ਰੱਖ ਸਬਰ ਆਊ ਸੰਤੋਖ ਲੋਕਾ…

ਮੇਜਰ ਕੁਲਾਰ ਬੋਪਾਰਰਾਏ ਕਲਾਂ
ਫੋਨ: 916-273-2856
ਪਾਲੀ ਅਤੇ ਲਾਲੀ ਸਕੇ ਭਰਾ ਹਨ। ਮਿਹਨਤੀ ਪੂਰੇ ਪਰ ਕਿਸਮਤ ਸਾਥ ਨਹੀਂ ਸੀ ਦੇ ਰਹੀ। ਪੱਕੀ ਫਸਲ ‘ਤੇ ਮੀਂਹ ਵਰ੍ਹ ਜਾਂਦਾ ਜਾਂ ਮੀਂਹ ਦੀ ਲੋੜ ਸਮੇਂ ਸੋਕੇ ਦਾ ਕਹਿਰ ਟੁੱਟਾ ਪੈਂਦਾ। ਕਦੇ ਸੱਜਰ ਸੂਈ ਮੱਝ ਮਰ ਜਾਂਦੀ ਤੇ ਕਦੇ ਬਲਦ ਖੁਰਲੀ ‘ਤੇ ਖੜ੍ਹਾ-ਖੜ੍ਹਾ ਸਵਾਸ ਤਿਆਗ ਜਾਂਦਾ। ਦੋਵੇਂ ਨਸ਼ੇ ਨੂੰ ਮੂੰਹ ਨਾ ਲਾਉਂਦੇ ਪਰ ਕੁਦਰਤੀ ਕਿਆਮਤਾਂ ਚਾਰ ਛਿੱਲੜ ਇਕੱਠੇ ਨਾ ਹੋਣ ਦਿੰਦੀਆਂ।

ਬਹੁਤਾ ਕੰਮ ਉਹ ਹੱਥੀਂ ਕਰਦੇ, ਦਿਹਾੜੀ ‘ਤੇ ਬੰਦਾ ਨਾ-ਸਰਦੇ ਨੂੰ ਹੀ ਲਿਜਾਂਦੇ। ਦੋਵਾਂ ਦੀ ਆਪਣੇ ਕੰਮ ਨਾਲ ਹੀ ਬਣਦੀ ਸੀ, ਹੋਰ ਕੰਮਾਂ ਲਈ ਉਨ੍ਹਾਂ ਕੋਲ ਵਿਹਲ ਨਹੀਂ ਸੀ। ਗੁਰਦੁਆਰੇ ਵੀ ਮਹੀਨੇ ਬਾਅਦ ਸੰਗਰਾਂਦ ‘ਤੇ ਮੱਥਾ ਟੇਕਣ ਜਾਂਦੇ। ਅਸੂਲਾਂ ‘ਤੇ ਪੂਰੇ ਉਤਰਦੇ ਪਰ ਕੁੜਤੇ ਨਾਲ ਪਜਾਮਾ ਨਹੀਂ ਸੀ ਜੁੜਦਾ। ਸੋ, ਡੱਬੀਆਂ ਵਾਲੀ ਚਾਦਰ ਹੀ ਬੰਨ੍ਹ ਲੈਂਦੇ।
ਪਿੰਡ ਦਾ ਨੰਬਰਦਾਰ ਬਹੁਤ ਚਲਾਕ ਸੀ। ਉਸ ਦੀ ਜ਼ਮੀਨ ਪਾਲੀ ਹੋਰਾਂ ਦੇ ਖੇਤ ਨਾਲ ਲੱਗਦੀ ਸੀ, ਪਰ ਸੜਕ ‘ਤੇ ਮੱਥਾ ਪਾਲੀ ਹੋਰਾਂ ਦੀ ਜ਼ਮੀਨ ਦਾ ਲੱਗਦਾ ਸੀ। ਨੰਬਰਦਾਰ ਦੇ ਮਨ ਵਿਚ ਚਲਾਕੀ ਨੇ ਲਲਕਾਰਾ ਮਾਰਿਆ ਕਿ ਉਹ ਦੋਹਾਂ ਭਰਾਵਾਂ ਦੇ ਪਿਆਰ ਵਿਚ ਕੰਧ ਬਣ ਕੇ ਖਲੋ ਜਾਵੇ। ਦੋਵਾਂ ਦਾ ਪਿਆਰ ਟੁੱਟ ਗਿਆ ਤਾਂ ਸਮਝੋ ਉਹਦਾ ਖੇਤ ਸੜਕ ਨਾਲ ਜੁੜ ਗਿਆ। ਉਹ ਵਿਉਂਤਾਂ ਘੜਨ ਲੱਗਿਆ ਕਿ ਪਿਆਰ ਦੇ ਇਸ ਮੋਛੇ ਨੂੰ ਕਿਹੜੀ ਆਰੀ ਵੱਢੇਗੀ!
