ਲਾਲੀ ਪੁੱਤਰ ਰਾਠ ਦਾ

ਆਪਣੀ ਲਿਆਕਤ ਅਤੇ ਅੰਦਾਜ਼-ਏ-ਬਿਆਂ ਦੇ ਦਮ Ḕਤੇ ਸਰੋਤਿਆਂ ਦੇ ਦਿਲਾਂ ਵਿਚ ਬੈਠ ਜਾਣ ਵਾਲਾ ਲਾਲੀ (ਪ੍ਰੋਫੈਸਰ ਹਰਦਿਲਜੀਤ ਸਿੰਘ ਸਿੱਧੂ) 28-29 ਦਸੰਬਰ (2014) ਵਾਲੀ ਰਾਤ ਨੂੰ ਇਸ ਸੰਸਾਰ ਤੋਂ ਸਦਾ-ਸਦਾ ਲਈ ਰੁਖਸਤ ਹੋ ਗਿਆ। ਜਿਉਂਦੇ ਜੀਅ ਵੀ ਉਸ ਬਾਰੇ ਬਥੇਰੀਆਂ ਗੱਲਾਂ ਹੁੰਦੀਆਂ ਸਨ, ਅਗਾਂਹ ਵੀ ਹੁੰਦੀਆਂ ਰਹਿਣਗੀਆਂ।

ਅਸਲ ਵਿਚ ਇਕ ਵਾਰ ਜਿਹੜਾ ਵੀ ਸ਼ਖਸ ਉਸ ਦੇ ਸੰਪਰਕ ਵਿਚ ਆ ਗਿਆ, ਉਸ ਨੂੰ ਉਮਰ ਭਰ ਭੁਲਾ ਨਹੀਂ ਸਕਿਆ। ਚਿਰ ਪਹਿਲਾਂ ‘ਪੰਜਾਬ ਟਾਈਮਜ਼’ ਵਿਚ ਪ੍ਰੋæ ਲਾਲੀ ਬਾਰੇ ਪ੍ਰੋæ ਹਰਪਾਲ ਸਿੰਘ ਪੰਨੂ ਦਾ ਲੰਮਾ ਲੇਖ, ਲੜੀਵਾਰ ਛਾਪਿਆ ਗਿਆ ਸੀ। ਹੁਣ ਲਾਲੀ ਦੇ ਰੁਖਸਤ ਹੋਣ ‘ਤੇ ਪ੍ਰੋæ ਪੰਨੂ ਦਾ ਇਹ ਨਵਾਂ ਲੇਖ ਅਸੀਂ ਸ਼ਰਧਾਂਜਲੀ ਵਜੋਂ ਆਪਣੇ ਪਾਠਕਾਂ ਲਈ ਛਾਪ ਰਹੇ ਹਾਂ। -ਸੰਪਾਦਕ

ਹਰਪਾਲ ਸਿੰਘ ਪੰਨੂ

ਲਾਲੀ ਪੁੱਤਰ ਰਾਠ ਦਾ ਮਜਲਿਸ ਦਾ ਈਮਾਨ
ਸੁਖਨਵਰਾਂ ਦਾ ਸੁਖਨਵਰ ਨਿਘਰਿਆਂ ਦਾ ਮਾਣ।
ਕੀ ਪੂਰਬ ਦੇ ਜ਼ਖਮ ਨੇ ਕੀ ਪਛਮ ਦਾ ਤਾਣ
ਦੋਹਾਂ ਵਿਚ ਪਛਾਣਦਾ ਟੁਟੇ ਦਿਲ ਦੀ ਸ਼ਾਨ।
-ਕੁਲਵੰਤ ਗਰੇਵਾਲ
ਪਿਛਲੇ ਸਾਲ ਖੁਸ਼ਵੰਤ ਸਿੰਘ ਦੇ ਦੇਹਾਂਤ ਦੀ ਖਬਰ ਮਿਲ ਗਈ ਹੋਈ ਸੀ, ਡੇਹਰਾਦੂਨ ਐਤਵਾਰ ਦੇ ਦਿਨ ਡਿਊਟੀ ਨਿਭਾਉਣ ਰੇਲ ਗੱਡੀ ਵਿਚ ਬੈਠ ਕੇ ਜਾ ਰਿਹਾ ਸਾਂ। ਅਖਬਾਰ ਵਾਲਾ ਆਇਆ, ਹਿੰਦੀ ਦੇ ਅਖਬਾਰ ਸਨ ਜਾਂ ਅੰਗਰੇਜ਼ੀ ਦਾ ‘ਹਿੰਦੂ’ ਸੀ। ਵੱਡਾ ਅਖਬਾਰ ਸਫਰ ਵਿਚ ਠੀਕ ਰਹੇਗਾ। ‘ਹਿੰਦੂ’ ਲੈ ਲਿਆ। ਖੁਸ਼ਵੰਤ ਸਿੰਘ ਉਪਰ ਸੰਪਾਦਕੀ ਲਿਖੀ ਹੋਈ ਪੜ੍ਹੀ, ਇਕ ਵਾਕ ਸੀ: ਅੰਗਰੇਜ਼ੀ ਜਹਾਨ ਵਿਚ ਪੰਜਾਬ ਦੀ ਜਿਹੜੀ ਵਿੰਡੋ ਅੱਧੀ ਸਦੀ ਖੁੱਲ੍ਹੀ ਰਹੀ, ਬੰਦ ਹੋ ਗਈ ਹੈ।
ਲਾਲੀ (ਪੂਰਾ ਨਾਮ ਪ੍ਰੋਫੈਸਰ ਹਰਦਿਲਜੀਤ ਸਿੰਘ ਸਿੱਧੂ) ਨੂੰ ਯਾਦ ਕਰਨ ਵਕਤ ਖੁਸ਼ਵੰਤ ਸਿੰਘ ਦਾ ਜ਼ਿਕਰ ਕਿਸ ਲਈ? ਮੇਰੇ ਕੋਲ ਖੁਦ ਅਕਲ ਇਲਮ ਦਾ ਖਜ਼ਾਨਾ ਹੁੰਦਾ, ਆਪਣੇ ਕੋਲੋਂ ਗੱਲ ਬਣਾ ਲੈਂਦਾ, ਨਹੀਂ ਬਣਦੀ ਤਾਂ ਪੂਰਬਲੇ ਫਾਰਮੂਲੇ ਵਰਤਣ ਵਿਚ ਕੀ ਹਰਜ? ‘ਹਿੰਦੂ’ ਅਖਬਾਰ ਦੀ ਬੋਲੀ ਰਾਹੀਂ ਗੱਲ ਕਰੀਏ ਤਾਂ ਆਖਾਂਗੇ- “ਪੰਜਾਬੀ ਜਗਤ ਵਿਚ ਯੂਰਪੀ ਸਾਹਿਤ, ਆਰਟ ਅਤੇ ਕਲਚਰ ਦੀ ਵਿੰਡੋ ਦੇਰ ਤੱਕ ਖੁੱਲ੍ਹੀ ਰਹੀ, ਲਾਲੀ ਦੇ ਜਾਣ ਨਾਲ ਬੰਦ ਹੋ ਗਈ ਹੈ।”
“ਜਨਮ ਮਰਨ ਦੀਆਂ ਖਬਰਾਂ ਨਵੀਆਂ ਨਹੀਂ ਸਾਡੇ ਲਈ, ਪਰ ਲਾਲੀ ਜੀ ਦੀ ਖਬਰ ਨਾਲ ਵੱਖਰੀ ਕਿਸਮ ਦਾ ਦੁੱਖ ਕਿਉਂ ਹੋਇਆ?” ਪ੍ਰੋਫੈਸਰ ਭੁਪਿੰਦਰ ਸਿੰਘ ਨੇ ਕਿਹਾ।
ਨਾਗਸੈਨ ਨੇ ਉਤਰ ਦਿੱਤਾ-“ਆਪਣੀ ਟੀਮ ਦੀ ਵਿਕਟ ਉਡੀ ਹੈ, ਇਸ ਕਰ ਕੇ।”
‘ਫਿਲਹਾਲ’ ਦੇ ਗੁਰਬਚਨ ਨੇ ਦੱਸਿਆ-ਉਹ ਪੰਚਕੂਲੇ ਵਸਣ ਲੱਗਿਆ ਸੀ। ਇਕ ਦਿਨ ਮਿਲਿਆ, ਉਦਾਸ ਮਾਯੂਸ ਅਤੇ ਅੱਵਾਕ, ਡੌਰ-ਭੌਰ ਹੋਇਆ ਇੱਧਰ ਉਧਰ ਦੇਖੀ ਗਿਆ। ਉਸ ਨੂੰ ਗੱਲ ਨਾ ਔੜੇ ਕਿਉਂਕਿ ਸਰੋਤੇ ਗ਼ੈਰ-ਹਾਜ਼ਰ ਸਨ। ਸੁਕਰਾਤ ਪਾਸ ਸਰੋਤਿਆਂ ਦੀ ਗ਼ੈਰ-ਹਾਜ਼ਰੀ ਕਾਰਨ ਸ਼ਬਦ ਨਹੀਂ ਸਨ। ਉਹ ਸੁਕਰਾਤ ਤਾਂ ਨਹੀਂ ਸੀæææ
ਮੈਂ ਕਿਹਾ-“ਉਸ ਦੀਆਂ ਗੱਲਾਂ ਕਰਦਿਆਂ ਸੁਕਰਾਤ ਦਾ ਜ਼ਿਕਰ ਆ ਗਿਆ, ਕਾਫੀ ਹੈ।”
‘ਨੇੜਿਓਂ ਡਿੱਠਾ ਸੰਤ ਜਰਨੈਲ ਸਿੰਘ’ ਕਿਤਾਬ ਲਿਖਣ ਵਾਲਾ ਦਲਬੀਰ ਸਿੰਘ ਆਪ੍ਰੇਸ਼ਨ ਬਲੂਸਟਾਰ ਬਾਅਦ ਸਤੰਬਰ 1984 ਵਿਚ ਗੁਰਦਿਆਲ ਬਲ ਦੇ ਘਰ, ਯੂਨੀਵਰਸਿਟੀ ਕੈਂਪਸ ਵਿਚ ਅੰਡਰ-ਗਰਾਊਂਡ ਰਹਿ ਰਿਹਾ ਸੀ। ਬਲ ਨੇ ਲਾਲੀ ਨੂੰ ਘਰ ਸੱਦ ਲਿਆ। ਕੇਹਰ ਸਿੰਘ ਤੇ ਬਲਕਾਰ ਸਿੰਘ ਪੁੱਜ ਗਏ। ਸਿੱਖ, ਸਦਮੇ ਵਿਚੋਂ ਲੰਘ ਰਹੇ ਸਨ। ਮਾਹੌਲ ਉਦਾਸ ਸੀ। ਲਾਲੀ ਨੇ ਕਿਹਾ-ਅਕਾਲ ਤਖਤ ਦੀ ਤੁਰੰਤ ਉਸਾਰੀ ਨਹੀਂ ਹੋਣੀ ਚਾਹੀਦੀ। ਇਕ ਇੱਟ ਹਰ ਰੋਜ਼ ਲੱਗਣੀ ਚਾਹੀਦੀ ਐ, ਸਿਰਫ਼ ਇਕ ਇੱਟ ਰੋਜ਼। ਫਿਰ ਉਸ ਨੇ ਆਜ਼ਾਦੀ, ਬਹਾਦਰੀ, ਰੁਦਨ, ਟੱਕਰ ਦੀਆਂ ਗੱਲਾਂ ਸੁਣਾਉਂਦਿਆਂ ਸਪੈਨਿਸ਼ ਸਾਹਿਤ ਦੇ ਮੋਢੀ ਸਰਵਾਂਤੀਜ ਦੇ ‘ਡਾਨ ਕਵਿਗਜੋਟ’ ਤੋਂ ਲੈ ਕੇ ਹੁਣ ਤੱਕ ਦੇ ਸਾਹਿਤ ਦੀ ਸੈਰ ਕਰਾਈ। ਯੂਨਾਨੀ ਨਾਵਲਕਾਰ ਚਿੰਤਕ ਨਿਕਸੋ ਕਜਾਂਤਜੈਕਿਸ ਦੀ ਅਮਰ ਰਚਨਾ ‘ਫਰੀਡਮ ਐਂਡ ਡੈੱਥ’ ਦੀ ਕਥਾ ਛੇੜ ਲਈ। ਯੂਨਾਨ ਦੇ ਨਾਲ ਲਗਦੇ ਟਾਪੂ ਕਰੀਟ ਵਿਚ ਸਥਾਨਕ ਇਸਾਈ ਤੁਰਕਾਂ ਨਾਲ ਟਕਰਾ ਰਹੇ ਹਨ। ਮਾਈਕਲ ਅਤੇ ਪਾਸ਼ਾ ‘ਓਡੀਸੀ ਰੀਵਿਜ਼ਿਟਿਡ’ ਵਿਚ ਯੋਧੇ ਹਨ। ਇਸ ਕਿਤਾਬ ਵਿਚਲੀ ਆਜ਼ਾਦੀ ਦੀ ਗਾਥਾ ਸੁਣਾਉਂਦਿਆਂ ਲਾਲੀ ਨੇ ਆਦਮੀ ਦੀ ਸ਼ਾਨ ਦਾ ਉਹ ਮਾਰਮਿਕ ਵਰਣਨ ਕੀਤਾ ਕਿ ਚਾਰ ਘੰਟੇ ਹੋਰ ਕੋਈ ਨਾ ਬੋਲਿਆ। ਹੁਣ ਦਲਬੀਰ 85 ਸਾਲ ਦਾ ਹੋ ਗਿਐ। ਉਸ ਨੂੰ ਉਸ ਦਿਨ ਦਾ ਲਾਲੀ ਅਜੇ ਭੁੱਲਿਆ ਨਹੀਂ। ਫੋਨ ‘ਤੇ ਪੁੱਛ ਲੈਂਦੈ-ਕਿਵੇਂ ਐ ਤੁਹਾਡਾ ਲਾਲੀ ਹੁਣ, ਜੀਵਨ ਵਿਚ ਇਕ ਵਾਰ ਉਸ ਨੂੰ ਮਿਲਿਆਂ, ਉਸ ਦਾ ਚਿਹਰਾ, ਅੰਦਾਜ਼ ਸਤਾਈ ਸਾਲ ਤੋਂ ਮੇਰੀਆਂ ਅੱਖਾਂ ਅੱਗੇ ਸਜੀਵ ਫਿਰ ਰਿਹਾ ਹੈ। ਉਸ ਦੀਆਂ ਆਵਾਜ਼ਾਂ ਦੀ ਧੁਨ ਸੁਣਾਈ ਦੇਣੋਂ, ਹੱਥਾਂ ਦੀ ਮੁਦਰਾ ਦਿਖਾਈ ਦੇਣੋਂ ਅਜੇ ਹਟੀ ਨਹੀਂ।
ਹਰ ਸਵੇਰ ਉਸ ਨੂੰ ਸਰੋਤਾ ਚਾਹੀਦਾ ਸੀ। ਮੱਕੇ ਉਪਰ ਜਹਾਦੀਆਂ ਦਾ ਹਮਲਾ, ਕਸ਼ਮੀਰ ਦਾ ਹਜ਼ਰਤਬਲ ਸੰਕਟ, ਮਿਸਰ ਵਿਚ ਮੁਸਲਿਮ ਬ੍ਰਦਰਹੁੱਡ ਦੀ ਚੜ੍ਹਤ, ਸ੍ਰੀ ਲੰਕਾ ਵਿਚ ਲਿਟੇ ਦੀ ਮਾਅਰਕੇਬਾਜ਼ੀ। ਬੇਅੰਤ ਸਿੰਘ ਦੀ ਹੱਤਿਆ ਜਾਂ ਕਿਸੇ ਨੋਬੇਲ ਇਨਾਮਦਾਰ ਦਾ ਹੁਨਰ, ਇਕੋ ਜਿਹੀ ਰੋਮਾਂਚਿਤ ਸ਼ੈਲੀ ਵਿਚ ਵਰਣਨ ਕਰਦਾ। ਰਵਿੰਦਰ ਰਵੀ ਅਤੇ ਬਲਵੰਤ ਮਾਂਗਟ ਵਰਗੇ ਉਸ ਦੇ ਵਿਰੋਧੀ ਸਿਰ ਨਿਵਾ ਕੇ ਸੁਣਨ ਲੱਗ ਜਾਂਦੇ। ਗਲੋਬ ਉਸ ਵਾਸਤੇ ਬਹੁਤ ਛੋਟੀ ਗੇਂਦ ਹੈ, ਕੁਝ ਹੋਰ ਵੱਡੀ ਹੋਣੀ ਚਾਹੀਦੀ ਸੀ।
ਸਾਲ 1968 ਵਿਚ ਦਸਵੀਂ ਜਮਾਤ ਪਿੰਡੋਂ ਕਰ ਕੇ ਜਦੋਂ ਮੈਂ ਮਹਿੰਦਰਾ ਕਾਲਜ ਵਿਚ ਦਾਖਲ ਹੋ ਕੇ, ਪ੍ਰੀ-ਮੈਡੀਕਲ ਕਰ ਕੇ ਡਾਕਟਰ ਬਣਨ ਦਾ ਫੈਸਲਾ ਕੀਤਾ, ਉਦੋਂ ਮੇਰੀ ਜੇਬ ਵਿਚ ਚੁਆਨੀ ਨਹੀਂ ਸੀ। ਮੈਂ ਲਾਲੀ ਦੇ ਪਟਿਆਲੇ ਬਹੇੜਾ ਰੋਡ ਵਾਲੇ ਮਕਾਨ ਦੇ ਤਬੇਲੇ ਵਿਚ ਡੇਰਾ ਜਮਾ ਕੇ ਪੜ੍ਹਨਾ ਸ਼ੁਰੂ ਕੀਤਾ। ਪੰਦਰਾਂ ਸਾਲ ਦਾ ਛੋਕਰਾ ਦੇਖੀ ਜਾਂਦਾ, ਲਾਲੀ ਨਾਲ ਰਾਜ਼ਦਾਂ ਆ ਰਿਹਾ ਹੈ, ਸੋਮਪਾਲ ਰੰਚਨ ਆ ਰਿਹਾ ਹੈ, ਸੁਰਜੀਤ ਪਾਤਰ, ਨੂਰ, ਸ਼ਿਵ ਕੁਮਾਰæææ ਯਾਨੀ ਕਿ ਸਾਰੇ ਦੇ ਸਾਰੇ ਅਜੂਬੇ। ਪਹਿਲੀ ਵਾਰੀ ਐਲ਼ਪੀæ ਮਸ਼ੀਨ ਚਲਦੀ ਦੇਖੀ, ਪਹਿਲੀ ਵਾਰੀ ਟੇਪ ਰਿਕਾਰਡਰ ਦੇ ਵੱਡੇ ਸਪੂਲ ਘੁੰਮਦੇ ਦੇਖੇæææਦੂਰੋਂ।
