-ਜਤਿੰਦਰ ਪਨੂੰ
ਸ਼ਾਇਦ ਇਹ ਗੱਲ ਕਈ ਲੋਕਾਂ ਨੂੰ ਵੇਲੇ ਤੋਂ ਪਹਿਲਾਂ ਦੀ ਬਾਂਗ ਲੱਗਦੀ ਹੋਵੇ, ਪਰ ਦਿੱਲੀ ਵਲੋਂ ਆਏ ਅਵਾੜੇ ਦੱਸਦੇ ਹਨ ਕਿ ਨਵਾਂ ਸਾਲ ਪੰਜਾਬ ਦੇ ਲੋਕਾਂ ਲਈ ਵਿਧਾਨ ਸਭਾ ਚੋਣਾਂ ਦਾ ਦੌਰ ਲਿਆ ਸਕਦਾ ਹੈ। ਕਈ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਮੋਦੀ ਸਰਕਾਰ ਦਾ ਪਹਿਲਾ ਜਨਮ ਦਿਨ ਮਨਾਉਣ ਤੱਕ ਪੰਜਾਬ ਦੀ ਮੌਜੂਦਾ ਸਰਕਾਰ ਸਮੇਟੇ ਜਾਣ ਦਾ ਮਹੂਰਤ ਨਿਕਲ ਸਕਦਾ ਹੈ ਅਤੇ ਕੁਝ ਇਸ ਵਿਚ ਥੋੜ੍ਹਾ ਵੱਧ ਵਕਤ ਲੱਗਣ ਦੀ ਗੱਲ ਕਰਦੇ ਹਨ, ਪਰ ਇਸ ਸੋਚ ਬਾਰੇ ਲਗਭਗ ਸਹਿਮਤੀ ਹੁੰਦੀ ਜਾਂਦੀ ਹੈ ਕਿ ਇਹ ਸਰਕਾਰ ਬਹੁਤੇ ਦਿਨ ਚੱਲਣੀ ਨਹੀਂ।
ਪਿਛਲੇ ਹਫਤੇ ਦੇ ਹਾਲਾਤ ਨੇ ਪੰਜਾਬ ਦੀ ਮੌਜੂਦਾ ਸਰਕਾਰ ਦੀ ਤਕਦੀਰ ਨੂੰ ਏਦਾਂ ਦਾ ਮਰੋੜਾ ਚਾੜ੍ਹ ਦਿੱਤਾ ਹੈ, ਜਿਸ ਤੋਂ ਆਈ ਤਰੇੜ ਮੇਟਣੀ ਔਖੀ ਹੋ ਜਾਣੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਵਿਚ ਜਦੋਂ ਇਹ ਗੱਲ ਕਹੀ ਕਿ ‘ਸੁਖਬੀਰ ਨੂੰ ਮੈਂ ਕਹਿ ਦਿੱਤਾ ਹੈ ਕਿ ਉਹ ਭਾਜਪਾ ਨਾਲ ਸਾਂਝ ਨਿਭਾਈ ਜਾਵੇ’, ਕਈ ਲੋਕ ਇਹ ਸਮਝਦੇ ਸਨ ਕਿ ਇਸ ਦੇ ਨਾਲ ਉਨ੍ਹਾਂ ਨੇ ਭਾਜਪਾ ਨੂੰ ਸਬੰਧਾਂ ਵਿਚ ਸੁਧਾਰ ਦਾ ਸੁਨੇਹਾ ਦੇਣ ਦਾ ਯਤਨ ਕੀਤਾ ਹੈ। ਵਿਸ਼ਵ ਕਬੱਡੀ ਕੱਪ ਦਾ ਫਾਈਨਲ ਜਦੋਂ ਉਨ੍ਹਾਂ ਨੇ ਆਪਣੇ ਪਿੰਡ ਬਾਦਲ ਵਿਚ ਕਰਵਾਇਆ ਤੇ ਸਾਰੀ ਉਮਰ ਦੀ ਸਾਂਝ ਵਾਲੇ ਚੌਟਾਲਾ ਪਰਿਵਾਰ ਨੂੰ ਪਾਸੇ ਰੱਖ ਕੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸੱਦਿਆ, ਜਿਸ ਦੇ ਖਿਲਾਫ ਜ਼ੋਰ ਲਾਇਆ ਹੋਇਆ ਸੀ, ਉਸ ਤੋਂ ਵੀ ਸਬੰਧਾਂ ਵਿਚ ਮੋੜੇ ਦਾ ਤਰਲਾ ਮਾਰਨ ਵਾਲਾ ਸੁਨੇਹਾ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਪਾਣੀ ਪੁਲਾਂ ਹੇਠੋਂ ਏਨੀ ਤੇਜ਼ੀ ਨਾਲ ਵਗਿਆ ਹੈ ਤੇ ਏਨਾ ਜ਼ਿਆਦਾ ਇੱਕੋ ਹਫਤੇ ਵਿਚ ਵਗਿਆ ਹੈ ਕਿ ਹਾਲਾਤ ਦੇ ਵਹਿਣ ਨੂੰ ਮੋੜਾ ਪੈ ਸਕਣਾ ਹੁਣ ਸਹਿਲ ਨਹੀਂ ਜਾਪਦਾ। ਗੱਡੀ ਨੀਵਾਣ ਵੱਲ ਰਿੜ੍ਹ ਪਈ ਕਈ ਲੋਕ ਮਹਿਸੂਸ ਕਰਦੇ ਹਨ।
ਪਹਿਲੀ ਗੱਲ, ਇਸ ਹਫਤੇ ਵਿਧਾਨ ਸਭਾ ਵਿਚ ਵਾਪਰੀਆਂ ਘਟਨਾਵਾਂ ਤੋਂ ਝਲਕੀ ਹੈ। ਉਥੇ ਕਾਂਗਰਸੀ ਧਿਰ ਨੇ ਪੰਜਾਬ ਸਰਕਾਰ ਦੇ ਖਿਲਾਫ ਇੱਕ ਬੇਭਰੋਸਗੀ ਮਤਾ ਲਿਆਂਦਾ ਸੀ। ਮਤੇ ਦਾ ਆਧਾਰ ਇਹ ਬਣਾਇਆ ਸੀ ਕਿ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ੀਲੇ ਪਦਾਰਥਾਂ ਦੇ ਕੇਸ ਵਿਚ ਪੇਸ਼ੀ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਸੰਮਨ ਜਾਰੀ ਹੋਣ ਕਾਰਨ ਸਰਕਾਰ ਦਾ ਅਕਸ ਖਰਾਬ ਹੋ ਗਿਆ ਹੈ, ਇਸ ਕਰਕੇ ਇਸ ਸਦਨ ਦਾ ਸਰਕਾਰ ਵਿਚ ਭਰੋਸਾ ਨਹੀਂ ਰਿਹਾ। ਸੰਮਨ ਜਾਰੀ ਹੋਏ ਤੋਂ ਭਾਜਪਾ ਆਗੂਆਂ ਨੇ ਮਜੀਠੀਏ ਦਾ ਅਸਤੀਫਾ ਮੰਗਿਆ ਸੀ, ਪਰ ਵਿਧਾਨ ਸਭਾ ਅੰਦਰ ਉਹ ਸਰਕਾਰ ਦੇ ਨਾਲ ਖੜੇ ਹੋ ਗਏ ਅਤੇ ਕਾਂਗਰਸੀ ਵਿਧਾਇਕਾਂ ਦੇ ਤਾਅਨਿਆਂ ਨੂੰ ਵੀ ਮੁਸਕਰਾ ਕੇ ਟਾਲਦੇ ਰਹੇ। ਇਥੋਂ ਤੱਕ ਗੱਲ ਰਹਿ ਜਾਂਦੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੌਕਾ ਸੰਭਾਲ ਲੈਣਾ ਸੀ, ਪਰ ਮਜੀਠੀਏ ਦੇ ਬਚਾਅ ਲਈ ਬੋਲਣ ਵਾਸਤੇ ਉਠੇ ਵਿਰਸਾ ਸਿੰਘ ਵਲਟੋਹਾ ਨੇ ਕਾਂਟਾ ਬਦਲ ਦਿੱਤਾ।
ਵਿਰਸਾ ਸਿੰਘ ਵਲਟੋਹਾ ਤਿੰਨ ਦਹਾਕੇ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸੱਤ ਕੁ ਖਾਸ ਸੇਵਾਦਾਰਾਂ ਵਿਚ ਗਿਣਿਆ ਜਾਂਦਾ ਸੀ। ਆਪਣੇ ਭਾਸ਼ਣ ਵਿਚ ਉਸ ਨੇ ਗਿੱਦੜਬਾਹੇ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਪਰਾਧੀਆਂ ਨਾਲ ਸਾਂਝ ਰੱਖਣ ਦੀ ਚੋਭ ਲਾ ਦਿੱਤੀ। ਰਾਜਾ ਵੜਿੰਗ ਨੇ ਅੱਗੋਂ ਵਿਰਸਾ ਸਿੰਘ ਨੂੰ ਕਿਸੇ ਸਮੇਂ ਦਾ ਅਤਿਵਾਦੀ ਪਿਛੋਕੜ ਚੇਤੇ ਕਰਵਾ ਦਿੱਤਾ। ਭੜਕੇ ਹੋਏ ਵਿਰਸਾ ਸਿੰਘ ਨੇ ਕਹਿ ਦਿੱਤਾ ਕਿ ‘ਮੈਂ ਅਤਿਵਾਦੀ ਸਾਂ, ਮੈਂ ਹਾਂ ਅਤੇ ਮੈਂ ਅਤਿਵਾਦੀ ਰਹਾਂਗਾ।’ ਇਸ ਤੋਂ ਵਿਧਾਨ ਸਭਾ ਵਿਚ ਹੰਗਾਮਾ ਹੋ ਗਿਆ। ਅਕਾਲੀ ਦਲ ਦਾ ਸਾਥ ਦੇਣ ਦੀ ਥਾਂ ਭਾਜਪਾ ਵਾਲੇ ਨੀਵੀਂ ਪਾ ਕੇ ਬੈਠ ਗਏ। ਕਾਂਗਰਸ ਵਾਲੇ ਭੜਕ ਉਠੇ ਕਿ ਸਦਨ ਵਿਚ ਇੱਕ ਵਿਧਾਇਕ ਕਹਿੰਦਾ ਹੈ ਕਿ ‘ਮੈਂ ਅਤਿਵਾਦੀ ਸਾਂ, ਹਾਂ ਤੇ ਰਹਾਂਗਾ’, ਇਸ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ। ਵਿਰਸਾ ਸਿੰਘ ਵਲਟੋਹਾ ਨੇ ਮੁੱਖ ਮੰਤਰੀ ਦੀ ਘੂਰੀ ਵੱਟੀ ਹੋਈ ਵੇਖ ਕੇ ਇਹ ਲਫਜ਼ ਵਾਪਸ ਲੈਣ ਅਤੇ ਮੁਆਫੀ ਮੰਗ ਕੇ ਬਚਣ ਦਾ ਚਾਰਾ ਕੀਤਾ, ਪਰ ਜਿਹੜਾ ਤੀਰ ਕਮਾਨ ਤੋਂ ਨਿਕਲ ਗਿਆ ਸੀ, ਉਹ ਵਾਪਸ ਨਹੀਂ ਸੀ ਮੁੜਨਾ। ਉਸ ਦਿਨ ਭਾਜਪਾ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਉਥੇ ਚੁੱਪ ਬੈਠੇ ਰਹਿਣ ਦੀ ਲੋਕਾਂ ਵਿਚ ਨੁਕਤਾਚੀਨੀ ਹੋਈ ਤਾਂ ਅਗਲੇ ਦਿਨ ਉਹ ਵੀ ਬੋਲ ਪਏ।
ਅਗਲੇ ਦਿਨ ਭਾਜਪਾ ਲੀਡਰਾਂ ਨੂੰ ਚੁੱਪ ਤੋੜਨ ਲਈ ਮੌਕਾ ਵੀ ਵਿਰਸਾ ਸਿੰਘ ਨੇ ਦਿੱਤਾ। ਉਹ ਪਿਛਲੇ ਦਿਨ ਦੀ ਆਪਣੀ ਭੁੱਲ ਦਾ ਕਾਰਨ ਦੱਸਣ ਲੱਗ ਪਿਆ ਕਿ ਤੀਹ ਸਾਲ ਪਹਿਲਾਂ ਹਾਲਾਤ ਹੋਰ ਸਨ, ਜਿਹੜਾ ਕੋਈ ਲੋਕਾਂ ਦੇ ਹਿੱਤ ਦੀ ਗੱਲ ਕਰਦਾ ਸੀ, ਪੁਲਿਸ ਵਾਲੇ ਉਸ ਨੂੰ ਅਤਿਵਾਦੀ ਬਣਾ ਦਿੰਦੇ ਸਨ। ਭਾਜਪਾ ਦੇ ਮੰਤਰੀ ਅਨਿਲ ਜੋਸ਼ੀ ਨੇ ਉਠ ਕੇ ਕਹਿ ਦਿੱਤਾ ਕਿ ਔਹ ਮੁੱਖ ਮੰਤਰੀ ਬਾਦਲ ਬੈਠੇ ਹਨ, ਉਨ੍ਹਾਂ ਸਾਰੀ ਉਮਰ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ, ਕਿਸੇ ਨੇ ਅੱਜ ਤੱਕ ਕਦੇ ਉਨ੍ਹਾਂ ਨੂੰ ਅਤਿਵਾਦੀ ਨਹੀਂ ਕਿਹਾ। ਮੰਤਰੀ ਇਹ ਉਹੋ ਸੀ, ਜਿਸ ਦੇ ਪਿਤਾ ਦਾ ਕਤਲ ਉਨ੍ਹਾਂ ਦਿਨਾਂ ਵਿਚ ਕੀਤਾ ਗਿਆ ਸੀ ਤੇ ਉਸ ਕਤਲ ਦੀ ਪੀੜ ਅਜੇ ਗਈ ਨਹੀਂ ਸੀ। ਇਸ ਨਾਲ ਹਾਲਾਤ ਇਹੋ ਜਿਹੇ ਬਣ ਗਏ ਕਿ ਜਿਹੜੇ ਬਾਦਲ ਸਾਹਿਬ ਆਪਣੇ ਭਾਸ਼ਣ ਵਿਚ ਟੋਟਕੇ ਤੇ ਟਿੱਚਰਾਂ ਜੋੜ ਕੇ ਵਿਰੋਧੀ ਧਿਰ ਨੂੰ ਠਿੱਠ ਕਰਿਆ ਕਰਦੇ ਸਨ, ਇਸ ਵਾਰੀ ਉਹ ਉਨ੍ਹਾਂ ਲਫਜ਼ਾਂ ਦੀ ਚੋਣ ਕਰਨ ਵਿਚ ਹੀ ਉਲਝ ਗਏ, ਜਿਹੜੇ ਬੋਲੇ ਜਾ ਸਕਦੇ ਸਨ।
ਵਿਧਾਨ ਸਭਾ ਦਾ ਸਮਾਗਮ ਮੁੱਕਦੇ ਸਾਰ ਜਲੰਧਰ ਵਿਚ ਬਿਕਰਮ ਸਿੰਘ ਮਜੀਠੀਏ ਦੀ ਇਨਫੋਰਸਮੈਂਟ ਅੱਗੇ ਪੇਸ਼ੀ ਦੀ ਤਰੀਕ ਆ ਗਈ। ਇਥੇ ਆ ਕੇ ਅਕਾਲੀ-ਭਾਜਪਾ ਗੱਠਜੋੜ ਸਰੇ-ਬਾਜ਼ਾਰ ‘ਅਕਾਲੀ ਬਨਾਮ ਭਾਜਪਾ’ ਬਣਦਾ ਵੇਖਿਆ ਗਿਆ। ਮਜੀਠੀਏ ਦੀ ਪੇਸ਼ੀ ਵੇਲੇ ਵਿਰੋਧੀ ਧਿਰ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੇ ਤਾਂ ਮੌਕਾ ਵਰਤਣਾ ਹੀ ਸੀ, ਅਤੇ ਉਹ ਮੁਜ਼ਾਹਰਾ ਕਰਨ ਆਏ ਵੀ, ਹੈਰਾਨੀ ਦੀ ਗੱਲ ਇਹ ਕਿ ਪੁਲਿਸ ਤੇ ਸੂਹੀਆ ਏਜੰਸੀਆਂ ਦੀ ਚੌਕਸੀ ਦੇ ਬਾਵਜੂਦ ਗਲੀਆਂ ਵਿਚੋਂ ਦੀ ਹੁੰਦੇ ਭਾਜਪਾ ਦੇ ਵਿਦਿਆਰਥੀ ਆਗੂ ਵੀ ਪਹੁੰਚ ਗਏ। ਭਾਜਪਾ ਦੀ ਇਸ ਜਥੇਬੰਦੀ ਦੇ ਬਹੁਤੇ ਆਗੂ ਆਪ ਵੀ ਭਾਜਪਾ ਆਗੂਆਂ ਦੇ ਪੁੱਤਰ ਹਨ। ਉਨ੍ਹਾਂ ਨੇ ਮਜੀਠੀਏ ਦੇ ਵਿਰੋਧ ਵਿਚ ਸਿਰਫ ਮੁਜ਼ਾਹਰਾ ਹੀ ਨਹੀਂ ਕੀਤਾ, ਉਥੇ ਉਸ ਦਾ ਪੁਤਲਾ ਵੀ ਸਾੜਿਆ। ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਵੇਖਿਆ ਕਿ ਰਾਜ ਕਰਦੇ ਗੱਠਜੋੜ ਦੀ ਅਗਵਾਈ ਕਰਦੀ ਧਿਰ ਦੇ ਇੱਕ ਕੈਬਨਿਟ ਮੰਤਰੀ, ਤੇ ਉਹ ਵੀ ਡਿਪਟੀ ਮੁੱਖ ਮੰਤਰੀ ਦੇ ਸਾਲਾ ਸਾਹਿਬ, ਦਾ ਪੁਤਲਾ ਗੱਠਜੋੜ ਦੀ ਦੂਸਰੀ ਪਾਰਟੀ ਦੇ ਵਰਕਰ ਉਦੋਂ ਬਾਜ਼ਾਰ ਵਿਚ ਸਾੜ ਰਹੇ ਹੋਣ, ਜਦੋਂ ਉਹ ਔਕੜ ਦਾ ਸਾਹਮਣਾ ਕਰ ਰਿਹਾ ਹੈ। ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਇਹ ਕਿਹਾ ਸੀ ਕਿ ‘ਸੁਖਬੀਰ ਨੂੰ ਮੈਂ ਕਹਿ ਦਿੱਤਾ ਹੈ ਕਿ ਉਹ ਭਾਜਪਾ ਨਾਲ ਸਾਂਝ ਨਿਭਾਈ ਜਾਵੇ’, ਪਰ ਦੂਸਰੀ ਧਿਰ ਨੇ ਇਸ ਸਾਂਝ ਦੀ ਤੰਦ ਹੀ ਟੁੱਕ ਦਿੱਤੀ। ਜੇ ਇਸ ਦੇ ਬਾਵਜੂਦ ਅਕਾਲੀ ਆਗੂ ਇਹ ਆਖਦੇ ਹਨ ਕਿ ਸਾਂਝ ਕਾਇਮ ਹੈ ਤਾਂ ਇਹ ਇੱਕ ਖੋਖਲੀ ਦਾਅਵੇਦਾਰੀ ਜਾਪਦੀ ਹੈ।
ਅਗਲੀ ਗੱਲ ਇਹ ਹੈ ਕਿ ਭਾਜਪਾ ਦੀ ਨੀਤੀ ਸਿਰਫ ਇਹੋ ਨਹੀਂ ਕਿ ਅਕਾਲੀ ਦਲ ਉਤੇ ਨਿਰਭਰਤਾ ਖਤਮ ਕਰਨੀ ਹੈ, ਸਗੋਂ ਇਹ ਵੀ ਹੈ ਕਿ ਇਹ ਕੰਮ ਛੇਤੀ ਸਿਰੇ ਲਾ ਲੈਣਾ ਹੈ। ਇਸ ਹਫਤੇ ਹੀ ਉਨ੍ਹਾਂ ਨੇ ਦਿੱਲੀ ਵਿਚ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਹੋਏ ਕਤਲੇਆਮ ਦੇ ਸਿੱਖ ਪੀੜਤਾਂ ਨੂੰ ਮਾਇਕ ਸਹਾਇਤਾ ਦੇਣ ਦਾ ਪ੍ਰੋਗਰਾਮ ਕੀਤਾ ਹੈ, ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਆਪ ਪੁੱਜੇ ਸਨ। ਕਿਸੇ ਇੱਕ ਵੀ ਅਕਾਲੀ ਆਗੂ ਨੂੰ ਉਸ ਪ੍ਰੋਗਰਾਮ ਵਿਚ ਸਟੇਜ ਉਤੇ ਨਹੀਂ ਸੱਦਿਆ ਗਿਆ ਤੇ ਅਕਾਲੀ ਦਲ ਦਾ ਜ਼ਿਕਰ ਵੀ ਕਿਸੇ ਇਸ਼ਤਿਹਾਰ ਜਾਂ ਬੈਨਰ ਵਿਚ ਨਹੀਂ ਕੀਤਾ ਗਿਆ, ਸਗੋਂ ਅਕਾਲੀਆਂ ਨੂੰ ਲਾਂਭੇ ਰੱਖ ਕੇ ਦਿੱਲੀ ਦੇ ਸਿੱਖਾਂ ਤੱਕ ਪਹੁੰਚਣ ਦਾ ਯਤਨ ਕੀਤਾ ਗਿਆ ਹੈ। ਫਰਵਰੀ ਵਿਚ ਉਥੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਭਾਜਪਾ ਉਸ ਮੌਕੇ ਅਕਾਲੀ ਦਲ ਦੀ ਪਹਿਲਾਂ ਵਾਲੀ ਚੌਧਰ ਝੱਲਣ ਦੀ ਥਾਂ ਅਜਿਹੇ ਹਾਲਾਤ ਬਣਾ ਦੇਣਾ ਚਾਹੁੰਦੀ ਹੈ ਕਿ ਅਕਾਲੀ ਪਿਛਲੱਗ ਬਣ ਕੇ ਚੱਲਣ ਨੂੰ ਮਜਬੂਰ ਹੋ ਜਾਣ। ਪੰਜਾਬ ਵਿਚ ਵੀ ਭਾਜਪਾ ਦੀ ਇਸੇ ਨੀਤੀ ਦੇ ਚਰਚੇ ਹਨ ਅਤੇ ਇਸੇ ਲਈ ਹਰ ਹਫਤੇ ਕੋਈ ਨਾ ਕੋਈ ਅਕਾਲੀ ਵਰਕਰ ਆਪਣੇ ਪਿਓ-ਦਾਦੇ ਦੇ ਵਕਤ ਦੀ ‘ਪੰਥ ਨਾਲ ਵਫਾਦਾਰੀ’ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕਰੀ ਜਾ ਰਿਹਾ ਹੈ।
ਸਵਾਲ ਇਹ ਉਠਦਾ ਹੈ ਕਿ ਭਾਜਪਾ ਨੂੰ ਇਸ ਕੰਮ ਵਿਚ ਏਨੀ ਕਾਹਲੀ ਕਿਉਂ ਹੈ? ਇਸ ਦਾ ਕਾਰਨ ਇਹ ਹੈ ਕਿ ਭਾਜਪਾ ਦਾ ਪਾਣੀ ਲੱਥਦਾ ਜਾ ਰਿਹਾ ਹੈ। ਜਿਹੜੀ ਗੱਲ ਆਮ ਲੋਕਾਂ ਤੱਕ ਨਹੀਂ ਪਹੁੰਚੀ ਜਾਂ ਪਹੁੰਚਣ ਨਹੀਂ ਦਿੱਤੀ ਜਾਂਦੀ, ਉਸ ਬਾਰੇ ਭਾਜਪਾ ਖੁਦ ਸੁਚੇਤ ਹੈ। ਪਹਿਲਾਂ ਉਤਰਾਖੰਡ ਵਿਚ ਚਾਰ ਸੀਟਾਂ ਲਈ ਉਪ ਚੋਣ ਹੋਈ ਤਾਂ ਜਿੱਥੇ ਭਾਜਪਾ ਨੇ ਪੰਜ ਦੀਆਂ ਪੰਜ ਲੋਕ ਸਭਾ ਸੀਟਾਂ ਜਿੱਤੀਆਂ ਸਨ, ਉਥੇ ਉਪ ਚੋਣ ਵੇਲੇ ਇੱਕ ਵੀ ਸੀਟ ਨਾ ਜਿੱਤ ਸਕੀ। ਫਿਰ ਬਿਹਾਰ ਵਿਚ ਉਸ ਨੂੰ ਠਿੱਬੀ ਲੱਗ ਗਈ, ਜਿੱਥੇ ਦਸਾਂ ਸੀਟਾਂ ਦੀ ਉਪ ਚੋਣ ਵਿਚ ਉਹ ਅੱਧ ਤੋਂ ਹੇਠਾਂ ਡਿੱਗ ਪਈ ਅਤੇ ਆਪਣੀਆਂ ਜਿੱਤੀਆਂ ਹੋਈਆਂ ਦੋ ਸੀਟਾਂ ਵੀ ਗੁਆ ਬੈਠੀ। ਹੁਣ ਜੰਮੂ-ਕਸ਼ਮੀਰ ਤੇ ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਹਨ ਤਾਂ ਉਤਲਾ ਪ੍ਰਭਾਵ ਇਹ ਹੈ ਕਿ ਭਾਜਪਾ ਅੱਗੇ ਵਧ ਕੇ ਇੱਕ ਥਾਂ ਸਰਕਾਰ ਬਣਾ ਕੇ ਦੂਸਰੀ ਥਾਂ ਸਰਕਾਰ ਬਣਾਉਣ ਦੇ ਨੇੜੇ ਜਾ ਪਹੁੰਚੀ ਹੈ। ਅੰਕੜੇ ਇਸ ਚੋਣ ਨਤੀਜੇ ਦੇ ਅੰਦਰਲੀ ਗੱਲ ਜ਼ਾਹਰ ਕਰੀ ਜਾ ਰਹੇ ਹਨ।
ਝਾਰਖੰਡ ਵਿਚ ਸੱਤ ਮਹੀਨੇ ਪਹਿਲਾਂ ਭਾਜਪਾ ਨੇ ਇਕੱਲੇ ਰਹਿ ਕੇ ਚੋਣ ਲੜੀ ਤੇ ਕੁੱਲ ਚੌਦਾਂ ਪਾਰਲੀਮੈਂਟ ਸੀਟਾਂ ਵਿਚੋਂ ਬਾਰਾਂ ਜਿੱਤ ਲਈਆਂ ਸਨ। ਉਦੋਂ ਇਕਾਸੀ ਵਿਧਾਨ ਸਭਾ ਹਲਕਿਆਂ ਵਿਚੋਂ ਉਹ ਛਪੰਜਾ ਵਿਚ ਅੱਗੇ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਸ ਦੀ ਲੀਡਰਸ਼ਿਪ ਨੂੰ ਪਾਣੀ ਲਹਿੰਦਾ ਦਿਸਿਆ ਤਾਂ ਆਲ ਝਾਰਖੰਡ ਸਟੂਡੈਂਟਸ ਯੂਨੀਅਨ ਦੇ ਨਾਲ ਚੋਣ ਸਮਝੌਤਾ ਕਰ ਲਿਆ। ਬਾਹਰ ਇਹ ਕਿਹਾ ਜਾ ਰਿਹਾ ਹੈ ਕਿ ਉਥੇ ਭਾਜਪਾ ਬਹੁ-ਸੰਮਤੀ ਲਈ ਚਾਹੀਦੀਆਂ ਬਤਾਲੀ ਸੀਟਾਂ ਲੈ ਗਈ ਹੈ, ਪਰ ਸੱਚਾਈ ਇਹ ਹੈ ਕਿ ਉਸ ਦੀਆਂ ਸੈਂਤੀ ਹਨ, ਬਾਕੀ ਪੰਜ ਭਾਈਵਾਲ ਧਿਰ ਵਾਲੀਆਂ ਹਨ। ਲੋਕ ਸਭਾ ਚੋਣਾਂ ਵਿਚ ਸੱਤ ਮਹੀਨੇ ਪਹਿਲਾਂ ਛਪੰਜਾ ਵਿਧਾਨ ਸਭਾ ਖੇਤਰਾਂ ਵਿਚ ਅੱਗੇ ਰਹਿ ਚੁੱਕੀ ਭਾਜਪਾ ਹੁਣ ਆਪ ਮਸਾਂ ਸੈਂਤੀ ਸੀਟਾਂ ਜਿੱਤ ਸਕੀ ਹੈ। ਉਦੋਂ ਉਸ ਨੇ 40æ71 ਫੀਸਦੀ ਵੋਟਾਂ ਲਈਆਂ ਸਨ, ਹੁਣ ਉਸ ਦੀਆਂ ਵੋਟਾਂ ਵੀ ਘਟ ਕੇ 31æ30 ਫੀਸਦੀ ਰਹਿ ਗਈਆਂ ਹਨ। ਫਿਰ ਵੀ ਭਾਜਪਾ ਅੱਗੇ ਵਧਣ ਦਾ ਦਾਅਵਾ ਕਰਦੀ ਹੈ।
ਜੰਮੂ-ਕਸ਼ਮੀਰ ਵਿਚ ਵੀ ਤਸਵੀਰ ਵੱਖਰੀ ਨਹੀਂ। ਉਹ ਰਾਜ ਤਿੰਨ ਮੁੱਖ ਖੇਤਰਾਂ ਵਿਚ ਵੰਡਿਆ ਹੈ। ਕਸ਼ਮੀਰ, ਜੰਮੂ ਅਤੇ ਲੱਦਾਖ ਦੇ ਤਿੰਨ ਖੇਤਰਾਂ ਵਿਚੋਂ ਭਾਜਪਾ ਦੀਆਂ ਪੰਝੀ ਸੀਟਾਂ ਜੰਮੂ ਵਿਚੋਂ ਹਨ, ਕਸ਼ਮੀਰ ਅਤੇ ਲੱਦਾਖ ਖੇਤਰ ਦੀ ਇੱਕ ਵੀ ਸੀਟ ਨਹੀਂ ਜਿੱਤ ਸਕੀ। ਪਾਰਲੀਮੈਂਟ ਚੋਣਾਂ ਵਿਚ ਹਾਲੇ ਸੱਤ ਮਹੀਨੇ ਪਹਿਲਾਂ ਜਿਹੜੀ ਲੱਦਾਖ ਸੀਟ ਉਸ ਨੇ ਜਿੱਤੀ ਸੀ, ਉਸ ਵਿਚਲੀਆਂ ਵਿਧਾਨ ਸਭਾ ਸੀਟਾਂ ਵਿਚੋਂ ਇੱਕ ਵੀ ਭਾਜਪਾ ਹੁਣ ਨਹੀਂ ਜਿੱਤ ਸਕੀ। ਪਿਛਲੇ ਦਿਨਾਂ ਵਿਚ ਜਦੋਂ ਇਹ ਮੁਹਿੰਮ ਚੱਲੀ ਕਿ ਕਈ ਸਦੀਆਂ ਪਹਿਲਾਂ ਹਿੰਦੂ ਧਰਮ ਵਿਚੋਂ ਮੁਸਲਮਾਨ ਬਣ ਗਏ ਲੋਕ ਹੁਣ ਵਾਪਸ ਹਿੰਦੂ ਧਰਮ ਵਿਚ ਲਿਆਉਣੇ ਹਨ, ਇਸ ਨਾਲ ਜੰਮੂ ਵਾਲੇ ਖੇਤਰ ਵਿਚ ਹਿੰਦੂ ਭਾਈਚਾਰੇ ਵਿਚ ਕਤਾਰਬੰਦੀ ਹੋ ਗਈ ਤੇ ਭਾਜਪਾ ਨੂੰ ਪੰਝੀ ਸੀਟਾਂ ਹਾਸਲ ਹੋ ਗਈਆਂ, ਪਰ ਗੱਲ ਸੀਟਾਂ ਨਾਲ ਇਹ ਪੱਖ ਵੀ ਵੇਖਣ ਦੀ ਹੈ ਕਿ ਸੱਤ ਮਹੀਨੇ ਪਹਿਲਾਂ ਜਿਸ ਜੰਮੂ-ਕਸ਼ਮੀਰ ਸਮੁੱਚੇ ਰਾਜ ਵਿਚ ਭਾਜਪਾ ਦੀਆਂ 32æ65 ਫੀਸਦੀ ਵੋਟਾਂ ਸਨ, ਉਸ ਸਮੁੱਚੇ ਰਾਜ ਵਿਚ ਹੁਣ ਉਸ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਮਸਾਂ 23æ0 ਫੀਸਦੀ ਵੋਟਾਂ ਰਹਿ ਗਈਆਂ ਹਨ। ਬਾਹਰ ਤਾਂ ਇਹ ਪ੍ਰਭਾਵ ਹੈ ਕਿ ਭਾਜਪਾ ਅੱਗੇ ਵਧਦੀ ਜਾ ਰਹੀ ਹੈ, ਪਰ ਭਾਜਪਾ ਇਹ ਖੋਰਾ ਲੱਗਣ ਬਾਰੇ ਆਪ ਜਾਣਦੀ ਹੈ।
