ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਪੰਥਕ ਮੁੱਦੇ ਯਾਦ ਆ ਗਏ ਹਨ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਹੁਕਮਾਂ ਦੇ ਮੱਦੇਨਜ਼ਰ ਪੰਜਾਬ ਤੇ ਦਿੱਲੀ ਦੇ ਸਿੱਖਾਂ ਦੇ ਵਫ਼ਦ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮਿਲਿਆ। ਕੇਂਦਰੀ ਗ੍ਰਹਿ ਮੰਤਰੀ ਨੇ ਸਿੱਖ ਆਗੂਆਂ ਦੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਜੇਲ੍ਹਾਂ ਅੰਦਰ ਲੰਬੇ ਸਮੇਂ ਤੋਂ ਬੰਦ ਸਿੱਖਾਂ ਦੀ ਰਿਹਾਈ ਬਾਰੇ ਕੇਂਦਰ ਸਰਕਾਰ ਅਗਲੇ ਦਿਨਾਂ Ḕਚ ਅਧਿਕਾਰੀਆਂ ਤੋਂ ਸਾਰੇ ਹਾਲਾਤ ਦਾ ਪਤਾ ਕਰੇਗੀ ਤੇ ਉਹ ਪਹਿਲੀ ਜਨਵਰੀ ਤੱਕ ਦਿੱਲੀ ਆ ਕੇ ਕੋਈ ਫ਼ੈਸਲਾ ਕਰਨਗੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸੰਵਿਧਾਨ ਦੀ ਧਾਰਾ 25 ਬੀ ਨੂੰ ਖ਼ਤਮ ਕਰਕੇ ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ ਵੀ ਇਸ ਬੈਠਕ Ḕਚ ਕੇਂਦਰੀ ਗ੍ਰਹਿ ਮੰਤਰੀ ਕੋਲ ਉਠਾਇਆ ਗਿਆ ਤੇ ਪਾਸਪੋਰਟਾਂਦੇ ਮਸਲੇ, ਕਾਲੀ ਸੂਚੀ Ḕਚ ਸ਼ਾਮਲ ਸਿੱਖਾਂ ਦੇ ਨਾਵਾਂ ਨੂੰ ਕੱਢਣ ਬਾਰੇ ਵੀ ਮੰਗ ਵੀ ਪੇਸ਼ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਸਿੱਖ ਆਪਣੇ ਮੁਲਕ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਦੀ ਆਗਿਆ ਦਿੱਤੀ ਜਾਵੇ।
ਲੰਬੇ ਸਮੇਂ ਤੋਂ ਬੰਦ ਸਿੱਖਾਂਨੂੰ ਛੁਡਾਉਣ ਲਈ ਚਾਰੋਂ ਪਾਸਿਓਂ ਤੋਂ ਪੈ ਰਹੇ ਦਬਾਅ ਕਰਕੇ ਤੇ ਪਿਛਲੇ 45 ਦਿਨਾਂਤੋਂ ਭਾਈ ਗੁਰਬਖਸ਼ ਸਿੰਘ ਵੱਲੋਂ ਅੰਬਾਲਾ ਵਿਖੇ ਕੀਤੀ ਜਾ ਰਹੀ ਭੁੱਖ ਹੜਤਾਲ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਆਗੂਆਂ ਨੂੰ ਇਹ ਹਦਾਇਤ ਕੀਤੀ ਸੀ। ਜਥੇਦਾਰ ਨੇ ਵੀ ਇਸ ਭੁੱਖ ਹੜਤਾਲ ਦਾ ਸਮਰਥਨ ਕੀਤਾ ਸੀ।
