ਬਲਜੀਤ ਬਾਸੀ
ਪੰਜਾਬੀ ਲੋਕਾਂ ਵਿਚ ਤਿੰਨ ਮਿੱਠੀਆਂ ਚੀਜ਼ਾਂ ਸਭ ਤੋਂ ਵਧ ਪ੍ਰਚਲਿਤ ਅਤੇ ਹਰਮਨ-ਪਿਆਰੀਆਂ ਹਨ- ਖੀਰ, ਕੜਾਹ ਅਤੇ ਸੇਵੀਆਂ। ਇਥੇ ਮਿੱਠੀ ਚੀਜ਼ ਤੋਂ ਮੇਰੀ ਮੁਰਾਦ ਹੈ ਖਾਣੇ ਪਿਛੋਂ ਮੂੰਹ ਮਿੱਠਾ ਕਰਨ ਲਈ ਪਰੋਸਿਆ ਜਾਂਦਾ ਪਕਵਾਨ ਜਿਸ ਨੂੰ ਅੰਗਰੇਜ਼ੀ ਵਿਚ ਸਵੀਟ ਡਿਸ਼ ਕਿਹਾ ਜਾਂਦਾ ਹੈ। ਮੁਢਲੇ ਤੌਰ ‘ਤੇ ਚੌਲ, ਦੁਧ ਅਤੇ ਖੰਡ ਨੂੰ ਰਿੰਨ੍ਹ ਕੇ ਖੀਰ ਬਣਾਈ ਜਾਂਦੀ ਹੈ ਪਰ ਅੱਜ ਕਲ੍ਹ ਚੌਲਾਂ ਦੀ ਥਾਂ ਮੂੰਗੀ ਦੀ ਦਾਲ, ਸੂਜੀ, ਸਾਗੂਦਾਣਾ, ਨਾਰੀਅਲ ਆਦਿ ਮਿਲਾ ਕੇ ਬਣਾਏ ਖਾਜੇ ਨੂੰ ਵੀ ਖੀਰ ਕਹਿ ਦਿੱਤਾ ਜਾਂਦਾ ਹੈ।
ਕੁਝ ਲੋਕ ਦੁਧ ਵਿਚ ਬਣਾਈਆਂ ਸੇਵੀਆਂ ਨੂੰ ਵੀ ਖੀਰ ਕਹਿੰਦੇ ਹਨ। ਜੇਲ੍ਹ ਵਿਚ ਬੈਠੇ ਬਾਬਾ ਰਾਮਪਾਲ ਦੇ ਚੇਲੇ ਉਸ ਨੂੰ ਦੁਧ ਨਾਲ ਨਹਾਉਂਦੇ ਸਨ ਤੇ ਉਸੇ ਦੁਧ ਦੀ ਖੀਰ ਬਣਾ ਕੇ ਖਾਂਦੇ ਹਨ। ਇਸ ਖੀਰ ਵਿਚ ਬਾਬੇ ਦੇ ਸਰੀਰ ਦੀ ਮੈਲ ਤੋਂ ਬਿਨਾ ਉਸ ਦੀ ਅਧਿਆਤਮਕ ਸ਼ਕਤੀ ਵੀ ਰਚਮਿਚ ਜਾਂਦੀ ਸੀ। ਖੋਏ ਨਾਲ ਲਪੇਟੇ ਰਸਗੁੱਲੇ ਨੂੰ ਖੀਰ ਕਦਮ\ਕਾਦੰਬਰੀ ਕਿਹਾ ਜਾਂਦਾ ਹੈ। ਇਹ ਬੰਗਾਲੀ ਮਠਿਆਈ ਹੈ। ਇਸ ਦੀ ਸ਼ਕਲ ਕਦੰਬ ਦਰਖਤ ਦੇ ਫੁੱਲ ਵਰਗੀ ਬੁਰਦਾਰ ਹੁੰਦੀ ਹੈ। ਖੀਰ ਨੂੰ ਆਮ ਤੌਰ ‘ਤੇ ਬਾਹਮਣਾਂ ਦਾ ਮਨਪਸੰਦ ਖਾਜਾ ਸਮਝਿਆ ਜਾਂਦਾ ਹੈ ਤੇ ਇਸ ਦਾ ਰੰਗ ਵੀ ਆਮ ਬਾਹਮਣਾਂ ਵਰਗਾ ਚਿੱਟਾ ਹੁੰਦਾ ਹੈ। ਬਾਹਮਣ ਇਸ ਨੂੰ ਉਤਮ ਤੇ ਸਾਤਵਿਕ ਭੋਜਨ ਸਮਝਦੇ ਹਨ। ਐਵੇਂ ਨਹੀਂ ਕਿਹਾ ਜਾਂਦਾ, Ḕਨਾਲੇ ਬਾਹਮਣ ਨੂੰ ਖੀਰ ਖੁਆਓ, ਨਾਲੇ ਦੰਦ ਘਸਾਈ ਦਿਓ।Ḕ ਵਧੀਆ ਖੀਰ ਬਹੁਤ ਜਤਨ ਨਾਲ ਬਣਦੀ ਹੈ, ਨਹੀਂ ਤਾਂ Ḕਵਾਹ ਕਿਸਮਤ ਦਿਆ ਬਲੀਆ, ਰਿਧੀ ਖੀਰ ਤੇ ਬਣ ਗਿਆ ਦਲੀਆḔ ਵਾਲੀ ਗੱਲ ਹੋ ਸਕਦੀ ਹੈ। ਨਾਲੇ ਇਕ ਦਾਣਾ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਖੀਰ ਰਿਝੀ ਹੈ ਕਿ ਨਹੀਂ। ਹੌਲੀ ਹੌਲੀ ਪੱਕਦੀ ਖੀਰ ਕੋਈ ਗੁਝਾ ਮਤਾ ਪਕਾਉਣ ਵਾਂਗ ਲਗਦੀ ਹੈ, ਤਦੇ ਕਿਹਾ ਜਾਂਦਾ ਹੈ, Ḕਢਕੀ ਹੋਈ ਰਿਝ ਰਹੀ ਖੀਰ।Ḕ ਵਧੀਆ ਪਕਵਾਨ ਲਈ ਖੰਡ-ਖੀਰ ਉਕਤੀ ਵੀ ਆਮ ਚਲਦੀ ਹੈ, Ḕਖੰਡ ਖੀਰ ਤੇ ਧੱਗੜੀਆਂ ਬਹਿ ਖਾਣ ਬੈਰਾਗੀ।Ḕ (ਨਜਾਬਤ)। ਮੀਆਂ ਮੁਹੰਮਦ ਬਖਸ਼ ਨੇ ਆਪਣੇ ਕਿੱਸੇ Ḕਸੈਫਲ ਮਲੂਕḔ ਵਿਚ ਖੀਰ ਦੀ ਖਾਸੀ ਸਿਫਤ ਕੀਤੀ ਹੈ,
ਆਮਾਂ ਬੇਇਖਲਾਸਾਂ ਅੰਦਰ, ਖਾਸਾਂ ਦੀ ਗੱਲ ਕਰਨੀ।
ਮਿੱਠੀ ਖੀਰ ਪਕਾ ਮੁਹੰਮਦ, ਕੁੱਤਿਆਂ ਅੱਗੇ ਧਰਨੀ।
ਖੀਰ ਪ੍ਰਸ਼ਾਦ ਦੇ ਤੌਰ ‘ਤੇ ਧਾਰਮਿਕ ਸਥਾਨਾਂ ‘ਤੇ ਵੀ ਚੜ੍ਹਾਈ ਜਾਂਦੀ ਹੈ। ਪਰ ਸਿੱਖਾਂ ਵਿਚ ਕੜਾਹ ਨੇ ਪ੍ਰਸ਼ਾਦ ਦਾ ਰੁਤਬਾ ਹਾਸਿਲ ਕਰ ਲਿਆ ਹੈ, ਇਸ ਲਈ ਕੜਾਹ ਨੂੰ ਸ਼ਰਧਾ ਨਾਲ ਮਿੱਠੀ ਚੀਜ਼ ਵਜੋਂ ਬਣਾਇਆ ਜਾਂਦਾ ਹੈ। ਲੰਗਰਾਂ ਵਿਚ ਆਮ ਤੌਰ ‘ ਤੇ ਖੀਰ ਹੀ ਮਿੱਠੀ ਚੀਜ਼ ਵਜੋਂ ਪੇਸ਼ ਕੀਤੀ ਜਾਂਦੀ ਹੈ। ਉਂਜ ਵੀ ਪੰਜਾਬੀ ਲੋਕਾਂ ਵਿਚ ਦੁਧ ਹੀ ਸਭ ਤੋਂ ਵਧੀਆ ਭੋਜਨ ਮੰਨਿਆ ਜਾਂਦਾ ਹੈ ਇਸ ਲਈ ਖੀਰ ਨੂੰ ਗੌਣ ਦਰਜਾ ਕਿਵੇਂ ਦਿੱਤਾ ਜਾ ਸਕਦਾ ਹੈ। ਹਾਂ, ਖੀਰ ਕੜਾਹ ਮਿਲਾ ਕੇ ਵੀ ਖਾਣ ਦਾ ਰਿਵਾਜ ਹੈ। ਰਵਾਇਤੀ ਤੌਰ ‘ਤੇ ਖੀਰ ਗਰਮ-ਗਰਮ ਖਾਧੀ ਜਾਂਦੀ ਹੈ ਪਰ ਅੱਜ ਕਲ੍ਹ ਫਰਿੱਜ ਆਮ ਹੋ ਜਾਣ ਕਾਰਨ ਇਸ ਨੂੰ ਠੰਡਾ ਸੀਤ ਕਰਕੇ ਵੀ ਖਾਧਾ ਜਾਂਦਾ ਹੈ। ਨਾਲੇ ਜਿਉਂ ਜਿਉਂ ਸਭਿਅਤਾ ਦਾ ਵਿਕਾਸ ਹੁੰਦਾ ਹੈ, ਲੋਕ ਠੰਡੀਆਂ ਚੀਜ਼ਾਂ ਖਾਣੀਆਂ ਪਸੰਦ ਕਰਦੇ ਹਨ। ਇਤਿਹਾਸ ਵਿਚ ਇਕ ਰਾਜੇ ਦਾ ਜ਼ਿਕਰ ਆਉਂਦਾ ਹੈ। ਇਕ ਵਰ ਉਸ ਦਾ ਰਾਜ ਖੁੱਸ ਗਿਆ ਤੇ ਉਹ ਜੰਗਲਾਂ ਵਿਚ ਮਾਰਾ-ਮਾਰਾ ਫਿਰ ਰਿਹਾ ਸੀ। ਕਿਸੇ ਨੇ ਉਸ ਨੂੰ ਭੁਖਣ-ਭਾਣਾ ਦੇਖ ਕੇ ਖਾਣੇ ‘ਤੇ ਬੁਲਾ ਲਿਆ। ਭੋਹਨ ਵਿਚ ਗਰਮ-ਗਰਮ ਖੀਰ ਪੇਸ਼ ਕੀਤੀ। ਹਾਬੜੇ ਹੋਏ ਰਾਜੇ ਨੇ ਫਟਾ ਫੱਟ ਉਂਗਲਾਂ ਨਾਲ ਕਟੋਰੀ ਦੇ ਗੱਭਿਓਂ ਖੀਰ ਖਾਣੀ ਸ਼ੁਰੂ ਕਰ ਦਿੱਤੀ ਤਾਂ ਉਸ ਦੀਆਂ ਉਂਗਲਾਂ ਤੇ ਮੂੰਹ ਸੜ ਗਏ। ਮੇਜ਼ਬਾਨ ਨੇ ਸਮਝਾਇਆ ਕਿ ਗਰਮ-ਗਰਮ ਖੀਰ ਨੂੰ ਪਹਿਲਾਂ ਆਲੇ ਦੁਆਲੇ ਤੋਂ ਖਾਣਾ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਕਟੋਰੀ ਦੇ ਨਾਲ ਲੱਗੀ ਹੋਣ ਕਰਕੇ ਉਥੇ ਖੀਰ ਮੁਕਾਬਲਤਨ ਠੰਡੀ ਹੁੰਦੀ ਹੈ ਤੇ ਫਿਰ ਵਿਚਕਾਰ ਹੱਥ ਪਾਉਣਾ ਚਾਹੀਦਾ ਹੈਂ। ਰਾਜਾ ਸ਼ਰਮਿੰਦਾ ਹੋ ਗਿਆ ਪਰ ਉਸ ਨੇ ਇਕ ਸਬਕ ਸਿੱਖ ਲਿਆ। ਆਪਣਾ ਖੁਸਿਆ ਰਾਜ ਹਾਸਿਲ ਕਰਨ ਲਈ ਉਸ ਨੂੰ ਦੁਸ਼ਮਣ ਦੇ ਇਲਾਕਿਆਂ ‘ਤੇ ਪਹਿਲਾਂ ਬਾਹਰੋ-ਬਾਹਰ ਹਮਲਾ ਕਰਨਾ ਚਾਹੀਦਾ ਨਾ ਕਿ ਸਿੱਧਾ ਅੰਦਰੂਨੀ ਇਲਾਕੇ ਵੱਲ। ਦੇਖੋ ਖੀਰ ਖਾਣ ਨਾਲ ਕਿੰਨੀਆਂ ਵੱਡੀਆਂ ਸਿਖਿਆਵਾਂ ਵੀ ਮਿਲ ਸਕਦੀਆਂ ਹਨ!
ਵਾਰਿਸ ਸ਼ਾਹ ਨੇ ਕਿਹਾ ਹੈ, “ਦੁਧ ਬਾਝ ਨਾ ਹੋਵੇ ਖੀਰ ਸਾਈਂ” ਪਰ ਵਾਰਿਸ ਨੂੰ ਸ਼ਾਇਦ ਨਹੀਂ ਸੀ ਪਤਾ ਕਿ ਅਸਲ ਵਿਚ ਖੀਰ ਸ਼ਬਦ ਦਾ ਮੁਢਲਾ ਅਰਥ ਹੈ ਹੀ ਦੁਧ ਤੇ ਇਸ ਅਰਥ ਵਿਚ ਇਹ ਸ਼ਬਦ ਗੁਰੂਆਂ ਭਗਤਾਂ ਨੇ ਕਈ ਵਾਰੀ ਵਰਤਿਆ ਹੈ, “ਖੀਰੁ ਪੀਐ ਖੇਲਾਈਐ ਮਿਤ੍ਰਾ ਮਾਤ ਪਿਤਾ ਸੁਤ ਹੇਤੁ॥Ḕ (ਗੁਰੂ ਨਾਨਕ ਦੇਵ)। “ਹਰਿ ਬਿਨ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ॥” ਗੁਰੂ ਗ੍ਰੰਥ ਸਾਹਿਬ ਵਿਚ ਖੀਰ ਸ਼ਬਦ ਖੀਰ ਪਕਵਾਨ ਦੇ ਅਰਥਾਂ ਵਿਚ ਵੀ ਆਉਂਦਾ ਹੈ, “ਖੀਰ ਸਮਾਨਿ ਸਾਗੁ ਮੈ ਪਾਇਆ॥” (ਭਗਤ ਕਬੀਰ)। “ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰੁ ਘਿਆਲੀ॥” (ਸੱਤਾ ਬਲਵੰਡ)। ਇਥੇ ਇਸ਼ਾਰਾ ਗੁਰੂ ਅੰਗਦ ਦੇ ਮਹਿਲ ਬੀਬੀ ਖੀਵੀ ਜੀ ਵੱਲ ਹੈ ਜੋ ਲੰਗਰ ਵਿਚ ਆਈਆਂ ਸੰਗਤਾਂ ਨੂੰ ਘਿਉ ਵਾਲੀ ਵਧੀਆ ਖੀਰ ਵਰਤਾਉਂਦੇ ਸਨ। ਖੀਰ ਸ਼ਬਦ ਦੇ ਸੰਸਕ੍ਰਿਤ ਰੂਪ Ḕਕਸ਼ੀਰḔ ਦਾ ਮੁਖ ਅਰਥ ਦੁਧ-ਚੌਲ ਦਾ ਮਿਸ਼ਠਾਨ ਨਹੀਂ ਬਲਕਿ ਦੁਧ, ਪੌਦਿਆਂ ਤੋਂ ਰਿਸਦਾ ਦੁਧ (ਜਿਵੇਂ ਅੱਕ), ਪਾਣੀ, ਤਰਲ, ਰਸ ਆਦਿ ਹੈ। ਉਂਜ ਇਸ ਦਾ ਇਕ ਅਰਥ ਗਾੜ੍ਹਾ ਕੀਤੇ ਦੁਧ ਦਾ ਮਿਸ਼ਠਾਨ ਵੀ ਹੈ। ਸੰਸਕ੍ਰਿਤ ਦਾ ਇਕ ਸ਼ਬਦ ਹੈ Ḕਕਸ਼ਿਰਕਾḔ ਜਿਸ ਦਾ ਅਰਥ ਖੀਰ ਮਿਸ਼ਠਾਨ ਜਿਹਾ ਹੈ। ਇਕ ਵਿਚਾਰ ਅਨੁਸਾਰ ਖੀਰ ਸ਼ਬਦ ਕਸ਼ਿਰਕਾ ਦਾ ਹੀ ਦੇਸੀ ਰੂਪ ਹੈ। ਕੁਝ ਵੀ ਹੋਵੇ ਇਸ ਦਾ ਸਬੰਧ ਸੰਸਕ੍ਰਿਤ ਕਸ਼ੀਰ ਨਾਲ ਹੀ ਹੈ। ਹਾਲਾਂਕਿ ਖੀਰ ਦਾ ਅਰਥ ਤਰਲ ਹੋਣ ਕਾਰਨ ਪਾਣੀ ਵੀ ਹੈ। ਖੀਰ-ਨੀਰ ਮੁਹਾਵਰਾ ਵੀ ਬਣਿਆ ਹੋਇਆ ਹੈ ਅਰਥਾਤ ਦੋ ਚੀਜ਼ਾਂ ਦਾ ਅਜਿਹਾ ਸੁਮੇਲ ਕਿ ਉਨ੍ਹਾਂ ਨੂੰ ਵੱਖ ਵੱਖ ਨਾ ਕੀਤਾ ਜਾ ਸਕੇ।
ਭਾਈ ਗੁਰਦਾਸ ਫਰਮਾਉਂਦੇ ਹਨ, “ਖੀਰ ਨੀਰ ਸੰਜੋਗ ਕਰ ਕਲੀਕੰਦ ਵਖਾਣਾ।” ਅਜਿਹੇ ਘਾਲੇ-ਮਾਲੇ ਵਿਚੋਂ ਦੋਵੇਂ ਜੁਜ਼ਾਂ ਨੂੰ ਮਾਨਸਰੋਵਰ ਦੇ ਹੰਸ ਹੀ ਵੱਖ ਕਰ ਸਕਦੇ ਹਨ, ਗੁਰਸਿੱਖ ਅਜਿਹੇ ਹੀ ਪਰਮਹੰਸ ਹਨ, “ਗਰਸਿਖ ਵੰਸੀ ਪਰਮਹੰਸ ਖੀਰ ਨੀਰ ਨਿਰਨੇ ਚੁੰਝ ਵੀੜੀ॥” ਮਨੀਕਰਨ ਤੋਂ ਅੱਗੇ ਵੀਹ ਮੀਲ ‘ਤੇ ਪਾਰਵਤੀ ਵਾਦੀ ਵਿਚ ਗਰਮ ਪਾਣੀਆਂ ਵਾਲੀ ਖੀਰਗੰਗਾ ਆਉਂਦੀ ਹੈ। ਛਲਕਦੇ ਹੋਣ ਕਾਰਨ ਇਸ ਦਾ ਪਾਣੀ ਖੀਰ ਵਾਂਗ ਚਿੱਟਾ ਹੁੰਦਾ ਹੈ। ਉਂਜ ਵੀ ਲੋਕ ਇਸ ਪਾਣੀ ਵਿਚ ਚੌਲ ਉਬਾਲ ਲੈਂਦੇ ਹਨ। ਮੈਂ ਹੋਰ ਪਹਾੜਾਂ ‘ਤੇ ਵੀ ਖੀਰਗੰਗਾਵਾਂ ਦੇਖੀਆਂ ਹਨ। ਸੰਸਕ੍ਰਿਤ ਵਿਚ ਇਕ Ḕਕਸ਼ਿਰਣੀḔ ਸ਼ਬਦ ਵੀ ਮਿਲਦਾ ਹੈ ਜਿਸ ਦਾ ਅਰਥ ਵੀ ਦੁਧ-ਚੌਲ ਦਾ ਇਕ ਮਿਸ਼ਠਾਨ ਹੈ। ਲਹਿੰਦੀ ਵਿਚ ਖੀਰਨੀ ਸ਼ਬਦ ਮਿਲਦਾ ਹੈ ਜੋ ਇਕ ਪ੍ਰਕਾਰ ਦਾ ਦੁਧ-ਚੌਲ ਦਾ ਪਕਵਾਨ ਹੀ ਹੈ। ਖਿਆਲ ਹੈ ਕਿ ਪੀਸੇ ਹੋਏ ਚਾਵਲਾਂ ਦਾ ਪਕਵਾਨ ਲਈ ਵਰਤਿਆ ਜਾਂਦਾ। ਸ਼ਬਦ ḔਫਿਰਨੀḔ ਵੀ ਇਸੇ ਦਾ ਵਿਗੜਿਆ ਰੂਪ ਹੈ। ਦੁਧ ਚੁੰਘਦੇ ਵੱਛੇ ਨੂੰ ਖੀਰਾ ਕਿਹਾ ਜਾਂਦਾ ਹੈ। ਸੰਸਕ੍ਰਿਤ ਵਿਚ ਕਸ਼ੀਰਪਾ ਦਾ ਅਰਥ ਹੈ ਦੁਧ ਚੁੰਘਦਾ ਬਾਲਕ। ਕਕੜੀ ਜਿਹੀ ਸਬਜ਼ੀ ਖੀਰਾ ਦਾ ਇਹ ਨਾਂ ਇਸ ਕਰਕੇ ਪਿਆ ਕਿਉਂਕਿ ਇਸ ਵਿਚੋਂ ਦੁਧੀਆ ਪਦਾਰਥ ਨਿਕਲਦਾ ਹੈ। ਲਹਿੰਦੀ ਵਿਚ ਦੁਧਾਰੂ ਪਸ਼ੂ ਦੇ ਲੇਵੇ ਨੂੰ ਖੀਰੀ ਕਿਹਾ ਜਾਂਦਾ ਹੈ। ਖੀਰੀਵਾਨ ਲਵੇਰਿਆਂ ਦਾ ਛੇੜੂ ਹੈ।
ਸੰਸਕ੍ਰਿਤ ਦਾ ਇਕ ਧਾਤੁ ਹੈ Ḕਕਸ਼ਰḔ ਜਿਸ ਵਿਚ ਰਿਸਣ, ਵਹਿਣ, ਟਪਕਣ ਆਦਿ ਦੇ ਅਰਥ ਹਨ। ਦੁਧ ਅਸਲ ਵਿਚ ਥਣਾਂ ਵਿਚੋਂ ਰਿਸਣ ਵਾਲਾ ਪਦਾਰਥ ਹੀ ਹੈ। ਦਰਖਤਾਂ ਜਾਂ ਬੂਟਿਆਂ ਦੀਆਂ ਟਾਹਣੀਆਂ ਅਤੇ ਪੱਤਿਆਂ ਵਿਚੋਂ ਤਰਲ ਚੋਂਦਾ ਰਹਿੰਦਾ ਹੈ। ਇਨ੍ਹਾਂ ਨੂੰ ਇਕੱਠਾ ਕਰਕੇ, ਸੁਕਾ ਕੇ ਤੇ ਮਸ਼ੀਨੀ ਢੰਗਾਂ ਨਾਲ ਸਾਫ ਕਰਕੇ ਕਈ ਉਪਯੋਗੀ ਉਤਪਾਦ ਬਣਾਏ ਜਾਂਦੇ ਹਨ ਜਿਵੇਂ ਗੂੰਦ, ਬਰੋਜ਼ਾ, ਰਬੜ, ਹਿੰਗ, ਰਾਲ। ਇਹ ਸਾਰੇ ਰਿਸਾਅ ਕਸ਼ੀਰ ਹਨ। ਸੰਸਕ੍ਰਿਤ ਵਿਚ ਅਨੇਕਾਂ ਅਜਿਹੇ ਬੂਟਿਆਂ ਦਾ ਨਾਂ ਕਸ਼ੀਰ ਹੈ। ਫਾਰਸੀ ਵਿਚ ਖੀਰ\ਕਸ਼ੀਰ ਦਾ ਸੁਜਾਤੀ ਸ਼ਬਦ ਹੈ Ḕਸ਼ੀਰḔ ਜਿਸ ਦਾ ਅਰਥ ਵੀ ਦੁਧ ਹੀ ਹੁੰਦਾ ਹੈ। ਵਾਰਿਸ ਸ਼ਾਹ ਨੂੰ ਇਸ ਗੱਲ ਦਾ ਪਤਾ ਸੀ,
ਸਾਨੂੰ ਬਖਸ਼ ਇੱਲਾਹ ਦੇ ਨਾAੁਂ ਮੀਆਂ ਸਾਥੋਂ ਭੁੱਲਿਆ ਇਹ ਗੁਨਾਹ ਹੋਇਆ।
ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਨਾ ਧੁਰੋਂ ਆਦਮੋਂ ਭੁਲਣਾ ਰਾਹ ਹੋਇਆ।
ਦੁਧ ਚੁੰਘਦੇ ਦੰਦਾਂ ਨੂੰ ਸ਼ੀਰ ਕਿਹਾ ਜਾਂਦਾ ਹੈ। Ḕਮਹਾਨ ਕੋਸ਼Ḕ ਅਨੁਸਾਰ ਸੀਰ ਦਾ ਇਕ ਅਰਥ ਅੱਕ ਹੈ। ਇਥੇ ਦੁਧੀਆ ਰਸਾਅ ਵਾਲੀ ਗੱਲ ਆ ਗਈ। ਦੁਧ ਪੀਣ ਵਾਲਾ ਛੋਟਾ ਬਾਲਕ ਜੋ ਦੁਧ ਦੇ ਆਧਾਰ ‘ਤੇ ਹੀ ਰਹਿੰਦਾ ਹੈ ਸੀਰਖੋਰਾ ਅਖਵਾਉਂਦਾ ਹੈ, “ਸੀਰਖੋਰ ਇਨ ਕਹਾਂ ਬਿਗਾਰਾ?” ਦੁਧ ਵਿਚ ਮਿਠਾਸ ਦਾ ਗੁਣ ਹੋਣ ਕਾਰਨ ਇਸ ਸ਼ਬਦ ਵਿਚ ਮਿਠਾਸ ਦੇ ਅਰਥ ਵੀ ਸਮਾਅ ਗਏ ਹਨ। ਫਾਰਸੀ ਵਿਚ ਸ਼ੀਰੀਂ ਦਾ ਅਰਥ ਮਿੱਠਾ ਹੁੰਦਾ ਹੈ। ਫਰਿਹਾਦ ਦੀ ਸ਼ੀਰੀਂ ਵੀ ਦਰਅਸਲ ਮਿੱਠੋ ਜਾਂ ਸਵੀਟੀ ਹੀ ਸੀ। ਮੈਂ ਕਈਆਂ ਦੇ ਨਾਂ ਸ਼ੀਰਾ ਜਾਂ ਸੀਰੋ ਸੁਣੇ ਹਨ। ਵਿਆਹਾਂ ਵਿਚ ਵਰਤਾਈ ਜਾਂਦੀ ਇਕ ਮਠਿਆਈ ਸ਼ੀਰਨੀ ਦਾ ਫਾਰਸੀ ਰੂਪ ਹੈ- Ḕਸ਼ਰੀਨੀ।