ਨਵੇਂ ਖਿਆਲਾਂ ਅਤੇ ਦਗਦੇ ਸ਼ਬਦਾਂ ਨਾਲ ਸਜੀਆਂ ਜਸਵਿੰਦਰ ਦੀਆਂ ਗਜ਼ਲਾਂ ਪਹਿਲਾਂ ਵੀ ਖੂਬ ਧਿਆਨ ਖਿੱਚਦੀਆਂ ਸਨ, ਪਰ ਹੁਣ ਸਾਹਿਤ ਅਕਾਦਮੀ ਦਾ ਇਨਾਮ ਮਿਲਣ ਪਿਛੋਂ ਇਨ੍ਹਾਂ ਗਜ਼ਲਾਂ ਅਤੇ ਸ਼ਾਇਰ ਜਸਵਿੰਦਰ ਬਾਰੇ ਵੱਡੇ ਪੱਧਰ ਉਤੇ ਵਿਚਾਰਾਂ ਸ਼ੁਰੂ ਹੋਈਆਂ ਹਨ।
ਅਮਰੀਕਾ ਵੱਸਦੇ ਸ਼ਾਇਰ ਅਤੇ ਪੰਜਾਬ ਵਿਚ ਸੰਘਰਸ਼ ਦੇ ਦਿਨਾਂ ਦੌਰਾਨ ਜਸਵਿੰਦਰ ਦੇ ਅੰਗ-ਸੰਗ ਵਿਚਰੇ ਰਵਿੰਦਰ ਸਹਿਰਾਅ ਨੇ ਜਸਵਿੰਦਰ ਦੀ ਕਵਿਤਾ ਅਤੇ ਜ਼ਿੰਦਗੀ ਦੇ ਇਕ ਖਾਸ ਦੌਰ ਬਾਰੇ ‘ਮਾਸ਼ੂਕ ਵਰਗਾ ਮਿੱਤਰ ਜਸਵਿੰਦਰ’ ਲੇਖ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਭੇਜਿਆ ਹੈ। ਸਹਿਰਾਅ ਦੇ ਇਸ ਲੇਖ ਰਾਹੀਂ ਅਸੀਂ ਜਸਵਿੰਦਰ ਦੀ ਸ਼ਾਇਰੀ ਨੂੰ ਸਲਾਮੀ ਦੇ ਰਹੇ ਹਾਂ। -ਸੰਪਾਦਕ
ਰਵਿੰਦਰ ਸਹਿਰਾਅ
ਫੋਨ: 717-861-3130
ਈਮੇਲ: ਰਅਵਸਿਅਹਰਅ@ਗਮਅਲਿ।ਚੋਮ
ਜਸਵਿੰਦਰ ਨੂੰ ਮੈਂ ਉਦੋਂ ਦਾ ਜਾਣਦਾ ਹਾਂ, ਜਦੋਂ ਉਹ 1973-74 ਵਿਚ ਗੌਰਮਿੰਟ ਪੌਲੀਟੈਕਨਿਕ ਕਾਲਜ-ਰੋਡੇ ਵਿਚ ਪੜ੍ਹਦਾ ਸੀ। ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਬੜਾ ਹੀ ਇਤਬਾਰੀ ਤੇ ਸਮਰਪਿਤ ਵਿਦਿਆਰਥੀ ਸੀ। ਗਜ਼ਲਗੋ ਗੁਰਤੇਜ ਕੋਹਾਰਵਾਲਾ ਤੇ ਟੋਰਾਂਟੋ ਵਾਲਾ ਪਵਨਜੀਤ ਵੀ ਉਹਦੇ ਨਾਲ ਹੀ ਉਥੇ ਹੁੰਦੇ ਸਨ।
1973 ਦੇ ਢੁੱਡੀਕੇ ਅਜਲਾਸ ਤਕ ਪੰਜਾਬ ਸਟੂਡੈਂਟਸ ਯੂਨੀਅਨ ਸਾਂਝੀ ਹੁੰਦੀ ਸੀ। ਬਹੁਤ ਹੀ ਪ੍ਰਭਾਵਸ਼ਾਲੀ ਤੇ ਹੋਣਹਾਰ ਆਗੂ ਪ੍ਰਿਥੀਪਾਲ ਸਿੰਘ ਰੰਧਾਵਾ ਇਸ ਦਾ ਜਨਰਲ ਸਕੱਤਰ ਸੀ। ਉਸ ਦੀ ਅਗਵਾਈ ਵਿਚ ਹੀ ਮੋਗਾ ਘੋਲ ਲੜਿਆ ਗਿਆ। ਇਸ ਤੋਂ ਬਾਅਦ ਪੀæਐਸ਼ਯੂæ ਦੀਆਂ ਇਕਾਈਆਂ ਪੰਜਾਬ ਦੇ ਹਰ ਕਾਲਜ ਵਿਚ ਬਣੀਆਂ ਜਿਥੇ ਪਹਿਲਾਂ ਕਦੇ ਦੂਜੀਆਂ ਫੈਡਰੇਸ਼ਨਾਂ ਦਾ ਬੋਲਬਾਲਾ ਹੁੰਦਾ ਸੀ ਪਰ ਢੁੱਡੀਕੇ ਅਜਲਾਸ ਵਿਚ ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰ ਮੁੱਦਿਆਂ ਨੂੰ ਲੈ ਕੇ ਯੂਨੀਅਨ ਦੋਫਾੜ ਹੋ ਗਈ। ਸਿੱਟੇ ਵਜੋਂ ਸੰਗਰੂਰ, ਬਠਿੰਡਾ, ਫਰੀਦਕੋਟ ਤੇ ਫਿਰੋਜ਼ਪੁਰ ਦੇ ਬਹੁਤੇ ਡੈਲੀਗੇਟ ਬਲਵਾਨ ਸਿੰਘ ਤੇ ਬਿੱਕਰ ਸਿੰਘ ਦੀ ਅਗਵਾਈ ਵਿਚ ਬਾਈਕਾਟ ਕਰ ਗਏ। ਅਸੀਂ ਦੁਆਬੇ ਵਾਲੇ ਵੀ ਇਸ ਧੜੇ ਨਾਲ ਖੜ੍ਹੇ (ਇਹ ਫੈਸਲਾ ਸਿਆਣਪ ਵਾਲਾ ਸੀ ਜਾਂ ਬਚਗਾਨਾ, ਇਸ ਨੂੰ ਕਦੇ ਫਿਰ ਫਰੋਲਿਆ ਜਾਵੇਗਾ)। ਜਨਵਰੀ 1974 ਵਿਚ ਬਾਗ਼ੀ ਧੜੇ ਦਾ ਰੋਡੇ ਕਾਲਜ ਵਿਚ ਅਜਲਾਸ ਕਰ ਕੇ ਬਾਕਾਇਦਾ ਸੂਬਾ ਕਮੇਟੀ ਦੀ ਚੋਣ ਕਰ ਲਈ ਗਈ। ਜਸਵਿੰਦਰ ਸਾਡੇ ਵਾਲੇ ਧੜੇ ਨਾਲ ਸੀ ਤੇ ਅੰਤ ਤਕ ਨਾਲ ਰਿਹਾ।
ਇਥੋਂ ਸਾਡੀਆਂ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਅਸੀਂ ਦੋਵੇਂ ਸਾਹਿਤਕ ਮੱਸ ਰੱਖਣ ਕਾਰਨ ਹੋਰਾਂ ਤੋਂ ਜ਼ਿਆਦਾ ਕਰੀਬੀ ਬਣੇ। 1975 ਵਿਚ ਐਮਰਜੈਂਸੀ ਲੱਗਣ ਸਮੇਂ ਬਿੱਕਰ ਤੇ ਕਮਲਜੀਤ ਉਸ ਕੋਲ ਹੋਸਟਲ ਵਿਚ ਕਾਫ਼ੀ ਜਾਂਦੇ ਰਹੇ। ਮੈਂ ਇਕ ਦੋ ਵੇਰ ਹੀ ਜਾ ਸਕਿਆ ਜਦੋਂ ਉਧਰ ਕਿਤੇ ਮੀਟਿੰਗ ਵਗੈਰਾ ਹੋਣੀ। ਉਹਨੇ ਪੂਰੀ ਇਮਾਨਦਾਰੀ ਤੇ ਬੇਖ਼ੌਫ ਹੋ ਕੇ ਰੂਪੋਸ਼ ਸਾਥੀਆਂ ਦੀ ਆਓ ਭਗਤ ਕਰਨੀ।
ਇਲਾਕੇ ਵਿਚ ਬੰਤ ਮਾਣੂਕੇ ਦੀ ਚੜ੍ਹਤ ਸੀ ਤੇ ਜਸਵਿੰਦਰ ਉਸ ਦਾ ਚਹੇਤਾ ਸੀ। ਭੂਰ ਬਰਜਿੰਦਰ ਸਿੰਘ, ਦੇਵਾ ਸਿੰਘ ਮਾਹਲਾ ਤੇ ਹੋਰ ਸਾਥੀਆਂ ਵਲੋਂ ਕੀਤੀ ਜਾਂਦੀ ਸਕੂਲਿੰਗ ਸਮੇਂ ਵੀ ਅਕਸਰ ਉਹ ਹਾਜ਼ਰ ਹੁੰਦਾ। ਉਸ ਦਾ ਸਹਿਜ-ਸੰਜਮ ਤੇ ਮਿੱਠਬੋਲੜਾ ਸੁਭਾਅ ਸਾਰੇ ਮੁੰਡੇ-ਕੁੜੀਆਂ ਨੂੰ ਆਕਰਸ਼ਿਤ ਕਰਦਾ ਸੀ। ਇਨ੍ਹਾਂ ਹੀ ਸਮਿਆਂ ਵਿਚ ਉਹ ਸੰਤ ਰਾਮ ਉਦਾਸੀ ਦੇ ਬਹੁਤ ਕਰੀਬ ਆਇਆ। ਉਦਾਸੀ ਦੇ ਘਰ ਉਹ ਘਰ ਦਾ ਜੀਅ ਬਣ ਕੇ ਜਾਂਦਾ। ਉਦਾਸੀ ਦੀਆਂ ਬੱਚੀਆਂ ਬੇਟੇ ਇਕਬਾਲ, ਪ੍ਰਿਤਪਾਲ, ਕੀਰਤਨ, ਮੋਹਕਮ ਤੇ ਮਰਹੂਮ ਪੁੱਤਰ ਬੱਲੀ ਨੂੰ ਉਸ ਨੇ ਕੁੱਛੜ ਚੁੱਕ ਕੇ ਖਿਡਾਇਆ ਹੋਇਆ ਹੈ। ਸਿਰ ਤਲੀ ‘ਤੇ ਧਰ ਕੇ ਤੁਰਨ ਵਾਲੇ ਸਾਥੀਆਂ ਦੀ ਸੰਗਤ ਕਰ ਕੇ ਹੀ ਸਾਹਿਤ ਅਤੇ ਜੀਵਨ ਪ੍ਰਤੀ ਪ੍ਰਤੀਬੱਧ ਹੋਇਆ। ਉਦਾਸੀ ਵਰਗੇ ਕਵੀਆਂ ਦੀ ਸੰਗਤ ਨੇ ਜਸਵਿੰਦਰ ਦੀ ਸੋਚ ਅਤੇ ਲਿਖਤ ਵਿਚ ਹੋਰ ਨਿਖਾਰ ਲਿਆਂਦਾ। ਅੱਜ ਜਸਵਿੰਦਰ ਜੋ ਵੀ ਹੈ, ਉਸ ਨੂੰ ਸੰਵਾਰਨ ਤੇ ਨਿਖਾਰਨ ਵਿਚ ਉਪਰੋਕਤ ਸਾਥੀਆਂ ਦਾ ਬੜਾ ਵੱਡਾ ਹੱਥ ਰਿਹਾ ਹੈ। ਇਸ ਗੱਲ ਨੂੰ ਖੁਦ ਜਸਵਿੰਦਰ ਵੀ ਸਵੀਕਾਰ ਕਰਦਾ ਹੈ।
ਸੋਹਣੇ ਸੁਨੱਖੇ ਤੇ 6 ਫੁੱਟ ਉਚੇ ਕੱਦ ਵਾਲਾ ਜਸਵਿੰਦਰ ਦਿਲ ਦਾ ਵੀ ਉਨਾ ਹੀ ਖੂਬਸੂਰਤ ਹੈ। ਮਿੱਤਰਾਂ ਦੇ ਘੇਰੇ ਵਿਚ ਉਹਨੂੰ ਮੋਰਨੀ ਵਰਗਾ ਸ਼ਾਇਰ ਕਹਿ ਕੇ ਬੁਲਾਇਆ ਜਾਂਦਾ ਹੈ। ਸੱਚੀ-ਮੁੱਚੀਂ ਉਹ ਲੰਮੇ ਕੱਦ ਤੇ ਸੰਭਾਲੇ ਹੋਏ ਸਰੀਰ ਨਾਲ ਜਦੋਂ ਮਿੱਤਰਾਂ ਵੱਲ ਹੱਥ ਮਿਲਾਉਣ ਜਾਂ ਗਲ ਲੱਗਣ ਲਈ ਆਉਂਦਾ ਹੈ ਤਾਂ ਕਲਹਿਰੀ ਮੋਰ ਵਰਗਾ ਹੀ ਲੱਗਦਾ ਹੈ। 