ਲੋਹੜੀ ਅਤੇ ਦੁੱਲਾ ਭੱਟੀ

ਧਰਮ ਸਿੰਘ ਗੋਰਾਇਆ
ਫੋਨ: 301-653-7029

ਲਾਹੌਰ ਤੋਂ ਉਤਰ-ਪੱਛਮ ਵੱਲ ਕਰੀਬ 95 ਕਿਲੋਮੀਟਰ ਦੂਰ ਸਾਂਦਲ ਬਾਰ ਦੇ ਇਲਾਕੇ ਵਿਚ ਦੁੱਲੇ ਭੱਟੀ ਦਾ ਜਨਮ ਫਰੀਦ ਖਾਨ ਭੱਟੀ ਦੇ ਘਰੇ ਹੋਇਆ। ਇਹ ਰਾਜਪੂਤ ਘਰਾਣੇ ਰਾਜਸਥਾਨ ਤੋਂ ਦਰਿਆ ਝਨਾਂ ਦੇ ਕਿਨਾਰਿਆਂ ‘ਤੇ ਆ ਵੱਸੇ ਸਨ। ਬੜੇ ਦਿਲਦਾਰ ਤੇ ਖੁੱਲ੍ਹੇ ਸੁਭਾਅ ਦੇ ਆਦੀ ਸਨ। ਮੁਗਲਾਂ ਦੀ ਹਕੂਮਤ ਵੇਲੇ ਰਾਜਪੂਤਾਂ ਦੇ 80 ਪਿੰਡ ਸਨ ਤੇ ਜਲਾਲ ਭੱਟੀ ਦੀਆਂ ਛੇ ਪੀੜ੍ਹੀਆਂ ਦੀ ਹਕੂਮਤ ਰਹੀ।

ਉਦੋਂ ਹਕੂਮਤ ਦੇ ਖਜ਼ਾਨੇ ਦਾ ਮੂੰਹ, ਜ਼ਮੀਨ ਦੇ ਲਗਾਨ ਨਾਲ ਭਰਿਆ ਜਾਂਦਾ। ਬਾਬਰ ਤੇ ਅਕਬਰ ਦੇ ਸਮੇਂ, ਬਾਦਸ਼ਾਹਾਂ ਦੇ ਮਨਸਬਦਾਰ ਸਾਂਦਲ ਬਾਰ ਦੇ ਇਲਾਕਿਆਂ ਵਿਚ ਲਗਾਨ ਲੈਣ ਜਾਂਦੇ ਰਹੇ ਪਰ ਹਰ ਵਾਰ ਖਾਲੀ ਹੱਥ ਤੇ ਨੁਕਸਾਨ ਕਰਵਾ ਕੇ ਮੁੜਦੇ। ਅਕਬਰ ਲਈ ਇਹ ਵੱਡੀ ਚੁਣੌਤੀ ਸੀ। ਹਕੂਮਤ ਬਾਗੀਆਂ ਦੇ ਪਿਛੇ ਪੈ ਗਈ। ਦੁੱਲੇ ਭੱਟੀ ਦੇ ਬਾਪ ਤੇ ਦਾਦੇ (ਬਿਜਲੀ ਖਾਨ ਭੱਟੀ) ਨੂੰ ਮੁਗਲ ਸੈਨਾ ਨੇ ਗ੍ਰਿਫਤਾਰ ਕਰ ਲਿਆ ਅਤੇ ਦੋਹਾਂ ਨੂੰ ਸਜ਼ਾ-ਏ-ਮੌਤ ਦੇ ਦਿੱਤੀ।
ਸਮਾਂ ਬੀਤਦਾ ਹੈ, ਦੁੱਲਾ ਜਵਾਨ ਹੁੰਦਾ ਹੈ ਤੇ ਵਾਪਰ ਚੁੱਕੀਆਂ ਘਟਨਾਵਾਂ ‘ਤੇ ਨਜ਼ਰ ਮਾਰਦਾ ਹੈ। ਇਲਾਕੇ ਦੇ ਪੰਜ ਸੌ ਗੱਭਰੂਆਂ ਨੂੰ ਲਾਮਬੰਦ ਕਰਦਾ ਹੈ। ਸਵਾਰੀ ਲਈ ਕੁਝ ਚੰਗੀਆਂ ਘੋੜੀਆਂ ਖਰੀਦੀਆਂ ਤੇ ਕੁਝ ਵੱਡੇ ਵਪਾਰੀਆਂ ਤੋਂ ਖੋਹੀਆਂ। ਬਗਾਵਤ ਦੀ ਕੁਝ ਚਿਰਾਂ ਤੋਂ ਬੰਦ ਹੋਈ ਸੁਰ ਨੂੰ ਨਗਾਰੇ ਦੀ ਚੋਟ ਲਾ ਕੇ ਲਾਹੌਰ ਦੇ ਸ਼ਾਹੀ ਕਿਲੇ ਤੱਕ ਪਹੁੰਚਾ ਦਿੱਤਾ। ਅਮੀਰਾਂ-ਵਜ਼ੀਰਾਂ, ਜਾਗੀਰਦਾਰ, ਵਪਾਰੀਆਂ ਤੇ ਮਨਸਬਦਾਰਾਂ ਦਾ ਮਾਲ ਲੁੱਟਿਆ ਜਾਂਦਾ ਅਤੇ ਆਮ ਪੇਂਡੂ ਗਰੀਬਾਂ ਵਿਚ ਤਕਸੀਮ ਕੀਤਾ ਜਾਂਦਾ। ਦੁੱਲੇ ਦਾ ਨਾਂ ਸਾਂਦਲ ਬਾਰ ਦੀਆਂ ਹੱਦਾਂ ਟੱਪ ਕੇ ਪੰਜਾਂ ਦਰਿਆਵਾਂ ਦੀ ਧਰਤੀ ‘ਤੇ ਗੂੰਜਣ ਲੱਗਾ। ਫਰਿਆਦੀ ਲਾਹੌਰ ਦਰਬਾਰ ਦੀ ਥਾਂ, ਦੁੱਲੇ ਕੋਲ ਪਿੰਡ ਭੱਟੀਆਂ ਜਾਣ ਲੱਗੇ।
ਇਸੇ ਤਰ੍ਹਾਂ ਇਕ ਦੁਕਾਨਦਾਰ ਮੂਲ ਚੰਦ ਖੱਤਰੀ ਦੁੱਲੇ ਕੋਲ ਜਾ ਕੇ ਵਾਸਤਾ ਪਾਉਂਦਾ ਹੈ ਕਿ ਪਿੰਡ ਨਿਕਾਹ ਦਾ ਵੱਡਾ ਜ਼ਿਮੀਂਦਾਰ ਉਸ ਦੀ ਲੜਕੀ ਨੂੰ ਆਪਣੇ ਘਰੇ ਰੱਖਣਾ ਚਾਹੁੰਦਾ ਹੈ। ਮੂਲ ਚੰਦ ਨੂੰ ਦੁੱਲਾ ਭੱਟੀ ਬੇਫਿਕਰ ਹੋਣ ਲਈ ਕਹਿੰਦਾ ਹੈ ਅਤੇ ਕੁੜੀ ਨੂੰ ਆਪਣੀ ਧੀ ਬਣਾ ਕੇ ਉਸ ਦੀ ਸ਼ਾਦੀ ਇਕ ਚੰਗੇ ਹਿੰਦੂ ਪਰਿਵਾਰ ਵਿਚ ਕਰਦਾ ਹੈ ਤੇ ਜ਼ਿਮੀਂਦਾਰ ਨੂੰ ਸਜ਼ਾ ਦਿੰਦਾ ਹੈ। ਇਸ ਘਟਨਾ ਵਿਚੋਂ ਹੀ ‘ਸੁੰਦਰ ਮੁੰਦਰੀਏæææਤੇਰਾ ਕੌਣ ਵਿਚਾਰਾæææਦੁੱਲਾ ਭੱਟੀ ਵਾਲਾ’ ਦਾ ਇਤਿਹਾਸਕ ਪ੍ਰਸੰਗ ਨਿਕਲਿਆ। ਪੰਜਾਬੀਆਂ ਦੀ ਗੈਰਤ ਦੇ ਪ੍ਰਤੀਕ ਦੁੱਲਾ ਭੱਟੀ ਨੂੰ ਗ੍ਰਿਫਤਾਰ ਕਰ ਕੇ ਮੁਗਲ ਹਕੂਮਤ ਨੇ ਲਾਹੌਰ ਵਿਖੇ ਫਾਂਸੀ ‘ਤੇ ਚਾੜ੍ਹ ਦਿੱਤਾ। ਦੁੱਲੇ ਨੂੰ ਫਾਂਸੀ ਲੱਗਿਆਂ ਸਵਾ ਚਾਰ ਸੌ ਸਾਲ ਹੋ ਚੁੱਕੇ ਹਨ। ਉਹ ਅੱਜ ਵੀ ਪੰਜਾਬੀਆਂ ਦੀ ਧੜਕਣ ਵਿਚ ਵੱਸਦਾ ਹੈ ਤੇ ਹਮੇਸ਼ਾ ਵੱਸਦਾ ਰਹੇਗਾ।
ਆਖਰੀ ਤੇ ਅਹਿਮ ਗੱਲ਼ææਆਓ! ਅਸੀਂ ਧੀਆਂ ਦੀਆਂ ਲੋਹੜੀਆਂ ਮਨਾਉਣ ਦਾ ਵਿਖਾਵਾ ਬੰਦ ਕਰੀਏ। ਆਓæææਧੀਆਂ ਨੂੰ ਸਹੀ ਵਿਦਿਆ ਮੁਹੱਈਆ ਕਰਵਾਈਏ। ਆਓæææਧੀਆਂ ਨੂੰ ਜ਼ੁਲਮ ਖਿਲਾਫ ਲੜਨ ਲਈ ਤਿਆਰ ਕਰੀਏ। ਆਓæææਵੇਖੀਏ ਨੰਨ੍ਹੀ ਛਾਂ ਨੂੰ ਕਿਸ ਤਰ੍ਹਾਂ ਪ੍ਰਚੰਡ ਕੀਤਾ ਜਾਵੇ।