ਦਿਲ ਵਾਲਾ ਦੁਖੜਾ

ਸਾਲ 1947 ਵਿਚ ਪੰਜਾਬੀਆਂ ਨੇ ਜੋ ਦਰਦ ਹੰਢਾਇਆ ਹੈ, ਉਸ ਦੀਆਂ ਬਹੁਤ ਸਾਰੀਆਂ ਪਰਤਾਂ ਹਨ। ਕਿਸੇ ਵੀ ਪਰਤ ਦੀ ਕੰਨੀ ਚੁੱਕ ਲਵੋ, ਦਰਦ ਘਰਾਲਾਂ ਬਣ ਕੇ ਤੁਰਦਾ ਨਜ਼ਰੀਂ ਪੈਂਦਾ ਹੈ। ਸ਼ ਜਸਵੰਤ ਸਿੰਘ ਸੰਧੂ ਨੇ ਆਪਣੇ ਇਸ ਲੇਖ ਵਿਚ ਬਚਪਨ ਦਾ ਉਹ ਦਰਦ ਫਰੋਲਿਆ ਹੈ ਜੋ ਸਮਾਂ ਪਾ ਕੇ ਘਟਣ ਦੀ ਥਾਂ ਵਧਦਾ ਹੀ ਗਿਆ ਹੈ।

ਅਸਲ ਵਿਚ 1947 ਦੀ ਵੱਢ-ਟੁੱਕ ਦਾ ਉਹ ਦੌਰ ਹੀ ਅਜਿਹਾ ਸੀ ਜਿਹੜਾ ਹਰ ਬੰਦੇ ਦੇ ਜ਼ਿਹਨ ਵਿਚ ਬਹੁਤ ਡੂੰਘਾ ਲੱਥਿਆ ਹੋਇਆ ਹੈ। ਫਿਰ ਵਿਯੋਗ ਵਿਚ ਇਸ ਦਰਦ ਨੂੰ ਲਗਾਤਾਰ ਜਰਬ ਹੀ ਆਈ ਗਿਆ। ਜਸਵੰਤ ਸਿੰਘ ਸੰਧੂ ਨੇ ਇਸੇ ਜਰਬ ਕਾਰਨ ਦਿਲ ਅੰਦਰ ਧਮੱਚੜ ਮਚਾਉਂਦੇ ਦੁੱਖ-ਦਰਦ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। -ਸੰਪਾਦਕ

ਜਸਵੰਤ ਸਿੰਘ ਸੰਧੂ ਘਰਿੰਡਾ
ਯੂਨੀਅਨ ਸਿਟੀ, ਕੈਲੀਫੋਰਨੀਆ
ਫੋਨ: 510-516-5971

1947 ਵੇਲੇ ਮੇਰੀ ਉਮਰ 8 ਕੁ ਸਾਲ ਸੀ। ਪਿੰਡ ਵਿਚ ਹਿੰਦੂ, ਸਿੱਖ, ਮੁਸਲਮਾਨ ਤੇ ਮਜ਼੍ਹਬੀ ਸਿੱਖ ਬੜੇ ਪਿਆਰ ਨਾਲ ਰਹਿੰਦੇ ਸਨ। ਦੁੱਖ-ਸੁੱਖ ਵੇਲੇ ਇਕ-ਦੂਜੇ ਦੇ ਦਿਲੋਂ ਹਮਦਰਦ ਸਨ। ਦੋ ਮੁਸਲਮਾਨ ਅੱਲ੍ਹਾ ਬਖਸ਼ ਤੇ ਇਬਰਾਹੀਮ, ਵਾਹੀ ਖੇਤੀ ਵਿਚ ਮੇਰੇ ਪਿਤਾ ਜੀ ਦੇ ਭਿਆਲ ਸਨ। ਤਿੰਨੇ ਜਣੇ ਪੈਲੀਆਂ ਵਿਚ ਭਰਾਵਾਂ ਵਾਂਗ ਰਲ ਕੇ ਕੰਮ ਕਰਦੇ। ਉਨ੍ਹਾਂ ਦੀਆਂ ਘਰਵਾਲੀਆਂ ਅੱਲ੍ਹਾ ਰੱਖੀ ਅਤੇ ਸਾਇਰਾ ਬੀਬੀ ਮੈਨੂੰ ਆਪਣੇ ਪੁੱਤਾਂ ਵਾਂਗ ਪਿਆਰ ਕਰਦੀਆਂ। ਮਨਾਰਿਆਂ ਵਿਚੋਂ ਛੱਲੀਆਂ ਕੱਢਦਿਆਂ ਇਬਰਾਹੀਮ ਦੀ ਅੰਮਾਂ ਤਾਬਾਂ ਨੇ ਕਿਆਮਤ ਆਉਣ ਦੀਆਂ ਗੱਲਾਂ ਕਰਨੀਆਂæææ”ਕਿਆਮਤ ਦੇ ਦਿਨ ਲਹੂ ਦੀਆਂ ਨਦੀਆਂ ਵਹਿਣਗੀਆਂ, ਮਾਵਾਂ ਨੇ ਪੁੱਤਰ ਨਹੀਂ ਸੰਭਾਲਣੇ, ਕੋਈ ਰਿਸ਼ਤਾ ਨਹੀਂ ਰਹੇਗਾ।” (ਪਾਕਿਸਤਾਨ ਬਣਨ ‘ਤੇ ਮੇਰੇ ਬੀਬੀ (ਮਾਤਾ) ਇਸ ਨੂੰ ਅੰਮਾਂ ਤਾਬਾਂ ਦੀ ਕਿਆਮਤ ਨਾਲ ਜੋੜਦੇ ਸੀ)। ਪਿੰਡ ਵਿਚ ਛਿੰਝ ਪੈਂਦੀ ਹੁੰਦੀ ਸੀ। ਮੁਸਲਮਾਨ ਭਲਵਾਨ ਜਦੋਂ ਅਖਾੜੇ ਵਿਚ ਆਉਂਦੇ ਤਾਂ ‘ਯਾ ਅਲੀ ਮਦਤ’ ਦਾ ਨਾਅਰਾ ਮਾਰਦੇ। ਪਿੰਡ ਵਿਚ ਮੁਸਲਮਾਨਾਂ ਦੀ ਆਬਾਦੀ ਹਿੰਦੂ ਸਿੱਖਾਂ ਨਾਲੋਂ ਜ਼ਿਆਦਾ ਸੀ। ਮੁਸਲਮਾਨ ਜ਼ਿਆਦਾਤਰ ਅਰਾਈਂ ਸਨ, ਬੜੇ ਮਿਹਨਤੀ। ਜਦੋਂ ਮੈਂ ਆਪਣੇ ਨਾਨਕੇ ਪਿੰਡ ਲਾਹੌਰੀ ਮਲ ਜਾਣਾ ਤਾਂ ਮੇਰੀ ਨਾਨੀ ਕਹਿੰਦੀ ਹੁੰਦੀ ਸੀ, “ਆ ਗਏ ‘ਰਾਈਂ।” ਜ਼ਮੀਨ ਉਨ੍ਹਾਂ ਪਾਸ ਬਹੁਤ ਥੋੜ੍ਹੀ ਸੀ। ਕਈਆਂ ਕੋਲ ਤਾਂ ਸਿਰਫ਼ ਇਕ-ਇਕ ਕਿੱਲਾ, ਪਰ ਉਹ ਕਿੱਲੇ ਵਿਚ ਸਬਜ਼ੀਆਂ ਆਦਿ ਕਾਸ਼ਤ ਕਰ ਕੇ ਆਪਣੇ ਟੱਬਰ ਦਾ ਬੜਾ ਸੋਹਣਾ ਗੁਜ਼ਾਰਾ ਕਰ ਲੈਂਦੇ। ਕਈਆਂ ਨੇ ਤਾਂ ਜੱਟਾਂ ਤੋਂ ਜ਼ਮੀਨਾਂ ਗਹਿਣੇ ਲਈਆਂ ਹੋਈਆਂ ਸਨ। ਕਈਆਂ ਨੇ ਆਪਣੀ ਜ਼ਮੀਨ ਵਿਚ ਬੇਰੀਆਂ ਲਾਈਆਂ ਹੋਈਆਂ ਸਨ। ਛਾਬਿਆਂ ਵਿਚ ‘ਅੱਛੇ ਮਿੱਠੇ ਬੇਰ’ ਦਾ ਹੋਕਾ ਦੇ ਕੇ ਬੇਰ ਵੇਚਦੇ ਮੈਂ ਅੱਖੀਂ ਦੇਖੇ ਨੇ। ਸਾਡਾ ਪਿੰਡ ਹੁਣ ਵੀ ਬਹੁਤ ਸਬਜ਼ੀਆਂ ਪੈਦਾ ਕਰਦਾ ਹੈ, ਲਗਦਾ ਹੈæææਇਹ ਪਿੰਡ ਦੇ ਮੁਸਲਮਾਨ ਅਰਾਈਂਆਂ ਦੀ ਹੀ ਦੇਣ ਹੈ!