2002 ਵਿਚ ਮੈਂ ਪੰਜਾਬ ਗਿਆ ਤਾਂ ਫਗਵਾੜੇ ਸੁਰਜੀਤ ਜੱਜ ਦੇ ਘਰ ਦਸ-ਪੰਦਰਾਂ ਪੁਰਾਣੇ ਅਦੀਬ ਦੋਸਤਾਂ ਨਾਲ ਮਹਿਫਿਲ ਰੱਖ ਲਈ। ਜਲੰਧਰ ਵਾਲੇ ਤਾਂ ਪਰਤ ਗਏ, ਪਰ ਦੂਰ ਵਾਲੇ ਰਾਤ ਠਹਿਰ ਗਏ। ਗਰਮੀਆਂ ਦੇ ਦਿਨ, ਰਾਤੀਂ ਖਾਣ ਪੀਣ ਤੋਂ ਵਿਹਲੇ ਹੋ ਕੇ, ਛੱਤ ਉਪਰ ਖੁੱਲ੍ਹੇ ਅਸਮਾਨ ਹੇਠ ਮੰਜੇ ਡਾਹ ਲਏ ਗਏ। ਸਭ ਘੁਰਾੜੇ ਮਾਰਨ ਲੱਗ ਪਏ ਪਰ ਅਸੀਂ ਦੋਵੇਂ ਜਾਗਦੇ ਤੇ ਪੁਰਾਣੀਆਂ ਯਾਦਾਂ ਸਾਂਝੀਆਂ ਕਦੇ ਰਹੇ। ਕੋਈ ਡੇਢ ਦਹਾਕੇ ਬਾਅਦ ਜੋ ਮਿਲੇ ਸੀ। ਸਵੇਰੇ ਸੂਰਜ ਦੀਆਂ ਕਿਰਨਾਂ ਨੇ ਚਮਕ ਦਿਖਾਈ ਤਾਂ ਦਰਸ਼ਨ ਬੁੱਟਰ ਅੱਖਾਂ ਮਲਦਾ ਉਠਿਆ ਤੇ ਕਹਿੰਦਾ, “ਯਾਰ ਤੁਸੀਂ ਸਾਰੀ ਰਾਤ ਨਹੀਂ ਸੁੱਤੇ, ਪਤਾ ਨਹੀਂ ਕਿਹੜੀਆਂ ਗੱਲਾਂ ਕਰਦੇ ਰਹੇ; ਮੇਰੀ ਤਾਂ ਕੁਝ ਸਮਝ ਨਹੀਂ ਪਈਆਂ। ਜਦੋਂ ਵੀ ਅੱਖ ਖੁੱਲ੍ਹੇ, ਬੱਸ ਤੁਸੀਂ ਗੱਲਾਂ ਕਰ ਰਹੇ ਸੀ।”
ਦਸੰਬਰ 2013 ਵਿਚ ਜਸਵਿੰਦਰ ਨਾਲ ਗੱਲ ਹੋਈ ਤਾਂ ਕਹਿੰਦਾ, “ਬੇਟੀ ਕੈਨੇਡਾ ਤੋਂ ਆ ਰਹੀ ਹੈ ਤੇ ਉਸ ਦੀ ਸ਼ਾਦੀ ਹੈ। ਮੈਂ ਚਾਹੁੰਨਾ ਕਿ ਬਰਾਤ ਦੇ ਸਵਾਗਤ ਸਮੇਂ ਤੂੰ ਮੇਰੇ ਨਾਲ ਖਲੋਤਾ ਹੋਵੇਂ।” ਮੈਨੂੰ ਉਸ ਵਲੋਂ ਦਿੱਤੇ ਮਾਣ ‘ਤੇ ਖੁਸ਼ੀ ਮਹਿਸੂਸ ਹੋਈ। ਜਨਵਰੀ 2014 ਵਿਚ ਅਸੀਂ ਜਾਣਾ ਤਾਂ ਹੈ ਈ ਸੀ; ਸੋ, ਉਸ ਹਿਸਾਬ ਨਾਲ ਪ੍ਰੋਗਰਾਮ ਬਣਾ ਲਿਆ। ਮੈਂ ਤੇ ਨੀਰੂ ਸਾਝਰੇ ਹੀ ਰੋਪੜ ਪਹੁੰਚ ਗਏ। ਬਹੁਤ ਖੁਸ਼ ਸੀ ਉਹ। ਹੋਰ ਵੀ ਬਹੁਤ ਸਾਰੇ ਸਾਹਿਤਕ ਦੋਸਤ ਹੌਲੀ-ਹੌਲੀ ਪਹੁੰਚ ਗਏ। ਕਾਮਰੇਡ ਦਰਸ਼ਨ ਕੂਹਲੀ ਵੀ ਆ ਗਏ ਜੋ ਕਦੇ ਸਾਡੀ ਸੂਬਾ ਕਮੇਟੀ ਦੇ ਇੰਚਾਰਜ ਹੁੰਦੇ ਸਨ। ਉਦੋਂ ਉਨ੍ਹਾਂ ਦਾ ਗੁਪਤ ਨਾਂ ਦਲਬੀਰ ਹੁੰਦਾ ਸੀ। ਸਿਹਤ ਕੁਝ ਢਿੱਲੀ ਲੱਗਦੀ ਸੀ, ਪਰ ਬੜੇ ਤਪਾਕ ਨਾਲ ਮਿਲੇ ਤੇ ਸਾਰਿਆਂ ਦਾ, ਖਾਸ ਕਰ ਕੇ ਕਮਲਜੀਤ ਵਿਰਕ ਦਾ ਹਾਲ ਪੁੱਛਿਆ।