ਪਾਲੀ ਤੇ ਲਾਲੀ ਅਜੇ ਕੁਆਰੇ ਹੀ ਸਨ। ਵੱਡੀ ਭੈਣ ਉਨ੍ਹਾਂ ਵਿਆਹ ਦਿੱਤੀ ਸੀ। ਬਾਪੂ ਨਿਹੰਗ ਸਿੰਘ ਸਜਿਆ ਹੋਇਆ ਸੀ, ਘਰੇ ਹਾੜ੍ਹੀ ਸਾਉਣੀ ਹੀ ਵੜਦਾ ਸੀ। ਬੇਬੇ ਰੋਟੀ ਪਕਾ ਦਿੰਦੀ। ਇਕ ਦਿਨ ਦੋਵੇਂ ਕਣਕ ਵੱਢ ਰਹੇ ਸਨ, ਨਾਲ ਦਿਹਾੜੀ ‘ਤੇ ਵਿਹੜੇ ਵਾਲਾ ਕੈਲੋ ਸੀ। ਪਾਲੀ ਸਾਹ ਲੈਣ ਲਈ ਉਠ ਕੇ ਖੜ੍ਹਾ ਹੋਇਆ, ਚਾਰੇ ਪਾਸੇ ਨਿਗ੍ਹਾ ਘੁੰਮਾਈ; ਬੇਬੇ ਦਸ ਵਜੇ ਵਾਲੀ ਚਾਹ ਲਈ ਆਉਂਦੀ ਦਿਸੀ। ਦੂਜੇ ਪਾਸੇ ਸੜਕ ‘ਤੇ ਨੰਬਰਦਾਰ ਦਾ ਮੁੰਡਾ ਜੀਤਾ ਕਾਲੀਆਂ ਐਨਕਾਂ ਲਾਈ ਸਕੂਟਰ ‘ਤੇ ਭੱਈਆਂ ਦੀ ਚਾਹ ਫੜਾਉਣ ਆਇਆ ਸੀ। ਪਾਲੀ ਦੇ ਮੂੰਹੋਂ ਨਿਕਲਿਆ, “ਵਾਹ ਉਏ ਰੱਬਾ! ਦੇਵਤੇ ਬੰਦਿਆਂ ਨੂੰ ਤੂੰ ਨੰਗੇ ਪੈਰੀਂ ਤੋਰਦੈਂ, ਤੇ ਆਹ ਲਫੰਡਰਾਂ ਨੂੰ ਤੈਂ ਘੋੜੇ ਦਿੱਤੇ ਆ।” ਪਾਲੀ ਦੀ ਗੱਲ ਸੁਣ ਕੇ ਕੈਲੋ ਵੀ ਉਠ ਖੜ੍ਹਾ ਹੋਇਆ, “ਪਾਲ ਸਿਆਂ! ਕਿਸਮਤ ਦੀਆਂ ਗੱਲਾਂ ਨੇ, ਹੌਸਲਾ ਰੱਖ, ਇਕ ਦਿਨ ਤੁਹਾਡੇ ਵੀ ਦਿਨ ਫਿਰਨਗੇ। ਭੀੜਾਂ ਹਮੇਸ਼ਾ ਦੇਵਤਿਆਂ ਨੇ ਹੀ ਝੱਲੀਆਂ ਨੇ।” ਲਾਲੀ ਨੇ ਆਪਣੀ ਸੱਥਰੀ ਇਕੱਠੀ ਕੀਤੀ ਤੇ ਲੱਕ ‘ਤੇ ਹੱਥ ਧਰ ਕੇ ਖੜ੍ਹਾ ਹੋ ਗਿਆ।
ਨੰਬਰਦਾਰਾਂ ਦੇ ਭੱਈਆਂ ਨੇ ਕਿੱਲੇ ਤੋਂ ਉਪਰ ਕਣਕ ਵੱਢ ਦਿੱਤੀ ਸੀ ਪਰ ਇਨ੍ਹਾਂ ਤਿੰਨਾਂ ਨੇ ਮਸਾਂ ਦੋ ਬਿੱਘੇ ਹੀ ਵੱਢੀ ਸੀ। ਬੇਬੇ ਚਾਹ ਲੈ ਕੇ ਪਹੁੰਚ ਗਈ। ਉਹਨੇ ਚੁੰਨੀ ਲੜ ਬੰਨ੍ਹੀ ਸਿਰ ਦੁਖਦੇ ਦੀ ਗੋਲੀ ਪਾਲੀ ਨੂੰ ਫੜਾਉਂਦਿਆਂ ਕਿਹਾ, “ਲੈ ਪੁੱਤ, ਆਹ ਖਾ ਲੈ। ਸਵੇਰੇ ਘਰੋਂ ਤੁਰਦਾ ਆਖਦਾ ਸੀ, ਸਰੀਰ ਟੁੱਟੀ ਜਾਂਦਾ। ਮੈਂ ਫੌਜੀ ਡਾਕਟਰ ਤੋਂ ਲੈ ਕੇ ਆਈ ਆਂ।” ਪਾਲੀ ਨੇ ਗੋਲੀ ਖਾ ਲਈ। ਫਿਰ ਚਾਹ ਪੀਂਦਿਆਂ ਲਾਲੀ ਬੇਬੇ ਨੂੰ ਪੁੱਛਣ ਲੱਗਿਆ, “ਬੇਬੇ, ਜਦੋਂ ਅਸੀਂ ਛੋਟੇ ਹੁੰਦੇ ਸੀ, ਤੂੰ ਸਾਨੂੰ ਨਾਨਕੀ ਸੰਤਾਂ ਦੇ ਜੋੜ ਮੇਲੇ ‘ਤੇ ਲਿਜਾਂਦੀ ਹੁੰਦੀ ਸੀæææਉਥੇ ਸੰਤ ਕਥਾ ਕਰਦੇ ਹੁੰਦੇ ਸੀ ਕਿ ਜਿਹੜਾ ਆਦਮੀ ਦਸਾਂ ਨਹੁੰਆਂ ਦੀ ਕਿਰਤ ਕਰਦਾ ਹੈ, ਕਿਸੇ ਦਾ ਮਾੜਾ ਨਹੀਂ ਕਰਦਾ, ਬੇਈਮਾਨੀ ਨਹੀਂ ਕਰਦਾ, ਕੋਈ ਨਸ਼ਾ-ਪੱਤਾ ਨਹੀਂ ਕਰਦਾ, ਉਸ ਬੰਦੇ ‘ਤੇ ਗੁਰੂਆਂ ਦਾ ਮਿਹਰ ਭਰਿਆ ਹੱਥ ਹੁੰਦਾ ਹੈ। ਉਸ ਬੰਦੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ, ਪਰ ਇੱਧਰ ਸਾਡੇ ਵੱਲ ਦੇਖ਼ææਅਸੀਂ ਬਾਰਾਂ ਮਹੀਨੇ ਤੀਹ ਦਿਨ ਤੰਗੀਆਂ-ਤੁਰਸ਼ੀਆਂ ਨਾਲ ਲੜਦੇ ਹਾਂ। ਸਾਡੇ ਉਲਟ ਨੰਬਰਦਾਰ ਦਿਨ ਦੁੱਗਣੀ ਚਾਰ ਚੌਗਣੀ ਤਰੱਕੀ ਕਰੀ ਜਾਂਦਾ। ਸ਼ਰਾਬ ਵੀ ਰੱਜ ਕੇ ਪੀਂਦਾ, ਰਿਸ਼ਵਤ ਵੀ ਲੈਂਦਾ ਤੇ ਬੇਈਮਾਨੀ ਵੀ ਕਰੀ ਜਾਂਦਾ। ਇੱਦਾਂ ਕਿਉਂ? ਜੇ ਉਹ ਸੰਤ ਜਿਉਂਦੇ ਨੇ, ਆਪਾਂ ਉਨ੍ਹਾਂ ਕੋਲੋਂ ਪੁੱਛੀਏ ਤਾਂ ਸਹੀ।”
