ਹਮਾਸ ਦਾ ਬੇਟਾ

ਫਲਸਤੀਨੀਆਂ ਦੀ ਜੁਝਾਰੂ ਜਥੇਬੰਦੀ ‘ਹਮਾਸ’ ਦੇ ਮੋਢੀ ਲੀਡਰਾਂ ਵਿਚੋਂ ਇਕ, ਸ਼ੇਖ ਹਸਨ ਯੂਸਫ ਦੇ ਪੁੱਤਰ ਮੋਸਾਬ ਹਸਨ ਯੂਸਫ (ਜਨਮ 1978) ਨੇ ਛੋਟੀ ਉਮਰ ਵਿਚ ਹੀ ਆਪਣੀ ਸਵੈ-ਜੀਵਨੀ ‘ਸਨ ਆਫ ਹਮਾਸ’ ਲਿਖੀ ਹੈ। ਫਲਸਤੀਨ ਲਈ ਜੂਝ ਰਹੇ ਲੋਕਾਂ ਨੇ ਇਸ ਕਿਤਾਬ ਨੂੰ ਮੁੱਢੋਂ-ਸੁੱਢੋਂ ਰੱਦ ਕੀਤਾ ਹੈ, ਪਰ ਪੱਛਮੀ ਜਗਤ ਨੇ ਇਸ ਕਿਤਾਬ ਦਾ ਭਰਵਾਂ ਸਵਾਗਤ ਕੀਤਾ ਹੈ।

ਮੋਸਾਬ ਅੱਜ ਕੱਲ੍ਹ ਅਮਰੀਕਾ ਵਿਚ ਰਹਿੰਦਾ ਹੈ ਅਤੇ ਉਸ ਦੇ ਇਜ਼ਰਾਈਲ ਲਈ ਜਸੂਸੀ ਕਰਨ ਦੇ ਕਿੱਸੇ ਵੀ ਚਰਚਾ ਵਿਚ ਰਹੇ ਹਨ। ਸਾਲ 2012 ਵਿਚ ਛਪੀ ਇਸ ਕਿਤਾਬ ਬਾਰੇ ਲੰਮਾ ਲੇਖ ਉਘੇ ਸਿੱਖ ਚਿੰਤਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ‘ਪੰਜਾਬ ਟਾਈਮਜ਼’ ਨੂੰ ਭੇਜਿਆ ਹੈ। ਇਸ ਲੇਖ ਵਿਚ ਉਨ੍ਹਾਂ ਇਸ ਕਿਤਾਬ, ਲੇਖਕ ਮੋਸਾਬ ਹਸਨ ਯੂਸਫ, ਫਲਸਤੀਨ ਅਤੇ ਇਜ਼ਰਾਈਲ ਦੇ ਪਿਛੋਕੜ ਵਿਚ ਪਏ ਅਹਿਮ ਤੱਥ ਉਜਾਗਰ ਕੀਤੇ ਹਨ। ਇਸ ਲੇਖ ਦੀ ਪਹਿਲੀ ਕਿਸ਼ਤ ਹਾਜ਼ਰ ਹੈ। -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: 91-94642-51454

ਹਥਲੀ ਕਥਾ ਮੋਸਾਬ ਹਸਨ ਯੂਸਫ ਦੀ ਹੈ। ਅਰਬੀ ਲਫਜ਼ ਹਮਾਸ ਦਾ ਮਾਇਨਾ ਹੈ ਮਜ਼ਬੂਤ, ਥਿਰ, ਤਾਕਤਵਰ, ਅਡੋਲ। ਫਲਸਤੀਨ ਵਿਚੋਂ ਯਹੂਦੀਆਂ ਨੂੰ ਸਦਾ ਲਈ ਖਦੇੜਨ ਵਾਸਤੇ ਸੱਤ ਬੰਦਿਆਂ ਨੇ ਮੀਟਿੰਗ ਸੱਦੀ ਤੇ ਹਮਾਸ ਨਾਮ ਦੀ ਜਥੇਬੰਦੀ ਕਾਇਮ ਕੀਤੀ। ਇਨ੍ਹਾਂ ਸੱਤ ਮੋਢੀਆਂ ਵਿਚ ਇਸ ਕਥਾ ਦੇ ਮੁੱਖ ਪਾਤਰ ਮੋਸਾਬ ਦਾ ਅੱਬਾ ਸ਼ੇਖ ਹਸਨ ਯੂਸਫ ਵੀ ਸੀ। ਹਸਨ ਅਤੇ ਯੂਸਫ ਕਿਉਂਕਿ ਸਾਂਝੇ ਖਾਨਦਾਨੀ ਨਾਮ ਹਨ, ਅਸੀਂ ਅੱਬੂ ਨੂੰ ਸ਼ੇਖ ਅਤੇ ਉਸ ਦੇ ਜੇਠੇ ਪੁੱਤਰ ਨੂੰ ਮੋਸਾਬ ਲਿਖਾਂਗੇ। ਖਾੜਕੂ ਜਥੇਬੰਦੀ ਹਮਾਸ ਅੱਜ ਤੱਕ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਵਿਚ ਸਰਗਰਮ ਹੈ। ਹਮਾਸ ਵਿਚ ਅੰਦਰਖਾਤੇ ਵਾਪਰਦੀਆਂ ਘਟਨਾਵਾਂ ਕਾਰਨ ਮੋਸਾਬ ਇੰਨਾ ਬਦਜ਼ਨ ਹੋਇਆ ਕਿ ਉਹ ਮਾਸੂਮ ਯਹੂਦੀਆਂ ਦੇ ਕਤਲਾਂ ਕਾਰਨ ਇਸ ਜਥੇਬੰਦੀ ਦੇ ਖਿਲਾਫ ਤਾਂ ਹੋਇਆ ਹੀ, ਇਸਲਾਮ ਦੇ ਖਿਲਾਫ ਵੀ ਹੋ ਗਿਆ। ਉਸ ਦੇ ਮਨ ਵਿਚ ਆਇਆ- ਜੇ ਮਾਸੂਮਾਂ ਦੇ ਕਤਲ ਕਰਨੇ ਵਾਜਬ ਹਨ ਤਾਂ ਮੈਂ ਮੁਸਲਮਾਨ ਨਹੀਂ ਹਾਂ, ਇਹ ਇਸਲਾਮ ਨਹੀਂ ਹੈ, ਤੇ ਇਸਲਾਮ ਛੱਡ ਕੇ ਉਹ ਈਸਾਈ ਹੋ ਗਿਆ। ਇਹ ਮੁੰਡਾ ਬਹਾਦਰ ਸੀ ਕਿ ਬੁਜ਼ਦਿਲ, ਮਨੁੱਖਤਾ ਦਾ ਹਮਦਰਦ ਸੀ ਕਿ ਹਮਾਸ ਦਾ ਗੱਦਾਰ, ਈਮਾਨਦਾਰ ਸੀ ਕਿ ਦੁਸ਼ਮਣ ਦੇ ਹੱਥਾਂ ਵਿਚ ਖੇਡਦਾ ਮੁਖਬਰ, ਭਲਾ ਸੀ ਕਿ ਬੁਰਾ, ਇਸ ਬਾਰੇ ਫੈਸਲਾ ਪਾਠਕ ਕਰਨ, ਅਸੀਂ ਕੇਵਲ ਉਸ ਦੀ ਕਹਾਣੀ ਲਿਖਾਂਗੇ।
ਕਿਤਾਬ ਦੇ ਪਹਿਲੇ ਪੰਨੇ ਉਪਰ ਉਹ ਆਪਣੇ ਪਿਆਰੇ ਅੱਬੂ, ਆਪਣੇ ਦੁਖੀ ਪਰਿਵਾਰ, ਫਲਸਤੀਨ-ਇਜ਼ਰਾਈਲ ਸੰਕਟ ਦੇ ਸ਼ਿਕਾਰ ਲੋਕਾਂ ਅਤੇ ਬਚੀ ਮਨੁੱਖਤਾ ਅੱਗੇ ਸਮਰਪਣ ਕਰਦਾ ਹੈ, ਰੱਬ ਦਾ ਸ਼ੁਕਰਾਨਾ ਕਰਦਾ ਹੈ ਜਿਹੜਾ ਸੰਕਟ ਵਿਚ ਮਦਦਗਾਰ ਹੋਇਆ ਤੇ ਹੋਏਗਾ। ਇਸ ਪਿਛੋਂ ਖਿਮਾ ਜਾਚਨਾ ਦੇ ਸ਼ਬਦ ਹਨ- ਮੇਰੇ ਪਰਿਵਾਰ ਦੇ ਮੈਂਬਰੋ, ਮੈਨੂੰ ਤੁਹਾਡੇ ‘ਤੇ ਫਖਰ ਹੈ। ਤੁਹਾਡੇ ਉਪਰ ਮੇਰੇ ਸਦਕਾ ਕੀ ਵਾਪਰੀ, ਖੁਦਾ ਜਾਣਦਾ ਹੈ। ਸ਼ਰਮਿੰਦਗੀ ਦਾ ਜੋ ਦਾਗ਼ ਮੈਂ ਤੁਹਾਡੇ ਉਪਰ ਲਾਇਆ, ਤੁਹਾਨੂੰ ਇਸ ਦੀ ਸ਼ਰਮਿੰਦਗੀ ਉਮਰ ਭਰ ਉਠਾਣੀ ਪਏਗੀ, ਇਹ ਇਸ ਜਨਮ ਵਿਚ ਧੁਲੇਗਾ ਨਹੀਂ।
ਮੈਂ ਇਸ ਤਰ੍ਹਾਂ ਦਾ ਨਾਇਕ ਬਣ ਸਕਦਾ ਸਾਂ ਕਿ ਮੇਰਾ ਪਰਿਵਾਰ ਤੇ ਮੇਰੀ ਕੌਮ ਮੇਰੇ ‘ਤੇ ਫਖਰ ਕਰਦੀ। ਮੈਨੂੰ ਪਤੈ, ਕੌਮ ਮੈਥੋਂ ਕੀ ਚਾਹੁੰਦੀ ਸੀ। ਮੈਂ ਸ਼ਹੀਦ ਹੋ ਜਾਂਦਾ, ਤਾਂ ਮੇਰੀਆਂ ਵਾਰਾਂ ਗਾਈਆਂ ਜਾਂਦੀਆਂ। ਇਸ ਦੇ ਉਲਟ ਮੈਂ ਆਪਣੀ ਕੌਮ ਵਾਸਤੇ ਗੱਦਾਰ ਸਾਬਤ ਹੋਇਆ। ਕਦੀ ਮੈਂ ਯੋਧੇ ਪਿਤਾ ਦਾ ਸ਼ਹਿਜ਼ਾਦਾ ਸਾਂ, ਅੱਜ ਅਜਨਬੀ ਪਰਦੇਸ ਵਿਚ ਇਕੱਲ ਦਾ ਹਨ੍ਹੇਰਾ ਢੋਅ ਰਿਹਾ ਹਾਂ। ਜਿਸ ਤਰ੍ਹਾਂ ਹੀਰੋ ਦਾ ਚਿੱਤਰ ਤੁਹਾਡੇ ਮਨਾ ਵਿਚ ਬਣ ਗਿਆ ਹੈ, ਬੱਸ ਮੈਂ ਇਹ ਦੱਸਣਾ ਹੈ ਕਿ ਉਹ ਠੀਕ ਨਹੀਂ। ਮੁਸਲਮਾਨ ਅਤੇ ਯਹੂਦੀ ਜਦੋਂ ਉਸ ਤਰ੍ਹਾਂ ਸੋਚਣ ਲੱਗਣਗੇ, ਜਿਵੇਂ ਮੈਂ ਸੋਚਦਾ ਹਾਂ, ਉਦੋਂ ਅਰਬ-ਇਜ਼ਰਾਈਲ ਸੰਕਟ ਖਤਮ ਹੋ ਜਾਏਗਾ। ਜੇ ਯਸੂ ਮਸੀਹ ਨੂੰ ਇਸ ਕਰ ਕੇ ਰੱਦ ਕੀਤਾ ਗਿਆ ਕਿ ਉਹ ਮਨੁੱਖਤਾ ਨੂੰ ਨਰਕ ਵਿਚੋਂ ਕੱਢਣ ਦਾ ਇਛੁੱਕ ਸੀ, ਤਾਂ ਠੀਕ ਹੈ, ਮੈਨੂੰ ਰੱਦ ਕਰ ਦਿਉ। ਜੇ ਮੈਂ ਇਕ ਵੀ ਮਾਸੂਮ ਬੰਦੇ ਨੂੰ ਬਚਾਉਣ ਵਿਚ ਕਾਮਯਾਬ ਹੋਇਆ ਤਾਂ ਪਿਛਲੇ ਸਮੇਂ ਵਿਚ ਮੇਰੇ ਉਪਰ ਲੱਗੇ ਦੋਸ਼ ਅਤੇ ਸ਼ਰਮਿੰਦਗੀ ਕੁਝ ਵੀ ਨਹੀਂ। ਜੋ ਮੈਂ ਕੀਤਾ, ਬਹੁਤੇ ਬੰਦਿਆਂ ਨੂੰ ਪਸੰਦ ਨਹੀਂ, ਤਾਂ ਕੀ ਹੋਇਆ। ਜੋ ਮੈਂ ਕੀਤਾ, ਹੋਸ਼ੋ-ਹਵਾਸ ਨਾਲ ਕੀਤਾ, ਬਚੀ ਜ਼ਿੰਦਗੀ ਵਾਸਤੇ ਇਹੀ ਮੇਰਾ ਈਮਾਨ ਹੈ। ਮਨੁੱਖੀ ਖੂਨ ਦੀ ਇਕ ਬੂੰਦ ਜ਼ਾਇਆ ਨਹੀਂ ਹੋਣੀ ਚਾਹੀਦੀ। ਤੁਹਾਡੀ ਜੇਬ ਵਿਚਲੇ ਪੈਸੇ ਨਾਲ, ਮੇਰੀ ਜੇਬ ਵਿਚੋਂ ਟੈਕਸ ਵਜੋਂ ਨਿਕਲੇ ਪੈਸੇ ਨਾਲ ਜੰਗੀ ਖਰਚੇ ਦਾ ਭੁਗਤਾਨ ਹੋ ਰਿਹੈ। ਇੰਨੇ ਭਾਰ ਤੋਂ ਖੁਦਾ ਸਾਨੂੰ ਕਦੀ ਮੁਕਤ ਕਰੇ, ਅਰਦਾਸ ਕਰੀਏ। -ਤੁਹਾਡਾ ਬੇਟਾ।
ਪੰਜ ਦਹਾਕਿਆਂ ਤੋਂ ਮੱਧ-ਪੂਰਬ ਵਿਚ ਅਮਨ ਤਕਰੀਬਨ ਸਾਰੇ ਕੂਟਨੀਤਕਾਂ, ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਵਿਚਕਾਰ ਉਸ ਪਵਿੱਤਰ ਪਿਆਲੇ ਦੀ ਤਰ੍ਹਾਂ ਹੈ ਜਿਸ ਵਿਚੋਂ ਸਾਰੇ ਚੁਸਕੀਆਂ ਲੈ ਰਹੇ ਹਨ। ਨਵੇਂ ਚਿਹਰੇ ਐਲਾਨ ਕਰਦੇ ਹਨ- ਅਸੀਂ ਅਰਬ-ਇਜ਼ਰਾਈਲ ਮਸਲਾ ਹੱਲ ਕਰਾਂਗੇ, ਹਰ ਟੀਮ ਭੂਤਕਾਲੀ ਟੀਮ ਵਾਂਗ ਬੁਰੀ ਤਰ੍ਹਾਂ ਫੇਲ੍ਹ ਹੁੰਦੀ ਹੈ। ਪੱਛਮ ਨੂੰ ਇਸ ਮਸਲੇ ਦਾ ਪਤਾ ਨਹੀਂ, ਨਾ ਪਤਾ ਕਰਨ ਵਿਚ ਦਿਲਚਸਪੀ ਹੈ। ਮੋਸਾਬ ਇਸ ਧਰਤੀ ਦਾ ਜੰਮਪਲ ਹੈ, ਖਤਰਨਾਕ ਖਾੜਕੂ ਪਿਉ ਦਾ ਪੁੱਤ ਜਿਸ ਨੇ ਕੰਗਾਲੀ ਦੇਖੀ, ਤਾਕਤ ਦੀ ਦੁਰਵਰਤੋਂ, ਤਸੀਹਾ ਕੇਂਦਰ ਅਤੇ ਕਤਲ ਦੇਖੇ। ਪਰਦੇ ਪਿਛੇ ਲੀਡਰਾਂ ਦੀਆਂ ਹਰਕਤਾਂ ਅਤੇ ਬਿਆਨ ਦੇਖੇ ਜਿਹੜੇ ਕੌਮਾਂਤਰੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ। ਮੋਸਾਬ ਸਾਰੀ ਉਲਝਣ ਨੂੰ ਜਾਣਦਾ ਹੈ ਤੇ ਅਜਿਹੇ ਫੈਸਲੇ ਕਰਦਾ ਹੈ ਜਿਨ੍ਹਾਂ ਸਦਕਾ ਉਨ੍ਹਾਂ ਵਾਸਤੇ ਗ਼ੱਦਾਰ ਹੋ ਗਿਆ ਹੈ ਜਿਨ੍ਹਾਂ ਲੋਕਾਂ ਨੂੰ ਉਹ ਪਿਆਰ ਕਰਦਾ ਹੈ, ਤੇ ਬਚਾਉਣ ਦਾ ਇੱਛੁਕ ਹੈ। ਉਸ ਕੋਲ ਦੋਸਤਾਂ-ਦੁਸ਼ਮਣਾਂ ਦੇ ਬੇਅੰਤ ਭੇਤ ਹਨ- ਹਮਾਸ ਦੇ ਭੇਤ, ਇਜ਼ਰਾਈਲ ਦੇ ਭੇਤ, ਸਭ ਕੁੱਝ। ਇਹ ਭੇਤ ਦੁਨੀਆਂ ਨਾਲ ਸਾਂਝੇ ਕਰਨ ਵਾਸਤੇ ਉਸ ਨੇ ਕਿਤਾਬ ਲਿਖੀ, ਇਸ ਆਸ ਨਾਲ ਕਿ ਜੋ ਅਸੰਭਵ ਲਗਦਾ ਹੈ, ਉਹ ਸੰਭਵ ਹੋ ਸਕੇ।
1996 ਵਿਚ ਆਪਣੀ ਛੋਟੀ ਜਿਹੀ ਕਾਰ ਵਿਚ ਉਹ ਲਿੰਕ ਰੋਡ ਤੋਂ ਵੱਡੀ ਸੜਕ ਉਪਰ ਚੜ੍ਹਨ ਲੱਗਾ ਕਿ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ। ਯੋਰੋਸ਼ਲਮ ਵੱਲ ਜਾਂਦੀਆਂ ਸਾਰੀਆਂ ਸੜਕਾਂ ਉਪਰ ਯਹੂਦੀਆਂ ਨੇ ਨਾਕੇ ਲਾਏ ਹੋਏ ਹਨ। “ਇੰਜਣ ਬੰਦ ਕਰ ਕੇ ਬਾਹਰ ਆ”, ਯਹੂਦੀ ਸਿਪਾਹੀ ਟੁੱਟੀ-ਫੁੱਟੀ ਅਰਬੀ ਵਿਚ ਚਿੱਲਾਇਆ। ਜਿਉਂ ਹੀ ਮੋਸਾਬ ਬਾਹਰ ਨਿਕਲਿਆ, ਝਾੜੀਆਂ ਪਿੱਛੇ ਛੁਪੇ ਛੇ ਸਿਪਾਹੀ ਦੌੜੇ ਆਏ ਤੇ ਬੰਦੂਕਾਂ ਸਿਰ ਵੱਲ ਸੇਧੀਆਂ, ਉਸ ਦੇ ਹੱਥ ਪਿਛੇ ਕਰ ਕੇ ਬੰਨ੍ਹ ਦਿੱਤੇ। ਫਿਰ ਜ਼ਮੀਨ ‘ਤੇ ਸੁੱਟ ਕੇ ਠੁੱਡਿਆਂ, ਬੰਦੂਕਾਂ ਦੀਆਂ ਬੱਟਾਂ ਨਾਲ ਕੁਟਾਈ ਸ਼ੁਰੂ ਕਰ ਦਿੱਤੀ। ਪਲਾਸਟਿਕ ਦੀ ਰੱਸੀ ਨਾਲ ਘੁੱਟ ਕੇ ਬੰਨ੍ਹੇ ਹੱਥਾਂ ਵਿਚ ਵੀ ਦਰਦ ਹੋ ਰਿਹਾ ਸੀ। ਫਿਰ ਅੱਖਾਂ ਉਪਰ ਕੱਪੜਾ ਬੰਨ੍ਹ ਕੇ ਜੀਪ ਦੇ ਫਰਸ਼ ਉਪਰ ਸੁੱਟ ਦਿੱਤਾ। ਉਦੋਂ ਉਹ 18 ਸਾਲ ਦਾ ਸੀ ਤੇ ਦਸਵੀਂ ਵਿਚ ਪੜ੍ਹਦਾ ਸੀ। ਕਿਥੇ ਲਿਜਾਣਗੇ, ਕੀ ਕਰਨਗੇ, ਪਤਾ ਨਹੀਂ। ਰਸਤੇ ਵਿਚ ਕੁੱਟਦੇ ਗਏ।
ਕਿਸੇ ਥਾਂ ਪੁੱਜ ਕੇ ਅੱਖਾਂ ਤੋਂ ਕੱਪੜਾ ਉਤਾਰ ਦਿੱਤਾ; ਦੇਖਿਆ, ਇਹ ਯਹੂਦੀਆਂ ਦਾ ਵੈਸਟ ਬੈਂਕ ਉਪਰ ਫੌਜੀ ਕੇਂਦਰ ਸੀ। ਟੈਂਕ ਤਾਇਨਾਤ ਸਨ।
ਵੱਡੀ ਬਿਲਡਿੰਗ ਅੰਦਰ ਪਹਿਲਾਂ ਡਾਕਟਰ ਨੇ ਮੁਆਇਨਾ ਕੀਤਾ ਕਿ ਤਫਤੀਸ਼ ਦੌਰਾਨ ਤਸੀਹੇ ਝੱਲਣ ਦੇ ਕਾਬਲ ਹੈ ਕਿ ਨਹੀਂ, ਕਾਬਲ ਹੋਣ ਕਰ ਕੇ ਪਾਸ ਕਰ ਦਿੱਤਾ। ਹੱਥ ਫਿਰ ਪਿੱਛੇ ਬੰਨ੍ਹ ਦਿੱਤੇ, ਅੱਖਾਂ ਕੱਪੜੇ ਨਾਲ ਢਕ ਦਿੱਤੀਆਂ। ਸਿਪਾਹੀ ਨੇ ਜ਼ੋਰ ਦੀ ਪੁੜਪੁੜੀ ਉਪਰ ਰਫਲ ਦਾ ਬੱਟ ਮਾਰਿਆ, ਲੱਗਿਆæææਅੱਖ ਦਾ ਡੇਲਾ ਬਾਹਰ ਨਿਕਲ ਗਿਆ। ਬੇਰਹਿਮ ਤੋਂ ਰਹਿਮ ਦੀ ਆਸ ਕੌਣ ਕਰੇ? ਜਿਸਮਾਨੀ ਦਰਦ ਤਾਂ ਹੈ ਈ ਸੀ, ਮਾਨਸਿਕ ਦੁੱਖ ਬਹੁਤ ਸੀ। ਇਨ੍ਹਾਂ ਸਿਪਾਹੀਆਂ ਦਾ ਕੁੱਝ ਨਹੀਂ ਵਿਗਾੜਿਆ, ਫਿਰ ਇਹ ਇਉਂ ਕਿਉਂ ਕਰ ਰਹੇ ਹਨ? ਜਾਨਵਰ ਵੀ ਕਿਸੇ ਦੂਜੇ ਜਾਨਵਰ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਮਾਰਦੇ ਹਨ, ਬੰਦੇ ਅਕਾਰਨ ਕਿਉਂ ਬੰਦੇ ਨੂੰ ਮਾਰਦੇ ਹਨ?
ਪਿਤਾ ਪਹਿਲੋਂ ਹੀ ਇਜ਼ਰਾਈਲ ਦੀ ਜੇਲ੍ਹ ਵਿਚ ਬੰਦ ਸੀ, ਮਾਂ ਨੂੰ ਬੇਟੇ ਦੀ ਗ੍ਰਿਫਤਾਰੀ ਦਾ ਪਤਾ ਲੱਗੇਗਾ, ਉਸ ‘ਤੇ ਕੀ ਬੀਤੇਗੀ? ਸਾਲਾਂ ਤੋਂ ਬੰਦੀ ਪਿਤਾ ਬਾਅਦ ਇਹੋ ਮੁੰਡਾ ਘਰ ਦੀਆਂ ਜ਼ਿੰਮੇਵਾਰੀਆਂ ਉਠਾਉਂਦਾ। ਦਸਵੀਂ ਦੇ ਇਮਤਿਹਾਨ ਨੇੜੇ ਹਨ, ਕੀ ਬਣੇਗਾ? ਰੋਣ ਲੱਗਾ। ਮੁੱਕੇ, ਠੁੱਡੇ, ਰੁਕੇ ਨਹੀਂæææਬੇਹੋਸ਼ ਹੋ ਗਿਆ।
ਉਸ ਦਾ ਬਾਬਾ ਸ਼ੇਖ ਯੂਸਫ ਦਾਊਦ ਧਾਰਮਿਕ ਬੰਦਾ ਸੀ। ਅਲਜਾਨੀਆਂ ਪਿੰਡ ਦੀ ਮਸਜਿਦ ਦਾ ਇਮਾਮ। ਬਾਈਬਲ ਵਿਚ ਇਜ਼ਰਾਈਲ ਦੇ ਦੋ ਨਗਰਾਂ ਜੂਡੀਆ ਅਤੇ ਸਮਾਰੀਆ ਦਾ ਨਾਮ ਆਉਂਦਾ ਹੈ। ਇਨ੍ਹਾਂ ਦੋਹਾਂ ਦੇ ਵਿਚਕਾਰ ਕਰ ਕੇ ਅਲਜਾਨੀਆਂ ਹੈ। ਬਾਬਾ ਆਪਣੇ ਪੋਤੇ ਨੂੰ ਹਿੱਕ ਨਾਲ ਲਾਉਂਦਾ ਤਾਂ ਉਸ ਦੀ ਲੰਮੀ ਸਫੈਦ ਦਾੜ੍ਹੀ ਮੱਥੇ ਨਾਲ ਲਗਦੀ, ਮਿੱਠੀ ਆਵਾਜ਼ ਵਿਚ ਅਜ਼ਾਨ ਦਿੰਦਾ। ਅਲਜਾਨੀਆਂ ਸ਼ਾਂਤ, ਮਿੱਠਾ ਪਿੰਡ ਸੀ ਜਿਸ ਵਿਚ ਉਦੋਂ ਕੇਵਲ ਚਾਰ ਸੌ ਦੀ ਵਸੋਂ ਸੀ। ਸਵੇਰੇ ਬਾਬਾ ਚਾਰ ਵਜੇ ਉਠਦਾ, ਮਸਜਿਦ ਵਿਚ ਨਮਾਜ਼ ਪੜ੍ਹਦਾ-ਪੜ੍ਹਾਉਂਦਾ, ਵਾਪਸੀ ‘ਤੇ ਨਾਸ਼ਤਾ ਕਰ ਕੇ ਖੇਤ ਕੰਮ ਕਰਨ ਚਲਾ ਜਾਂਦਾ। ਜ਼ੈਤੂਨ ਦੇ ਰੁੱਖ ਸੰਭਾਲਦਾ, ਹਰ ਬੱਚੇ ਦੇ ਜਨਮ ਸਮੇਂ ਕੰਨ ਵਿਚ ਅਜ਼ਾਨ ਦਿੰਦਾ, ਹਰ ਮ੍ਰਿਤਕ ਦਾ ਫਾਤਿਹਾ ਪੜ੍ਹਦਾ, ਨਿਕਾਹ ਵੇਲੇ ਸਭ ਰਸਮਾਂ ਨਿਭਾਉਂਦਾ।
ਮੋਸਾਬ ਦਾ ਅੱਬਾ ਆਪਣੇ ਪਿਉ ਵਰਗਾ ਸੀ। ਚਾਚਿਆਂ ਦੀ ਦੀਨ ਵਿਚ ਦਿਲਚਸਪੀ ਨਹੀਂ ਸੀ, ਕੇਵਲ ਸ਼ੇਖ ਹਸਨ ਬਿਨਾਂ ਨਾਗਾ ਮਸੀਤ ਜਾਂਦਾ ਤੇ ਆਪਣੇ ਪਿਤਾ ਤੋਂ ਇਸਲਾਮ ਬਾਰੇ ਸਿੱਖਦਾ ਰਹਿੰਦਾ। ਬਾਰਾਂ ਸਾਲ ਦਾ ਸੀ ਜਦੋਂ ਖੁਸ਼ ਹੋ ਕੇ ਬਾਬੇ ਨੂੰ ਆਪਣੇ ਬੇਟੇ ਨੂੰ ਯੋਰੋਸ਼ਲਮ ਸ਼ਰਾਅ ਸਿੱਖਣ ਵਾਸਤੇ ਭੇਜ ਦਿੱਤਾ ਜਿਥੇ ਉਸ ਨੇ ਵਡੇਰੀ ਤਾਲੀਮ ਹਾਸਲ ਕਰਨੀ ਸੀ। ਪਿੰਡ ਦੇ ਲੋਕ ਲੋੜ ਪੈਣ ‘ਤੇ ਸਰਕਾਰੀ ਅਦਾਲਤਾਂ ਵਿਚ ਨਹੀਂ ਜਾਂਦੇ ਸਨ, ਮਸਜਿਦ ਦੇ ਇਮਾਮ ਦਾ ਫੈਸਲਾ ਰੱਬ ਦਾ ਫੈਸਲਾ ਹੁੰਦਾ। ਇਸ ‘ਤੇ ਖਰਚ ਵੀ ਨਾ ਹੁੰਦਾ ਤੇ ਫੈਸਲਾ ਤੁਰੰਤ ਹੋ ਜਾਂਦਾ। ਪਿਤਾ ਨੇ ਬੇਸ਼ਕ ਇਸਲਾਮ ਦੀ ਸਿਖਿਆ ਬੇਟੇ ਨੂੰ ਦੇ ਦਿੱਤੀ ਸੀ, ਪਰ ਯੋਰੋਸ਼ਲਮ ਇਸ ਕਰ ਕੇ ਭੇਜਿਆ, ਤਾਂ ਕਿ ਲੋਕਾਂ ਉਪਰ ਰਾਜ ਕਰਨਾ ਸਿੱਖ ਲਏ। ਅਠਾਰਾਂ ਸਾਲ ਦੀ ਉਮਰ ਵਿਚ ਵਿੱਦਿਆ ਪੂਰੀ ਕਰ ਕੇ ਉਹ ਰਾਮੱਲਾ ਪਿੰਡ ਦੀ ਮਸੀਤ ਦਾ ਇਮਾਮ ਨਿਯੁਕਤ ਹੋ ਗਿਆ।
ਰਾਮੱਲਾ ਅਲਜਾਨੀਆਂ ਵਰਗਾ ਨਿੱਕਾ ਪਿੰਡ ਨਹੀਂ, ਵੱਡਾ ਕਸਬਾ ਸੀ। ਜਦੋਂ ਉਹ ਰਾਮੱਲਾ ਨਗਰ ਦੀ ਵੱਡੀ ਮਸੀਤ ਵਿਚ ਪਹਿਲੀ ਵਾਰ ਗਿਆ, ਤਾਂ ਇਹ ਦੇਖ ਕੇ ਦੁਖੀ ਹੋਇਆ ਕਿ ਨਮਾਜ਼ ਪੜ੍ਹਨ ਆਏ ਕੇਵਲ ਪੰਜ ਬਜ਼ੁਰਗ ਸਨ। ਕਾਫੀ ਹਾਊਸਾਂ, ਸਿਨੇਮਾ ਹਾਲਾਂ ਵਿਚ ਵਧੇਰੇ ਰੌਣਕਾਂ ਸਨ। ਜੂਏਬਾਜ਼ੀ ਅਤੇ ਸ਼ਰਾਬਨੋਸ਼ੀ ਦਾ ਦੌਰ ਦੌਰਾ ਸੀ। ਪਹਿਲੇ ਇਮਾਮ ਨੇ ਟੇਪ ਰਿਕਾਰਡਰ ਲਾਇਆ ਹੋਇਆ ਸੀ ਜਿਸ ਤੋਂ ਅਜ਼ਾਨ ਦੇਣ ਦਾ ਕੰਮ ਲਿਆ ਜਾਂਦਾ ਤਾਂ ਕਿ ਤਾਸ਼ ਦੀ ਬਾਜ਼ੀ ਵਿਚ ਵਿਘਨ ਨਾ ਪਵੇ। ਜਿਹੜੇ ਪੰਜ ਬਿਰਧ ਨਮਾਜ਼ ਪੜ੍ਹਨ ਆਉਂਦੇ, ਉਹ ਖੁਦ ਦੱਸਦੇ ਕਿ ਮੌਤ ਨੇੜੇ ਹੋਣ ਕਾਰਨ ਨਮਾਜ਼ ਪੜ੍ਹਦੇ ਹਨ ਤਾਂ ਕਿ ਸੁਰਗ ਵਿਚ ਜਾ ਸਕੀਏ।
ਲੋਕ ਆਪਸ ਵਿਚ ਗੱਲਾਂ ਕਰਦੇ- ਇਹ ਅਜ਼ਾਨ ਦੇਣ ਵਾਲਾ ਛੋਕਰਾ ਕੌਣ ਐ? ਬਾਹਰੋਂ ਹੈ ਕੋਈ, ਗੜਬੜ ਨਾ ਕਰ ਦਏ ਕਿਧਰੇ। ਬੁੱਢੇ ਬੰਦੇ ਨਮਾਜ਼ ਪੜ੍ਹਿਆ ਕਰਦੇ ਨੇ, ਇਹ ਸਾਨੂੰ ਕਿਉਂ ਕਹਿੰਦੈ ਨਮਾਜ਼ ਪੜ੍ਹੋ? ਕੌੜੇ ਬੋਲ ਬੋਲਦੇ, ਪਰ ਸ਼ੇਖ ਹਸਨ ਸ਼ਾਂਤ ਰਹਿੰਦਾ। ਬਾਬਾ ਆਪਣੇ ਬੇਟੇ ਦੇ ਇਮਾਨ ਤੋਂ ਇੰਨਾ ਖੁਸ਼ ਹੋਇਆ ਕਿ ਹੋਰ ਉਚੇਰੀ ਵਿੱਦਿਆ ਵਾਸਤੇ ਜਾਰਡਨ ਭੇਜ ਦਿੱਤਾ। ਇਥੋਂ ਉਸ ਦੇ ਜੀਵਨ ਵਿਚ ਤਬਦੀਲੀ ਸ਼ੁਰੂ ਹੋਈ।
ਜੇ ਰਤਾ ਕੁ ਇਸਲਾਮ ਦਾ ਇਤਿਹਾਸ ਅਤੇ ਸਿਆਸਤ ਜਾਣ ਲਈਏ ਤਾਂ ਕਹਾਣੀ ਸਹੀ ਸਮਝ ਵਿਚ ਆਏਗੀ। ਆਟੋਮਾਨ ਸਲਤਨਤ 14ਵੀਂ ਸਦੀ ਵਿਚ ਅਨਾਤੋਲੀਆ ਦੇ ਖੇਤਰ ਵਿਚ ਇਸਲਾਮ ਧਰਮ ਦੇ ਅਨੁਆਈ ਕੁਝ ਜੰਗਜੂ ਤੁਰਕ ਕਬਾਇਲੀ ਆਗੂਆਂ ਨੇ ਕਾਇਮ ਕੀਤੀ। ਬਹੁਤ ਜਲਦੀ ਫਿਰ ਸਲਤਨਤ ਦਾ ਵਿਸਥਾਰ ਹੋਇਆ ਅਤੇ 15ਵੀਂ, 16ਵੀਂ ਸਦੀ ਤਕ ਇਹ ਆਪਣੇ ਤੇਜ ਪ੍ਰਤਾਪ ਦੇ ਪੂਰੇ ਸਿਖਰ ‘ਤੇ ਸੀ। ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਤੁਰਕੀ ਤੋਂ ਛੁੱਟ ਲਗਭਗ ਸਾਰੇ ਅਰਬ ਖੇਤਰ ਤੋਂ ਇਲਾਵਾ ਪੂਰੇ ਦੱਖਣ ਪੂਰਬੀ ਯੂਰਪੀ ਇਲਾਕਿਆਂ ਤਕ ਫੈਲੀ ਹੋਈ ਸੀ। ਇਰਾਕ, ਮਿਸਰ, ਸਾਊਦੀ ਅਰਬ, ਅਲਜੀਰੀਆ ਦੇ ਨਾਲ-ਨਾਲ ਮੌਜੂਦਾ ਯੂਨਾਨ, ਹੰਗਰੀ, ਸਰਬੀਆ, ਬੋਸਨੀਆ, ਰੋਮਾਨੀਆ- ਯੂਕਰੇਨ ਤਕ ਸਭ ਖਿੱਤੇ ਇਸ ਦੇ ਅਧਿਕਾਰ ਖੇਤਰ ਵਿਚ ਸ਼ਾਮਲ ਸਨ। ਸੀਰੀਆ ਵੀ ਇਸੇ ਦਾ ਹਿੱਸਾ ਸੀ ਅਤੇ ਮੌਜੂਦਾ ਇਜ਼ਰਾਈਲ ਜਾਂ ਫਲਸਤੀਨ, ਲਿਬਨਾਨ, ਜਾਰਡਨ ਵਗੈਰਾ ਦੀ ਕੋਈ ਵੱਖਰੀ ਹੋਂਦ ਨਹੀਂ ਸੀ; ਸਾਰੇ ਆਟੋਮਾਨ ਸੀਰੀਆ ਪ੍ਰਾਂਤ ਦਾ ਹੀ ਅੰਗ ਸਨ। ਤੁਰਕ ਮੁਸਲਮਾਨ ਹੋਣ, ਅਰਬ ਜਾਂ ਯੂਰਪੀ ਈਸਾਈ, ਆਮ ਲੋਕਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਇਨਸਾਫ ਦਾ ਰਾਜ ਉਨਾ ਕੁ ਹੀ ਸੀ ਜਿੰਨਾ ਜਗੀਰਦਾਰੀ ਜ਼ਮਾਨੇ ਵਿਚ ਸੰਭਵ ਹੋ ਸਕਦਾ ਸੀ। ਗੈਰ-ਮੁਸਲਮਾਨਾਂ ‘ਤੇ ਜਜੀਆ ਵਰਗਾ ਬਦਨਾਮ ਟੈਕਸ ਵੀ ਪਹਿਲੀਆਂ ਸਦੀਆਂ ‘ਚ ਲਾਗੂ ਰਿਹਾ, ਪਰ ਵੱਡੀ ਗੱਲ ਇਹ ਸੀ ਕਿ ਸਭ ਧਰਮਾਂ ਨਾਲ ਸਬੰਧਤ ਲੋਕ ਆਪਸ ਵਿਚ ਮਿਲ-ਜੁਲ ਕੇ ਰਹੀ ਜਾਂਦੇ ਸਨ।
