ਕਹਾਣੀ ਦਾ ਦਿੱਲੀ ਜਾ ਪਹੁੰਚਣਾ

ਕਹਾਣੀ ਇਉਂ ਤੁਰੀ-3
ਪੰਜਾਬੀ ਕਹਾਣੀ ਜਗਤ ਵਿਚ ਗੁਰਬਚਨ ਸਿੰਘ ਭੁੱਲਰ ਦਾ ਨਿਵੇਕਲਾ ਅਤੇ ਨਿਆਰਾ ਸਥਾਨ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਪੰਜਾਬ, ਖਾਸ ਕਰ ਕੇ ਮਾਲਵਾ ਖਿੱਤੇ ਦਾ ਰੰਗ ਪੂਰੇ ਜਲੌਅ ਅਤੇ ਸਿਦਕ ਨਾਲ ਪੇਸ਼ ਹੋਇਆ ਹੈ। ਆਪਣੀ ਪਹਿਲੀ ਹੀ ਕਹਾਣੀ ‘ਰਾਤਾਂ ਕਾਲੀਆਂ’ ਅਤੇ ਫਿਰ ਪਹਿਲੀ ਹੀ ਕਿਤਾਬ ‘ਓਪਰਾ ਮਰਦ’ ਨਾਲ ਉਨ੍ਹਾਂ ਪੰਜਾਬੀ ਸਾਹਿਤ ਜਗਤ ਦਾ ਧਿਆਨ ਵਾਹਵਾ ਖਿੱਚ ਲਿਆ ਸੀ, ਤੇ ਚੋਟੀ ਦੇ ਲੇਖਕਾਂ ਵਿਚ ਸ਼ੁਮਾਰ ਹੋ ਗਏ ਸਨ।

ਹਾਲ ਹੀ ਵਿਚ ਉਨ੍ਹਾਂ ਦਾ ਪਲੇਠਾ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਪ੍ਰਕਾਸ਼ਤ ਹੋਇਆ ਹੈ। 495 ਸਫਿਆਂ ਉਤੇ ਫੈਲੇ ਇਸ ਨਾਵਲ ਵਿਚ ਉਨ੍ਹਾਂ ਪੰਜਾਬ ਦੀ ਨਿਵੇਕਲੀ ਬਾਤ ਪਾਈ ਹੈ। ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਉਨ੍ਹਾਂ ਆਪਣੀ ਲੰਮੀ ਲੇਖ ਲੜੀ ‘ਕਹਾਣੀ ਇਉਂ ਤੁਰੀ’ ਭੇਜੀ ਹੈ ਜਿਸ ਵਿਚ ਉਨ੍ਹਾਂ ਆਪਣੀ ਕਹਾਣੀ ਯਾਤਰਾ ਬਾਰੇ ਨਿੱਠ ਕੇ ਗੱਲਾਂ ਕੀਤੀਆਂ ਹਨ। ਉਂਜ, ਇਸ ਕਹਾਣੀ ਯਾਤਰਾ ਵਿਚ ਉਨ੍ਹਾਂ ਅਜਿਹਾ ਸਭਿਆਚਾਰਕ-ਸਮਾਜਕ ਰੰਗ ਭਰਿਆ ਹੈ ਕਿ ਇਸ ਕਹਾਣੀ ਯਾਤਰਾ ਦੇ ਪਿਛੇ ਪੰਜਾਬ ਦੀਆਂ ਹੇਕਾਂ ਸੁਣਾਈ ਦਿੰਦੀਆਂ ਹਨ। ਇਹ ਦਿਲਚਸਪ ਲੇਖ ਲੜੀ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ

ਗੁਰਬਚਨ ਸਿੰਘ ਭੁੱਲਰ

