ਬਠਿੰਡਾ: ਐਤਕੀਂ ਸਰਦ ਰੁੱਤ ਸੈਸ਼ਨ ਦੌਰਾਨ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਵਿਚ ਪੈਰ ਹੀ ਨਹੀਂ ਪਾਇਆ ਜਦੋਂ ਕਿ ਭਗਵੰਤ ਮਾਨ ਤੇ ਸੰਤੋਖ ਚੌਧਰੀ ਪਾਰਲੀਮੈਂਟ ਵਿਚ ਪੂਰਾ ਸਮਾਂ ਹਾਜ਼ਰ ਰਹੇ। ਇਸ ਸੈਸ਼ਨ ਵਿਚ ਦੇਸ਼ ਭਰ ਵਿਚੋਂ ਤਕਰੀਬਨ ਸੱਤ ਸੰਸਦ ਮੈਬਰਾਂ ਨੇ ਇਕ ਦਿਨ ਵੀ ਹਾਜ਼ਰੀ ਨਹੀਂ ਭਰੀ ਤੇ 10 ਸੰਸਦ ਮੈਂਬਰਾਂ ਨੇ ਸਿਰਫ਼ ਇਕ ਦਿਨ ਹੀ ਮੂੰਹ ਦਿਖਾਇਆ।
ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਵਿਧਾਨ ਸਭਾ ਵਿਚ ਵੀ ਹਾਜ਼ਰੀ ਬਹੁਤ ਘੱਟ ਰਹੀ ਸੀ ਤੇ ਹੁਣ ਸੰਸਦ ਵਿਚੋਂ ਵੀ ਉਹ ਗ਼ੈਰਹਾਜ਼ਰ ਹੋ ਰਹੇ ਹਨ।
ਸੰਸਦ ਦਾ ਸਰਦ ਰੁੱਤ ਸੈਸ਼ਨ ਐਤਕੀਂ 24 ਨਵੰਬਰ ਤੋਂ 23 ਦਸੰਬਰ ਤੱਕ ਚੱਲਿਆ ਤੇ 16ਵੀਂ ਲੋਕ ਸਭਾ ਦੇ ਤੀਸਰੇ ਸੈਸ਼ਨ ਵਿਚ ਕੁੱਲ 20 ਦਿਨ ਬੈਠਕਾਂ ਹੋਈਆਂ। ਪਾਰਲੀਮੈਂਟ ਦੇ ਹਾਜ਼ਰੀ ਰਜਿਸਟਰ ਵਿਚੋਂ ਕੈਪਟਨ ਅਮਰਿੰਦਰ ਸਿੰਘ ਸਮੇਤ ਸੱਤ ਸੰਸਦ ਮੈਂਬਰਾਂ ਦੇ ਨਾਂ ਗਾਇਬ ਰਹੇ। ਹਾਜ਼ਰੀ ਰਜਿਸਟਰ ਮੁਤਾਬਕ ਦੇਸ਼ ਦੇ 96 ਸੰਸਦ ਮੈਂਬਰ ਅਜਿਹੇ ਹਨ ਜਿਨ੍ਹਾਂ ਦੀ ਹਾਜ਼ਰੀ 100 ਫ਼ੀਸਦੀ ਰਹੀ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਜਲੰਧਰ ਤੋਂ ਕਾਂਗਰਸ ਦੇ ਐਮæਪੀæ ਸੰਤੋਖ ਚੌਧਰੀ ਦੀ 20 ਦਿਨਾਂ ਵਿਚੋਂ 19 ਦਿਨ ਹਾਜ਼ਰੀ ਰਹੀ ਹੈ ਜੋ ਸਭ ਤੋਂ ਜ਼ਿਆਦਾ ਹੈ। ਆਮ ਆਦਮੀ ਪਾਰਟੀ ਦੇ ਐਮæਪੀæ ਹਰਿੰਦਰ ਸਿੰਘ ਖ਼ਾਲਸਾ ਤੇ ਫਿਰੋਜ਼ਪੁਰ ਤੋਂ ਅਕਾਲੀ ਐਮæਪੀæ ਸ਼ੇਰ ਸਿੰਘ ਘੁਬਾਇਆ 13-13 ਦਿਨ ਹੀ ਸਦਨ ਵਿਚ ਹਾਜ਼ਰ ਰਹੇ। ਹਾਜ਼ਰੀ ਰਜਿਸਟਰ ਅਨੁਸਾਰ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ 18 ਦਿਨ, ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾæ ਧਰਮਵੀਰ ਗਾਂਧੀ 17-17 ਦਿਨ ਸਦਨ ਵਿਚ ਹਾਜ਼ਰ ਰਹੇ।
