ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸਿੱਖ ਜਗਤ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਨਾਮ ‘ਤੇ ਬਣਾਏ ਹੋਏ ਨਾਨਕਸ਼ਾਹੀ ਕੈਲੰਡਰ ਦੀ ਗਾਥਾ, ਇਸ ਦੇ ਤਿਆਰ-ਕਰਤਾ ਸ਼ ਪਾਲ ਸਿੰਘ ਪੁਰੇਵਾਲ ਤੋਂ ਸ਼ੁਰੂ ਕਰਦੇ ਹਾਂ। ਸ਼ ਪੁਰੇਵਾਲ ਦਾ ਜੱਦੀ ਪਿੰਡ ਸ਼ੰਕਰ (ਸ਼ਰੀਂਹ-ਸ਼ੰਕਰ) ਜ਼ਿਲ੍ਹਾ ਜਲੰਧਰ ਵਿਚ ਪੈਂਦਾ ਹੈ। ਅਨੇਕਾਂ ਹੋਰਾਂ ਪੰਜਾਬੀਆਂ ਵਾਂਗ ਉਹ ਵੀ ਚੰਗੇਰੇ ਭਵਿੱਖ ਦੀ ਕਾਮਨਾ ਅਧੀਨ ਕੈਨੇਡਾ ਆ ਵਸੇ।
ਸਿੱਖ ਧਰਮ ਇਤਿਹਾਸ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਧਰਮੀ ਜਿਊੜੇ ਸ਼ ਪੁਰੇਵਾਲ ਨੇ ਜੀਵਨ ਨਿਰਬਾਹ ਲਈ ਕਿਰਤ ਕਰਦਿਆਂ ਖਗੋਲ ਤੇ ਭੂਗੋਲ ਵਿਸ਼ਿਆਂ ਬਾਰੇ ਨਿੱਠ ਕੇ ਅਧਿਐਨ ਕੀਤਾ। ਦੁਨੀਆਂ ਭਰ ਦੇ ਵੱਖ-ਵੱਖ ਕੈਲੰਡਰਾਂ ਦਾ ਤੁਲਨਾਤਮਿਕ ਅਧਿਐਨ ਕਰਦਿਆਂ ਉਨ੍ਹਾਂ ਨੋਟ ਕੀਤਾ ਕਿ ਚੰਦਰਮਾ ਪ੍ਰਣਾਲੀ ਨਾਲੋਂ ਸੂਰਜੀ ਪ੍ਰਣਾਲੀ ਕੈਲੰਡਰ ਹੀ ਦੋਸ਼-ਰਹਿਤ ਹਨ ਅਤੇ ਸੰਸਾਰ ਭਰ ਵਿਚ ਸੂਰਜੀ ਕੈਲੰਡਰ ਹੀ ਪ੍ਰਚਲਿਤ ਤੇ ਸਰਬ ਪ੍ਰਵਾਣਿਤ ਹਨ।
ਉਨ੍ਹਾਂ ਇਹ ਵੀ ਦੇਖਿਆ ਕਿ ਭਾਰਤ ਵਿਚ ਚੱਲਦਾ ਬਿਕ੍ਰਮੀ ਕੈਲੰਡਰ, ਚੰਦਰਮਾ ਦੀ ਗਤੀ ਦੇ ਆਧਾਰਤ ਹੈ ਜਿਸ ਕਾਰਨ ਸਾਲ ਦੇ ਦਿਨ ਵਧਦੇ-ਘਟਦੇ ਰਹਿੰਦੇ ਹਨ। ਇਸੇ ਕਰ ਕੇ ਬਿਕ੍ਰਮੀ ਕੈਲੰਡਰ ਹਰ ਸਾਲ ਤਿਆਰ ਕਰਨਾ ਪੈਂਦਾ ਹੈ ਤੇ ਗੁਰਪੁਰਬ ਵੀ ਅਲੱਗ-ਅਲੱਗ ਤਰੀਕਾਂ ਨੂੰ ਹੀ ਆਉਂਦੇ ਹਨ। ਇਸੇ ਵਜ੍ਹਾ ਕਰ ਕੇ ਸੰਨ 1999 ਵਿਚ ਜਦੋਂ ਸਮੁੱਚਾ ਸਿੱਖ ਪੰਥ, ਖਾਲਸੇ ਦਾ ਤਿੰਨ ਸੌ ਸਾਲਾ ਸਿਰਜਣਾ ਦਿਵਸ ਮਨਾ ਰਿਹਾ ਸੀ, ਤਦ ਉਸ ਸਾਲ ਵਿਚ ਦਸਮ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਹੀ ਨਹੀਂ ਸੀ; ਜਦਕਿ ਅਗਲੇ ਸਾਲ ਵਿਚ ਦੋ ਪ੍ਰਕਾਸ਼ ਦਿਹਾੜੇ ਸਨ। ਅਜਿਹੀਆਂ ਊਣਤਾਈਆਂ ਨੂੰ ਦੇਖਦਿਆਂ ਸ਼ ਪੁਰੇਵਾਲ ਦੇ ਦਿਲ ਵਿਚ ਇਹ ਰੀਝ ਪੈਦਾ ਹੋਈ ਕਿ ਕਿਉਂ ਨਾ ਸਿੱਖ ਪੰਥ ਦੀ ਵਿਲੱਖਣ ਹਸਤੀ ਦਰਸਾਉਂਦਾ ਤੇ ਪ੍ਰਗਟਾਉਂਦਾ ਵਿਸ਼ੇਸ਼ ਕੈਲੰਡਰ ਤਿਆਰ ਕੀਤਾ ਜਾਏ।
