ਪੰਜਾਬ ਟਾਈਮਜ਼ ਦੀ ਪੁਲਾਂਘ

ਇਸ ਅੰਕ ਨਾਲ ‘ਪੰਜਾਬ ਟਾਈਮਜ਼’ ਨੇ ਆਪਣੀ ਹੋਂਦ ਦਾ ਡੇਢ ਦਹਾਕਾ ਮੁਕੰਮਲ ਕਰ ਲਿਆ ਹੈ। ਡੇਢ ਦਹਾਕੇ ਦੇ ਇਸ ਸਫਰ ਉਤੇ ਪੰਛੀ ਝਾਤੀ ਮਾਰਦਿਆਂ ਤਸੱਲੀ ਦਾ ਅਹਿਸਾਸ ਤਾਂ ਹੁੰਦਾ ਹੀ ਹੈ, ਨਾਲ ਹੀ ਇਸ ਸਮੇਂ ਦੌਰਾਨ ਜ਼ਿੰਮੇਵਾਰੀ ਵਾਲਾ ਜਿਹੜਾ ਅਹਿਸਾਸ ਪਿਆਰੇ ਪਾਠਕਾਂ ਨੇ ਸਫਰ ਦੇ ਹਰ ਮੋੜ ‘ਤੇ ਕਰਵਾਇਆ ਹੈ, ਉਸ ਦਾ ਦੇਣਾ ਸ਼ਾਇਦ ਕਦੀ ਦਿੱਤਾ ਨਹੀਂ ਜਾ ਸਕਦਾ।

ਅਸਲ ਵਿਚ ਇਹ ਪਾਠਕਾਂ ਦੇ ਭਰਪੂਰ ਹੁੰਗਾਰੇ ਅਤੇ ਸੱਜਣਾਂ-ਮਿੱਤਰਾਂ ਦੀ ਹੱਲਾਸ਼ੇਰੀ ਦਾ ਹੀ ਨਤੀਜਾ ਹੈ ਕਿ ‘ਪੰਜਾਬ ਟਾਈਮਜ਼’ ਇੰਨਾ ਲੰਮਾ ਪਂੈਡਾ ਮਾਰ ਸਕਿਆ ਹੈ। ਸ਼ਬਦਾਂ ਰਾਹੀਂ ਸੁਨੇਹਾ ਆਮ ਕਰ ਕੇ ਜਿੰਨਾ ਸੌਖਾ ਤੇ ਸੁਖਾਲਾ ਲੱਗਦਾ ਹੈ, ਇਹ ਕਾਰਜ ਉਨਾ ਹੀ ਔਖਾ ਅਤੇ ਮੁਸ਼ਕਿਲਾਂ ਭਰਿਆ ਹੈ। ਮੁੱਢ ਤੋਂ ਹੀ ਪੱਤਰਕਾਰੀ ਦਾ ਰਿਸ਼ਤਾ-ਨਾਤਾ ਮਿਸ਼ਨ ਨਾਲ ਰਿਹਾ ਹੈ। ਮਿਸ਼ਨ ਦੀ ਇਸ ਲੜੀ ਦਾ ਇਕ ਸਿਰਾ ਸਹਿਜ-ਸੁਭਾਅ ਹੀ ਅਮਰੀਕਾ ਦੀ ਧਰਤੀ ਉਤੇ ਆਏ ਉਨ੍ਹਾਂ ਪੰਜਾਬੀ ਜਿਊੜਿਆਂ ਨਾਲ ਜਾ ਜੁੜਦਾ ਹੈ ਜਿਨ੍ਹਾਂ ਨੇ ਮੁਢਲੇ ਸਾਲਾਂ ਦੌਰਾਨ ਅੰਤਾਂ ਦੀਆਂ ਦੁਸ਼ਵਾਰੀਆਂ ਤੇ ਮੁਸੀਬਤਾਂ ਝੱਲੀਆਂ; ਪਰ ਉਨ੍ਹਾਂ ਦੇ ਹਠ ਨੂੰ ਸਲਾਮ ਕਰਨਾ ਬਣਦਾ ਹੈ ਜਿਨ੍ਹਾਂ ਨੇ ਇਨ੍ਹਾਂ ਔਕੜਾਂ ਨਾਲ ਜੂਝਦਿਆਂ ਆਪਣੇ ਵਤਨ ਨੂੰ ਪਈਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਬਾਰੇ ਸੋਚਿਆ। ਇਹ ਉਸ ਸਮੇਂ ਦੀਆਂ ਗੱਲਾਂ ਹਨ ਜਦੋਂ ਲੋਕ ਆਪਣੀ ਆਰਥਿਕ ਹਾਲਤ ਨੂੰ ਪੈਰਾਂ ਸਿਰ ਕਰਨ ਲਈ ਪਰਦੇਸੀ ਹੋ ਰਹੇ ਸਨ ਅਤੇ ਆਪਣਾ ਘਰ-ਬਾਰ ਜੀਆ-ਜੰਤ ਛਡ ਕੇ ਇਕ ਤਰ੍ਹਾਂ ਨਾਲ ਸਵੈ-ਜਲਾਵਤਨ ਹੋ ਰਹੇ ਸਨ। ਇਹ ਜਿਊੜੇ ਅੱਜ ਗਦਰੀਆਂ ਵਜੋਂ ਸੰਸਾਰ ਦੇ ਇਤਿਹਾਸ ਦਾ ਸੁਨਿਹਰੀ ਪੰਨਾ ਬਣੇ ਹੋਏ ਹਨ। ਇਨ੍ਹਾਂ ਜਿਊੜਿਆਂ ਦੇ ਦੁੱਖ-ਤਕਲੀਫ ਜਾਣ ਕੇ ਆਪਣੀਆਂ ਔਕੜਾਂ ਅਤੇ ਤਕਲੀਫਾਂ ਬਹੁਤ ਛੋਟੀਆਂ ਲੱਗਣ ਲਗਦੀਆਂ ਹਨ। ਇਸ ਤੋਂ ਵੀ ਵੱਡੀ ਗੱਲ ਅਤੇ ਮੱਲ ਇਹ ਹੈ ਕਿ ਇਨ੍ਹਾਂ ਗਦਰੀਆਂ ਨੇ ਜਿਸ ਢੰਗ ਨਾਲ ਪੱਤਰਕਾਰੀ ਦੇ ਮਿਸ਼ਨ ਨਾਲ, ਆਪਣੇ ਮਿਸ਼ਨ ਨੂੰ ਦੂਣ-ਸਵਾਇਆ ਕਰਨ ਲਈ ਵਾਹ ਲਾਈ, ਉਸ ਬਾਰੇ ਤਾਂ ਜਿੰਨੀ ਵੀ ਚਰਚਾ ਕੀਤੀ ਜਾਵੇ, ਥੋੜ੍ਹੀ ਹੈ। ਪੱਤਰਕਾਰੀ ਨੂੰ ਪੁੰਨ ਨਾਲ ਇਸ ਕਦਰ ਸ਼ਾਇਦ ਉਦੋਂ ਤੱਕ ਕਿਸੇ ਨੇ ਨਾ ਜੋੜਿਆ ਹੋਵੇ। ਇਹ ‘ਗਦਰ’ ਦੇ ਵਰਕਿਆਂ ਉਤੇ ਦਿੱਤੇ ਸੁਨੇਹੇ ਹੀ ਸਨ, ਜੋ ਸੁੱਤੇ ਪਏ ਜ਼ਿਹਨਾਂ ਨੂੰ ਝੰਜੋੜਨ ਦਾ ਮਾਦਾ ਰੱਖਦੇ ਸਨ। ਗਦਰੀਆਂ ਦਾ ਇਹੀ ਉਹ ਤਹੱਈਆ ਸਾਨੂੰ ਇਸ ਬਿਖੜੇ ਰਾਹ ਉਤੇ ਤੁਰਨ ਦੀ ਤਾਕਤ ਦਿੰਦਾ ਰਿਹਾ ਹੈ।
ਪਰਦੇਸਾਂ ਵਿਚ ਪੱਤਰਕਾਰੀ ਦਾ ਆਪਣਾ ਮੁਕਾਮ ਹੈ; ਪੰਜਾਬੀ ਪੱਤਰਕਾਰੀ ਦਾ ਤਾਂ ਕਈ ਪੱਖਾਂ ਤੋਂ ਸਗੋਂ ਆਪਣਾ, ਵੱਖਰਾ ਅਤੇ ਨਿਵੇਕਲਾ ਮੁਕਾਮ ਹੈ। ਇਸ ਮੁਕਾਮ ਦਾ ਸਿੱਧਾ ਸਬੰਧ ਪੰਜਾਬੀ ਭਾਈਚਾਰੇ ਨਾਲ ਹੈ। ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਪੰਜਾਬੀ ਅਖਬਾਰ ਨਿਕਲੇ ਹਨ, ਇਹ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਪੱਤਰਕਾਰੀ ਦੇ ਇਸ ਮਿਸ਼ਨ ਨਾਲ ਮਾਅਰਕਾ ਅਤੇ ਪੇਸ਼ੇ ਦੀ ਥਾਂ ਪੈਸਾ ਜੁੜਨ ਨਾਲ ਇਸ ਦੇ ਸਰੋਕਾਰਾਂ ਉਤੇ ਵੱਡਾ ਅਸਰ ਵੀ ਪਿਆ ਹੈ। ਉਂਜ ਇਹ ਕੋਈ ਇੰਨੀ ਅਲੋਕਾਰੀ ਗੱਲ ਵੀ ਨਹੀਂ ਹੈ। ਇਸ ਦੇ ਨਾਲ ਹੀ ਤਸੱਲੀ ਵਾਲੀ ਗੱਲ ਇਹ ਵੀ ਹੈ ਕਿ ਅੱਜ ਦਾ ਚੇਤੰਨ ਪਾਠਕ ਇਨ੍ਹਾਂ ਤੱਥਾਂ ਤੋਂ ਭਲੀ-ਭਾਂਤ ਵਾਕਿਫ ਹੈ ਅਤੇ ਸਦਾ ਹੀ ਇਸੇ ਹਿਸਾਬ ਨਾਲ ਹੁੰਗਾਰਾ ਭਰਦਾ ਰਿਹਾ ਹੈ। ਇਹ ਤੱਥ ਜੱਗ-ਜ਼ਾਹਿਰ ਹੈ ਕਿ ਮਿਸ਼ਨ ਨਾਲ ਇਕ ਮੋੜ ਉਤੇ ਜਦੋਂ ਕਾਰੋਬਾਰ ਜਾਂ ਨਿੱਜੀ ਹਿਤ ਜੁੜਦੇ ਹਨ ਤਾਂ ਲੱਖ ਲੁਕੋਅ ਰੱਖਣ ਦੇ ਬਾਵਜੂਦ ਇਹ ਉਜਾਗਰ ਹੋ ਹੀ ਜਾਂਦੇ ਹਨ। ਖੁਸ਼ੀ ਦੀ ਗੱਲ ਇਹ ਵੀ ਹੈ ਕਿ ਇਸ ਸੁੱਚੇ ਕਾਰਜ ਬਾਰੇ ਦੋ ਟੁੱਕ ਫੈਸਲਾ ਵੀ ਖੁਦ ਪਾਠਕ ਹੀ ਕਰਦੇ ਹਨ। ‘ਪੰਜਾਬ ਟਾਈਮਜ਼’ ਨੂੰ ਮਾਣ ਹੈ ਕਿ ਇਸ ਨੇ ਪੈਸੇ ਦੀ ਖਾਤਰ ਆਪਣੇ ਅਸੂਲਾਂ ਨੂੰ ਨਹੀਂ ਤਿਆਗਿਆ। ਪਾਠਕਾਂ ਨਾਲ ਇਸ ਦਾ ਰਿਸ਼ਤਾ ‘ਇਕ ਤਰਫਾ’ ਨਹੀਂ ਸਗੋਂ ‘ਦੋ ਤਰਫਾ’ ਰਿਹਾ ਹੈ। ਇਹ ਖੁਦ ਪਾਠਕਾਂ ਦੀ ਉਂਗਲ ਫੜ ਕੇ ਆਪਣੇ ਸਫਰ ਉਤੇ ਅੱਗੇ ਵਧਿਆ ਹੈ ਅਤੇ ਪਾਠਕਾਂ ਨੂੰ ਉਂਗਲ ਫੜਾ ਸਕਣ ਦੇ ਯੋਗ ਹੋ ਸਕਿਆ ਹੈ। ਡੇਢ ਦਹਾਕੇ ਦੌਰਾਨ ਇਸ ਰਿਸ਼ਤੇ ਵਿਚ ਆਏ ਦਿਨ ਮਜ਼ਬੂਤੀ ਹੀ ਆਈ ਹੈ। ਸਾਡੇ ਲਈ ਇਹ ਤਸੱਲੀ ਵਾਲੀ ਗੱਲ ਹੈ ਕਿ ਪਾਠਕਾਂ ਅਤੇ ਖਾਸ ਕਰ ਸੁਜੱਗ ਪਾਠਕਾਂ ਨੇ ਹਮੇਸ਼ਾਂ ਪੰਜਾਬ ਟਾਈਮਜ਼ ਵਲੋਂ ਅਪਨਾਏ ਮਿਆਰਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਪਾਠਕਾਂ ਦੀ ਇਹ ਸ਼ਿੱਦਤ ਹੀ ਅਸਲ ਵਿਚ ਅਗਾਂਹ ਪੈਂਡਾ ਮਾਰਨ ਵਿਚ ਸਹਾਈ ਹੁੰਦੀ ਹੈ।
ਦਰਅਸਲ ਇਹ ਪਾਠਕਾਂ ਦਾ ਭਰਪੂਰ ਹੁੰਗਾਰਾ ਹੀ ਹੈ ਕਿ ‘ਪੰਜਾਬ ਟਾਈਮਜ਼’ ਇਸ ਮੁਕਾਮ ਤੱਕ ਅੱਪੜ ਸਕਿਆ ਹੈ। ਸਫਰ ਸ਼ੁਰੂ ਕਰਨ ਵੇਲੇ ਕਾਫਲੇ ਵਿਚ ਚੰਦ ਮਿੱਤਰ-ਪਿਆਰੇ ਹੀ ਸਨ, ਪਰ ਹੁਣ ਮਿੱਤਰ-ਪਿਆਰਿਆਂ ਦਾ ਵੱਡਾ ਕਾਫਲਾ ਇਸ ਸਫਰ ਦਾ ਸਾਥੀ ਬਣ ਗਿਆ ਹੈ। ‘ਪੰਜਾਬ ਟਾਈਮਜ਼’ ਦੀ ਸਮੁੱਚੀ ਟੀਮ ਦੀ ਕੋਸ਼ਿਸ਼ ਸਦਾ ਇਹੀ ਰਹੀ ਹੈ ਕਿ ਪਾਠਕਾਂ ਵਲੋਂ ਜਿਸ ਜ਼ਿੰਮੇਵਾਰੀ ਦੀ ਤਵੱਕੋ ਕੀਤੀ ਜਾ ਰਹੀ ਹੈ, ਉਸ ਉਤੇ ਪੂਰਾ ਉਤਰਿਆ ਜਾਵੇ। ਇਸੇ ਅਹਿਸਾਸ ਵਿਚੋਂ ਹੀ ਸ਼ਾਇਦ ਪਰਚੇ ਦੇ ਪੰਨਿਆਂ ਉਤੇ ਗੰਭੀਰ ਮਸਲਿਆਂ ਉਤੇ ਬਹਿਸਾਂ ਦਾ ਸਿਲਸਿਲਾ ਚੱਲ ਸਕਿਆ ਹੈ। ਜਦੋਂ ਵੀ ਕੋਈ ਪਾਠਕ ਅਜਿਹੀਆਂ ਬਹਿਸਾਂ ਬਾਰੇ ਗੱਲਾਂ ਛੇੜਦਾ ਹੈ ਤਾਂ ਅਹਿਸਾਸ ਜਾਗਦਾ ਹੈ ਕਿ ਪਾਠਕਾਂ ਦਾ ਕੁਝ-ਕੁਝ ਰਿਣ ਤਾਂ ਚੁਕਾਇਆ ਹੀ ਜਾ ਸਕਿਆ ਹੈ। ਅੱਜ ‘ਪੰਜਾਬ ਟਾਈਮਜ਼’ ਦੇ ਮਾਣਮੱਤੇ 16ਵੇਂ ਵਰ੍ਹੇ ਵਿਚ ਪੈਰ ਧਰਦਿਆਂ ਆਪਣੇ ਪਾਠਕਾਂ ਨਾਲ ਇਕ ਵਾਰ ਫਿਰ ਵਾਅਦਾ ਕਰ ਰਹੇ ਹਾਂ ਕਿ ਜਿਨ੍ਹਾਂ ਮਿਆਰਾਂ ਦੀ ਪਾਠਕਾਂ ਵਲੋਂ ਇਸ ਪਰਚੇ ਤੋਂ ਤਵੱਕੋ ਕੀਤੀ ਜਾਂਦੀ ਹੈ, ਉਨ੍ਹਾਂ ਮਿਆਰਾਂ ‘ਤੇ ਪੂਰਾ ਉਤਾਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਪਰਚੇ ਦਾ ਮੂਲ ਮਕਸਦ ਆਪਣੇ ਪਾਠਕਾਂ ਦੇ ਦਿਲਾਂ ਅੰਦਰ ਨਰੋਈ ਅਤੇ ਨਵੀਂ ਸੋਚ ਦੀ ਚਿਣਗ ਬਾਲੀ ਰੱਖਣਾ ਹੈ। ਇਹ ਚਿਣਗ ਹੀ ਪਰਚੇ ਦੀ ਬੇਲਾਗ, ਬੇਬਾਕ ਅਤੇ ਜ਼ਿੰਮੇਵਾਰੀ ਵਾਲੀ ਪੱਤਰਕਾਰੀ ਦਾ ਆਧਾਰ ਹੈ। ਚਾਹਨਾ ਇਹੀ ਹੈ ਕਿ ਇਹ ਆਧਾਰ ਹੋਰ ਚੌੜੇਰਾ ਹੋਵੇ। ‘ਪੰਜਾਬ ਟਾਈਮਜ਼’ ਦੀ ਇਸ ਵਰ੍ਹੇਗੰਢ ਮੌਕੇ ਅਸੀਂ ਆਪਣੇ ਪਾਠਕਾਂ, ਸਨੇਹੀਆਂ, ਪ੍ਰੇਮੀਆਂ ਪਿਆਰਿਆਂ ਨੂੰ ਨਵਾਂ ਵਰ੍ਹਾ ਮੁਬਾਰਕ ਆਖਦੇ ਹਾਂ ਅਤੇ ਨਾਲ ਹੀ ਸਾਬਤ ਕਦਮੀਂ ਤੁਰਦੇ ਰਹਿਣ ਦਾ ਤਹੱਈਆ ਕਰਦੇ ਹਾਂ।