ਨਸ਼ਿਆਂ ਦੇ ਮੁੱਦੇ ‘ਤੇ ਕਸੂਤੇ ਫਸੇ ਅਕਾਲੀ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ‘ਤੇ ਸਿਆਸਤ ਨੇ ਜ਼ੋਰ ਫੜ ਲਿਆ ਹੈ, ਪਰ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਉਤੇ ਬਹੁਤ ਕਸੂਤਾ ਫਸ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਵਲੋਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਛੇ ਹਜ਼ਾਰ ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਮਾਮਲੇ ਵਿਚ ਤਲਬ ਕਰਨ ਪਿੱਛੋਂ ਨਮੋਸ਼ੀ ਦਾ ਸਾਹਮਣਾ ਕਰ ਰਹੇ ਅਕਾਲੀ ਦਲ ਨੇ ਧਰਨੇ ਮਾਰ ਕੇ ਇਸ ਜੰਜਾਲ ਵਿਚੋਂ ਨਿਕਲਣ ਦੀ ਵਿਉਂਤ ਬਣਾਈ ਸੀ, ਪਰ ਅੰਦਰੂਨੀ ਵਿਰੋਧ ਕਾਰਨ ਇਨ੍ਹਾਂ ਧਰਨਿਆਂ ਨੂੰ ਜਾਗਰੂਕਤਾ ਸਮਾਗਮਾਂ ਦਾ ਨਾਂ ਦੇਣਾ ਪੈ ਗਿਆ ਹੈ।

ਯਾਦ ਰਹੇ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ ਜਨਵਰੀ ਦੌਰਾਨ ਅੰਮ੍ਰਿਤਸਰ ਤੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਕਾਂਗਰਸ ਵਲੋਂ ਨਸ਼ਿਆਂ ਖ਼ਿਲਾਫ਼ ਅੰਦੋਲਨ ਛੇੜਨ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਅਕਾਲੀ ਦਲ ਨੇ ਪੰਜ ਜਨਵਰੀ ਨੂੰ ਸਰਹੱਦ ਉਤੇ ਬੀæਐਸ਼ਐਫ਼ ਖਿਲਾਫ ਮੋਰਚਾ ਖੋਲ੍ਹ ਕੇ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਸਿਰ ਸੁੱਟਣ ਦੀ ਤਿਆਰੀ ਕੀਤੀ ਸੀ। ਅਸਲ ਵਿਚ ਮਜੀਠੀਆ ਮੁੱਦੇ ‘ਤੇ ਅਕਾਲੀ ਦਲ ਚਾਰੇ ਪਾਸਿਓਂ ਘਿਰਿਆ ਹੋਇਆ ਹੈ। ਇਥੋਂ ਤੱਕ ਕਿ ਉਸ ਦੀ ਭਾਈਵਾਲ ਭਾਜਪਾ ਵੀ ਇਸ ਤਾਕਤਵਰ ਵਜ਼ੀਰ ਦਾ ਅਸਤੀਫਾ ਲੈਣ ਬਾਰੇ ਦਬਾਅ ਪਾ ਰਹੀ ਹੈ। ਨਸ਼ੇ ਦੇ ਮਾਮਲੇ ਵਿਚ ਹੀ ਸਰਵਣ ਸਿੰਘ ਫਿਲੌਰ ਨੂੰ ਇਸ ਕਰ ਕੇ ਅਸਤੀਫ਼ਾ ਦੇਣਾ ਪਿਆ ਸੀ ਕਿਉਂਕਿ ਈæਡੀæ ਨੇ ਉਨ੍ਹਾਂ ਦੇ ਬੇਟੇ ਨੂੰ ਪੁੱਛ-ਗਿੱਛ ਲਈ ਬੁਲਾਇਆ ਸੀ। ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਜੀਠੀਆ ਦੇ ਅਸਤੀਫੇ ਬਾਰੇ ਜੁਆਬ ਦੇਣਾ ਔਖਾ ਹੋ ਰਿਹਾ ਹੈ ਕਿਉਂਕਿ ਹੁਣ ਤੱਕ ਉਹ ਇਹ ਕਹਿੰਦੇ ਰਹੇ ਹਨ ਕਿ ਅਖ਼ਬਾਰੀ ਖ਼ਬਰਾਂ ਦੇ ਆਧਾਰ ‘ਤੇ ਕਿਸੇ ਮੰਤਰੀ ਦਾ ਅਸਤੀਫਾ ਨਹੀਂ ਲਿਆ ਜਾ ਸਕਦਾ ਪਰ ਈæਡੀæ ਵੱਲੋਂ ਤਲਬ ਕਰਨ ‘ਤੇ ਲਾਜਵਾਬ ਹੋ ਗਏ ਹਨ।
ਚੇਤੇ ਰਹੇ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਨਸ਼ਾ ਵੱਡਾ ਮੁੱਦਾ ਬਣ ਕੇ ਉਭਰਿਆ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਚਲਾ ਕੇ 25 ਹਜ਼ਾਰ ਤੋਂ ਜ਼ਿਆਦਾ ਲੋਕ ਗ੍ਰਿਫ਼ਤਾਰ ਕੀਤੇ ਗਏ ਤੇ ਉਨ੍ਹਾਂ ਨੂੰ ਨਸ਼ਾ ਤਸਕਰੀ ਵਿਚ ਸ਼ਾਮਲ ਕਰਾਰ ਦੇ ਦਿੱਤਾ ਗਿਆ ਹਾਲਾਂਕਿ ਇਨ੍ਹਾਂ ਵਿਚ ਵੱਡੀ ਗਿਣਤੀ ਉਹ ਸਨ ਜਿਨ੍ਹਾਂ ਤੋਂ ਕੋਈ ਨਸ਼ਾ ਬਰਾਮਦ ਨਹੀਂ ਹੋਇਆ।
ਲੋਕਾਂ ਦਾ ਇਲਜ਼ਾਮ ਹੈ ਕਿ ਅਸਲੀ ਨਸ਼ਾ ਤਸਕਰਾਂ ਨੂੰ ਨਹੀਂ ਫੜਿਆ ਗਿਆ ਤੇ ਉਨ੍ਹਾਂ ਦਾ ਕਾਰੋਬਾਰ ਬੇਰੋਕ ਜਾਰੀ ਹੈ। ਫਿਰ ਵੀ ਸਰਕਾਰ ਹੁਣ ਤੱਕ ਆਪਣੀ ਪਿੱਠ ਥਾਪੜ ਰਹੀ ਹੈ ਜਦਕਿ ਸਰਕਾਰ ਦੀ ਇਹ ਮੁਹਿੰਮ ਕੁਝ ਸਮੇਂ ਬਾਅਦ ਹੀ ਠੰਢੀ ਪੈ ਗਈ ਸੀ।
ਸੂਤਰਾਂ ਮੁਤਾਬਕ ਅਕਾਲੀ ਦਲ ਦੇ ਧਰਨਿਆਂ ਵਾਲੇ ਪ੍ਰੋਗਰਾਮ ਵਿਚ ਤਬਦੀਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੋਈ ਹੈ। ਇਸ ਮੀਟਿੰਗ ਵਿਚ ਰਾਜ ਸਭਾ ਮੈਂਬਰ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਧਰਨੇ ਮਾਰਨ ਦਾ ਫੈਸਲਾ ਜਲਦਬਾਜ਼ੀ ਵਿਚ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਅਜਿਹੇ ਫੈਸਲੇ ਪੂਰੀ ਡੂੰਘਾਈ ਤੇ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਕਰਨੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿਚ ਸਲਾਹ ਦਿੱਤੀ ਕਿ ਧਰਨਿਆਂ ਵਿਚ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮੰਤਰੀਆਂ ਤੇ ਸਰਕਾਰੀ ਅਹੁਦਿਆਂ ਉਪਰ ਬੈਠੇ ਹੋਰ ਪ੍ਰਤੀਨਿਧਾਂ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਕਾਰਵਾਈ ਗ਼ੈਰ-ਸੰਵਿਧਾਨਿਕ ਹੋਵੇਗੀ।
ਸ਼ ਢੀਂਡਸਾ ਦੇ ਸੰਬੋਧਨ ਤੋਂ ਤੁਰੰਤ ਬਾਅਦ ਸ਼ ਬਾਦਲ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਇਹ ਤਾਂ ਨਸ਼ਿਆਂ ਵਿਰੁੱਧ ਚੇਤਨਾ ਪੈਦਾ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ ਤੇ ਸੜਕਾਂ ਜਾਂ ਰੇਲਾਂ ਰੋਕਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਲੀਡਰਾਂ ਨੂੰ ਕਿਹਾ ਕਿ ਇਸ ਪ੍ਰੋਗਰਾਮ ਬਾਰੇ ਸੋਚ-ਵਿਚਾਰ ਕੇ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਕਿਉਂਕਿ ਕੋਈ ਗਲਤ ਸ਼ਬਦ ਗਲਤ ਸੰਕੇਤ ਦੇ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਨਸ਼ਿਆਂ ਦੇ ਮੁੱਦੇ ‘ਤੇ ਸਰਹੱਦ ਉਤੇ ਧਰਨੇ ਲਾਉਣ ਦੇ ਫੈਸਲੇ ‘ਤੇ ਬੀæਐਸ਼ਐਫ਼ ਨੇ ਵੀ ਨਰਾਜ਼ਗੀ ਜਤਾਈ ਸੀ। ਆਈæਜੀæ ਅਨਿਲ ਪਾਲੀਵਾਲ ਨੇ ਕਿਹਾ ਹੈ ਕਿ ਬੀæਐਸ਼ਐਫ਼ ਦੀ ਇਮਾਨਦਾਰੀ ‘ਤੇ ਕੋਈ ਸਵਾਲ ਨਹੀਂ ਉਠਾ ਸਕਦਾ। ਉਨ੍ਹਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਲਾਏ ਦੋਸ਼ਾਂ ਬਾਰੇ ਕਿਹਾ ਕਿ ਸਰਹੱਦ ‘ਤੇ ਜਵਾਨ ਜ਼ੀਰੋ ਡਿਗਰੀ ਤਾਪਮਾਨ ‘ਤੇ ਪੂਰੀ ਇਮਾਨਦਾਰੀ ਨਾਲ ਡਿਊਟੀ ਕਰ ਰਹੇ ਹਨ ਤੇ ਇਸ ਬਾਰੇ ਕਿਸੇ ਨੂੰ ਸਫਾਈ ਦੇਣ ਦੇ ਲੋੜ ਨਹੀਂ ਕਿ ਸਰਹੱਦ ‘ਤੇ ਕਿੰਨੇ ਕਿੱਲੋ ਹੈਰੋਇਨ ਫੜੀ ਗਈ ਤੇ ਕਿੰਨੇ ਤਸਕਰ ਮਾਰੇ ਗਏ।