Ḕ ਉਂਜ ਫਾਰਸੀ ਵਿਚ ਸ਼ਰੀਨੀ ਦਾ ਅਰਥ ਮਠਿਆਈ ਵੀ ਹੈ ਜੋ ਪ੍ਰਸ਼ਾਦ ਦੇ ਤੌਰ ‘ਤੇ ਵਰਤਾਈ ਜਾਂਦੀ ਹੈ। ਅੱਜ-ਕਲ੍ਹ ਦੇ ਬੱਚੇ ਸ਼ੀਰਨੀ ਵੱਲ ਮੂੰਹ ਕਰਕੇ ਰਾਜ਼ੀ ਨਹੀਂ, ਕਿਸੇ ਵੇਲੇ ਸ਼ੀਰਨੀ ਕਿੰਨੀਂ ਵਧੀਆ ਮਠਿਆਈ ਸਮਝੀ ਜਾਂਦੀ ਹੋਵੇਗੀ ਕਿ ਕਹਾਵਤ ਬਣ ਗਈ- ਅੰਨ੍ਹਾ ਵੰਡੇ ਸ਼ੀਰਨੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ। ਦੇਖੀਏ ਵਾਰਿਸ ਸ਼ਾਹ ਕੀ ਕਹਿੰਦਾ ਹੈ,
ਮਿਲੀ ਜਾ ਵਧਾਈ ਜਾਂ ਖੇੜਿਆਂ ਨੂੰ ਲੁੱਡੀ ਮਾਰ ਕੇ ਝੁੰਬੜਾਂ ਘੱਤਦੇ ਨੀ।
ਛਾਲਾਂ ਲਾਇਨ ਅਪੁੱਠੀਆਂ ਖੁਸ਼ੀ ਹੋਏ ਮਜਲਸਾਂ ਖੇਡਦੇ ਵੱਤਦੇ ਨੀ।
ਭਲੇ ਕੁੜਮ ਮਿਲੇ ਸਾਨੂੰ ਸ਼ਰਮ ਵਾਲੇ ਰੱਜੇ ਜੱਟ ਵੱਡੇ ਅਹਿਲ ਪੱਤ ਦੇ ਨੀ।
ਵਾਰਸ ਸ਼ਾਹ ਵੀ ਸ਼ੀਰਨੀ ਵੰਡਿਆ ਨੇ ਵੱਡੇ ਦੇਗਚੇ ਦੁੱਧ ਤੇ ਭੱਤ ਦੇ ਨੀ।
ਕੌੜੀ ਚੀਜ਼ ਸ਼ਰਾਬ ਬਣਾਉਣ ਵਾਲਾ ਮਿੱਠਾ ਪਦਾਰਥ ਸੀਰਾ ਜਾਂ ਸ਼ੀਰਾ ਵੀ ਇਥੇ ਢੁਕਦਾ ਹੈ। ਅਸਲ ਵਿਚ ਸ਼ੀਰਾ ਦਾ ਇਕ ਅਰਥ ਤਾਜ਼ੀ ਬਣਾਈ ਵਾਈਨ ਵੀ ਹੈ। ਪਤਲੇ ਕੜਾਹ ਨੂੰ ਵੀ ਸ਼ੀਰਾ ਕਿਹਾ ਜਾਂਦਾ ਹੈ ਤੇ ਖਜੂਰ ਜਿਹੇ ਫਲਾਂ ਦੇ ਗਾੜ੍ਹੇ ਰਸ, ਤਮਾਖੂ ਵਿਚ ਪਾਈ ਜਾਣ ਵਾਲੀ ਖੰਡ ਦੀ ਮੈਲ ਅਤੇ ਤਿਲਾਂ ਦੇ ਤੇਲ ਨੂੰ ਵੀ ਸੀਰਾ ਕਿਹਾ ਜਾਂਦਾ ਹੈ।