ਸਾਲ 2014 ਦੌਰਾਨ ਹਿੰਦੀ ਫਿਲਮ ਜਗਤ ਵਿਚ ਕਈ ਨਵੇਂ ਕਲਾਕਾਰਾਂ ਨੇ ਪ੍ਰਵੇਸ਼ ਕੀਤਾ ਅਤੇ ਖੂਬ ਧੁੰਮਾਂ ਪਾਈਆਂ। ਇਨ੍ਹਾਂ ਵਿਚ ਤਾਹਿਰ ਰਾਜ ਭਸੀਨ, ਪੱਤ੍ਰਲੇਖਾ, ਦਰਸ਼ਨ ਕੁਮਾਰ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਹੁਮੈਮਾ ਮਲਿਕ, ਇਮਰਾਨ ਅੱਬਾਸ ਤੇ ਫਵਾਦ ਖਾਨ ਆਦਿ ਸ਼ਾਮਲ ਸਨ। 2014 ਦੌਰਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ 27 ਸਾਲਾ ਅਦਾਕਾਰ ਤਾਹਿਰ ਭਸੀਨ ਨੇ ਕੀਤਾ।
ਫਿਲਮ ḔਮਰਦਾਨੀḔ ਵਿਚ ਉਸ ਦੀ ਹੀਰੋਇਨ ਰਾਣੀ ਮੁਖਰਜੀ ਸੀ ਅਤੇ ਇਸ ਫਿਲਮ ਵਿਚ ਤਾਹਿਰ ਨੇ ਬੇਕਿਰਕ ਮਾਫੀਆ ਡੌਨ ਦਾ ਕਿਰਦਾਰ ਨਿਭਾਇਆ। ਇਸ ਕਿਰਦਾਰ ਨਾਲ ਉਸ ਨੇ ਆਪਣੀ ਨਿਵੇਕਲੀ ਛਾਪ ਫਿਲਮ ਜਗਤ ਵਿਚ ਛੱਡੀ। ਵਿਲੇਨ ਦੀ ਭੂਮਿਕਾ ਵਿਚ ਉਸ ਦੀ ਅਦਾਕਾਰੀ ਦੀ ਖੂਬ ਪ੍ਰਸ਼ੰਸਾ ਹੋਈ। ਸਿੱਟੇ ਵਜੋਂ ਫਿਲਮ ਜਗਤ ਵਿਚ ਉਸ ਲਈ ਰਾਹ ਕਾਫੀ ਮੋਕਲਾ ਹੋ ਗਿਆ।
Ḕਸਿਟੀਲਾਈਟਜ਼Ḕ ਫਿਲਮ ਨਾਲ ਪੱਤ੍ਰਲੇਖਾ ਨੇ ਹਿੰਦੀ ਫਿਲਮਾਂ ਵਿਚ ਆਗਾਜ਼ ਕੀਤਾ। ਇਸ ਫਿਲਮ ਦਾ ਹੀਰੋ ਰਾਜ ਕੁਮਾਰ ਰਾਓ ਸੀ, ਪਰ ਪੱਤ੍ਰਲੇਖਾ ਦੀ ਅਦਾਕਾਰੀ ਇੰਨੀ ਦੰਗ ਕਰਨ ਵਾਲੀ ਸੀ ਕਿ ਸ਼ਬਾਨਾ ਆਜ਼ਮੀ ਅਤੇ ਵਿਦਿਆ ਬਾਲਨ ਵਰਗੀਆਂ ਚੋਟੀ ਦੀਆਂ ਅਦਾਕਾਰਾਂ ਨੇ ਵੀ ਉਸ ਦੀ ਤਾਰੀਫ ਦੇ ਪੁਲ ਬੰਨ੍ਹੇ। ਕਮਾਈ ਪੱਖੋਂ ਵੀ ਇਹ ਫਿਲਮ ਸਫਲ ਰਹੀ ਅਤੇ ਦਰਸ਼ਕਾਂ ਨੇ ਵੀ ਇਹ ਫਿਲਮ ਬਹੁਤ ਪਸੰਦ ਕੀਤੀ। ਇਸ ਫਿਲਮ ਨੇ ਦੋ-ਢਾਈ ਦਹਾਕੇ ਪਹਿਲਾਂ ਬਣਦੀਆਂ ਉਮਦਾ ਫਿਲਮਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ।
