ਮਾਂ ਗੁਜਰੀ

ਮਾਂ ਗੁਜਰੀ ਉਹ ਮਾਂ ਹੈ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਿਦਕ ਦੇ ਰਾਹ ਉਤੇ ਸਿਰੜ ਨਾਲ ਤੁਰਨ ਦਾ ਵਲ ਦੱਸਿਆ। ਉਸ ਮਾਂ ਦੇ ਦਿਲ ਉਤੇ ਕੀ ਬੀਤਦੀ ਹੋਵੇਗੀ ਜਿਸ ਨੂੰ ਇਹ ਖਬਰ ਹੋਵੇ ਕਿ ਉਹਦੀ ਉਂਗਲੀ ਫੜ ਕੇ ਤੁਰਨ ਵਾਲੇ ਨੰਨ੍ਹਿਆਂ ਦੀ ਹੁਣ ਖੈਰ ਨਹੀਂ ਹੈ!

ਸਿੱਖੀ ਨਾਲ ਬਹਾਦਰੀ ਦੇ ਅਣਗਿਣਤ ਕਿੱਸੇ ਜੁੜੇ ਹੋਏ ਹਨ ਅਤੇ ਇਨ੍ਹਾਂ ਬਾਰੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ, ਪਰ ਜੋ ਸਿਦਕ ਅਤੇ ਸਿਰੜ ਮਾਂ ਗੁਜਰੀ ਨੇ ਆਪਣੇ ਪੋਤਿਆਂ ਦੇ ਦਿਲ ਵਿਚ ਭਰਿਆ, ਇਸ ਤਰ੍ਹਾਂ ਦੀਆਂ ਮਿਸਾਲਾਂ ਘੱਟ ਹੀ ਮਿਲਦੀਆਂ ਹਨ। ਇਤਿਹਾਸ ਦੇ ਵਿਦਿਆਰਥੀ ਹੁਸਨਬੀਰ ਸਿੰਘ ਪੰਨੂ ਨੇ ਆਪਣੇ ਇਸ ਲੇਖ ‘ਮਾਂ ਗੁਜਰੀ’ ਵਿਚ ਮਾਂ ਦੇ ਇਸ ਸਿਦਕ ਨੂੰ ਪ੍ਰਣਾਮ ਕੀਤੀ ਹੈ। ਬਹੁਤ ਔਖੇ ਹਾਲਾਤ ਵਿਚੋਂ ਲੰਘਣ ਵਾਲੀ ਮਾਂ ਗੁਜਰੀ ਬਾਰੇ ਅਦਾਰਾ ‘ਪੰਜਾਬ ਟਾਈਮਜ਼’ ਇਹ ਲੇਖ ਪਾਠਕਾਂ ਦੀ ਨਜ਼ਰ ਕਰ ਰਿਹਾ ਹੈ। -ਸੰਪਾਦਕ

ਹੁਸਨਬੀਰ ਸਿੰਘ ਪੰਨੂ

ਇਸ ਮਾਂ ਬਾਰੇ ਘੱਟ ਲਿਖਿਆ ਗਿਆ, ਪਰ ਉਸ ਬਾਰੇ ਲਿਖਣਾ ਜੇ ਆਸਾਨ ਹੁੰਦਾ ਤਦ ਹੀ ਲਿਖਿਆ ਜਾਂਦਾ। ਮੈਨੂੰ ਲਗਦਾ ਹੈ ਜਿਨ੍ਹਾਂ ਨੇ ਗੰਭੀਰ ਵਿਦਵਤਾ ਹਾਸਲ ਕੀਤੀ ਹੋਈ ਹੈ ਉਹ ਵੀ ਭਾਵਨਾਵਾਂ ਦੇ ਇਸ ਸਾਗਰ ਨੂੰ ਟੋਹਣ ਤੋਂ ਡਰਨਗੇ। ਇਹ ਤੂਫਾਨ ਦੇਰ ਤਕ ਸ਼ਾਂਤ ਨਹੀਂ ਹੁੰਦੇ। ਮੇਰੇ ਪਾਸ ਗਰੀਬ ਜਿਹੇ ਕੁਝ ਸ਼ਬਦ ਹਨ ਜਿਹੜੇ ਇਸ ਵੱਡਮੁੱਲੇ ਖਜ਼ਾਨੇ ਨੂੰ ਦੇਖ ਦੇਖ ਬੋਲਣ ਦੀ ਥਾਂ ਖਾਮੋਸ਼ ਹੋ ਜਾਂਦੇ ਹਨ। ਜਿਸ ਮਾਂ ਦੇ ਸੀਸ ਉਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਤਾਜ ਹੋਵੇ ਤੇ ਪੋਹ ਦੀ ਠੰਢੀ ਰਾਤ ਨੂੰ ਜਿਸ ਦੇ ਚਰਨਾਂ ਦੇ ਨਿੱਘ ਵਿਚ ਅਤੇ ਬਾਹਾਂ ਦੀ ਬੁੱਕਲ ਵਿਚ ਦੋ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਨ ਦੀ ਕਾਲ ਕੋਠੜੀ ਵਿਚ ਸੁੱਤੇ ਪਏ ਹੋਣ, ਉਸ ਬਾਰੇ ਕੀ ਲਿਖੀਏ ਤੇ ਕਿਵੇਂ ਲਿਖੀਏ। ਉਸ ਬਾਰੇ ਜੋ ਲਿਖਿਆ ਜਾਵੇਗਾ, ਬਹੁਤ ਥੋੜ੍ਹਾ ਹੋਵੇਗਾ।
ਪਿਤਾ ਭਾਈ ਲਾਲ ਚੰਦ ਅਤੇ ਮਾਤਾ ਬਿਸ਼ਨ ਕੌਰ ਅੰਬਾਲਾ ਜ਼ਿਲੇ ਦੇ ਪਿੰਡ ਲਖਨੌਰ ਵਿਚ ਵਸਦੇ ਸਨ ਜਿੱਥੇ 1624 ਵਿਚ ਸੁਹੱਪਣ ਨਾਲ ਭਰਪੂਰ ਬੇਟੀ ਨੇ ਜਨਮ ਲਿਆ। ਗੁਰੂ ਤੇਗ ਬਹਾਦਰ ਆਪਣੇ ਵੱਡੇ ਭਰਾ ਦੇ ਵਿਆਹ ਕਰਤਾਰਪੁਰ ਜ਼ਿਲਾ ਜਲੰਧਰ ਬਰਾਤ ਵਿਚ ਆਏ ਤਾਂ ਭਾਈ ਲਾਲ ਚੰਦ ਅਤੇ ਮਾਤਾ ਬਿਸ਼ਨ ਕੌਰ ਵੀ ਉਥੇ ਗਏ ਹੋਏ ਸਨ। ਮਾਤਾ ਨੇ ਭਾਈ ਲਾਲ ਚੰਦ ਨੂੰ ਕਿਹਾ, “ਅਹੁ ਦੇਖੋ ਕਿੰਨਾ ਸੁਨੱਖਾ ਲੜਕਾ ਹੈ। ਮੈਂ ਆਪਣੀ ਸੁਹਣੀ ਪੁੱਤਰੀ ਵਾਸਤੇ ਇਹੋ ਜਿਹਾ ਵਰ ਲੱਭਾਂਗੀ।” ਪਿਤਾ ਨੇ ਕਿਹਾ, “ਸ਼ਾਇਦ ਨਾ ਮੰਨਣ, ਪਰ ਇਸ ਪਰਿਵਾਰ ਪਾਸ ਆਪਣੀ ਇੱਛਾ ਪੁਚਾਉਂਦੇ ਹਾਂ।” ਇਹ ਰਿਸ਼ਤਾ ਹੋ ਗਿਆ ਤੇ ਵਿਆਹ ਉਪਰੰਤ (ਗੁਰੂ) ਤੇਗ਼ ਬਹਾਦਰ ਨਾਲ 1644 ਈਸਵੀ ਵਿਚ ਬਕਾਲੇ ਜਾ ਵਸੇ।
(ਗੁਰੂ) ਤੇਗ਼ ਬਹਾਦਰ ਸ਼ਾਂਤ ਅਤੇ ਮਿੱਠੇ ਸੁਭਾਅ ਵਾਲੇ ਇਕਾਂਤ ਪਸੰਦ ਇਨਸਾਨ ਸਨ। ਕੰਮ-ਕਾਜ ਵਿਚੋਂ ਵਿਹਲ ਮਿਲਦੀ ਤਾਂ ਬੰਦਗੀ ਕਰਦੇ। ਉਨ੍ਹਾਂ ਨੂੰ 1664 ਈਸਵੀ ਵਿਚ ਗੁਰਗੱਦੀ ਮਿਲੀ ਤਾਂ ਸਾਜ਼ਿਸ਼ਾਂ, ਨਿੰਦਿਆ ਈਰਖਾ ਦਾ ਗੁਬਾਰ ਦੇਖ ਕੇ ਕੀਰਤਪੁਰ ਸਾਹਿਬ ਚਲੇ ਗਏ ਅਤੇ ਪਿੰਡ ਮਾਖੋਵਾਲ ਦੀ ਇਸ ਜ਼ਮੀਨ ਵਿਚ ਘਰ ਪਾ ਲਿਆ। ਫਿਰ ਉਨ੍ਹਾਂ ਨੇ ਪੂਰਬ ਵੱਲ ਆਸਾਮ ਤੇ ਬੰਗਾਲ ਦੀਆਂ ਸੰਗਤਾਂ ਨੂੰ ਮਿਲਣ ਜਾਣ ਦਾ ਫੈਸਲਾ ਕੀਤਾ। ਮਾਤਾ ਨਾਲ ਤੁਰ ਪਏ। ਰਸਤੇ ਵਿਚ ਗੁਰੂ ਪਟਨਾ ਸਾਹਿਬ ਵਿਖੇ ਮਾਤਾ ਨੂੰ ਛੱਡ ਗਏ। ਉਨ੍ਹਾਂ ਦੇ ਜਾਣ ਤੋਂ 6 ਮਹੀਨੇ ਬਾਅਦ 22 ਦਸੰਬਰ 1666 ਈਸਵੀ ਨੂੰ ਗੋਬਿੰਦ ਰਾਇ ਦਾ ਜਨਮ ਹੋਇਆ। ਗੁਰੂ ਨੇ ਚਾਰ ਸਾਲ ਦੀ ਲੰਮੀ ਯਾਤਰਾ ਤੋ ਵਾਪਸ ਆ ਦੇ ਬੇਟੇ ਦਾ ਮੂੰਹ ਦੇਖਿਆ ਤੇ ਕਿਹਾ- ਵਾਪਸ ਆਨੰਦਪੁਰ ਸਾਹਿਬ ਚਲਦੇ ਹਾਂ। ਉਥੇ ਬੇਟੇ ਦੇ ਪੜ੍ਹਨ-ਲਿਖਣ ਲਈ ਮਾਹੌਲ ਠੀਕ ਰਹੇਗਾ।
ਔਰੰਗਜ਼ੇਬ ਨੇ ਜ਼ੁਲਮ ਦੀ ਹਨੇਰੀ ਵਗਾ ਦਿੱਤੀ। ਮੰਦਰਾਂ ਨੂੰ ਤਾਂ ਢਾਹ ਹੀ ਰਿਹਾ ਸੀ, ਧਰਮਸ਼ਾਲਾਵਾਂ ਵੀ ਨਹੀਂ ਬਖਸ਼ੀਆਂ ਗਈਆਂ, ਬੁੱਤ ਤੋੜੇ ਗਏ। ਗੁਰੂ ਤੇਗ ਬਹਾਦਰ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਜਦੋਂ ਦਿੱਲੀ ਵੱਲ ਰਵਾਨਾ ਹੋਏ ਤਾਂ ਮਾਂ ਗੁਜਰੀ ਨੂੰ ਪਤਾ ਸੀ ਕਿ ਉਥੇ ਕੀ ਬੀਤੇਗੀ ਪਰ ਜਿਸ ਜਿਗਰ ਨਾਲ ਉਨ੍ਹਾਂ ਨੇ ਚਰਨੀਂ ਹੱਥ ਲਾ ਕੇ ਪਤੀ ਨੂੰ ਵਿਦਾ ਕੀਤਾ ਉਸ ਪ੍ਰਕਾਰ ਦੀ ਵਿਦਾਇਗੀ ਦੇਣ ਵੇਲੇ ਕੁਦਰਤ ਨੇ ਕਿਸੇ ਨੂੰ ਚੁਣਨਾ ਸੀ ਜਿਸ ਵਿਚ ਇਹੋ ਜਿਹੀ ਵਿਦਾਇਗੀ ਦੇਣ ਦੀ ਤਾਕਤ ਹੋਵੇ। ਗੁਰੂ ਤਾਂ ਗੁਰੂ ਹੁੰਦਾ ਹੈ। ਆਖਰ ਉਸ ਦਾ ਪਰਿਵਾਰ ਉਸੇ ਵਰਗਾ ਹੋਵੇ- ਇਹ ਸੰਭਵ ਨਹੀਂ ਹੁੰਦਾ। ਪਰ ਮਾਂ ਗੁਜਰੀ ਉਸੇ ਮਸਾਲੇ ਦੀ ਬਣੀ ਹੋਈ ਸੀ ਜਿਸ ਨਾਲ ਰੱਬ ਨੇ ਗੁਰੂ ਸਾਹਿਬ ਦਾ ਜਿਸਮ ਘੜਿਆ।
ਪਤੀ ਦੀ ਸ਼ਹਾਦਤ ਨੂੰ ਭਾਣਾ ਮੰਨ ਕੇ ਸਹਾਰਿਆ ਤੇ ਪੁੱਤਰ ਦੀ ਵਿਦਿਆ ਵੱਲ ਧਿਆਨ ਦਿੱਤਾ ਪਰ ਕੁਦਰਤ ਅਜੇ ਉਸ ਤੋਂ ਇਕ ਹੋਰ ਵੱਡਾ ਕੰਮ ਕਰਵਾਉਣ ਦੀ ਇੱਛੁਕ ਸੀ। ਉਸ ਨੇ ਦੋ ਮਾਸੂਮ ਪੋਤਰਿਆਂ ਨੂੰ ਗੋਦ ਵਿਚ ਬਿਠਾ ਕੇ ਇਹ ਦੱਸਣਾ ਸੀ ਕਿ ਮੌਤ ਬਿਲਕੁਲ ਕਸ਼ਟਦਾਇਕ ਵਸਤੂ ਨਹੀਂ ਹੁੰਦੀ। ਸਰਹਿੰਦ ਦੇ ਠੰਢੇ ਬੁਰਜ ਵਿਚ ਦੇਰ ਰਾਤ ਤਕ ਉਹ ਉਨ੍ਹਾਂ ਨੂੰ ਦੱਸਦੀ ਕਿ ਤੁਹਾਡੇ ਬਾਬਾ ਗੁਰੂ ਤੇਗ਼ ਬਹਾਦਰ ਦੀ ਗੋਦ ਕਿਤੇ ਵਧੀਕ ਨਿੱਘੀ ਅਤੇ ਅਮਰ ਹੈ। ਮੈਂ ਇਤਿਹਾਸ ਦਾ ਵਿਦਿਆਰਥੀ ਹਾਂ- ਮੇਰੀ ਜਾਣਕਾਰੀ ਵਿਚ ਨਹੀਂ ਆਇਆ ਕਿ ਕਿਸੇ ਸਮੇਂ ਕਿਸੇ ਦੇਸ਼ ਵਿਚ ਇਕ ਮਾਂ ਨੇ ਮਾਸੂਮ ਬੱਚਿਆਂ ਨੂੰ ਇਉਂ ਪ੍ਰੇਰਨਾ ਦਿੱਤੀ ਹੋਵੇ ਕਿ ਸੱਚਾ ਅਸੂਲ ਵੱਡਾ ਹੈ- ਮੌਤ ਅਤੇ ਜੀਵਨ ਇਸ ਦੇ ਸਾਹਮਣੇ ਕੁਝ ਨਹੀਂ ਹਨ। ਹਜ਼ਾਰਾਂ ਸਾਲਾਂ ਵਿਚ ਕਦੀ ਕਦਾਈ ਅਜਿਹਾ ਵਾਪਰਦਾ ਹੈ।
ਉਹ ਆਖਿਆ ਕਰਦੀ, “ਪੁਤਰੋ ਤੁਹਾਡਾ ਜਨਮ ਗੁਰੂ ਨਾਨਕ ਬਾਬੇ ਦੇ ਘਰ ਹੋਇਆ ਹੈ। ਇਸ ਘਰ ਵਿਚ ਜਨਮ ਲੈਣ ਵਾਲੀਆਂ ਰੂਹਾਂ ਆਰਾਮ ਨਾਲ ਜਿਸਮ ਨੂੰ ਇਉਂ ਤਿਆਗ ਦਿੰਦੀਆਂ ਹਨ ਜਿਵੇਂ ਮੈਲਾ ਕਮੀਜ਼ ਬਦਲ ਕੇ ਦੂਜਾ ਪਾ ਲਈਦਾ ਹੈ। ਤੁਹਾਨੂੰ ਤਾਂ ਇਹ ਪੱਕਾ ਪਤਾ ਹੈ ਕਿ ਮੈਂ ਤੁਹਾਨੂੰ ਬੇਅੰਤ ਪਿਆਰ ਕਰਦੀ ਹਾਂ, ਸੱਚ ਆਖਦੀ ਹਾਂ। ਮੌਤ ਜੇ ਬੁਰੀ ਚੀਜ਼ ਹੁੰਦੀ ਤਾਂ ਮੈਂ ਉਥੇ ਕਿਉਂ ਤੁਹਾਨੂੰ ਜਾਣ ਦਿੰਦੀ? ਜਿਨ੍ਹਾਂ ਨੇ ਮੌਤ ਆਹਮੋ-ਸਾਹਮਣੇ ਦੇਖੀ ਨਹੀਂ ਉਹ ਮੌਤ ਤੇ ਪਰਛਾਵੇਂ ਤੋਂ ਬੇਹੱਦ ਡਰਦੇ ਹਨ। ਜਿਹੜੇ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤੱਕਦੇ ਹਨ, ਉਨ੍ਹਾਂ ਨੂੰ ਉਸ ਦੇ ਸੁਹਣੇ ਰੰਗ ਰੂਪ ਦਾ ਪਤਾ ਲਗਦਾ ਹੈ। ਮੌਤ ਨੂੰ ਸਤਿਕਾਰ ਨਾਲ ਮਿਲਣਾ- ਇਸੇ ਤਰ੍ਹਾਂ ਜਿਵੇਂ ਹਰ ਰੋਜ਼ ਮੈਨੂੰ ਮਿਲ ਕੇ ਗੋਦੀ ਵਿਚ ਆ ਬੈਠਦੇ ਹੋ।”
ਗੁਰੂ ਗੋਬਿੰਦ ਸਿੰਘ ਨੂੰ ਦੀਨਾ ਕਾਂਗੜ ਵਿਚ ਇਨ੍ਹਾਂ ਸ਼ਹਾਦਤਾਂ ਦੀ ਖਬਰ ਮਿਲੀ। ਮਿਆਨ ਦੀ ਨੋਕ ਨਾਲ ਉਨ੍ਹਾਂ ਨੇ ਘਾਹ ਦੀ ਜੜ ਕੱਢਦਿਆਂ ਕਿਹਾ, “ਮੁਗਲਾਂ ਨੇ ਆਪਣੀ ਜੜ੍ਹ ਆਪ ਕੱਢ ਦਿੱਤੀ ਹੈ। ਉਨ੍ਹਾਂ ਦੀ ਹਕੂਮਤ ਏਸ਼ੀਆ ਦੇ ਅਸਮਾਨ ਵਿਚ ਉਡਦੇ ਸ਼ਕਤੀਸ਼ਾਲੀ ਬਾਜ਼ ਵਰਗੀ ਸੀ। ਇਸ ਬਾਜ਼ ਨੇ ਆਪਣੇ ਖੰਭ ਆਪ ਕੱਟ ਲਏ ਹਨ। ਇਹ ਮਜ਼ਬੂਤ ਦਰਖਤ ਜਿਹੜਾ ਹੁਣ ਖਲੋਤਾ ਹੋਇਆ ਦਿਸਦਾ ਹੈ, ਇਸ ਦੀਆਂ ਜੜ੍ਹਾਂ ਬੋਦੀਆਂ ਹੋ ਗਈਆਂ ਹਨ, ਗਲ ਗਈਆਂ ਹਨ। ਹੁਣ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਪਵੇਗੀ। ਹਵਾ ਦਾ ਬੁੱਲਾ ਆਏਗਾ ਤੇ ਇਹ ਦਰਖਤ ਡਿੱਗ ਜਾਵੇਗਾ।” ਕਥਨ ਸੱਚ ਹੋਏ।
ਬਾਬਾ ਬੰਦਾ ਸਿੰਘ ਵੀਹ ਬੰਦਿਆਂ ਦੀ ਟੋਲੀ ਲੈ ਕੇ ਪੰਜਾਬ ਦੀ ਹਕੂਮਤ ਪ੍ਰਾਪਤ ਕਰਨ ਲਈ ਤੁਰਿਆ ਸੀ। ਤੋਪਾਂ ਤਾਂ ਕੀ, ਬੰਦੂਕਾਂ ਵੀ ਨਹੀਂ ਸਨ, ਪੈਸਾ ਨਹੀਂ ਸੀ, ਘੋੜੇ ਨਹੀਂ ਸਨ ਪਰ ਸਰਹਿੰਦ ਤਕ ਪੁਜਦਿਆਂ ਪੁਜਦਿਆਂ ਉਸ ਦੀ ਗਿਣਤੀ 25 ਹਜ਼ਾਰ ਹੋ ਗਈ ਸੀ। ਵਜ਼ੀਰ ਖਾਨ ਪਾਸ 45 ਹਜ਼ਾਰ ਫੌਜ, ਹਾਥੀ, ਸ਼ਾਨਦਾਰ ਘੋੜੇ ਅਤੇ ਤੋਪਾਂ-ਬੰਦੂਕਾਂ ਸਨ। ਵਜ਼ੀਰ ਖਾਨ ਦੇ ਸੈਨਿਕ ਰਿਸ਼ਟ-ਪੁਸ਼ਟ ਤੇ ਸਿਖਲਾਈ ਯਾਫਤਾ ਹਥਿਆਰਬੰਦ ਘੋੜਸਵਾਰ ਸਨ। ਬੰਦਾ ਸਿੰਘ ਪਾਸ, ਬਿਨਾਂ ਤਨਖਾਹ ਲੈਣ ਵਾਲੇ ਗਰੀਬ ਪੈਦਲ ਲੋਕ ਸਨ ਜਿਨ੍ਹਾਂ ਪਾਸ ਕੇਵਲ ਬਰਛੇ, ਗੰਡਾਸੇ ਤੇ ਕ੍ਰਿਪਾਨਾਂ ਸਨ। ਬੰਦਾ ਸਿੰਘ ਦੀ ਸੈਨਾ ਸਾਹਮਣੇ ਵਜ਼ੀਰ ਖਾਨ ਦੀ ਸੈਨਾ ਪਹਿਲੇ ਹੱਲੇ ਇਉਂ ਉਡ ਗਈ ਜਿਵੇਂ ਹਨੇਰੀ ਸਾਹਮਣੇ ਸੁੱਕੇ ਪੱਤੇ ਉਡਦੇ ਹਨ। ਵਜ਼ੀਰ ਖਾਨ ਉਤੇ ਭਾਈ ਫਤਿਹ ਸਿੰਘ ਵਲੋਂ ਤਲਵਾਰ ਦਾ ਅਜਿਹਾ ਵਾਰ ਹੋਇਆ ਕਿ ਮੋਢੇ ਵਿਚੋਂ ਉਤਰ ਕੇ ਕ੍ਰਿਪਾਨ ਵੱਖੀ ਵਿਚੋਂ ਨਿਕਲ ਗਈ। ਦੀਵਾਨ ਸੁੱਚਾ ਨੰਦ, ਜਿਸ ਨੇ ਕਿਹਾ ਸੀ ਕਿ ਸਾਹਿਬਜ਼ਾਦਿਆਂ ਨੂੰ ਛੱਡਣਾ ਨਹੀਂ- ਸੱਪ ਦੇ ਬੱਚੇ ਸਪੋਲੀਏ ਹੁੰਦੇ ਹਨ, ਨਾ ਕਿਤੇ ਉਹ ਲੱਭਾ, ਨਾ ਉਸ ਦਾ ਜਵਾਨ ਬੇਟਾ। ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਵੀ ਪ੍ਰਾਪਤ ਨਹੀਂ ਹੋਈਆਂ।
ਕਚਹਿਰੀ ਵਿਚ ਸਾਰਾ ਦਿਨ ਇਨ੍ਹਾਂ ਬੱਚਿਆਂ ਨੂੰ ਡਰਾਇਆ-ਧਮਕਾਇਆ ਜਾਂਦਾ। ਛੋਟੇ ਦੀ ਉਮਰ ਸੱਤ ਸਾਲ ਤੇ ਵੱਡੇ ਦੀ ਉਮਰ ਨੌਂ ਸਾਲ ਦੀ ਸੀ। ਇਸ ਉਮਰ ਦੇ ਬੱਚੇ ਲਹੂ ਦੀ ਇਕ ਬੂੰਦ ਦੇਖ ਕੇ ਚੀਕਾਂ ਮਾਰਨ ਲਗਦੇ ਹਨ, ਪਰ ਇਨ੍ਹਾਂ ਦੋਵਾਂ ਨੂੰ ਜਦੋਂ, ਕਦੀ ਪਿਆਰ ਨਾਲ, ਕਦੀ ਖੌਫਜ਼ਦਾ ਕਰਕੇ ਪੁੱਛਿਆ ਜਾਂਦਾ ਕਿ ਜਿਉਂਦੇ ਰਹਿਣ ਦੀ ਇੱਛਾ ਹੈ ਕਿ ਮਰਨ ਦੀ- ਤਾਂ ਇਨ੍ਹਾਂ ਦਾ ਉਤਰ ਹੁੰਦਾ- ਮਰਨ ਦੀ।” ਛੋਟੋ ਨੂੰ ਪਹਿਲੋਂ ਕਤਲ ਕੀਤਾ ਗਿਆ। ਵੱਡੇ ਸਾਹਿਬਜ਼ਾਦੇ ਨੂੰ ਫਿਰ ਪੁੱਛਿਆ ਗਿਆ ਕਿ ਬਚਣਾ ਹੈ ਕਿ ਇਹੋ ਰਾਹ ਫੜਨਾ ਹੈ। ਵੱਡੇ ਨੇ ਕਿਹਾ, “ਇਹੋ ਰਾਹ। ਸਾਡਾ ਪਰਿਵਾਰ ਇਸ ਰਸਤੇ ‘ਤੇ ਤੁਰੇਗਾ।” ਕੱਚੇ ਧਾਗੇ ਨੂੰ ਤੋੜਨ ਵਿਚ ਤਾਂ ਕੁਝ ਜ਼ੋਰ ਲਾਉਣਾ ਪਵੇ, ਜੀਵਨ ਦੀ ਡੋਰ ਇਨ੍ਹਾਂ ਦੋਵਾਂ ਨੇ ਆਸਾਨੀ ਨਾਲ ਤੋੜ ਦਿੱਤੀ।
ਪੰਜਵੇਂ ਅਤੇ ਨੌਵੇਂ ਪਾਤਸ਼ਾਹ ਬਾਰੇ ਅਸੀਂ ਇਹ ਆਖ ਕੇ ਚੁੱਪ ਕਰ ਜਾਂਦੇ ਹਾਂ ਕਿ ਉਹ ਧਰਮ ਦੀ ਉਚੀ ਤੋਂ ਉਚੀ ਚੋਟੀ ਉਪਰ ਬਿਰਾਜਮਾਨ ਸਨ ਕਿ ਉਨ੍ਹਾਂ ਲਈ ਦੁਸ਼ਮਣ ਵੀ ਮਿੱਤਰ ਸਨ ਤੇ ਮੌਤ ਵੀ ਜੀਵਨ ਸੀ। ਛੋਟੇ ਬੱਚਿਆਂ ਨੂੰ ਉਚੀਆਂ ਗੱਲਾਂ ਕਿਵੇਂ ਸਮਝ ਵਿਚ ਆਈਆਂ? ਕੋਈ ਅਕਲ, ਕੋਈ ਇਲਮ ਇਸ ਦਾ ਜਵਾਬ ਨਹੀਂ ਦੇ ਸਕਦਾ। ਲਗਦਾ ਹੈ ਇਨ੍ਹਾਂ ਬੱਚਿਆਂ ਨੇ ਮੌਤ ਦੀ ਕੰਧ ਤੋ ਪਾਰ ਦੇਖ ਰੱਖਿਆ ਸੀ। ਉਨ੍ਹਾਂ ਬਾਰੇ ਗੱਲਾਂ ਕਰਦਿਆਂ ਅਤੇ ਸੁਣਦਿਆਂ ਸਾਨੂੰ ਕਸ਼ਟ ਹੁੰਦਾ ਹੈ ਪਰ ਉਨ੍ਹਾਂ ਦੇ ਮਾਸੂਮ ਹੋਠਾਂ ਉਪਰ, ਨੀਹਾਂ ਵਿਚ ਖਲੋਤਿਆਂ ਮੁਸਕਾਨ ਖਿੱਲਰੀ ਪਈ ਸੀ।
ਮਾਂ ਗੁਜਰੀ ਨੂੰ ਬੱਚਿਆਂ ਦੀ ਲਾਸਾਨੀ ਸ਼ਹਾਦਤ ਦੀ ਖਬਰ ਮਿਲੀ ਤਾਂ ਉਨ੍ਹਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਸੇਵਕਾਂ ਦੀ ਪ੍ਰੀਤ ਓੜਕ ਤੱਕ ਨਿਭੀ, ਕਿ ਰੱਬ ਨੇ ਆਪਣੀ ਅਮਾਨਤ ਵਾਪਸ ਮੰਗ ਲਈ ਤਾਂ ਕਿਸੇ ਨੇ ਕੋਈ ਊਜਰ ਨਹੀਂ ਕੀਤਾ।
ਜਦੋਂ ਸਰਹਿੰਦ ਵਿਚ ਲੁੱਟ-ਮਾਰ ਤੇ ਤਬਾਹੀ ਮੱਚੀ, ਤਾਂ ਬਾਬਾ ਬੰਦਾ ਸਿੰਘ ਨੇ ਆਲੀ ਸਿੰਘ ਨੂੰ ਨਾਲ ਲੈ ਕੇ ਉਹ ਥਾਂ ਲੱਭੀ ਜਿਥੇ ਸ਼ਹੀਦੀ ਦੀਵਾਰ ਸੀ। ਬਾਬਾ ਬੰਦਾ ਬਹਾਦਰ ਨੇ ਇਕ ਇਕ ਇੱਟ ਮੱਥੇ ਨਾਲ ਲਾਈ। ਫਿਰ ਕਿਹਾ, “ਹੀਰੇ ਮੋਤੀ ਤੇ ਸੋਨਾ-ਚਾਂਦੀ ਲੁੱਟ ਲੈਣ ਉਹ ਜਿਨ੍ਹਾਂ ਨੂੰ ਅਜਿਹੀ ਲੋੜ ਹੈ। ਮੈਨੂੰ ਮੇਰਾ ਖਜ਼ਾਨਾ ਪ੍ਰਾਪਤ ਹੋ ਗਿਆ।”
ਛੋਟੇ ਸਾਹਿਬਜ਼ਾਦਿਆਂ ਅਤੇ ਮਾਂ ਦੀ ਸ਼ਹਾਦਤ ਦਾ ਮੇਲਾ ਹਰ ਸਾਲ 11, 12, 13, ਪੋਹ ਨੂੰ ਤਿੰਨ ਦਿਨ ਲਗਦਾ ਹੈ। ਪੰਥ ਨੇ ਇਸ ਨੂੰ Ḕਸ਼ਹੀਦੀ ਜੋੜ ਮੇਲਾḔ ਕਿਹਾ ਹੈ। ਜੋੜ ਮੇਲਾ ਠੀਕ ਨਾਮ ਹੈ। ਮਾਤਾ ਅਤੇ ਬੱਚੇ ਗੁਰੂ ਤੇਗ਼ ਬਹਾਦਰ ਸੰਗ ਸਹਿਜੇ ਜਾ ਮਿਲੇ। ਸਾਹਿਬਜ਼ਾਦਿਆਂ ਦਾ ਅਤੇ ਗੁਜਰੀ ਮਾਂ ਦਾ ਪੰਥ ਨਾਲ ਥਿਰ ਮਿਲਾਪ ਹੋਇਆ।