ਦਾਦੀਆਂ-ਨਾਨੀਆਂ, ਮਾਂਵਾਂ-ਮਾਸੀਆਂ ਨੂੰ ਬਚਪਨ ਵਿਚ ਜਦੋਂ ਬਾਤ ਸੁਣਾਉਣ ਲਈ ਆਖਦੇ ਉਹ ਅੱਗਿਉਂ ਸਵਾਲ ਕਰਦੀਆਂ, ਹੱਡਬੀਤੀ ਸੁਣਾਵਾਂ ਕਿ ਜੱਗਬੀਤੀ। ਅੱਜ ਦੀ ਸਾਹਿਤਕ ਕਹਾਣੀ ਵੀ ਹੱਡਬੀਤੀ ਜਾਂ ਜੱਗਬੀਤੀ ਹੀ ਹੁੰਦੀ ਹੈ। ਇਨ੍ਹਾਂ ਦੋ ਅਨੁਭਵਾਂ ਤੋਂ ਬਿਨਾਂ ਲੇਖਕ ਭਲਾਂ ਹੋਰ ਲਿਖ ਵੀ ਕੀ ਸਕਦਾ ਹੈ? ਜੱਗਬੀਤੀ ਨੂੰ ਹੋਰ ਪਾਤਰਾਂ ਰਾਹੀਂ ਪੇਸ਼ ਕਰਨ ਦੇ ਨਾਲ ਨਾਲ ਕਦੀ ਉਹ ਆਪ ਪਾਤਰ ਬਣ ਕੇ ਹੱਡਬੀਤੀ ਦੇ ਰੂਪ ਵਿਚ ਪੇਸ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਹੱਡਬੀਤੀ ਨੂੰ ਆਪ ਪਾਤਰ ਬਣ ਕੇ ਪੇਸ਼ ਕਰਨ ਦੇ ਨਾਲ ਨਾਲ ਕਦੀ ਕਦੀ ਆਪਣੇ ਨਾਲ ਜੋੜਨ ਤੋਂ ਝਿਜਕਦਿਆਂ ਜੱਗਬੀਤੀ ਬਣਾ ਕੇ ਪੇਸ਼ ਕਰ ਦਿੰਦਾ ਹੈ।
ਮੈਂ ਆਪਣੇ ਨੇੜਲੇ ਮਾਹੌਲ ਨੂੰ ਲੈ ਕੇ ਆਪਣੀ ਪਹਿਲੀ ਕਹਾਣੀ ‘ਰਾਤਾਂ ਕਾਲੀਆਂ’ ਲਿਖੀ। ਮੇਰੀ ਪਹਿਲੀ ਕਵਿਤਾ ਵਾਂਗ ਉਹ ਵੀ ਫ਼ੌਜਾਂ ਦੀ ਨਿਹਫਲਤਾ ਤੇ ਜੰਗਾਂ ਦੀ ਬਰਬਰਤਾ ਦੀ ਸੋਚ ਵਿਚੋਂ ਹੀ ਪੈਦਾ ਹੋਈ ਸੀ। ਕੇਂਦਰੀ ਮੁੱਦਾ ਇਹ ਸੀ ਕਿ ਫ਼ੌਜਾਂ ਕਿੰਨੀਆਂ ਜ਼ਿੰਦਗੀਆਂ ਨੂੰ ਨੀਰਸ ਬਣਾ ਦਿੰਦੀਆਂ ਹਨ ਅਤੇ ਜੰਗਾਂ ਕਿੰਨੇ ਘਰ ਬਰਬਾਦ ਕਰ ਦਿੰਦੀਆਂ ਹਨ। ਮੇਰੇ ਬਾਪੂ ਜੀ ਲੰਮਾ ਸਮਾਂ ਫ਼ੌਜ ਵਿਚ ਰਹੇ ਸਨ। ਉਨ੍ਹਾਂ ਦੇ ਪੈਨਸ਼ਨ ਆਉਣ ਦੇ ਸਮੇਂ ਤੱਕ ਮੇਰਾ ਵੱਡਾ ਭਾਈ ਭਰਤੀ ਹੋ ਚੁੱਕਿਆ ਸੀ। ਇਹ ਕਹਾਣੀ ਇਸੇ ਹਕੀਕਤ ਦੀ ਪੈਦਾਵਾਰ ਸੀ। ਇਹ ਉਸ ਸਮੇਂ ਦੇ ਇਕ ਮੋਹਰੀ ਰਸਾਲੇ ‘ਕਵਿਤਾ’ ਵਿਚ ਛਪੀ ਅਤੇ ਮਗਰੋਂ ਪਹਿਲੇ ਕਹਾਣੀ ਸੰਗ੍ਰਹਿ ‘ਓਪਰਾ ਮਰਦ’ ਵਿਚ ਸ਼ਾਮਲ ਹੋਈ। ਹੁਣ ਜਦੋਂ ਇਹ ਕਹਾਣੀ ਪੜ੍ਹਦਾ ਹਾਂ, ਹੈਰਾਨੀ ਹੁੰਦੀ ਹੈ ਕਿ ਰਾਜਨੀਤਕ-ਵਿਚਾਰਧਾਰਕ ਆਧਾਰ ਨੂੰ ਬਿਲਕੁਲ ਪਿਛੋਕੜ ਵਿਚ ਰੱਖ ਕੇ ਮੈਂ ਇਸ ਵਿਸ਼ੇ ਨੂੰ ਨਿਰੋਲ ਸਾਹਿਤਕ ਰੂਪ ਕਿਵੇਂ ਦੇ ਸਕਿਆ!
