ਕਬੱਡੀ ਕੱਪ ਟਰਾਂਸਪੋਰਟ ਘਪਲੇ ਦੀ ਜਾਂਚ ‘ਤੇ ਵਫਾਦਾਰੀ ਦਾ ਪੋਚਾ

ਬਠਿੰਡਾ: ਦੂਜੇ ਵਿਸ਼ਵ ਕਬੱਡੀ ਕੱਪ ਵਿਚ ਹੋਏ ਲੱਖਾਂ ਰੁਪਏ ਦੇ ਘਪਲੇ ਦੀ ਪੜਤਾਲ ਤੋਂ ਪੰਜਾਬ ਸਰਕਾਰ ਟਾਲਾ ਵੱਟ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਪਲੇ ਵਿਚ ਸਰਕਾਰ ਦੇ ਕਈ ਵਫਾਦਾਰ ਅਧਿਕਾਰੀਆਂ ਤੇ ਆਗੂਆਂ ਦੀ ਮਿਲੀਭੁਗਤ ਹੈ ਜਿਸ ਕਾਰਨ ਸਰਕਾਰ ਇਸ ਮਾਮਲੇ ਨੂੰ ਰਫਾ-ਦਫਾ ਕਰਨ ਵਿਚ ਲੱਗੀ ਹੋਈ ਹੈ।

ਦੱਸਣਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਟਰਾਂਸਪੋਰਟ ਅਫਸਰਾਂ ਨਾਲ ਮਿਲ ਕੇ ਪ੍ਰਾਈਵੇਟ ਬੱਸ ਮਾਲਕਾਂ ਨੇ ਸਰਕਾਰੀ ਖ਼ਜ਼ਾਨੇ ਨੂੰ ਰਗੜਾ ਲਾਇਆ ਸੀ। ਜਿਨ੍ਹਾਂ ਬੱਸਾਂ ਵਿਚ ਕਬੱਡੀ ਕੱਪ ਵਾਸਤੇ ਦਰਸ਼ਕਾਂ ਨੂੰ ਢੋਇਆ ਦਿਖਾਇਆ ਗਿਆ, ਉਹ ਬੱਸਾਂ ਨਹੀਂ ਬਲਕਿ ਸਕੂਟਰਾਂ ਦੇ ਨੰਬਰ ਸਨ। ਸਕੂਟਰਾਂ ਤੇ ਮੋਟਰ ਸਾਈਕਲਾਂ ਦੇ ਰਜਿਸਟ੍ਰੇਸ਼ਨ ਨੰਬਰ ਕਾਗ਼ਜ਼ਾਂ ਵਿਚ ਦਿਖਾ ਕੇ ਬੱਸਾਂ ਦੀ ਅਦਾਇਗੀ ਲੈ ਲਈ।
ਆਰæਟੀæਆਈæ ਤਹਿਤ ਬੇਪਰਦ ਹੋਏ ਇਸ ਘਪਲੇ ਦੀ ਪੜਤਾਲ ਕਰਨ ਵਾਸਤੇ ਪੰਜਾਬ ਸਰਕਾਰ ਤੇ ਵਿਜੀਲੈਂਸ ਬਿਊਰੋ ਪੰਜਾਬ ਨੂੰ 30 ਨਵੰਬਰ 2013 ਨੂੰ ਸ਼ਿਕਾਇਤ ਭੇਜੀ ਸੀ। ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਨੇ ਤਿੰਨ ਜਨਵਰੀ 2014 ਨੂੰ ਪੱਤਰ (ਨੰਬਰ 399 ਅਬ,ਐਸ 11) ਭੇਜ ਕੇ ਟਰਾਂਸਪੋਰਟ ਵਿਭਾਗ ਨੂੰ ਇਸ ਮਾਮਲੇ ਦੀ ਪੜਤਾਲ ਕਰਨ ਵਾਸਤੇ ਆਖਿਆ ਸੀ। ਟਰਾਂਸਪੋਰਟ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਨੇ ਵੀ ਦੋ ਜਨਵਰੀ 2013 ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ 15 ਦਿਨਾਂ ਦੇ ਅੰਦਰ- ਅੰਦਰ ਪੜਤਾਲ ਕਰਨ ਵਾਸਤੇ ਲਿਖ ਦਿੱਤਾ ਸੀ। ਸਟੇਟ ਟਰਾਂਸਪੋਰਟ ਕਮਿਸ਼ਨਰ ਦਫਤਰ ਨੇ ਤਕਰੀਬਨ ਪੰਜ ਮਹੀਨੇ ਤਾਂ ਇਸ ਸ਼ਿਕਾਇਤ ‘ਤੇ ਨਜ਼ਰ ਹੀ ਨਾ ਮਾਰੀ। ਉਸ ਮਗਰੋਂ ਕਮਿਸ਼ਨਰ ਨੇ 11 ਜੂਨ 2014 ਨੂੰ ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਨੂੰ ਪੜਤਾਲੀਆਂ ਅਫਸਰ ਨਿਯੁਕਤ ਕਰ ਦਿੱਤਾ ਤੇ 15 ਦਿਨਾਂ ਵਿਚ ਪੜਤਾਲ ਰਿਪੋਰਟ ਦੇਣ ਵਾਸਤੇ ਹਦਾਇਤ ਕੀਤੀ। ਡਿਪਟੀ ਕੰਟਰੋਲਰ ਨੇ ਕਈ ਮਹੀਨੇ ਮਗਰੋਂ ਹੁਣ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਪੱਤਰ ਲਿਖ ਦਿੱਤਾ ਹੈ ਕਿ ਉਸ ਨੂੰ ਡੀæਟੀæਓ ਬਠਿੰਡਾ, ਡਿਪਟੀ ਕਮਿਸ਼ਨਰ ਬਠਿੰਡਾ ਤੇ ਟਰਾਂਸਪੋਰਟ ਦੇ ਮੁੱਖ ਦਫ਼ਤਰ ਵੱਲੋਂ ਪੜਤਾਲ ਵਾਸਤੇ ਕੋਈ ਰਿਕਾਰਡ ਨਹੀਂ ਦਿੱਤਾ ਗਿਆ ਹੈ। ਰਿਕਾਰਡ ਦੀ ਅਣਹੋਂਦ ਕਰਕੇ ਪੜਤਾਲ ਕਰਨੀ ਸੰਭਵ ਨਹੀਂ। ਬਿਹਤਰੀ ਇਹੀ ਹੈ ਕਿ ਟਰਾਂਸਪੋਰਟ ਵਿਭਾਗ ਹੀ ਪੜਤਾਲ ਕਰ ਲਵੇ।
ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਹੁਣ 15 ਦਸੰਬਰ 2014 ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸ਼ਿਕਾਇਤ ਭੇਜ ਦਿੱਤੀ ਹੈ ਤੇ ਕਿਹਾ ਹੈ ਕਿ ਡਿਪਟੀ ਕਮਿਸ਼ਨਰ ਆਪਣੇ ਪੱਧਰ ‘ਤੇ ਇਸ ਸ਼ਿਕਾਇਤ ਦਾ ਨਿਪਟਾਰਾ ਕਰਨ। ਦੂਜੇ ਪਾਸੇ, ਸ਼ਿਕਾਇਤ ਕਰਨ ਵਾਲੇ ਹਰਮੀਤ ਸਿੰਘ ਮਹਿਰਾਜ ਦਾ ਕਹਿਣਾ ਹੈ ਕਿ ਕਿਸੇ ਵੀ ਪੜਤਾਲ ਅਫਸਰ ਤੇ ਦਫ਼ਤਰ ਵੱਲੋਂ ਉਸ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਗਿਆ ਹੈ। ਜੇਕਰ ਕੋਈ ਵੀ ਅਧਿਕਾਰੀ ਸੰਪਰਕ ਕਰਦਾ ਤਾਂ ਉਹ ਸਾਰਾ ਰਿਕਾਰਡ ਖੁਦ ਹੀ ਮੁਹੱਈਆ ਕਰਾ ਦਿੰਦਾ। ਹਰਮੀਤ ਸਿੰਘ ਅਨੁਸਾਰ ਇਸ ਘਪਲੇ ਵਿਚ ਬਠਿੰਡਾ ਦਾ ਇਕ ਵੱਡਾ ਵਿੱਦਿਅਕ ਅਦਾਰਾ ਸ਼ਾਮਲ ਹੈ। ਇਸ ਘਪਲੇ ਦੀ ਹਾਕਮ ਧਿਰ ਤੱਕ ਚੰਗੀ ਪਹੁੰਚ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਲਿਖਿਆ ਸੀ ਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਪੰਜਾਬ ਸਰਕਾਰ ਨੂੰ ਪੜਤਾਲ ਕਰਨ ਵਾਸਤੇ ਹਦਾਇਤ ਕੀਤੀ ਸੀ। ਪੜਤਾਲ ਦੀ ਅਣਹੋਂਦ ਦੇ ਮੱਦੇਨਜ਼ਰ ਹਰਮੀਤ ਸਿੰਘ ਮਹਿਰਾਜ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨ ਜਾ ਰਿਹਾ ਹੈ।
ਮਿਲੀ ਸੂਚਨਾ ਅਨੁਸਾਰ ਦੂਸਰੇ ਵਿਸ਼ਵ ਕਬੱਡੀ ਕੱਪ ਦੇ ਬਠਿੰਡਾ ਵਿਚ ਹੋਏ ਉਦਘਾਟਨ ਤੇ ਸੈਮੀਫਾਈਨਲ ਮੈਚਾਂ ਲਈ ਇਕੱਠ ਕਰਨ ਖਾਤਰ ਲੋਕਾਂ ਨੂੰ ਲਿਆਉਣ ਵਾਸਤੇ 227 ਬੱਸਾਂ ਵਰਤੀਆਂ ਗਈਆਂ, ਜਿਨ੍ਹਾਂ ਦੇ ਬਦਲੇ ਅੱਧੀ ਦਰਜਨ ਬੱਸ ਮਾਲਕਾਂ ਨੂੰ 7,94,500 ਰੁਪਏ ਦੀ ਅਦਾਇਗੀ ਕੀਤੀ ਗਈ। ਤਤਕਾਲੀ ਡੀæਟੀæਓ ਬਠਿੰਡਾ ਵੱਲੋਂ ਬਾਕਾਇਦਾ ਇਨ੍ਹਾਂ ਬੱਸਾਂ ਨੂੰ ਵੈਰੀਫਾਈ ਕੀਤਾ ਗਿਆ ਤੇ ਉਸ ਮਗਰੋਂ ਹੀ ਖੇਡ ਵਿਭਾਗ ਨੇ ਅਦਾਇਗੀ ਕੀਤੀ ਸੀ। ਟਰਾਂਸਪੋਰਟਰ ਹਰਮੀਕ ਸਿੰਘ ਨੂੰ 52 ਬੱਸਾਂ ਦੀ 1æ82 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਇਸ ਬੱਸ ਮਾਲਕ ਵੱਲੋਂ ਰਜਿਸਟ੍ਰੇਸ਼ਨ ਨੰਬਰ ਪੀæਬੀ 19 ਸੀ 9557 ਨੂੰ ਬੱਸ ਦਿਖਾਇਆ ਗਿਆ ਹੈ ਜਦੋਂ ਕਿ ਇਹ ਬਰਨਾਲਾ ਦੇ ਗੁਰਪ੍ਰੀਤ ਸਿੰਘ ਦੇ ਮੋਟਰਸਾਈਕਲ ਦਾ ਨੰਬਰ ਹੈ। ਪੀæਬੀ 13 ਜੀ 841 ਵੱਡੀ ਬੱਸ ਦਿਖਾਇਆ ਗਿਆ ਹੈ ਜਦੋਂ ਕਿ ਇਹ ਧੂਰੀ ਦੇ ਪਿੰਡ ਕੇਹਰੂ ਦੇ ਬਰਿੰਦਰ ਸਿੰਘ ਦੇ ਬਜਾਜ ਸਕੂਟਰ ਦਾ ਨੰਬਰ ਹੈ। ਘੱਟੋ-ਘੱਟ ਅੱਠ ਹੋਰ ਬੱਸਾਂ ਦੇ ਮਾਮਲੇ ਵੀ ਅਜਿਹੇ ਹਨ ਤੇ ਇਹ ਮਾਮਲੇ ਸਿਰਫ਼ ਇਕ ਬੱਸ ਮਾਲਕ ਤੱਕ ਸੀਮਤ ਨਹੀਂ।