ਆਰæਐਸ਼ਐਸ਼ ਦੀ ਧਰਮ ਬਦਲੀ ਮੁਹਿੰਮ ਗੁਰੂ ਕੀ ਵਡਾਲੀ ਪੁੱਜੀ

ਅੰਮ੍ਰਿਤਸਰ: ਰਾਸ਼ਟਰੀ ਸਵੈਮ-ਸੇਵਕ ਸੰਘ (ਆਰæਐਸ਼ਐਸ਼) ਦੀ ਵਿਵਾਦਾਂ ਵਿਚ ਘਿਰੀ ਧਰਮ ਬਦਲੀ ਮੁਹਿੰਮ ਪੰਜਾਬ ਪੁੱਜ ਗਈ ਹੈ। ਇਸ ਕੱਟੜ ਹਿੰਦੂ ਜਥੇਬੰਦੀ ਵਲੋਂ ਭਾਰਤ ਭਰ ਵਿਚ ਇਹ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਨੂੰ ਘੱਟ-ਗਿਣਤੀਆਂ ਖਿਲਾਫ ਵੱਡਾ ਹਥਿਆਰ ਸਮਝਿਆ ਜਾ ਰਿਹਾ ਹੈ।

ਉਧਰ, ਆਰæਐਸ਼ਐਸ਼ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਟਕਰਾਅ ਵਾਲੇ ਸਬੰਧਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਹੁਣ ਜਦੋਂ ਕਸੂਤੀ ਸਥਿਤੀ ਵਿਚ ਫਸਿਆ ਹੋਇਆ ਹੈ ਤਾਂ ਆਰæਐਸ਼ਐਸ਼ ਇਸ ਟਕਰਾਅ ਦਾ ਪੂਰਾ ਫਾਇਦਾ ਉਠਾ ਰਹੀ ਹੈ। ਉਂਜ ਵੀ ਇਸ ਜਥੇਬੰਦੀ ਨੇ ਪੰਜਾਬ, ਖਾਸ ਕਰ ਕੇ ਦਿਹਾਤੀ ਖੇਤਰ ਵਿਚ ਆਪਣਾ ਅਤੇ ਭਾਜਪਾ ਦਾ ਆਧਾਰ ਮਜ਼ਬੂਤ ਕਰਨ ਲਈ ਪੂਰਾ ਟਿੱਲ ਲਾਇਆ ਹੋਇਆ ਹੈ।
ਇਸੇ ਸਰਗਰਮੀ ਤਹਿਤ ਪੰਜਾਬ ਵਿਚ ਹੁਣ ਘਰ ਵਾਪਸੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਹਿਤ ਈਸਾਈ ਬਣ ਚੁੱਕੇ 23 ਪਰਿਵਾਰਾਂ ਦੇ 128 ਮੈਂਬਰਾਂ ਨੂੰ ਮੁੜ ਸਿੱਖੀ ਵਿਚ ਸ਼ਾਮਲ ਕੀਤਾ ਗਿਆ। ਆਰæਐਸ਼ਐਸ਼ ਦੀ ਇਸ ਕਾਰਵਾਈ ਦਾ ਈਸਾਈ ਜਥੇਬੰਦੀ ‘ਡਾਇਸਿਸ ਆਫ ਅੰਮ੍ਰਿਤਸਰ’ ਨੇ ਵਿਰੋਧ ਕੀਤਾ ਹੈ ਅਤੇ ਇਸ ਨੂੰ ਜਬਰੀ ਧਰਮ ਪਰਿਵਰਤਨ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕਾਰਵਾਈ ਤੋਂ ਪੱਲਾ ਝਾੜਦਿਆਂ ਇਸ ਮਾਮਲੇ ਨਾਲ ਕਿਸੇ ਵੀ ਪ੍ਰਕਾਰ ਦੇ ਸਬੰਧ ਤੋਂ ਇਨਕਾਰ ਕੀਤਾ ਹੈ, ਪਰ ਸਾਬਕਾ ਜਥੇਦਾਰਾਂ ਨੇ ਇਸ ਧਰਮ ਬਦਲੀ ਨੂੰ ਸਿੱਖ ਸਿਧਾਂਤਾਂ ਦੇ ਖਿਲਾਫ ਆਖਿਆ ਹੈ।
ਛੇਹਰਟਾ ਨੇੜੇ ਗੁਰੂ ਕੀ ਵਡਾਲੀ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਚ ਘਰ ਵਾਪਸੀ ਮੁਹਿੰਮ ਤਹਿਤ ਆਰæਐਸ਼ਐਸ਼ ਦੀ ਜਥੇਬੰਦੀ ਧਰਮ ਜਾਗਰਨ ਮੰਚ ਵਲੋਂ ਕੀਤੇ ਸਮਾਗਮ ਵਿਚ 128 ਜਣਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਮੂਲ, ਸਿੱਖ ਧਰਮ ਵਿਚ ਸ਼ਾਮਲ ਕੀਤਾ ਗਿਆ। ਇਨ੍ਹਾਂ ਲੋਕਾਂ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਹ ਕੁਝ ਦਹਾਕੇ ਪਹਿਲਾਂ ਈਸਾਈ ਬਣ ਗਏ ਸਨ। ਇਨ੍ਹਾਂ ਪਰਿਵਾਰਾਂ ਨੇ ਹੁਣ ਮੂਲ ਧਰਮ ਵਿਚ ਵਾਪਸੀ ਕਰਦਿਆਂ ਕਿਹਾ ਹੈ ਕਿ ਪਹਿਲਾਂ ਉਨ੍ਹਾਂ ਕੋਲੋਂ ਗਲਤੀ ਹੋ ਗਈ ਸੀ ਅਤੇ ਉਹ ਆਪਣੀ ਇੱਛਾ ਨਾਲ ਘਰ ਵਾਪਸੀ ਕਰ ਰਹੇ ਹਨ। ਸਿੱਖ ਧਰਮ ਵਿਚ ਵਾਪਸੀ ਲਈ ਗੁਰਦੁਆਰੇ ਵਿਚ ਹਾਜ਼ਰ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਮਲਕੀਤ ਸਿੰਘ, ਭਾਈ ਦਵਿੰਦਰ ਸਿੰਘ, ਗ੍ਰੰਥੀ ਰਣਜੀਤ ਸਿੰਘ ਤੇ ਪਰਮਜੀਤ ਸਿੰਘ ਨੇ ਇਨ੍ਹਾਂ ਨੂੰ ਮੂਲ ਮੰਤਰ ਅਤੇ ਜਪੁਜੀ ਸਾਹਿਬ ਦਾ ਪਾਠ ਕਰਾਇਆ। ਮਗਰੋਂ ਇਨ੍ਹਾਂ ਨੂੰ ਸਿਰੋਪਾਓ ਭੇਟ ਕੀਤੇ ਗਏ ਅਤੇ ਗੁਰੂ ਗੋਬਿੰਦ ਸਿੰਘ ਤੇ ਬਾਬਾ ਜੀਵਨ ਸਿੰਘ ਦੀ ਤਸਵੀਰ ਵਾਲੇ ਲਾਕਟ ਭੇਟ ਕੀਤੇ ਗਏ। ਇਨ੍ਹਾਂ ਪਰਿਵਾਰਾਂ ਨੂੰ ਨਿਤਨੇਮ ਦੇ ਗੁਟਕੇ ਤੇ ਹੋਰ ਧਾਰਮਿਕ ਸਾਹਿਤ ਵੀ ਭੇਟ ਕੀਤਾ ਗਿਆ।
ਇਸ ਮੌਕੇ ਜਸਬੀਰ ਸਿੰਘ ਜੋ ਪਹਿਲਾਂ ਗੋਰਾ ਮਸੀਹ ਸੀ, ਨੇ ਆਖਿਆ ਕਿ ਉਹ ਚਾਰ ਸਾਲਾਂ ਬਾਅਦ ਸਿੱਖ ਬਣ ਰਿਹਾ ਹੈ। ਰਾਜ ਮਸੀਹ ਤੋਂ ਰਾਜ ਕੁਮਾਰ ਬਣੇ ਨੇ ਦੱਸਿਆ ਕਿ ਉਹ ਵੀ ਚਾਰ ਸਾਲ ਬਾਅਦ ਮੁੜ ਆਪਣੇ ਧਰਮ ਵਿਚ ਪਰਤ ਰਿਹਾ ਹੈ। ਉਹ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਧਰਮ ਬਦਲਣ ਸਮੇਂ ਉਸ ਨਾਲ ਮਿਸ਼ਨਰੀਆਂ ਨੇ ਕਈ ਵਾਅਦੇ ਕੀਤੇ ਸਨ ਜਿਸ ਤਹਿਤ ਉਨ੍ਹਾਂ ਨੂੰ ਬਿਹਤਰ ਸਿਹਤ ਸਹੂਲਤਾਂ, ਵਿਦਿਅਕ ਸਹੂਲਤਾਂ ਅਤੇ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਕੋਈ ਵੀ ਭਰੋਸਾ ਪੂਰਾ ਨਹੀਂ ਹੋਇਆ। ਇਹ 23 ਪਰਿਵਾਰ ਜਿਨ੍ਹਾਂ ਵਿਚੋਂ ਵਧੇਰੇ ਮਜ਼੍ਹਬੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ ਅਤੇ ਗਰੀਬ ਤੇ ਦਿਹਾੜੀਦਾਰ ਹਨ, ਕਈ ਸਾਲ ਪਹਿਲਾਂ ਈਸਾਈ ਬਣ ਗਏ ਸਨ।
ਧਰਮ ਜਾਗਰਨ ਮੰਚ ਦੇ ਸੂਬਾਈ ਯੋਜਨਾ ਦੇ ਮੁਖੀ ਦਿਨੇਸ਼ ਸ਼ਰਮਾ ਨੇ ਦਾਅਵਾ ਕੀਤਾ ਕਿ ਇਹ ਧਰਮ ਪਰਿਵਰਤਨ ਨਹੀਂ ਹੈ, ਸਗੋਂ ਘਰ ਵਾਪਸੀ ਹੈ। ਇਨ੍ਹਾਂ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਧਰਮ ਪਰਿਵਰਤਨ ਕਰ ਕੇ ਗਲਤੀ ਕੀਤੀ ਸੀ। ਮੰਚ ਦੇ ਮੁਖੀ ਰਾਮ ਗੋਪਾਲ ਨੇ ਆਖਿਆ ਕਿ ਹਰ ਇਨਸਾਨ ਨੂੰ ਆਪਣੇ ਧਰਮ ਨੂੰ ਮੰਨਣ ਤੇ ਪਾਲਣ ਦਾ ਅਧਿਕਾਰ ਹੈ।
ਮਸੀਹ ਭਾਈਚਾਰੇ ਦੇ ਡਾਇਸੈਸ ਆਫ ਅੰਮ੍ਰਿਤਸਰ ਦੇ ਆਗੂ ਡੈਨੀਅਲ ਬੀæ ਦਾਸ ਨੇ ਇਸ ਕਾਰਵਾਈ ਨੂੰ ਜਬਰੀ ਧਰਮ ਪਰਿਵਰਤਨ ਕਰਾਰ ਦਿੰਦਿਆਂ ਆਖਿਆ ਕਿ ਘਰ ਵਾਪਸੀ ਦੇ ਨਾਂ ਹੇਠ ਜਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਕਿਸੇ ਦਾ ਨਾਂ ਲਏ ਬਿਨਾਂ ਉਨ੍ਹਾਂ ਆਖਿਆ ਕਿ ਸਿਆਸੀ ਪ੍ਰਭਾਵ ਵਰਤ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕਿਸੇ ਵੀ ਬੰਦੇ ਵਲੋਂ ਕਿਸੇ ਧਰਮ ਨੂੰ ਮੰਨਣਾ ਉਸ ਦਾ ਨਿੱਜੀ ਮਾਮਲਾ ਹੈ ਅਤੇ ਇਸ ਸਬੰਧੀ ਸੰਵਿਧਾਨਕ ਹੱਕ ਵੀ ਹੈ, ਪਰ ਕਿਸੇ ਨੂੰ ਜਬਰੀ ਧਰਮ ਪਰਿਵਰਤਨ ਕਰਾਉਣਾ ਗ਼ੈਰ-ਕਾਨੂੰਨੀ ਹੈ।
ਉਨ੍ਹਾਂ ਆਖਿਆ ਕਿ ਜਥੇਬੰਦੀ ਅਜਿਹੀ ਘਰ ਵਾਪਸੀ ਖ਼ਿਲਾਫ਼ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਨੇ ਆਖਿਆ ਕਿ ਗੁਰੂ ਕੀ ਵਡਾਲੀ ਸਥਿਤ ਗੁਰਦੁਆਰੇ ਨਾਲ ਸ਼੍ਰੋਮਣੀ ਕਮੇਟੀ ਦਾ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਧਰਮ ਤਬਦੀਲੀ ਸਬੰਧੀ ਇਸ ਸਮਾਗਮ ਬਾਰੇ ਕੋਈ ਜਾਣਕਾਰੀ ਹੈ। ਉਂਜ, ਉਨ੍ਹਾਂ ਆਖਿਆ ਕਿ ਕਿਸੇ ਵੀ ਜਥੇਬੰਦੀ ਨੂੰ ਕਿਸੇ ਦੂਜੇ ਬੰਦੇ ਨੂੰ ਆਪਣੇ ਧਰਮ ਵਿਚ ਹੀ ਸ਼ਾਮਲ ਕਰਾਉਣਾ ਚਾਹੀਦਾ ਹੈ।