ਮਈ 1947 ਵਿਚ ਮੇਰੇ ਪਿਤਾ ਜੀ ਨੇ ਮੈਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਨੇ ਪਾਇਆ। ਸਕੂਲ ਵਿਚ ਦੋ ਮਾਸਟਰ ਸਨ। ਮਰ੍ਹਾਜਦੀਨ ਸਾਡੇ ਪਿੰਡ ਦਾ, ਤੇ ਹਵੇਲੀ ਰਾਮ ਖਾਪੜ ਖੇੜੀ ਦਾ। ਦੋਵੇਂ ਬੜੀ ਮਿਹਨਤ ਨਾਲ ਪੜ੍ਹਾਉਂਦੇ। ਮੇਰੇ ਨਾਲ ਮੁਸਲਮਾਨਾਂ ਦੇ ਮੁੰਡੇ ਵੀ ਪੜ੍ਹਦੇ ਸਨ। ਉਨ੍ਹਾਂ ਵਿਚੋਂ ਇਕ ਭੋਲੂ ਜਿਹਾ ਮੁੰਡਾ ਮੇਰਾ ਗੂੜ੍ਹਾ ਯਾਰ ਬਣ ਗਿਆ। ਉਸ ਨੇ ਦਵਾਤ ਵਿਚ ਸਿਆਹੀ, ਸੂਫ਼ ਤੇ ਪਾਣੀ ਪਾ ਕੇ ਕਲਮ ਨਾਲ ਰਿੜਕਣਾ ਅਤੇ ਨਾਲ ਹੀ ਕਹਿਣਾ, “ਆਲੇ ਵਿਚ ਪੇਠਾ, ਮੇਰੀ ਦਵਾਤ ਗਲ੍ਹੇਪਾ।” ਪਾਕਿਸਤਾਨ ਬਣਨ ‘ਤੇ ਉਹ ਮੁੰਡਾ ਅਤੇ ਮਾਸਟਰ ਮਰ੍ਹਾਜਦੀਨ ਪਾਕਿਸਤਾਨ ਚਲੇ ਗਏ। ਉਹਦੇ ਜਾਣ ਤੋਂ ਬਾਅਦ ਮੇਰਾ ਕਈ ਮਹੀਨੇ ਜੀਅ ਨਾ ਲੱਗਾ। ਅੱਜ ਵੀ ਉਹਦੀ ਭੋਲੂ ਜਿਹੀ ਸ਼ਕਲ ਮੇਰੀਆਂ ਅੱਖਾਂ ਸਾਹਮਣੇ ਫਿਰਦੀ ਰਹਿੰਦੀ ਹੈ।
ਸਾਡੀ ਇਕ ਧਰਤੀ, ਇਕੋ ਮੌਸਮ, ਇਕੋ ਬੋਲੀ ਅਤੇ ਇਕੋ ਸਭਿਆਚਾਰ; ਪਰ ਅਸੀਂ ਦੋ ਕਿਉਂ ਹੋ ਗਏ? ਅਸੀਂ ਦੋ ਹੋਏ ਸਾਂ, ਜਾਂ ਸਾਨੂੰ ਕਰ ਦਿੱਤਾ ਗਿਆ ਸੀ, ਇਹ ਬਹੁਤ ਵੱਡਾ ਸਵਾਲ ਹੈ; ਪ੍ਰੇਸ਼ਾਨ ਕਰਨ ਵਾਲਾ ਜਿਸ ਦਾ ਜਵਾਬ ਲੋਕ ਸਦੀਆਂ ਤੱਕ ਲੱਭਦੇ ਰਹਿਣਗੇ। ਪ੍ਰੋæ ਪੂਰਨ ਸਿੰਘ ਨੇ ਕਿਹਾ ਸੀ, “ਪੰਜਾਬ ਜੀਂਦਾ ਗੁਰਾਂ ਦੇ ਨਾਮ ਤੇæææਪੰਜਾਬ ਨਾ ਹਿੰਦੂ ਨਾ ਮੁਸਲਮਾਨ।” ਗੁਰੂਆਂ ਦਾ ਸੰਦੇਸ਼ ਸੀ- ਏਕ ਪਿਤਾ ਏਕਸ ਕੇ ਹਮ ਬਾਰਿਕ॥æææਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ॥ ਵੱਡੇ ਗੁਰੂ ਨੇ ਕਿਹਾ ਸੀ-ਨਾ ਹਮ ਹਿੰਦੂ ਨਾ ਮੁਸਲਮਾਨ॥ ਇਹੋ ਕਾਰਨ ਹੈ ਕਿ ਸਾਡੇ ਲਈ ਬਾਬੇ ਨਾਨਕ ਵਾਂਗ ਬਾਬਾ ਫਰੀਦ ਵੀ ਉਨਾ ਹੀ ਪਿਆਰਾ ਹੈ। ਨਾ ਸਾਡੇ ਲਈ ਸ਼ਾਹ ਹੁਸੈਨ ਓਪਰਾ ਹੈ ਅਤੇ ਨਾ ਹੀ ਬੁੱਲ੍ਹੇ ਸ਼ਾਹ। ਜੇ ਗੁਰੂਆਂ ਨੇ ਮਾਨਸ ਦੇ ਏਕੇ ਦਾ ਸੰਦੇਸ਼ ਦਿੱਤਾ, ਤਾਂ ਸੂਫ਼ੀਆਂ ਨੇ ਵਾਹਦਤ ਦਾ ਪੈਗਾਮ ਦਿੱਤਾ। ਬਾਬੇ ਫਰੀਦ ਨੇ ਇਹੋ ਕੁਝ ਕਿਹਾ ਸੀ। ਜਦੋਂ ਕੁਝ ਸ਼ਰਧਾਲੂ ਕੈਂਚੀ ਭੇਟ ਕਰਨ ਆਏ ਤਾਂ ਉਸ ਨੇ ਅੱਗਿਉਂ ਕਿਹਾ ਸੀ-“ਮੈਨੂੰ ਕੈਂਚੀ ਨਾ ਦਿਓ, ਮੈਨੂੰ ਸੂਈ ਦਿਓ। ਮੈਂ ਲੋਕਾਂ ਨੂੰ ਪਾੜਨ ਨਹੀਂ ਆਇਆ, ਜੋੜਨ ਵਾਸਤੇ ਆਇਆ ਹਾਂ।”