ਸ੍ਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਾਰਲੀਮੈਂਟ ਹੀ ਇਕੋ ਇਕ ਪਲੇਟਫਾਰਮ ਹੈ ਜਿਥੇ ਹਰ ਪ੍ਰਤੀਨਿਧ ਲੋਕ ਮਸਲੇ ਰੱਖ ਸਕਦਾ ਹੈ। ਉਨ੍ਹਾਂ ਸੈਸ਼ਨ ਦੌਰਾਨ ਕਈ ਅਹਿਮ ਜ਼ਰੂਰੀ ਸਮਾਜਿਕ ਕਾਰਜਾਂ ਨੂੰ ਵੀ ਛੱਡਿਆ ਤੇ ਜ਼ਿਆਦਾ ਸਮਾਂ ਸੈਸ਼ਨਾਂ ਵਿਚ ਹਾਜ਼ਰ ਰਹਿ ਕੇ ਲੋਕਾਂ ਦੇ ਮਾਮਲੇ ਚੁੱਕੇ। ਉਨ੍ਹਾਂ ਆਖਿਆ ਕਿ ਉਹ ਇਜਲਾਸ ਦੌਰਾਨ ਪੂਰਾ ਸਮਾਂ ਹਾਜ਼ਰ ਰਹੇ ਹਨ ਪਰ ਇਕ ਦਿਨ ਰਜਿਸਟਰ ਵਿਚ ਹਾਜ਼ਰੀ ਲਾਉਣਾ ਭੁੱਲ ਗਏ ਸਨ। ਚੰਡੀਗੜ੍ਹ ਤੋਂ ਭਾਜਪਾ ਦੀ ਐਮæਪੀæ ਕਿਰਨ ਖੇਰ ਨੇ 20 ਵਿਚੋਂ 19 ਦਿਨ ਸੰਸਦ ਵਿਚ ਹਾਜ਼ਰੀ ਭਰੀ। ਗੁਰਦਾਸਪੁਰ ਤੋਂ ਐਮæਪੀæ ਵਿਨੋਦ ਖੰਨਾ ਸੈਸ਼ਨ ਵਿਚ 14 ਦਿਨ ਤੇ ਰਣਜੀਤ ਸਿੰਘ ਬ੍ਰਹਮਪੁਰਾ 15 ਦਿਨ ਹਾਜ਼ਰ ਰਹੇ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਇਜਲਾਸ ਦੌਰਾਨ ਸਿਰਫ਼ ਅੱਠ ਦਿਨ ਹਾਜ਼ਰ ਰਹੇ ਜਦੋਂ ਕਿ ਉਨ੍ਹਾਂ ਦੇ ਚਚੇਰੇ ਭਰਾ ਫਿਰੋਜ਼ ਵਰੁਣ ਗਾਂਧੀ ਦੀ ਹਾਜ਼ਰੀ 18 ਦਿਨਾਂ ਦੀ ਬਣਦੀ ਹੈ। ਹਾਜ਼ਰੀ ਰਜਿਸਟਰ ਅਨੁਸਾਰ ਕੈਪਟਨ ਅਮਰਿੰਦਰ ਸਿੰਘ 16ਵੀਂ ਲੋਕ ਸਭਾ ਦੇ ਦੂਸਰੇ ਸੈਸ਼ਨ ਦੌਰਾਨ 26 ਦਿਨਾਂ ਵਿਚੋਂ ਸਿਰਫ਼ ਪੰਜ ਦਿਨ ਹਾਜ਼ਰ ਰਹੇ ਸਨ। ਇਸੇ ਤਰ੍ਹਾਂ ਪਹਿਲੇ ਸੈਸ਼ਨ ਵਿਚ ਛੇ ਦਿਨਾਂ ਵਿਚੋਂ ਸਿਰਫ਼ ਇਕ ਦਿਨ ਹੀ ਹਾਜ਼ਰ ਹੋਏ ਸਨ।
ਰਾਜ ਸਭਾ ਮੈਂਬਰਾਂ ਦੀ ਹਾਜ਼ਰੀ ‘ਤੇ ਝਾਤ ਮਾਰੀਏ ਤਾਂ ਡਾæ ਐਮæਐਸ਼ ਗਿੱਲ ਤੇ ਨਰੇਸ਼ ਗੁਜਰਾਲ ਦੀ ਹਾਜ਼ਰੀ 100 ਫ਼ੀਸਦੀ ਰਹੀ ਜਦੋਂ ਕਿ ਅਵਿਨਾਸ਼ ਰਾਏ ਖੰਨਾ ਅੱਠ ਦਿਨ ਹਾਜ਼ਰ ਰਹੇ। ਸੁਖਦੇਵ ਸਿੰਘ ਢੀਂਡਸਾ ਨੇ 16 ਦਿਨ ਤੇ ਬਲਵਿੰਦਰ ਸਿੰਘ ਭੂੰਦੜ ਨੇ ਰਾਜ ਸਭਾ ਵਿਚ 20 ਦਿਨ ਹਾਜ਼ਰੀ ਭਰੀ। ਅਸ਼ਵਨੀ ਕੁਮਾਰ 16 ਦਿਨ ਹਾਜ਼ਰ ਰਹੇ। ਪੰਜਾਬ ਦੇ ਅਵਤਾਰ ਸਿੰਘ ਕਰੀਮਪੁਰੀ ਯੂਪੀ ਤੋਂ ਰਾਜ ਸਭਾ ਮੈਂਬਰ ਹਨ ਪਰ ਉਨ੍ਹਾਂ ਸਿਰਫ਼ ਇਕ ਦਿਨ ਹੀ ਸੈਸ਼ਨ ਵਿਚ ਹਾਜ਼ਰੀ ਲਵਾਈ। ਸੂਤਰ ਆਖਦੇ ਹਨ ਕਿ ਲੋਕ ਪ੍ਰਤੀਨਿਧ ਦੀ ਸੰਜੀਦਗੀ ਦਾ ਪਤਾ ਉਨ੍ਹਾਂ ਦੀ ਪਾਰਲੀਮੈਂਟ ਵਿਚ ਹਾਜ਼ਰੀ ਤੋਂ ਲੱਗਦਾ ਹੈ ਕਿਉਂਕਿ ਸੰਸਦ ਵਿਚ ਹੀ ਕਾਨੂੰਨ ਬਣਾਏ ਜਾਂਦੇ ਹਨ ਤੇ ਨੀਤੀਆਂ ਤੈਅ ਹੁੰਦੀਆਂ ਹਨ।