ਕਵਿਤਾਵਾਂ ਵਾਂਗ ਮੇਰੀਆਂ ਕਹਾਣੀਆਂ ਵੀ ਪ੍ਰਸਿੱਧ ਤਿੰਨਾਂ ਰਸਾਲਿਆਂ, ਗੁਰਬਖ਼ਸ਼ ਸਿੰਘ ਦੇ ‘ਪ੍ਰੀਤਲੜੀ’, ਮੋਹਨ ਸਿੰਘ ਦੇ ‘ਪੰਜ ਦਰਿਆ’ ਤੇ ਭਾਪਾ ਪ੍ਰੀਤਮ ਸਿੰਘ ਦੇ ‘ਆਰਸੀ’ ਦੇ ਨਾਲ ਨਾਲ ਨਵੇਂ ਨਿਕਲੇ ਅੰਮ੍ਰਿਤਾ ਪ੍ਰੀਤਮ ਦੇ ‘ਨਾਗਮਣੀ’ ਵਿਚ ਛਪਣ ਲੱਗੀਆਂ। ਪ੍ਰੋæ ਮੋਹਨ ਸਿੰਘ ਜੋ ‘ਪੰਜ ਦਰਿਆ’ ਲਈ ਰਚਨਾਵਾਂ ਚੁਣਨ ਸਮੇਂ ਬੜੇ ਸਖ਼ਤ ਅਤੇ ਨਿਘੋਚੀ ਸਨ, ਨੇ ਮੇਰੀ ਕਹਾਣੀ ‘ਚਗ਼ਲ’ ਛਾਪਦਿਆਂ ਸਿਰਲੇਖ ਕੋਲ ਲਿਖਿਆ, “ਇਹ ਕਹਾਣੀ ਬਿਲਕੁਲ ਪੜ੍ਹਨ ਵਾਲੀ ਨਹੀਂ, ਭਾਵੇਂ ਇਸ ਨੂੰ ਮੈਂ ਆਪ ਪੰਜ ਵਾਰੀ ਪੜ੍ਹਿਆ ਹੈ।” ਮੋਹਨ ਸਿੰਘ ਜੋ ਪ੍ਰਮੁੱਖ ਕਵੀ ਬਣਨ ਤੋਂ ਪਹਿਲਾਂ ਆਪ ਕਈ ਵਧੀਆ ਕਹਾਣੀਆਂ ਲਿਖ ਚੁੱਕੇ ਸਨ, ਮੇਰੀ ਕਹਾਣੀ ਨੂੰ ਪੰਜ ਵਾਰ ਪੜ੍ਹਨ, ਇਸ ਤੋਂ ਵੱਧ ਖੁਸ਼ੀ ਅਤੇ ਮਾਣ ਵਾਲੀ ਗੱਲ ਮੇਰੇ ਲਈ ਕੀ ਹੋ ਸਕਦੀ ਸੀ। ਇਹ ਮੇਰੇ ਨਵੇਂ ਨਵੇਂ ਸਾਹਿਤਕ ਸਫ਼ਰ ਵਿਚ ਮਿਲਿਆ ਪਹਿਲਾ ਵੱਡਾ ਇਨਾਮ ਸੀ।
1967 ਦਾ ਮਈ ਮਹੀਨਾ ਸੀ ਜਦੋਂ ਮੈਂ ਦਿੱਲੀ ਆਇਆ। ਦਿੱਲੀ ਮੇਰੇ ਲਈ ਵਰ ਸਿੱਧ ਹੋਈ। ਮੈਨੂੰ ਇਹ ਮੰਨਣ ਵਿਚ ਕੋਈ ਸੰਕੋਚ ਨਹੀਂ ਕਿ ਜੇ ਮੈਂ ਦਿੱਲੀ ਨਾ ਪੁੱਜਿਆ ਹੁੰਦਾ, ਮੈਂ ਅੱਜ ਵਾਲਾ ਭੁੱਲਰ ਨਹੀਂ ਸੀ ਹੋਣਾ। ਭਾਵੇਂ ਇਸ ਤੋਂ ਪਹਿਲਾਂ ਮੇਰੀਆਂ ਰਚਨਾਵਾਂ ਪ੍ਰਸਿੱਧ ਰਸਾਲਿਆਂ ਵਿਚ ਛਪ ਚੁੱਕੀਆਂ ਸਨ, ਪਰ ਮੇਰੀ ਸਾਹਿਤਕ ਸੋਝੀ ਦੇ ਦਿਸਹੱਦੇ ਨੂੰ ਵਿਸ਼ਾਲਤਾ ਦਿੱਲੀ ਸਦਕਾ ਹੀ ਮਿਲੀ। ਉਸ ਸਮੇਂ ਦਿੱਲੀ ਨੂੰ ਪੰਜਾਬੀ ਦੇ ਅਨੇਕ ਪ੍ਰਮੁੱਖ ਸਾਹਿਤਕਾਰਾਂ ਦਾ ਘਰ ਹੋਣ ਦਾ ਮਾਣ ਪ੍ਰਾਪਤ ਸੀ। ਉਸ ਦੌਰ ਨੂੰ ਦਿੱਲੀ ਵਿਚ ਪੰਜਾਬੀ ਸਾਹਿਤ ਦਾ ਸੁਨਹਿਰੀ ਦੌਰ ਕਹਿਣਾ ਵੀ ਕੋਈ ਅਤਿਕਥਨੀ ਨਹੀਂ।
ਮੈਂ ਪਿੰਡਾਂ ਅਤੇ ਛੋਟੇ ਸ਼ਹਿਰਾਂ-ਕਸਬਿਆਂ ਦੇ ਮਾਹੌਲ ਵਿਚੋਂ ਪਹਿਲੀ ਵਾਰ ਦਿੱਲੀ ਆ ਰਿਹਾ ਸੀ। ਸੋਵੀਅਤ ਸੂਚਨਾ ਵਿਭਾਗ ਵਾਲੇ ਪੰਜਾਬੀ ਮਿੱਤਰਾਂ ਨੂੰ ਦਫ਼ਤਰ ਦਾ ਰਾਹ ਪੁੱਛਿਆ ਤਾਂ ਉੱਤਰ ਮਿਲਿਆ, ਸਟੇਸ਼ਨ ਤੋਂ ਨੇੜੇ ਹੀ ਨਵਯੁਗ ਪਹੁੰਚ ਜਾਈਂ, ਅੱਗੇ ਭਾਪਾ ਜੀ ਆਪੇ ਪਹੁੰਚਦਾ ਕਰ ਦੇਣਗੇ। ਇਉਂ ਦਿੱਲੀ ਵਿਚ ਪੈਰ ਰੱਖਦਿਆਂ ਹੀ ਪਹਿਲੀ ਮੁਲਾਕਾਤ ਭਾਪਾ ਜੀ ਨਾਲ ਹੋਣ ਦਾ ਮੌਕਾ ਬਣ ਗਿਆ। ਉਨ੍ਹਾਂ ਨੇ ਚਾਹ-ਪਾਣੀ ਪਿਆਇਆ, ‘ਆਰਸੀ’ ਵਿਚ ਛਪੀਆਂ ਮੇਰੀਆਂ ਰਚਨਾਵਾਂ ਚੇਤੇ ਕੀਤੀਆਂ ਅਤੇ ਕਿਸੇ ਨੂੰ ਨਾਲ ਭੇਜ ਕੇ ਉਸ ਸਮੇਂ ਨਵਯੁਗ ਦੇ ਸਾਹਮਣਿਉਂ ਚਲਦੇ ਫਿਟਫਿਟੀਏ ਉਤੇ ਬਿਠਾ ਦਫ਼ਤਰ ਪੁਜਦਾ ਕਰ ਦਿੱਤਾ।
ਭਾਪਾ ਜੀ ਨੇ ਮੈਨੂੰ ਮੇਰੇ ਦਫ਼ਤਰ ਤੱਕ ਹੀ ਪੁਜਦਾ ਨਾ ਕੀਤਾ ਸਗੋਂ ਸਾਹਿਤਕ ਸੰਸਾਰ ਵਿਚ ਮੇਰਾ ਜੋ ਛੋਟਾ-ਮੋਟਾ ਸਥਾਨ ਬਣਿਆ ਹੈ, ਉਸ ਤੱਕ ਮੇਰੇ ਪਹੁੰਚਣ ਵਿਚ ਵੀ ਉਨ੍ਹਾਂ ਦਾ ਵੱਡਾ ਹੱਥ ਰਿਹਾ। ਇਸ ਪਹਿਲੀ ਮੁਲਾਕਾਤ ਤੋਂ ਬਣੀ ਅਤੇ ਪਹਿਲਾਂ ਉਨ੍ਹਾਂ ਦੀ ਹਯਾਤੀ ਨਾਲ ਤੇ ਹੁਣ ਉਨ੍ਹਾਂ ਦੀ ਯਾਦ ਨਾਲ ਜੁੜੀ ਸਾਂਝ ਦਾ ਚੇਤਾ ਕਰਦਿਆਂ ਮੈਨੂੰ ਇਹ ਇਕਬਾਲ ਕਰਨ ਵਿਚ ਕੋਈ ਸੰਕੋਚ ਨਹੀਂ ਕਿ ਜੇ ਭਾਪਾ ਜੀ ਨਾਲ, ਨਵਯੁਗ ਪਬਲਿਸ਼ਰਜ਼ ਨਾਲ, ‘ਆਰਸੀ’ ਮਾਸਕ ਪੱਤਰ ਨਾਲ ਅਤੇ ਸਾਹਿਤਕਾਰਾਂ ਦੇ ਮੇਲ-ਮਿਲਾਪ ਦੇ ਵੱਡੇ ਟਿਕਾਣੇ ਭਾਪਾ ਜੀ ਦੇ ਦਫ਼ਤਰ ਨਾਲ ਨਾਤਾ ਨਾ ਜੁੜਿਆ ਹੁੰਦਾ, ਮੈਂ ਉਹ ਨਾ ਹੁੰਦਾ ਜੋ ਅੱਜ ਹਾਂ। ਭਾਪਾ ਜੀ ਨਾਲ ਬਣੇ ਰਿਸ਼ਤੇ ਤੋਂ ਹੋਏ ਅਨੁਭਵ ਦੇ ਆਧਾਰ ਉਤੇ ਮੇਰਾ ਕਹਿਣਾ ਹੈ, ਲੇਖਕ ਨੂੰ ਜੇ ਚੰਗਾ ਪ੍ਰਕਾਸ਼ਕ ਨਸੀਬ ਹੋ ਜਾਵੇ, ਉਹਦੀ ਕਲਮ ਵਿਚ ਯਕੀਨਨ ਨਵਾਂ ਨਿਖਾਰ ਆ ਜਾਂਦਾ ਹੈ ਅਤੇ ਉਹਦੀ ਸੰਭਾਵਨਾ ਤੇ ਸਮਰੱਥਾ ਦਾ ਘੇਰਾ ਮੋਕਲਾ ਹੋ ਜਾਂਦਾ ਹੈ।
ਭਾਪਾ ਜੀ ਵਿਚ ਲੇਖਕਾਂ ਨੂੰ ਰਚਨਾ ਕਰਨ ਵਾਸਤੇ ਪ੍ਰੇਰਨ ਦਾ ਕਮਾਲ ਦਾ ਗੁਣ ਸੀ। ਜੇ ਮੈਂ ਕਹਾਂ, ਮੇਰੀਆਂ ਕਈ ਕਹਾਣੀਆਂ ਉਨ੍ਹਾਂ ਦੀਆਂ ਹੀ ਲਿਖਵਾਈਆਂ ਹੋਈਆਂ ਹਨ, ਇਹ ਕੋਈ ਝੂਠ ਨਹੀਂ। ਜੇ ਉਹ ਮੇਰੇ ਮਨ ਵਿਚ ਪਲ਼ ਰਹੀਆਂ ਇਨ੍ਹਾਂ ਕਹਾਣੀਆਂ ਨੂੰ ਬਾਹਰ ਲਿਆਉਣ ਲਈ ਵਾਰ ਵਾਰ ਨਾ ਆਖਦੇ, ਹੋ ਸਕਦਾ ਸੀ, ਸਾਡੇ ਰੂਸੀ ਦਫ਼ਤਰ ਦੇ ਰੁਝੇਵੇਂ ਅਤੇ ਅਸਾਹਿਤਕ ਮਾਹੌਲ ਕਾਰਨ ਉਹ ਕਿਤੇ ਚੇਤੇ ਦੀਆਂ ਤਹਿਆਂ ਵਿਚ ਹੀ ਗੁੰਮ-ਗੁਆਚ ਜਾਂਦੀਆਂ। ਉਨ੍ਹਾਂ ਵਿਚ ਰਚਨਾ ਪਰਖਣ ਤੇ ਕਈ ਵਾਰ ਉਹਦੀ ਬਿਹਤਰੀ ਲਈ ਸੁਝਾਅ ਦੇਣ ਦੀ ਵੀ ਵੱਡੀ ਸਮਰੱਥਾ ਸੀ। ਨਵਯੁਗ ਨੇ, ਜਿਸ ਦੀ ਮੋਹਰ-ਛਾਪ ਹੀ ਪੁਸਤਕ ਦੀ ਕਦਰ ਵਿਚ ਵਾਧਾ ਕਰ ਦਿੰਦੀ ਸੀ, ਮੇਰੀਆਂ ਪੁਸਤਕਾਂ ਬੜੀ ਖ਼ੂਬਸੂਰਤੀ ਨਾਲ ਛਾਪੀਆਂ। ਜਦੋਂ ਤੱਕ ਉਹ ਛਪਦਾ ਰਿਹਾ, ਅੰਮ੍ਰਿਤਾ ਦੇ ‘ਨਾਗਮਣੀ’ ਵਿਚ ਛਪੀਆਂ ਕੁਝ ਇਕ ਰਚਨਾਵਾਂ ਨੂੰ ਛੱਡ ਕੇ, ਮੇਰਾ ਲਿਖਿਆ ਸਭ ਕੁਝ ‘ਆਰਸੀ’ ਵਿਚ ਹੀ ਛਪਿਆ ਜੋ ਸਾਧਾਰਨ ਪਾਠਕਾਂ ਤੋਂ ਇਲਾਵਾ ਲਗਭਗ ਸਭ ਲੇਖਕਾਂ ਦੀਆਂ ਨਜ਼ਰਾਂ ਵਿਚੋਂ ਲੰਘਦਾ ਸੀ।
ਇਥੇ ਆਪਣੇ ਪਹਿਲੇ ਕਹਾਣੀ ਸੰਗ੍ਰਹਿ ‘ਓਪਰਾ ਮਰਦ’ ਦੀ ਗੱਲ ਵੀ ਕਰ ਲਵਾਂ। ਪੰਜਾਬ ਵਿਚ ਜ਼ਿਲਾ ਬਠਿੰਡਾ ਦੇ ਪਿੰਡ ਪਿੱਥੋ ਬੈਠਾ ਨਵਯੁਗ ਦੀਆਂ ਛਪੀਆਂ ਪੁਸਤਕਾਂ ਦੇਖਦਾ ਤਾਂ ਦਿਲ ਕਰਦਾ, ਮੇਰਾ ਕਹਾਣੀ ਸੰਗ੍ਰਹਿ ਵੀ ਅਜਿਹਾ ਹੀ ਛਪੇ ਪਰ ਇਹ ਅੱਥਰੇ ਬਾਲਕ ਦੇ ਚੰਦ-ਖਿਡੌਣਾ ਮੰਗਣ ਵਾਂਗ ਸੀ। ਦਿੱਲੀ ਆ ਟਿਕਿਆ ਤਾਂ ਖਰੜਾ ਤਿਆਰ ਕੀਤਾ ਅਤੇ ਭਾਪਾ ਜੀ ਅੱਗੇ ਜਾ ਰੱਖਿਆ, “ਬਠਿੰਡਾ ਜ਼ਿਲ੍ਹੇ ਦੇ ਇਕ ਅਣਜਾਣੇ ਪਿੰਡ ਵਿਚ ਬੈਠਾ ਮੈਂ ਨਵਯੁਗ ਤੋਂ ਛਪਣ ਦਾ ਸੁਫ਼ਨਾ ਦੇਖਿਆ ਕਰਦਾ ਸੀ, ਅੱਜ ਖਰੜਾ ਤੁਹਾਨੂੰ ਸੌਂਪ ਰਿਹਾ ਹਾਂ।” ਸੁਣਿਆ ਸੀ ਕਿ ਪ੍ਰਕਾਸ਼ਕ ਨਵਿਆਂ ਨੂੰ ਪੈਸੇ ਲੈ ਕੇ ਛਾਪਦੇ ਹਨ, ਪਰ ਝਿਜਕਦਾ ਹੋਇਆ ਗੱਲ ਖੋਲ੍ਹ ਨਾ ਸਕਿਆ। ਭਾਪਾ ਜੀ ਨੇ ਖਰੜਾ ਲੈ ਲਿਆ ਅਤੇ ਕਈ ਹਫ਼ਤੇ ਦੋਵੇਂ ਪਾਸਿਉਂ ਚੁੱਪ ਰਹੀ। ਉਨ੍ਹਾਂ ਨੇ ਆਪਣੇ ਕਿਸੇ ਫ਼ੈਸਲੇ ਦੀ ਜਾਣਕਾਰੀ ਨਾ ਦਿੱਤੀ ਅਤੇ ਮੈਂ ਇਸ ਕਾਰਨ ਚੁਪ ਰਿਹਾ ਕਿ ਜੇ ਪੁਸਤਕ ਛਪਣੀ ਹੋਈ ਤਾਂ ਛਪ ਜਾਵੇਗੀ, ਜੇ ਨਾ ਛਪਣੀ ਹੋਈ ਤਾਂ ਆਪ ਹੀ ਗੱਲ ਛੇੜ ਕੇ ਇਨਕਾਰ ਕਾਹਦੇ ਲਈ ਸੁਣਨਾ ਹੈ।
ਤੇ ਇਕ ਦਿਨ ਉਹ ਮੇਰੇ ਦਫਤਰ ਆਏ ਅਤੇ ਆਪਣੇ ਬੈਗ ਵਿਚੋਂ ‘ਓਪਰਾ ਮਰਦ’ ਦਾ ਖ਼ੂਬਸੂਰਤ ਕਵਰ ਮੇਜ਼ ਉਤੇ ਫੈਲਾ ਦਿਤਾ। ਮੇਰੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਸਭ ਸਵਾਲਾਂ ਦਾ ਜਵਾਬ ਹਾਜ਼ਰ ਸੀ। ਕੁਝ ਦਿਨ ਪਰੂਫ਼ਾਂ ਦਾ ਸਿਲਸਿਲਾ ਚੱਲਿਆ। ਫੇਰ ਉਨ੍ਹਾਂ ਨੇ ਫੋਨ ਕਰ ਕੇ ਮੈਨੂੰ ਨਵਯੁਗ ਬੁਲਾਇਆ ਅਤੇ ਪੁਸਤਕ ‘ਓਪਰਾ ਮਰਦ’ ਮੇਰੇ ਸਾਹਮਣੇ ਰੱਖ ਦਿੱਤੀ। ਮੇਰਾ ਸਾਕਾਰ ਹੋਇਆ ਸੁਫ਼ਨਾ! ਸੰਭਲ ਕੇ ਪੁੱਛਿਆ, “ਹੁਣ ਭਾਪਾ ਜੀ ਮੈਨੂੰ ਸੇਵਾ ਦੱਸੋ।” ਉਹ ਮੁਸਕਰਾਏ ਅਤੇ ਬੋਲੇ, “ਤੁਸੀਂ ਇਹੋ ਜਿਹੀ ਹੀ ਪੁਸਤਕ ਚਾਹੁੰਦੇ ਸੀ ਨਾ?æææਬਸ ਠੀਕ ਹੈ।” ਮੇਰੇ ਇਸ ਪਹਿਲੇ ਕਹਾਣੀ ਸੰਗ੍ਰਹਿ ਦੀ ਰੱਜਵੀਂ ਆਉ-ਭਗਤ ਹੋਈ। ਮੇਰੇ ਹਾਣੀ ਲੇਖਕਾਂ ਅਤੇ ਯਾਰਾਂ-ਦੋਸਤਾਂ ਦੀ ਤਾਂ ਗੱਲ ਛੱਡੋ, ਮੈਥੋਂ ਵਡੇਰਿਆਂ ਨੇ ਵੀ ਇਹਦੀ ਬਹੁਤ ਵਡਿਆਈ ਕੀਤੀ।
