ਸ਼ਹੀਦਾਂ ਦੀ ਧਰਤੀ ਨੂੰ ਚੜ੍ਹਿਆ ਖਾਲਸਈ ਰੰਗ

ਫਤਹਿਗੜ੍ਹ ਸਾਹਿਬ: ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੀ ਯਾਦ ਵਿਚ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਇਥੇ ਇਤਿਹਾਸਕ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪੂਰੀ ਧਾਰਮਿਕ ਸ਼ਰਧਾ ਤੇ ਜਾਹੋ-ਜਲਾਲ ਨਾਲ ਸਮਾਪਤ ਹੋ ਗਿਆ।

26 ਤੋਂ 28 ਦਸੰਬਰ ਤੱਕ ਤਿੰਨ ਦਿਨਾਂ ਜੋੜ ਮੇਲੇ ਵਿਚ ਅਤਿ ਦੀ ਠੰਢ ਤੇ ਧੁੰਦ ਦੇ ਬਾਵਜੂਦ ਦੇਸ਼ ਤੇ ਵਿਦੇਸ਼ਾਂ ਦੇ ਕੋਨੇ-ਕੋਨੇ ਤੋਂ ਪੁੱਜੀਆਂ ਵੱਡੀ ਗਿਣਤੀ ਸੰਗਤਾਂ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਅੰਤਿਮ ਸੰਸਕਾਰ ਵਾਲੇ ਅਸਥਾਨ ‘ਤੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਗਏ।
ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਨੂੰ ਦਰਸਾਉਂਦੀ ਚਿੱਤਰ ਪ੍ਰਦਰਸ਼ਨੀ ਤੇ ਧਾਰਮਿਕ ਪੁਸਤਕਾਂ ਦਾ ਸਟਾਲ ਵੀ ਲਾਇਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਨਾਟਕ ਤੇ ਕਵੀ ਦਰਬਾਰ ਵੀ ਕਰਵਾਏ ਗਏ। ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਨਰਸਿੰਘਿਆਂ ਤੇ ਨਗਾਰਿਆਂ ਦੀ ਗੂੰਜ ਵਿਚ ਸ਼ੁਰੂ ਹੋਏ ਨਗਰ ਕੀਰਤਨ ਵਿਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਪਹੁੰਚੀ ਸੰਗਤ ਨੇ ਸ਼ਮੂਲੀਅਤ ਕੀਤੀ। ਸ਼ਰਧਾਲੂਆਂ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਤੇ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀ ਨੀਲੀਆਂ, ਕੇਸਰੀ ਤੇ ਚਿੱਟੀਆਂ ਦਸਤਾਰਾਂ ਤੇ ਖ਼ਾਲਸਾਈ ਪੋਸ਼ਾਕਾਂ ਵਿਚ ਸਜੇ ਹੋਏ ਨਗਰ ਕੀਰਤਨ ਵਿਚ ਸ਼ਰਧਾ ਤੇ ਸਤਿਕਾਰ ਭੇਟ ਕਰ ਰਹੇ ਸਨ। ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਖ਼ਤਾ ਇੰਤਜ਼ਾਮ ਕੀਤੇ ਗਏ। ਇਹ ਨਗਰ ਕੀਰਤਨ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਸਵੇਰੇ 9 ਵਜੇ ਤਖ਼ਤ ਕੇਸਗੜ੍ਹ ਸਾਹਿਬ (ਆਨੰਦਪੁਰ ਸਾਹਿਬ) ਦੇ ਜਥੇਦਾਰ ਗਿਆਨੀ ਮੱਲ ਸਿੰਘ ਵੱਲੋਂ ਅਰਦਾਸ ਕਰਨ ਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਹੁਕਮਨਾਮਾ ਲੈਣ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਇਆ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਨੂੰ ਫੁੱਲਾਂ ਨਾਲ ਸਜਾਈ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ਼ ਸੁਖਦੇਵ ਸਿੰਘ ਭੌਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਨ ਵਾਲੀਆਂ ਕੌਮਾਂ ਹੀ ਤਰੱਕੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਪੰਥ ‘ਤੇ ਪਹਿਲਾਂ ਵੀ ਕਈ ਵਾਰ ਹਮਲੇ ਹੋਏ ਹਨ ਪ੍ਰੰਤੂ ਸਿੱਖ ਕੌਮ ਨੂੰ ਕੋਈ ਵੀ ਢਾਅ ਨਹੀਂ ਲਗਾ ਸਕਿਆ ਸਗੋਂ ਹਮੇਸ਼ਾ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਰਹੀ ਹੈ। ਉਨ੍ਹਾਂ ਆਖਿਆ ਕਿ ਨੌਜਵਾਨ ਵਰਗ ਸਿੱਖ ਕੌਮ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਪਾ ਸਕਦਾ ਹੈ।
_____________________
ਜਥੇਦਾਰ ਵਲੋਂ ਕੌਮ ਨੂੰ ਦਰਪੇਸ਼ ਚੁਣੌਤੀਆਂ ਖਿਲਾਫ ਡਟਣ ਦਾ ਸੱਦਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਂ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਡੇ ਗੁਰੁਆਂ ਨੇ ਹਮੇਸ਼ਾ ਧਰਮ ਤੇ ਮਾਨਵਤਾ ਦੀ ਰਾਖੀ ਲਈ ਕੁਰਬਾਨੀਆਂ ਕੀਤੀਆਂ ਹਨ ਜਿਨ੍ਹਾਂ ਤੋਂ ਸਬਕ ਲੈ ਕੇ ਅੱਜ ਸਮੁੱਚੀ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਇਕਜੁਟ ਹੋ ਕੇ ਡਟ ਕੇ ਮੁਕਾਬਲਾ ਕਰਨਾ ਚਾਹੀਦਾ।
ਜਥੇਦਾਰ ਨੇ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਮੁੱਚੀ ਸਿੱਖ ਕੌਮ ਨੂੰ ਸਿੱਖੀ ਦਾ ਸਰੂਪ ਬਖਸ਼ਿਆ ਹੈ, ਉਸ ਨੂੰ ਅਪਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜਨ ਤੇ ਸਮੁੱਚੀ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਯੋਗਦਾਨ ਪਾਉਣ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਦਾ ਪੂਰੀ ਤਰ੍ਹਾਂ ਤਿਆਗ ਕਰਨ ਅਤੇ ਘਰ ਤੇ ਸਮਾਜ ਵਿਚ ਔਰਤ ਵਰਗ ਨੂੰ ਬਣਦਾ ਪੂਰਨ ਸਤਿਕਾਰ ਦਿੱਤਾ ਜਾਵੇ। ਉਨ੍ਹਾਂ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਸਿੱਖ ਕੈਦੀਆਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦੀ ਹਮਾਇਤ ਕਰਦਿਆਂ ਇਸ ਗੱਲ ‘ਤੇ ਜੋਰ ਦਿੱਤਾ ਕਿ ਜਿਹੜੇ ਸਿੱਖ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਲਈ ਸਮੁੱਚੀ ਸਿੱਖ ਕੌਮ ਇਕ ਪਲੇਟ ਫਾਰਮ ‘ਤੇ ਇਕੱਠੇ ਹੋ ਕੇ ਉਪਰਾਲੇ ਕਰੇ। ਜਥੇਦਾਰ ਨੇ ਸਿਆਸੀ ਪਾਰਟੀਆਂ ਤੇ ਹੋਰ ਜਥੇਬੰਦੀਆਂ ਵੱਲੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਤਸਵੀਰਾਂ ਨਾਲ ਹੋਰਡਿੰਗਜ ‘ਤੇ ਆਪਣੀਆਂ ਫੋਟੋਆਂ ਨਾ ਛਪਵਾਉਣ ਵਾਲੇ ਰਾਜਨੀਤਕ ਨੇਤਾਵਾਂ ਦੀ ਸਰਾਹਨਾ ਵੀ ਕੀਤੀ।
_____________________
ਨਸ਼ਾ ਤੇ ਧਰਮ ਬਦਲੀ ਦਾ ਮੁੱਦਾ ਰਿਹਾ ਭਾਰੂ
ਫਤਹਿਗੜ੍ਹ ਸਾਹਿਬ: ਇਥੇ ਸ਼ਹੀਦੀ ਜੋੜ ਮੇਲੇ ਮੌਕੇ ਸਿਆਸੀ ਕਾਨਫਰੰਸਾਂ ਵਿਚ ਨਸ਼ਿਆਂ ਤੇ ਧਰਮ ਬਦਲੀ ਦਾ ਮੁੱਦਾ ਭਾਰੂ ਰਿਹਾ। ਕਾਂਗਰਸ ਸਮੇਤ ਹੋਰ ਸਿਆਸੀ ਧਿਰਾਂ ਨੇ ਜਿਥੇ ਨਸ਼ਿਆਂ ਦੇ ਮੁੱਦੇ ‘ਤੇ ਅਕਾਲੀ ਦਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਉਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੁੱਦੇ ਤੋਂ ਪਾਸਾ ਵੱਟਦੇ ਹੋਏ ਧਰਮੀ ਬਦਲੀ ਬਾਰੇ ਭਾਜਪਾ ਦੀ ਖ਼ਾਮੋਸ਼ੀ ਉੱਤੇ ਅਸਿੱਧਾ ਵਾਰ ਕਰਦਿਆਂ ਦੇਸ਼ ਭਰ ਵਿਚ ਹੋ ਰਹੀਆਂ ਜਬਰੀ ਧਰਮ ਬਦਲੀਆਂ ਦੀ ਸਖ਼ਤ ਨਿਖੇਧੀ ਕੀਤੀ ਤੇ ਇਨ੍ਹਾਂ ਨੂੰ Ḕਅਫ਼ਸੋਸਜਨਕ ਤੇ ਸਿੱਖੀ ਸਿਧਾਂਤਾਂ ਦੇ ਖ਼ਿਲਾਫ਼’ ਕਰਾਰ ਦਿੱਤਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਇਸੇ ਸੁਰ ਵਿਚ ਧਰਮ ਪਰਿਵਰਤਨ ਨੂੰ ਗਲਤ ਕਰਾਰ ਦਿੱਤਾ। ਦੋਵੇਂ ਆਗੂਆਂ ਨੇ ਨਸ਼ਿਆਂ ਦੇ ਮਾਮਲੇ ਉੱਤੇ ਵੀ ਇਕੋ ਸੁਰ ਰੱਖਦਿਆਂ ਸਰਕਾਰ ਨੂੰ ਭੰਡਣ ਲਈ ਵੱਖ-ਵੱਖ ਪੰਜਾਬੀ ਵਿਰੋਧੀ ਤਾਕਤਾਂ ਦੀ ਸਾਜ਼ਿਸ਼ ਕਰਾਰ ਦਿੱਤਾ। ਮੁੱਖ ਮੰਤਰੀ ਸ਼ ਬਾਦਲ ਨੇ ਕਿਹਾ ਕਿ ਸਿੱਖ ਕਦੇ ਵੀ ਜਬਰੀ ਧਰਮ ਪਰਿਵਰਤਨ ਨੂੰ ਮਨਜ਼ੂਰ ਨਹੀਂ ਕਰ ਸਕਦੇ ਕਿਉਂਕਿ ਸਮੁੱਚਾ ਸਿੱਖ ਇਤਿਹਾਸ ਅਜਿਹੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ। ਜਦੋਂ ਸਾਡੇ ਮਹਾਨ ਸਿੱਖ ਗੁਰੂਆਂ ਤੇ ਸਿਰੜੀ ਯੋਧਿਆਂ ਨੇ ਕਦੇ ਵੀ ਤਾਕਤਵਰ ਹਾਕਮਾਂ ਦੀ ਈਨ ਨਹੀਂ ਮੰਨੀ। ਗੌਰਤਲਬ ਹੈ ਕਿ ਅੱਜ-ਕੱਲ੍ਹ ਦੇਸ਼ ਭਰ ਵਿਚ ਜਬਰੀ ਧਰਮ ਬਦਲੀਆਂ ਦਾ ਮੁੱਦਾ ਭਖਿਆ ਹੋਇਆ ਹੈ। ਸੰਘ ਪਰਿਵਾਰ ਦਾ ਹਿੱਸਾ ਮੰਨੀਆਂ ਜਾਂਦੀਆਂ ਕਈ ਜਥੇਬੰਦੀਆਂ ਜ਼ੋਰ-ਸ਼ੋਰ ਨਾਲ Ḕਘਰ ਵਾਪਸੀ’ ਦੇ ਨਾਂ ਉੱਤੇ ਈਸਾਈਆਂ ਤੇ ਹੋਰ ਧਰਮਾਂ ਦੇ ਲੋਕਾਂ ਨੂੰ ਵਾਪਸ ਹਿੰਦੂ ਬਣਾ ਰਹੀਆਂ ਹਨ। ਸ਼ ਬਾਦਲ ਵੱਲੋਂ ਇਸ ਹਵਾਲੇ ਨਾਲ ਕੀਤੀਆਂ ਗਈਆਂ ਇਹ ਟਿੱਪਣੀਆਂ ਸਿਆਸੀ ਤੌਰ ‘ਤੇ ਬਹੁਤ ਅਹਿਮੀਅਤ ਰੱਖਦੀਆਂ ਹਨ।
____________________________________________________________________
ਮਜੀਠੀਆ ਨੂੰ ਬਚਾਉਣ ਲਈ ਸਰਕਾਰ ਹਰ ਪੈਂਤੜਾ ਵਰਤ ਰਹੀ ਹੈ: ਕਾਂਗਰਸ
ਫ਼ਤਹਿਗੜ੍ਹ ਸਾਹਿਬ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਵੇਂ ਬੀਤੇ ਦਿਨੀਂ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਇਨਫੋਰਸਮੈਂਟ ਡਾਇਰੈਕਟੋਰੈਟ ਦੇ ਦਫ਼ਤਰ ਵਿਚ ਚਾਰ ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਹੋਈ ਹੈ ਪਰ ਪੰਜਾਬ ਸਰਕਾਰ ਉਸ ਨੂੰ ਇਸ ਮਾਮਲੇ ਤੋਂ ਬਚਾਉਣ ਲਈ ਹਰ ਹੱਥਕੰਡਾ ਵਰਤ ਰਹੀ ਹੈ। ਵਿਦੇਸ਼ਾਂ ਦੇ ਵੱਡੇ ਸਪਲਾਇਰਾਂ ਨਾਲ ਰਿਸ਼ਤਾ ਹੋਣ ਕਾਰਨ ਇਸ ਮਾਮਲੇ ਦੀ ਜਾਂਚ ਤੁਰੰਤ ਸੀæਬੀæਆਈæ ਦੇ ਹਵਾਲੇ ਕਰਨੀ ਚਾਹੀਦੀ ਹੈ। ਕਾਨੂੰਨੀ ਤੌਰ ‘ਤੇ ਵੀ ਇਸ ਗੰਭੀਰ ਮਾਮਲੇ ਵਿਚ ਈਡੀ ਜਾਂਚ ਨਹੀਂ ਕਰ ਸਕਦਾ। ਸ਼ਹੀਦੀ ਜੋੜ ਮੇਲੇ ਮੌਕੇ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਸ਼ ਬਾਜਵਾ ਨੇ ਦੁੱਖ ਪ੍ਰਗਟ ਕੀਤਾ ਕਿ ਗੁਰੂਆਂ ਦੀ ਇਸ ਪਵਿੱਤਰ ਧਰਤੀ ਉਪਰ ਅੱਜ ਵੱਡੇ ਪੱਧਰ ‘ਤੇ ਨਸ਼ਿਆਂ ਦੇ ਹੋ ਰਹੇ ਵਪਾਰ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਦਾਅ ‘ਤੇ ਲਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਨਸ਼ਿਆਂ ਵਿਚ ਗਲਤਾਨ ਹੋਣ ‘ਤੇ ਚਿੰਤਾ ਪ੍ਰਗਟ ਕਰ ਚੁੱਕੇ ਹਨ, ਇਸ ਲਈ ਸ੍ਰੀ ਮੋਦੀ ਨੂੰ ਇਸ ਮਾਮਲੇ ਦੀ ਤੁਰੰਤ ਸੀæਬੀæਆਈæ ਨੂੰ ਜਾਂਚ ਦੇਣੀ ਚਾਹੀਦੀ ਹੈ। ਦੇਸ਼ ਦਾ ਨੰਬਰ ਇਕ ਸੂਬਾ ਅੱਜ ਅਕਾਲੀ-ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਦੋ ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਭਾਰ ਥੱਲੇ ਦਬ ਗਿਆ ਹੈ। ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ ਕਿ ਐਫ਼ਸੀæਆਈæ 30 ਹਜ਼ਾਰ ਕਰੋੜ ਰੁਪਏ ਦਾ ਘਾਟਾ ਹਰ ਸਾਲ ਵਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐਫ਼ਸੀæਆਈæ ਟੁੱਟ ਗਈ ਤਾਂ ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦਾ ਪੂਰਾ ਭਾਅ ਨਹੀਂ ਮਿਲੇਗਾ।