ ਲੋੜ ਸਮਝਦੇ ਹਾਂ, ਜਿਹੜੇ ਗੁਰੂ ਬਾਬੇ ਨਾਨਕ ਨੇ ਦੱਸੇ ਸਨ। ਉਨ੍ਹਾਂ ਕਿਹਾ ਸੀ- ‘ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥’ ਇਸ ਦਾ ਅਰਥ ਇਹ ਸੀ- ਹੇ ਪੰਡਤ, ਜੇ ਤੇਰੇ ਕੋਲ ਇਹੋ ਜਿਹਾ ਜਨੇਊ ਹੈ, ਜਿਹੜਾ ਦਇਆ ਦੀ ਕਪਾਹ ਦਾ ਬਣਿਆ ਹੋਵੇ, ਸਬਰ-ਸੰਤੋਖ ਵਾਲੇ ਸੂਤ ਨੂੰ ਜਤ ਦੀਆਂ ਗੰਢਾਂ ਤੇ ਸਤ ਦਾ ਵੱਟ ਚਾੜ੍ਹਿਆ ਹੋਵੇ, ਉਹ ਲਿਆ ਕੇ ਦੇਹ, ਨਾ ਉਹ ਟੁੱਟੇਗਾ, ਨਾ ਉਸ ਨੂੰ ਮੈਲ ਲੱਗੇਗੀ, ਨਾ ਸੜੇਗਾ ਤੇ ਨਾ ਖਤਮ ਹੋਵੇਗਾ। ਸਾਫ ਹੈ, ਗੁਰੂ ਸਾਹਿਬ ਨੇ ਨੇਕ ਕਿਰਦਾਰ ਦੇ ਜਨੇਊ ਦੀ ਸੁੱਚੀ ਸੋਚ ਦਾ ਜ਼ੋਰ ਦਿੱਤਾ ਸੀ। ਗੁਰੂ ਬਾਬੇ ਦੀ ਸਿੱਖਿਆ ਉਦੋਂ ਦੇ ਆਮ ਲੋਕਾਂ ਨੇ ਮੰਨ ਲਈ ਸੀ, ਹੁਣ ਆਗੂ ਤੇ ਸੰਤ ਵੀ ਪਾਸਾ ਵੱਟੀ ਜਾਂਦੇ ਹਨ। ਇਸ ਦੀ ਥਾਂ ਕਰਮ-ਕਾਂਡ ਪ੍ਰਧਾਨ ਹੋ ਗਿਆ ਹੈ ਤੇ ਬਾਬੇ ਦੀ ਸਿੱਖਿਆ ਪਿੱਛੇ ਪਾ ਦਿੱਤੀ ਗਈ ਹੈ।
ਦੂਸਰੀ ਗੱਲ ਉਨ੍ਹਾਂ ਨੇ ਮੁਸਲਮਾਨਾਂ ਵਾਸਤੇ ਏਦਾਂ ਕਹੀ ਸੀ ਕਿ ‘ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥’ ਫਿਰ ਉਨ੍ਹਾਂ ਨੇ ਹਿੰਦੂ ਦੇ ਜਨੇਊ ਵਾਂਗ ਮੁਸਲਮਾਨ ਨੂੰ ਕਿਹਾ ਸੀ ਕਿ ‘ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥’ ਹਿੰਦੂ ਲਈ ਦਇਆ ਤੋਂ ਸ਼ੁਰੂ ਕਰਨ ਵਾਂਗ ਮੁਸਲਮਾਨ ਨੂੰ ਇਹ ਹਦਾਇਤ ਦੇ ਕੇ ਸ਼ੁਰੂ ਕੀਤਾ ਕਿ ਮਨ ਵਿਚ ਮਿਹਰ-ਤਰਸ ਦੀ ਮਸੀਤ ਬਣਾ, ਸਿਦਕ ਦਾ ਮੁਸੱਲਾ ਬਣਾ ਕੇ ਹੱਕ ਦੀ ਕਮਾਈ ਨਾਲ ਜੀਵਨ ਗੁਜ਼ਾਰ, ਫਿਰ ਤੂੰ ਅਸਲੀ ਮੁਸਲਮਾਨ ਹੋਵੇਂਗਾ। ਇਹ ਵੀ ਹਿੰਦੂ ਨੂੰ ਕਿਰਦਾਰ ਦਾ ਜਨੇਊ ਪਹਿਨਾਉਣ ਵਾਂਗ ਮੁਸਲਮਾਨ ਭਾਈਚਾਰੇ ਲਈ ਕਿਰਦਾਰ ਉਤੇ ਪਹਿਰਾ ਦੇਣ ਦੀ ਸਿੱਖਿਆ ਸੀ, ਜਿਹੜੀ ਹੁਣ ਕਿਸੇ ਦੇ ਯਾਦ ਹੀ ਨਹੀਂ।
ਤੀਸਰੀ ਗੱਲ ਇਹ ਕਿ ਉਹੋ ਗੁਰੂ ਬਾਬਾ ਜਦੋਂ ‘ਚੜ੍ਹਿਆ ਸੋਧਣਿ ਧਰਤਿ ਲੁਕਾਈ’ ਤਾਂ ਮੱਕੇ ਵੀ ਗਿਆ ਸੀ ਤੇ ਉਥੇ ਜਦੋਂ ਹਾਜੀਆਂ ਨਾਲ ਸਵਾਲ-ਜਵਾਬ ਹੋਏ, ਉਨ੍ਹਾਂ ਇਹ ਪੁੱਛਿਆ ਸੀ ਕਿ ਲੰਮੇ ਲੇਖੇ ਦੀ ਥਾਂ ਸਾਨੂੰ ਇਹ ਦੱਸਣ ਦੀ ਖੇਚਲ ਕਰੋ ਕਿ ਹਿੰਦੂ ਵੱਡਾ ਜਾਂ ਮੁਸਲਮਾਨ ਵੱਡਾ ਹੈ। ਗੁਰੂ ਬਾਬੇ ਨੇ ਜਿਹੜਾ ਜਵਾਬ ਦਿੱਤਾ ਤੇ ਭਾਈ ਗੁਰਦਾਸ ਨੇ ਦਰਜ ਕੀਤਾ, ਉਹ ਇਨ੍ਹਾਂ ਸ਼ਬਦਾਂ ਵਿਚ ਹੈ- ‘ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ? ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।’ ਇਸ ਖਿਆਲ ਨੂੰ ਅਸੀਂ ‘ਸੌ ਹੱਥ ਰੱਸਾ, ਸਿਰੇ ਉਤੇ ਗੰਢ’ ਕਹਿ ਸਕਦੇ ਹਾਂ। ਗੁਰੂ ਬਾਬੇ ਨੇ ਕਿਹਾ ਸੀ ਕਿ ਜੇ ਅਮਲ ਚੰਗੇ ਨਹੀਂ ਤਾਂ ਹਿੰਦੂ ਅਤੇ ਮੁਸਲਮਾਨ- ਦੋਵੇਂ ਰੋਣਗੇ। ਜੇ ਅੱਜ ਵਾਲੇ ਯੁੱਗ ਵਿਚ ਗੁਰੂ ਬਾਬੇ ਦੀ ਦਿੱਤੀ ਅਕਲ ਸਮਝਣੀ ਹੋਵੇ ਤਾਂ ਇਸ ਦਾ ਅਰਥ ਇਹ ਹੈ ਕਿ ਸਿਰਫ ਹਿੰਦੂ ਤੇ ਮੁਸਲਮਾਨ ਹੀ ਨਹੀਂ, ਜਿਹੜੇ ਸਿੱਖ ਦੇ ਅਮਲ ਚੰਗੇ ਨਹੀਂ ਹੋਣਗੇ, ਰੋਣਾ ਉਸ ਨੂੰ ਵੀ ਪਵੇਗਾ। ਕੀ ਇਹ ਕਿਸੇ ਨੂੰ ਯਾਦ ਹੈ?
ਯਾਦ ਕੀ ਰਹਿ ਗਿਆ ਹੈ? ਸਰਦਾਰੀਆਂ ਅਤੇ ਚੌਧਰਾਂ ਕਰਨੀਆਂ ਯਾਦ ਰਹਿ ਗਈਆਂ ਹਨ। ਦਗਾ-ਫਰੇਬ ਕਰ ਕੇ ਰਾਜ ਗੱਦੀਆਂ ਉਤੇ ਬਹਿਣ ਨੂੰ ਤੇ ਬੈਠ ਗਏ ਤਾਂ ਟਿਕੇ ਰਹਿਣ ਨੂੰ ਜ਼ੋਰ ਲਾਉਣਾ ਯਾਦ ਹੈ। ਇਸ ਗੱਦੀ-ਯੁੱਧ ਵਿਚ ਕੁਝ ਲੜਨ ਵਾਲੇ ਪਿਆਦੇ ਚਾਹੀਦੇ ਹਨ। ਪੁਰਾਤਨ ਜੰਗਾਂ ਵਿਚ ਵੀ ਰਾਜੇ ਪਿੱਛੇ ਰਹਿੰਦੇ ਸਨ ਤੇ ਅੱਗੇ ਹੋ ਕੇ ਝੁੱਗੀਆਂ ਤੇ ਕੁੱਲੀਆਂ ਵਿਚ ਰਹਿਣ ਵਾਲੇ ਲੋਕ ਲੜਦੇ ਹੁੰਦੇ ਸਨ। ਹੁਣ ਵੀ ਇਹੋ ਹੁੰਦਾ ਹੈ। ਧਰਮ ਪਰਿਵਰਤਨ ਇਸ ਲੜਾਈ ਦੇ ਮੋਹਰੇ ਆਪੋ ਆਪਣੇ ਨਾਲ ਜੋੜਨ ਦਾ ਚਲਿੱਤਰ ਬਣ ਗਿਆ ਹੈ, ਜਿਸ ਵਿਚ ਜਿਹੜਾ ਕੋਈ ਚਾਰਾ ਕਰਦਾ ਦਿੱਸਦਾ ਹੈ, ਉਸ ਦੀ ਸਾਰੀ ਪਹੁੰਚ ਉਨ੍ਹਾਂ ਗਰੀਬਾਂ ਤੱਕ ਹੁੰਦੀ ਹੈ, ਜਿਨ੍ਹਾਂ ਨੂੰ ਸੰਘ ਪਰਿਵਾਰ ਦਾ ਮੁਖੀ ਮੋਹਣ ਭਾਗਵਤ ਕਦੀ ‘ਮਾਲ’ ਕਹਿੰਦਾ ਹੈ ਤੇ ਕਦੀ ‘ਗਰੀਬ ਦੀ ਜ਼ੋਰੂ, ਸਾਰੇ ਪਿੰਡ ਦੀ ਭਰਜਾਈ’ ਆਖਣ ਤੱਕ ਚਲਾ ਜਾਂਦਾ ਹੈ, ਪਰ ਇਹ ਕਦੇ ਨਹੀਂ ਦੱਸਦਾ ਕਿ ਇਨ੍ਹਾਂ ਲੋਕਾਂ ਨੂੰ ਦੂਸਰੇ ਧਰਮਾਂ ਵਿਚ ਜਾਣ ਦਾ ਅੱਕ ਚੱਬਣਾ ਕਿਉਂ ਪਿਆ ਸੀ?
