ਡਾæ ਗੁਰਨਾਮ ਕੌਰ, ਕੈਨੇਡਾ
ਭਾਈ ਗੁਰਦਾਸ ਦੀ ਪਹਿਲੀ ਵਾਰ ਵਿਚ ਗੁਰੂ ਨਾਨਕ ਆਗਮਨ ਤੋਂ ਪਹਿਲਾਂ ਭਾਰਤ ਵਿਚ ਹਿੰਦੂ ਧਰਮ, ਬੁੱਧ ਧਰਮ ਅਤੇ ਇਸਲਾਮ ਧਰਮ (ਜੋ ਬਾਹਰੋਂ ਹਮਲਾਵਰਾਂ ਨਾਲ ਆਇਆ ਸੀ ਪਰ ਬਾਬੇ ਨਾਨਕ ਦੇ ਆਗਮਨ ਵੇਲੇ ਤੱਕ ਭਾਰਤ ਵਿਚ ਪੱਕੇ ਪੈਰੀਂ ਹੋ ਕੇ ਵਧ-ਫੁੱਲ ਰਿਹਾ ਸੀ) ਦੀ ਜੋ ਹਾਲਤ ਸੀ, ਉਸ ਦਾ ਸੰਖੇਪ ਹਵਾਲਾ ਦਿੱਤਾ ਹੋਇਆ ਹੈ।
ਪਹਿਲੀ ਵਾਰ ਦੀ 19ਵੀਂ ਪਉੜੀ ਵਿਚ ਇਸ ਤੱਥ ਦੀ ਚਰਚਾ ਕੀਤੀ ਹੈ ਕਿ ਕਿਵੇਂ ਹਿੰਦੂ ਧਰਮ ਦੇ ਆਗੂਆਂ ਨੇ ਧਰਮ ਦੇ ਨਾਂ ‘ਤੇ ਮਨੁੱਖੀ ਭਾਈਚਾਰੇ ਵਿਚ ਆਪਸੀ ਨਫਰਤ ਪੈਦਾ ਕੀਤੀ। ਵੈਦਿਕ ਜਾਂ ਆਰੀਆ ਜਾਂ ਸਨਾਤਨ ਧਰਮ ਜਿਸ ਨੂੰ ਵਰਤਮਾਨ ਜੁਗ ਵਿਚ ਹਿੰਦੂ ਧਰਮ ਕਿਹਾ ਜਾਂਦਾ ਹੈ, ਦੀ ਨੀਂਹ ਵਰਣ-ਆਸ਼੍ਰਮ ਧਰਮ ਦੇ ਸਿਧਾਂਤ ‘ਤੇ ਟਿਕੀ ਹੋਈ ਹੈ। ਇਸ ਸਿਧਾਂਤ ਅਨੁਸਾਰ ਮਨੁੱਖੀ ਸਮਾਜ (ਭਾਰਤੀ ਸਮਾਜ) ਨੂੰ ਚਾਰ ਵਰਣਾਂ ਵਿਚ ਵੰਡਿਆ ਗਿਆ। ਇਥੇ ਇਹ ਜਾਣ ਲੈਣਾ ਵੀ ਜ਼ਰੂਰੀ ਹੈ ਕਿ ਵਰਣ ਦਾ ਅਰਥ ਰੰਗ/ਨਸਲ ਹੁੰਦਾ ਹੈ ਜਿਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਇਹ ਪ੍ਰਤੱਖ ਰੂਪ ਵਿਚ ਨਸਲੀ ਪੱਖਪਾਤ ‘ਤੇ ਆਧਾਰਤ ਸਿਧਾਂਤ ਹੈ। ਇਸ ਦੇ ਬਾਕੀ ਅਰਥ ਪਾਠਕ ਖੁਦ ਸਮਝ ਸਕਦੇ ਹਨ ਕਿਉਂਕਿ ਭਾਰਤ ਦੇ ਅਸਲੀ ਵਸਨੀਕ ਦਰਾਵੜ ਨਸਲ ਦੇ ਸਨ ਜੋ ਰੰਗ ਦੇ ਸਾਂਵਲੇ ਸਨ ਅਤੇ ਆਰੀਆ ਗੋਰੀ ਨਸਲ ਦੇ ਲੋਕ ਸਨ। ਵਰਣ ਵੰਡ ਸਮਾਜ ਦੀ ਦਰਜਾਬੰਦੀ ਸੀ ਜਿਸ ਅਨੁਸਾਰ ਬ੍ਰਾਹਮਣ ਦਾ ਦਰਜਾ ਸਮਾਜ ਵਿਚ ਸਭ ਤੋਂ ਉਪਰ ਮੰਨਿਆ ਗਿਆ ਹੈ। ਦੂਜੇ ਦਰਜੇ ‘ਤੇ ਖੱਤਰੀ (ਕਸ਼ਤ੍ਰੀ), ਤੀਜੇ ਤੇ ਵੈਸ਼ ਅਤੇ ਚੌਥੇ ਤੇ ਸਭ ਤੋਂ ਹੇਠਲੇ ਦਰਜੇ ‘ਤੇ ਸ਼ੂਦਰ ਨੂੰ ਰੱਖਿਆ ਗਿਆ। ਹਰ ਵਰਣ ਦਾ ਆਪਣਾ-ਆਪਣਾ ਧਰਮ ਨਿਸ਼ਚਿਤ ਕੀਤਾ ਗਿਆ। ਇਸੇ ਤਰ੍ਹਾਂ ਮਨੁੱਖਾ ਜੀਵਨ ਸੌ ਸਾਲ ਦਾ ਮੰਨ ਕੇ ਚਾਰ ਆਸ਼ਰਮਾਂ ਵਿਚ ਵੰਡ ਦਿੱਤਾ ਗਿਆ। ਹਰ ਆਸ਼ਰਮ 25 ਸਾਲ ਦਾ ਅਤੇ ਹਰ ਆਸ਼ਰਮ ਵਿਚ ਮਨੁੱਖ ਦਾ ਆਪਣੇ ਆਪਣੇ ਵਰਣ ਅਨੁਸਾਰ ਅਲੱਗ-ਅਲੱਗ ਧਰਮ, ਤੇ ਇਹ ਆਸ਼ਰਮ ਵੰਡ ਸਿਰਫ ਉਚ-ਜਾਤਾਂ ਲਈ ਸੀ, ਕਿਉਂਕਿ ਨੀਵੀਆਂ ਕਹੀਆਂ ਜਾਣ ਵਾਲੀਆਂ ਜਾਤਾਂ ਨੂੰ ਤਾਂ ਆਸ਼ਰਮ ਅਨੁਸਾਰ ਧਰਮ ਕਮਾਉਣ ਦਾ ਕੋਈ ਹੱਕ ਹੀ ਨਹੀਂ ਸੀ। ਮੁੱਢ ਵਿਚ ਇਹ ਵਰਣ ਵੰਡ ਭਾਵੇਂ ਕਿੱਤੇ ਅਨੁਸਾਰ ਕੀਤੀ ਗਈ ਹੋਵੇ, ਪਰ ਮਨੂ ਸਿਮ੍ਰਤੀ ਅਤੇ ਹੋਰ ਗ੍ਰੰਥਾਂ ਦੇ ਅਧਿਐਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਵਰਣ-ਪ੍ਰਬੰਧ ਵਿਚ ਕੋਈ ਲਚਕਤਾ ਨਹੀਂ ਸੀ, ਅਰਥਾਤ ਕੋਈ ਵੀ, ਭਾਵੇਂ ਕਿੰਨਾ ਵੀ ਸੁਜੱਗ ਹੋਵੇ, ਕਿੱਤੇ ਅਨੁਸਾਰ ਆਪਣਾ ਵਰਣ ਬਦਲਣ ਦਾ ਹੱਕ ਨਹੀਂ ਸੀ ਰੱਖਦਾ। ਇਸ ਵਰਣ-ਆਸ਼੍ਰਮ ਵੰਡ ਨੇ ਕਿਹੋ ਜਿਹੇ ‘ਗੁਲ’ ਖਿਲਾਏ, ਇਸ ਦਾ ਸੰਖੇਪ ਜ਼ਿਕਰ ਭਾਈ ਗੁਰਦਾਸ ਨੇ ਪਹਿਲੀ ਵਾਰ ਦੀ ਇਸ 19ਵੀਂ ਪਉੜੀ ਵਿਚ ਕੀਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੁਸਤਕ ਰੂਪ ਵਿਚ ਛਾਪੀਆਂ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਇਸ ਪਉੜੀ ਦਾ ਸਿਰਲੇਖ ਦਿੱਤਾ ਹੈ: ਭੇਖ-ਨਿਰਣਯ ਅਤੇ ਭੇਖ ਦਾ ਇੱਕ ਅਰਥ ਧਰਮ ਜਾਂ ਧਾਰਮਿਕ ਫਿਰਕਾ ਵੀ ਹੈ। ਭਾਈ ਗੁਰਦਾਸ ਅਨੁਸਾਰ ਇਹ ਚਾਰ ਵਰਣ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੁਦਰ; ਚਾਰ ਆਸ਼ਰਮ ਬ੍ਰਮਚਰਯ, ਗ੍ਰਹਿਸਥ, ਵਾਨ ਪ੍ਰਸਤ ਅਤੇ ਸੰਨਿਆਸ ਦਾ ਸਿਧਾਂਤ ਦਿੱਤਾ ਗਿਆ, ਇਸ ਨਾਲ ਸੰਸਾਰ ਵਿਚ ਨਫਰਤ ਪੈਦਾ ਹੋਈ। (ਇਸ ਸਾਰੀ ਵੰਡ ਦਾ ਆਧਾਰ ਵੈਦਿਕ ਧਰਮ ਦੇ ਸ਼ਾਸਤਰ ਸਨ। ਇਸ ਲਈ ਇਨ੍ਹਾਂ ਸ਼ਾਸਤਰਾਂ ਨੇ ਜੋ ਵੰਡੀਆਂ ਪਾਈਆਂ, ਉਹ ਅੱਗੇ ਦੱਸਿਆ ਹੈ)। ਭਾਈ ਗੁਰਦਾਸ ਅਨੁਸਾਰ ਇਸ ਵੰਡ ਤੋਂ ਸੰਨਿਆਸੀਆਂ ਦੇ ਦਸ ਫਿਰਕੇ ਜਿਵੇਂ ਗਿਰੀ, ਪੁਰੀ, ਭਾਰਤੀ, ਸਰਸਵਤੀ, ਦੰਡੀ, ਆਰਣਯ ਵਗੈਰਾ-ਵਗੈਰਾ ਅਤੇ ਜੋਗੀਆਂ ਦੇ ਬਾਰਾਂ ਫਿਰਕੇ, ਪੰਥ ਜਾਂ ਰਸਤੇ ਕਾਇਮ ਹੋ ਗਏ। ਕਹਾਣੀ ਇਥੇ ਹੀ ਖਤਮ ਨਹੀਂ ਹੁੰਦੀ, ਅਗਾਂਹ ਜੰਗਮ (ਰਮਤੇ ਸਾਧੂ), ਸਰੇਵੜੇ, ਦਿਗੰਬਰ ਆਦਿ ਅਨੇਕ ਕਿਸਮ ਦੇ ਫਿਰਕੇ ਪੈਦਾ ਹੋ ਗਏ ਜਿਸ ਕਾਰਨ ਵਾਦ-ਵਿਵਾਦ ਤੇ ਝਗੜੇ ਸ਼ੁਰੂ ਹੋ ਗਏ। ਵਰਣ ਵੰਡ ਅਨੁਸਾਰ ਵੇਦਾਂ ਅਤੇ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕਰਨ ਅਤੇ ਦੂਜਿਆਂ ਨੂੰ ਗਿਆਨ ਦੇਣ ਦਾ ਅਧਿਕਾਰ ਸਿਰਫ ਬ੍ਰਾਹਮਣ ਨੂੰ ਸੀ। ਇਸ ਲਈ ਭਾਈ ਗੁਰਦਾਸ ਅਨੁਸਾਰ ਬ੍ਰਾਹਮਣ ਜਮਾਤ ਨੇ ਵੇਦਾਂ, ਸ਼ਾਸਤਰਾਂ, ਪੁਰਾਣਾਂ ਦੀ ਵਿਆਖਿਆ ਅਤੇ ਬਹਿਸ ਰਾਹੀਂ ਲੋਕਾਂ ਨੂੰ ਆਪਸ ਵਿਚ ਲੜਾਇਆ। ਛੇ ਦਰਸ਼ਨਾਂ ਦੀ ਆਪਣੀ-ਆਪਣੀ ਵਿਚਾਰਧਾਰਾ ਅਤੇ ਉਨ੍ਹਾਂ ਨੂੰ ਮੰਨਣ ਵਾਲੇ ਵੀ ਵੱਖਰੇ-ਵੱਖਰੇ, ਉਨ੍ਹਾਂ ਦਰਸ਼ਨਾਂ ਨਾਲ ਛੱਤੀ ਕਿਸਮ ਦੇ ਪਖੰਡ ਰਲਾ ਕੇ ਤੰਤਰ-ਮੰਤਰ, ਕਰਾਮਾਤਾਂ ਆਦਿ ਰਾਹੀਂ ਲੋਕਾਂ ਨੂੰ ਕੋਈ ਗਿਆਨ ਦੇਣ ਦੀ ਥਾਂ ਅਗਿਆਨ ਵਿਚ ਲਪੇਟਿਆ, ਉਨ੍ਹਾਂ ਨੂੰ ਭਰਮ-ਜਾਲ ਵਿਚ ਫਸਾਇਆ।
ਭਈ ਗਿਲਾਨਿ ਜਗਤ੍ਰਿ ਵਿਚਿ ਚਾਰਿ ਵਰਨਿ ਆਸ੍ਰਮ ਉਪਾਏ।
ਦਸਿ ਨਾਮਿ ਸੰਨਿਆਸੀਆ ਜੋਗੀ ਬਾਰਹ ਪੰਥਿ ਚਲਾਏ।
ਜੰਗਮ ਅਤੇ ਸਰੇਵੜੇ ਦਗੇ ਦਿਗੰਬਰਿ ਵਾਦਿ ਕਰਾਏ।
ਬ੍ਰਹਮਣਿ ਬਹੁ ਪਰਕਾਰਿ ਕਰਿ ਸਾਸਤ੍ਰਿ ਵੇਦ ਪੁਰਾਣਿ ਲੜਾਏ।
ਖਟੁ ਦਰਸਨ ਬਹੁ ਵੈਰਿ ਕਰਿ ਨਾਲਿ ਛਤੀਸਿ ਪਖੰਡ ਰਲਾਏ।
ਤੰਤ ਮੰਤ ਰਾਸਾਇਣਾ ਕਰਾਮਾਤਿ ਕਾਲਖਿ ਲਪਟਾਏ।
ਇਕਸਿ ਤੇ ਬਹੁ ਰੂਪਿ ਕਰਿ ਰੂਪਿ ਕਰੂਪੀ ਘਣੇ ਦਿਖਾਏ।
ਕਲਿਜੁਗਿ ਅੰਦਰਿ ਭਰਮਿ ਭੁਲਾਏ॥19॥
ਪਿਛਲੇ ਕੁਝ ਸਮੇਂ ਤੋਂ ਅਖਬਾਰਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਜੋ ਜਨਤਕ ਹਿੱਤ ਤੋਂ ਬਹੁਤੀਆਂ ਸੁਖਾਵੀਆਂ ਨਹੀਂ ਕਹੀਆਂ ਜਾ ਸਕਦੀਆਂ, ਬਲਕਿ ਸ਼ਾਂਤੀ ਬਣਾਈ ਰੱਖਣ ਦੇ ਨਜ਼ਰੀਏ ਤੋਂ ਹਾਨੀਕਾਰਕ ਹਨ। ਕਦੀ ਖਬਰ ਆ ਜਾਂਦੀ ਹੈ ਕਿ ਸੰਘ ਮੁਖੀ ਵਲੋਂ ਹਿੰਦੂਤਵ ਦੇ ਏਜੰਡੇ ਨੂੰ ਪ੍ਰੋਮੋਟ ਕਰਨ ਲਈ ਦੂਰਦਰਸ਼ਨ ਦੀ ਦੁਰਵਰਤੋਂ ਕੀਤੀ ਗਈ, ਕਦੀ ਹਿੰਦੁਸਤਾਨ ਵਿਚ ਰਹਿਣ ਵਾਲੇ ਸਾਰੇ ਹਿੰਦੂ ਹਨ, ਕਦੀ ਆਰæਐਸ਼ਐਸ਼ ਵਲੋਂ ਪੰਜਾਬ ਵਿਚ ਤਾਕਤ ਦਾ ਵਿਖਾਵਾ ਅਤੇ ਖ਼ਬਰ ਇਹ ਵੀ ਹੈ ਕਿ “ਆਰæਐਸ਼ਐਸ਼ ਦੀ ਧਰਮ ਬਦਲੀ ਮੁਹਿੰਮ ਗੁਰੂ ਕੀ ਵਡਾਲੀ ਪੁੱਜੀæææਧਰਮ ਜਾਗਰਨ ਮੰਚ ਵਲੋਂ 128 ਈਸਾਈਆਂ ਦੀ ਸਿੱਖ ਧਰਮ ਵਿਚ ਵਾਪਸੀæææ। ਇਸ ਗੱਲ ਦਾ ਖੁਲਾਸਾ ਪਹਿਲਾਂ ਵੀ ਡਾæ ਮਹੀਪ ਸਿੰਘ ‘ਪੰਜਾਬ ਟਾਈਮਜ਼’ ਵਿਚ ਛਪੇ ਆਪਣੇ ਇਕ ਲੇਖ ਵਿਚ ਹੀ ਕਰ ਚੁੱਕੇ ਹਨ ਕਿ ‘ਹਿੰਦੂ’ ਸ਼ਬਦ ‘ਸਿੰਧੂ’ ਤੋਂ ਹੀ ਆਇਆ ਹੈ ਜੋ ‘ਇੰਡਸ’ ਦਰਿਆ ਨੂੰ ਕਿਹਾ ਜਾਂਦਾ ਸੀ ਜਿਹੜਾ ਭਾਰਤੀ ਉਪ-ਮਹਾਦੀਪ (ਇੰਡੀਅਨ ਸਬ-ਕੰਟੀਨੈਂਟ) ਦੇ ਉਤਰੀ-ਪੱਛਮੀ ਹਿੱਸੇ ਵਿਚ ਵਗਦਾ ਸੀ। ‘ਸਿੰਧੂ’ ਦਾ ਅਰਥ ਸਮੁੰਦਰ ਵੀ ਹੈ। ਸ਼ਬਦ ‘ਹਿੰਦੂ’ ਜਾਂ ‘ਇੰਦੂ’ ਗਰੀਕਾਂ, ਅਰਥਾਤ ਯੂਨਾਨੀਆਂ ਵਲੋਂ ਉਨ੍ਹਾਂ ਲੋਕਾਂ ਜਾਂ ਦੇਸ਼ ਲਈ ਵਰਤਿਆ ਜਾਂਦਾ ਸੀ ਜੋ ‘ਇੰਡਸ’ ਦਰਿਆ ਦੇ ਪਾਰ ਰਹਿੰਦੇ ਸੀ। ਚੌਥੀ ਸਦੀ ਬੀæਸੀæਈæ ਵਿਚ ਮੈਗਸਥਨੀਜ਼ ਵਲੋਂ ਵਰਤਿਆ ‘ਇੰਡਿਕਾ’ ਨਾਮ ਇੰਡੀਆ ਅਤੇ ਇੰਡਿਕਾ ਦਾ ਹੀ ਸਾਰ-ਤੱਤ ਹੈ। ‘ਹਿੰਦੂ’ ਸ਼ਬਦ ਯੂਨਾਨੀਆਂ ਵਲੋਂ ਵਰਤੇ ਜਾਂਦੇ ਇਸ ਸ਼ਬਦ ਦਾ ਹੀ ਪਸਾਰ ਹੈ। ਅਰਬੀ ਸ਼ਬਦ ਅਲ-ਹਿੰਦ ਦਾ ਅਰਥ ਵੀ ‘ਇੰਡਸ’ ਦਰਿਆ ਦੇ ਇਸ ਪਾਰ ਰਹਿਣ ਵਾਲੇ ਲੋਕਾਂ ਤੋਂ ਹੈ। ਹੁਣ ਦੇ ‘ਹਿੰਦੂ’ ਕਹੇ ਜਾਣ ਵਾਲਿਆਂ ਲਈ ਮੁੱਢਲਾ ਸ਼ਬਦ ‘ਸਨਾਤਨ’ ਜਾਂ ‘ਆਰੀਆ’ ਸੀ। ਕਈਆਂ ਦਾ ਕਹਿਣਾ ਹੈ ਕਿ ਯੂਰਪੀ ਵਪਾਰੀਆਂ ਨੇ ਇਸ ਸ਼ਬਦ ਨੂੰ ਸਾਮੀ ਧਰਮਾਂ ਨੂੰ ਨਾ ਮੰਨਣ ਵਾਲੇ ਸਾਰੇ ਲੋਕਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਖ਼ੈਰ! ਇਸ ਦੇ ਵਿਸਥਾਰ ਵਿਚ ਨਾ ਜਾਂਦਿਆਂ ਭਾਈ ਗੁਰਦਾਸ ਦੀਆਂ ਵਾਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ 15ਵੀਂ ਸਦੀ ਤੱਕ, ਅਰਥਾਤ ਭਾਰਤ ਤੇ ਬਾਹਰੋਂ ਆਏ ਮੁਸਲਮਾਨ ਹਮਲਾਵਰਾਂ ਦੇ ਕਬਜ਼ੇ ਤੋਂ ਬਾਅਦ ‘ਹਿੰਦੂ’ ਸ਼ਬਦ ਵੈਦਿਕ ਧਰਮ, ਆਰੀਆ ਅਰਥਾਤ ਸਨਾਤਨੀਆਂ ਲਈ ਵਰਤਿਆ ਜਾਣ ਲੱਗ ਪਿਆ ਸੀ, ਭਾਵ ਉਨ੍ਹਾਂ ਲੋਕਾਂ ਲਈ ਜੋ ਵੇਦਾਂ, ਵੇਦ-ਸ਼ਾਸਤਰਾਂ, ਪੁਰਾਣਾਂ ਵਿਚ ਵਿਸ਼ਵਾਸ ਰੱਖਦੇ ਸੀ ਅਤੇ ਤਿਲਕ-ਜੰਞੂ ਧਾਰਨ ਕਰਦੇ ਸਨ/ਹਨ। ਸ਼੍ਰਮਣਕਾਂ ਅਰਥਾਤ ਬੋਧੀਆਂ, ਜੈਨੀਆਂ ਦੀ ਵੱਖਰੀ ਪਛਾਣ ਸੀ ਜਿਸ ਦਾ ਜ਼ਿਕਰ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਮਿਲਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਵੀ,
