ਮਨਪ੍ਰੀਤ ਬਾਦਲ ਦੇ ਜਰਨੈਲਾਂ ਵੱਲੋਂ ਅੰਨਾ ਹਜ਼ਾਰੇ ਨਾਲ ਗੰਢਤੁਪ

ਚੰਡੀਗੜ੍ਹ: ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂਆਂ ਨੇ ਲੰਘੇ ਦਿਨੀਂ ਸਮਾਜ ਸੇਵੀ ਅੰਨਾ ਹਜ਼ਾਰੇ ਨਾਲ ਮੁਲਾਕਾਤ ਕੀਤੀ। ਮਨਪ੍ਰੀਤ ਦੇ ਇਨ੍ਹਾਂ ਜਰਨੈਲਾਂ ਨੇ ਆਪਣੇ ਪ੍ਰਧਾਨ ਖ਼ਿਲਾਫ਼ ਭੜਾਸ ਕੱਢਦਿਆਂ ਅੰਨਾ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ। ਇਸ ਬਾਰੇ ਪੀਪੀਪੀ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾ ਕੇ ਆਏ ਹਨ ਕਿ ਪੰਜਾਬ ਦੇ ਲੱਖਾਂ ਲੋਕ ਸੂਬੇ ਨੂੰ ਬਚਾਉਣ ਲਈ ਪੀਪੀਪੀ ਨਾਲ ਜੁੜੇ ਸਨ ਪਰ ਜਦੋਂ ਤੋਂ ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਆਪਣੇ ਅਸੂਲਾਂ ਤੋਂ ਭਟਕੇ ਹਨ, ਉਦੋਂ ਤੋਂ ਪਾਰਟੀ ਗਿਰਾਵਟ ਵਲ ਜਾ ਰਹੀ ਹੈ ਤੇ ਲੋਕ ਵੀ ਦਿਸ਼ਾਹੀਣ ਹੋ ਰਹੇ ਹਨ ਜਿਨ੍ਹਾਂ ਨੂੰ ਸੰਭਾਲਣ ਲਈ ਉਨ੍ਹਾਂ ਵਰਗੇ ਦੇਸ਼ ਭਗਤ ਦੀ ਲੋੜ ਹੈ।
ਪੀਪਲਜ਼ ਪਾਰਟੀ ਆਫ ਪੰਜਾਬ ਦੇ ਜਨਰਲ ਸਕੱਤਰ ਤੇ ਸ਼ਹੀਦ ਸੁਖਦੇਵ ਦੇ ਭਤੀਜੇ ਭਾਰਤ ਭੂਸ਼ਨ ਥਾਪਰ ਤੇ ਪੀਪੀਪੀ ਦੇ ਬੁਲਾਰੇ ਅਰੁਨਜੋਤ ਸਿੰਘ ਸੋਢੀ ਨੇ ਅੰਨਾ ਹਜ਼ਾਰੇ ਨਾਲ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਪੰਜਾਬ ਦੇ ਲੋਕ ਸ਼ਹੀਦਾਂ ਦੇ ਸੁਪਨਿਆਂ ਵਾਲਾ ਪੰਜਾਬ ਬਣਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਸਹੀ ਦਿਸ਼ਾ ਹੀ ਨਹੀਂ ਮਿਲੀ। ਸ੍ਰੀ ਥਾਪਰ ਨੇ ਦੱਸਿਆ ਕਿ ਅੰਨਾ ਹਜ਼ਾਰੇ ਨੇ ਉਨ੍ਹਾਂ ਨੁੰ 23 ਮਾਰਚ ਵਾਲੇ ਦਿਨ ਪੰਜਾਬ ਆਉਣ ਲਈ ਕਿਹਾ ਹੈ ਕਿਉਂਕਿ ਉਹ ਇਤਿਹਾਸਕ ਦਿਨ ਹੈ ਜਿਸ ਦਿਨ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਹੋਈ ਸੀ।
ਉਸ ਦਿਨ ਅੰਨਾ ਹਜ਼ਾਰੇ ਲੁਧਿਆਣਾ ਤੋਂ ਸ਼ਹੀਦ ਸੁਖਦੇਵ ਸਿੰਘ ਦੇ ਜੱਦੀ ਘਰ ਤੋਂ ਯਾਤਰਾ ਸ਼ੁਰੂ ਕਰਨਗੇ ਤੇ ਫਿਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ ਤੋਂ ਹੁੰਦੇ ਹੋਏ ਢੁੰਡੀਕੇ ਤੇ ਹੁਸੈਨੀਵਾਲਾ ਵਿੱਚ ਸਮਾਪਤ ਕਰਨਗੇ। ਪੀਪੀਪੀ ਬੁਲਾਰੇ ਸੋਢੀ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਯਾਤਰਾ ਦਾ ਪ੍ਰਬੰਧ ਪੰਜਾਬ ਦੇ ਨੌਜਵਾਨ ਬੜੇ ਉਤਸਾਹ ਨਾਲ ਕਰਨਗੇ ਤੇ ਅੰਨਾ ਹਜ਼ਾਰੇ ਜੋ ਦੇਸ਼ ਦੀ ਆਜ਼ਾਦੀ ਦੀ ਲੜਾਈ 30 ਜਨਵਰੀ ਤੋਂ ਪਟਨਾ ਤੋਂ ਸ਼ੁਰੂ ਕਰ ਰਹੇ ਹਨ ਉਸ ਵਿਚ ਵੀ ਪੀਪੀਪੀ ਦੇ ਸੈਂਕੜੇ ਨੌਜਵਾਨ ਬੰਸਤੀ ਪੱਗਾਂ ਬੰਨ੍ਹ ਕੇ ਅੰਨਾ ਹਜ਼ਾਰੇ ਦੇ ਨਾਲ ਪਟਨਾ ਜਾਣਗੇ।

Be the first to comment

Leave a Reply

Your email address will not be published.