ਟੇਢੀ ਖੀਰ

ਬਲਜੀਤ ਬਾਸੀ
ਬਹੁਤ ਸਾਰੇ ਮੁਹਾਵਰਿਆਂ ਦਾ ਖੁਰਾ ਖੋਜ ਲਭਣਾ ਟੇਢੀ ਖੀਰ ਹੈ। ਸਾਡੀ ਭਾਸ਼ਾ ਵਿਚ ਅਜਿਹਾ ਕੰਮ ਬਹੁਤ ਘੱਟ ਹੋਇਆ ਹੈ। ਟੇਢੀ ਖੀਰ ਬਾਰੇ ਵੀ ਕੁਝ ਅਜਿਹਾ ਹੀ ਕਿਹਾ ਜਾ ਸਕਦਾ ਹੈ।

ਹਾਂ, ਟੇਢਾ ਸ਼ਬਦ ਕਈ ਉਕਤੀਆਂ ਜਾਂ ਪ੍ਰਸੰਗਾਂ ਵਿਚ ḔਔਖਾḔ, ḔਵਖਰਾḔ, ḔਅਜੀਬḔ, ḔਛਲੀਆḔ, ḔਕਪਟੀḔ, ḔਚਲਾਕḔ ਦੇ ਅਰਥਾਂ ਵਿਚ ਜ਼ਰੂਰ ਆਉਂਦਾ ਹੈ ਜਿਵੇਂ ਟੇਢੀ ਪੱਗ, ਟੇਢਾ ਮਾਮਲਾ, ਨਾਚ ਨਾ ਜਾਣੇ ਆਂਗਣ ਟੇਢਾ ਆਦਿ। ਵਾਰਿਸ ਸ਼ਾਹ ਨੇ ਚਲਾਕੀ ਦੇ ਅਰਥਾਂ ਵਿਚ ਟੇਢ ਸ਼ਬਦ ਦੀ ਵਰਤੋਂ ਕੀਤੀ ਹੈ। ਸਹਿਤੀ ਰਾਂਝੇ ਨੂੰ ਆਖਦੀ ਹੈ,
ਨਾ ਤੂੰ ਵੈਦ ਮਾਂਦਰੀ, ਨਾ ਮੁੱਲਾਂ, ਝਾੜੇ ਜ਼ੈਬ ਦੇ ਕਾਸ ਨੂੰ ਪਾਉਨਾਂ ਹੈ।
ਚੋਰ ਚੂਹੜੇ ਵਾਂਗ ਹੈ ਟੇਢ ਤੇਰੀ, ਪਈ ਜਾਪਦੀ ਸਿਰੀ ਭਨਾਉਂਦਾ ਹੈ।
ਕਬੀਰ ਸਾਹਿਬ ਫਰਮਾਉਂਦੇ ਹਨ, “ਚਲਤ ਕਤ ਟੇਢੇ ਟੇਢ ਟੇਢੇ॥ ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ॥” ਅਰਥਾਤ ਤੂੰ ਤੇਢੇ ਟੇਢ ਭਾਵ ਆਕੜ ਆਕੜ ਕੇ ਕਿਉਂ ਤੁਰਦਾ ਹੈਂ, ਤੂੰ ਹੱਡੀਆਂ, ਚਮੜੀ ਅਤੇ ਗੂੰਹ ਨਾਲ ਅਤੇ ਚਮੜੇ ਦੀ ਬਦਬੋ ਨਾਲ ਲਿਬੜਿਆ ਪਿਆ ਹੈਂ? ਟੇਢੀ ਪੱਗ ਵੀ ਆਕੜ, ਗੁਸਤਾਖੀ ਦੀ ਲਖਾਇਕ ਹੈ, “ਟੇਢੀ ਪਾਗ ਟੇਢੇ ਚਲੇ ਲਗੇ ਬੀਰੇ ਖਾਨ।” ਬੁਲ੍ਹੇ ਸ਼ਾਹ ਵੀ ਕਹਿੰਦੇ ਹਨ,
ਖਾਵੇਂ ਮਾਸ ਚਬਾਵੇਂ ਬੀੜੇ, ਅੰਗ ਪੁਸ਼ਾਕ ਲਗਾਇਆ ਈ।
ਟੇਢੀ ਪਗੜੀ ਅੱਕੜ ਚੱਲੇਂ, ਜੁੱਤੀ ਪੈਰ ਲਗਾਇਆ ਈ।
ਪ੍ਰਸ਼ਨ ਉਠਦਾ ਹੈ ਕਿ ਖੀਰ ਜਿਹਾ ਦ੍ਰਵ ਪਕਵਾਨ ਕੀ ਟੇਢਾ ਜਾਂ ਸਿੱਧਾ ਹੋ ਸਕਦਾ ਹੈ? “ਖੀਰ ਨੀਰ ਦਾ ਨਿਬੇੜਾ” ਵਾਲੇ ਲੇਖ ਵਿਚ ਅਸੀਂ ਖੀਰ ਰਿਝਣਾ ਜਾਂ ਢਕੀ ਖੀਰ ਰਿਝਣਾ ਮੁਹਾਵਰੇ ਦਾ ਜ਼ਿਕਰ ਕੀਤਾ ਸੀ ਜਿਸ ਦਾ ਅਰਥ ਗੁੱਝਾ ਮਤਾ ਪਕਾਉਣਾ, ਸਾਜ਼ਿਸ਼ ਕਰਨਾ ਜਿਹਾ ਹੁੰਦਾ ਹੈ। ਇਸ ਤੋਂ ਖੀਰ ਦਾ Ḕਗੁੱਝਾ ਮਾਮਲਾḔ ਜਿਹਾ ਅਰਥ ਹਥਿਆਉਂਦਾ ਹੈ। ਸੋ, ਟੇਢਾ ਮਾਮਲਾ ਦੀ ਤਰ੍ਹਾਂ ਟੇਢੀ ਖੀਰ ਉਕਤੀ ਪ੍ਰਚਲਤ ਹੋ ਗਈ ਹੋਵੇਗੀ। ਜਾਂ ਫਿਰ “ਘਿਉ ਕੱਢਣ ਲਈ ਉਂਗਲੀ ਨੂੰ ਟੇਢਾ ਕਰਨਾ ਪੈਂਦਾ ਹੈ” ਕਹਾਵਤ ਨੂੰ ਕੁਝ ਟੇਢੇ ਢੰਗ ਨਾਲ ਖੀਰ ‘ਤੇ ਲਾਗੂ ਕਰ ਦਿੱਤਾ ਗਿਆ ਹੋਵੇਗਾ। ਉਂਜ ਭਾਂਡੇ ਵਿਚ ਖੀਰ ਥੋੜ੍ਹੀ ਰਹਿ ਗਈ ਹੋਵੇ ਤਾਂ ਰਹਿੰਦੀ ਖੀਰ ਨੂੰ ਖਾਣ ਲਈ ਭਾਂਡੇ ਨੂੰ ਵੀ ਟੇਢਾ ਕਰਨਾ ਪੈ ਸਕਦਾ ਹੈ ਜਿਵੇਂ ਸਕੂਟਰ ਵਿਚ ਪੈਟਰੌਲ ਘਟ ਗਿਆ ਹੋਵੇ ਤਾਂ ਇਸ ਨੂੰ ਟੇਢਾ ਕਰਕੇ ਕੰਮ ਰੇੜ੍ਹਨਾ ਪੈਂਦਾ ਹੈ। ਲਗਦਾ ਹੈ ਅਸੀਂ ਚਰਚਿਤ ਮੁਹਾਵਰੇ ਦਾ ਅਰਥ ਕੱਢਣ ਲਈ ਉਘ ਦੀਆਂ ਪਤਾਲ ਹੀ ਮਾਰ ਰਹੇ ਹਾਂ। ਸੱਚੀ ਗੱਲ ਹੈ, ਮੈਂ ਇਸ ਬਾਰੇ ਕੁਝ ਵੀ ਨਿਸ਼ਚਿਤ ਤੌਰ ‘ਤੇ ਨਹੀਂ ਕਹਿ ਸਕਦਾ। ਕਈ ਕਹਾਵਤਾਂ ਮੁਹਾਵਰਿਆਂ ਆਦਿ ਦੇ ਉਦਗਮ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਦੇ ਸਹੀ ਹੋਣ ਬਾਰੇ ਨਿਸ਼ਚਿਤਤਾ ਨਾਲ ਨਹੀਂ ਕਿਹਾ ਜਾ ਸਕਦਾ। ਕੁਝ ਇਕ ਦਾ ਮੈਂ ਫਿਰ ਕਦੇ ਜ਼ਿਕਰ ਕਰਾਂਗਾ। ਅੱਜ “ਟੇਢੀ ਖੀਰ” ਮੁਹਾਵਰੇ ਦਾ ਅਰਥ ਸੁਝਾਉਂਦੀ ਇਕ ਬਹੁ-ਪ੍ਰਵਾਣਤ ਕਥਾ ਜ਼ਰੂਰ ਸੁਣਾ ਦਿੰਦਾ ਹਾਂ ਜੋ ਮੈਂ ਕੁਝ ਸਮਾਂ ਪਹਿਲਾਂ ਕਿਧਰੇ ਪੜ੍ਹੀ ਸੀ। ਹਾਂ, ਇਕ ਕੋਸ਼ ਵਿਚ ਖੀਰ ਦੇ ਇੰਦਰਾਜ ਅਧੀਨ ਵੀ ਇਹ ਕਹਾਣੀ ਸੰਖੇਪ ਵਿਚ ਅੰਕਿਤ ਕੀਤੀ ਗਈ ਹੈ।