ਲਾਲੀ ਦਾ ਸਹੁਰਾ ਘਰ ਪਟਿਆਲਾ ਹੀ ਸੀ। ਆਪਣੀ ਪਤਨੀ ਨਾਲ ਤਾਂ ਬਹੇੜਾ ਰੋਡ ਘੱਟ ਈ ਆਉਂਦਾ, ਦੋਸਤਾਂ ਦੇ ਕਾਫਲੇ ਹੀ ਬਹੁਤੀ ਵਾਰ ਦਿਖਾਈ ਦਿੰਦੇ। ਸਰਦਾਰ ਪਾਪਾ ਪਿੰਡ ਰਹਿੰਦਾ, ਕਦੀ ਕਦਾਈਂ ਮਹੀਨੇ ਦੋ ਮਹੀਨੇ ਬਾਅਦ ਦੋ-ਚਾਰ ਦਿਨ ਰਹਿ ਕੇ ਵਾਪਸ ਪਰਤ ਜਾਂਦਾ। ਪਟਿਆਲੇ ਦੇ ਨੇੜੇ ਨਾਭਾ ਰੋਡ ਉਤੇ ਛੇ ਏਕੜ ਜ਼ਮੀਨ ਸੀ। ਲੈਂਡ ਸੀਲਿੰਗ ਐਕਟ ਤੋਂ ਪਹਿਲਾਂ ਸਾਰਾ ਪਿੰਡ ਫਤਿਹਗੜ੍ਹ ਉਸੇ ਦਾ ਸੀ, ਪਰ ਸੀਲਿੰਗ ਪਿਛੋਂ ਵੀ ਘੱਟ ਕੀਮਤ ਪੁਆ ਕੇ 200 ਏਕੜ ਬਚਾ ਲਏ ਸਨ। ਪਿੰਡ ਦੀ ਹਵੇਲੀ ਕਿਲ੍ਹਾ ਸੀ, ਉਚੇ ਥਾਂ ਉਪਰ ਉਸਰਿਆ ਕਿਲ੍ਹਾ। ਅਸੀਂ ਪਟਿਆਲੇ ਆਪ ਰੋਟੀ ਪਕਾਉਂਦੇ। ਦਾਲ ਜਾਂ ਸਬਜ਼ੀ ਜੋ ਸਵੇਰੇ ਖਾ ਕੇ ਜਾਂਦੇ, ਉਹੀ ਸ਼ਾਮ ਨੂੰ। ਇਸ ਤਬੇਲੇ ਦੀ ਖੁਰਲੀ ਵਿਚ ਅਸੀਂ ਮਿੱਟੀ ਪਾ ਦਿੱਤੀ। ਉਪਰ ਇਕ ਤਹਿ ਇੱਟਾਂ ਦੀ ਵਿਛਾ ਕੇ ਅਖਬਾਰਾਂ ਨਾਲ ਢਕ ਦਿਤੀ। ਇਹੀ ਸਾਡਾ ਕੁਕਿੰਗ ਰੇਂਜ, ਇਹੀ ਡਾਇਨਿੰਗ ਟੇਬਲ। ਇਕ ਸਟੋਵ, ਚਾਰ ਕੌਲੀਆਂ, ਚਾਰ ਗਲਾਸ, ਅਜੀਤ ਹੱਸਦਾ-ਸਮਾਜਵਾਦ ਆ ਗਿਆ। ਮੱਝਾਂ ਅਤੇ ਬੰਦਿਆਂ ਦਾ ਡਾਇਨਿੰਗ ਟੇਬਲ ਇੱਕੋ। ਆਰਥਿਕ ਬਰਾਬਰੀ।
ਪੜ੍ਹਨ ਲਿਖਣ ਦਾ ਕੰਮ ਸ਼ੁਰੂ ਕਰ ਦਿਤਾ ਸੀ, ਦੋ ਕੁ ਮਹੀਨਿਆਂ ਬਾਅਦ ਲਾਲੀ ਦਾ ਪਾਪਾ ਪਿੰਡੋਂ ਆ ਗਿਆ। ਪੁੱਛਿਆ-ਕਿਵੇਂ ਓ ਬਈ ਮੁੰਡਿਓ? ਅਸੀਂ ਕਿਹਾ-ਠੀਕ ਹਾਂ ਜੀ। ਫਿਰ ਪੁੱਛਿਆ-ਪਟਿਆਲਾ ਦੇਖਿਆ? ਅਸੀਂ ‘ਹਾਂ’ ਵਿਚ ਸਿਰ ਹਿਲਾਏ।-ਕੀ ਕੀ ਦੇਖਿਆ? ਉੱਤਰ-ਮਾਲ ਰੋਡ, ਬਾਰਾਂਦਰੀ ਬਾਗ, ਕਿਲ੍ਹਾ ਮੁਬਾਰਕ, ਅਦਾਲਤ ਬਾਜ਼ਾਰ, ਮੋਤੀ ਮਹਿਲ। ਫਿਲਮ ਨਹੀਂ ਦੇਖੀ। ਇਹ ਚੰਗੀ ਚੀਜ਼ ਨਹੀਂ ਹੁੰਦੀ। ਹੱਸ ਪਿਆ-ਮੈਨੂੰ ਪਤਾ ਸੀ ਇਹੋ ਜਵਾਬ ਦਿਉਗੇ। ਪਾਸ ਹੋਣ ਜੋਗੇ ਨੰਬਰ ਨਹੀਂ ਮਿਲੇ ਤੁਹਾਨੂੰ। ਜਿਸ ਨੂੰ ਤੁਸੀਂ ਪਟਿਆਲਾ ਸਮਝਿਆ, ਇਹ ਤਾਂ ਉਹ ਥਾਂ ਹੈ ਜਿਥੇ ਪਟਿਆਲਾ ਰਹਿੰਦਾ ਹੈ, ਉਸ ਬਾਸ਼ਿੰਦੇ ਦਾ ਘਰ ਹੈ। ਥੋੜ੍ਹੇ ਕੁ ਦਿਨ ਰਹਾਂਗਾ ਤੁਹਾਡੇ ਕੋਲ। ਪਟਿਆਲਾ ਦਿਖਾਵਾਂਗਾ। ਠੀਕ ਐ? ਅਸੀਂ ‘ਹਾਂ’ ਵਿਚ ਸਿਰ ਹਿਲਾਏ। ਕਿਹਾ-ਤੁਹਾਨੂੰ ਦਿਖਾਵਾਂਗਾ ਰਾਜ਼ਦਾਂ, ਬੇਦਾਰ, ਦਲੀਪ ਟਿਵਾਣਾ, ਵਿਸ਼ਵਨਾਥ ਤਿਵਾੜੀ, ਗੁਲਵੰਤ ਸਿੰਘ, ਗੰਡਾ ਸਿੰਘ, ਪ੍ਰੀਤਮ ਸਿੰਘ। ਮਿਲਾਂਗੇ ਉਸਤਾਦ ਬਾਕਰ ਹੁਸੈਨ ਨੂੰ, ਕੰਵਰ ਮ੍ਰਿਗੇਂਦਰ ਸਿੰਘ ਨੂੰ, ਮਹਾਰਾਜਾ ਯਾਦਵੇਂਦਰ ਸਿੰਘ ਨੂੰ, ਲਾਲ ਚੰਦ ਯਮਲਾ ਤੇ ਹਰਪਾਲ ਟਿਵਾਣੇ ਨੂੰ। ਭਲਵਾਨ ਕੇਸਰ ਸਿੰਘ ਦੀ ਹਵੇਲੀ ਚੱਲਾਂਗੇ। ਇਕ ਸ਼ਾਇਰ ਹੈ ਕੁਲਵੰਤ ਗਰੇਵਾਲ। ਇਕ ਜੋਗਿੰਦਰ ਸਿੰਘ ਹੈ, ਉਸ ਵਰਗੀ ਹੀਰ ਕਿਸ ਨੇ ਗਾਉਣੀ ਹੈ? ਉਸ ਦਾ ਨਾਮ ਅਸੀਂ ਜੋਗਿੰਦਰ ਹੀਰ ਰੱਖ ਦਿੱਤੈ। ਸੁਣੇ ਇਹ ਨਾਮ ਕਦੀ? ਕਿਸੇ ਦਾ ਨਾਮ ਨਹੀਂ ਸੁਣਿਆ ਸੀ ਸਿਵਾਇ ਮੈਡਮ ਟਿਵਾਣਾ ਦੇ, ਜਿਨ੍ਹਾਂ ਦੀ ਕਹਾਣੀ ‘ਬਸ ਕੰਡਕਟਰ’ ਦਸਵੀਂ ਦੀ ਪਾਠ ਪੋਥੀ ਵਿਚ ਲੱਗੀ ਹੋਈ ਸੀ। ਉਨ੍ਹਾਂ ਨੇ ਇਕ ਹੋਰ ਫੈਸਲਾ ਸੁਣਾਇਆ-ਰਿਕਸ਼ੇ, ਤਾਂਗੇ ਜਾਂ ਬੱਸ ਦੀ ਸਵਾਰੀ ਨਹੀਂ ਕਰਨ ਦਿਆਂਗਾ। ਪੈਦਲ ਚੱਲਣਾ ਪਵੇਗਾ, ਤਾਂ ਪਟਿਆਲਾ ਮਿਲੇਗਾ ਸਹਿਜੇ-ਸਹਿਜੇ, ਮਨਜ਼ੂਰ ਐ? ਗੁੰਗਿਆਂ ਬੋਲਿਆਂ ਵਾਂਗ ‘ਹਾਂ’ ਵਿਚ ਸਿਰ ਹਿਲਾਏ। ਪੱਚੀ ਤੀਹ ਕਿਲੋਮੀਟਰ ਪੈਦਲ ਸਫ਼ਰ ਉਸ ਲਈ ਆਮ ਗੱਲ ਸੀ। ਜਦੋਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦਾ; ਨੌਕਰ, ਕੁੱਤਾ ਤੇ ਘੋੜਾ ਨਾਲ ਹੁੰਦੇ। ਸਵਾਰੀ ਨਹੀਂ ਕਰਦਾ ਸੀ, ਕਹਿ ਦਿੰਦਾ- ਜਦੋਂ ਥੱਕ ਗਿਆ ਤਾਂ ਸਵਾਰ ਹੋ ਜਾਵਾਂਗਾ। ਥਕਦਾ ਈ ਨਾ। ਮੈਂ ਉਸ ਨੂੰ ਘੋੜੇ ਦੀ ਕਾਠੀ ‘ਤੇ ਸਵਾਰ ਕਦੇ ਨਹੀਂ ਦੇਖਿਆ। ਅੱਗੇ-ਅੱਗੇ ਤੁਰਿਆ ਜਾ ਰਿਹਾ ਹੈ, ਬਾਕੀ ਸਭ ਪਿੱਛੇ-ਪਿੱਛੇ।
ਮੈਂ ਸਰਦਾਰ ਨੂੰ ਪੁੱਛਿਆ-ਤੁਸੀਂ ਵੀ ਮਹਿੰਦਰਾ ਕਾਲਜ ਵਿਚ ਪੜ੍ਹੇ? ਖੂਬ ਹੱਸਿਆ-ਉਏ ਇਹ ਕਾਲਜ ਬਣਾਇਐ ਕਿਸੇ ਨੇ? ਇਹ ਤਾਂ ਸਕੂਲ ਹੋਇਆ ਕਰਦਾ ਸੀ ਬਾਹਰਵੀਂ ਤੱਕ ਦਾ। ਇਕ ਦਿਨ ਸਰਕਾਰੀ ਚਿੱਠੀ ਆ ਗਈ ਕਿ ਅੱਗੇ ਤੋਂ ਇਹਨੂੰ ਸਕੂਲ ਨਾ ਕਿਹਾ ਕਰੋ, ਕਾਲਜ ਕਿਹਾ ਕਰੋ। ਐਂ ਕਹਿਣ ਨਾਲ, ਇਕ ਚਿਠੀ ਨਾਲ ਸਕੂਲ, ਕਾਲਜ ਬਣ ਜਾਇਐ ਕਰਦੈ? ਚੀਫਜ਼ ਕਾਲਜ ਲਾਹੌਰੋਂ ਪੜ੍ਹਿਆ ਹਾਂ। ਅੰਦਰ ਆਉ ਜ਼ਰਾ। ਆਹ ਦਿਸਦੀਆਂ ਨੇ ਸ਼ੀਲਡਾਂ, ਕੱਪ ਅਤੇ ਟਰਾਫੀਆਂ? ਕਤਾਰਾਂ ਦੀਆਂ ਕਤਾਰਾਂ। ਦੱਸੋ, ਕਾਨਸ ‘ਤੇ ਬਚੀ ਹੈ ਕੋਈ ਥਾਂ? ਵਿਦਵਤਾ ਦਾ ਕਦੇ ਦਾਅਵਾ ਨਹੀਂ ਕੀਤਾ। ਖੇਡਣ ਦੀ ਰੁਚੀ ਸੀ, ਸੋ ਹਾਕੀ ਦੀ ਕਪਤਾਨੀ ਕੀਤੀ। ਜਿਥੇ ਖੇਡਣ ਜਾਂਦੇ, ਜਦੋਂ ਪਤਾ ਲਗਦਾ; ਫਤਿਹਗੜ੍ਹੀਏ ਨਾਲ ਟੱਕਰ ਹੋਵੇਗੀ, ਤਾਪ ਚੜ੍ਹ ਜਾਂਦਾ ਸੀ ਅਗਲਿਆਂ ਨੂੰ।
