ਡਾæ ਗੁਰਨਾਮ ਕੌਰ, ਕੈਨੇਡਾ
ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਭ ਜਨਮ ਦਿਨ ਆ ਰਿਹਾ ਹੈ। ਭਾਰਤ ਦੀ ਧਰਤੀ ਤੇ ੧੪੬੯ ਈæ ਵਿਚ ਰਾਏ ਭੋਇੰ ਦੀ ਤਲਵੰਡੀ ਵਿਚ ਗੁਰੂ ਨਾਨਕ ਸਾਹਿਬ ਦੇ ਜਨਮ ਨਾਲ ਇੱਕ ਚਾਨਣਮਈ ਨਵੇਂ ਯੁਗ ਦਾ ਅਰੰਭ ਹੁੰਦਾ ਹੈ। ਇੱਕ ਬਿਲਕੁਲ ਹੀ ਨਿਵੇਕਲੇ ਮਿਸ਼ਨ ਦੀ ਨੀਂਹ ਗੁਰੂ ਨਾਨਕ ਸਾਹਿਬ ਦੇ ੧੪੯੯ ਈæ ਵਿਚ Ḕਵੇਈਂ ਨਦੀ ਪ੍ਰਵੇਸ਼Ḕ ਤੋਂ ਰੱਖੀ ਜਾਂਦੀ ਹੈ।
ਇਸ ਮਿਸ਼ਨ ਨੂੰ ਆਪਣੀ ਮੰਜ਼ਿਲ ਵੱਲ ਲੈ ਜਾਣ ਲਈ ਦੂਜੀ ਨਾਨਕ ਜੋਤਿ ਗੁਰੂ ਅੰਗਦ ਦੇਵ ਤੋਂ ਲੈ ਕੇ ਨੌਵੀਂ ਨਾਨਕ ਜੋਤਿ ਗੁਰੂ ਤੇਗ ਬਹਾਦਰ ਸਾਹਿਬ ਤੱਕ ਆਪਣਾ ਆਪਣਾ ਸਾਰੇ ਗੁਰੂ ਸਾਹਿਬਾਨ ਯੋਗਦਾਨ ਪਾਉਂਦੇ ਹਨ। ਇਸ ਮਿਸ਼ਨ ਨੂੰ ਪੂਰਾ ਕਰਨ ਲਈ ਮਾਤਾ ਗੁਜਰੀ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਪਟਨੇ ਵਿਚ ੨੨ ਦਸੰਬਰ ੧੬੬੬ ਨੂੰ ਦਸਵੀਂ ਨਾਨਕ ਜੋਤਿ ਗੁਰੂ ਗੋਬਿੰਦ ਸਿੰਘ ਦਾ ਜਨਮ ਹੁੰਦਾ ਹੈ ਜੋ ਇਸ ਮਿਸ਼ਨ ਨੂੰ ਸੰਪੂਰਨਤਾ ੧੬੯੯ ਦੀ ਵਿਸਾਖੀ ਨੂੰ ਖਾਲਸਾ ਸਾਜ ਕੇ ਬਖਸ਼ਿਸ਼ ਕਰਦੇ ਹਨ।
ਗੁਰੂ ਨਾਨਕ ਸਾਹਿਬ ਰਾਹੀਂ ਅਰੰਭ ਕੀਤੀ ਸੰਗਤਿ ਨੂੰ ਆਪਣੀ ਪੂਰਨਤਾ ਦੇ ਹਾਸਲ ਲਈ ਖਾਲਸੇ ਦਾ ਰੂਪ ਧਾਰਨ ਕਰਨ ਲਈ ਤਕਰੀਬਨ ਦੋ ਸੌ ਸਾਲ ਦਾ ਸਮਾਂ ਲੱਗਦਾ ਹੈ। ਸਮੇਂ ਦੀ ਇਹ ਯਾਤਰਾ ਰਾਏ ਭੋਇੰ ਦੀ ਤਲਵੰਡੀ ਤੋਂ ੧੪੬੯ ਵਿਚ ਸ਼ੁਰੂ ਹੋ ਕੇ ਦੱਖਣ ਵਿਚ ਨਾਂਦੇੜ (ਹਜ਼ੂਰ ਸਾਹਿਬ) ਜਾ ਕੇ ੧੭੦੮ ਨੂੰ ਪੂਰੀ ਹੁੰਦੀ ਹੈ। ਸਿੱਖ ਧਰਮ ਦੇ ਸਾਰ-ਤੱਤ ਤੋਂ ਅਣਜਾਣ ਲੋਕ ਕਈ ਵਾਰ ਇਹ ਆਮ ਹੀ ਕਹਿੰਦੇ ਸੁਣੇ ਗਏ ਹਨ ਕਿ ਗੁਰੂ ਨਾਨਕ ਸਾਹਿਬ ਨੇ ਭਗਤੀ ਮਾਰਗ ਦਿੱਤਾ ਸੀ ਪਰ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਿਰਜਣਾ ਕਰਕੇ ਵੱਖਰਾ ਹੀ ਜੁਝਾਰੂ ਰੂਪ ਦੇ ਦਿੱਤਾ। ਇਸ ਤਰ੍ਹਾਂ ਦੀ ਸੋਚ ਸਿੱਖ ਧਰਮ ਦੀ ਅਸਲੀਅਤ ਤੋਂ ਅਣਜਾਣ ਲੋਕਾਂ ਦੀ ਹੀ ਹੋ ਸਕਦੀ ਹੈ। ਅਸਲ ਵਿਚ ਗੁਰੂ ਨਾਨਕ ਸਾਹਿਬ ਨੇ ਇੱਕ ਪਾਸੇ ਸਦੀਆਂ ਤੋਂ ਦੱਬੀ-ਕੁਚਲੀ, ਆਪਣੇ ਹੀ ਤਾਕਤਵਰ ਲੋਕਾਂ ਹੱਥੋਂ ਸੋਸ਼ਿਤ ਹੋ ਰਹੀ ਅਤੇ ਦੂਜੇ ਪਾਸੇ ਬਾਹਰੋਂ ਆਏ ਹੁਕਮਰਾਨਾਂ ਦੇ ਜ਼ਬਰ-ਜ਼ੁਲਮ ਨੂੰ ਸਹਿ ਰਹੀ ਲੋਕਾਈ ਦੇ ਉਧਾਰ ਅਤੇ ਸੁਧਾਰ ਲਈ ਜੋ ਅਭਿਆਨ ਸ਼ੁਰੂ ਕੀਤਾ ਸੀ, ਉਸੇ ਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜ ਕੇ ਸੋਸ਼ਿਤ ਹੋਣ ਤੋਂ ਇਨਕਾਰ ਕਰਨ ਅਤੇ ਜ਼ੁਲਮ ਨਾਲ ਟੱਕਰ ਲੈਣ ਦੇ ਸਮਰੱਥ ਬਣਾ ਕੇ ਪੂਰਾ ਕੀਤਾ। ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਸਾਹਿਬ ਨਾਲੋਂ ਕੋਈ ਵੱਖਰਾ ਸਿਧਾਂਤ ਜਾਂ ਵੱਖਰਾ ਅਮਲ ਨਹੀਂ ਦਿੱਤਾ ਬਲਕਿ ਗੁਰੂ ਨਾਨਕ ਸਾਹਿਬ ਦੇ ਮਿਸ਼ਨ “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰਿ ਤਲੀ ਗਲੀ ਮੇਰੀ ਆਉ॥” ਨੂੰ ਹੀ ਪੂਰਾ ਕੀਤਾ,
ਸਾਚ ਕਹੋਂ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ॥
ਸਿੱਖ ਧਰਮ ਦੇ ਪ੍ਰਕਾਸ਼ਨ ਤੋਂ ਪਹਿਲਾਂ ਭਾਰਤੀ ਜਨਤਾ ਦੂਹਰੀ ਕਿਸਮ ਦੀ ਗੁਲਾਮੀ ਹੰਢਾ ਰਹੀ ਸੀ। ਇੱਕ ਪਾਸੇ ਸਦੀਆਂ ਤੋਂ ਉਸ ਦਾ ਸੋਸ਼ਣ ਵਰਣ-ਵੰਡ ਦੇ ਆਧਾਰ ‘ਤੇ ਕੀਤਾ ਜਾ ਰਿਹਾ ਸੀ, ਜਿਸ ਨੇ ਕੱਟੜ ਜਾਤ-ਪਾਤ ਦਾ ਰੂਪ ਧਾਰਨ ਕਰਕੇ ਸਮਾਜ ਦੇ ਦੋ ਤਿਹਾਈ ਹਿੱਸੇ ਤੋਂ ਮਨੁੱਖ ਹੋਣ ਦਾ ਅਧਿਕਾਰ ਹੀ ਖੋਹ ਲਿਆ ਸੀ ਅਤੇ ਇਸ ਗੁਲਾਮੀ ਦੀਆਂ ਜੰਜ਼ੀਰਾਂ ਬਹੁਤ ਹੀ ਸੂਖਮ ਸਨ, ਜਿਨ੍ਹਾਂ ਨੂੰ ਤੋੜਨਾ ਬਹੁਤ ਮੁਸ਼ਕਿਲ ਕਾਰਜ ਸੀ। ਦੂਸਰੇ ਪਾਸੇ ਬਦੇਸ਼ੀ ਹਮਲਾਵਰਾਂ ਦੀ ਗੁਲਾਮੀ, ਜਿਨ੍ਹਾਂ ਨੇ ਨਾ ਸਿਰਫ ਰਾਜਸੀ ਤਾਕਤ ਹੀ ਹਥਿਆ ਲਈ ਸੀ ਬਲਕਿ ਆਪਣਾ ਧਰਮ ਵੀ ਲੋਕਾਂ ‘ਤੇ ਥੋਪਣਾ ਸ਼ੁਰੂ ਕਰ ਦਿੱਤਾ ਸੀ। ਇਸ ਦੂਹਰੀ ਗੁਲਾਮੀ ਤੋਂ ਨਿਜ਼ਾਤ ਪੁਆਉਣ ਦਾ ਮਿਸ਼ਨ ਗੁਰੂ ਨਾਨਕ ਸਾਹਿਬ ਨੇ ਅਰੰਭ ਕੀਤਾ ਜਿਸ ਵਿਚੋਂ ਸਮਾਜ ਨੂੰ ਕੱਢਣ ਲਈ ਲੋਕਾਂ ਦੀ ਮਾਨਸਿਕਤਾ ਨੂੰ ਬਦਲਣਾ ਅਤੇ ਸਵੈ-ਸਮਰੱਥ ਬਣਾਉਣਾ ਜ਼ਰੂਰੀ ਸੀ। ਇਸ ਸਦੀਆਂ ਤੋਂ ਚਲੀ ਆ ਰਹੀ ਹੀਣ-ਭਾਵਨਾ ਅਤੇ ਗੁਲਾਮ ਮਾਨਸਿਕਤਾ ਨੂੰ ਬਦਲਣ ਅਤੇ ਆਮ ਮਨੁੱਖ ਨੂੰ ਸਵੈ-ਸਮਰੱਥ ਬਣਾਉਣ ਲਈ ਇੱਕ ਲਗਾਤਾਰ ਅਤੇ ਲੰਬੇ ਅਮਲ ਦੀ ਲੋੜ ਸੀ ਜੋ ਇੱਕ ਜਾਮੇ ਵਿਚ ਨਹੀਂ ਸੀ ਹੋ ਸਕਦਾ ਕਿਉਂਕਿ ਸਦੀਆਂ ਤੋਂ ਬਣੀ ਮਾਨਸਿਕਤਾ ਨੂੰ ਬਦਲਣਾ ਸਹਿਜ ਕਾਰਜ ਨਹੀਂ ਹੈ।
ਮਨੁੱਖੀ ਬਰਾਬਰੀ ਦੇ ਅਹਿਸਾਸ ਲਈ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ “ੴ” ਦਾ ਮੰਤਰ ਸੁਣਾਇਆ ਅਰਥਾਤ ਮਨੁੱਖ ਨੂੰ ਇਹ ਅਹਿਸਾਸ ਕਰਾਇਆ ਕਿ ਅਕਾਲ ਪੁਰਖ ਕੇਵਲ ਇੱਕੋ-ਇੱਕ ਹਸਤੀ ਹੈ ਜਿਸ ਤੋਂ ਇਹ ਸਾਰਾ ਬ੍ਰਹਿਮੰਡ ਹੋਂਦ ਵਿਚ ਆਇਆ ਹੈ ਅਤੇ ਸਾਰੇ ਜੀਵਾਂ ਵਿਚ ਉਸ ਇੱਕ ਦੀ ਜੋਤਿ ਬਿਰਾਜਮਾਨ ਹੈ। ਇਸ ਲਈ ਸਾਰੇ ਮਨੁੱਖ ਬਰਾਬਰ ਹਨ ਅਤੇ ਅਧਿਆਤਮਕ ਅਤੇ ਸਮਾਜਿਕ ਅਧਿਕਾਰਾਂ ਦੇ ਇੱਕੋ ਜਿਹੇ ਹੱਕਦਾਰ ਹਨ। ਇਸ ਲਈ ਕੋਈ ਵੀ ਮਨੁੱਖ ਜਨਮ, ਜਾਤ, ਰੰਗ, ਨਸਲ, ਇਸਤਰੀ-ਪੁਰਸ਼ ਹੋਣ ਦੇ ਨਾਤੇ ਉਚਾ ਜਾਂ ਨੀਵਾਂ, ਛੋਟਾ ਜਾਂ ਵੱਡਾ ਨਹੀਂ ਹੈ। ਮਨੁੱਖ ਮਾਤਰ ਨੂੰ ਹਰ ਤਰ੍ਹਾਂ ਦੇ ਕਰਮ-ਕਾਂਡ ਅਤੇ ਧਾਰਮਿਕ ਪਖੰਡ ਵਿਚੋਂ ਕੱਢ ਕੇ ਕੇਵਲ ਅਤੇ ਕੇਵਲ ਉਸ ਇੱਕ ਦੇ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਵਲੋਂ ਆਪਣਾ ਰਬਾਬੀ ਸਾਥੀ ਚੁਣਨਾ ਅਤੇ ਮਲਿਕ ਭਾਗੋ ਦੇ ਛੱਤੀ ਪ੍ਰਕਾਰ ਦੇ ਭੋਜਨ ਦੀ ਥਾਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਇਸ ਮਨੁੱਖੀ ਏਕਤਾ ਅਤੇ ਬਰਾਬਰੀ ਦੇ ਵੱਡੇ ਪ੍ਰਤੀਕ ਹਨ। ਇਸੇ ਮਨੁੱਖੀ ਏਕਤਾ ਅਤੇ ਬਰਾਬਰੀ ਦਾ ਪ੍ਰਕਾਸ਼ਨ ਪੀਰ ਬੁੱਧੂ ਸ਼ਾਹ ਦੇ ਸਾਥ, ਗਨੀ ਖਾਂ ਅਤੇ ਮਨੀ ਖਾਂ, ਰਾਏ ਕਲਹਾ ਦੀ ਸ਼ਰਧਾ ਅਤੇ ਨੀਵੇਂ ਕਹੇ ਜਾਣ ਵਾਲੇ ਸਿਦਕਵਾਨਾਂ ਨੂੰ ਇੱਕੋ ਬਾਟੇ ਵਿਚੋਂ ਅੰਮ੍ਰਿਤ ਛਕਾਉਣ ਵਿਚ ਹੁੰਦਾ ਹੈ।
