ਬਾਦਲ ਮਨਮੋਹਨ ‘ਤੇ ਮਿਹਰਬਾਨ, ਤਾਰੀਫਾਂ ਦੇ ਪੁਲ ਬੰਨ੍ਹੇ

ਲੁਧਿਆਣਾ: ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਲੰਘੇ ਦਿਨ ਜਦੋਂ ਪੰਜਾਬ ਆਏ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸ਼ ਬਾਦਲ ਨੇ ਕਿਹਾ ਕਿ ਉਹ ਦੇਸ਼ ਦੇ ਚੋਟੀ ਦੇ ਅਰਥਸ਼ਾਸਤਰੀ ਹਨ ਤੇ ਸੰਸਾਰ ਵਿਚ ਵੀ ਉਨ੍ਹਾਂ ਦੀ ਵਾਹਵਾ ਧਾਂਕ ਹੈ। ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਜਦੋਂ ਸ਼ ਬਾਦਲ ਇਹ ਤਾਰੀਫ ਕਰ ਰਹੇ ਸਨ ਤਾਂ ਡਾæ ਮਨਮੋਹਨ ਸਿੰਘ ਮੰਦ-ਮੰਦ ਮੁਸਕਰਾ ਰਹੇ ਸਨ। ਜ਼ਿਕਰਯੋਗ ਹੈ ਕਿ ਆਮ ਤੌਰ ‘ਤੇ ਸ਼ ਬਾਦਲ ਆਪਣੀ ਹਰ ਨਾਕਾਮੀ ਕੇਂਦਰ ‘ਤੇ ਥੋਪਦਿਆਂ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦੇ ਹਨ ਪਰ ਅਚਾਨਕ ਉਨ੍ਹਾਂ ਦੇ ਮੂਹੋਂ ਤਾਰੀਫ ਦੇ ਲਫਜ਼ ਸੁਣ ਕੇ ਲੋਕ ਹੈਰਾਨ ਰਹਿ ਗਏ। ਡਾæ ਸਿੰਘ ਲੰਘੇ ਦਿਨ ਲੁਧਿਆਣਾ ਆਏ ਸਨ ਜਿੱਥੇ ਖੇਤਾਬਾੜੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਆਨਰੇਰੀ ਡਿਗਰੀ ਪ੍ਰਦਾਨ ਕੀਤੀ। ਇਸ ਮੌਕੇ ਡਾæ ਸਿੰਘ ਨੇ ਕਿਹਾ ਕਿ ਪਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਕਿਸਾਨਾਂ ਤੇ ਖ਼ਪਤਕਾਰਾਂ ਨੂੰ ਲਾਭ ਹੋਵੇਗਾ ਤੇ ਇਸ ਨਾਲ ਖੇਤੀ ਪੈਦਾਵਾਰ ਦੀ ਮਾਰਕੀਟਿੰਗ ਵਿਚ ਨਿਵੇਸ਼ ਤੇ ਨਵੀਂ ਤਕਨਾਲੋਜੀ ਦਾ ਆਗਾਜ਼ ਹੋਵੇਗਾ। ਸਿੱਧੇ ਵਿਦੇਸ਼ੀ ਨਿਵੇਸ਼ ਦੇ ਹੱਕ ਵਿਚ ਸੰਸਦ ਵਿਚੋਂ ਪ੍ਰਵਾਨਗੀ ਲੈਣ ਤੋਂ ਮਗਰੋਂ ਸਵੈ-ਭਰੋਸੇ ਨਾਲ ਲਬਰੇਜ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਚੂਨ ਵਿਚ ਐਫ਼ਡੀæਆਈæ ਨੂੰ ਪ੍ਰਵਾਨਗੀ ਦੇਣ ਦੇ ਫੈਸਲੇ ਨੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਵੀ ਹਮਾਇਤ ਹਾਸਲ ਸੀ। ਉਨ੍ਹਾਂ ਸੱਦਾ ਦਿੱਤਾ ਕਿ ਹਰੀ ਕ੍ਰਾਂਤੀ ਵਿਚ ਮੋਹਰੀ ਰਿਹਾ ਪੰਜਾਬ ਹੁਣ ਖੇਤੀ ਵੰਨ-ਸੁਵੰਨਤਾ ਵਿਚ ਵੀ ਦੇਸ਼ ਦੀ ਅਗਵਾਈ ਕਰੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਗੋਲਡਨ ਜੁਬਲੀ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਵਿਚ ਝੋਨੇ-ਕਣਕ ਦੇ ਬਦਲਵੇਂ ਫਸਲੀ ਢਾਂਚੇ, ਧਰਤੀ ਹੇਠਲੇ ਜਲ ਸੋਮਿਆਂ ਦੀ ਸੰਭਾਲ ਤੇ ਪੂੰਜੀ ਨਿਵੇਸ਼ ਤੋਂ ਭਵਿੱਖ ਦੇ ਲਾਭਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਵੇਲੇ ਖੇਤੀ ਚੇਤਨਾ ਵਿਕਸਤ ਕਰਨ ਦੀ ਲੋੜ ਹੈ।
__________________________________
ਪੰਜਾਬ ਦੇ ਦੋ ਲੱਖ ਕਿਸਾਨਾਂ ਨੇ ਖੇਤੀ ਛੱਡੀ: ਬਾਦਲ
ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਖੇਤੀ ਲਾਹੇਵੰਦ ਨਾ ਹੋਣ ਕਰਕੇ ਦੋ ਲੱਖ ਛੋਟੇ ਕਿਸਾਨ ਖੇਤੀ ਛੱਡ ਚੁੱਕੇ ਹਨ। 35 ਹਜ਼ਾਰ ਕਰੋੜ ਰੁਪਏ ਦੀ ਕਰਜ਼ਈ ਕਿਸਾਨੀ ਅਜੀਬ ਕਿਸਮ ਦੀ ਉਦਾਸੀਨਤਾ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਖੇਤੀਬਾੜੀ ਸੂਬਾਈ ਵਿਸ਼ਾ ਹੈ ਪਰ ਖੇਤੀ ਵਿਚ ਲੋੜੀਂਦੇ ਡੀਜ਼ਲ, ਖਾਦਾਂ, ਰਸਾਇਣਕ ਜ਼ਹਿਰਾਂ ਦੀਆਂ ਕੀਮਤਾਂ ਕੇਂਦਰ ਮਿਥਦਾ ਹੋਣ ਕਰਕੇ ਕਿਸਾਨ ਦੀ ਕਮਾਈ ਤੇ ਖਰਚੇ ਵਿਚਕਾਰ ਸੰਤੁਲਨ ਨਹੀਂ ਬਣ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੀ ਜਿਥੇ ਖੜਗ ਭੁਜਾ ਹੈ, ਉੱਥੇ ਅਨਾਜ ਭੰਡਾਰ ਦੀ ਭੁਜਾ ਹੈ। ਫਸਲਾਂ ਦੇ ਬਦਲਾਓ ਲਈ ਪੰਜਾਬ ਦੀ ਬਾਂਹ ਫੜਨ ਲਈ ਕੇਂਦਰ ਅੱਗੇ ਆਏ। ਮੁੱਖ ਮੰਤਰੀ ਬਾਦਲ ਨੇ ਪੰਜਾਬ ਵਿਚ ਡਾæ ਬੌਰਲਾਗ ਇੰਸਟੀਚਿਊਟ ਤੇ ਮੱਕੀ ਖੋਜ ਡਾਇਰੈਕਟੋਰੈਟ ਸਥਾਪਿਤ ਕਰਨ ‘ਤੇ ਡਾæ ਮਨਮੋਹਨ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਇਸ ਵੇਲੇ ਕੇਂਦਰੀ ਸਹਿਯੋਗ ਦੀ ਵੱਡੀ ਲੋੜ ਹੈ ਤਾਂ ਕਿ ਦੇਸ਼ ਦੀ ਅਨਾਜ ਸੁਰੱਖਿਆ ਯਕੀਨੀ ਰਹਿ ਸਕੇ। ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ ਲਈ ਵੀ ਪ੍ਰਧਾਨ ਮੰਤਰੀ ਨੂੰ ਪੱਕੀ ਸਾਲਾਨਾ ਗਰਾਂਟ ਦੇਣ ਲਈ ਕਿਹਾ।
______________________________________
ਡਾæ ਮਨਮੋਹਨ ਸਿੰਘ ਪੰਜਾਬ ਲਈ ਫਿਕਰਮੰਦ
ਲੁਧਿਆਣਾ: ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਪੰਜਾਬ ਬਾਰੇ ਕਾਫੀ ਫਿਕਰਮੰਦ ਨਜ਼ਰ ਆਏ। ਉਨ੍ਹਾਂ ਕਿਹਾ ਕਿ ਪੰਜਾਬ ਦੇ 80 ਫੀਸਦੀ ਬਲਾਕ ਜਲ ਸੋਮਿਆਂ ਦੀ ਵਧੇਰੇ ਵਰਤੋਂ ਕਰਨ ਕਰਕੇ ਸੋਕੇ ਜਿਹੇ ਕਾਲੇ ਘੇਰੇ ਵੱਲ ਜਾ ਰਹੇ ਹਨ। ਇਸ ਕਰਕੇ ਸਾਨੂੰ ਤੁਰੰਤ ਸੰਭਲਣਾ ਪਵੇਗਾ। ਕਣਕ-ਝੋਨੇ ਦੇ ਰਵਾਇਤੀ ਫਸਲੀ ਚੱਕਰ ਤੋਂ 80 ਫੀਸਦੀ ਰਕਬਾ ਬਾਹਰ ਲਿਆਉਣਾ ਪਵੇਗਾ ਤਾਂ ਕਿ ਝੋਨੇ ਲਈ ਵਰਤਿਆ ਜਾਂਦਾ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਅਸਾਮ, ਬਿਹਾਰ, ਛੱਤੀਸਗੜ੍ਹ ਤੇ ਉਤਰ ਪ੍ਰਦੇਸ਼ ਵਿਚ ਫਸਲ ਦੇ ਝਾੜ ਦੀ ਸਮਰੱਥਾ ਤੇ ਅਸਲ ਝਾੜ ਵਿਚਕਾਰ ਅੱਧੋ-ਅੱਧ ਦਾ ਫਰਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੱਕੀ, ਨਰਮਾ, ਕਮਾਦ, ਦਾਲਾਂ, ਤੇਲ ਬੀਜ ਫਸਲਾਂ, ਫਲ ਤੇ ਸਬਜ਼ੀਆਂ ਅਧੀਨ ਰਕਬਾ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੀ ਆਮਦਨ ਵਧਾਉਣ ਲਈ ਸਾਨੂੰ ਵਿਚੋਲੇ ਘਟਾਉਣੇ ਪੈਣਗੇ ਤੇ ਕਟਾਈ ਉਪਰੰਤ ਫਸਲ ਸੰਭਾਲ ਤੀਕ ਤਕਨੀਕੀ ਗਿਆਨ ਰਾਹੀਂ ਨੁਕਸਾਨ ਘਟਾਉਣੇ ਪੈਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖਪਤਕਾਰ ਤੀਕ ਪਹੁੰਚਦੀ ਖੇਤੀ ਉਪਜ ਦਾ ਅਸਲ ਲਾਭ ਵਿਚੋਲੇ ਲੈ ਜਾਂਦੇ ਹਨ। ਇਸ ਲਈ ਸਾਨੂੰ ਸਮਰੱਥਾ ਸਪਲਾਈ ਲੜੀ ਵਿਕਸਤ ਕਰਨੀ ਪਵੇਗੀ।

Be the first to comment

Leave a Reply

Your email address will not be published.