ਜਿਉਂ-ਜਿਉਂ ਅਸੀਂ ਆਪਣੇ ਇਸ ਮਹਾਨ ਵਿਰਸੇ ਨਾਲੋਂ ਆਪਣੇ ਆਪ ਨੂੰ ਵਿਜੋਗੀ ਗਏ, ਅਸੀਂ ਪਾਟਦੇ ਗਏ ਅਤੇ ਫਿਰ ਇੰਨੇ ਪਾਟ ਗਏ ਕਿ ਪਿਆਰੇ ਪੰਜਾਬ ਦੀ ਧਰਤੀ ਦੇ ਕਲੇਜੇ ਨੂੰ ਚੀਰ ਕੇ 1947 ਵਿਚ ਦੋ ਹਿੱਸਿਆਂ ਵਿਚ ਵੰਡ ਦਿੱਤਾ। ਜਦੋਂ ਦਿੱਲੀ ਅਤੇ ਕਰਾਚੀ ਵਿਚ ਨੇਤਾ ਲੋਕ ਆਜ਼ਾਦੀ ਦੇ ਜਸ਼ਨ ਮਨਾ ਰਹੇ ਸਨ, ਤਾਂ ਪੰਜਾਬੀ ਇਕ-ਦੂਜੇ ਨੂੰ ਵੱਢ-ਕੱਟ ਰਹੇ ਸਨ; ਆਪੋ-ਆਪਣੀ ਪਿਆਰੀ ਜੰਮਣ ਭੋਇੰ ਛੱਡ ਰਹੇ ਸਨ; ਇਕ-ਦੂਜੇ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲ ਕੇ ਆਪਣੀ ਹੀ ਹੇਠੀ ਕਰ ਰਹੇ ਸਨ। ਤਕਰੀਬਨ ਦਸ ਲੱਖ ਪੰਜਾਬੀ ਲੋਕ ਇਸ ‘ਆਜ਼ਾਦੀ’ ਦੀ ਭੇਟ ਚੜ੍ਹ ਗਏ। ਡੇਢ ਕਰੋੜ ਦੇ ਲਗਭਗ ਘਰੋਂ ਬੇਘਰ ਹੋਏ। ਲੱਖਾਂ-ਪਤੀ ਕੱਖਾਂ-ਪਤੀ ਬਣ ਗਏ। ਸਾਡੇ ਮਹਾਨ ਲੀਡਰ ਕਹਿੰਦੇ ਸਨ ਕਿ ਅਸੀਂ ਬਿਨਾਂ ਖੂਨ-ਖਰਾਬੇ ਤੋਂ ਆਜ਼ਾਦੀ ਲਈ ਹੈ; ਉਨ੍ਹਾਂ ਮਹਾਨ ਲੀਡਰਾਂ ਨੂੰ 250 ਦੇਸ਼ ਭਗਤਾਂ ਦੀਆਂ ਫ਼ਾਂਸੀਆਂ ਪਤਾ ਨਹੀਂ ਕਿਉਂ ਯਾਦ ਨਹੀਂ ਆਉਂਦੀਆਂ? ਉਂਜ, ਸਾਡੇ ਲੀਡਰ ਠੀਕ ਹੀ ਕਹਿੰਦੇ ਸਨ ਕਿਉਂਕਿ ਸਾਡੇ ਦੇਸ਼ ਵਿਚ ਇਕ ਵੀ ਲੀਡਰ ਦਾ ਖੂਨ ਨਹੀਂ ਸੀ ਡੁੱਲ੍ਹਿਆ। ਗਰੀਬਾਂ ਦਾ ਕੀ ਹੈ, ਉਨ੍ਹਾਂ ਵਿਚ ਲਹੂ ਹੁੰਦਾ ਹੀ ਕਿਥੇ ਹੈ?
1849 ਤੋਂ ਪਹਿਲਾਂ ਭਾਰਤ ਇਕ ਦੇਸ਼ ਨਹੀਂ ਸੀ। 29 ਮਾਰਚ, 1849 ਵਿਚ ਅੰਗਰੇਜ਼ਾਂ ਨੇ ਪੰਜਾਬ ਨੂੰ ਫਤਿਹ ਕਰ ਕੇ ਸਾਰੇ ਭਾਰਤ ਉਤੇ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਲੁੱਟਿਆ ਵੀ ਤੇ ਕੁੱਟਿਆ ਵੀ; ਪਰ ਉਨ੍ਹਾਂ ਇਸ ਦੇਸ਼ ਨੂੰ ਇਕ ਝੰਡੇ ਥੱਲੇ ਇਕੱਠਾ ਕਰ ਦਿੱਤਾ। ਜਿਹੜੇ ਲੀਡਰ ਕਹਿੰਦੇ ਸੀ ਕਿ ਪਾਕਿਸਤਾਨ ਸਾਡੀ ਲਾਸ਼ ‘ਤੇ ਬਣੇਗਾ, ਉਹ ਦੇਸ਼ ਨੂੰ ਇਕੱਠਾ ਨਾ ਰੱਖ ਸਕੇ; ਇਸ ਦੇ ਤਿੰਨ ਟੁਕੜੇ ਕਰ ਦਿੱਤੇ ਗਏ। ਕੀ ਕੋਈ ਲੀਡਰ ਇਸ ਗ਼ਲਤੀ ਨੂੰ ਪ੍ਰਵਾਨ ਕਰੇਗਾ? ਨਹੀਂ, ਸਾਡੇ ਕਿਸੇ ਵੱਡੇ ਤੋਂ ਵੱਡੇ ਲੀਡਰ ਵਿਚ ਵੀ ਇਹ ਇਖਲਾਕੀ ਦਲੇਰੀ ਨਹੀਂ! ਸਾਡੇ ਸਿੱਖ ਲੀਡਰਾਂ ਨੇ ਕਾਂਗਰਸ ਦੇ ਵੱਡੇ-ਵੱਡੇ ਲੀਡਰਾਂ ‘ਤੇ ਜ਼ੁਬਾਨੀ ਭਰੋਸਾ ਕਰ ਲਿਆ। ਭਾਰਤ ਦੀ ਆਜ਼ਾਦੀ ਤੇ ਪਾਕਿਸਤਾਨ ਦੇ ਜਨਮ ਵਿਚ ਪੰਜਾਬੀਆਂ ਨੂੰ ਕੁਰਬਾਨੀ ਦਾ ਬੱਕਰਾ ਬਣਨਾ ਪਿਆ। ਤਾਕਤ ਹੱਥ ਆ ਜਾਣ ਪਿਛੋਂ ਇਕ ਵਾਕ ਨਾਲ ਹੀ ਸਭ ਕੁਝ ਬਦਲ ਗਿਆ। ਹੁਣ ਹਾਲਾਤ ਬਦਲ ਗਏ ਹਨ। ਅਜੋਕਾ ਕਸ਼ਮੀਰ ਮਸਲਾ ਵੀ ਸਾਡੇ ‘ਮਹਾਨ’ ਲੀਡਰਾਂ ਦੀ ਦੇਣ ਹੈ। ਪਤਾ ਨਹੀਂ, ਇਹ ਮਸਲਾ ਕਿੰਨਾ ਚਿਰ ਹੋਰ ਦੇਸ਼ ਦਾ ਜਾਨੀ ਤੇ ਮਾਲੀ ਨੁਕਸਾਨ ਕਰਦਾ ਰਹੇਗਾ। ਅੰਗਰੇਜ਼ਾਂ ਦਾ ਇਕ ਕੀਤਾ ਭਾਰਤ, ਵੰਡਿਆ ਜਾਣਾ ਸਾਡੇ ਲੀਡਰਾਂ ਦੀ ਰਾਜਨੀਤਕ ਹਾਰ ਸੀ।