“ਪੁੱਤ! ਜੋ ਪਰਮਾਤਮਾ ਕਰਦਾ, ਸਭ ਠੀਕ ਹੁੰਦੈ। ਬਹੁਤਾ ਸੁੱਖ ਬਹੁਤੀ ਮਾਇਆ ਨਾਲ ਨਹੀਂ ਆਉਂਦਾ; ਸਬਰ-ਸੰਤੋਖ ਨਾਲ ਮਿਲਦਾ। ਸੱਚੀ ਕਿਰਤ ਨੂੰ ਇਕ ਦਿਨ ਫਲ ਜ਼ਰੂਰ ਲੱਗਦਾ ਤੇ ਸਬਰ ਦਾ ਫਲ ਮਿੱਠਾ ਹੁੰਦਾ। ਬਹੁਤਾ ਫਿਕਰ ਨਾ ਕਰਿਆ ਕਰ, ਤੰਦਰੁਸਤੀ ਮਾਇਆ ਦਾ ਵੱਡਾ ਖਜ਼ਾਨਾ ਹੁੰਦੀ ਆ। ਮਿਹਨਤ ਕਰੋ, ਸਭ ਠੀਕ ਹੋ ਜਾਵੇਗਾ।” ਬੇਬੇ ਨੇ ਸੰਤਾਂ ਦੀ ਸੰਗਤ ਕੀਤੀ ਹੋਣ ਕਰ ਕੇ ਲੱਖਾਂ ਦੀ ਗੱਲ ਸੁਣਾ ਦਿੱਤੀ।
“ਬੇਬੇ, ਜੱਸੋਵਾਲੀਆ ਡਾਕਟਰ ਆਊਗਾæææਮੱਝ ਦੇ ਟੀਕਾ ਲਵਾ ਲਈਂ। ਸਾਡੇ ਵਿਚੋਂ ਇਕ ਜਣਾ ਅੱਜ ਛੇਤੀ ਘਰ ਆ ਜਾਊਗਾ। ਦੁਪਹਿਰ ਦੀ ਰੋਟੀ ਅਸੀਂ ਆਪੇ ਘਰੋਂ ਫੜ ਲਿਆਵਾਂਗੇ। ਤੂੰ ਆਰਾਮ ਕਰ ਲਈਂ।” ਲਾਲੀ ਨੇ ਕੱਪ ਮਿੱਟੀ ਨਾਲ ਮਾਂਜਦਿਆਂ ਕਿਹਾ।
“ਭਾਈ! ਆਪ ਹੀ ਹੱਥ ਫੂਕੀ ਜਾਵੇਂਗੀ? ਨੂੰਹ ਰਾਣੀ ਕਿਉਂ ਨਹੀਂ ਲਿਆਉਂਦੀ।” ਨੰਬਰਦਾਰ ਨੇ ਆਉਂਦਿਆਂ ਹੀ ਕਿਹਾ।
“ਭਾਈ ਜੀ! ਜਦੋਂ ਪਰਮਾਤਮਾ ਨੇ ਚਾਹਿਆ, ਇਹ ਕਾਰਜ ਵੀ ਪੂਰਾ ਹੋ ਜਾਊ। ਮੈਂ ਕੌਣ ਹੁੰਦੀ ਆਂ ਨੂੰਹਾਂ ਲਿਆਉਣ ਵਾਲੀ।” ਲਾਲੀ ਦੀ ਬੇਬੇ ਨੇ ਗੱਲ ਪਰਮਾਤਮਾ ਦੇ ਹੱਥ ਫੜਾ ਦਿੱਤੀ।
“ਦੋ ਸਕੀਆਂ ਭੈਣਾਂ ਨੇ ਮੇਰੀ ਸਾਲੀ ਦੇ ਸਹੁਰੀਂ। ਜੇ ਆਖੋ ਤਾਂ ਸਵੇਰੇ ਹੀ ਕੁੜੀਆਂ ਦਿਖਾ ਦਿੰਨਾਂ। ਜੋ ਤੇਰੀ ਮੰਗ ਹੋਊ, ਪੂਰੀ ਕੀਤੀ ਜਾਊ।” ਨੰਬਰਦਾਰ ਨੇ ਕਿਹਾ।
“ਭਾਈ ਜੀ! ਮੰਗਣਾ ਹੋਊ ਤਾਂ ਮੈਂ ਪਰਮਾਤਮਾ ਤੋਂ ਮੰਗੂੰ। ਬੰਦੇ ਦੇ ਦਿੱਤੇ ਨਾਲ ਬੰਦਾ ਕਿਥੇ ਰੱਜਦਾ। ਨਾਲੇ ਅਜੇ ਕੰਮ ਦੀ ਰੁੱਤ ਹੈ, ਜੁਆਕਾਂ ਨੂੰ ਤਾਂ ਸਿਰ ਖੁਰਕਣ ਦੀ ਵਿਹਲ ਨਹੀਂ।” ਲਾਲੀ ਦੀ ਬੇਬੇ ਸੌ ਦੀ ਇਕ ਸੁਣਾ ਗਈ।
“ਚੰਗਾ ਭਾਈ ਤੇਰੀ ਮਰਜ਼ੀ।” ਕਹਿ ਕੇ ਨੰਬਰਦਾਰ ਖੜ੍ਹੇ ਪੈਰੀਂ ਮੁੜ ਗਿਆ।
ਰਾਤ ਨੂੰ ਬੇਬੇ ਨੇ ਨੰਬਰਦਾਰ ਦੀ ਗੱਲ ਪਾਲੀ ਤੇ ਲਾਲੀ ਨੂੰ ਦੱਸੀ। ਉਹ ਕਹਿੰਦੇ, “ਅਸੀਂ ਨੰਬਰਦਾਰ ਦਾ ਰਿਸ਼ਤਾ ਨਹੀਂ ਲੈਣਾ।” ਨੰਬਰਦਾਰ ਨੂੰ ਵੀ ਪਤਾ ਲੱਗ ਗਿਆ ਕਿ ਘਿਓ ਸਿੱਧੀ ਉਂਗਲ ਨਾਲ ਨਹੀਂ ਨਿਕਲਣਾ। ਉਸ ਨੇ ਉਹੀ ਰਿਸ਼ਤਾ ਪਿੰਡ ਦੇ ਨੇਕ ਬੰਦੇ ਰਾਹੀਂ ਥਾਲੀ ਵਿਚ ਪਰੋਸ ਕੇ ਪਾਲੀ ਅੱਗੇ ਰੱਖਿਆ। ਸਾਰਿਆਂ ਨੇ ਰਾਇ ਲੈ ਕੇ ਪਾਲੀ ਦਾ ਵਿਆਹ ਕਰਨਾ ਮੰਨ ਲਿਆ। ਨੰਬਰਦਾਰ ਨੂੰ ਤੀਰ ਟਿਕਾਣੇ ਲੱਗਦਾ ਦਿਖਾਈ ਦਿੱਤਾ। ਜਿਨ੍ਹਾਂ ਕੁੜੀਆਂ ਦਾ ਜ਼ਿਕਰ ਨੰਬਰਦਾਰ ਨੇ ਕੀਤਾ ਸੀ, ਉਹਦੀ ਸਾਲੀ ਦੇ ਸਹੁਰਿਆਂ ਤੋਂ ਨਹੀਂ ਸੀ, ਉਹ ਨੰਬਰਦਾਰ ਦੇ ਹਮ-ਪਿਆਲੇ ਲਫੰਡਰਾਂ ਦੀਆਂ ਭੈਣਾਂ ਸਨ। ਨੰਬਰਦਾਰ ਦੀ ਉਨ੍ਹਾਂ ਨਾਲ ਆਉਣੀ-ਜਾਣੀ ਕਚਹਿਰੀਆਂ ਕਰ ਕੇ ਹੋਈ ਸੀ। ਨੰਬਰਦਾਰ ਨੇ ਸੋਚਿਆ ਕਿ ਮਾੜੇ ਘਰ ਦੀਆਂ ਕੁੜੀਆਂ ਜ਼ੁਬਾਨ ਦੀ ਕੈਂਚੀ ਨਾਲ ਪਾਲੀ ਤੇ ਲਾਲੀ ਦੇ ਪਿਆਰ-ਇਤਫਾਕ ਨੂੰ ਲੀਰੋ-ਲੀਰ ਕਰ ਦੇਣਗੀਆਂ।
ਨੰਬਰਦਾਰ ਨੇ ਖੁਦ ਪਾਸੇ ਰਹਿੰਦਿਆਂ ਪਾਲੀ ਨੂੰ ਰਿਸ਼ਤਾ ਕਰਵਾ ਦਿੱਤਾ। ਸਾਦਾ ਵਿਆਹ ਹੋਇਆ। ਪਾਲੀ ਦੀ ਘਰਵਾਲੀ ਚੰਨ ਦਾ ਟੁਕੜਾ ਸੀ ਜਿਸ ਦੇ ਮੁਬਾਰਕ ਕਦਮਾਂ ਨਾਲ ਦਹਿਲੀਜ਼ ਦੇ ਭਾਗ ਜਾਗ ਪਏ। ਉਹਨੇ ਸੱਸ ਦੇ ਹੱਥੋਂ ਪਰਾਤ ਅਤੇ ਝਾੜੂ ਫੜ ਲਿਆ। ਉਹ ਵਿਚਾਰੀ ਵੀ ਸ਼ਰਾਬੀ ਭਰਾਵਾਂ ਤੋਂ ਅੱਕੀ ਮਸਾਂ ਸਹੁਰੇ ਘਰ ਆਈ ਸੀ, ਜਿਵੇਂ ਕੋਈ ਕੈਦੀ ਜੇਲ੍ਹੋਂ ਰਿਹਾ ਹੋਇਆ ਹੋਵੇ! ਵਿਆਹ ਨੂੰ ਛੇ ਮਹੀਨੇ ਹੋ ਗਏ, ਕੋਈ ਗੜਬੜ ਨਾ ਹੋਈ। ਨੰਬਰਦਾਰ ਨੂੰ ਲੱਗਿਆ, ਜਿਵੇਂ ਤੀਰ ਉਸ ਦੇ ਸੀਨੇ ਹੀ ਆਣ ਵੱਜਿਆ ਹੋਵੇ। ਲਫੰਡਰਾਂ ਦੀ ਭੈਣ ਐਨੀ ਸਾਊ ਤੇ ਸਿਆਣੀ ਹੋਵੇਗੀ! ਨੰਬਰਦਾਰ ਨੇ ਸੋਚਿਆ ਵੀ ਨਹੀਂ ਸੀ।
ਛੇ ਮਹੀਨੇ ਤੋਂ ਬਾਅਦ ਸਾਲ ਹੋ ਗਿਆ। ਪਾਲੀ ਦੇ ਘਰ ਪੁੱਤਰ ਨੇ ਜਨਮ ਲਿਆ। ਬੇਬੇ ਨੂੰ ਲੱਗਿਆ ਕਿ ਖੁਸ਼ੀਆਂ ਨੇ ਫੇਰਾ ਪਾ ਲਿਆ ਹੈ। ਇਕ ਦਿਨ ਪਾਲੀ ਦੀ ਘਰਵਾਲੀ ਨੇ ਆਪਣੀ ਛੋਟੀ ਭੈਣ ਦਾ ਰਿਸ਼ਤਾ ਲਾਲੀ ਨੂੰ ਕਰਵਾਉਣ ਦੀ ਗੱਲ ਆਖੀ, ਤਾਂ ਸਾਰਾ ਟੱਬਰ ਝੱਟ ਮੰਨ ਗਿਆ। ਇਹ ਗੱਲ ਜਦੋਂ ਨੰਬਰਦਾਰ ਦੇ ਕੰਨੀਂ ਪਈ ਤਾਂ ਉਸ ਨੂੰ ਲੱਗਿਆ, ਪਾਲੀ ਤੇ ਲਾਲੀ ਨੇ ਜਿਵੇਂ ਉਸ ਦੀ ਜ਼ਮੀਨ ਦੁਆਲੇ ਕੰਡਿਆਲੀ ਤਾਰ ਲਾ ਦਿੱਤੀ ਹੋਵੇ ਤੇ ਚਾਰੇ ਪਾਸਿਓਂ ਰਾਹ ਬੰਦ ਹੋ ਗਏ ਹੋਣ। ਨੰਬਰਦਾਰ ਨੇ ਸਕੂਟਰ ਕੱਢਿਆ ਤੇ ਲਫੰਡਰ ਭਰਾਵਾਂ ਕੋਲ ਪਹੁੰਚ ਗਿਆ ਕਿ ਦੂਜੀ ਭੈਣ ਦਾ ਰਿਸ਼ਤਾ ਲਾਲੀ ਨੂੰ ਨਾ ਕਰੋ। ਲਫੰਡਰਾਂ ਨੂੰ ਲਾਲਚ ਸੀ ਕਿ ਦਾਜ ਦੀ ਕੌਲੀ ਵੀ ਨਹੀਂ ਦੇਣੀ ਪੈਣੀ, ਹੋਰ ਉਨ੍ਹਾਂ ਨੂੰ ਕੀ ਚਾਹੀਦਾ ਹੈ! ਤੇ ਉਨ੍ਹਾਂ ਕੋਲ ਦੇਣ ਨੂੰ ਕੁਝ ਸੀ ਵੀ ਨਹੀਂ। ਨੰਬਰਦਾਰ ਆਪਣਾ ਸਿਰ ਆਪ ਹੀ ਪੁੱਟ ਕੇ ਵਾਪਸ ਆ ਗਿਆ। ਲਾਲੀ ਦਾ ਵੀ ਵਿਆਹ ਹੋ ਗਿਆ। ਦੋਹਾਂ ਭੈਣਾਂ ਨੇ ਆਪਣੀ ਸੱਸ ਨੂੰ ਸੁਰਗਾਂ ਦੇ ਝੂਟੇ ਦਿਵਾ ਦਿੱਤੇ। ਕਮਾਈ ਵਿਚ ਵੀ ਬਰਕਤ ਪੈਣ ਲੱਗੀ। ਹੌਲੀ-ਹੌਲੀ ਟਰੈਕਟਰ ਲੈ ਲਿਆ। ਦੋਵੇਂ ਭਰਾ ਖੇਤੀਂ ਕੰਮ ਕਰਦੇ, ਦੋਵੇਂ ਭੈਣਾਂ ਨੇ ਹੋਰ ਮੱਝਾਂ ਲੈ ਕੇ ਦੁੱਧ ਡੇਅਰੀ ਪਾਉਣਾ ਸ਼ੁਰੂ ਕਰ ਦਿੱਤਾ। ਘਰ ਦਾ ਖਰਚਾ ਦੁੱਧ ਤੋਂ ਚਲਦਾ। ਹਾੜ੍ਹੀ ਸਾਉਣੀ ਦੀ ਕਮਾਈ ਬਚਤ ਵਿਚ ਜੁੜਦੀ ਗਈ।
ਬੇਬੇ ਹਮੇਸ਼ਾ ਕਹਿੰਦੀ, “ਪੁੱਤਰੋ, ਹਮੇਸ਼ਾ ਨਿਮਰਤਾ ਤੇ ਸਬਰ ਦਾ ਪੱਲਾ ਫੜੀ ਰੱਖਣਾ। ਹੰਕਾਰ ਤੇ ਆਕੜ ਨੂੰ ਜ਼ਹਿਰ ਵਾਂਗ ਦੂਰ ਹੀ ਰੱਖਣਾ।” ਪਾਲੀ ਤੇ ਲਾਲੀ ਨੂੰ ਨੰਬਰਦਾਰ ਦੀ ਚਾਲ ਦਾ ਪਤਾ ਤਾਂ ਲੱਗ ਗਿਆ ਸੀ ਪਰ ਕੁੱਬੇ ਦੇ ਵੱਜੀ ਲੱਤ ਵਾਂਗੂੰ ਉਨ੍ਹਾਂ ਦਾ ਕੰਮ ਸੂਤ ਆ ਗਿਆ ਸੀ। ਉਧਰ, ਨੰਬਰਦਾਰ ਦੇ ਸੁਪਨਿਆਂ ਦਾ ਬਾਗ ਉਜੜ ਰਿਹਾ ਸੀ। ਨੰਬਰਦਾਰ ਦੀ ਲਾਲੀ ਤੇ ਪਾਲੀ ਉਤੇ ਰੱਖੀ ਮਾੜੀ ਅੱਖ ਉਨ੍ਹਾਂ ਦੀ ਪਹਿਰੇਦਾਰੀ ਕਰਦੀ ਰਹੀ ਪਰ ਖੁਦ ਆਪਣੇ ਘਰ ਸੰਨ੍ਹ ਲਵਾ ਗਈ। ਉਸ ਦਾ ਪੁੱਤ ਸਿਰੇ ਦਾ ਨਸ਼ੇੜੀ ਤੇ ਬਲੈਕੀਆ ਨਿਕਲਿਆ। ਨੰਬਰਦਾਰ ਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਰਾਜਸਥਾਨ ਦੀ ਪੁਲਿਸ ਨੇ ਭੁੱਕੀ ਸਮੇਤ ਫੜ ਲਿਆ।
ਮਾੜੀਆਂ ਆਦਤਾਂ ਛੇਤੀ ਖਹਿੜਾ ਨਹੀਂ ਛੱਡਦੀਆਂ। ਪੁੱਤ ਨੇ ਨੰਬਰਦਾਰ ਦੀ ਕਮਾਈ ਰੇਤੇ ਵਾਂਗ ਬੁੱਕ ਵਿਚੋਂ ਕੇਰ ਦਿੱਤੀ। ਨੋਟਾਂ ਨਾਲ ਭਰੇ ਖੂਹ ਖਾਲੀ ਹੋ ਜਾਂਦੇ ਹਨ, ਨੰਬਰਦਾਰ ਤਾਂ ਫਿਰ ਕਿਹੜੇ ਬਾਗ ਦੀ ਮੂਲੀ ਸੀ! ਇਕ ਦਿਨ ਬਲੈਕੀਆਂ ਦੀ ਆਪਸੀ ਲੜਾਈ ਵਿਚ ਨੰਬਰਦਾਰ ਦਾ ਪੁੱਤ ਆਖਰੀ ਸਾਹ ਲੈ ਗਿਆ ਅਤੇ ਨੰਬਰਦਾਰ ਜਿਵੇਂ ਜਿਉਂਦਾ ਹੀ ਪੁੱਤ ਦੀ ਚਿਤਾ ਵਿਚ ਸੜ ਗਿਆ ਹੋਵੇ। ਪਾਲੀ ਤੇ ਲਾਲੀ ਦੇ ਦੋ-ਦੋ ਪੁੱਤ ਹੋਏ। ਬੇਬੇ ਨੇ ਸਾਰਿਆਂ ਨੂੰ ਅੰਮ੍ਰਿਤ ਛਕਾ ਲਿਆਂਦਾ। ਸੰਤਾਂ ਦੀ ਸੰਗਤ ਦੀ ਰੰਗਤ ਪਰਿਵਾਰ ‘ਤੇ ਚੜ੍ਹ ਚੁੱਕੀ ਸੀ। ਸਬਰ ਦਾ ਫਲ ਮਿੱਠਾ ਨਿਕਲਿਆ ਸੀ। ਪਾਲੀ ਤੇ ਲਾਲੀ ਨੇ ਕਮਾਈ ਕਰ ਕੇ ਚਾਰ ਕਿੱਲੇ ਜ਼ਮੀਨ ਬੈਅ ਖਰੀਦ ਲਈ। ਨੰਬਰਦਾਰ ‘ਤੇ ਚੜ੍ਹੇ ਕਰਜ਼ੇ ਨੇ ਉਸ ਦਾ ਲੱਕ ਤੋੜ ਦਿੱਤਾ ਸੀ। ਲੋਕਾਂ ਤੋਂ ਲਵਾਏ ਅਗੂੰਠੇ ਉਸ ਦੀ ਸੰਘੀ ਨੱਪ ਰਹੇ ਸਨ। ਫਿਰ ਇਕ ਦਿਨ ਨੰਬਰਦਾਰ ਨੇ ਇਕ ਕਿੱਲਾ ਪਾਲੀ ਹੋਰਾਂ ਨੂੰ ਬੈਅ ਕਰ ਦਿੱਤਾ ਤੇ ਪੰਜ ਸਾਲਾਂ ਵਿਚ ਪੰਜ ਕਿੱਲੇ ਪਾਲੀ ਹੋਰਾਂ ਨੂੰ ਬੈਅ ਲਿਖਾ ਦਿੱਤੇ।
ਹੁਣ ਨੰਬਰਦਾਰ ਦੀ ਜ਼ਮੀਨ ਸੜਕ ਨੂੰ ਲੱਗ ਗਈ ਸੀ, ਪਰ ਜਮ੍ਹਾਂਬੰਦੀ ਪਾਲੀ ਤੇ ਲਾਲੀ ਦੇ ਨਾਂ ਬੋਲਦੀ। ਨੰਬਰਦਾਰ ਦੀ ਘਰਵਾਲੀ ਜ਼ਮੀਨ ਅਤੇ ਪੁੱਤ ਤੋਂ ਖਾਲੀ ਹੀ ਪੁੱਤ ਕੋਲ ਪਹੁੰਚ ਗਈ ਸੀ। ਨੰਬਰਦਾਰ ਨੇ ਇਕ ਦਿਨ ਪਾਲੀ ਨੂੰ ਖੇਤੀਂ ਆਪਣੀ ਘਿਨਾਉਣੀ ਚਾਲ ਦੱਸ ਕੇ ਆਪਣੀ ਹਿੱਕ ਤੋਂ ਮਣਾਂ ਮੂੰਹੀਂ ਭਾਰ ਉਤਾਰ ਲਿਆ। ਥੋੜ੍ਹੇ ਦਿਨਾਂ ਬਾਅਦ ਉਹਨੇ ਫਾਹਾ ਲੈ ਲਿਆ। ਅਖਬਾਰਾਂ ਵਿਚ ਖ਼ਬਰ ਲੱਗੀ-ਕਰਜ਼ਾਈ ਕਿਸਾਨ ਵਲੋਂ ਖੁਦਕਸ਼ੀ।