ਬਲਜਿੰਦਰ ਮਾਨ
ਫੋਨ: 91-98150-18947
ਲੋਹੜੀ ਸ਼ਬਦ ਤਿਲ+ਰੋੜੀ ਦੇ ਜੋੜ ਨਾਲ ਬਣਿਆ ਹੈ ਜੋ ਸਮਾਂ ਪਾ ਕੇ ਤਿਲੋੜੀ ਤੇ ਫਿਰ ਲੋਹੜੀ ਬਣਿਆ। ਕਈ ਥਾਂਈਂ ਇਸ ਨੂੰ ਲੋਹੀ ਜਾਂ ਲੋਈ ਵੀ ਕਹਿੰਦੇ ਹਨ। ਵੈਦਿਕ ਕਾਲ ਵਿਚ ਲੋਕ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਹਵਨ ਕਰਦੇ ਸਨ। ਹਵਨ ਵਿਚ ਗੁੜ, ਘਿਉ, ਤਿਲ, ਚੌਲ, ਸੁੱਕੇ ਮੇਵੇ ਅਤੇ ਸ਼ਹਿਦ ਆਦਿ ਪਾਏ ਜਾਂਦੇ ਸਨ।
ਇਕ ਕਥਾ ਅਨੁਸਾਰ ਲੋਹੜੀ ਦੇਵੀ ਨੇ ਇਕ ਰਾਕਸ਼ ਨੂੰ ਮਾਰਿਆ ਸੀ ਜਿਸ ਦੀ ਯਾਦ ਵਿਚ ਇਹ ਤਿਉਹਾਰ ਮਨਾਇਆ ਜਾਣ ਲੱਗਾ। ਪੌਰਾਣਿਕ ਕਥਾਵਾਂ ਵਿਚ ਇਸ ਦਾ ਸਬੰਧ ਸਤੀ ਦਹਿਨ ਨਾਲ ਵੀ ਜੋੜਿਆ ਜਾਂਦਾ ਹੈ।
ਲੋਹੜੀ ਦੇ ਤਿਉਹਾਰ ਦੇ ਅਰੰਭ ਬਾਰੇ ਵੱਖੋ ਵੱਖਰੀਆਂ ਕਹਾਣੀਆਂ ਪ੍ਰਚੱਲਤ ਹਨ। ਦੁੱਲੇ ਭੱਟੀ ਦੀ ਕਹਾਣੀ ਨਾਲ ਇਸ ਤਿਉਹਾਰ ਦੇ ਅਰੰਭ ਨੂੰ ਮੰਨਿਆ ਗਿਆ ਹੈ,
ਸੁੰਦਰ ਮੁੰਦਰੀਏ-ਹੋ
ਤੇਰਾ ਕੌਣ ਵਿਚਾਰਾ-ਹੋ
ਦੁੱਲਾ ਭੱਟੀ ਵਾਲਾ-ਹੋ
ਦੁੱਲੇ ਧੀ ਵਿਆਹੀ-ਹੋ
ਸੇਰ ਸ਼ੱਕਰ ਆਈ-ਹੋ
ਕੁੜੀ ਦੇ ਬੋਝੇ ਪਾਈ-ਹੋ
ਕੁੜੀ ਦਾ ਲਾਲ ਪਟਾਕਾ-ਹੋæææ।
ਪੋਹ ਮਹੀਨੇ ਦੀ ਆਖਰੀ ਰਾਤ ਨੂੰ ਲੋਹੜੀ ਮੌਕੇ ਆਪਸੀ ਸਾਂਝ ਦੇ ਗੀਤ ਛਿੜਦੇ ਨੇ। ਅਤਿ ਦੀ ਸਰਦੀ ਵਿਚ ਗੁੜ ਤੇ ਤਿਲਾਂ ਦੀ ਗਰਮੀ ਅਤੇ ਧੂਣੀਆਂ ਦਾ ਨਿੱਘ ਹਰ ਕਿਸੇ ਨੂੰ ਗਲਵੱਕੜੀ ਪਾ ਲੈਂਦਾ ਹੈ। ਇਸ ਤਿਉਹਾਰ ਦਾ ਸਿੱਧਾ ਸਬੰਧ ਲੜਕੇ ਦੇ ਜਨਮ ਨਾਲ ਜੁੜਦਾ ਹੈ। ਜਿਸ ਘਰ ਲੜਕਾ ਪੈਦਾ ਹੋਇਆ ਹੁੰਦਾ ਹੈ ਜਾਂ ਜਿਸ ਘਰ ਨਵਾਂ ਵਿਆਹ ਹੋਇਆ ਹੁੰਦਾ ਹੈ, ਉਥੇ ਲੋਹੜੀ ਦੀ ਰੌਣਕ ਦੇਖਿਆਂ ਹੀ ਬਣਦੀ ਹੈ। ਬੱਚਿਆਂ ਦੀਆਂ ਟੋਲੀਆਂ ਲੋਹੜੀ ਦੇ ਗੀਤ ਗਾਉਂਦੀਆਂ। ਨਵੇਂ ਆਏ ਬਾਲ ਅਤੇ ਉਸ ਦੇ ਮਾਪਿਆਂ ਲਈ ਦੁਆਵਾਂ ਮੰਗਦੀਆਂ ਹਨ। ਘਰ ਵਾਲੇ ਉਨ੍ਹਾਂ ਨੂੰ ਖੁਸ਼ੀ ਨਾਲ ਗੁੜ, ਦਾਣੇ, ਮੂੰਗਫਲੀ ਆਦਿ ਵੰਡਦੇ ਹਨ।
ਜੇ ਘਰ ਵਾਲੇ ਲੋਹੜੀ ਪਾਉਣ ਵਿਚ ਦੇਰੀ ਕਰ ਦਿੰਦੇ ਤਾਂ ਲੜਕੀਆਂ ਗਾਉਣ ਲਗਦੀਆਂ,
ਸਾਡੇ ਪੈਰਾਂ ਹੇਠ ਸਿਲਾਈਆਂ
ਅਸੀਂ ਕਿਹੜੇ ਵੇਲੇ ਦੀ ਆਈਆਂ।
ਕੋਠੀ ਹੇਠ ਚਾਕੂ
ਗੁੜ ਦੇਵੇ ਮੂੰਡੇ ਦਾ ਬਾਪੂ।
ਕੋਠੀ ਉਤੇ ਕਾਂ
ਗੁੜ ਦੇਵੇ ਮੁੰਡੇ ਦੀ ਮਾਂ।
ਇਸ ਤਰ੍ਹਾਂ ਲੋਹੜੀ ਮੰਗਣ ਵਾਲੇ ਬੱਚੇ ਮੁੰਡੇ ਵਾਲੇ ਘਰਾਂ ਵਿਚ ਜਾਂਦੇ ਅਤੇ ਲੋਹੜੀ ਮੰਗਦੇ।
ਫਿਰ ਵਾਰੀ ਆਉਂਦੀ ਹੈ ਧੂਣੀ ਦੀ। ਸਾਰੇ ਰਿਸ਼ਤੇਦਾਰ ਅਤੇ ਸਾਕ ਸਬੰਧੀ ਧੂਣੀ ਦੁਆਲੇ ਇਕੱਤਰ ਹੋ ਕੇ ਖੁਸ਼ੀ ਦੇ ਮਾਹੌਲ ਨੂੰ ਤਿਲ ਅਤੇ ਚੌਲਾਂ ਨਾਲ ਗਰਮਾ ਦਿੰਦੇ। ਸੱਸ-ਨਣਾਨ ਅਤੇ ਦਰਾਣੀਆਂ-ਜਠਾਣੀਆਂ ਇਕੱਠੀਆਂ ਹੋ ਕੇ ਗਿੱਧੇ ਦਾ ਪਿੜ ਵੀ ਧੂਣੀ ਲਾਗੇ ਹੀ ਬੰਨ੍ਹ ਲੈਂਦੀਆਂ ਨੇ।
ਵਿਆਹੀਆਂ ਲੜਕੀਆਂ ਨੂੰ ਪੇਕਿਆਂ ਵਲੋਂ ਲੋਹੜੀ ਦਾ ਤਿਉਹਾਰ ਦਿੱਤਾ ਜਾਂਦਾ ਹੈ, ਭਾਵ ਇਸ ਮਹੀਨੇ ਪੇਕਿਆਂ ਵਲੋਂ ਪਿੰਨੀਆਂ, ਮਠਿਆਈਆਂ ਅਤੇ ਹੋਰ ਲੀੜਾ-ਲੱਤਾ ਦਿੱਤਾ ਜਾਂਦਾ ਹੈ। ਇਸ ਮਹੀਨੇ ਭੈਣਾਂ ਨੂੰ ਵੀਰਾਂ ਤੇ ਭਰਜਾਈਆਂ ਦੀ ਉਡੀਕ ਰਹਿੰਦੀ ਹੈ ਕਿ ਉਹਦੇ ਲਈ ਉਹ ਲੋਹੜੀ ਤਿਉਹਾਰ ਲੈ ਕੇ ਆਉਣਗੇ। ਜਦ ਭੈਣ ਘਰ ਭਾਈ ਪੁੱਜਦਾ ਹੈ ਤਾਂ ਉਹ ਅਜਿਹਾ ਗੀਤ ਗਾਉਂਦੀ ਹੈ। ਪਹਿਲਾਂ ਪਹਿਲ ਲੋਹੜੀ ਮੰਗਣਾ ਲੋਹੜੀ ਵਾਲੇ ਦਿਨ ਤੋਂ ਅੱਠ ਦਸ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸੀ। ਸਮੇਂ ਦੀ ਤੋਰ ਨਾਲ ਸਾਰੇ ਰੀਤੀ ਰਿਵਾਜ਼ ਬਦਲ ਰਹੇ ਹਨ। ਲੋਹੜੀ ਦਾ ਮੌਜੂਦਾ ਰੂਪ ਵੀ ਕੁਝ ਅਜਿਹਾ ਹੀ ਬਣ ਗਿਆ ਹੈ।
ਦਿਖਾਵੇ ਦੇ ਇਸ ਦੌਰ ਵਿਚ ਲੋਹੜੀ ਵੀ ਦਿਖਾਏ ਦਾ ਤਿਉਹਾਰ ਬਣ ਕੇ ਰਹਿ ਗਿਆ ਹੈ। ਜਿਨ੍ਹਾਂ ਅਮੀਰ ਘਰਾਂ ਵਿਚ ਪੁੱਤ ਜੰਮੇ ਹੁੰਦੇ ਨੇ, ਉਹ ਲੱਖਾਂ ਰੁਪਏ ਲਾਈਟਾਂ, ਡੀæਜੇæ ਅਤੇ ਦਿਖਾਵੇ ਦੇ ਹੋਰ ਬਾਨਣੂ ਬੰਨ੍ਹਣ ਉਤੇ ਲਾ ਦਿੰਦੇ ਹਨ। ਕਈ ਵਾਰ ਤਾਂ ਸ਼ਰਾਬ ਦਾ ਅਜਿਹਾ ਦੌਰ ਚੱਲਦਾ ਹੈ ਕਿ ਮਾਰ ਕੁਟਾਈ ਅਤੇ ਗੋਲੀਆਂ ਚੱਲਣ ਤਕ ਦੀ ਨੌਬਤ ਆ ਜਾਂਦੀ ਹੈ।
ਬਦਲੇ ਜ਼ਮਾਨੇ ਦਾ ਇਕ ਹੋਰ ਖੁਸ਼ਨੁਮਾ ਪਹਿਲੂ ਵੀ ਉਭਰ ਕੇ ਸਾਹਮਣੇ ਆਇਆ ਹੈ; ਉਹ ਹੈ ਲੜਕੀਆਂ ਦੀ ਲੋਹੜੀ ਵੰਡਣ ਦਾ ਰਿਵਾਜ਼। ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਦੇ ਉਦਮ ਨਾਲ ਲੋਕਾਂ ਨੂੰ ਜਾਗ੍ਰਿਤ ਕੀਤਾ ਗਿਆ ਕਿ ਮੁੰਡੇ-ਕੁੜੀ ਵਿਚ ਕੋਈ ਅੰਤਰ ਨਹੀਂ। ਇਸ ਲਈ ਅਗਾਂਹ ਵਧੂ ਸੋਚ ਦੇ ਮਾਲਕ ਲੜਕੀਆਂ ਦੀ ਲੋਹੜੀ ਵੀ ਮੁੰਡਿਆ ਵਾਂਗ ਪਾ ਰਹੇ ਹਨ। ਸਮਾਜ ਵਿਚ ਆਈ ਇਸ ਚਾਨਣ ਦੀ ਲੋਅ ਵਿਚ ਹਰ ਭਾਰਤ ਵਾਸੀ ਨੂੰ ਨਹਾਉਣ ਚਾਹੀਦਾ ਹੈ।