ਪਾਕਿਸਤਾਨ ਬਣ ਗਿਆ। ਪਿਸ਼ਾਵਰ ਅਤੇ ਰਾਵਲਪਿੰਡੀ ਤੋਂ ਹਿੰਦੂ-ਸਿੱਖ ਸ਼ਰਨਾਰਥੀ ਉਜੜ ਕੇ ਛੇਹਰਟਾ ਸਾਹਿਬ ਗੁਰਦੁਆਰੇ ਆ ਗਏ। ਕਹਿੰਦੇ ਸਨ ਕਿ ਮੁਸਲਮਾਨਾਂ ਨੇ ਉਨ੍ਹਾਂ ਦੇ ਘਰ-ਬਾਰ ਲੁੱਟ ਲਏ ਅਤੇ ਧੀਆਂ ਭੈਣਾਂ ਦੀ ਬੇਹੁਰਮਤੀ ਕੀਤੀ ਸੀ। ਸਾਡੇ ਪਿੰਡ ਲਾਗੇ ਤਿੰਨ ਮੁਸਲਮਾਨ ਕਤਲ ਹੋ ਗਏ। ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਨੇ ਖੋਜੀ ਮੰਗਵਾਏ, ਪਰ ਕਾਤਲਾਂ ਦਾ ਕੋਈ ਪਤਾ ਨਾ ਲੱਗਾ। ਅਫ਼ਵਾਹ ਸੀ ਕਿ ਉਹ ਕਤਲ ਪਿਸ਼ੌਰੀਆਂ ਨੇ ਬਦਲਾ ਲੈਣ ਦੀ ਭਾਵਨਾ ਨਾਲ ਕੀਤੇ ਸਨ। ਇਨ੍ਹਾਂ ਕਤਲਾਂ ਦੇ ਡਰ ਕਾਰਨ ਲਾਗਲੇ ਪਿੰਡਾਂ ਦੇ ਮੁਸਲਮਾਨ ਹੁਸ਼ਿਆਰ ਨਗਰ ਪਿੰਡ ਵਿਚ ਇਕੱਠੇ ਹੋ ਗਏ। ਉਹ ਅਸਲਾ ਵੈਗਰਾ ਜਮ੍ਹਾਂ ਕਰਨ ਲੱਗੇ। ਸਿੱਖ ਵੀ ਆਪਣੇ ਕੋਲ ਬਰਛਾ ਰੱਖਣ ਲਈ ਸ੍ਰੀ ਅਕਾਲ ਤਖ਼ਤ ਤੋਂ ਅੰਮ੍ਰਿਤ ਛਕ ਕੇ ‘ਨਿਹੰਗ’ ਬਣਨ ਲੱਗੇ। ਮੁਸਲਿਮ ਲੀਗੀਆਂ ਦੀ ਇਕ ਕਾਰ ਅਸਲਾ ਦੇਣ ਵਾਸਤੇ ਆਈ ਜਿਸ ਨੂੰ ਨਿਹੰਗਾਂ ਨੇ ਗੁਰੂ ਸਰ ਸਤਲਾਣੀ ਗੁਰਦੁਆਰੇ ਦੀ ਹੱਦ ਵਿਚ ਅੱਗ ਲਾ ਕੇ ਲੂਹ ਦਿੱਤਾ। ਬੜੇ ਸਾਲ ਕਾਰ ਦਾ ਸੜਿਆ ਢਾਂਚਾ ਗੁਰਦੁਆਰੇ ਦੀ ਹਦੂਦ ਵਿਚ ਪਿਆ ਰਿਹਾ। ਨਿਹੰਗਾਂ ਨੇ ਹਿਸ਼ਆਰ ਨਗਰ ‘ਤੇ ਹਮਲਾ ਕਰ ਕੇ ਘਰਾਂ ਨੂੰ ਅੱਗ ਲਾ ਦਿੱਤੀ। ਹੁਸ਼ਿਆਰ ਨਗਰ ਦੇ ਚੁਬਾਰਿਆਂ ਤੋਂ ਅੱਗ ਦੀਆਂ ਨਿਕਲਦੀਆਂ ਲਾਟਾਂ ਸਾਡੇ ਪਿੰਡੋਂ ਦਿਸਦੀਆਂ ਸਨ। ਕਾਫ਼ੀ ਮੁਸਲਮਾਨ ਕਤਲ ਕਰ ਦਿੱਤੇ ਗਏ। ਬਾਕੀਆਂ ਨੇ ਭੱਜ ਕੇ ਜਾਨ ਬਚਾਈ ਅਤੇ ਰੇਲ ਪਟੜੀ ਪੈ ਕੇ ਲਾਹੌਰ ਦੌੜ ਗਏ। ਲਾਹੌਰ ਵੱਲੋਂ ਕਈ ਗੱਡੀਆਂ ਆਉਣੀਆਂ। ਉਨ੍ਹਾਂ ਦੇ ਡੱਬਿਆਂ ਵਿਚੋਂ ਲਹੂ ਦੀਆਂ ਘਰਾਲਾਂ ਵਗੀਆਂ ਮੈਂ ਅੱਖੀਂ ਦੇਖੀਆਂ। ਹਿੰਦੂ ਸਿੱਖ ਸ਼ਰਨਾਰਥੀਆਂ ਦੀਆਂ ਇਹ ਗੱਡੀਆਂ ਰੇਲਵੇ ਸਟੇਸ਼ਨ ਲਾਹੌਰ ‘ਤੇ ਵੱਢੀਆਂ ਜਾਂਦੀਆਂ ਸਨ। ਇਧਰੋਂ ਮੁਸਲਮਾਨ ਸ਼ਰਨਾਰਥੀਆਂ ਦੇ ਡੇਢ-ਡੇਢ ਸੌ ਗੱਡੀਆਂ ਦੇ ਕਾਫ਼ਲੇ ਸੜਕਾਂ ਰਾਹੀਂ ਲਾਹੌਰ ਜਾ ਰਹੇ ਸਨ। ਕਹਿੰਦੇ ਹੁੰਦੇ ਸਨ, ਖੂਹਾਂ ਵਿਚ ਜ਼ਹਿਰ ਪਾ ਦਿੱਤਾ ਗਿਆ। ਉਹ ਆਪ ਅਤੇ ਆਪਣੇ ਤਿਹਾਏ ਬੱਚਿਆਂ ਨੂੰ ਡਰਦੇ ਪਾਣੀ ਨਹੀਂ ਸੀ ਪਿਆਉਂਦੇ। ਬੱਚੇ ‘ਹਾਇ ਲਾਲਾ, ਹਾਇ ਲਾਲਾ’ ਆਖ ਕੇ ਪਾਣੀ ਮੰਗਦੇ ਸਨ।
ਸਾਡੇ ਭਿਆਲ ਇਬਰਾਹੀਮ ਦਾ ਲੜਕਾ ਸਾਕੀ ਮੇਰਾ ਹਾਣੀ ਸੀ। ਮੈਂ ਤੇ ਸਾਕੀ ਘੁਲ ਵੀ ਲੈਂਦੇ ਸੀ; ਕਦੇ ਮੈਂ ਉਹਨੂੰ ਢਾਹ ਲੈਂਦਾ, ਤੇ ਕਦੀ ਉਹ ਮੈਨੂੰ। ਪਿੰਡ ਛੱਡਣ ਵੇਲੇ ਅੱਲ੍ਹਾ ਬਖਸ਼, ਉਸ ਦੀ ਪਤਨੀ ਅੱਲ੍ਹਾ ਰੱਖੀ ਅਤੇ ਇਬਰਾਹੀਮ ਦੀ ਪਤਨੀ ਸਾਇਰਾ, ਮੇਰੀ ਦਾਦੀ ਨੂੰ ਮਿਲਣ ਆਈਆਂ। ਦਾਦੀ ਜੀ ਦੇ ਗਲ ਲਗ ਕੇ ਉਚੀ-ਉਚੀ ਰੋ ਰਹੀਆਂ ਸਨ। ਅੱਲ੍ਹਾ ਬਖਸ਼ ਕਹਿ ਰਿਹਾ ਸੀ, “ਅੰਮਾਂ! ਜਿਉਂਦੇ ਰਹੇ ਤਾਂ ਫਿਰ ਮਿਲਾਂਗੇ, ਨਹੀਂ ਤਾਂ ਸਾਨੂੰ ਭੁਲਾਇਓ ਨਾ। ਅਸੀਂ ਤੁਹਾਨੂੰ ਕਦੇ ਵੀ ਨਹੀਂ ਭੁੱਲ ਸਕਦੇ।” ਪਾਕਿਸਤਾਨ ਵਿਚ ਉਹ ਸੱਚਾ ਸੌਦਾ ਚੂਹੜਕਾਣਾ (ਹੁਣ ਫ਼ਰੂਕਾਬਾਦ) ਮੰਡੀ ਲਾਗਲੇ ਪਿੰਡ ਸਰਕਾਰੀ ਖੂਹ ਖੁਰਦ ਜਾ ਬੈਠੇ। 1956 ਵਿਚ ਉਨ੍ਹਾਂ ਦਾ ਪਹਿਲਾ ਖਤ ਪਿਤਾ ਜੀ ਨੂੰ ਮਿਲਿਆ ਜਿਸ ਵਿਚ ਸਾਡੇ ਪਰਿਵਾਰ ਅਤੇ ਪਿੰਡ ਦਾ ਹਾਲ ਪੁੱਛਿਆ ਹੋਇਆ ਸੀ। 1998 ਵਿਚ ਮੈਂ ਗੁਰੂ ਨਾਨਕ ਦੇ ਜਨਮ ਦਿਨ ‘ਤੇ ਯਾਤਰੀ-ਜਥੇ ਨਾਲ ਪਾਕਿਸਤਾਨ ਗਿਆ। ਪੂਰੇ 51 ਸਾਲ ਬਾਅਦ ਮੈਂ ਚਾਚੇ ਇਬਰਾਹੀਮ, ਫਿਰੋਜ਼ ਅਤੇ ਸਾਕੀ ਨੂੰ ਮਿਲਿਆ। ਪੰਜ ਮਿੰਟ ਅਸੀਂ ਇਕ-ਦੂਜੇ ਦੇ ਗਲ ਲੱਗ ਕੇ ਰੋਂਦੇ ਰਹੇ। ਅੱਲ੍ਹਾ ਰੱਖੀ, ਅੱਲ੍ਹਾ ਬਖਸ਼ ਅਤੇ ਸਾਇਰਾ ਮਰ ਚੁੱਕੇ ਸਨ। ਮੇਰੀ ਤੇ ਸਾਕੀ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਚੁੱਕੀਆਂ ਸਨ। ਮੇਰੇ ਨਾਲ ਪ੍ਰੋæ ਹਮਦਰਦਵੀਰ ਨੌਸ਼ਹਿਰਵੀ ਸੀ। ਉਸ ਨੇ ਸਾਨੂੰ ਦੋਵਾਂ ਨੂੰ ਫੜ ਕੇ ਘੁਲਣ ਲਾ ਦਿੱਤਾ। ਅਸੀਂ ਦੋਵੇਂ ਝੂਠੇ-ਮੂਠੇ ਘੁਲੇ। ਮੈਂ ਤੋਹਫ਼ੇ ਵਜੋਂ ਇਬਰਾਹੀਮ ਨੂੰ ਧਾਰੀਵਾਲ ਦੀ ਲੋਈ ਅਤੇ ਇਕ ਕਿਲੋ ਚਾਹ ਦਿੱਤੀ। ਉਸ ਨੇ ਮੈਨੂੰ ਕੱਪੜੇ ਤੇ ਸੌ ਰੁਪਿਆ ਦਿੱਤਾ। ਸੌ ਰੁਪਿਆ ਮੈਂ ਵਾਪਸ ਕਰ ਦਿੱਤਾ। ਕਪੜੇ ਲੈ ਕੇ ਉਥੋਂ ਹੀ ਉਸ ਦਾ ਸਲਵਾਰ ਕਮੀਜ਼ ਸਵਾ ਲਿਆ ਜੋ ਅਜੇ ਤੱਕ ਹੰਢਾਅ ਰਿਹਾ ਹਾਂ। ਮਾਰਚ, 1999 ਨੂੰ ਚਾਚਾ ਇਬਰਾਹੀਮ ਵੀ ਫੌਤ ਹੋ ਗਿਆ। ਅੱਜ ਵੀ ਮੇਰਾ ਜੀਅ ਕਰਦਾ ਹੈ ਕਿ ਮੈਂ ਅੱਲ੍ਹਾ ਬਖਸ਼, ਅੱਲ੍ਹਾ ਰੱਖੀ, ਸਾਇਰਾ ਤੇ ਇਬਰਾਹੀਮ ਦੀਆਂ ਕਬਰਾਂ ਦੇ ਦਰਸ਼ਨ ਕਰਾਂ।
ਪੰਜਾਬ ਵਿਚ ਵੱਢ-ਕੱਟ ਜ਼ੋਰਾਂ ‘ਤੇ ਸੀ। ਲਾਹੌਰ ਅਤੇ ਅੰਮ੍ਰਿਤਸਰ ਤੋਂ ਸਿੱਖਾਂ ਤੇ ਮੁਸਲਮਾਨਾਂ ਦੇ ਮਾਰੇ ਜਾਣ ਦੀਆਂ ਖਬਰਾਂ ਆ ਰਹੀਆਂ ਸਨ। ਸਾਡੇ ਪਿੰਡ ਦੇ ਮੁਸਲਮਾਨਾਂ ਤੇ ਸਿੱਖਾਂ ਦੇ ਸਬੰਧ ਭਰਾਵਾਂ ਵਰਗੇ ਸਨ। ਕੁਝ ਮੁਸਲਮਾਨ ਪਰਿਵਾਰ ਪਿੰਡ ਛੱਡ ਕੇ ਜਾ ਚੁੱਕੇ ਸਨ; ਕੁਝ ਕੁ ਇਧਰ ਸਨ। ਸਾਡੇ ਖੂਹ ‘ਤੇ ਜਮਾਲਦੀਨ ਨਾਂ ਦਾ ਮੁਸਲਮਾਨ ਜਿਸ ਨੇ ਲੰਮੀ ਦਾੜ੍ਹੀ ਰੱਖੀ ਹੋਈ ਸੀ, ਹਿੱਸੇ ‘ਤੇ ਜ਼ਮੀਨ ਲੈ ਕੇ ਵਾਹੁੰਦਾ ਸੀ। ਉਹ ਖੂਹ ਦੀ ਮੌਣ ‘ਤੇ ਨਮਾਜ਼ ਪੜ੍ਹ ਕੇ ਰੋਟੀ ਖਾਂਦਾ, ਬੜਾ ਨੇਕ ਇਨਸਾਨ ਸੀ। ਸਾਡੇ ਪਿੰਡ ਲਾਗਿਓਂ ਅੰਮ੍ਰਿਤਸਰ ਤੋਂ ਲਾਹੌਰ ਨੂੰ ਰੇਲਵੇ ਲਾਈਨ ਲੰਘਦੀ ਹੈ। ਮੁਸਲਮਾਨ ਸ਼ਰਨਾਰਥੀਆਂ ਦੀ ਗੱਡੀ ਲਾਹੌਰ ਨੂੰ ਜਾ ਰਹੀ ਸੀ। ਇੰਜਣ ਨਾਲ ਬਿਨਾਂ ਛੱਤ ਵਾਲਾ ਮਾਲ ਗੱਡੀ ਦਾ ਡੱਬਾ ਲੱਗਾ ਹੋਇਆ ਸੀ ਜਿਸ ਵਿਚ ਗੱਡੀ ਦੀ ਹਿਫਾਜ਼ਤ ਲਈ ਮੁਸਲਮਾਨ ਰਾਈਫ਼ਲਾਂ ਲੈ ਕੇ ਬੈਠੇ ਸਨ। ਲਾਈਨ ਦੇ ਆਸ-ਪਾਸ ਉਹ ਜਿਹੜਾ ਵੀ ਸਿੱਖ ਵੇਖਦੇ ਸਨ, ਮਾਰੀ ਜਾਂਦੇ। ਸਾਡੇ ਪਿੰਡ ਦਾ ਮੁਖਤਾਰ ਸਿੰਘ ਉਨ੍ਹਾਂ ਦੀ ਗੋਲੀ ਨਾਲ ਮਾਰਿਆ ਗਿਆ, ਉਹਦੀ ਲਾਸ਼ ਚੁੱਕ ਕੇ ਘਰ ਲਿਆਂਦੀ ਗਈ। ਸਮੇਤ ਜਮਾਲਦੀਨ ਪਿੰਡ ਦੇ ਕਈ ਮੁਸਲਮਾਨ ਉਸ ਦੇ ਬਾਪ ਕੋਲ ਅਫ਼ਸੋਸ ਕਰਨ ਆਏ। ਕਈ ਮੁਸਲਮਾਨਾਂ ਦੀਆਂ ਅੱਖਾਂ ਵਿਚ ਅੱਥਰੂ ਸਨ। ਸਾਡੇ ਲੀਡਰਾਂ ਵਿਚੋਂ ਜੇ ਥੋੜ੍ਹੀ ਜਿਹੀ ਇਨਸਾਨੀਅਤ ਹੁੰਦੀ ਤਾਂ ਸ਼ਾਇਦ 47 ਦਾ ਕਤਲੇਆਮ ਟਲ ਜਾਂਦਾ।
ਸਾਡੇ ਪਿੰਡ ਵਿਚ ਸ਼ਾਦੀ ਨਾਮ ਦਾ ਮੁਸਲਮਾਨ ਸੀ। ਉਸ ਦੀ ਇਕੋ ਇਕ ਧੀ ਚਰਾਗੋ ਸੀ। ਮੇਰੇ ਪਿਤਾ ਜੀ ਨੂੰ ਉਸ ਨੇ ਧਰਮ ਦਾ ਪੁੱਤਰ ਬਣਾਇਆ ਹੋਇਆ ਸੀ। ਪਿੰਡ ਵਿਚ ਸਿੱਖਾਂ ਤੇ ਮੁਸਲਮਾਨਾਂ ਦਰਮਿਆਨ ਲੜਾਈ ਹੋ ਪਈ। ਮੇਰੇ ਪਿਤਾ ਜੀ ਤੋਂ ਭੁਲੇਖੇ ਨਾਲ ਡਾਂਗ ਵੱਜਣ ਨਾਲ ਬਾਬੇ ਸ਼ਾਦੀ ਦੇ ਸੱਟ ਲੱਗ ਗਈ। ਕਾਫ਼ੀ ਵੱਡਾ ਜ਼ਖ਼ਮ ਹੋ ਗਿਆ। ਪਿੰਡ ਦੇ ਜਨੂੰਨੀ ਮੁਸਲਮਾਨ ਉਸ ਨੂੰ ਕਹਿਣ ਕਿ ਉਹ ਥਾਣੇ ਰਪਟ ਦਰਜ ਕਰਵਾਏ। ਬਾਬੇ ਸ਼ਾਦੀ ਨੇ ਕਿਹਾ, “ਮੇਰੇ ਪੁੱਤ ਤੋਂ ਭੁਲੇਖੇ ਨਾਲ ਮੈਨੂੰ ਸੱਟ ਲਗ ਗਈ ਹੈ, ਮੈਂ ਥਾਣੇ ਨਹੀਂ ਜਾਣਾ।”
ਚੌਧਰੀ ਅਨਾਇਤ ਉਲ੍ਹਾ ਸਾਡੇ ਪਿੰਡ ਦਾ ਅਮੀਰ ਮੁਸਲਮਾਨ ਸੀ। ਬਹੁਤ ਵਧੀਆ ਬੰਦਾ ਸੀ। ਸਾਰੇ ਪਿੰਡ ਦੇ ਲੋਕਾਂ ਦੇ ਜਾਇਜ਼ ਕੰਮਾਂ ਵਿਚ ਮਦਦ ਕਰਦਾ। ਪਿੰਡ ਦੇ ਹਿੰਦੂ ਸਿੱਖਾਂ ਵਿਚ ਉਸ ਦਾ ਬੜਾ ਆਦਰ-ਮਾਣ ਸੀ। 1947 ਵਿਚ ਉਹ ਲਾਹੌਰ ਜਾ ਵਸਿਆ। ਉਧਰ ਜਾ ਕੇ ਐਮæਪੀæਏæ (ਮੈਂਬਰ ਆਫ਼ ਪ੍ਰੋਵਿੰਸ਼ੀਅਲ ਅਸੈਂਬਲੀ) ਬਣ ਕੇ ਵਜ਼ੀਰ ਵੀ ਬਣ ਗਿਆ। ਪਾਕਿਸਤਾਨ ਬਣਨ ਪਿਛੋਂ ਪਹਿਲੀ ਵਾਰ ਵਜ਼ੀਰ ਬਣ ਕੇ ਪਿੰਡ ਆਇਆ, ਤਾਂ ਪਿੰਡ ਦੇ ਲੋਕਾਂ ਨੇ ਆਪਣੇ ਵਜ਼ੀਰ ਦੇ ਗਲ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਸਾਰੇ ਪਿੰਡ ਦੇ ਲੋਕ ਭੁੰਜੇ ਦਰੀਆਂ ‘ਤੇ ਬੈਠੇ ਸਨ। ਚੌਧਰੀ ਅਨਾਇਤ ਉਲ੍ਹਾ ਮੰਜੇ ‘ਤੇ ਬੈਠਾ ਸੀ। ਪਿੰਡ ਦੀਆਂ ਪੁਰਾਣੀਆਂ ਯਾਦਾਂ ਦੁਹਰਾ ਰਿਹਾ ਸੀ ਅਤੇ ਕਹਿ ਰਿਹਾ ਸੀ, “ਮੈਂ ਆਪਣੇ ਮੁਸਲਮਾਨ ਭਰਾਵਾਂ ਨੂੰ ਕਹਿੰਦਾ ਹੁੰਨਾਂ ਕਿ ਜਿੰਨੀ ਮੇਰੀ ਇੱਜ਼ਤ ਸਰਦਾਰ ਕਰਦੇ ਨੇ, ਤੁਸੀਂ ਨਹੀਂ ਕਰਦੇ। ਮੈਨੂੰ ਮੇਰੇ ਭਰਾ ਫਜ਼ਲ ਇਲਾਹੀ ਦੀ ਮੌਤ ਅਤੇ ਘਰਿੰਡੇ ਪਿੰਡ ਦਾ ਵਿਛੋੜਾ ਪਤਾ ਨਹੀਂ ਕਿੰਨੀ ਵਾਰ ਰਵਾ ਦਿੰਦਾ ਹੈ।”