Ḕਸ਼ਬਦ ਰਾਗਾਂ ਕੇḔ ਪਾਤਿਸ਼ਾਹੀ ਦਸਵੀਂ ਪੰਥ ਪ੍ਰਵਾਣਿਤ ਹਨ। ਇਥੇ ਕੁਝ ਇੱਕ ‘ਤੇ ਸੰਖੇਪ ਵਿਚਾਰ-ਚਰਚਾ ਕੀਤੀ ਜਾ ਸਕਦੀ ਹੈ। ਸ਼ਬਦ Ḕਰਾਗਿ ਕਲਿਆਣḔ ਵਿਚ ਦੱਸਿਆ ਹੈ ਕਿ ਉਸ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਹਸਤੀ ਨੂੰ ਇਸ ਸ੍ਰਿਸ਼ਟੀ ਦੀ ਰਚਨਹਾਰ ਨਹੀਂ ਮੰਨਣਾ। ਉਹ ਸ੍ਰਿਸ਼ਟੀ ਦੇ ਆਦਿ ਵਿਚ ਹੈ, ਨਾਸ-ਰਹਿਤ ਹੈ, ਅਜੂਨੀ ਹੈ ਅਰਥਾਤ ਜਨਮ-ਮਰਨ ਵਿਚ ਨਹੀਂ ਆਉਂਦਾ, ਉਸ ਨੂੰ ਜਿੱਤਿਆ ਨਹੀਂ ਜਾ ਸਕਦਾ ਅਤੇ ਉਹ ਹੀ ਪਰਮ ਹਸਤੀ ਹੈ। ਅੱਗੇ ਕ੍ਰਿਸ਼ਨ ਨੂੰ ਰੱਬ ਮੰਨ ਕੇ ਪੂਜਣ ਉਤੇ ਕਿੰਤੂ ਕੀਤਾ ਹੈ ਕਿ ਕੀ ਹੋਇਆ ਜੇ ਸੰਸਾਰ ‘ਤੇ ਜਨਮ ਲੈ ਕੇ ਦਸ ਕੁ ਦੈਂਤਾਂ ਨੂੰ ਮਾਰ ਦਿੱਤਾ ਅਤੇ ਇਸ ਤਰ੍ਹਾ ਦੇ ਕੁਝ ਕੁ ਪਰਪੰਚ ਦਿਖਾ ਕੇ ਆਪਣੇ ਆਪ ਨੂੰ Ḕਬ੍ਰਹਮḔ ਅਰਥਾਤ ਪਰਮਾਤਮਾ ਕਹਾਉਣਾ ਸ਼ੁਰੂ ਕਰ ਦਿੱਤਾ। ਉਸ ਨੂੰ ਪੈਦਾ ਕਰਨ ਵਾਲੀ, ਮਾਰਨ ਵਾਲੀ ਅਤੇ ਸਰਬ-ਸਮਰੱਥ, ਸਦਾ ਕਾਇਮ ਰਹਿਣ ਵਾਲੀ, ਪਰਮ ਹਸਤੀ ਅਰਥਾਤ ਪਰਮਾਤਮਾ ਕਿਵੇਂ ਮੰਨਿਆ ਜਾ ਸਕਦਾ ਹੈ। ਉਹ ਮੌਤ ਦੀ ਤਲਵਾਰ ਦੇ ਵਾਰ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕਿਆ। ਭਾਵ ਜਨਮ ਲੈਣ ਅਤੇ ਮਰਨ ਵਾਲੀ ਹਸਤੀ ਪਰਮਾਤਮਾ ਕਿਵੇਂ ਹੋ ਸਕਦੀ ਹੈ? ਅੱਗੇ ਕਿਹਾ ਹੈ ਕਿ ਹੇ ਮੂਰਖ! ਜਿਹੜਾ ਆਪ ਇਸ ਵਿਚ ਡੁੱਬ ਗਿਆ ਉਹ ਤੈਨੂੰ ਭਵ-ਸਾਗਰ ਤੋਂ ਕਿਵੇਂ ਪਾਰ ਲੈ ਕੇ ਜਾ ਸਕਦਾ ਹੈ। ਤੂੰ ਇਸ ਭਵ-ਸਾਗਰ ਨੂੰ ਤਾਂ ਹੀ ਤਰ ਸਕਦਾ ਹੈਂ ਜੇ ਉਸ ਦਾ ਆਸਰਾ ਲਵੇਂ ਜੋ ਇਸ ਸ੍ਰਿਸ਼ਟੀ ਦੇ ਅਰੰਭ ਵਿਚ ਹੈ ਅਰਥਾਤ ਉਹ ਇੱਕ ਜਿਸ ਨੇ ਇਸ ਦੀ ਰਚਨਾ ਕੀਤੀ ਹੈ,
ਬਿਨੁ ਕਰਤਾਰ ਨ ਕਿਰਤਮ ਮਾਨੋ
ਆਦਿ ਅਜੋਨਿ ਅਜੈ ਅਬਿਨਾਸੀ
ਤਿਹ ਪਰਮੇਸੁਰ ਜਾਨੋ॥੧॥ਰਹਾਉ॥
ਕਹਾ ਭਯੋ ਜੋ ਆਨਿ ਜਗਤ ਮੈ
ਦਸਕੁ ਅਸੁਰ ਹਰਿ ਘਾਏ।॥
ਅਧਿਕ ਪ੍ਰਪੰਚ ਦਿਖਾਇ ਸਭਨ ਕੱਹ
ਆਪਹਿ ਬ੍ਰਹਮੁ ਕਹਾਏ॥੧॥
ਭੰਜਨ ਗੜ੍ਹਨ ਸਮਰੱਥ ਸਦਾ ਪ੍ਰਭ
ਸੋ ਕਿਮ ਜਾਤਿ ਗਿਨਾਯੋ॥
ਤਾ ਤੇ ਸਰਬ ਕਾਲ ਕੇ ਅਸਿ ਕੋ
ਘਾਇ ਬਚਾਇ ਨ ਆਯੋ॥੨॥
ਕੈਸੇ ਤੋਹਿ ਤਾਰਿ ਹੈ ਸੁਨਿ ਜੜ੍ਹ
ਆਪ ਡੁਬਯੋ ਭਵ-ਸਾਗਰਿ॥
ਛੁਟਿ ਹੋ ਕਾਲ ਫਾਸ ਤੇ ਤਬ ਹੀ
ਗਹੋ ਸਰਨਿ ਜਗਤਾਗਰ॥੩॥
ਇਸ ਤੋਂ ਅੱਗੇ ਰਾਗ ਤਿਲੰਗ, ਕਾਫੀ ਵਿਚ ਦੱਸਿਆ ਹੈ ਕਿ ਸਭ ਨੂੰ ਮਾਰ ਸਕਣ ਦੇ ਸਮਰੱਥ ਹੀ ਉਹ ਕਰਤਾ ਪੁਰਖ ਹੈ ਅਰਥਾਤ ਉਹ ਇੱਕ ਪਰਮ ਹਸਤੀ ਹੀ ਕਰਤਾ ਪੁਰਖ ਹੈ ਜੋ ਮੌਤ ਦੇਣ ਦੇ ਸਮਰੱਥ ਹੈ। ਉਹ ਇਸ ਸ੍ਰਿਸ਼ਟੀ ਦੇ ਅਰੰਭ ਵਿਚ, ਅੰਤ ਵਿਚ ਹੈ ਅਤੇ ਅਸੀਮ ਹਸਤੀ ਹੈ ਜੋ ਰਚਨਾ ਕਰਨ ਦੇ ਅਤੇ ਅੰਤ ਕਰਨ ਦੇ ਸਮਰੱਥ ਹੈ। ਉਸ ਲਈ ਉਸਤਤਿ ਅਤੇ ਨਿੰਦਿਆ ਇੱਕ ਬਰਾਬਰ ਹਨ ਅਰਥਾਤ ਉਹ ਅਜਿਹੀਆਂ ਭਾਵਨਾਵਾਂ ਤੋਂ ਨਿਆਰੀ ਹਸਤੀ ਹੈ ਅਤੇ ਉਹ ਵੈਰ ਅਤੇ ਮਿੱਤਰਤਾ ਤੋਂ ਨਿਰਲੇਪ ਹੈ। ਅਜਿਹੀ ਨਿਰਵੈਰ ਤੇ ਨਿਰਲੇਪ ਹਸਤੀ ਨੂੰ ਕੀ ਜ਼ਰੂਰਤ ਪਈ ਹੈ ਕਿ ਉਹ ਪ੍ਰਿਥਾ ਦੇ ਪੁੱਤਰ ਅਰਜਨ ਪਾਂਡੋ ਦੇ ਰੱਥ ਦਾ ਸਾਰਥੀ ਬਣੇ? ਜਿਸ ਦਾ ਕੋਈ ਜਨਮ ਦੇਣ ਵਾਲਾ ਪਿਤਾ ਜਾਂ ਮਾਤਾ, ਪੁੱਤਰ, ਪੋਤਰਾ ਜਾਂ ਮੁਕਤੀ ਦੇਣ ਵਾਲਾ ਨਹੀਂ ਹੈ, ਉਸ ਨੂੰ ਕੀ ਜ਼ਰੂਰਤ ਪਈ ਸੀ ਦੂਸਰਿਆਂ ਨੂੰ ਇਹ ਕਹਿਣ ਦੀ ਕਿ ਉਸ ਨੂੰ ਦੇਵਕੀ ਦਾ ਪੁੱਤਰ ਬੁਲਾਉਣ। ਜਿਸ ਨੇ ਇਸ ਸਾਰੇ ਪਾਸਾਰੇ, ਦੇਵਤਿਆਂ ਅਤੇ ਦੈਂਤਾਂ ਦੀ ਰਚਨਾ ਕੀਤੀ ਹੈ, ਉਸ ਨੂੰ ਕਿਸ ਦ੍ਰਿਸ਼ਟਾਂਤ ਕਾਰਨ ਮੁੱਖ ਤੋਂ ḔਮੁਰਾਰਿḔ ਕਿਹਾ ਜਾਂਦਾ ਹੈ,
ਕੇਵਲ ਕਾਲਈ ਕਰਤਾਰ॥
ਆਦਿ ਅੰਤਿ ਅਨੰਤ ਮੂਰਤਿ
ਗੜ੍ਹਨ ਭੰਜਨ ਹਾਰ॥੧॥ਰਹਾਉ॥
ਨਿੰਦ ਉਸਤਤਿ ਜਉਨ ਕੇ ਸਮ
ਸਤ੍ਰ ਮਿਤ੍ਰੁ ਨ ਕੋਇ॥
ਕਉਨ ਬਾਟ ਪਰੀ ਤਿਸੈ
ਪਥ ਸਾਰਥੀ ਰਥ ਹੋਇ॥
ਤਾਤ ਮਾਤ ਨ ਜਾਤਿ ਜਾਕਰ
ਪੁਤ੍ਰ ਪੌਤ੍ਰ ਮੁਕੰਦ॥
ਕਉਨ ਕਾਜ ਕਹਹਿਗੇ ਤੇ
ਆਨਿ ਦੇਵਕਿ ਨੰਦ॥੨॥
ਦੇਵ ਦੈਤ ਦਿਸਾ ਵਿਸਾ
ਜਿਹ ਕੀਨ ਸਰਬ ਪਸਾਰ॥
ਕਉਨ ਉਪਮਾ ਤੌਨ ਕੌ
ਮੁਖਿ ਲੇਤ ਨਾਮੁ ਮੁਰਾਰਿ॥੩॥
Ḕਰਾਗਿ ਬਿਲਾਵਲੁḔ ਵਿਚ ਰਚੇ ਸ਼ਬਦ ਵਿਚ ਦੱਸਿਆ ਹੈ ਕਿ ਉਸ ਕਰਤਾ ਪੁਰਖ ਨੂੰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਉਹ ਮਨੁੱਖੀ ਜਾਮੇ ਵਿਚ ਆਉਂਦਾ ਹੈ। ਸਿੱਧ ਪੁਰਸ਼ ਘੋਰ ਤਪੱਸਿਆ ਕਰਦੇ ਹਾਰ ਗਏ ਕਿ ਉਸ ਦੇ ਦਰਸ਼ਨ ਕਰ ਸਕਣ, ਉਸ ਦੀ ਇੱਕ ਝਲਕ ਲੈ ਸਕਣ ਪਰ ਉਹ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਨਜ਼ਰ ਨਹੀਂ ਆਇਆ। ਨਾਰਦ, ਵਿਆਸ ਰਿਸ਼ੀ, ਪਰਾਸ਼ਰ ਅਤੇ ਧਰੂ ਭਗਤ ਵਰਗਿਆਂ ਨੇ ਉਸ ਦੀ ਭਗਤੀ ਕੀਤੀ। ਵੇਦ, ਪੁਰਾਣ ਆਦਿ ਸ਼ਾਸਤਰ ਯਤਨ ਕਰਦੇ ਹਾਰ ਗਏ ਅਤੇ ਯਤਨ ਕਰਨਾ ਛੱਡ ਦਿੱਤਾ ਕਿਉਂਕਿ ਉਸ ਦੇ ਦਰਸ਼ਨ ਨਹੀਂ ਕਰ ਸਕੇ। ਦਾਨਵਾਂ, ਦੇਵਤਿਆਂ, ਭੂਤਾਂ, ਪ੍ਰੇਤਾਂ- ਸਭ ਨੇ ਇਹ ਹੀ ਕਿਹਾ ਹੈ ਕਿ ਉਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਉਸ ਨੂੰ ਸੂਖਮ ਤੋਂ ਵੀ ਸੂਖਮ ਅਤੇ ਵਿਸ਼ਾਲ ਤੋਂ ਵੀ ਵਿਸ਼ਾਲ ਮੰਨਿਆ ਗਿਆ ਹੈ। ਉਹ ਇੱਕ ਹੈ ਜਿਸ ਨੇ ਧਰਤੀ, ਆਕਾਸ਼, ਪਤਾਲ- ਸਭ ਦੀ ਰਚਨਾ ਕੀਤੀ ਹੈ ਅਤੇ ਉਸ ਨੂੰ ਇੱਕ ਤੋਂ ਅਨੇਕ ਕਰਕੇ ਵਰਣਨ ਕੀਤਾ ਗਿਆ ਹੈ। ਉਹ ਮਨੁੱਖ ਕਾਲ ਦੇ ਫੰਧੇ ਤੋਂ ਬਚ ਜਾਂਦਾ ਹੈ ਜੋ ਉਸ ਅਕਾਲ ਪੁਰਖ ਦੀ ਸ਼ਰਨ ਵਿਚ ਆ ਜਾਂਦਾ ਹੈ,
ਸੋ ਕਿਮ ਮਾਨਸ ਰੂਪ ਕਹਾਏ॥
ਸਿੱਧ ਸਮਾਧਿ ਸਾਧ ਕਰ ਹਾਰੇ
ਕਯੂ ਹੂੰ ਨ ਦੇਖਨ ਪਾਏ॥੧॥ਰਹਾਉ॥
ਨਾਰਦ ਬਿਆਸ ਪਰਾਸਰ ਧ੍ਰੂ ਸੇ
ਧਿਆਵਤ ਧਿਆਨ ਲਗਾਏ॥
ਬੇਦ ਪੁਰਾਨ ਹਾਰਿ ਹਠ ਛਾਡਿਓ
ਤਦਪਿ ਧਿਆਨ ਨ ਆਏ॥੧॥
ਦਾਨਵ ਦੇਵ ਪਿਸਾਚ ਪ੍ਰੇਤ ਤੇ
ਨੇਤਹ ਨੇਤ ਕਹਾਏ॥
ਸੂਛਮ ਤੇ ਸੂਛਮ ਕਰ ਚੀਨੇ
ਬ੍ਰਿਧਨਾ ਬ੍ਰਿਧ ਬਤਾਏ॥੨॥
ਭੂਮਿ ਅਕਾਸ ਪਤਾਲ ਸਭੈ ਸਜਿ
ਏਕ ਅਨੇਕ ਸਦਾਏ॥
ਸੋ ਨਰ ਕਾਲ-ਫਾਸ ਤੇ ਬਾਚੇ
ਜੋ ਹਰਿ ਸਰਣਿ ਸਿਧਾਏ॥੩॥
Ḕਰਾਗਿ ਦੇਵਗੰਧਾਰੀḔ ਵਿਚ ਰਚੇ ਸ਼ਬਦ ਵਿਚ ਦੱਸਿਆ ਹੈ ਕਿ ਉਸ ਇੱਕ ਪਰਮ ਹਸਤੀ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਦੀ ਪਛਾਣ ਨਾ ਕਰ। ਉਹ ਜੋ ਕਰਤਾਰ ਹੈ, ਕਰਤਾ ਪੁਰਖ ਹੈ ਉਹ ਹੀ ਮਾਰਨ ਅਤੇ ਪੈਦਾ ਕਰਨ ਦੇ ਸਮਰੱਥ ਹੈ, ਸਰਬ-ਸ਼ਕਤੀਮਾਨ ਅਤੇ ਜਾਣੀ-ਜਾਣ ਹੈ। ਪੂਰਨ ਸ਼ਰਧਾ ਨਾਲ ਬਹੁਤ ਵਿਧੀਆਂ ਰਾਹੀਂ ਪੱਥਰਾਂ ਦੀ ਪੂਜਾ ਕਰਨ ਦਾ ਕੀ ਲਾਭ ਹੈ? ਹੱਥ ਪੱਥਰਾਂ ਦੀ ਪੂਜਾ ਕਰਦੇ, ਪੱਥਰਾਂ ਦਾ ਸਪਰਸ਼ ਕਰਦੇ ਥੱਕ ਗਏ ਹਨ, ਕਿਉਂਕਿ ਇਨ੍ਹਾਂ ਪੱਥਰਾਂ ਵਿਚ ਕੋਈ ਵੀ ਅਲੌਕਿਕ ਸ਼ਕਤੀ ਨਹੀਂ ਹੈ। ਚੌਲ, ਧੂਫ-ਬੱਤੀ ਭੇਟ ਕੀਤੀ ਜਾਂਦੀ ਹੈ ਅਤੇ ਦੀਪ ਜਲਾਏ ਜਾਂਦੇ ਹਨ ਪਰ ਇਹ ਪੱਥਰ ਕੁਝ ਵੀ ਨਹੀਂ ਖਾਂਦੇ। ਭਾਵ ਇਨ੍ਹਾਂ ਬੇਜਾਨ ਪੱਥਰਾਂ ਦੀ ਪੂਜਾ ਕਰਨ ਦਾ ਕੀ ਲਾਭ ਹੈ? ਮੂਰਖ ਇਨਸਾਨ! ਇਨ੍ਹਾਂ ਵਿਚ ਕਿਹੜੀ ਰੱਬੀ ਸ਼ਕਤੀ ਹੈ ਜਿਸ ਨਾਲ ਇਹ ਤੈਨੂੰ ਕੋਈ ਦਾਤਾਂ ਬਖਸ਼ਿਸ਼ ਕਰ ਸਕਣ! ਆਪਣੇ ਮਨ ਵਿਚ ਵਿਚਾਰ ਕਰਕੇ ਦੇਖ, ਬਾਣੀ ਰਾਹੀਂ ਬੋਲ ਕੇ ਅਤੇ ਕਰਮ ਰਾਹੀਂ ਦੇਖ ਕੇ ਸੋਚ ਜੇ ਇਨ੍ਹਾਂ ਪੱਥਰਾਂ ਵਿਚ ਜੀਵਨ ਹੋਵੇ ਤਾਂ ਹੀ ਤੈਨੁੰ ਕੁਝ ਦੇ ਸਕਣ ਦੇ ਸਮਰੱਥ ਹੋਣ। ਕੇਵਲ ਉਸ ਇੱਕ ਅਕਾਲ ਪੁਰਖ ਦਾ ਓਟ-ਆਸਰਾ ਲੈਣ ਤੋਂ ਬਿਨਾ ਕਿਧਰੇ ਵੀ ਮੁਕਤੀ ਨਹੀਂ ਮਿਲਣੀ,
ਇਕ ਬਿਨ ਦੂਸਰ ਸੋ ਨ ਚਿਨ੍ਹਾਰ॥
ਭੰਜਨ ਗੜ੍ਹਨ ਸਮਰੱਥ ਸਦਾ ਪ੍ਰਭ
ਜਾਨਤ ਹੈ ਕਰਤਾਰ॥੧॥ਰਹਾਉ॥
ਕਹਾ ਭਇਓ ਜੋ ਅਤਿ ਹਿਤ ਚਿਤਿ ਕਰਿ
ਬਹੁ ਬਿਧਿ ਸਿਲਾ ਪੁਜਾਈ॥
ਪਾਨ ਥਕਿਓ ਪਾਹਨ ਕਹ ਪਰਸਤ
ਕਛੁ ਕਰਿ ਸਿੱਧ ਨ ਆਈ॥੧॥
ਅੱਛਤ ਧੁਪ ਦੀਪ ਅਰਪਤ ਹੈ
ਪਾਹਨ ਕਛੂ ਨ ਖੈ ਹੈ॥
ਤਾ ਮੈ ਕਹਾ ਸਿਧਿ ਹੈ ਰੇ ਜੜ੍ਹ
ਤੋਹਿ ਕਛੂ ਬਰੁ ਦੈ ਹੈ॥੨॥