ਕੌਮੀ ਸੇਵਾ ਵਾਲੇ ਇਹ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਹ ਵਿਚਾਰ-ਵਟਾਂਦਰੇ ਹਿੱਤ ਦੇਸ਼-ਵਿਦੇਸ਼ ਦੇ ਸਿੱਖ ਵਿਦਵਾਨਾਂ, ਚਿੰਤਕਾਂ, ਲਿਖਾਰੀਆਂ ਅਤੇ ਖਗੋਲ ਮਾਹਰਾਂ ਨੂੰ ਆਪਣੇ ਖਰਚੇ ‘ਤੇ ਕਈ-ਕਈ ਵਾਰ ਮਿਲਣ ਗਏ। ਸਾਰਿਆਂ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਸਿੱਖ ਪੰਥ ਦਾ ਨਿਆਰਾ ਕੈਲੰਡਰ ਬਣਾਉਣ ਦੀ ਅਹਿਮੀਅਤ ਪ੍ਰਗਟਾਈ। ਅੰਤ ਕਈ ਸਾਲਾਂ ਦੀ ਸਖਤ ਘਾਲਣਾ ਘਾਲ ਕੇ ਸ਼ ਪੁਰੇਵਾਲ ਨੇ ਕੈਲੰਡਰ ਦਾ ਖਰੜਾ ਤਿਆਰ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟ ਕੀਤਾ। ਸ਼੍ਰੋਮਣੀ ਕਮੇਟੀ ਨੇ ਖਰੜੇ ਦੀ ਪਰਖ ਪੜਚੋਲ ਕਰਨ ਲਈ ਵੱਖ-ਵੱਖ ਥਾਂਈਂ ਸੈਮੀਨਾਰ ਜਾਂ ਵਿਚਾਰ-ਗੋਸ਼ਟੀਆਂ ਕਰਵਾਈਆਂ। ਇਹ ਖਰੜਾ ਸਿੱਖ ਸਕਾਲਰਾਂ, ਵਿਸ਼ਾ ਮਾਹਰਾਂ, ਨਾਮੀ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਨੂੰ ਭੇਜਿਆ, ਤਾਂ ਕਿ ਉਨ੍ਹਾਂ ਦੇ ਸੁਝਾਅ ਲਏ ਜਾ ਸਕਣ।
ਆਖਰ ਕਈ ਪੜਾਵਾਂ ਵਿਚੋਂ ਲੰਘਦਾ ਹੋਇਆ ਇਹ ਖਰੜਾ ਕੈਲੰਡਰ ਦੇ ਰੂਪ ਵਿਚ ਪ੍ਰਕਾਸ਼ਨ ਲਈ ਤਿਆਰ ਹੋ ਗਿਆ ਅਤੇ ਉਸ ਵਰ੍ਹੇ ਪਹਿਲੀ ਵਾਰ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਨੂੰ ਦਸਵੇਂ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਵੀ ਗਿਆ, ਪਰ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਸ ਦੀ ਪ੍ਰਕਾਸ਼ਨਾ ਰੋਕ ਕੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਜੇ ਕਿਸੇ ਸਿੱਖ ਸਭਾ ਸੁਸਾਇਟੀ ਜਾਂ ਕਿਸੇ ਹੋਰ ਮਾਈ ਭਾਈ ਨੂੰ, ਇਸ ਕੈਲੰਡਰ ‘ਤੇ ਕੋਈ ਸ਼ੰਕੇ, ਕੋਈ ਇਤਰਾਜ਼ ਹੋਣ, ਤਾਂ ਲਿਖਤੀ ਤੌਰ ‘ਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਭੇਜੇ ਜਾਣ। ਇਸ ਤੋਂ ਬਾਅਦ ਫਿਰ ਵਿਚਾਰ-ਗੋਸ਼ਟੀਆਂ ਅਤੇ ਸੈਮੀਨਾਰਾਂ ਦੀ ਲੜੀ ਚੱਲੀ। ਥਾਂ-ਥਾਂ ਖੁਦ ਹਾਜ਼ਰ ਹੋ ਕੇ ਸ਼ ਪੁਰੇਵਾਲ ਨੇ ਉਠੇ ਸਵਾਲਾਂ ਦੇ ਜਵਾਬ ਦਿੱਤੇ। ਇਸ ਪ੍ਰਕਿਰਿਆ ਦੌਰਾਨ ਸ਼ ਪੁਰੇਵਾਲ ਵੱਖ-ਵੱਖ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਧਾਰਮਿਕ ਆਗੂਆਂ, ਟਕਸਾਲਾਂ ਤੇ ਸੰਤਾਂ-ਬਾਬਿਆਂ ਨੂੰ ਮਿਲਦੇ-ਗਿਲਦੇ ਰਹੇ ਅਤੇ ਸ਼ੰਕੇ ਨਵਿਰਤ ਕਰਦੇ ਰਹੇ।