ਆਗਰੇ ਵਿਚ ਧਰਮ ਪਰਿਵਰਤਨ ਕਰਵਾਇਆ ਗਿਆ ਤਾਂ ਇਸ ਦਾ ਮੋਹਰਾ ਉਹ ਲੋਕ ਬਣਾਏ ਗਏ, ਜਿਨ੍ਹਾਂ ਦੀ ਕੋਈ ਹੈਸੀਅਤ ਹੀ ਨਹੀਂ। ਝੁੱਗੀਆਂ ਵਿਚ ਰਹਿੰਦੇ ਹਨ, ਉਨ੍ਹਾਂ ਦੀ ਪਛਾਣ ਦਾ ਕਾਰਡ ਤੱਕ ਨਹੀਂ ਹੈ। ਧਮੱਚੜ ਪੈਣ ਦੇ ਬਾਅਦ ਉਨ੍ਹਾਂ ਬਾਰੇ ਕਿਹਾ ਗਿਆ ਕਿ ਉਨ੍ਹਾਂ ਦੇ ਵੱਡੇ ਬਿਹਾਰ ਦੇ ਹਿੰਦੂ ਸਨ, ਧੱਕੇ ਨਾਲ ਮੁਸਲਮਾਨ ਬਣਾਏ ਗਏ ਸਨ ਤੇ ਹੁਣ ਉਨ੍ਹਾਂ ਦੀ ਘਰ-ਵਾਪਸੀ ਹੋਈ ਹੈ। ਉਨ੍ਹਾਂ ਗਰੀਬਾਂ ਨੇ ਕਿਹਾ ਕਿ ਸਾਨੂੰ ਇਹ ਦੱਸਿਆ ਗਿਆ ਸੀ ਕਿ ਜੇ ਅਸੀਂ ਹਿੰਦੂ ਬਣ ਗਏ ਤਾਂ ਸਾਨੂੰ ਨਾਗਰਿਕਤਾ ਮਿਲ ਜਾਵੇਗੀ। ਜਦੋਂ ਉਹ ਬਿਹਾਰ ਦੇ ਸਨ ਤਾਂ ਨਾਗਰਿਕਤਾ ਦਾ ਲਾਰਾ ਕਿਉਂ ਲਾਇਆ ਸੀ? ਬਿਹਾਰ ਤਾਂ ਭਾਰਤ ਵਿਚ ਹੈ। ਪਤਾ ਲੱਗਾ ਕਿ ਉਨ੍ਹਾਂ ਦੇ ਵੱਡੇ ਉਥੋਂ ਆਏ ਸਨ, ਜਿੱਥੇ ਹੁਣ ਬੰਗਲਾ ਦੇਸ਼ ਹੈ ਤੇ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਪਿੰਡ ਜਾਂ ਜ਼ਿਲ੍ਹਾ ਕਿਹੜਾ ਸੀ? ਜਿਨ੍ਹਾਂ ਨੂੰ ਆਪਣਾ ਪਿੰਡ-ਥਾਂ ਵੀ ਪਤਾ ਨਹੀਂ, ਉਨ੍ਹਾਂ ਦੀ ‘ਘਰ-ਵਾਪਸੀ’ ਕਰਵਾ ਦਿੱਤੀ ਗਈ। ‘ਸਾਰੇ ਪਿੰਡ ਦੀ ਭਰਜਾਈ’ ਏਦਾਂ ਦੇ ਗਰੀਬ ਹੀ ਬਣਦੇ ਹਨ। ਜਿਹੜੇ ਲੋਕਾਂ ਨੇ ਤਮਾਸ਼ਾ ਕੀਤਾ, ਉਹ ਆਰæਐਸ਼ਐਸ਼ ਦੀ ਨਜ਼ਰ ਵਿਚ ਸਤਿਕਾਰੇ ਹੋਏ ਤੇ ਧਰਮ ਜਾਗਰਣ ਲਈ ਸਮਰਪਿਤ ਸੋਇਮ ਸੇਵਕ ਹਨ। ਹਿੰਦੁਸਤਾਨ ਦੇ ਪੁਰਾਤਨ ਸੱਭਿਆਚਾਰ ਦੇ ਨਵੇਂ ਝੰਡਾਬਰਦਾਰ ਕੀ ਹੁਣ ਇਹ ਹੋਣਗੇ?
ਫਿਰ ਇਹ ਧਰਮ ਜਾਗਰਣ ਮੰਚ ਅੰਮ੍ਰਿਤਸਰ ਵਿਚ ਆਣ ਵੜਿਆ। ਇੱਕ ਦਿਨ ਅਚਾਨਕ ਗੁਰੂ ਕੀ ਵਡਾਲੀ ਦੇ ਇਤਿਹਾਸਕ ਪਿੰਡ ਦੇ ਗੁਰਦੁਆਰੇ ਵਿਚ ਕੁਝ ਈਸਾਈ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਕੇ ਉਨ੍ਹਾਂ ਨੂੰ ਸਿੱਖ ਧਰਮ ਵਿਚ ਵਾਪਸ ਕਰਵਾ ਦਿੱਤਾ ਗਿਆ। ਉਸ ਪਿੰਡ ਦੇ ਇੱਕ ਗ੍ਰੰਥੀ ਨੇ ਅਰਦਾਸ ਕਰ ਦਿੱਤੀ। ਰੌਲਾ ਪਿਆ ਤਾਂ ਗ੍ਰੰਥੀ ਸਿੰਘ ਇਹ ਕਹਿ ਰਿਹਾ ਹੈ ਕਿ ਮੈਨੂੰ ਸਿਰਫ ਲੰਗਰ ਦਾ ਪ੍ਰਬੰਧ ਕਰਨ ਨੂੰ ਕਿਹਾ ਗਿਆ ਸੀ, ਧਰਮ ਪਰਿਵਰਤਨ ਦੀ ਖੇਡ ਨਾਲ ਮੇਰਾ ਕੋਈ ਵਾਸਤਾ ਨਹੀਂ। ਧਰਮ ਜਾਗਰਣ ਮੰਚ ਦਾ ਇੱਕ ਆਗੂ ਕਹਿੰਦਾ ਹੈ ਕਿ ਜਿਹੜਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਸੀ, ਉਹ ਅਸੀਂ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਦਾ ਬੜਾ ਤੋਲਵਾਂ ਪ੍ਰਤੀਕਰਮ ਹੈ ਕਿ ਇਹੋ ਜਿਹੇ ਧਰਮ ਪਰਿਵਰਤਨ ਵਾਲਿਆਂ ਨੂੰ ਆਪਣੇ ਧਰਮ ਅੰਦਰ ਸੀਮਤ ਰਹਿਣਾ ਚਾਹੀਦਾ ਹੈ, ਸਿੱਖੀ ਨਾਲ ਜੁੜਦੇ ਵਿਵਾਦ ਖੜੇ ਕਰਨ ਦੀ ਲੋੜ ਨਹੀਂ ਸੀ।
ਜਿਹੜੇ ਲੋਕਾਂ ਦਾ ਉਥੇ ਧਰਮ ਪਰਿਵਰਤਨ ਕਰਵਾਇਆ ਗਿਆ, ਉਨ੍ਹਾਂ ਦੀ ਕਹਾਣੀ ਆਗਰੇ ਦੇ ਗਰੀਬਾਂ ਨਾਲ ਮਿਲਦੀ-ਜੁਲਦੀ ਹੈ। ਇਹ ਪਹਿਲਾਂ ਮਜ਼ਹਬੀ ਸਿੱਖ ਹੁੰਦੇ ਸਨ। ਗੁਰੂ ਸਾਹਿਬ ਨੇ ਸਿੱਖੀ ਵਿਚ ਜਾਤ-ਪਾਤ ਖਤਮ ਕਰਨ ਦਾ ਤਾਣ ਲਾਇਆ ਸੀ ਪਰ ਇਹ ਤ੍ਰਾਸਦੀ ਹੈ ਕਿ ਅੱਜ ਵੀ ਸਿੱਖ ਧਰਮ ਵਿਚ ਨਾ ਸਿਰਫ ਜਾਤਾਂ ਕਾਇਮ ਹਨ, ਸਗੋਂ ਪਹਿਲਾਂ ਤੋਂ ਪੱਕੀਆਂ ਹੋ ਗਈਆਂ ਹਨ। ਪੰਜਾਬ ਭਰ ਵਿਚ ਮਜ਼ਹਬੀ ਸਿੱਖਾਂ ਦੇ ਗੁਰਦੁਆਰੇ ਵੱਖਰੇ ਬਣਾਏ ਜਾਂਦੇ ਹਨ ਤੇ ਇਸ ਲਈ ਬਣਾਏ ਜਾਂਦੇ ਹਨ ਕਿ ਉਚੀ ਜਾਤ ਦਾ ਵਹਿਮ ਪਾਲਣ ਵਾਲੇ ਸਿੱਖ ਆਗੂ ਉਨ੍ਹਾਂ ਨੂੰ ਆਪਣੇ ਤੋਂ ਥੋੜ੍ਹਾ ਦੂਰ ਰੱਖਣਾ ਚਾਹੁੰਦੇ ਹਨ। ਪਿੰਡਾਂ ਵਿਚ ਅਜੇ ਤੱਕ ਉਨ੍ਹਾਂ ਦੇ ਸ਼ਮਸ਼ਾਨਘਾਟ ਵੀ ਵੱਖਰੇ ਹਨ। ਜਿਸ ਪੰਜਾਬ ਵਿਚ ਮੁਰਦਿਆਂ ਨੂੰ ਵੀ ਸਿਰਫ ਮੁਰਦੇ ਨਾ ਮੰਨ ਕੇ ਉਚੀ ਅਤੇ ਨੀਵੀਂ ਜਾਤ ਵਾਲੇ ਮੰਨਿਆ ਜਾਂਦਾ ਤੇ ਵੱਖੋ-ਵੱਖ ਥਾਂ ਸਾੜਨ ਦਾ ਰਿਵਾਜ ਹੈ, ਉਥੇ ਗਰੀਬਾਂ ਨੂੰ ਕਦੀ ਇੱਕ ਧਰਮ ਤੇ ਕਦੀ ਦੂਸਰੇ ਵੱਲ ਕਦੀ ਖਿੱਚਿਆ ਜਾਂਦਾ ਤੇ ਕਦੇ ਧੱਕਿਆ ਜਾਂਦਾ ਹੈ। ਉਨ੍ਹਾਂ ਨੂੰ ਮਨੁੱਖਾਂ ਵਿਚ ਮਨੁੱਖ ਮੰਨ ਕੇ ਬਰਾਬਰੀ ਦਾ ਦਰਜਾ ਨਹੀਂ ਦਿੱਤਾ ਜਾਂਦਾ ਪਰ ਇਹ ਤਾਣ ਲਾਇਆ ਜਾ ਰਿਹਾ ਹੈ ਕਿ ਇਹ ਦੂਸਰੇ ਧਰਮ ਦੀ ਥਾਂ ਸਾਡੇ ਕੋਲ ਨਿਮਾਣੀ ਗਊ ਬਣ ਕੇ ਦਿਨ-ਕਟੀ ਕਰੀ ਜਾਣ। ਜਦੋਂ ਜੀਵਨ ਹਾਲਤਾਂ ਬਦਲਣ ਨਹੀਂ ਦੇਣੀਆਂ ਤਾਂ ਫਿਰ ਇਨ੍ਹਾਂ ਦੀ ਸਿਰਫ ਏਨੀ ਲੋੜ ਬਾਕੀ ਰਹਿ ਜਾਂਦੀ ਹੈ ਕਿ ਕੱਲ੍ਹ ਨੂੰ ਲੋਕਤੰਤਰ ਵਿਚ ਭੀੜਤੰਤਰ ਦੀ ਪ੍ਰਕਿਰਿਆ ਦੌਰਾਨ ਵਰਤੇ ਜਾ ਸਕਦੇ ਹਨ। ਰਾਜਨੀਤੀ ਵਿਚ ਇਹ ਵੀ ਸ਼ਾਇਦ ਛੋਟੀ ਲੋੜ ਨਹੀਂ।
ਧਰਮ ਪਰਿਵਰਤਨ ਬਹਾਨੇ ਉਠਾਏ ਜਾਂਦੇ ਵਿਵਾਦਾਂ ਦਾ ਵਿਰੋਧ ਕਰਦੇ ਹੋਏ ਅਸੀਂ ਦੋ ਗੱਲਾਂ ਕਹਿਣਾ ਚਾਹੁੰਦੇ ਹਾਂ। ਪਹਿਲੀ, ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਅੰਗ ਬਾਬਾ ਬੁੱਲ੍ਹੇ ਸ਼ਾਹ ਨੇ ਕਿਹਾ ਸੀ,
‘ਨਾ ਮੈਂ ਭੇਤ ਮਜ਼ਹਬ ਦਾ ਪਾਇਆ,
ਨਾ ਮੈਂ ਆਦਮ ਹਵਾ ਜਾਇਆ,
ਨਾ ਮੈਂ ਆਪਣਾ ਨਾਮ ਧਰਾਇਆ,
ਨਾ ਵਿਚ ਬੈਠਣ, ਨਾ ਵਿਚ ਭੌਣ,
ਬੁੱਲ੍ਹਾ ਕੀ ਜਾਣਾ ਮੈਂ ਕੌਣ?’