ਇਹ ਸਮਝ ਲੱਗਣ ਪਿੱਛੋਂ ਕਿ ਮੁੱਠੀ ਵਿਚ ਭਰੇ ਹੋਏ ਤਿਲ ਕਿਰਦੇ ਜਾਂਦੇ ਹਨ, ਭਾਜਪਾ ਲੀਡਰਸ਼ਿਪ ਆਪਣੇ ਟੀਚੇ ਪੂਰੇ ਕਰਨ ਵੱਲ ਵਧਣ ਦੀ ਕਾਹਲ ਵਿਚ ਹੈ। ਜਿਹੜੀ ਭਾਜਪਾ ਹੁਣ ਤੱਕ ਅਕਾਲੀ ਆਗੂਆਂ ਦੇ ਅੱਗੇ ਸਿਰ ਨਹੀਂ ਚੁੱਕ ਸਕੀ ਅਤੇ ਪੰਜਾਬ ਦਾ ਪ੍ਰਧਾਨ ਵੀ ਉਸ ਬੰਦੇ ਨੂੰ ਬਣਾ ਦਿੱਤਾ ਸੀ, ਜਿਹੜਾ ਮੁੱਖ ਮੰਤਰੀ ਬਾਦਲ ਅੱਗੇ ਆਫੀਸਰ ਆਨ ਸਪੈਸ਼ਲ ਡਿਊਟੀ ਵਜੋਂ ਇੱਕ ਕਾਰਿੰਦੇ ਦੀ ਹੈਸੀਅਤ ਰੱਖਦਾ ਸੀ, ਉਹੋ ਭਾਜਪਾ ਹੁਣ ਬਾਦਲ ਪਰਿਵਾਰ ਦੇ ਇੱਕ ਜੀਅ ਦੀ ਇਨਫੋਰਸਮੈਂਟ ਅੱਗੇ ਪੇਸ਼ੀ ਮੌਕੇ ਉਸ ਦੇ ਪੁਤਲੇ ਸਾੜਨ ਤੁਰ ਪਈ ਹੈ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਰਾਜਨੀਤਕ ਪਹੁੰਚ ਨਾਲ ਕੋਈ ਸਹਿਮਤ ਹੋਵੇ ਜਾਂ ਨਾ, ਉਨ੍ਹਾਂ ਦੀ ਰਾਜਸੀ ਜੋੜ-ਤੋੜ ਦੀ ਤਿਕੜਮੀ ਯੋਗਤਾ ਹਰ ਕੋਈ ਮੰਨ ਲੈਂਦਾ ਹੈ। ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਨਰਿੰਦਰ ਮੋਦੀ ਪੁਰਾਣੀ ਕਿਸੇ ਕਿੜ ਨੂੰ ਭੁੱਲਣ ਵਾਲਾ ਨਹੀਂ ਤੇ ਇਸੇ ਲਈ ਇਹ ਗੱਲ ਉਸ ਨੂੰ ਨਹੀਂ ਭੁੱਲ ਸਕਦੀ ਕਿ ਇੱਕ ਵਾਰੀ ਹਰਿਆਣੇ ਦੀ ਭਾਜਪਾ ਦਾ ਇੰਚਾਰਜ ਹੁੰਦਿਆਂ ਚੋਣਾਂ ਦੀ ਗੱਲ ਕਰਨ ਵਾਸਤੇ ਕਾਰ ਵਿਚ ਬਿਠਾ ਕੇ ਓਮ ਪ੍ਰਕਾਸ਼ ਚੌਟਾਲਾ ਨੇ ਅੱਧੇ ਰਾਹ ਵਿਚ ਉਸ ਨੂੰ ਕਾਰ ਵਿਚੋਂ ਲਾਹ ਦਿੱਤਾ ਸੀ ਅਤੇ ਅਗਲੇ ਦਿਨ ਤੱਕ ਹਰਿਆਣੇ ਤੋਂ ਕੱਢਵਾ ਦਿੱਤਾ ਸੀ। ਜਿਹੜੇ ਚੌਟਾਲੇ ਨਾਲ ਉਸ ਦਾ ਪੁਰਾਣਾ ਖਾਤਾ ਹਾਲੇ ਬਰਾਬਰ ਕਰਨ ਵਾਲਾ ਪਿਆ ਹੈ, ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਉਸ ਦੇ ਨਾਲ ਖੜੋਣ ਵਾਲੇ ਅਕਾਲੀ ਆਗੂਆਂ ਬਾਰੇ ਮੋਦੀ ਸਾਹਿਬ ਕੀ ਕਰ ਸਕਦੇ ਹਨ, ਇਹ ਗੱਲ ਨਵੇਂ ਚੜ੍ਹੇ ਸਾਲ ਵਿਚ ਸਭ ਨੂੰ ਪਤਾ ਲੱਗ ਜਾਵੇਗੀ।