ਜੇ ਕਿਤੇ ਕਾਲੀ ਦਾਸ ਅੱਜ ਹੁੰਦਾ ਉਹ ਬੱਦਲਾਂ ਨੂੰ ਕੁਝ ਜਰੂਰੀ ਹਦਾਇਤਾਂ ਦਿੰਦਾ। ਉਹ ਇਉਂ ਲਿਖਦਾ, “ਹੇ ਮੇਘ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਮਾਂ ਗੁਜਰੀ ਦੇ ਚਰਨਾਂ ਦੀ ਛੁਹ ਪ੍ਰਾਪਤ ਹੈ। ਇਨ੍ਹਾਂ ਥਾਂਵਾਂ ਉਪਰੋਂ ਸਹਿਜੇ ਸਹਿਜੇ ਲੰਘੀਂ। ਜਦੋਂ ਅਰਜਨ ਕੁਰੂਕਸ਼ੇਤਰ ਦੀ ਜੰਗ ਤੋਂ ਪਹਿਲਾਂ ਡਾਵਾਂਡੋਲ ਹੋ ਗਿਆ ਸੀ ਤਦ ਉਸ ਨੂੰ ਹੌਸਲਾ ਦੇਣ ਲਈ ਉਥੇ ਭਗਵਾਨ ਆਪ ਰੱਥ ਵਿਚ ਮੌਜੂਦ ਸਨ। ਸਰਹਿੰਦ ਦੇ ਇਸ ਮਹਾਂਭਾਰਤ ਵਿਚ ਸ਼੍ਰੀ ਕ੍ਰਿਸ਼ਨ ਵਾਲੀ ਜ਼ਿਮੇਵਾਰੀ ਗੁਜਰੀ ਮਾਂ ਨੇ ਨਿਭਾਈ ਸੀ। ਉਪਦੇਸ਼ ਕਰਦਿਆਂ ਮਾਂ ਨੇ ਅੱਖਾਂ ਨਾਲ ਹੀ ਸਭ ਭੇਦ ਸਮਝਾ ਦਿੱਤੇ ਸਨ। ਇਸ ਕਰਕੇ ਇਸ ਗੰ੍ਰਥ ਦੀ ਰਚਨਾ ਕਰਨ ਦੀ ਲੋੜ ਨਹੀਂ ਪਈ। ਅਰਜਨ ਦੇਰ ਬਾਅਦ ਥਿਰ ਹੋਇਆ ਸੀ, ਉਸ ਨੂੰ ਗੱਲ ਸਮਝਣ ਵਿਚ ਮੁਸ਼ਕਲ ਆਈ ਸੀ। ਨਿਕੇ ਬੱਚਿਆਂ ਨੂੰ ਮਰਮ ਰੂਹਾਨੀ ਭੇਦ ਬਹੁਤ ਛੇਤੀ ਸਮਝ ਵਿਚ ਆ ਗਏ ਸਨ। ਹੇ ਮੇਘ, ਦੁਰਲਭ ਵਸਤੂਆਂ ਦੀ ਤਲਾਸ਼ ਵਿਚ ਤੁਰਦੀ ਫਿਰਦੀ ਇਸ ਮਾਂ ਨੂੰ ਕਿਤੇ ਦੇਖੇਂ ਤਾਂ ਸਿਰ ਉਪਰ ਮੂਰਖਾਂ ਵਾਂਗ ਮੰਡਰਾਂਦਾ ਨਾ ਫਿਰੀਂ। ਤੁਰਤ ਨਿਰਮਲ ਚਾਦਰ ਵਾਂਗ ਉਸ ਦੇ ਚਰਨਾਂ ਹੇਠ ਵਿਛ ਜਾਈਂ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਖੂਬ ਧੋਈਂ, ਇਨ੍ਹਾਂ ਪਹਾੜੀਆਂ ਵਿਚ ਉਹ ਸਾਰੇ ਸੰਸਾਰ ਦਾ ਰੱਬ ਤੋਂ ਸੁਖ ਮੰਗਿਆ ਕਰਦੀ।”
ਜੋੜ ਮੇਲੇ ਦੇ ਇਨ੍ਹਾਂ ਦਿਨਾਂ ਵਿਚ ਆਮ ਇਹ ਹੁੰਦਾ ਹੈ ਕਿ ਛਲਕਦੀਆਂ ਹੋਈਆਂ ਅੱਖਾਂ ਵਿਚਲੀਆਂ ਬੂੰਦਾਂ ਨਾਲ ਬੱਦਲਾਂ ਦੀਆਂ ਕਣੀਆਂ ਆ ਕੇ ਰਲ ਜਾਇਆ ਕਰਦੀਆਂ ਹਨ। ਅਕਸਰ ਅਜਿਹਾ ਹੋਇਆ ਕਰਦਾ ਹੈ।