ਇਥੇ ਸਿਰਫ ਹਿੰਦੂ, ਸਿੱਖ, ਈਸਾਈ ਤੇ ਮੁਸਲਮਾਨ ਹੀ ਨਹੀਂ, ਬਹੁਤ ਸਾਰੇ ਇਹੋ ਜਿਹੇ ਲੋਕ ਵੀ ਹਨ, ਜਿਹੜੇ ਬੁੱਲ੍ਹੇ ਸ਼ਾਹ ਵਾਂਗ ਕਿਸੇ ਧਰਮ ਦੀ ਵਲਗਣ ਵਿਚ ਨਾ ਬੱਝ ਕੇ ਸਿਰਫ ਇਨਸਾਨ ਰਹਿਣਾ ਚਾਹੁੰਦੇ ਹਨ। ਉਨ੍ਹਾਂ ਨੂੰ ਕਿਸੇ ਧਰਮ ਦੀ ਪ੍ਰਵਾਹ ਨਹੀਂ ਅਤੇ ਜੀਵਨ ਜਿਊਣ ਦਾ ਉਨ੍ਹਾਂ ਦਾ ਵੀ ਆਪਣਾ ਢੰਗ ਤੇ ਆਪਣਾ ਹੱਕ ਹੈ। ਦੂਸਰਾ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਸੰਦੇਸ਼ ਚੇਤੇ ਕਰਵਾਉਣ ਦੀ ਲੋੜ ਸਮਝਦੇ ਹਾਂ,
‘ਕੋਊ ਭਇਓ ਮੁੰਡੀਆ, ਸੰਨਿਆਸੀ, ਕੋਊ ਜੋਗੀ ਭਇਓ,
ਕੋਊ ਬ੍ਰਹਮਚਾਰੀ, ਕੋਊ ਜਤੀ ਅਨਮਾਨਬੋ॥
ਹਿੰਦੂ, ਤੁਰਕ, ਕੋਊ ਰਾਫਜ਼ੀ, ਇਮਾਮ, ਸਾਫ਼ੀ,
ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ॥’ (ਦਸਮ ਗ੍ਰੰਥ, ਪੰਨਾ 19)
‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦੇ ਸੁਨਹਿਰੀ ਅਸੂਲ ਦਾ ਸਤਿਕਾਰ ਕਰਦੇ ਹੋਏ ਅਸੀਂ ਕਹਿਣ ਦੀ ਲੋੜ ਸਮਝਦੇ ਹਾਂ ਕਿ ਕੋਈ ਹਿੰਦੂ ਹੈ ਤਾਂ ਗੁਰੂ ਬਾਬਾ ਨਾਨਕ ਦੇ ਦੱਸੇ ਮੁਤਾਬਕ ਸੁੱਚੇ ਕਿਰਦਾਰ ਵਾਲਾ ਹਿੰਦੂ ਬਣਨ ਦਾ ਯਤਨ ਕਰੇ ਤੇ ਮੁਸਲਮਾਨ ਜਾਂ ਈਸਾਈ ਆਪਣੇ ਧਰਮ ਅੰਦਰ ਅਮਲਾਂ ਦੀ ਸੁੱਚਤਾ ਨਿਭਾਵੇ, ਪਰ ਭੇੜ ਕਰਾਉਣ ਵਾਲੇ ਲੋਕਾਂ ਤੋਂ ਬਚਿਆ ਰਹੇ। ਇਸੇ ਸੋਚ ਨੂੰ ਮੁੱਖ ਰੱਖ ਕੇ ਪੰਜਾਬੀ ਦੇ ਕਵੀ ਲੱਖਾ ਸਿੰਘ ਜੌਹਰ ਨੇ ਲਿਖਿਆ ਸੀ,
ਇਨ੍ਹਾਂ ਫਿਰਕੂ ਹੱਕ-ਹਕੂਕਾਂ ਤੋਂ
ਸਾਨੂੰ ਅਣਜਾਣ ਹੀ ਰਹਿਣ ਦਿਓ,
ਹਿੰਦੂ ਸਿੱਖ ਬਣਿਆ ਜਾਂਦਾ ਨਹੀਂ,
ਸਾਨੂੰ ਇਨਸਾਨ ਹੀ ਰਹਿਣ ਦਿਓ।
ਹੋਰ ਨਹੀਂ ਤਾਂ ਗਰੀਬਾਂ ਨੂੰ ‘ਸਾਰੇ ਪਿੰਡ ਦੀ ਭਰਜਾਈ’ ਅਤੇ ‘ਮਾਲ’ ਸਮਝਣਾ ਹੀ ਬੰਦ ਕਰ ਦਿੱਤਾ ਜਾਵੇ।