ਨਨਕਾਣਾ ਸਾਹਿਬ ਮੈਨੂੰ ਪਿੰਡ ਕੋਹਾਲਾ 7 ਜੀæਬੀ ਜ਼ਿਲ੍ਹਾ ਲਾਇਲਪੁਰ (ਹੁਣ ਫੈਸਲਾਬਾਦ) ਦਾ ਰਹਿਣ ਵਾਲਾ ਲਿਆਕਤ ਅਲੀ ਔਲਖ ਮਿਲ ਗਿਆ। ਉਸ ਨੇ ਦੱਸਿਆ, “ਸਾਡੇ ਬਜ਼ੁਰਗ 1880 ਵਿਚ ਲਾਇਲਪੁਰ ਦੇ ਚੱਕ ਨੰਬਰ 7 ਜੀæਬੀæ ਵਿਚ ਆ ਵਸੇ, ਜਦੋਂ ਸਾਂਦਲ ਬਾਰ ਵਸਿਆ। ਸਾਡਾ ਜੱਦੀ ਪਿੰਡ ਕੋਹਾਲਾ (ਲਾਗੇ ਲੋਪੋਕੇ ਚੋਗਾਵਾਂ) ਜ਼ਿਲ੍ਹਾ ਅੰਮ੍ਰਿਤਸਰ ਹੈ। ਉਸ ਨੇ ਔਲਖਾਂ ਦੇ ਬਾਰਾਂ ਪਿੰਡ ਸਮੇਤ ਕੋਹਾਲਾ ਗਿਣ ਕੇ ਦੱਸੇ। ਮੈਂ ਹੈਰਾਨ ਸਾਂ ਕਿ ਉਸ ਦੇ ਪਰਿਵਾਰ ਨੂੰ 128 ਸਾਲਾਂ ਬਾਅਦ ਵੀ ਆਪਣੀ ਜੰਮਣ-ਭੋਇੰ ਅਤੇ ਔਲਖਾਂ ਦੇ ਪਿੰਡ ਨਹੀਂ ਭੁੱਲੇ। ਸੰਨ 1947 ਵਿਚ ਗਏ ਲੋਕਾਂ ਨੂੰ ਆਪਣੇ ਪਿੰਡ ਕਿਵੇਂ ਭੁੱਲ ਸਕਦੇ ਹਨ? ਉਸ ਨੇ ਕਿਹਾ, “ਮੈਂ ਆਪਣਾ ਜੱਦੀ ਪਿੰਡ ਕੁਹਾਲਾ ਦੇਖਣਾ ਚਾਹੁੰਦਾ ਹਾਂ, ਪਰ ਮੈਨੂੰ ਵੀਜ਼ਾ ਨਹੀਂ ਦਿੰਦੇ। ਕਹਿੰਦੇ, ਤੈਨੂੰ ਅਜਮੇਰ ਸ਼ਰੀਫ ਦਾ ਵੀਜ਼ਾ ਮਿਲ ਸਕਦਾ ਹੈ, ਪਰ ਕੁਹਾਲੇ ਦਾ ਨਹੀਂ। ਮੈਂ ਕਹਿੰਦਾ ਹਾਂ-ਮੇਰਾ ਪਿੰਡ ਹੀ ਮੇਰੇ ਵਾਸਤੇ ਅਜਮੇਰ ਸ਼ਰੀਫ਼ ਹੈ।” ਕਿਹੋ ਜਿਹੀ ਵਿਡੰਬਨਾ ਹੈ, ਬੇਜਾਨ ਦਰਗਾਹਾਂ ਉਤੇ ਤਾਂ ਅਸੀਂ ਜਾ ਸਕਦੇ ਹਾਂ, ਪਰ ਜਿਉਂਦੇ ਹਮ-ਵਤਨੀਆਂ ਨੂੰ ਨਹੀਂ ਮਿਲ ਸਕਦੇ! ਦੋਹਾਂ ਮੁਲਕਾਂ ਦੇ ਸਿਆਸਤਦਾਨਾਂ ਦੀ ‘ਸਿਆਸਤ’ ਹੀ ਕੁਝ ਹੋਰ ਹੈ।
ਦੋਬਲੀਆਂ ਪਿੰਡ ਦਾ ਰਹਿਣ ਵਾਲਾ ਅੱਲ੍ਹਾ ਬਖਸ਼ ਲਗਾਤਾਰ ਨਨਕਾਣਾ ਸਾਹਿਬ ਗੁਰੂ ਨਾਨਕ ਦੇ ਗੁਰਪੁਰਬ ‘ਤੇ ਆ ਰਿਹਾ ਹੈ। ਉਸ ਦਾ ਕਹਿਣਾ ਹੈ-“ਦੋਹਾਂ ਸਰਕਾਰਾਂ ਦੀ ‘ਕਿਰਪਾ’ ਨਾਲ ਭਾਰਤ ਦਾ ਵੀਜ਼ਾ ਤਾਂ ਮੈਨੂੰ ਮਿਲਣਾ ਨਹੀਂ; ਮੈਂ ਕਹਿਨਾਂ, ਮਰਨ ਤੋਂ ਪਹਿਲਾਂ ਪਿੰਡ ਤਾਂ ਮੈਂ ਜਾ ਨਹੀਂ ਸਕਦਾ, ਮੇਰੇ ਪਿੰਡ ਦਾ ਕੋਈ ਬੰਦਾ ਹੀ ਮਿਲ ਪਏ, ਤਾਂ ਕਿ ਮੈਂ ਸਕੂਨ ਨਾਲ ਮਰ ਸਕਾਂ।”
ਜਦ ਨਨਕਾਣਾ ਸਾਹਿਬ ਤੋਂ ਲਾਹੌਰ ਆਏ ਤਾਂ ਸ਼ਾਹੂ ਦੀ ਗੜ੍ਹੀ, ਚੌਧਰੀ ਅਨਾਇਤ ਉਲ੍ਹਾ ਦੇ ਲੜਕੇ ਰਸ਼ੀਦ ਨੂੰ ਥ੍ਰੀ-ਵ੍ਹੀਲਰ ‘ਤੇ ਮਿਲਣ ਜਾ ਰਹੇ ਸਾਂ। ਭੀੜ ਕਾਰਨ ਸਾਡਾ ਥ੍ਰੀ-ਵ੍ਹੀਲਰ ਰੁਕ ਗਿਆ। ਚਾਲੀ ਕੁ ਸਾਲ ਦੀ ਔਰਤ ਆਪਣੀ ਤੇਰਾਂ-ਚੌਦਾਂ ਸਾਲ ਦੀ ਲੜਕੀ ਨਾਲ ਸੜਕ ‘ਤੇ ਖਲੋਤੀ ਸੀ। ਮੇਰੀ ਸਿੱਖ ਸ਼ਕਲ ਵੇਖ ਕੇ ਉਸ ਨੇ ਆਪਣੀ ਲੜਕੀ ਨੂੰ ਕਿਹਾ, “ਬੇਟਾ! ਵੇਖੋ ਸਰਦਾਰ ਸਾਹਿਬ”, ਤੇ ਨਾਲ ਹੀ ਸਲਾਮ-ਦੁਆ ਕੀਤੀ। ਮੈਂ ਅੱਗਿਉਂ ਸਲਾਮ ਦਾ ਜਵਾਬ ਦਿੱਤਾ। ਉਸ ਨੇ ਕਿਹਾ, “ਸਰਦਾਰ ਜੀ! ਮੇਰੀ ਬੱਚੀ ਨੂੰ ਪਿਆਰ ਕਿਉਂ ਨਹੀਂ ਦਿੰਦੇ?” ਮੈਂ ਉਸ ਬੱਚੀ ਨੂੰ ਪਿਆਰ ਦਿੱਤਾ। ਉਹ ਦੋਵੇਂ ਬੜੀਆਂ ਖੁਸ਼ ਹੋਈਆਂ। ਮੈਨੂੰ ਹੁਣ ਪਛਤਾਵਾ ਹੈ ਕਿ ਮੈਂ ਉਸ ਭੈਣ ਦਾ ਸਿਰਨਾਵਾਂ ਕਿਉਂ ਨਾ ਲਿਆ? ਮੈਂ ਸਦਾ ਵਾਸਤੇ ਉਸ ਨੂੰ ਆਪਣੀ ਧਰਮ ਭੈਣ ਬਣਾ ਲੈਂਦਾ!