ਇਹ ਹਾਲਤ ਆਮ ਵਰਗੇ ਰਹਿਣ ਵਾਲੇ ਨਹੀਂ ਸਨ ਅਤੇ ਜ਼ਿਆਦਾ ਬਖੇੜਾ ਉਸ ਸਮੇਂ ਪੈਣਾ ਸ਼ੁਰੂ ਹੋਇਆ ਜਦੋਂ ਆਟੋਮਾਨਾਂ ਤੋਂ ਬਾਹਰਲੇ ਯੂਰਪੀ ਖੇਤਰਾਂ ਵਿਚ 18ਵੀਂ ਸਦੀ ਦੇ ਅੰਤ ਤਕ ਵਿਅਕਤੀਗਤ ਸੁਤੰਤਰਤਾ ਅਤੇ ਮਾਨਵੀ ਬਰਾਬਰੀ ਵਰਗੇ ਵਿਚਾਰ ਤੇਜ਼ੀ ਨਾਲ ਫੈਲਣ ਲੱਗੇ ਅਤੇ ਫਰਾਂਸੀਸੀ ਇਨਕਲਾਬ ਦੀ ਘਟਨਾ ਨੇ ਤਾਂ ਮਾਨੋ ਭੁਚਾਲ ਹੀ ਲਿਆ ਦਿਤਾ। ਆਟੋਮਾਨ ਖੇਤਰਾਂ ਵਿਚ ਇਨ੍ਹਾਂ ਵਿਚਾਰਾਂ ਦਾ ਪੂਰਾ ਅਸਰ ਹੁੰਦਿਆਂ-ਹੁੰਦਿਆਂ ਤਾਂ ਪੂਰਾ 100 ਵਰ੍ਹਾ ਹੋਰ ਲੱਗ ਗਿਆ, ਪਰ 19ਵੀਂ ਸਦੀ ਤਕ ਯੂਨਾਨ, ਹੰਗਰੀ, ਸਰਬ ਅਤੇ ਬਲਗਾਰੀਆ ਖਿੱਤਿਆਂ ਵਿਚ ਆਏ ਦਿਨ ਕੌਮੀ ਸੁਤੰਤਰਤਾ ਦੀਆਂ ਮੰਗਾਂ ਨੂੰ ਲੈ ਕੇ ਖੂਨੀ ਬਗਾਵਤਾਂ ਹੋਣ ਲੱਗੀਆਂ ਅਤੇ ਕੇਂਦਰੀ ਤੁਰਕ ਖਿੱਤਿਆਂ ਵਿਚ ਵੀ ਜਗ੍ਹਾ-ਜਗ੍ਹਾ ‘ਤੇ ਰੈਡੀਕਲ ਯੰਗ ਤੁਰਕਾਂ (ਨੌਜੁਆਨ ਅਫਸਰਾਂ) ਦੀਆਂ ਗੁਪਤ ਕਲੱਬਾਂ ਬਣਨੀਆਂ ਸ਼ੁਰੂ ਹੋ ਗਈਆਂ। 20ਵੀਂ ਸਦੀ ਦੇ ਪਹਿਲੇ ਚਾਰ ਦਹਾਕਿਆਂ ਵਿਚ ਯੰਗ ਤੁਰਕ ਨੌਜਵਾਨਾਂ ਨੇ ਸਫਲ ਇਨਕਲਾਬ ਕਰ ਦਿਤਾ। ਆਟੋਮਾਨਾਂ ਦਾ ਭ੍ਰਿਸ਼ਟ ਸ਼ਹਿਨਸ਼ਾਹ ਜੋ ਸਾਰੇ ਇਸਲਾਮੀ ਜਗਤ ਦਾ ਧਾਰਮਿਕ ਖਲੀਫਾ ਵੀ ਸੀ, ਨੂੰ ਰਾਜ-ਭਾਗ ਤੋਂ ਲਾਂਭੇ ਤਾਂ ਨਾ ਕੀਤਾ ਗਿਆ, ਪਰ ਉਸ ਦੀ ਸਾਰੀ ਤਾਕਤ ਖੋਹ ਲਈ ਗਈ।
ਯੂਨਾਨ ਬਹੁਤ ਸਮਾਂ ਪਹਿਲਾਂ ਹੀ ਆਟੋਮਾਨਾਂ ਤੋਂ ਆਜ਼ਾਦ ਹੋ ਗਿਆ ਹੋਇਆ ਸੀ ਅਤੇ 1912-13 ਆਉਂਦੇ-ਆਉਂਦੇ ਸਰਬੀਆ, ਹੰਗਰੀ ਅਤੇ ਬੁਲਗਾਰੀਆ ਆਦਿ ਖਿੱਤੇ ਵੀ ਅਜ਼ਾਦ ਹੋ ਗਏ। ਹੋਣੀ ਦਾ ਅਜੀਬ ਇਤਫਾਕ ਸੀ ਕਿ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਣ ‘ਤੇ ਜਰਮਨਾਂ ਦੀ ਜਿੱਤ ਦਾ ਗਲਤ ਅੰਦਾਜ਼ਾ ਲਗਾ ਕੇ ਆਟੋਮਾਨ ਸਰਕਾਰ ਉਨ੍ਹਾਂ ਦੀ ਤਰਫੋਂ ਜੰਗ ਵਿਚ ਸ਼ਰੀਕ ਹੋ ਗਈ। ਜੰਗ ਵਿਚ ਜਰਮਨਾਂ ਦੀ ਹਾਰ ਹੋਈ ਅਤੇ ਨਾਲ ਹੀ ‘ਮਹਾਨ’ ਆਟੋਮਾਨ ਸਲਤਨਤ ਦਾ ਬੇੜਾ ਗਰਕ ਹੋ ਗਿਆ; ਪਰ ਆਪਣੀ ਤਬਾਹੀ ਤੋਂ ਪਹਿਲਾਂ ਉਨ੍ਹਾਂ ਨੇ ਸਰਬ, ਹੰਗੇਰੀਅਨ ਅਤੇ ਬੁਲਗਾਰੀਅਨ ਈਸਾਈ ਖਿੱਤਿਆਂ ਦੇ ਆਜ਼ਾਦ ਹੋ ਜਾਣ ਦਾ ਸਾਰਾ ਗੁੱਸਾ ਉਸ ਸਮੇਂ ਤਕ ਬਦਕਿਸਮਤੀ ਵਿਚ ਸਲਤਨਤ ਵਿਚ ਪਿੱਛੇ ਰਹਿ ਗਏ ਈਸਾਈਆਂ ‘ਤੇ ਕੱਢਿਆ ਅਤੇ ਸੰਨ 1916 ਦੇ ਮਹਿਜ਼ ਕੁਝ ਇਕ ਹਫਤਿਆਂ ਦੇ ਅੰਦਰ-ਅੰਦਰ 16 ਲੱਖ ਤੋਂ ਵੀ ਵੱਧ ਨਿਹੱਥੇ, ਨਿਰਦੋਸ਼ ਆਰਮੀਨੀਅਨ ਈਸਾਈਆਂ ਦੀ ਨਸਲਕੁਸ਼ੀ ਕਰ ਦਿੱਤੀ। ਅਖੇ, ਵਿਸ਼ਵ ਯੁੱਧ ਦੌਰਾਨ ਕਿਧਰੇ ਉਹ ਰੂਸੀ ਹਮਲਾਵਰਾਂ ਨੂੰ ਆਟੋਮਾਨਾਂ ਦੇ ‘ਗੁਪਤ’ ਭੇਤ ਨਾ ਦੱਸ ਦੇਣ।