ਇਕ ਪਿੰਡ ਵਿਚ ਇਕ ਖਾਂਦੇ ਪੀਂਦੇ ਘਰ ਦਾ ਨੌਜਵਾਨ ਹੁੰਦਾ ਹੈ। ਇਕ ਦਿਨ ਉਸ ਦੀ ਮੁਲਕਾਤ ਇਕ ਹੋਰ ਹਮਉਮਰ ਮੁੰਡੇ ਨਾਲ ਹੋ ਗਈ। ਦੋਨੋਂ ਦੋਸਤ ਬਣ ਗਏ ਪਰ ਦੋਨਾਂ ਵਿਚ ਦੋ ਵਿਸ਼ੇਸ਼ ਅੰਤਰ ਸਨ। ਪਹਿਲਾ ਤਾਂ ਇਹ ਕਿ ਜਿਵੇਂ ਦੱਸਿਆ ਜਾ ਚੁੱਕਾ ਹੈ, ਪਹਿਲਾ ਮੁੰਡਾ ਅਮੀਰ ਘਰੋਂ ਸੀ ਜਦ ਕਿ ਦੂਜੇ ਨੂੰ ਦੋ ਡੰਗ ਦੀ ਰੋਟੀ ਵੀ ਮੁਸ਼ਕਿਲ ਨਾਲ ਹੀ ਜੁੜਦੀ ਸੀ। ਦੂਸਰੀ ਇਹ ਕਿ ਇਹ ਦੂਜਾ ਮੁੰਡਾ ਨੇਤਰਹੀਣ ਸੀ ਜਦ ਕਿ ਪਹਿਲਾ ਪੂਰਾ ਸੁਜਾਖਾ ਸੀ। ਨੇਤਰਹੀਣ ਲੜਕਾ ਆਮ ਨੇਤਰਹੀਣਾਂ ਦੀ ਤਰ੍ਹਾਂ ਚੀਜ਼ਾਂ ਦੀ ਪਛਾਣ ਹੱਥਾਂ ਨਾਲ ਟਟੋਲ ਟਟੋਲ ਕੇ ਕਰਦਾ ਸੀ। ਦੋਵੇਂ ਦੋਸਤ ਅਕਸਰ ਮਿਲਦੇ ਰਹਿੰਦੇ। ਇਕ ਦਿਨ ਸੁਜਾਖੇ ਨੇ ਨੇਤਰਹੀਣ ਨੂੰ ਆਪਣੇ ਘਰ ਖਾਣੇ ‘ਤੇ ਬੁਲਾਇਆ। ਉਸ ਨੂੰ ਹੋਰ ਕੀ ਚਾਹੀਦਾ ਸੀ, ਇਕ ਦਿਨ ਤਾਂ ਢਿਡ ਭਰ ਕੇ ਖਾਣਾ ਖਾਣ ਨੂੰ ਮਿਲੇਗਾ। ਮੇਜ਼ਬਾਨ ਨੇ ਕਈ ਤਰ੍ਹਾਂ ਦੇ ਪਕਵਾਨ ਬਣਾ ਕੇ ਆਪਣੇ ਦੋਸਤ ਨੂੰ ਪੇਸ਼ ਕੀਤੇ। ਉਸ ਨੇ ਢਿਡ ਭਰ ਕੇ ਖਾਧਾ। ਉਸ ਨੂੰ ਪਹਿਲੀ ਵਾਰੀ ਵਧੀਆ ਭੋਜਨ ਤੇ ਅਮੀਰੀ ਦਾ ਅਹਿਸਾਸ ਹੋਇਆ। ਖਾਣੇ ਦੇ ਅਖੀਰ ਵਿਚ ਮਿੱਠੀ ਚੀਜ਼ ਵਜੋਂ ਖੀਰ ਪੇਸ਼ ਕੀਤੀ ਗਈ। ਸਾਰੀ ਕਟੋਰੀ ਚੱਟ ਚੱਟ ਕੇ ਖਾਣ ਪਿਛੋਂ ਉਸ ਨੇ ਆਪਣੇ ਦੋਸਤ ਨੂੰ ਪੁਛਿਆ, “ਬੜਾ ਲਜ਼ੀਜ਼ ਪਕਵਾਨ ਹੈ, ਕੀ ਹੈ ਇਹ?” ਮੇਜ਼ਬਾਨ ਬਹੁਤ ਖੁਸ਼ ਹੋਇਆ। ਉਸ ਨੇ ਦੱਸਿਆ ਕਿ ਇਹ ਖੀਰ ਹੈ। ਇਸ ‘ਤੇ ਨੇਤਰਹੀਣ ਦੋਸਤ ਨੇ ਸਵਾਲ ਕੀਤਾ, “ਇਹ ਖੀਰ ਦੇਖਣ ਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ?” ਜਵਾਬ ਆਇਆ, “ਦੁੱਧ ਵਾਂਗ ਚਿੱਟੀ।” ਜਿਸ ਦੀਆਂ ਅੱਖਾਂ ਵਿਚ ਨਜ਼ਰ ਹੀ ਨਾ ਹੋਵੇ ਉਸ ਨੂੰ ਭਲਾ ਰੰਗਾਂ ਦੀ ਕੀ ਸਮਝ? ਉਸ ਲਈ ਕਾਲੀ ਮੱਝ ਤੇ ਗੋਰੀ ਗਾਂ ਇਕੋ ਜਿਹੀ ਹੈ। ਸੋ, ਉਸ ਨੇ ਅਗਲਾ ਸਵਾਲ ਕੀਤਾ, “ਚਿੱਟਾ ਕਿਸ ਤਰ੍ਹਾਂ ਦਾ ਹੁੰਦਾ ਹੈ?” ਮੇਜ਼ਬਾਨ ਦੋਸਤ ਨੂੰ ਜਵਾਬ ਸੁਝਿਆ, “ਚਿੱਟਾ, ਮਤਲਬ ਕਿ ਬਗਲੇ ਵਰਗਾ।” ਮੰਦਭਾਗੇ ਦੋਸਤ ਨੇ ਬਗਲਾ ਪੰਛੀ ਬਾਰੇ ਸੁਣਿਆ ਤਾਂ ਸੀ ਪਰ ਸਪਸ਼ਟ ਕਾਰਨਾਂ ਕਰਕੇ ਉਸ ਦਾ ਚਿੱਤਰ ਉਸ ਦੇ ਮਨ ਵਿਚ ਨਹੀਂ ਸੀ ਉਕਰਿਆ ਹੋਇਆ। ਉਸ ਨੇ ਜਗਿਆਸਾ ਵਸ ਪੁਛਿਆ, “ਬਗਲਾ ਕਿਹੋ ਜਿਹਾ ਹੁੰਦਾ ਹੈ?” ਮਿਹਰਬਾਨ ਮੇਜ਼ਬਾਨ ਦੋਸਤ ਦੇ ਸਾਹਮਣੇ ਹੁਣ ਬਗਲੇ ਦਾ ਹੁਲੀਆ ਦਰਸਾਉਣ ਦਾ ਮਸਲਾ ਸੀ। ਸੋਚ-ਸਾਚ ਕੇ ਉਸ ਨੂੰ ਸਮਝਾਉਣ ਦੀ ਤਰਕੀਬ ਸੁਝ ਗਈ। ਉਸ ਨੇ ਆਪਣੇ ਇਕ ਹੱਥ ਦੀਆਂ ਉਂਗਲੀਆਂ ਨੂੰ ਮੋੜ ਕੇ ਚੁੰਜ ਵਰਗਾ ਬਣਾਇਆ ਅਤੇ ਦੂਸਰੇ ਹੱਥ ਨੂੰ ਵੀਣੀ ਤੋਂ ਮੋੜ ਕੇ ਉਸ ਨੂੰ ਚੁੰਜ ਬਣਾਏ ਹੱਥ ਅੱਗੇ ਕਰ ਦਿੱਤਾ। ਇਸ ਤਰ੍ਹਾਂ ਉਸ ਨੇ ਆਪਣੇ ਵਲੋਂ ਬਗਲੇ ਦਾ ਆਕਾਰ ਬਣਾ ਦਿੱਤਾ। ਫਿਰ ਉਸ ਨੇ ਆਪਣੇ ਨੇਤਰਹੀਣ ਦੋਸਤ ਨੂੰ ਬਗਲੇ ਦੀ ਸ਼ਕਲ ਬਾਰੇ ਛੂਹ ਕੇ ਪਤਾ ਲਾਉਣ ਲਈ ਕਿਹਾ। ਉਸ ਨੇ ਅਜਿਹਾ ਹੀ ਕੀਤਾ। ਉਸ ਦੇ ਮਨ ਵਿਚ ਆਖਰਕਾਰ ਖੀਰ ਬਾਰੇ ਜਾਨਣ ਦੀ ਹੀ ਉਤਸੁਕਤਾ ਸੀ। ਸੋ, ਦੋਸਤ ਦੇ ਹੱਥ ਟਟੋਲਣ ਪਿਛੋਂ ਹੈਰਾਨ ਹੋਇਆ ਉਹ ਬੋਲਿਆ, “ਵਾਹ ਬਈ ਵਾਹ, ਇਹ ਖੀਰ ਤਾਂ ਬੜੀ ਟੇਢੀ ਚੀਜ਼ ਹੁੰਦੀ ਹੈ!”