ਟੀਮ ਦੀ ਫੋਟੋ ਦੇਖੀ। ਮਹਾਰਾਜਾ ਯਾਦਵਿੰਦਰ ਸਿੰਘ ਬੈਠੇ ਸਨ। ਮੈਂ ਪੁੱਛਿਆ-ਵਧੀਆ ਖਿਡਾਰੀ ਸਨ ਮਹਾਰਾਜਾ? ਹੱਸ ਪਿਆ-ਠੀਕ ਸਨ, ਟੀਮ ਵਿਚ ਪਾ ਲੈਂਦੇ ਸਾਂ, ਫਸਟ ਕਲਾਸ ਟਰੇਨ ਦੀਆਂ ਸੀਟਾਂ ਮਿਲਣਗੀਆਂ, ਉਨ੍ਹਾਂ ਕਰ ਕੇ ਆਲੀਸ਼ਾਨ ਹੋਟਲਾਂ ਵਿਚ ਰਹਿਣ ਦਾ ਬੰਦੋਬਸਤ ਹੋ ਜਾਂਦਾ।
ਉਹ ਹੱਸਦਾ ਤਾਂ ਜਿਵੇਂ ਝਰਨਾ ਫੁੱਟ ਪੈਂਦਾ, ਸਾਰਾ ਜਿਸਮ ਹੱਸਦਾ। ਇਹ ਲਫਜ਼ ਲਿਖਦਿਆਂ ਮੈਨੂੰ ਚੈਖਵ ਦਾ ‘ਵਾਂਕਾ’ ਯਾਦ ਆ ਗਿਆ। ਆਪਣੇ ਬਾਬੇ ਨੂੰ ਲਿਖੇ ਖ਼ਤ ਵਿਚਲੇ ਵਾਕ ਹਨ, “ਬਾਬਾ ਤੂੰ ਜਦੋਂ ਜੰਗਲ ਵਿਚੋਂ ਕ੍ਰਿਸਮਸ ਟ੍ਰੀ ਵੱਢਣ ਲਈ ਜਾਂਦਾ, ਮੈਂ ਵੀ ਤੇਰੇ ਨਾਲ ਤੁਰ ਪੈਂਦਾ। ਦਰਖਤ ਵੱਢਦਿਆਂ ਜਦੋਂ ਠੰਢ ਨਾਲ ਮੈਨੂੰ ਕੰਬਦਾ ਦੇਖਦਾ ਤਾਂ ਤੂੰ ਖੂਬ ਹੱਸਦਾ, ਤੇਰੇ ਨਾਲ ਸਾਰਾ ਜੰਗਲ ਹੱਸ ਪੈਂਦਾ।”
ਵਲਦਾਰ ਤਾਰਾਂ ਦੀਆਂ ਲੱਤਾਂ ਵਾਲੀ ਕੁਰਸੀ ‘ਤੇ ਬੈਠਾ ਗੱਲਾਂ ਕਰਦਾ ਦੇਖ ਕੇ ਮੈਂ ਸੋਚਿਆ ਕਰਦਾ-ਮਹਾਰਾਜਾ ਰਣਜੀਤ ਸਿੰਘ ਦੀਆਂ ਦੋਵੇਂ ਅੱਖਾਂ ਕਾਇਮ ਰਹਿੰਦੀਆਂ ਤੇ ਚਿਹਰੇ ਉਪਰ ਚੇਚਕ ਦੇ ਦਾਗ ਨਾ ਹੁੰਦੇ ਤਾਂ ਬਿਲਕੁਲ ਇਸ ਤਰ੍ਹਾਂ ਦਾ ਹੋਣਾ ਸੀ। ਅੱਖਾਂ ਮਸ਼ਾਲਾਂ ਵਾਂਗ ਦਗਦੀਆਂ। ਇਹ ਨਹੀਂ ਕਿ ਗੁੱਸਾ ਨਹੀਂ ਆਉਂਦਾ ਸੀ। ਗੁੱਸੇ ਵਿਚ ਖੁਦ ਨੂੰ ਬੁਰਾ ਭਲਾ ਕਹਿਣ ਲਗਦਾ ਜਿਸ ਉਪਰ ਕ੍ਰੋਧਵਾਨ ਹੈ, ਉਸ ਨੂੰ ਨਹੀਂ।
ਹਰਜੀਤ ਗਿੱਲ ਨੇ ਦੱਸਿਆ-ਲਾਲੀ ਕਿਉਂਕਿ ਕਮਿਊਨਿਸਟ ਨਹੀਂ ਸੀ, ਉਸ ਨੂੰ ਬਹੁਤ ਆਰਾਮ ਨਾਲ ਨੌਕਰੀ ਮਿਲੀ।
ਲਾਲੀ ਜਾਇਨਿੰਗ ਰਿਪੋਰਟ ਦੇਣ ਗਿਆ ਮੁਖੀ ਗਿੱਲ ਨੂੰ ਕਹਿਣ ਲੱਗਾ ਕਿਸੇ ਨੂੰ ਦੱਸਿਓ ਨਾ, ਬਈ ਲਾਲੀ ਨੌਕਰ ਹੋ ਗਿਐ। ਮੇਰੇ ਭਾਈਚਾਰੇ ਵਿਚ ਮੇਰੀ ਬਦਨਾਮੀ ਹੋਵੇਗੀ। ਮਾਲਕ ਨੌਕਰ ਹੋ ਜਾਏ, ਇਹ ਗੱਲ ਸ਼ਰਮਨਾਕ ਹੈ।
ਗਿੱਲ ਨੇ ਕਿਹਾ-ਮੈਂ ਕਿਉਂ ਦੱਸਣਾ ਹੋਇਆ ਕਿਸੇ ਨੂੰ?