ਵਿਆਹ ਤੋਂ ਬਾਅਦ ਉਹ ਬੇਟੀਆਂ, ਜਵਾਈ ਤੇ ਹੋਰ ਰਿਸ਼ਤੇਦਾਰਾਂ ਨਾਲ ਮਸਰੂਫ ਹੋ ਗਿਆ। ਬੇਟੀ ਨੂੰ ਕੈਨੇਡਾ ਤੋਂ ਉਸ ਦੇ ਪਤੀ ਲਈ ਅਪਲਾਈ ਕਰਨ ਲਈ ਵਿਆਹ ਦਾ ਸਰਟੀਫਿਕੇਟ ਚਾਹੀਦਾ ਸੀ। ਉਹ ਸਮਰਾਲੇ ਤਹਿਸੀਲਦਾਰ ਨੂੰ ਮਿਲਣ ਗਏ ਹੋਏ ਸੀ। ਉਨ੍ਹਾਂ ਦਿਨਾਂ ਵਿਚ ਹੀ ਸਾਡੀ ਵਾਪਸੀ ਸੀ। ਫਗਵਾੜੇ ਸਾਡੇ ਅਪਾਰਟਮੈਂਟ ਵਿਚ ਅਸੀਂ ਉਸ ਨੂੰ ਉਸੇ ਦਿਨ ਹੀ ਮਿਲਣਾ ਸੀ। ਦਰਸ਼ਨ ਬੁੱਟਰ ਤੇ ਸੁਸ਼ੀਲ ਵੀ ਉਦਣ ਮੇਰੇ ਕੋਲ ਫਗਵਾੜੇ ਹੀ ਸਨ। ਦੁਸਾਂਝ ਕਲਾਂ ਦੇ ਇਕ ਪ੍ਰੋਗਰਾਮ ਤੋਂ ਵਿਹਲੇ ਹੋ ਕੇ ਕਾਮਰੇਡ ਮੰਗਤ ਰਾਮ ਪਾਸਲਾ ਤੇ ਕੁਲਵੰਤ ਸੰਧੂ ਵੀ ਸਾਡੇ ਕੋਲ ਆ ਗਏ। ਮਾੜੀ ਕਿਸਮਤ, ਉਸੇ ਦਿਨ ਫਗਵਾੜੇ ਇਕ ਫਿਰਕੇ ਵਲੋਂ ਧਾਰਮਿਕ ਸੋਭਾ ਯਾਤਰਾ ਸੀ ਜਿਸ ਨੇ ਮੀਲਾਂ ਤਕ ਟ੍ਰੈਫਿਕ ਜਾਮ ਕਰ ਦਿੱਤਾ। ਜਸਵਿੰਦਰ ਦਾ ਫੋਨ ਆਇਆ ਕਿ ਮੈਂ ਗੁਰਾਇਆਂ ਲਾਗੇ ਪਹੁੰਚ ਗਿਆ ਹਾਂ, ਪਰ ਟ੍ਰੈਫਿਕ ਬਹੁਤ ਹੈ। ਖਿੱਚ ਧੂਹ ਕੇ ਉਹਦੀ ਬੱਸ ਗੁਹਾਵਰ (ਗਹੌਰ) ਦੇ ਅੱਡੇ ਤਕ ਲੈ ਆਈ। ਟ੍ਰੈਫਿਕ ਇਕਦਮ ਠੱਪ। ਉਹ ਬੱਸ ਵਿਚੋਂ ਬਾਹਰ ਨਿਕਲ ਆਇਆ। ਲੰਮਾ ਸਾਹ ਲਿਆ। ਗਹੌਰ ਦਾ ਅੱਡਾ ਉਹਨੂੰ ਜਾਣਿਆ ਪਛਾਣਿਆ ਲੱਗਿਆ। ਕਦੀ ਉਹ ਸਾਡੇ ਨਾਲ ਇਥੇ ਸਾਡੀ ਯੂਨੀਅਨ ਦੇ ਸਾਥੀ ਸੁਖਪਾਲ ਸੰਘੇੜਾ (ਜੋ ਹੁਣ ਬਹੁਤ ਨਾਮ ਵਾਲਾ ਸਾਇੰਸਦਾਨ ਹੈ) ਦੇ ਘਰ ਠਹਿਰਿਆ ਸੀ। ਸਾਡਾ ਅਪਾਰਟਮੈਂਟ ਉਥੋਂ 5-6 ਕਿਲੋਮੀਟਰ ਸੀ। ਉਹ ਤੁਰ ਕੇ ਹੀ ਸਾਨੂੰ ਆਣ ਮਿਲਿਆ। ਇਹ ਉਸ ਦੀ ਮੁਹੱਬਤ ਹੀ ਸੀ, ਜਿਸ ਕਰ ਕੇ ਮੈਂ ਉਹਨੂੰ ਮਾਸ਼ੂਕਾ ਵਰਗਾ ਮਿੱਤਰ ਵੀ ਕਹਿੰਦਾ ਹਾਂ।