ਵੱਡੇ ਲੇਖਕਾਂ ਵਿਚੋਂ ਪਹਿਲਾ ਨਾਤਾ ਹਰ ਮਹੀਨੇ ਜੁੜਦੀ ‘ਨਾਗਮਣੀ ਸ਼ਾਮ’ ਦੇ ਵਸੀਲੇ ਸਦਕਾ ਅੰਮ੍ਰਿਤਾ ਪ੍ਰੀਤਮ ਨਾਲ ਜੁੜਿਆ। ਉਸ ਨੂੰ ਨਵੇਂ ਲੇਖਕਾਂ ਨੂੰ ਉਤਸਾਹਿਤ ਕਰਨ ਦੀ ਜਾਚ ਅਤੇ ਜੁਗਤ ਆਉਂਦੀ ਸੀ। ਸਾਹਿਤਕ ਉਤਸਾਹ ਲੋੜਦੇ ਉਸ ਪੜਾਅ ਸਮੇਂ ਉਹ ਬੜੀ ਸਹਾਈ ਰਹੀ। ‘ਓਪਰਾ ਮਰਦ’ ਕਹਾਣੀ ਉਹਨੇ ‘ਨਾਗਮਣੀ ਸ਼ਾਮ’ ਵਿਚ ਸੁਣ ਕੇ ‘ਨਾਗਮਣੀ’ ਵਿਚ ਹੀ ਪਹਿਲੀ ਵਾਰ ਪ੍ਰਕਾਸ਼ਿਤ ਕੀਤੀ ਸੀ। ਅੰਮ੍ਰਿਤਾ ਵਿਚ ਇਕ ਵੱਡਾ ਗੁਣ ਇਹ ਸੀ ਕਿ ਜੋ ਲਿਖਤ ਉਸ ਦੇ ਮਨ ਨੂੰ ਭਾਅ ਜਾਂਦੀ, ਉਹ ਉਸ ਦੀ ਦੀਵਾਨੀ ਹੋ ਜਾਂਦੀ। ਉਹ ਲੇਖਕ ਤੋਂ ਪਾਰ ਜਾ ਕੇ ਉਹਦੀ ਕਦਰ ਕਰਦੀ। ਬਹੁਤ ਮਗਰੋਂ ਜਦੋਂ ਉਹ ਮੇਰੀ ਲਿਖੀ ਇਕ ਕਹਾਣੀ ਕਾਰਨ ਗੁੱਸੇ ਹੋ ਗਈ, ਤਦ ਵੀ ਇਸ ਕਹਾਣੀ ਦੀ ਕਦਰ ਉਹਦੇ ਦਿਲ ਵਿਚ ਓਵੇਂ ਬਣੀ ਰਹੀ। ‘ਸੋਨੇ ਦੀਆਂ ਮੋਹਰਾਂ’ ਨਾਂ ਦਾ ਕਹਾਣੀ ਸੰਗ੍ਰਹਿ ਸੰਪਾਦਿਤ ਕਰਦਿਆਂ ਉਹਨੇ ਗੁੱਸੇ ਨੂੰ ਲਾਂਭੇ ਕਰਦਿਆਂ ਚਿੱਠੀ ਲਿਖ ਕੇ ਇਹ ਕਹਾਣੀ ਸ਼ਾਮਲ ਕਰਨ ਦੀ ਆਗਿਆ ਮੰਗੀ। ਪਹਿਲਾਂ ਇਸੇ ਨਾਂ ਵਾਲੀ ਪੁਸਤਕ ਛਪੀ ਤਾਂ ਸੁਭਾਵਿਕ ਸੀ ਕਿ ਮੈਂ ਪਹਿਲੀ ਕਾਪੀ ਉਹਨੂੰ ਹੀ ਭੇਟ ਕਰਦਾ। ਦੇਖ ਕੇ ਉਹ ਬਹੁਤ ਖ਼ੁਸ਼ ਹੋਈ ਅਤੇ ਕਮਰੇ ਵਿਚ ਜਾ ਕੇ ਇਕ ਰੁਪਏ ਦਾ ਨਵਾਂ-ਨਕੋਰ ਨੋਟ ਲੈ ਕੇ ਪਰਤੀ। ਮੇਰੇ ਕੋਲ ਬੈਠ ਕੇ ਉਹਨੇ ਨੋਟ ਦੀ ਸਫ਼ੈਦ ਥਾਂ ਉਤੇ ਆਪਣੇ ਦਸਤਖ਼ਤ ਕੀਤੇ ਅਤੇ ਬੋਲੀ, “ਅਹਿ ਲੈ, ਤੇਰੇ ਓਪਰੇ ਮਰਦ ਨੂੰ ਸ਼ਗਨ।” ਇਹ ਨੋਟ ਮੈਂ ਆਪਣੇ ਵੱਡੇ ਸਾਹਿਤਕ ਸਨਮਾਨਾਂ ਵਿਚ ਰਖਿਆ ਹੋਇਆ ਹੈ।
(ਚਲਦਾ)