ਲਾਲੀ-ਪਰ ਮੈਨੂੰ ਸਵੇਰੇ ਆ ਕੇ ਹਾਜ਼ਰੀ ਲਾ ਕੇ ਚਾਰ ਵਜੇ ਤੱਕ ਬੈਠਣਾ ਪਿਆ ਕਰੇਗਾ। ਪਤਾ ਤਾਂ ਲੱਗ ਜਾਣੈ।
ਗਿੱਲ-ਤੇਰੇ ‘ਤੇ ਕੋਈ ਪਾਬੰਦੀ ਨਹੀਂ। ਤੈਨੂੰ ਕੋਈ ਨੌਕਰ ਨਹੀਂ ਸਮਝੇਗਾ। ਜਿਹੜਾ ਮਰਜ਼ੀ ਵਾਈਸ ਚਾਂਸਲਰ ਆ ਜਾਏ, ਤੈਨੂੰ ਨਹੀਂ ਟੋਕੇਗਾ।
ਇਉਂ ਲਾਲੀ ਉਮਰ ਭਰ ਮਾਲਕ ਰਿਹਾ।
ਲਾਲੀ ਨੂੰ ਮਿਲਣ ਆਇਆ ਇਕ ਮੁੰਡਾ ਗਿੱਲ ਦੇ ਕਮਰੇ ਵਿਚ ਗਿਆ, ਪੁੱਛਿਆ-ਲਾਲੀ ਕਿਥੇ ਐ? ਗਿੱਲ ਨੇ ਕਿਹਾ-ਜੇ ਤੂੰ ਲਾਲੀ ਨੂੰ ਜਾਣਦੈਂ, ਫਿਰ ਤੈਨੂੰ ਪਤਾ ਹੋਣਾ ਚਾਹੀਦੈ ਉਹ ਕਿਥੇ ਹੈ ਇਸ ਵੇਲੇ; ਜੇ ਨਹੀਂ ਜਾਣਦਾ, ਫਿਰ ਮਿਲ ਕੇ ਕੀ ਕਰੇਂਗਾ?
ਡਾæ ਭਗਤ ਸਿੰਘ ਵੀæਸੀæ ਕੋਲ ਲਾਲੀ ਵਿਰੁੱਧ ਕਿਸੇ ਚੁਗਲੀ ਕੀਤੀ। ਦੱਸਿਆ; ਕੰਮ ਨਹੀਂ ਕਰਦਾ, ਕਲਾਸ ਵਿਚ ਨਹੀਂ ਜਾਂਦਾ, ਦਰਖਤ ਹੇਠ ਬੈਠਾ ਗੱਲਾਂ ਕਰੀ ਜਾਂਦੈ ਫਜ਼ੂਲ। ਉਸ ਨੂੰ ਸਮਝਾਉ। ਭਗਤ ਸਿੰਘ ਨੇ ਕਿਹਾ-ਤੂੰ ਵੀ ਲਾਲੀ ਦੀ ਕਲਾਸ ਵਿਚ ਬੈਠਿਆ ਕਰ ਕਦੀ ਕਦਾਈਂ, ਤੈਨੂੰ ਵੀ ਅਕਲ ਆਏ। ਲਾਲੀ ਜਿਥੇ ਬੈਠਾ ਹੋਵੇ, ਉਹ ਕਲਾਸ ਰੂਮ ਹੈ। ਲਾਲੀ ਯੂਨੀਵਰਸਿਟੀ ਵਾਸਤੇ ਨਹੀ ਬਣਿਆ, ਉਸ ਵਾਸਤੇ ਯੂਨੀਵਰਸਿਟੀ ਬਣੀ ਹੈ।
ਹਰਜੀਤ ਗਿੱਲ ਕੋਲ ਕਿਸੇ ਨੇ ਸ਼ਿਕਾਇਤ ਕੀਤੀ-ਲਾਲੀ ਤੇ ਸੁਰਜੀਤ ਲੀ ਸਾਰਾ ਦਿਨ ਕਾਫ਼ੀ ਹਾਊਸ ਵਿਚ ਯੱਕੜ ਮਾਰ ਕੇ ਘਰ ਚਲੇ ਜਾਂਦੇ ਨੇ। ਤੁਸੀਂ ਵਿਭਾਗ ਵਿਚ ਬਿਠਾ ਕੇ ਕੰਮ ਕਰਨ ਲਈ ਕਿਉਂ ਨਹੀਂ ਕਹਿੰਦੇ? ਗਿੱਲ ਨੇ ਕਿਹਾ-ਮਰ ਜਾਣ ਦੇ ਇਨ੍ਹਾਂ ਨੂੰ ਚਾਹ ਪੀ-ਪੀ ਕੇ। ਇਥੇ ਬੈਠ ਕੇ ਕਿਹੜਾ ਕੰਮ ਕਰਨਗੇ? ਇਨ੍ਹਾਂ ਦੀ ਗੈਰ-ਹਾਜ਼ਰੀ ਵਿਚ ਮੈਂ ਤਾਂ ਕੰਮ ਕਰ ਲੈਨਾ। ਫਿਰ ਮੇਰੇ ਕੋਲ ਬੈਠੇ ਰਿਹਾ ਕਰਨਗੇ, ਮੈਨੂੰ ਵੀ ਕੰਮ ਨਹੀਂ ਕਰਨ ਦੇਣਾ। ਮੇਰਾ ਜੀ ਕਰਦੈ, ਦਸ ਮੀਲ ‘ਤੇ ਕਾਫ਼ੀ ਹਾਊਸ ਹੋਵੇ, ਆਉਂਦੇ-ਜਾਂਦੇ ਬੀਤ ਜਾਣ।
ਲਾਲੀ ਦੀ ਜੇਬ ਵਿਚ ਪੰਜ ਰੁਪਏ ਤੋਂ ਵੱਧ ਕਦੀ ਪੈਸਾ ਨਹੀਂ ਰਿਹਾ; ਉਦੋਂ ਵੀ ਨਹੀਂ, ਜਦੋਂ ਪ੍ਰੋਫੈਸਰ ਲੱਗ ਗਿਆ ਸੀ। ਰੋਟੀ, ਵਿਸਕੀ, ਚਾਹ, ਲੱਸੀ, ਜੋ ਖਾਧਾ ਪੀਤਾ-ਉਸ ਦਾ ਬਿਲ ਨਾਲ ਵਾਲਾ ਦੇਵੇਗਾ। ਸਾਰੀ ਉਮਰ ਇਹੋ ਹੋਇਆ। ਜੇ ਤੁਹਾਡਾ ਖਿਆਲ ਹੈ ਇਹ ਗੱਲ ਮੈਨੂੰ ਬੁਰੀ ਲਗਦੀ ਹੈ, ਤੁਸੀਂ ਗਲਤ ਹੋ। ਲਾਲੀ ਵਰਗਾ ਫਕੀਰ ਇਵੇਂ ਹੀ ਕਰੇਗਾ। ਕੁਲਵੰਤ ਸਿੰਘ ਗਰੇਵਾਲ ਦੇ ਸੁਭਾਅ ਵਿਚ ਬਾਦਸ਼ਾਹੀ ਸੀ। ਉਹ ਵਧੀਆ ਤੋਂ ਵਧੀਆ ਖਾਣ-ਪੀਣ ਦੀ ਚੀਜ਼ ਖਰੀਦ ਕੇ ਪੈਸੇ ਖੁਦ ਦਿੰਦਾ। ਹੁਣ ਤੱਕ ਮੈਨੂੰ ਪੈਸੇ ਨਹੀਂ ਦੇਣ ਦਿੰਦਾ-ਤੂੰ ਛੋਟਾ ਹੈਂ, ਚੁਪ ਕਰ ਕੇ ਬੈਠਿਆ ਕਰ। ਜੇ ਕੋਈ ਮਿੱਤਰ ਦੂਰ ਜਾਂਦਾ ਦਿੱਸ ਪਿਆ, ਬੁਲਾਉਣਾ ਹੈ, ਉਚੀ ਆਵਾਜ਼ ਨਹੀਂ ਦਏਗਾ, ਤੇਜ਼ ਕਦਮੀ ਚੱਲ ਕੇ ਰਲੇਗਾ ਜਾਂ ਫਿਰ ਕੋਈ ਵਿਦਿਆਰਥੀ ਮਿਲ ਗਿਆ, ਉਸ ਨੂੰ ਉਸ ਵੱਲ ਭਜਾ ਦਏਗਾ।
ਸਿਧਾਰਥ ਨੇ ਕਿਹਾ-ਲਾਲੀ ਸੰਕੇਤਾਂ, ਮਿੱਥਾਂ ਤੇ ਰੂਪਕਾਂ ਨਾਲ ਗੱਲ ਫੜਨ ਦਾ ਯਤਨ ਕਰਦਾ। ਉਹਦੇ ਹੱਥ, ਬਾਹਾਂ, ਅੱਖਾਂ, ਬੋਲਾਂ ਨਾਲੋਂ ਵਧੀਕ ਗੱਲਾਂ ਕਰਦੀਆਂ। ਇਕ ਦਿਨ ਜਾਂਦਿਆਂ-ਜਾਂਦਿਆਂ ਰੁਕੇ, ਸੜਕ ਦੇ ਵਿਚਕਾਰ ਥੋੜ੍ਹਾ ਕੁ ਘਾਹ ਉਗਿਆ ਦੇਖਿਆ। ਖਲੋ ਗਏ, ਘਾਹ ਨੂੰ ਕਿਹਾ-ਉਏ ਤੈਨੂੰ ਨਾ ਗਾਂ ਖਾਏਗੀ ਨਾ ਮੱਝ; ਨਾ ਭੇਡ ਦੇ ਕੰਮ ਆਏਂਗਾ ਨਾ ਬੱਕਰੀ ਦੇ। ਕਿਉਂ ਉਗ ਆਇਐਂ ਇਥੇ? ਪਹੀਆਂ ਹੇਠ ਕੁਚਲੇ ਜਾਣ ਲਈ? ਫਿਰ ਸੜਕ ਵਿਚਕਾਰ ਬੈਠ ਗਏ, ਸਾਨੂੰ ਕਿਹਾ-ਦੇਖੋ, ਉਪਰ ਜਾਣ ਵਾਸਤੇ ਜਿੰਨੀ ਕੁ ਇਸ ਵਿਚ ਤਾਕਤ ਸੀ ਲਾ ਦਿੱਤੀ, ਜਦੋਂ ਥੱਕ ਗਿਆ, ਸਿਰ ਝੁਕਾ ਦਿੱਤਾ। ਆਹ ਦੇਖੋ, ਝੁਕਿਆ ਸਿਰ ਦੇਖੋ।
‘ਨਾਦ ਪ੍ਰਗਾਸ’ ਦੇ ਜੁਆਨ ਲਾਲੀ ਨੂੰ ਮਿਲਣ ਗਏ। ਉਮਰ ਵਧੀਕ ਹੋਣ ਕਰ ਕੇ ਜ਼ਿਆਦਾ ਗੱਲਾਂ ਨਾ ਕਰ ਸਕੇ। ਉਠੇ। ਉਨ੍ਹਾਂ ਦੀਆਂ ਦਸਤਾਰਾਂ ਪਲੋਸਦਿਆਂ ਕਿਹਾ-ਦਸਤਾਰ ਬਗੈਰ ਬੰਦਾ ਲਾਹੌਰ ਨਹੀਂ ਜਾ ਸਕਦਾ।
ਇਹੋ ਜਿਹੀ ਗੱਲ ਲਾਲੀ ਹੀ ਕਰ ਸਕਦਾ ਹੈ। ਲਾਹੌਰ ਪੰਜਾਬ ਦੀ ਦਸਤਾਰ ਹੈ। ਪੰਜਾਬ ਜਦੋਂ ਪੰਜਾਬ ਨੂੰ ਮਿਲਣ ਤੋਂ ਸੰਗਣਾ ਛੱਡੇਗਾ, ਉਦੀਂ ਮਾਰੂਥਲ ਵਿਚ ਗੁੰਮ ਪੁਨੂੰ ਲੱਭ ਜਾਏਗਾ।
ਖਾਲੀ ਅਸਮਾਨ ਕਾਲੀ ਘਟਾ ਨੇ ਘੇਰ ਲਿਆ, ਦੇਰ ਤੱਕ ਛਾਈ ਰਹੀ। ਬਾਰਸ਼ਾਂ ਹੋਈਆਂ, ਕੁੜੀਆਂ ਤੀਆਂ ਵਿਚ ਨੱਚੀਆਂ, ਗੀਤ ਗਾਏ। ਫਿਰ ਅਸਮਾਨ ਸਾਫ ਹੋ ਗਿਆ। ਤੀਆਂ, ਗੀਤ, ਕੁੜੀਆਂ, ਘਟਾ ਨਾਲ ਲੋਪ ਹੋ ਗਈਆਂ, ਲਾਲੀ ਦਰਸ਼ਕ ਰਿਹਾ। ਜਿਸ ਵਰਗਾ ਹੋਰ ਕੋਈ ਨਹੀਂ, ਅਜਿਹਾ ਦ੍ਰਸ਼ਟਾ। ਰਿਸ਼ੀਆਂ ਨੇ ਵੇਦ ਮੰਤਰ ਲਿਖੇ ਨਹੀਂ, ਦੇਖੇ ਸਨ, ਇਸ ਕਰ ਕੇ ਜਿਹੜਾ ਬੰਦਾ ਰਿਸ਼ੀਆਂ ਨੂੰ ਲੇਖਕ ਆਖਦਾ ਹੈ, ਉਸ ਨੂੰ ਅਨਪੜ੍ਹ ਸਮਝਿਆ ਜਾਂਦਾ ਹੈ। ਰਿਸ਼ੀ ਮੰਤਰ-ਦ੍ਰਸ਼ਟਾ ਸਨ।