ਇਨਾਮਾਂ ਮਗਰ ਉਹ ਕਦੇ ਨਹੀਂ ਦੌੜਿਆ, ਸਗੋਂ ਇਨਾਮ ਉਹਦੇ ਮਗਰ ਦੌੜਦੇ ਰਹੇ ਹਨ। ਹਿੰਦੁਸਤਾਨ ਦੇ ਹਰ ਕੋਨੇ ਵਿਚ ਉਹ ਪੰਜਾਬੀ ਦੇ ਨਾਮਵਰ ਸ਼ਾਇਰਾਂ ਨਾਲ ਆਪਣਾ ਕਲਾਮ ਸੁਣਾ ਚੁੱਕਿਆ ਹੈ। ਕੁਝ ਵਰ੍ਹੇ ਪਹਿਲਾਂ ਸਵਰਗੀ ਰਣਧੀਰ ਸਿੰਘ ਨਿਊ ਯਾਰਕ ਜੋ ਨਿੱਕੀ ਬਹਿਰ ਦੇ ਬੜੇ ਵਧੀਆ ਗ਼ਜ਼ਲਗੋ ਸਨ, ਦੀ ਯਾਦ ਵਿਚ 51,000 ਰੁਪਏ ਦੇ ਇਨਾਮ ਦੇਣ ਬਾਰੇ ਸੁਰਿੰਦਰ ਸੋਹਲ ਤੇ ਰਜਿੰਦਰ ਜਿੰਦ ਨੇ ਅਖਬਾਰ ਵਿਚ ਖ਼ਬਰ ਲੁਆ ਦਿੱਤੀ ਕਿ ਇਹ ਇਨਾਮ ਜਸਵਿੰਦਰ ਲਈ ਹੈ। ਉਹ ਪੜ੍ਹ ਕੇ ਹੈਰਾਨ ਹੋਇਆ। ਫਿਰ ਉਹਨੇ ਪੁੱਛਿਆ ਕਿ ਇਹ ਇਨਾਮ ਤੁਸੀਂ ਸੱਚੀਂ ਹੀ ਮੇਰੀ ਸ਼ਾਇਰੀ ਨੂੰ ਦੇ ਰਹੇ ਹੋ ਜਾਂæææ? ਜੇ ਨਹੀਂ ਤਾਂ ਤੁਸੀਂ ਕਿਸੇ ਹੋਰ ਨੂੰ ਦੇ ਸਕਦੇ ਹੋ। ਇਹ ਗੱਲ ਮੈਨੂੰ ਸੁਰਿੰਦਰ ਸੋਹਲ ਨੇ ਦੱਸੀ ਤਾਂ ਮੈਨੂੰ ਆਪਣੇ ਇਸ ਯਾਰ ‘ਤੇ ਰਸ਼ਕ ਆਇਆ, ਨਹੀਂ ਤਾਂ ਅੱਜ ਕਲ੍ਹ ਲੇਖਕ ਪੰਜ-ਪੰਜ ਸੌ ਦੇ ਇਨਾਮਾਂ ਲਈ ਵੀ ਲਾਲ੍ਹਾਂ ਸੁੱਟਦੇ ਫਿਰਦੇ ਹਨ।
ਉਸ ਦਾ ਇਕ ਸ਼ਿਅਰ ਹੈ,
ਹੰਸ ਤੇ ਬਗਲੇ ਪਛਾਣੇ ਜਾਣਗੇ ਏਸੇ ਤਰ੍ਹਾਂ
ਮੋਤੀਆਂ ਦੀ ਚੋਗ ਪਾ ਦੇ ਕੰਕਰਾਂ ਦੇ ਨਾਲ ਨਾਲ।
ਪਾਰਖੂਆਂ ਨੇ ਸ਼ਾਨਦਾਰ ਸ਼ਾਇਰ ਅਤੇ ਜਾਨਦਾਰ ਮਨੁੱਖ ਜਸਵਿੰਦਰ ਦੀ ਪਛਾਣ ਕਰ ਲਈ ਹੈ। ਉਸ ਦੀ ‘ਅਗਰਬੱਤੀ’ ਨੂੰ ਜੋ ਪਿਛਲੇ ਕਈ ਦਹਾਕਿਆਂ ਤੋਂ ਉਸ ਅੰਦਰ ਮਹਿਕ ਰਹੀ ਸੀ, ਨੂੰ ਭਾਰਤੀ ਸਾਹਿਤ ਅਕਾਦਮੀ ਦਾ ਵੱਕਾਰੀ ਇਨਾਮ ਮਿਲਿਆ ਹੈ। ਇਸ ਇਨਾਮ ਲਈ ਜਸਵਿੰਦਰ ਅਤੇ ਨਾਲ ਹੀ ਪਿਰਤਾਂ ਤੋੜ ਕੇ ਲਿਖਤਾਂ ਨੂੰ ਪਹਿਲ ਦੇਣ ਵਾਲੀ ਨਵੀਂ ਪਿਰਤ ਪਾਉਣ ਵਾਲੀ ਜਿਊਰੀ ਨੂੰ ਮੁਬਾਰਕਾਂ! ਸ਼ਾਲਾ! ਇਹ ਪਿਰਤ ਕਾਇਮ ਰਵ੍ਹੇ।
ਜਸਵਿੰਦਰ ਦੀਆਂ ਤਿੰਨ ਗਜ਼ਲਾਂ
1æ
ਉੱਚੇ ਟਿੱਬੇ ਤੋਂ ਸੁਰੀਲੀ ਤਾਨ ਸੁਣ ਕੇ
ਵੱਗ ਹੀ ਮੁੜਦੇ ਨੇ ਹੇ ਗੋਪਾਲ ਤੇਰੇ।
ਮੁਕਟ ਲਾਹ ਕੇ ਜੇ ਵਜਾਉਂਦਾ ਬੰਸਰੀ ਤੂੰ
ਸਾਰਾ ਜੰਗਲ ਝੂਮਣਾ ਸੀ ਨਾਲ ਤੇਰੇ।
ਪੰਛੀਆਂ ਵਰਗਾ ਸੁਦਾਮੇ ਦਾ ਕਬੀਲਾ
ਰਿਜ਼ਕ ਆਪਣਾ ਨਾਮ ਤੇਰੇ ਕਰ ਰਿਹਾ ਹੈ,
ਬਹੁਤ ਗੁੰਝਲਦਾਰ ਹੈ ਤੇਰਾ ਤਲਿੱਸਮ
ਬਹੁਤ ਹੀ ਬਾਰੀਕ ਨੇ ਇਹ ਜਾਲ ਤੇਰੇ।
ਸੁੱਕੀਆਂ ਝੀਲਾਂ ‘ਚ ਕੀ ਹੰਸਾਂ ਦੀ ਹੋਣੀ
ਰੋੜ ਖਾ ਖਾ ਕੇ ਕਦੋਂ ਤਕ ਜੀਣਗੇ ਇਹ,
ਆਉਣਗੇ ਤੇ ਕਰਨਗੇ ਖ਼ਾਲੀ ਕਿਸੇ ਦਿਨ
ਮੋਤੀਆਂ ਦੇ ਨਾਲ ਲੱਦੇ ਥਾਲ ਤੇਰੇ।
ਕਿਸ ਤਰ੍ਹਾਂ ਦਾ ਹੈ ਭਲਾ ਇਹ ਅਹਿਦ ਤੇਰਾ
ਫੁੱਲ ਤਾਂ ਸਭ ਦੇ ਨੇ ਪਰ ਇਹ ਸ਼ਹਿਦ ਤੇਰਾ,
ਘੇਰਦੇ ਰਹਿੰਦੇ ਨੇ ਭੀਲਾਂ ਨੂੰ ਯੁਗਾਂ ਤੋਂ
ਗੁੰਬਦਾਂ ‘ਚੋਂ ਉੱਡ ਕੇ ਮਖਿਆਲ ਤੇਰੇ।
ਜਲ ਵੀ ਓਹੀ, ਪੌਣ ਓਹੀ, ਰੇਤ ਓਹੀ
ਜ਼ਖ਼ਮ ਵੀ ਓਹੀ ਤੇ ਸਿੰਮਦੀ ਰੱਤ ਓਹੀ,
ਤੇਰੀ ਸ਼ਹਿ ‘ਤੇ ਜੋ ਕੁਰੂਖੇਤਰ ‘ਚ ਚੱਲੇ
ਭਰ ਕੇ ਹੁਣ ਵੀ ਵਗਣ ਓਹੀ ਖਾਲ ਤੇਰੇ।
ਓਹੀ ਸੀਨੇ, ਸੀਨਿਆਂ ਵਿਚ ਤੀਰ ਓਹੀ
ਦਰਦ ਓਹੀ, ਦਰਦ ਦੀ ਤਾਸੀਰ ਓਹੀ,
ਫ਼ਰਕ ਬਸ ਏਨਾ ਪਿਆ ਕਲਯੁਗ ‘ਚ ਆ ਕੇ
ਬਣ ਗਏ ਕੌਰਵ ਵੀ ਭਾਈਵਾਲ ਤੇਰੇ।
2æ
ਸ਼ਾਮ ਨੂੰ ਦਰਵੇਸ਼ ਪੰਛੀ ਜਾਣਗੇ ਕਿਹੜੇ ਘਰੇ।
ਕੇਸਰੀ ਨ੍ਹੇਰੀ ਉਡਾ ਕੇ ਲੈ ਗਈ ਪੱਤੇ ਹਰੇ।
ਕਾਲੀਆਂ ਪੌਣਾਂ ਅਜੇ ਇਕ ਇਕ ਨੂੰ ਸੈਂਸਰ ਕਰਦੀਆਂ,
ਪਿਆਸ ਨੇ ਬਰਸਾਤ ਨੂੰ ਜੋ ਖ਼ਤ ਲਿਖੇ ਦੁੱਖਾਂ ਭਰੇ।
ਕਿਸ ਤਰ੍ਹਾਂ ਦਾ ਹੈ ਤੁਹਾਡਾ ਕੋਸ਼ ਇਸ ਅਨੁਸਾਰ ਤਾਂ,
ਖ਼ਾਸ ਹੀ ਸਿਰ ਸੀਸ ਨੇ ਤੇ ਆਮ ਸਿਰ ਨੇ ਠੀਕਰੇ।
ਕੀ ਪਤੈ ਉਹ ਸਿੱਧ ਕੀ ਕਰਨਾ ਹੈ ਚਾਹੁੰਦਾ ਇਸ ਤਰ੍ਹਾਂ,
ਛਾਂ ਦੀ ਪੂਜਾ ਕਰਨ ਪਿੱਛੋਂ ਬਿਰਖ ਦੀ ਹੱਤਿਆ ਕਰੇ।
ਹੋਰ ਕੀ ਬਚਿਆ ਹੈ ਜਿਸ ਦੀ ਭਾਲ ਵਿਚ ਪਾਗਲ ਹਵਾ,
ਜਿਉਂਦਿਆਂ ਦੇ ਸਾਹ ਫਰੋਲੇ ਮੁਰਦਿਆਂ ਦੇ ਮਕਬਰੇ।
ਖ਼ੂਬ ਹੈ ਤੇਰੀ ਕਲਾ ਪਰ ਕਰ ਨਾ ਏਨੀ ਵੀ ਕਮਾਲ,
ਨਾ ਬਣਾ ਜੈਤੂਨ ਦੀ ਪੱਤੀ ਦੁਆਲੇ ਉਸਤਰੇ।
ਬਾਂਸ ਦੀ ਪੋਰੀ ‘ਚੋਂ ਜਿਹੜੀ ਪੌਣ ਕਢਦੀ ਹੈ ਸੁਰਾਂ,
ਬਾਂਸ ਦਾ ਜੰਗਲ ਉਸੇ ਹੀ ਪੌਣ ਦੇ ਵਗਣੋਂ ਡਰੇ।
3æ
ਦਰਦ ਦੀ ਪੁਸਤਕ ਪੜ੍ਹਨ ਵੇਲੇ ਜ਼ਰਾ ਰੱਖੀਂ ਖ਼ਿਆਲ।
ਕੁਝ ਕੁ ਅਣਲਿਖਿਆ ਵੀ ਹੈ ਹਰ ਹਾਸ਼ੀਏ ਦੇ ਨਾਲ ਨਾਲ।
ਬਲਦਿਆਂ ਬੱਦਲਾਂ ਦੀ ਸਿਰ ‘ਤੇ ਗਸ਼ਤ ਇਹ ਚੰਗੀ ਨਹੀਂ,
ਇਕ ਕਣੀ ਦੇ ਨਾਲ ਆ ਸਕਦੈ ਸਮੁੰਦਰ ਨੂੰ ਉਬਾਲ।
ਜੇ ਤੁਹਾਡੇ ਸ਼ਬਦਕੋਸ਼ਾਂ ਵਿਚ ਨਹੀਂ ਇਕ ਵੀ ਕਣੀ,
ਔੜ ਦੀ ਭਾਸ਼ਾ ‘ਚ ਤਾਂ ਪੁੱਛੋ ਨਾ ਫਸਲਾਂ ਨੂੰ ਸਵਾਲ।
ਸੁਰਖ਼ਰੂ ਹੋਏ ਹਾਂ ਕੰਧਾਂ ‘ਤੇ ਬਣਾ ਕੇ ਸੂਲ਼ੀਆਂ,
ਇਉਂ ਅਸੀਂ ਈਸਾ ਬਣਨ ਤੋਂ ਬਚ ਗਏ ਹਾਂ ਵਾਲ ਵਾਲ।
ਬੁਰਜ ਦੇ ਅੰਦਰ ਅਜੇ ਵੀ ਸਲਤਨਤ ਨ੍ਹੇਰੇ ਦੀ ਹੈ,
ਬੁਰਜੀਆਂ ਉੱਤੇ ਮਸ਼ਾਲਾਂ ਜਗਦੀਆਂ ਨੇ ਬੇਮਿਸਾਲ।
ਖ਼ੂਬ ਰੋਂਦੇ ਨੇ ਤੇ ਸੁਰਮਾ ਵੀ ਖੁਰਨ ਦਿੰਦੇ ਨਹੀਂ,
ਲੋਕ ਮਾਤਮ ਕਰਨ ਵੇਲੇ ਵੀ ਬੜਾ ਰੱਖਣ ਖ਼ਿਆਲ।
ਤੇਰੇ ਦਿਲ ਢਾਹੂ ਜਵਾਬਾਂ ਨਾਲ ਮੈਂ ਮੁੱਕਿਆ ਨਾ ਸੀ,
ਮੈਂ ਉਦੋਂ ਮੁੱਕਿਆ ਜਦੋਂ ਸੀ ਮੁੱਕ ਗਏ ਮੇਰੇ ਸਵਾਲ।
ਜੇ ਲਹੂ ਵਿਚ ਖ਼ੌਫ਼ ਰੂਹ ਅੰਦਰ ਰਹੇ ਵੀਰਾਨਗੀ,
ਧੜਕਣਾਂ ਵੀ ਲਗਦੀਆਂ ਫਿਰ ਹਾਦਸੇ ਦੀ ਪੈੜ-ਚਾਲ।
ਸਮਝਣਾ ਔਖੈ ਕਿਵੇਂ ਹੈ ਜ਼ਹਿਰ ਕੱਟਦਾ ਜ਼ਹਿਰ ਨੂੰ,
ਪੈਰ ਦਾ ਕੰਡਾ ਕਿਵੇਂ ਨਿਕਲਦਾ ਹੈ ਕੰਡੇ ਦੇ ਨਾਲ।