ਇਸ ਵਫ਼ਦ Ḕਚ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ, ਜਥੇਦਾਰ ਮੱਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਤੇ ਜਨਰਲ ਸਕੱਤਰ ਮਨਜਿੰਦਰ ਸਿੰੰਘ ਸਿਰਸਾ ਇਸ ਵਫ਼ਦ Ḕਚ ਸ਼ਾਮਲ ਸਨ। ਸ਼ ਸਿਰਸਾ ਮੁਤਾਬਕ ਕਰੀਬ 45 ਮਿੰਟ ਹੋਈ। ਇਸ ਮੀਟਿੰਗ ਦੌਰਾਨ ਰਾਜਨਾਥ ਸਿੰਘ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ Ḕਤੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਰਿਪੋਰਟ ਲਈ ਜਾਵੇਗੀ ਤੇ ਕੋਈ ਫ਼ੈਸਲਾ ਕਰ ਲਿਆ ਜਾਵੇਗਾ।
ਮਜੀਠੀਆ ਨੂੰ ਬਚਾਉਣ ਲਈ ਯਾਦ ਆਏ ਪੰਥਕ ਮੁੱਦੇ: ਯੂਨਾਈਟਿਡ ਅਕਾਲੀ ਦਲ
ਚੰਡੀਗੜ੍ਹ: ਯੂਨਾਈਟਿਡ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 30 ਸਾਲਾਂ ਬਾਅਦ ਪੰਥਕ ਏਜੰਡਾ ਕਥਿਤ ਤੌਰ Ḕਤੇ ਆਪਣੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਲਈ ਯਾਦ ਆਇਆ ਹੈ। ਯੂਨਾਈਟਿਡ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਸਕੱਤਰ ਜਨਰਲ ਗੁਰਦੀਪ ਸਿੰਘ ਬਠਿੰਡਾ ਨੇ ਦੋਸ਼ ਲਾਇਆ ਕਿ ਸ਼ ਬਾਦਲ ਨੇ ਹੀ ਪੰਜਾਬ ਵਿਚ ਭਾਜਪਾ ਤੇ ਆਰæਐਸ਼ਐਸ਼ ਦੇ ਪੈਰ ਲਵਾਏ ਹਨ। ਸ਼ ਬਾਦਲ ਨੂੰ ਭਾਜਪਾ ਨਾਲੋਂ ਨਾਤਾ ਤੋੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀ ਭੁੱਲ ਬਖਸ਼ਾਉਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਡਰੱਗਜ਼ ਦੇ ਕਹਿਰ ਲਈ ਅਕਾਲੀ ਦਲ, ਭਾਜਪਾ ਤੇ ਕਾਂਗਰਸ ਬਰਾਬਰ ਦੇ ਜ਼ਿੰਮੇਵਾਰ ਹਨ ਜਿਸ ਕਾਰਨ ਹੁਣ ਪੰਜਾਬ ਵਿਚ ਨਵੇਂ ਸਿਆਸੀ ਬਦਲ ਦੀ ਲੋੜ ਹੈ।
ਬੁਲਾਰਿਆਂ ਨੇ ਕਿਹਾ ਕਿ ਯੂਨਾਈਟਿਡ ਅਕਾਲੀ ਦਲ ਵੱਖਰੇ ਨਾਨਕਸ਼ਾਹੀ ਕੈਲੰਡਰ ਦਾ ਹਾਮੀ ਹੈ ਪਰ ਇਸ ਵਿਚ ਲੋੜੀਂਦੀਆਂ ਸੋਧਾਂ ਜ਼ਰੂਰੀ ਹਨ। ਦੋਵਾਂ ਆਗੂਆਂ ਨੇ ਇਸ ਮੌਕੇ 85 ਮੈਂਬਰੀ ਕਾਰਜਕਾਰਨੀ ਕਮੇਟੀ ਤੇ ਕੋਰ ਕਮੇਟੀ ਸਮੇਤ ਕੇਂਦਰੀ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਨੂੰ 40 ਹਿੱਸਿਆਂ ਵਿਚ ਵੰਡ ਕੇ 40 ਜਿਲ੍ਹਾ ਪ੍ਰਧਾਨਾਂ ਦਾ ਐਲਾਨ 5 ਜਨਵਰੀ ਨੂੰ ਜਲੰਧਰ ਵਿਖੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਇਹ ਢਾਂਚਾ ਆਰਜ਼ੀ ਹੈ ਤੇ ਮਈ 2015 ਤੱਕ ਮੈਂਬਰਸ਼ਿਪ ਮੁਹਿੰਮ ਚਲਾਉਣ ਤੋਂ ਬਾਅਦ ਜਥੇਬੰਦੀ ਦੀ ਬਕਾਇਦਾ ਚੋਣ ਕਰਵਾਈ ਜਾਵੇਗੀ।