ਇਸ ਪੰਥਕ ਕਾਰਜ ਨੂੰ ਬੂਰ ਪਿਆ ਸੰਨ 2003 ਵਿਚ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਮੁੱਚੀਆਂ ਸਿੱਖ ਸੁਸਾਇਟੀਆਂ, ਸਿੱਖ ਵਿਦਵਾਨਾਂ ਅਤੇ ਸੰਤਾਂ-ਬਾਬਿਆਂ ਦੀ ਵਿਸ਼ੇਸ਼ ਇਕੱਤਰਤਾ ਸ੍ਰੀ ਅੰਮ੍ਰਿਤਸਰ ਵਿਖੇ ਬੁਲਾ ਕੇ ਨਾਨਕਸ਼ਾਹੀ ਕੈਲੰਡਰ ਦੀ ਪ੍ਰਵਾਨਗੀ ਲਈ। ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਸਕੱਤਰ ਸ਼ ਮਨਜੀਤ ਸਿੰਘ ਕਲਕੱਤਾ ਅਨੁਸਾਰ ਇਹ ਕੈਲੰਡਰ, ਪੰਥਕ ਰਵਾਇਤਾਂ ਅਤੇ ਸ਼੍ਰੋਮਣੀ ਕਮੇਟੀ ਦੇ ਕਾਇਦੇ ਕਾਨੂੰਨ ਮੁਤਾਬਕ, ਅੰਤ੍ਰਿੰਗ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਜਨਰਲ ਇਜਲਾਸ ਵਲੋਂ ਪਾਸ ਹੋਣ ਉਪਰੰਤ ਛਪਣ ਲਈ ਭੇਜਿਆ ਗਿਆ। ਸ਼ ਪੁਰੇਵਾਲ ਦੀ ਇਸ ਮਹਾਨ ਕਿਰਤ ਨੂੰ ਫਿਰ ਇਸੇ ਵਰ੍ਹੇ 2003 ਵਿਚ, ਉਦੋਂ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਸ਼ ਪ੍ਰਕਾਸ਼ ਸਿੰਘ ਬਾਦਲ ਕੋਲੋਂ ਰਿਲੀਜ਼ ਕਰਵਾਇਆ। ਇਨ੍ਹਾਂ ਸਤਰਾਂ ਦਾ ਲੇਖਕ ਉਦੋਂ ਸ਼੍ਰੋਮਣੀ ਕਮੇਟੀ ਦਾ ਚੁਣਿਆ ਹੋਇਆ ਮੈਂਬਰ ਸੀ, ਜਦੋਂ ਪੂਰੀਆਂ ਪੰਥਕ ਪਰੰਪਰਾਵਾਂ ਦੀ ਪਾਲਣਾ ਕਰਦਿਆਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ। ਇਸ ਕਰ ਕੇ ਇਸ ਕੈਲੰਡਰ ਸਬੰਧੀ ਹੋਏ-ਬੀਤੇ ਘਟਨਾਕ੍ਰਮ ਨੇੜਿਉਂ ਦੇਖਣ ਦਾ ਮੌਕਾ ਮਿਲਦਾ ਰਿਹਾ ਹੈ।
ਸੰਨ 2003 ਤੋਂ ਲੈ ਕੇ 2010 ਤੱਕ, ਇਹ ਕੈਲੰਡਰ ਨਿਰਵਿਵਾਦ ਲਾਗੂ ਰਿਹਾ। ਉਸ ਵੇਲੇ (2003 ਵਿਚ) ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਮੁੱਖ ਮੰਤਰੀ ਹੁੰਦਿਆਂ ਵੀ, ਬਿਨਾਂ ਕਿਸੇ ਹੀਲ-ਹੁੱਜਤ ਤੋਂ ਨਾਨਕਸ਼ਾਹੀ ਕੈਲੰਡਰ ਨੂੰ ਸਰਕਾਰੀ ਪ੍ਰਵਾਨਗੀ ਦੇ ਦਿੱਤੀ। ਸਰਕਾਰੀ ਛੁੱਟੀਆਂ ਵੀ ਇਸੇ ਕੈਲੰਡਰ ਮੁਤਾਬਕ ਸੂਚੀਬੱਧ ਕੀਤੀਆਂ ਗਈਆਂ। ਕੇਂਦਰ ਸਰਕਾਰ ਵਲੋਂ ਵੀ ਇਹ ਪ੍ਰਵਾਨਿਆ ਗਿਆ। ਦੇਸ਼-ਵਿਦੇਸ਼ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਖਾਲਸਈ ਜੋਸ਼ੋ-ਖਰੋਸ਼ ਨਾਲ ਇਸ ਦਾ ਸਵਾਗਤ ਕੀਤਾ ਗਿਆ। ਇੱਥੋਂ ਤੱਕ ਕਿ ਦਿੱਲੀ ਸਥਿਤ ਵਿਦੇਸ਼ੀ ਅੰਬੈਸੀਆਂ ਵਲੋਂ ਵੀ ਇਸ ਕੈਲੰਡਰ ਨੂੰ ਮਾਨਤਾ ਮਿਲ ਗਈ ਸੀ। ਕਿਤਿਉਂ ਵੀ ਇਸ ਦਾ ਵਿਰੋਧ ਨਾ ਹੋਇਆ। ਇੰਜ ਇਹ ਕੈਲੰਡਰ ਸਿੱਖ ਕੌਮ ਵੀ ਵਿਲੱਖਣ ਹੋਂਦ-ਹਸਤੀ ਦਾ ਪ੍ਰਤੀਕ, ਸੰਸਾਰ ਭਰ ਦੇ ਸਿੱਖਾਂ ਦਾ ਆਪਣਾ ਕੈਲੰਡਰ ਬਣ ਗਿਆ।
ਦੇਸ਼-ਵਿਦੇਸ਼ ਦੇ ਸਿੱਖਾਂ ਵਲੋਂ ਬੇਸ਼ੱਕ ਇਸ ਕੌਮੀ ਕੈਲੰਡਰ ਨੂੰ ਵੱਡੇ ਚਾਅਵਾਂ ਤੇ ਉਮੰਗਾਂ ਨਾਲ ਅਪਨਾ ਲਿਆ ਗਿਆ ਸੀ ਪਰ ਬਿਕ੍ਰਮੀ ਪ੍ਰਣਾਲੀ ਤੋਂ ਖਹਿੜਾ ਛੁਡਾ ਕੇ ਬਣਾਇਆ ਗਿਆ ਇਹ ‘ਨਾਨਕ ਨਾਮ’ ਵਾਲਾ ਕੈਲੰਡਰ ਹਿੰਦੂ ਅਤੇ ਹਿੰਦੁਸਤਾਨ ਦਾ ਪ੍ਰਚਾਰ ਕਰਦੀ ਆਰæਐਸ਼ਐਸ਼ ਅਤੇ ਸੰਘ ਪਰਿਵਾਰ ਨਾਲ ਜੁੜੀਆਂ ਸੰਸਥਾਵਾਂ ਨੂੰ ਹਜ਼ਮ ਨਹੀਂ ਸੀ ਹੋ ਰਿਹਾ। ਇਨ੍ਹਾਂ ਜਮਾਤਾਂ ਨੇ ਉਚੀ ਸੁਰ ਵਿਚ ਝੂਠਾ ਪ੍ਰਾਪੇਗੰਡਾ ਸ਼ੁਰੂ ਕਰ ਦਿੱਤਾ; ਅਖੇ, ਇਹ ਕੈਲੰਡਰ ਹਿੰਦੂ ਸਿੱਖਾਂ ਵਿਚ ਦੁਫੇੜ ਪੈਦਾ ਕਰ ਰਿਹਾ ਹੈ, ਹਕੀਕਤ ਵਿਚ ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਦੇ ਸੱਤਾਂ ਸਾਲਾਂ ਦੌਰਾਨ, ਕੈਲੰਡਰ ਵੀ ਵਜ੍ਹਾ ਕਾਰਨ, ਹਿੰਦੂ ਸਿੱਖਾਂ ਵਿਚਕਾਰ ਕਿਤੇ ਵੀ ਕੋਈ ਲੜਾਈ-ਝਗੜਾ ਨਹੀਂ ਸੀ ਹੋਇਆ। ਸਿੱਖ ਫਲਸਫੇ ਨੂੰ ਆਪਣੀਆਂ ਅੱਖਾਂ ਦਾ ਰੋੜਾ ਸਮਝਣ ਵਾਲੀਆਂ ਇਨ੍ਹਾਂ ਤਾਕਤਾਂ ਨੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਉਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਇਸ ‘ਵੱਖਰੇ ਕੈਲੰਡਰ’ ਨੂੰ ਰੱਦ ਕਰ ਦੇਣ। ਗਿਆਨੀ ਵੇਦਾਂਤੀ ਵਲੋਂ ਸਪਸ਼ਟ ਇਨਕਾਰ ਕਰਨ ‘ਤੇ ਇਨ੍ਹਾਂ ਲੋਕਾਂ ਨੇ ਆਪਣੇ ਰਾਜਸੀ ਪ੍ਰਭਾਵ ਰਾਹੀਂ ਸ਼ ਪ੍ਰਕਾਸ਼ ਸਿੰਘ ਬਾਦਲ ਪਾਸੋਂ ਗਿਆਨੀ ਵੇਦਾਂਤੀ ਨੂੰ ਜਬਰਨ ‘ਸੇਵਾ ਮੁਕਤ’ ਕਰਵਾ ਕੇ ਘਰੇ ਬਿਠਾ ਦਿੱਤਾ। ਬਿਪਰਵਾਦੀਆਂ ਦੇ ਗੁਲਾਮਾਂ ਦੀ ਗੁਲਾਮ ਬਣੀ ਸ਼੍ਰੋਮਣੀ ਕਮੇਟੀ ਨੇ ‘ਅਖਬਾਰੀ ਰੌਲਾ’ ਇਹ ਪਾਇਆ ਕਿ ਗਿਆਨੀ ਵੇਦਾਂਤੀ ‘ਸਿਹਤ ਕਮਜ਼ੋਰ’ ਹੋਣ ਕਾਰਨ ‘ਸਵੈ-ਇੱਛਤ’ ਸੇਵਾ ਮੁਕਤ ਹੋਏ ਨੇ; ਜਦਕਿ ਗਿਆਨੀ ਵੇਦਾਂਤੀ ਨੇ ਸ਼ਰ੍ਹੇਆਮ ਪ੍ਰੈਸ ਦੇ ਸਾਹਮਣੇ ਖੁਦ ਨਾਲ ਹੋਈ ਧੱਕੇਸ਼ਾਹੀ ਦਾ ਸੱਚ ਬਿਆਨਦਿਆਂ ਇਹ ਪ੍ਰਗਟਾਵਾ ਵੀ ਕੀਤਾ ਕਿ ਹੁਣ 2010 ਵਿਚ ਹੀ ਨਹੀਂ, ਸਗੋਂ ਸੰਨ 2003 ਵਿਚ (ਕੈਲੰਡਰ ਲਾਗੂ ਹੋਣ ਦੇ ਅਰੰਭ ਵਿਚ) ਵੀ ਉਨ੍ਹਾਂ ਉਤੇ ਆਰæਐਸ਼ਐਸ਼ ਵਲੋਂ ਭਾਰੀ ਦਬਾਅ ਪਾਇਆ ਗਿਆ ਸੀ ਕਿ ਉਹ (ਗਿਆਨੀ ਵੇਦਾਂਤੀ) ਕੈਲੰਡਰ ਜਾਰੀ ਨਾ ਕਰਨ।
ਗਿਆਨੀ ਵੇਦਾਂਤੀ ਵਲੋਂ ਪ੍ਰੈਸ ਕਾਨਫਰੰਸਾਂ ਵਿਚ ਦੱਸੇ ਜਾ ਰਹੇ ‘ਅੰਦਰਲੇ ਸੱਚ’ ਦਾ ਰੌਲਾ ਪੈਂਦਿਆਂ-ਕਰਦਿਆਂ ਹੀ ਨਵੇਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ‘ਤਾਜਪੋਸ਼ੀ’ ਕਰ ਦਿੱਤੀ ਗਈ। ਬੱਸ, ਉਸ ਦਿਨ ਤੋਂ ਹੀ ਨਾਨਕਸ਼ਾਹੀ ਕੈਲੰਡਰ ਦੀ ਹੋਂਦ-ਹਸਤੀ ਨੂੰ ਖਤਮ ਕਰਨ ਦਾ ਮੁੱਢ ਬੱਝ ਗਿਆ। ਗਿਆਨੀ ਵੇਦਾਂਤੀ ‘ਤੇ ਦਬਾਅ ਪਾਉਣ ਵਾਲਿਆਂ ਲਈ ਹੁਣ ਵਿਹੜਾ ਮੋਕਲਾ ਹੋ ਗਿਆ, ਤੇ ਉਨ੍ਹਾਂ ਨੇ ਸਿੱਖ ਡੇਰੇਦਾਰਾਂ ਨੂੰ ਕੈਲੰਡਰ ਦੇ ਵਿਰੋਧ ਲਈ ਤਿਆਰ ਕਰ ਲਿਆ। ਕੌਮੀ ਹਿੱਤਾਂ ਬਾਬਤ ਬਿਨਾਂ ਸੋਚਿਆਂ-ਵਿਚਾਰਿਆਂ ਇਹ ਡੇਰੇਦਾਰ, ਨਾਨਕਸ਼ਾਹੀ ਕੈਲੰਡਰ ਦੀ ਨੁਕਤਾਚੀਨੀ ਕਰਨ ਲੱਗ ਪਏ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਹ ਡੇਰੇਦਾਰ ਸੰਤ ਬਾਬੇ ਉਹੀ ਸਨ ਤੇ ਹਨ, ਜੋ 1925-30 ਤੋਂ ਲਾਗੂ ਹੋਈ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਨੂੰ ਮੰਨਣ ਤੋਂ ਇਨਕਾਰੀ ਹਨ। ਇਨ੍ਹਾਂ ਦੇ ਆਲੀਸ਼ਾਨ ਡੇਰਿਆਂ ਵਿਚ ਸ੍ਰੀ ਅਕਾਲ ਤਖਤ ਤੋਂ ਪ੍ਰਵਾਣਿਤ ਮਰਿਆਦਾ ਦੀ ਥਾਂ, ਆਪੋ-ਆਪਣੀਆਂ ਰਹੁ-ਰੀਤਾਂ ਚਲਦੀਆਂ ਹਨ। ਉਥੇ ਗੁਰਪੁਰਬ ਘੱਟ, ਪਰ ਅਗਲੇ-ਪਿਛਲੇ ਬਾਬਿਆਂ ਦੀਆਂ ਬਰਸੀਆਂ ਬਿਨਾਂ ਨਾਗਾ ਮਨਾਈਆਂ ਜਾਂਦੀਆਂ ਹਨ।