ਚਾਰਿ ਵਰਨਿ ਚਾਰਿ ਮਜਹਬਾਂ ਜਗਿ ਵਿਚਿ ਹਿੰਦੂ ਮੁਸਲਮਾਣੇ।
ਖੁਦੀ ਬਖੀਲਿ ਤਕਬਰੀ ਖਿੰਚੋਤਾਣਿ ਕਰੇਨਿ ਧਿਙਾਣੇ।
ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੇ।
ਸੁੰਨਤਿ ਮੁਸਲਮਾਣ ਦੀ ਤਿਲਕ ਜੰਞੂ ਹਿੰਦੂ ਲੋਭਾਣੇ।
ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹ ਭੁਲਾਣੇ।
ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਮ੍ਹਣਿ ਮਉਲਾਣੇ।
ਸਿਰੋ ਨਾ ਮਿਟੇ ਆਵਣਿ ਜਾਣੇ॥21॥
ਸਿੱਖ ਧਰਮ, ਹਿੰਦੂ ਧਰਮ ਤੋਂ ਬਿਲਕੁਲ ਵੱਖਰਾ ਅਤੇ ਨਿਵੇਕਲਾ ਹੈ। ਗੁਰੂ ਨਾਨਕ ਦੇ ਸਥਾਪਤ ਕੀਤੇ ਧਰਮ ਦਾ ਹਿੰਦੂ ਧਰਮ ਦੇ ਆਧਾਰ ਵਰਣ-ਆਸ਼ਰਮ ਵੰਡ ਨਾਲ ਕੋਈ ਸਬੰਧ ਨਹੀਂ ਹੈ। ਗੁਰੂ ਨਾਨਕ ਦਾ ਧਰਮ ਵੇਦਾਂ ਜਾਂ ਹੋਰ ਹਿੰਦੂ ਧਰਮ-ਸ਼ਾਸਤਰਾਂ ਵਿਚ ਵਿਸ਼ਵਾਸ ਨਹੀਂ ਰੱਖਦਾ, ਮੂਰਤੀ ਪੂਜਾ ਜੋ ਹਿੰਦੂ ਧਰਮ ਦਾ ਅਨਿਖੜਵਾਂ ਅੰਗ ਹੈ, ਦੀ ਸਿੱਖ ਧਰਮ ਵਿਚ ਮਨਾਹੀ ਹੈ। ਸਿੱਖ ਧਰਮ ਵਿਚ ਕੋਈ ਵੀ ਸ਼ਾਮਲ ਹੋ ਸਕਦਾ ਹੈ, ਕਿਸੇ ਨੂੰ ਮਨਾਹੀ ਨਹੀਂ ਹੈ। ਇਹ ਚਾਰ ਵਰਣਾਂ ਨੂੰ ਇੱਕ ਕਰਦਾ ਹੈ ਕਿਉਂਕਿ ਸਭ ਉਸੇ ਇੱਕੋ ਰੱਬੀ ਜੋਤਿ ਤੋਂ ਪ੍ਰਕਾਸ਼ਤ ਹਨ। ਇੱਥੇ ਇਹ ਸਿਧਾਂਤ ਲਾਗੂ ਨਹੀਂ ਹੁੰਦਾ ਕਿ ਚਾਰੇ ਵਰਣ ‘ਵਿਰਾਟ ਪੁਰਸ਼’ ਦੇ ਚਾਰ ਵੱਖ-ਵੱਖ ਅੰਗਾਂ ਤੋਂ ਪੈਦਾ ਹੋਏ। ਸਿੱਖ ਧਰਮ ਇੱਕੋ ਅਕਾਲ ਪੁਰਖ ਦੀ ਹਸਤੀ ਵਿਚ ਵਿਸ਼ਵਾਸ ਰੱਖਦਾ ਹੈ। ਬ੍ਰਹਮਾ, ਵਿਸ਼ਨੂੰ, ਮਹੇਸ਼ ਆਦਿ ਅਲੱਗ-ਅਲੱਗ ਕਾਰਜਾਂ ਵਾਲੀਆਂ ਦੈਵੀ ਹਸਤੀਆਂ ਜਾਂ ਇਨ੍ਹਾਂ ਦੇ ਅਵਤਾਰਾਂ ਦੇ ਸਿਧਾਂਤ ਨੂੰ ਸਿੱਖ ਧਰਮ ਵਿਚ ਨਕਾਰਿਆ ਗਿਆ ਹੈ। ਕਿਸੇ ਵੀ ਧਰਮ ਦੀ ਅੱਡਰੀ ਪਛਾਣ ਲਈ ਚਾਰ ਚੀਜ਼ਾਂ ਲੋੜੀਂਦੀਆਂ ਹਨ। ਇੱਕ, ਉਸ ਦਾ ਸੰਸਥਾਪਕ ਜਾਂ ਪੈਗੰਬਰ; ਦੋ, ਉਸ ਦਾ ਧਾਰਮਿਕ ਗ੍ਰੰਥ; ਤਿੰਨ, ਉਸ ਦਾ ਧਾਰਮਿਕ ਸਥਾਨ; ਚਾਰ, ਉਸ ਦੇ ਅਨੁਯਾਈ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਪਹਿਲੀ ਨਾਨਕ ਜੋਤਿ ਤੋਂ ਲੈ ਕੇ ਦਸਮ ਗੁਰੂ ਗੋਬਿੰਦ ਸਿੰਘ ਤੱਕ ਜਿਨ੍ਹਾਂ ਨੇ ਖ਼ਾਲਸੇ ਦੀ ਸਿਰਜਣਾ ਕਰ ਕੇ ਸਿੱਖ ਧਰਮ ਨੂੰ ਅੰਤਿਮ ਸਰੂਪ ਬਖਸ਼ਿਸ਼ ਕੀਤਾ, ਤੱਕ ਦਸ ਗੁਰੂ ਸਾਹਿਬਾਨ ਹੋਏ ਹਨ ਜਿਨ੍ਹਾਂ ਵਿਚ ਇੱਕੋ ਰੱਬੀ ਜੋਤਿ ਪ੍ਰਵਾਨ ਕੀਤੀ ਗਈ ਹੈ। ਗੁਰੂ ਸਾਹਿਬਾਨ ਦਾ ਹਿੰਦੂ ਦੇਵੀ ਦੇਵਤਿਆਂ ਜਾਂ ਅਵਤਾਰਾਂ ਜਾਂ ਉਸ ਦੇ ਧਰਮ ਗ੍ਰੰਥਾਂ ਨਾਲ ਕੋਈ ਸਬੰਧ ਨਹੀਂ ਹੈ। ਸਿੱਖਾਂ ਦਾ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਦਾ ਸੰਕਲਨ ਪੰਜਵੇਂ ਗੁਰੂ ਅਰਜਨ ਦੇਵ ਨੇ ਆਪ ਕੀਤਾ ਅਤੇ ਦਸਵੇਂ ਗੁਰੂ ਨੇ ਨੌਵੇਂ ਗੁਰੂ ਦੀ ਬਾਣੀ ਸ਼ਾਮਲ ਕਰ ਕੇ ਨਾ ਸਿਰਫ ਇਸ ਨੂੰ ਸੰਪੂਰਨ ਕੀਤਾ, ਬਲਕਿ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਬਕਾਇਦਾ ਸਿੱਖ ਪਰੰਪਰਾ ਅਨੁਸਾਰ ਸ਼ਬਦ ਗੁਰੂ ਥਾਪਿਆ ਅਤੇ ਸਰਬ ਸਮਿਆਂ ਵਾਸਤੇ ਸਿੱਖਾਂ ਨੂੰ ਅਗਵਾਈ ਗੁਰੂ ਗ੍ਰੰਥ ਸਾਹਿਬ ਤੋਂ ਲੈਣ ਦਾ ਆਦੇਸ਼ ਕੀਤਾ। ਸਿੱਖਾਂ ਦਾ ਧਾਰਮਿਕ ਸਥਾਨ ਗੁਰਦੁਆਰਾ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਨਾਨਕ ਸਮੇਂ ਇਸ ਨੂੰ ਧਰਮਸਾਲ ਕਿਹਾ ਜਾਂਦਾ ਸੀ। ਗੁਰੂ ਨਾਨਕ ਦੇ ਸਥਾਪਤ ਕੀਤੇ ਧਰਮ ਵਿਚ ਕੋਈ ਉਚਾ ਜਾਂ ਨੀਵਾਂ, ਛੋਟਾ ਜਾਂ ਵੱਡਾ, ਰਾਜਾ ਜਾਂ ਪਰਜਾ ਨਹੀਂ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਹੈ ਜਿਸ ਵਿਚ ਸਿੱਖ ਧਰਮ ਦੇ ਸੰਸਥਾਪਕਾਂ ਦੀ ਬਾਣੀ ਦੇ ਨਾਲ ਹਿੰਦੂ ਭਗਤਾਂ, ਭੱਟਾਂ ਅਤੇ ਮੁਸਲਮਾਨ ਸੂਫ਼ੀ ਕਵੀਆਂ ਦੀ ਬਾਣੀ ਵੀ ਸ਼ਾਮਲ ਹੈ। ਭਾਈ ਗੁਰਦਾਸ ਦੇ ਸ਼ਬਦਾਂ ਵਿਚ,
ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੂ ਨਾਨਕ ਜਗ ਮਾਹਿ ਪਠਾਇਆ।
ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ।
ਪਾਰਬ੍ਰਹਮੁ ਪੂਰਨ ਬ੍ਰਹਮੁ ਕਲਿਜੁਗਿ ਅੰਦਰਿ ਇਕੁ ਦਿਖਾਇਆ।
ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਇਆ।
ਰਾਣਾ ਰੰਕੁ ਬਰਾਬਰੀ ਪੈਰੀ ਪਾਵਣਾ ਜਗਿ ਵਰਤਾਇਆ।
ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ।
ਕਲਿਜੁਗੁ ਬਾਬੇ ਤਾਰਿਆ ਸਤਿ ਨਾਮੁ ਪੜ੍ਹਿ ਮੰਤ੍ਰ ਸੁਣਾਇਆ।
ਕਲਿ ਤਾਰਣਿ ਗੁਰੁ ਨਾਨਕੁ ਆਇਆ॥23॥
ਅੱਗੇ ਗੱਲ ਆਉਂਦੀ ਹੈ ਧਰਮ ਬਦਲੀ, ਸ਼ੁੱਧੀ ਜਾਂ ਘਰ ਵਾਪਸੀ ਦੀ ਜਿਸ ਦਾ ਅੱਜ ਕੱਲ੍ਹ ਖੂਬ ਚਰਚਾ ਹੈ। ਜਿਨ੍ਹਾਂ ਧਰਮਾਂ ਵਿਚ ਕਨਵਰਸ਼ਨ ਰਾਹੀਂ, ਅਰਥਾਤ ਧਰਮ ਧਾਰਨ ਕਰ ਕੇ ਪ੍ਰਵੇਸ਼ ਕਰਨ ਦੀ ਪਰੰਪਰਾ ਹੈ ਜਿਵੇਂ ਭਾਰਤੀ ਧਰਮਾਂ ਵਿਚ ਸ਼੍ਰਮਣਕ ਧਰਮ ਪਰੰਪਰਾਵਾਂ ਅਤੇ ਸਿੱਖ ਧਰਮ ਅਤੇ ਭਾਰਤ ਤੋਂ ਬਾਹਰੋਂ ਆਏ ਸਾਮੀ ਧਰਮ; ਉਨ੍ਹਾਂ ਧਰਮਾਂ ਵਿਚ ਹੀ ਬੰਦਾ ਉਸ ਧਰਮ ਦੀ ਪਰੰਪਰਾ ਅਨੁਸਾਰ ਪ੍ਰਵੇਸ਼ ਕਰ ਸਕਦਾ ਜਾਂ ਦੁਬਾਰਾ ਪ੍ਰਵੇਸ਼ ਕਰ ਸਕਦਾ ਹੈ। ਆਰੀਆ ਧਰਮ ਜਾਂ ਵੈਦਿਕ ਧਰਮ ਜਾਂ ਸਨਾਤਨ ਧਰਮ ਜਿਸ ਨੂੰ ਅੱਜ ਕੱਲ੍ਹ ਹਿੰਦੂ ਧਰਮ ਕਿਹਾ ਜਾਂਦਾ ਹੈ, ਵਿਚ ਨਾ ਵਾਪਸੀ ਸੰਭਵ ਹੈ, ਨਾ ਸ਼ੁੱਧੀ ਆਦਿ, ਕਿਉਂਕਿ ਹਿੰਦੂ ਧਰਮ ਜਨਮ ਤੋਂ ਹੈ। ਇਸ ਨੂੰ ਮਰਜ਼ੀ ਨਾਲ ਛੱਡ ਕੇ ਹੋਰ ਧਰਮ ਧਾਰਨ ਤਾਂ ਕੀਤਾ ਜਾ ਸਕਦਾ ਹੈ, ਪਰ ਹਿੰਦੂ ਧਰਮ ਨੂੰ ਧਾਰਨ ਨਹੀਂ ਕੀਤਾ ਜਾ ਸਕਦਾ। ਹਿੰਦੂ ਧਰਮ ਪਰੰਪਰਾ ਅਨੁਸਾਰ ਤਾਂ ਮਨੁੱਖ ਆਪਣਾ ਵਰਣ ਜਾਂ ਜਾਤਿ ਨਹੀਂ ਬਦਲ ਸਕਦਾ, ਧਰਮ ਬਦਲੀ ਕਰ ਕੇ ਹਿੰਦੂ ਕਿਵੇਂ ਬਣ ਸਕਦਾ ਹੈ? ਕੀ ਜੇ ਕੋਈ ਹਰੀਜਨ ਪਹਿਲਾਂ ਈਸਾਈ ਜਾਂ ਕੁੱਝ ਹੋਰ ਬਣ ਗਿਆ ਹੋਵੇ, ਜੇ ਉਹ ਵਾਪਸ ਆਵੇ ਅਤੇ ਬ੍ਰਾਹਮਣ ਬਣਨਾ ਚਾਹੇ, ਉਸ ਨੂੰ ਮੰਦਰ ਦਾ ਪੁਜਾਰੀ ਬਣਨ, ਯੱਗ ਕਰਨ ਅਤੇ ਉਸ ਵਿਚ ਵੇਦ ਮੰਤਰ ਉਚਾਰਨ ਦੀ ਆਗਿਆ ਹੋਵੇਗੀ? ਜਿਥੋਂ ਤੱਕ ਮੇਰੀ ਜਾਣਕਾਰੀ ਹੈ, ਬਿਲਕੁਲ ਆਗਿਆ ਨਹੀਂ ਮਿਲੇਗੀ। ਫਿਰ ਸ਼ੁੱਧੀ ਜਾਂ ਵਾਪਸੀ ਕਿਸ ਗੱਲ ਦੀ? ਇਹ ਸਭ ਰਾਜਨੀਤਕ ਸਟੰਟ ਅਤੇ ਧਾਰਮਿਕ ਪਖੰਡ ਹੈ ਜਿਸ ਦਾ ਜ਼ਿਕਰ ਆਸਾ ਦੀ ਵਾਰ ਅਤੇ ਬਾਣੀ ਵਿਚ ਹੋਰ ਕਈ ਥਾਂਈਂ ਆ ਚੁੱਕਾ ਹੈ। ਸਿੱਖ ਧਰਮ ਵਿਚ ਕੋਈ ਵੀ ਮਨੁੱਖ ਸ਼ਾਮਲ ਹੋ ਸਕਦਾ ਹੈ, ਵਾਪਸ ਆ ਸਕਦਾ ਹੈ, ਇਸ ਵਿਚ ਕੋਈ ਕਿੰਤੂ-ਪ੍ਰੰਤੂ ਨਹੀਂ ਹੈ, ਪਰ ਸਿੱਖ ਧਰਮ ਵਿਚ ਕਿਸੇ ਦਾ ਵੀ ਜਬਰੀ ਧਰਮ ਨਾ ਬਦਲਿਆ ਜਾਂਦਾ ਹੈ, ਨਾ ਥੋਪਿਆ ਜਾਂਦਾ ਹੈ। ਜੇ ਇਹੀ ਗੱਲ ਹੁੰਦੀ, ਤਾਂ ਜਿਵੇਂ ਔਰੰਗਜ਼ੇਬ ਆਪਣੀ ਤਾਕਤ ਨਾਲ ਜਨਤਾ ਨੂੰ ਇਸਲਾਮ ਧਰਮ ਕਬੂਲ ਕਰਵਾ ਰਿਹਾ ਸੀ, ਗੁਰੂ ਗੋਬਿੰਦ ਸਿੰਘ ਵੀ ਆਪਣੇ ਪਾਸ ਆਉਣ ਵਾਲੇ ਹਰ ਵਿਅਕਤੀ ਨੂੰ ਪਹਿਲਾਂ ਅੰਮ੍ਰਿਤ ਛਕਾ ਕੇ ਸਿੱਖ ਸਜਾਉਂਦੇ, ਪਰ ਅਜਿਹਾ ਨਹੀਂ ਹੋਇਆ। ਭਾਈ ਨੰਦ ਲਾਲ ਗੋਇਆ ਗੁਰੂ ਗੋਬਿੰਦ ਸਿੰਘ ਦੇ ਨਜ਼ਦੀਕੀ ਤੇ ਬਹੁਤ ਹੀ ਸਤਿਕਾਰਤ ਕਵੀ ਹਨ, ਪਰ ਉਨ੍ਹਾਂ ਦਾ ਕਿਤੇ ਵੀ ਅੰਮ੍ਰਿਤ ਛਕ ਕੇ ਸਿੰਘ ਸਜਣ ਦਾ ਜ਼ਿਕਰ ਨਹੀਂ ਮਿਲਦਾ।
ਜੋ ਸਟੰਟ ਜਾਂ ਪਖੰਡ ਪੰਜਾਬ ਵਿਚ ਅੱਜ ਕੱਲ੍ਹ ਚੱਲ ਰਿਹਾ ਹੈ, ਉਸ ਵਿਚ ਆਰæਐਸ਼ਐਸ਼ ਦੇ ਨਾਲ ਮੌਜੂਦਾ ਅਕਾਲੀ ਸਰਕਾਰ, ਰਾਸ਼ਟਰੀ ਸਿੱਖ ਸੰਗਤ ਜੋ ਸੋ-ਕਾਲਡ ਸਿੱਖਾਂ ਦੀ ਸੰਸਥਾ ਹੈ, ਵੀ ਜ਼ਿੰਮੇਵਾਰ ਹਨ। ਕੋਈ ਹਿੰਦੂ ਜਾਂ ਸਿੱਖ ਧਰਮ ਨੂੰ ਛੱਡ ਕੇ ਜਾਂਦਾ ਕਿਉਂ ਹੈ? ਇਸ ਲਈ ਤਾਂ ਉਹ ਜ਼ਿੰਮੇਵਾਰ ਹਨ ਜੋ ਸਦੀਆਂ ਬੀਤਣ ‘ਤੇ ਵੀ ਮਨੁੱਖ ਨੂੰ ਮਨੁੱਖ ਨਾ ਮੰਨ ਕੇ ਉਚੀ ਜਾਂ ਨੀਵੀਂ ਜਾਤਿ ਦਾ ਮੰਨ ਕੇ ਚੱਲ ਰਹੇ ਹਨ ਅਤੇ ਧਰਮ ਦੇ ਕਰਤਾ-ਧਰਤਾ ਵੀ ਬਣੇ ਫਿਰਦੇ ਹਨ, ਇਨ੍ਹਾਂ ਨਜ਼ਰ ਆਉਂਦੀਆਂ ਪਰ ਸੂਖਮ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜੇ ਜਾਣ ਦੇ ਹੱਕ ਵਿਚ ਨਹੀਂ ਹਨ। ਇੱਕ ਗੱਲ ਹੋਰ ਹਿੰਦੁਸਤਾਨ ਵਿਚ ਰਹਿਣ ਵਾਲੇ ਲੋਕ ਭਾਵ ਭਾਰਤ, ਇੰਡੀਆ ਦੇ ਵਾਸੀ ਹਿੰਦੀ, ਭਾਰਤੀ, ਇੰਡੀਅਨ ਹੋ ਸਕਦੇ, ਪਰ ਸਾਰੇ ਹਿੰਦੂ ਨਹੀਂ ਹਨ, ਕਿਉਂਕਿ ‘ਹਿੰਦੂ’ ਧਰਮ ਹੈ, ਦੇਸ਼ ਨਹੀਂ। ਸਾਰੇ ਗਦਰੀ ਬਾਬੇ ਆਪਣੇ ਆਪ ਨੂੰ ‘ਹਿੰਦੀ’ ਕਹਿੰਦੇ ਸਨ, ਹਿੰਦੂ ਨਹੀਂ। ਸੋ, ਹਿੰਦੁਸਤਾਨ ਦਾ ਵਾਸੀ ਹੋਣ ਦਾ ਅਰਥ ‘ਹਿੰਦੀ’ ਹੈ, ਹਿੰਦੂ ਨਹੀਂ।