ਇਸ ਮੌਕੇ ਸੇਵਾਮੁਕਤ ਜੱਜ ਅਜੀਤ ਸਿੰਘ ਬੈਂਸ ਨੂੰ ਸਰਪ੍ਰਸਤ, ਜਤਿੰਦਰ ਸਿੰਘ ਈਸੜੂ, ਗੁਰਨਾਮ ਸਿੰਘ ਸਿੱਧੂ ਚੰਡੀਗੜ੍ਹ ਤੇ ਬਹਾਦਰ ਸਿੰਘ ਰਾਹੋਂ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਘੋਲੀਆ, ਲਖਵਿੰਦਰ ਸਿੰਘ ਪਠਾਨਕੋਟ, ਜਸਵਿੰਦਰ ਸਿੰਘ ਬਰਾੜ ਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੂੰ ਮੀਤ ਪ੍ਰਧਾਨ, ਸਤਨਾਮ ਸਿੰਘ ਮਨਾਵਾਂ, ਵੱਸਣ ਸਿੰਘ ਜ਼ਫਰਵਾਲ ਤੇ ਪੁਰਸ਼ੋਤਮ ਸਿੰਘ ਫੱਗੂਵਾਲਾ ਨੂੰ ਜਨਰਲ ਸਕੱਤਰ, ਰਾਜੀਵ ਸਿੰਘ ਅੰਮ੍ਰਿਤਸਰ ਤੇ ਗੁਰਮੀਤ ਸਿੰਘ ਬੱਜੋਆਣਾ ਨੂੰ ਸਕੱਤਰ ਨਿਯੁਕਤ ਕੀਤਾ ਹੈ। ਡਾæ ਹਰਿੰਦਰ ਸਿੰਘ ਗਿੱਲ, ਸੇਵਾਮੁਕਤ ਆਈਏਐਸ ਕੁਲਬੀਰ ਸਿੰਘ ਤੇ ਹਰਸਿਮਰਨ ਸਿੰਘ ਆਨੰਦਪੁਰ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਕੋਰ ਕਮੇਟੀ ਵਿਚ ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ, ਡਾæ ਭਗਵੰਤ ਸਿੰਘ, ਸੇਵਾਮੁਕਤ ਆਈਏਐਸ ਸਵਰਨ ਸਿੰਘ, ਰਾਜਦੇਵ ਸਿੰਘ ਸਾਬਕਾ ਐਮਪੀ, ਬਹਾਦਰ ਸਿੰਘ ਰਾਹੋਂ, ਗੁਰਨਾਮ ਸਿੰਘ ਸਿੱਧੂ, ਸਤਨਾਮ ਸਿੰਘ ਮਨਾਵਾਂ, ਜਤਿੰਦਰ ਸਿੰਘ ਈਸੜੂ, ਬਲਵੰਤ ਸਿੰਘ ਗੋਪਾਲਾ, ਪੁਰਸ਼ੋਤਮ ਸਿੰਘ ਫੱਗੂਵਾਲਾ, ਸਤਿੰਦਰ ਸਿੰਘ ਘੜਿਆਲਾ, ਡਾæ ਹਰਮਨਜੀਤ ਸਿੰਘ ਰਾਜਪੁਰਾ ਤੇ ਜਸਵਿੰਦਰ ਸਿੰਘ ਬਰਾੜ ਨੂੰ ਸ਼ਾਮਲ ਕੀਤਾ ਹੈ।
ਬੀਬੀ ਪ੍ਰੀਤਮ ਕੌਰ ਨੂੰ ਇਸਤਰੀ ਵਿੰਗ ਦੀ ਕਨਵੀਨਰ, ਡਾæ ਭਗਵਾਨ ਸਿੰਘ ਨੂੰ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਕਨਵੀਨਰ, ਸੁਰਿੰਦਰ ਸਿੰਘ ਘਰਿਆਲਾ ਨੂੰ ਮਨੁੱਖੀ ਅਧਿਕਾਰਾਂ ਦੀ ਕਮੇਟੀ ਦੇ ਕਨਵੀਨਰ, ਸੀਤਾ ਰਾਮ ਦੀਪਕ ਨੂੰ ਵਪਾਰ ਸੈੱਲ, ਡਾæ ਅਨਵਰ ਅਹਿਮਦ ਮਲੇਰਕੋਟਲਾ ਨੂੰ ਘੱਟ ਗਿਣਤੀ ਸੈੱਲ ਦੇ ਕਨਵੀਨਰ ਅਤੇ ਗੁਰਦੇਵ ਸਿੰਘ ਗਿੱਲ ਫ਼ਤਹਿਗੜ੍ਹ ਸਾਹਿਬ ਨੂੰ ਸਿੱਖਿਆ ਸੈੱਲ ਦੇ ਕਨਵੀਨਰ ਨਿਯੁਕਤ ਕੀਤਾ ਹੈ।