ਡੇਰਿਆਂ ਨਾਲ ਜੁੜੀਆਂ ਗੁਰੂ-ਡੰਮੀਏਂ ਸ਼ਰਧਾਲੂਆਂ ਦੀਆਂ ਭੀੜਾਂ ਨੂੰ ਆਪਣੀਆਂ ਵੋਟਾਂ ਬਣਾਉਣ ਦੇ ਲੋੜਵੰਦ ਬਾਦਲ ਦਲ ਨੇ ਸਦਾ ਵਾਂਗ ਸਿਆਸੀ ਪੈਂਤੜੇ ਖੇਡਣੇ ਸ਼ੁਰੂ ਕਰ ਦਿੱਤੇ। ਨਵੇਂ ਜਥੇਦਾਰ ਸਾਹਿਬ ਨੇ ਆਪਣੀ ਪਹਿਲੀ ਦੀਵਾਲੀ ਵਾਲੇ ਦਿਨ ਹੀ ਕੈਲੰਡਰ ਵਿਚ ਸੋਧਾਂ ਕਰਨ ਲਈ, ਅਚਾਨਕ ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਲਈ। ਅਤਿਅੰਤ ਕਾਹਲੀ ਨਾਲ ਸੱਦੀ ਇਸ ਮੀਟਿੰਗ ਲਈ, ਰਵਾਇਤ ਅਨੁਸਾਰ ਬਾਕੀ ਦੇ ਜਥੇਦਾਰਾਂ ਨੂੰ ਕੋਈ ਏਜੰਡਾ ਹੀ ਨਹੀਂ ਭੇਜਿਆ ਗਿਆ। ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਹਲਕਿਆਂ ਅਨੁਸਾਰ ਇਸ ਹੰਗਾਮੀ ਮੀਟਿੰਗ ਵਿਚ ਹੱਥ-ਲਿਖਤ ਖਰੜਾ ਪੇਸ਼ ਕੀਤਾ ਗਿਆ ਜਿਸ ਉਤੇ ਸਿੰਘ ਸਾਹਿਬਾਨ ਨੇ ਦਸਤਖਤ ਕਰ ਕੇ ਉਸ ਨੂੰ ਪ੍ਰਵਾਨਗੀ ਦੇਣੀ ਸੀ। ਇਹ ਖਰੜਾ ਕੁਝ ਪੱਤਰਕਾਰਾਂ ਅਤੇ ਸਿੱਖ ਆਗੂਆਂ ਦੇ ਹੱਥ ਲੱਗ ਗਿਆ। ਖਰੜੇ ਵਿਚ ‘ਧਰਮ ਸੰਸਦ ਦੀ ਇਕੱਤਰਤਾ’ ਅਤੇ ਅਜਿਹੀ ਹੋਰ ਸ਼ਬਦਾਬਲੀ ਤੋਂ ਸਾਫ ਹੋ ਗਿਆ ਕਿ ਸਿੰਘ ਸਾਹਿਬਾਨ ਦੀ ਪ੍ਰਵਾਨਗੀ ਲਈ ਇਹ ਖਰੜਾ ਕਿਸੇ ਹਿੰਦੂ ਸੰਗਠਨ ਵਲੋਂ ਲਿਖਿਆ ਹੋਇਆ ਹੈ। ਕੁਝ ਸਿੰਘ ਸਾਹਿਬਾਨ ਵਲੋਂ ਇਨਕਾਰ ਕਰਨ ‘ਤੇ ਸੋਧਾਂ ਇਹ ਵਾਲਾ ਖਰੜਾ ਪ੍ਰਵਾਨ ਨਾ ਹੋਇਆ। ਕੁਝ ਮਹੀਨਿਆਂ ਬਾਅਦ ਦੁਬਾਰਾ ਮੀਟਿੰਗ ਰੱਖੀ ਗਈ, ਪਰ ਨਾਨਕਸ਼ਾਹੀ ਕੈਲੰਡਰ ਦੇ ਪੱਕੇ ਹਮਾਇਤੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਯਤਨਾਂ ਸਦਕਾ ਸੋਧਾਂ ਨਾ ਹੋ ਸਕੀਆਂ।
ਸਿੰਘ ਸਾਹਿਬਾਨ ਨੇ ਸੋਧਾਂ ਵਾਲਾ ਮਾਮਲਾ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤਾ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਨਾਮ ਲਿਫਾਫਿਆਂ ਵਿਚ ਪਾਉਣ ਵਾਲੇ ਸਿਆਸੀ ਆਗੂ ਦੇ ਹੁਕਮਾਂ ਮੁਤਾਬਕ 72 ਘੰਟੇ ਦੇ ਨੋਟਿਸ ‘ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿਚ ਜਦੋਂ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਮੈਂਬਰਾਂ ਅੱਗੇ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਵਾਲਾ ਮਤਾ ਰੱਖਿਆ ਤਾਂ ਸਾਰੇ ਮੈਂਬਰ ਹੈਰਾਨ ਹੋ ਕੇ ਇਕ-ਦੂਜੇ ਵੱਲ ਝਾਕਣ ਲੱਗ ਪਏ। ਦਸਤਖਤ ਕਰਨ ਤੋਂ ਆਨਾਕਾਨੀ ਕਰ ਰਹੇ ਮੈਂਬਰਾਂ ਵੱਲ ਨਜ਼ਰ ਮਾਰ ਕੇ ਮੱਕੜ ਸਾਹਿਬ ਬੋਲੇ, “ਵੇਖ ਲਓ ਫੇ’æææ ‘ਪ੍ਰਧਾਨ ਸਾਹਿਬ’ ਦਾ ਹੁਕਮ ਆਇਆ ਹੋਇਐ?” ਇਸ ਵਾਕ ਨੂੰ ਖੁਦਾਈ ਹੁਕਮ ਮੰਨ ਕੇ ਬਾਕੀ ਦਿਆਂ ਮੈਂਬਰਾਂ ਨੇ ਤਾਂ ਦਾੜ੍ਹੀਆਂ ਖੁਰਕਦਿਆਂ ਮਤੇ ਉਪਰ ਘੁੱਗੀਆਂ ਮਾਰ ਦਿੱਤੀਆਂ, ਪਰ ਦੋਂਹ ਮੈਂਬਰਾਂ ਦੀਆਂ ਜ਼ਮੀਰਾਂ ਜਾਗ ਪਈਆਂ ਤੇ ਉਹ ਦੋਵੇਂ ਮੀਟਿੰਗ ਵਿਚੋਂ ਵਾਕ-ਆਊਟ ਕਰ ਗਏ। ਮੀਟਿੰਗ-ਰੂਮ ਵਿਚੋਂ ਬਾਹਰ ਵੱਲ ਤੁਰੇ ਜਾਂਦਿਆਂ ਨੂੰ ਉਨਾਂ ਦੋਹਾਂ ਨੂੰ ਮੱਕੜ ਸਾਹਿਬ ਨੇ ਪਿੱਛਿਓਂ ਆਵਾਜ਼ ਮਾਰ ਕੇ ਚਿਤਾਵਨੀ ਵਰਗੀ ਲੇਲ੍ਹੜੀ ਵੀ ਕੱਢੀ, “æææਸਾਹਿਬ, ਦੋਸਤੀ ਦਾ ਵਾਸਤਾ ਐæææਬਾਹਰ ਜਾ ਕੇ ਅੰਦਰਲੀਆਂ ਗੱਲਾਂ ਨਾ ਦੱਸਿਓ!”
ਇਸ ਕੁਲਹਿਣੀ ਮੀਟਿੰਗ ਵਿਚ ਪਾਸ ਹੋਏ ਸੋਧਾਂ ਵਾਲੇ ਮਤੇ ਨੂੰ ਫੌਰਨ ਸ੍ਰੀ ਅਕਾਲ ਤਖਤ ‘ਤੇ ਪਹੁੰਚਾਇਆ ਗਿਆ। ਸਿਰਫ ਅਠਾਰਾਂ ਘੰਟਿਆਂ ਬਾਅਦ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ, ਬਾਕੀ ਦੇ ਸਿੰਘ ਸਾਹਿਬਾਨ ਦੀ ਕਿਸੇ ਪ੍ਰਵਾਨਗੀ ਤੋਂ ਬਗ਼ੈਰ ਹੀ (ਜ਼ਾਬਤਾ ਪੂਰਾ ਕਰਨ ਲਈ ਸ੍ਰੀ ਹਰਮਿੰਦਰ ਸਾਹਿਬ ਦੇ ਕੁਝ ਗ੍ਰੰਥੀ ਸਿੰਘ ਨਾਲ ਬਿਠਾ ਲਏ ਸਨ) ਚਾਰ ਜਨਵਰੀ 2010 ਨੂੰ ਨਾਨਕਸ਼ਾਹੀ ਕੈਲੰਡਰ ਦੀ ਸੂਰਤ ਵਿਗਾੜਨ ਦਾ ਐਲਾਨ ਕਰ ਦਿੱਤਾ। ਇੰਜ ਸ਼ ਪਾਲ ਸਿੰਘ ਪੁਰੇਵਾਲ ਦੀ ਵਰ੍ਹਿਆਂ ਦੀ ਸਖਤ ਘਾਲਣਾ ਨੂੰ ਕੁਝ ਘੰਟਿਆਂ ਵਿਚ ਹੀ ਬਦਰੰਗ ਕਰ ਦਿੱਤਾ ਗਿਆ। ਸਿਆਸੀ ਇਸ਼ਾਰਿਆਂ ‘ਤੇ ਹੋਇਆ ਇਹ ਸਾਰਾ ਡਰਾਮਾ, ਭਾਵੇਂ ਮੀਡੀਏ ਨੇ ਦੂਰ-ਦੂਰ ਤੱਕ ਪਹੁੰਚਾ ਦਿੱਤਾ, ਪਰ ਸਿੰਘ ਸਾਹਿਬ (ਗਿਆਨੀ ਗੁਰਬਚਨ ਸਿੰਘ) ਹਮੇਸ਼ਾਂ ਵਾਂਗ ਇਹੀ ਕਹਿੰਦੇ ਆ ਰਹੇ ਨੇ, “ਦੇਸ਼-ਵਿਦੇਸ਼ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਵਲੋਂ ਕੀਤੀ ਗਈ ਭਾਰੀ ਮੰਗ ਮੁਤਾਬਕ ਕੈਲੰਡਰ ਵਿਚ ਸੋਧਾਂ ਕੀਤੀਆਂ ਗਈਆਂ ਹਨ।” ਉਨ੍ਹਾਂ ਦੇ ਇਹ ‘ਬਚਨ’ ਸੁਣ ਕੇ ਫਾਰਸੀ ਦੀ ਕਹਾਵਤ ਯਾਦ ਆਉਂਦੀ ਹੈ,
ਚਿ: ਕੁਫਰ ਅਜ਼ ਕਾਅਬਾ ਬਰਖੇਜ਼ਦ
ਕੁਜਾ ਮਾਨਦ ਮੁਸਲਮਾਨੀ?