1922 ਵਿਚ ਕਮਾਲ ਪਾਸ਼ਾ ਨਾਂ ਦੇ ਰੈਡੀਕਲ ਜਰਨੈਲ ਨੇ ਪਾਤਸ਼ਾਹੀ ਖਿਲਾਫਤ ਦਾ ਮੁਕੰਮਲ ਭੋਗ ਪਾ ਕੇ ਤੁਰਕਿਸ਼ ਰਿਪਬਲਿਕ ਕਾਇਮ ਕਰ ਦਿਤੀ। ਇਸੇ ਦੌਰਾਨ ਪਹਿਲੇ ਵਿਸ਼ਵ ਯੁੱਧ ਵਿਚ ਜੇਤੂ ਰਹੇ ਬਰਤਾਨਵੀ ਅਤੇ ਫਰਾਂਸੀਸੀ ਹਾਕਮਾਂ ਨੇ ਸੀਰੀਆ (ਫਲਸਤੀਨ), ਇਰਾਕ ਆਦਿ ਸਭ ਅਰਬ ਖਿੱਤਿਆਂ ਨੂੰ ਆਪਣੇ-ਆਪਣੇ ਪ੍ਰਭਾਵ ਖੇਤਰਾਂ ਵਿਚ ਵੰਡ ਲਿਆ। ਕੁਝ ਵਰ੍ਹਿਆਂ ਦੇ ਠੰਢ-ਠੰਢੌਲੇ ਪਿਛੋਂ ਅਡੋਲਫ ਹਿਟਲਰ ਦੀ ਅਗਵਾਈ ਵਿਚ ਜਰਮਨਾਂ ਨੇ ਦੂਜੀ ਵਿਸ਼ਵ ਜੰਗ ਦਾ ਬਿਗਲ ਵਜਾ ਦਿਤਾ। ਇਸੇ ਦੌਰਾਨ ਆਟੋਮਾਨਾਂ ਵਾਲੀ ਦਰਿੰਦਗੀ ਹੀ ਨਾਜੀਆਂ ਨੇ ਯੂਰਪੀ ਖੇਤਰਾਂ ਵਿਚ ਦੁਹਰਾਈ ਅਤੇ 60 ਲੱਖ ਤੋਂ ਵੀ ਵੱਧ ਨਿਹੱਥੇ, ਨਿਰਦੋਸ਼ ਯਹੂਦੀਆਂ ਨੂੰ ਬਿਲਾ ਵਜ੍ਹਾ ਭਿਆਨਕ ਤਸੀਹਾ ਕੇਂਦਰਾਂ ਵਿਚ ਬੰਦ ਕਰ ਕੇ ਮਾਰ-ਖਪਾ ਦਿਤਾ।
ਜਰਮਨਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਸਾਲ 1945 ਵਿਚ ਉਨ੍ਹਾਂ ਦੀ ਨਮੋਸ਼ੀ ਭਰੀ ਹਾਰ ਵਿਚ ਮਿਲੀ। ਇਸ ਜੰਗ ਵਿਚ ਜਰਮਨ ਤਾਂ ਹਾਰੇ ਹੀ ਹਾਰੇ, ਨਾਲ ਲਗਦੇ ਬਰਤਾਨਵੀ ਅਤੇ ਫਰਾਂਸੀਸੀ ਸਾਮਰਾਜੀ ਤਾਕਤਾਂ ਵੀ ਲੜ-ਲੜ ਕੇ ਸਾਹ ਸਤ ਹੀਣ ਹੋ ਗਈਆਂ। ਯਹੂਦੀਆਂ ਦੇ ਕਤਲੇਆਮ ਜੋ ਰੁਕ-ਰੁਕ ਕੇ ਪਿਛਲੇ 2000 ਸਾਲ ਤੋਂ ਲਗਾਤਾਰ ਹੁੰਦਾ ਆ ਰਿਹਾ ਸੀ, ਦੇ ‘ਪਾਪ’ ਦਾ ਬੋਝ ਆਖਰ ਯੂਰਪ ਦੀ ਜ਼ਮੀਰ ਉਪਰ ਪਿਆ, ਜਾਂ ਹੋਰ ਅਨੇਕ ਕਾਰਨਾਂ ਦੇ ਜਮ੍ਹਾਂ ਜੋੜ ਦੇ ਨਤੀਜੇ ਵਜੋਂ ਵਿਸ਼ਵ ਯੁੱਧ ਪਿਛੋਂ ਨਵੇਂ-ਨਵੇਂ ਹੋਂਦ ਵਿਚ ਆਏ ਯੂæਐਨæ ਸੰਗਠਨ ਨੇ ਗ੍ਰੇਟਰ ਸੀਰੀਆ ਦੇ ਫਲਸਤੀਨ ਨਾਂ ਦੇ ਪ੍ਰਾਂਤ ਵਿਚੋਂ ਅੱਧਿਓਂ ਥੋੜ੍ਹਾ ਵੱਧ, ਸਦੀਆਂ ਤੋਂ ਬੰਜਰ ਪਿਆ ਇਲਾਕਾ ਦੁਨੀਆਂ ਭਰ ਵਿਚੋਂ ਯਹੂਦੀਆਂ ਨੂੰ ਆ ਕੇ ਆਪਣਾ ਹੋਮਲੈਂਡ ਬਣਾਉਣ ਲਈ ਸੌਂਪ ਦਿਤਾ ਅਤੇ ਬਰਤਾਨਵੀ ਹਾਕਮ ਆਪ ਭਾਰਤ ਵਾਂਗ ਹੀ ਕਾਹਲੀ ਨਾਲ (ਆਪਣਾ ਬੋਰੀਆ-ਬਿਸਤਰ ਲਪੇਟ ਕੇ) ਫਲਸਤੀਨ ਵਿਚ ਨਵੇਂ ਵਸੇ ਯਹੂਦੀਆਂ ਨੂੰ ਆਪੋ ਵਿਚ ਸਦਾ-ਸਦਾ ਲਈ ਲੜਦੇ ਰਹਿਣ ਲਈ ਛੱਡ ਕੇ ਉਥੋਂ ਦੌੜ ਗਏ। ਵਿਸ਼ਾਲ ਅਰਬ ਖੇਤਰਾਂ ਦੇ ਅਰਬ ਜੋ ਸਦੀਆਂ ਤਕ ਆਟੋਮਾਨਾਂ ਅਗੇ ਨਤਮਸਤਕ ਹੁੰਦੇ ਰਹੇ ਸਨ, ਉਨ੍ਹਾਂ ਅੰਦਰ ਇਕ ਦਮ ਅੰਨ੍ਹਾ ਜਾਤੀ ਅਭਿਮਾਨ ਉਭਰ ਆਇਆ ਅਤੇ ਉਨ੍ਹਾਂ ਨੇ ਪੱਛਮੀ ਦੇਸ਼ਾਂ ਦੇ ਇਸ ‘ਧੱਕੇ’ ਵਿਰੁਧ ਜਹਾਦ ਦਾ ਬਿਗਲ ਵਜਾ ਦਿਤਾ ਅਤੇ ਅਲੀ-ਅਲੀ ਕਰ ਕੇ ਉਥੇ ਵਸੇ ਯਹੂਦੀਆਂ ਦੇ ਗਲ ਪੈ ਨਿਕਲੇ।
ਬਾਦਸ਼ਾਹ ਨੂੰ ਖਲੀਫਾ ਕਿਹਾ ਜਾਂਦਾ ਜੋ ਮਹਾਰਾਜਾ ਹੋਣ ਦੇ ਨਾਲ-ਨਾਲ ਅਰਬਾਂ ਦਾ ਕੀ, ਸਾਰੀ ਦੁਨੀਆਂ ਦੇ ਮੁਸਲਮਾਨਾਂ ਦਾ ਧਾਰਮਿਕ ਨੇਤਾ ਵੀ ਹੁੰਦਾ। ਪਹਿਲੋਂ ਠੀਕ ਸੀ, ਪਰ ਸਮਾਂ ਬੀਤਣ ਨਾਲ ਹਕੂਮਤ ਭ੍ਰਿਸ਼ਟ ਹੋ ਗਈ ਤੇ ਪਤਨ ਸ਼ੁਰੂ ਹੋ ਗਿਆ। ਮੱਧ ਪੂਰਬ ਦੇ ਪੇਂਡੂ ਕਿਸਾਨਾਂ ਉਤੇ ਭਾਰੇ ਟੈਕਸ ਲਾਏ ਗਏ। ਅਦਾਇਗੀ ਨਾ ਹੋਣ ਦੀ ਸੂਰਤ ਵਿਚ ਸਜ਼ਾਵਾਂ ਦਿੱਤੀਆਂ ਜਾਂਦੀਆਂ। ਸਿਪਾਹੀਆਂ ਅਤੇ ਸਥਾਨਕ ਮੁਲਾਜ਼ਮਾਂ ਦੀਆਂ ਜ਼ਿਆਦਤੀਆਂ ਦੀ ਖ਼ਬਰ ਦੂਰ-ਦੁਰਾਡੇ ਇਸਤੰਬੂਲ ਵਿਚ ਬਾਦਸ਼ਾਹ ਤੱਕ ਕਿਵੇਂ ਪਹੁੰਚਦੀ?
ਮੱਧ ਏਸ਼ੀਆ ਦੇ ਸਾਰੇ ਮੁਸਲਮਾਨ ਦੇਸ਼ਾਂ ਵਿਚ ਗੁੱਸਾ ਫੈਲ ਗਿਆ। ਕੁਰਾਨ ਸ਼ਰੀਫ ਵਿਚ ਲਿਖਿਆ ਹੈ, ਜਦੋਂ ਕੋਈ ਬੇਗਾਨਾ ਬੰਦਾ ਮੁਸਲਿਮ ਧਰਤੀ ਉਪਰ ਕਾਬਜ਼ ਹੋਵੇ, ਤਾਂ ਸਾਰੇ ਇਕੱਠੇ ਹੋ ਜਾਓ ਤੇ ਜਹਾਦ ਕਰੋ। ਅਲ-ਅਕਸ ਮਸੀਤ ਫਲਸਤੀਨ ਵਿਚ ਹੈ। ਮੱਕੇ ਅਤੇ ਮਦੀਨੇ ਤੋਂ ਬਾਅਦ ਇਹ ਤੀਜੇ ਥਾਂ ‘ਤੇ ਸਭ ਤੋਂ ਪਵਿਤਰ ਥਾਂ ਹੈ। ਇਹ ਯਹੂਦੀਆਂ ਦੇ ਕਬਜ਼ੇ ਵਿਚ ਹੋ ਗਈ। ਇਹ ਉਹ ਥਾਂ ਹੈ ਜਿਥੋਂ ਇਜ਼ਰਾਈਲ ਫਰਿਸ਼ਤਾ ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣੇ ਨਾਲ ਲਿਜਾ ਕੇ ਪੈਗ਼ੰਬਰ ਮੂਸਾ ਅਤੇ ਯਸੂ ਨੂੰ ਮਿਲਵਾ ਕੇ ਲਿਆਇਆ ਸੀ। ਮਿਸਰ, ਲੈਬਨਾਨ, ਸੀਰੀਆ, ਜਾਰਡਨ ਅਤੇ ਇਰਾਕ ਨੇ ਮਿਲ ਕੇ ਨਵੀਂ ਬਣੀ ਯਹੂਦੀ ਸਟੇਟ ‘ਤੇ ਹਮਲਾ ਕਰ ਦਿੱਤਾ। ਦਸ ਹਜ਼ਾਰ ਸੈਨਿਕ ਸਨ ਤੇ ਬਾਕੀ ਵੱਡੀ ਗਿਣਤੀ ਮੁਸਲਿਮ ਬ੍ਰਦਰਹੁੱਡ ਮੈਂਬਰਾਂ ਦੀ ਸੀ। ਇਨ੍ਹਾਂ ਦੇਸ਼ਾਂ ਨੇ ਯਹੂਦੀਆਂ ਹੱਥੋਂ ਮਾਰ ਖਾਧੀ, ਹਾਰ ਗਏ। ਇਕ ਸਾਲ ਤੋਂ ਘੱਟ ਸਮੇਂ ਵਿਚ ਸਾਰੇ ਇਜ਼ਰਾਈਲ ਵਿਚੋਂ ਮੁਸਲਮਾਨ ਸੈਨਿਕ ਕੱਢ ਦਿੱਤੇ। ਸਾਢੇ ਸੱਤ ਲੱਖ ਮੁਸਲਮਾਨ, ਇਜ਼ਰਾਈਲ ਦੀ ਧਰਤੀ ਤੋਂ ਉਜੜ ਕੇ ਅਰਬ ਦੇਸ਼ਾਂ ਦੇ ਰਫਿਊਜੀ ਹੋ ਗਏ। ਅੱਜ ਤੱਕ ਇਨ੍ਹਾਂ ਰਫਿਊਜੀ ਕੈਂਪਾਂ ਨੂੰ ਯੂæਐਨæਓæ ਵਲੋਂ ਰਾਹਤ ਸਮੱਗਰੀ ਦਿੱਤੀ ਜਾ ਰਹੀ ਹੈ।
ਹਾਰ ਕੇ ਆਏ ਹਥਿਆਰਬੰਦ ਮੁਸਲਿਮ ਬ੍ਰਦਰਹੁੱਡ ਦੇ ਬੰਦਿਆਂ ਨੇ ਦੂਜੀ ਵਾਰ ਫਿਰ ਤੁਰਕ ਸਰਕਾਰ ਖਿਲਾਫ ਬਗਾਵਤ ਦਾ ਯਤਨ ਕੀਤਾ, ਪਰ ਦਬਾ ਦਿੱਤੇ ਗਏ। ਬ੍ਰਦਰਹੁੱਡ ‘ਤੇ ਪਾਬੰਦੀ ਲਾ ਦਿੱਤੀ ਗਈ, ਇਸ ਦੀਆਂ ਜਾਇਦਾਦਾਂ ਕਬਜ਼ੇ ਵਿਚ ਲੈ ਲਈਆਂ ਤੇ ਲੀਡਰਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਗ੍ਰਿਫਤਾਰੀ ਤੋਂ ਬਚੇ ਬੰਦਿਆਂ ਨੇ ਥੋੜ੍ਹੇ ਸਮੇਂ ਬਾਅਦ ਮਿਸਰ ਦਾ ਪ੍ਰਧਾਨ ਮੰਤਰੀ ਕਤਲ ਕਰ ਦਿੱਤਾ। ਬਾਰਾਂ ਫਰਵਰੀ 1949 ਨੂੰ ਸਰਕਾਰ ਦੀ ਖੁਫੀਆ ਏਜੰਸੀ ਨੇ ਹਸਨ ਅਲਬਾਨਾ ਕਤਲ ਕਰ ਦਿੱਤਾ, ਪਰ ਮੁਸਲਿਮ ਬ੍ਰਦਰਹੁੱਡ ਦਾ ਸਿਰ ਨਹੀਂ ਫੇਹਿਆ ਗਿਆ। ਘਟਣ ਦੀ ਬਜਾਇ ਸਰਕਾਰ ਦੇ ਜ਼ਾਲਮਾਨਾ ਰਵੱਈਏ ਕਾਰਨ ਇਹ ਮਜ਼ਬੂਤ ਹੁੰਦਾ ਗਿਆ, ਫਿਰ ਇਹ ਕੇਵਲ ਮਿਸਰ ਵਿਚ ਨਾ ਰਿਹਾ, ਸੀਰੀਆ ਅਤੇ ਜਾਰਡਨ ਤੱਕ ਫੈਲ ਗਿਆ।
(ਚਲਦਾ)