ਜੋ ਜਿਯ ਹੋਤ ਤੋ ਦੇਤ ਕਛੁ ਤੁਹਿ
ਮਨ ਬਚ ਕਰਮ ਬਿਚਾਰੁ॥
ਕੇਵਲ ਏਕ ਸਰਣਿ ਸੁਆਮੀ ਬਿਨੁ
ਯੋਂ ਨਹਿ ਕਤਹਿ ਉਧਾਰ॥੩॥
ਅੱਗੇ ḔਦੇਵਗੰਧਾਰੀḔ ਵਿਚ ਸ਼ਬਦ ਵਿਚ ਦੱਸਿਆ ਹੈ ਕਿ ਉਸ ਅਕਾਲ ਪੁਰਖ ਦੇ ਨਾਮ ਤੋਂ ਬਿਨਾ ਕੋਈ ਬਚ ਨਹੀਂ ਸਕਦਾ। ਜਿਸ ਪਰਮ ਹਸਤੀ ਨੇ ਚੌਦਾਂ ਲੋਕਾਂ ਅਰਥਾਤ ਸਾਰੇ ਬ੍ਰਹਿਮੰਡ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ ਉਸ ਤੋਂ ਭੱਜ ਕੇ ਮਨੁੱਖ ਕਿਥੇ ਚਲਾ ਜਾਵੇਗਾ? ਰਾਮ, ਰਹੀਮ, ਬ੍ਰਹਮਾ, ਵਿਸ਼ਨੂੰ, ਮਹੇਸ਼, ਸੂਰਜ ਅਤੇ ਚੰਦ ਦਾ ਨਾਮ ਜਪ ਕੇ ਮਨੁੱਖ ਬਚ ਨਹੀਂ ਸਕਦਾ ਕਿਉਂਕਿ ਇਹ ਸਾਰੇ ਹੀ ਮੌਤ ਦੇ ਵੱਸ ਵਿਚ ਹਨ। ਵੇਦ, ਪੁਰਾਣ ਅਤੇ ਕੁਰਾਨ ਸ਼ਰੀਫ ਅਤੇ ਸਾਰੇ ਧਰਮ ਮੰਨਦੇ ਹਨ ਕਿ ਉਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਇੰਦ੍ਰ ਦੇਵਤਾ, ਸ਼ੇਸ਼ ਨਾਗ, ਮੁਨੀਆਂ ਨੇ ਉਸ ਦਾ ਯੁਗਾਂ ਤੱਕ ਧਿਆਨ ਧਰਿਆ ਪਰ ਉਸ ਨੂੰ ਦੇਖ ਨਹੀਂ ਸਕੇ। ਜਿਸ ਦਾ ਕੋਈ ਰੂਪ, ਰੰਗ ਅਤੇ ਆਕਾਰ ਹੀ ਨਹੀਂ ਹੈ ਉਸ ਨੂੰ ḔਸਾਂਵਲੇḔ ਰੰਗ ਦਾ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ? ਮੌਤ ਦੇ ਫੰਦੇ ਤੋਂ ਮੁਕਤੀ ਅਕਾਲ ਪੁਰਖ ਦੀ ਸ਼ਰਨ ਗਿਆਂ ਹੀ ਮਿਲ ਸਕਦੀ ਹੈ,
ਬਿਨੁ ਹਰਿ ਨਾਮੁ ਨ ਬਾਚਨ ਪੈ ਹੈ॥
ਚੌਦਹ ਲੋਕ ਜਾਹਿ ਬਸਿ ਕੀਨੋ
ਤਾ ਤੇ ਕਹਾ ਪਲੇ ਹੈ॥੧॥ਰਹਾਉ॥
ਰਾਮ ਰਹੀਮ ਉਬਾਰ ਨ ਸਕ ਹੈਂ
ਜਾ ਕਰ ਨਾਮ ਰਟੈ ਹੈਂ॥
ਬ੍ਰਹਮਾ ਬਿਸਨੁ ਰੁਦ੍ਰ ਸੂਰਜ ਸਸਿ
ਤੇ ਬਸਿ ਕਾਲ ਸਬੈ ਹੈਂ॥੧॥
ਬੇਦ ਪੁਰਾਨ ਕੁਰਾਨ ਸਬੈ ਮਤ
ਜਾ ਕਰ ਨੇਤਿ ਕਹੈ ਹੈਂ॥੧॥
ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ
ਧਿਆਵਤ ਧਿਆਨ ਨ ਐ ਹੈਂ॥੨॥
ਜਾ ਕਰ ਰੂਪ ਰੰਗ ਨਹਿ ਜਨਿਯਤਿ
ਸੋ ਕਿਮਿ ਸਯਾਮ ਕਹੈ ਹੈਂ॥
ਛੁਟ ਹੋ ਕਾਲ-ਜਾਲ ਤੇ ਤਬ ਹੀ
ਤਾਹਿ ਚਰਨਿ ਲਪਟੈ ਹੈਂ॥੩॥