ਮੈਨੂੰ ਜਿੰਨੇ ਵੀ ਪੰਜਾਬੀ ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਲਾਹੌਰ ਮਿਲੇ, ਜੋ ਚੜ੍ਹਦੇ ਪੰਜਾਬ ਤੋਂ ਉਜੜ ਕੇ ਗਏ ਸਨ, ਸਭ ਦੀ ਖਾਹਿਸ਼ ਸੀæææਉਹ ਆਪਣਾ ਪਿੰਡ ਤੇ ਆਪਣੇ ਲੋਕਾਂ ਨੂੰ ਵੇਖਣ/ਮਿਲਣæææਉਹ ਪਿੱਪਲ ਤੇ ਬੋਹੜ ਵੀ ਦੇਖਣ ਜਿਥੇ ਉਹ ਬਚਪਨ ਵਿਚ ਖੇਡਦੇ ਰਹੇ ਸਨ। ਦੋਹਾਂ ਪਾਸਿਆਂ ਦੇ ਪੰਜਾਬੀ ਸੰਤਾਲੀ ਦਾ ਦੁਖਾਂਤ ਭੁੱਲ ਕੇ ਫਿਰ ਮਿਲਣਾ ਚਾਹੁੰਦੇ ਸਨ, ਪਰ ਦੋਹਾਂ ਪਾਸਿਆਂ ਦੇ ਕੱਟੜਵਾਦੀ ਅਤੇ ਸਿਆਸਤਦਾਨ ਪੰਜਾਬੀਆਂ ਨੂੰ ਮਿਲਣ ਨਹੀਂ ਦੇਣਾ ਚਾਹੁੰਦੇ! ਦੋਵੇਂ ਪਾਸੇ ਗਰੀਬੀ, ਅਨਪੜ੍ਹਤਾ, ਜਹਾਲਤ, ਭ੍ਰਿਸ਼ਟਾਚਾਰ ਅਤੇ ਨਾ-ਬਰਾਬਰੀ ਦਾ ਬੋਲਬਾਲਾ ਹੈ। ਸੋਹਣ ਸਿੰਘ ਸੀਤਲ ਦੇ ਬੋਲਾਂ ਅਨੁਸਾਰ, “ਹਾਕਮ ਥਾਪੇ ਗਏ ਸੀ ਪਰਜਾ ਪਾਲਣ ਵਾਸਤੇ, ਪਰਜਾ ਖਾਣ ਦੀ ਨੀਤੀ ਬਣ ਗਈ ਹੈ ਸਰਕਾਰ ਦੀ।” ਦੋਹਾਂ ਪਾਸਿਆਂ ਦੇ ਸਿਆਸਤਦਾਨ ਲੋਕਾਂ ਨੂੰ ਧਰਮ, ਭਾਸ਼ਾ, ਇਲਾਕੇ ਅਤੇ ਜਾਤ-ਪਾਤ ਦੇ ਨਾਂ ‘ਤੇ ਲੜਾ ਕੇ ਆਪਣੀਆਂ ਗੱਦੀਆਂ ਪੱਕੀਆਂ ਕਰ ਰਹੇ ਹਨ; ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਰਹੇ ਹਨ। ਲੋਕਾਂ ਦੀਆ ਲੋੜਾਂ-ਰੋਟੀ, ਕੱਪੜਾ, ਮਕਾਨ, ਸਿਹਤ ਅਤੇ ਵਿਦਿਆ ਦਾ ਫ਼ਿਕਰ ਨਹੀਂ। ਅੱਜ ਮਲਕ ਭਾਗੋਆਂ ਦਾ ਬੋਲਬਾਲਾ ਹੈ; ਤੇ ਭਾਈ ਲਾਲੋਆਂ ਤੇ ਉਨ੍ਹਾਂ ਦੇ ਬੱਚਿਆਂ ਦੀ ਕੋਈ ਪੁੱਛ ਨਹੀਂ। ਗਰੀਬੀ ਕਾਰਨ ਦੋਹੀਂ ਪਾਸੀਂ ਲੋਕ ਆਪਣੇ ਗੁਰਦੇ ਵੇਚ ਰਹੇ ਹਨ। ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਦੇ ਗੁਰਦੇ ਚੋਰੀ ਕੱਢੇ ਜਾ ਰਹੇ ਹਨ।
1947 ਵਿਚ ਆਜ਼ਾਦੀ ਤਾਂ ਸਾਨੂੰ ਮਿਲ ਗਈ, ਪਰ ਆਰਥਿਕ ਆਜ਼ਾਦੀ ਤੋਂ ਬਗੈਰ ਇਹ ਅਧੂਰੀ ਹੈ। ਜਿਸ ਆਜ਼ਾਦੀ ਦਾ ਸੁਪਨਾ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਅਤੇ ਭਗਤ ਸਿੰਘ ਵਰਗੇ ਦੇਸ਼ ਭਗਤਾਂ ਨੇ ਲਿਆ ਸੀ, ਉਹ ਆਜ਼ਾਦੀ ਅਜੇ ਵੀ ਨਹੀਂ ਆਈ। ਸ਼ ਭਗਤ ਸਿੰਘ ਨੇ ਕਿਹਾ ਸੀ, “ਜਦੋਂ ਤੱਕ ਇਨਸਾਨ ਦੇ ਹੱਥੋਂ ਇਨਸਾਨ ਦੀ ਲੁੱਟ ਖਤਮ ਨਹੀਂ ਹੋ ਜਾਂਦੀ, ਸਾਡਾ ਸੰਘਰਸ਼ ਜਾਰੀ ਰਹੇਗਾ।”
ਸਾਡੇ ਅਖੌਤੀ ਕਲਾਕਾਰਾਂ, ਗੀਤਕਾਰਾਂ, ਗਾਇਕਾਂ-ਗਾਇਕਾਵਾਂ ਨੇ ਨੌਜਵਾਨ ਮੁੰਡੇ-ਕੁੜੀਆਂ ਦੀ ਜੜ੍ਹ ਪੁੱਟ ਕੇ ਰੱਖ ਦਿਤੀ ਹੈ। ਸੈਕਸ ਪੱਖੋਂ ਜੋ ਵੀ ਦੁਰਘਟਨਾਵਾਂ ਪੰਜਾਬ ਵਿਚ ਵਾਪਰ ਰਹੀਆਂ ਹਨ, ਸਭ ਇਨ੍ਹਾਂ ਦੀ ਦੇਣ ਹੈ। ‘ਖਾਣ ਬੱਕਰੇ ਤੇ ਪੀਣ ਸ਼ਰਾਬਾਂ, ਪੁੱਤ ਸਰਦਾਰਾਂ ਦੇ’। ਸਰਦਾਰ ਭਾਵੇਂ ਪੰਜ ਕਨਾਲ ਦਾ ਮਾਲਕ ਹੋਵੇ, ਗੀਤ ਗਾਉਣ ਵਾਲੇ ਲੱਖਾਂ-ਪਤੀ ਹੋ ਗਏ ਹਨ, ਪਰ ਮੀਟ ਖਾਣ ਵਾਲੇ ਸਰਦਾਰ ਖੁਦਕਸ਼ੀਆਂ ਕਰ ਰਹੇ ਹਨ! ਆਸ ਹੈ, ਕਾਲੀ ਬੋਲੀ ਰਾਤ ਤੋਂ ਬਾਅਦ ਸੁਨਹਿਰਾ ਦਿਨ ਜ਼ਰੂਰ ਚੜ੍ਹਦਾ ਹੈ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਵਾਲਾ ਮਰਦ ਜ਼ਰੂਰ ਪੈਦਾ ਹੋਵੇਗਾ ਜੋ ਕੂੜ ਨੂੰ ਸੱਚ ਵਿਚ ਬਦਲ ਦੇਵੇਗਾ। ਬਾਬੇ ਨਾਨਕ ਦੀ ਬਾਣੀ ਦੀ ਤੁਕ ‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ’ ਜ਼ਰੂਰ ਪੂਰੀ ਹੋਵੇਗੀ। ਪ੍ਰਸਿੱਧ ਢਾਡੀ ਤੇ ਨਾਮਵਰ ਵਿਦਵਾਨ ਮਰਹੂਮ ਪਿਆਰਾ ਸਿੰਘ ਪੰਛੀ ਜੀ ਦੇ ਇਨ੍ਹਾਂ ਬੋਲਾਂ ਜੋ ਉਨ੍ਹਾਂ 1947 ਦੀ ਵੰਡ ‘ਤੇ ਲਿਖੇ ਸਨ, ਨਾਲ ਆਗਿਆ ਲੈਂਦਾ ਹਾਂ:
ਕਈ ਚਿਰਾਂ ਦੀ ਹੈ ਸੀ ਉਡੀਕ ਸਾਨੂੰ,
ਕਦੇ ਹੋਵੇਗਾ ਦੇਸ਼ ਆਜ਼ਾਦ ਸਾਡਾ।
ਬੇਗੁਨਾਹਾਂ ਨੂੰ ਪਿੰਜਰੀਂ ਪਾਉਣ ਵਾਲਾ,
ਨਿਕਲ ਜਾਏਗਾ ਏਥੋਂ ਸੱਯਾਦ ਸਾਡਾ।
ਸਾਡੀ ਕੀਤੀ ਕਮਾਈ ਨੂੰ ਲੁੱਟੂ ਕੋਈ ਨਾ,
ਸੋਹਣਾ ਹੋਵੇਗਾ ਦੇਸ਼ ਆਬਾਦ ਸਾਡਾ।
ਏਸ ਗੱਲ ਦਾ ‘ਪੰਛੀਆ’ ਪਤਾ ਨਹੀਂ ਸੀ,
ਹੋ ਜਾਣਾ ਹੈ ਝੁੱਗਾ ਬਰਬਾਦ ਸਾਡਾ।
ਪਿਆਰਾ ਸਿੰਘ ‘ਪੰਛੀ’ ਦੇ ਦਿਲ ਦਾ ਇਹ ਦੁੱਖ, ਸਾਡਾ ਸਾਰਿਆਂ ਦਾ ਸਾਂਝਾ ਦੁੱਖ ਹੈ।