ਭਾਵ, ਜੇ ਮੱਕੇ ਵਿਚ ਹੀ ਕੁਫਰ ਆ ਵੜੇ ਤਾਂ ਇਸਲਾਮ ਕਿੱਥੇ ਰਹੇਗਾ?
ਸਿੱਖ ਪੰਥ ਦੇ ਕੇਂਦਰੀ ਪ੍ਰਬੰਧ ਉਪਰ ਪਏ ਸਿਆਸੀ ਗਲਬੇ ਕਾਰਨ ਨਾਨਕਸ਼ਾਹੀ ਕੈਲੰਡਰ ਦੀ ਰੂਹ ਦੇ ਕੀਤੇ ਗਏ ਕਤਲ ਵਿਰੁਧ, ਦੁਨੀਆਂ ਭਰ ਦੇ ਸਿੱਖਾਂ ਵਿਚ ਰੋਹ ਫੈਲ ਗਿਆ। ਸੰਨ 2010 ਵਿਚ ਹੀ ਉਸ ਵੇਲੇ ਦੀ ਦਿੱਲੀ ਗੁਰਦੁਆਰਾ ਕਮੇਟੀ ਨੇ ਵਿਸ਼ਵ ਸਿੱਖ ਕਨਵੈਨਸ਼ਨ ਕਰ ਕੇ ਕਥਿਤ ਸੋਧਾਂ ਵਿਰੁਧ ਆਵਾਜ਼ ਬੁਲੰਦ ਕੀਤੀ। ਦੇਸ਼ ਵਿਚ ਵੀ ਅਤੇ ਪਰਦੇਸਾਂ ਦੀਆਂ ਜਾਗਰੂਕ ਸਿੰਘ ਸਭਾਵਾਂ ਤੇ ਹੋਰ ਅਨੇਕਾਂ ਧਾਰਮਿਕ ਜਥੇਬੰਦੀਆਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਉਣ ਦੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ। ਮੂਲ ਕੈਲੰਡਰ ਦੇ ਹੱਕ ਵਿਚ ਹੁਣ ਤੱਕ ਕਈ ਦਰਜਨਾਂ ਸੈਮੀਨਾਰ ਅਤੇ ਵਿਚਾਰ-ਗੋਸ਼ਟੀਆਂ ਹੋ ਚੁੱਕੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਇਹ ਮੂਲ ਕੈਲੰਡਰ ਨਾਲ ਕੀਤੀ ਛੇੜ-ਛਾੜ ਦਾ ਹੀ ਨਤੀਜਾ ਸੀ ਕਿ 2014 ਦੇ ਅਖੀਰ ਵਿਚ ਦਸਵੇਂ ਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਰੀਕਾਂ ‘ਸਿੰਘ ਸਾਹਿਬ’ ਨੂੰ ਤਿੰਨ ਵਾਰ ਬਦਲਣੀਆਂ ਪਈਆਂ।
ਫਿਲਹਾਲ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਆਸੀ ਜੂਲਾ ਲਹਿਣ ਦੇ ਇਮਕਾਨ ਬੇਸ਼ੱਕ ਨਜ਼ਰ ਨਹੀਂ ਆ ਰਹੇ, ਪਰ ਹੁਣ ਜਾਗਰੂਕ ਸੰਗਤਾਂ ਜਥੇਦਾਰ ਨੰਦਗੜ੍ਹ ਵਾਂਗ ਨਾਨਕਸ਼ਾਹੀ ਕੈਲੰਡਰ ਲਈ ਸਿਰ-ਧੜ ਦੀ ਬਾਜ਼ੀ ਲਾਉਣ ਲਈ ਤਿਆਰ-ਬਰ-ਤਿਆਰ ਹਨ। ਦੇਰ-ਸਵੇਰ ਮੂਲ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਹੋ ਕੇ ਰਹੇਗਾ।