ਮੁੱਕੇਬਾਜ਼ ਮੁਟਿਆਰ ਮੇਰੀ ਕੋਮ ਦੇ ਜੀਵਨ ਉਤੇ ਬਣੀ ਫਿਲਮ Ḕਮੇਰੀ ਕੋਮḔ ਵਿਚ ਭਾਵੇਂ, ਪਹਿਲਾਂ ਹੀ ਬੁਲੰਦੀਆਂ ਛੂਹ ਰਹੀ ਪ੍ਰਿਯੰਕਾ ਚੋਪੜਾ ਦੀ ਅਦਾਕਾਰੀ ਦੀ ਖੂਬ ਪ੍ਰਸ਼ੰਸਾ ਹੋਈ, ਪਰ ਫਿਲਮ ਵਿਚ ਆਏ ਨਵੇਂ ਅਦਾਕਾਰ ਦਰਸ਼ਨ ਕੁਮਾਰ ਨੇ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਫਿਲਮ ਵਿਚ ਉਸ ਨੇ ਮੇਰੀ ਕੋਮ ਦੇ ਪਤੀ ਓਨਲੇਰ ਦੀ ਭੂਮਿਕਾ ਨਿਭਾਈ ਸੀ। ਉਸ ਦੀ ਸਹਿਜ ਅਦਾਕਾਰੀ ਦੀ ਹਰ ਪਾਸਿਓਂ ਤਾਰੀਫ ਹੋਈ। ਸਭ ਦਾ ਇਹੀ ਕਹਿਣਾ ਹੈ ਕਿ ਦਰਸ਼ਨ ਕੁਮਾਰ ਹਿੰਦੀ ਫਿਲਮਾਂ ਵਿਚ ਆਪਣਾ ਬਣਦਾ ਸਥਾਨ ਜ਼ਰੂਰ ਹਾਸਲ ਕਰੇਗਾ।
ਪਾਕਿਸਤਾਨੀ ਅਦਾਕਾਰ ਫਵਾਦ ਖਾਨ ਨੇ ਫਿਲਮ ḔਖੂਬਸੂਰਤḔ ਵਿਚ ਸੋਨਮ ਕਪੂਰ ਨਾਲ ਆਪਣੀ ਅਦਾਕਾਰੀ ਦੇ ਜਲਵੇ ਵਿਖਾਏ। ਇਸੇ ਤਰ੍ਹਾਂ Ḕਰਾਜਾ ਨਟਵਰ ਲਾਲḔ ਵਿਚ ਪਾਕਿਸਤਾਨੀ ਅਦਾਕਾਰਾ ਹੁਮੈਮਾ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਹ ਗੱਲ ਵੱਖਰੀ ਹੈ ਕਿ ਇਸ ਫਿਲਮ ਵਿਚ ਉਸ ਦੀ ਬਹੁਤੀ ਚਰਚਾ ਨਾ ਹੋ ਸਕੀ ਅਤੇ ਕਮਾਈ ਪੱਖੋਂ ਵੀ ਫਿਲਮ ਦਾ ਹਾਲ ਮਾੜਾ ਹੀ ਰਿਹਾ, ਪਰ ਇਕ ਗੱਲ ਸਾਫ ਹੋ ਗਈ ਕਿ ਕੁਝ ਕੱਟੜ ਹਿੰਦੂ ਜਥੇਬੰਦੀਆਂ ਦੇ ਤਿੱਖੇ ਵਿਰੋਧ ਦੇ ਬਾਵਜੂਦ ਪਾਕਿਸਤਾਨੀ ਕਲਾਕਾਰ ਹਿੰਦੀ ਫਿਲਮ ਜਗਤ ਦਾ ਹਿੱਸਾ ਬਣ ਰਹੇ ਹਨ। ਇਸ ਫਿਲਮ ਵਿਚ ਹੁਮੈਮਾ ਖਾਨ ਦਾ ਹੀਰੋ ਇਮਰਾਨ ਹਾਸ਼ਮੀ ਸੀ। ਇਨ੍ਹਾਂ ਤੋਂ ਇਲਾਵਾ ਟਾਈਗਰ ਸ਼ਰਾਫ, ਕ੍ਰਿਤੀ ਸੇਨਨ, ਡੇਜ਼ੀ ਸ਼ਾਹ ਅਤੇ ਸਿਧਾਰਥ ਸ਼ੁਕਲਾ ਨੇ ਵੀ ਸਾਲ 2014 ਦੌਰਾਨ ਹਿੰਦੀ ਫਿਲਮ ਜਗਤ ਵਿਚ ਪਰਵੇਸ਼ ਕੀਤਾ। ਟਾਈਗਰ ਸ਼ਰਾਫ ਦੀ ਫਿਲਮ ḔਹੀਰੋਪੰਤੀḔ ਰਿਲੀਜ਼ ਹੋਈ। ਇਸ ਫਿਲਮ ਵਿਚ ਉਸ ਦੀ ਹੀਰੋਇਨ ਕ੍ਰਿਤੀ ਸੇਨਨ ਸੀ।
ਉਘੇ ਅਦਾਕਾਰ ਅਤੇ ਫਿਲਮਸਾਜ਼ ਰਾਜ ਕਪੂਰ ਦੇ ਦੋਹਤੇ ਅਰਮਾਨ ਜੈਨ ਨੇ ਵੀ 2014 ਵਿਚ ਆਪਣੀ ਫਿਲਮ Ḕਲੇਕਰ ਹਮ ਦੀਵਾਨਾ ਦਿਲḔ ਨਾਲ ਹਜ਼ਾਰੀ ਲੁਆਈ। ਇਹ ਫਿਲਮ ਬਾਕਸ ਆਫਿਸ ਉਤੇ ਤਾਂ ਭਾਵੇਂ ਬਹੁਤੀ ਨਹੀਂ ਚੱਲ ਸਕੀ ਪਰ ਅਰਮਾਨ ਜੈਨ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ।