ਸਿੱਖ ਮਤ ਅਤੇ ਔਰਤ

ਏਹੁ ਹਮਾਰਾ ਜੀਵਣਾ-3
‘ਏਹੁ ਹਮਾਰਾ ਜੀਵਣਾ’ ਵਿਚ ਪ੍ਰੋæ ਹਰਪਾਲ ਸਿੰਘ ਨੇ ਔਰਤ ਦੀ ਕਹਾਣੀ ਮੁੱਢ ਤੋਂ ਸ਼ੁਰੂ ਕਰ ਕੇ ਸੁਣਾਈ ਹੈ ਅਤੇ ਦੱਸਿਆ ਹੈ ਕਿ ਭਾਰਤ ਵਿਚ ਆਰੀਅਨਾਂ ਦੇ ਆਗਮਨ ਤੋਂ ਪਹਿਲਾਂ ਔਰਤ ਦਾ ਸਮਾਜ ਵਿਚ ਰੁਤਬਾ ਕਿਸ ਤਰ੍ਹਾਂ ਦਾ ਸੀ। ਔਰਤ ਦੇ ਹਾਲਾਤ ਬਾਰੇ ਉਨ੍ਹਾਂ ਉਤਰ ਵੈਦਿਕ ਕਾਲ ਦੇ ਵੇਰਵੇ ਸਾਂਝੇ ਕੀਤੇ ਹਨ ਜਿਸ ਵਿਚ ਔਰਤ ਪ੍ਰਤੀ ਮਰਦ ਅਤੇ ਮਰਦ ਦੇ ਦਾਬੇ ਵਾਲੇ ਸਮਾਜ ਦੇ ਰਵੱਈਏ ਬਾਰੇ ਪਤਾ ਲੱਗਦਾ ਹੈ।

ਇਨ੍ਹਾਂ ਵੇਰਵਿਆਂ ਨਾਲ ਇਹ ਸੂਹ ਪੈਂਦੀ ਹੈ ਕਿ ਅੱਜ ਦੇ ਯੁੱਗ ਤੱਕ ਪੁੱਜਦਿਆਂ-ਪੁੱਜਦਿਆਂ ਔਰਤ ਦੀ ਹੁਣ ਵਾਲੀ ਹੌਲਨਾਕ ਹਾਲਤ ਕਿਸ ਤਰ੍ਹਾਂ ਬਣਾ ਦਿੱਤੀ ਗਈ। ਇਸ ਲੰਮੇ ਲੇਖ ਦੀ ਤੀਜੀ ਅਤੇ ਆਖਰੀ ਕਿਸ਼ਤ ਵਿਚ ਜੈਨ, ਬੁੱਧ ਅਤੇ ਫਿਰ ਰਤਾ ਕੁ ਵਿਸਥਾਰ ਸਹਿਤ ਸਿੱਖ ਮਤ ਤਹਿਤ ਔਰਤ ਦੀ ਹਾਲਤ ਬਾਰੇ ਦੱਸਿਆ ਗਿਆ ਹੈ। -ਸੰਪਾਦਕ

ਜੈਨ ਮਤ: ਭਾਰਤ ਵਿਚ ਜੈਨ ਧਰਮ ਦਾ ਵਿਕਾਸ ਵੈਦਿਕ ਕਾਲ 1000-600 ਈਸਾ ਪੂਰਵ ਹੋਇਆ। ਜੈਨੀ ਉਪਾਸ਼ਕ ਇਸ ਨੂੰ ਅਨਾਦੀ ਮੰਨਦੇ ਹਨ, ਭਾਵ ਇਸ ਧਰਮ ਦਾ ਕੋਈ ਨਿਸ਼ਚਤ ਇਤਿਹਾਸ ਨਹੀਂ। ਭਗਵਾਨ ਮਹਾਂਵੀਰ ਇਸ ਧਰਮ ਦੇ 24ਵੇਂ ਤੀਰਥੰਕਰ ਮੰਨੇ ਜਾਂਦੇ ਹਨ (599-527 ਈਸਾ ਪੂਰਵ)। ਇਸ ਧਰਮ ਵਿਚ ਵੀ ਔਰਤ ਦਾ ਦਰਜਾ ਸ਼ੂਦਰਾਂ ਵਾਂਗ ਹੇਠਾਂ ਤੋਂ ਹੇਠਾਂ ਵੱਲ ਗਿਆ। ਇਹ ਕਿਹਾ ਗਿਆ ਕਿ ਔਰਤਾਂ (ਕੇਵਲਯ) ਮੁਕਤੀ ਪ੍ਰਾਪਤ ਨਹੀਂ ਕਰ ਸਕਦੀਆਂ। ਔਰਤ ਦਾ ਸ਼ਿੰਗਾਰ, ਉਨ੍ਹਾਂ ਦੀਆਂ ਅਦਾਵਾਂ-ਮੁਦਰਾਵਾਂ ਮਨ ਨੂੰ ਬੇਚੈਨ ਕਰ ਸਕਦੀਆਂ ਹਨ; ਇਸ ਲਈ ਉਨ੍ਹਾਂ ਤੋਂ ਦੂਰ ਰਹੋ। ਜਿਥੇ ਗ੍ਰਹਿਸਥ ਦਾ ਸਵਾਲ ਹੈ, ਕੇਵਲ ਆਪਣੀ ਪਤਨੀ ਦਾ ਹੀ ਸੰਗ ਕਰਨਾ ਹੈ। ਕਾਮ-ਵਾਸਨਾ ਜੀਵਨ ਨੂੰ ਨਸ਼ਟ ਕਰਨ ਵਾਲਾ ਰੋਗ ਹੈ। ਇਸ ਤੋਂ ਅੱਲਗ ਰਹੋ। ਜੈਨੀਆਂ ਦੇ ਦਿਗੰਬਰ ਫਿਰਕੇ ਅਨੁਸਾਰ ਖੁਸਰਾ ਅਤੇ ਔਰਤ ਮੁਕਤ ਨਹੀਂ ਹੋ ਸਕਦੇ। ਇਨ੍ਹਾਂ ਨੂੰ ਪਹਿਲਾਂ ਮਰਦਾਂ ਦੇ ਜਾਮੇ ਵਿਚ ਜਨਮ ਲੈਣਾ ਪਵੇਗਾ। ਸਵੇਤਾਂਬਰ ਫਿਰਕੇ ਅਨੁਸਾਰ ਔਰਤਾਂ ਤੇ ਖੁਸਰੇ ਵੀ ਮੁਕਤ ਹੋ ਸਕਦੇ ਹਨ, ਪਰ ਬਹੁਤ ਘੱਟ-ਗਿਣਤੀ ਵਿਚ। ਜਿਥੋਂ ਤੱਕ ਧਰਮ ਗ੍ਰਹਿਣ ਦਾ ਸਵਾਲ ਹੈ, ਜੈਨ ਮਤ ਦਾ ਝੁਕਾਅ ਔਰਤ ਦੇ ਮੁਕਾਬਲੇ ਮਰਦ ਨੂੰ ਤਰਜੀਹ ਦੇਣਾ ਹੈ।
ਬੁੱਧ ਮਤ: ਪੁਰਾਤਨ ਸਮੇਂ ਭਾਰਤ ਵਿਚ ਹਿੰਦੂ ਮਤ ਅਤੇ ਜੈਨ ਮਤ ਦੇ ਨਾਲ ਇਕ ਹੋਰ ਧਰਮ ਦਾ ਜਨਮ ਹੋਇਆ ਜਿਸ ਨੂੰ ਬੁੱਧ ਮਤ ਕਿਹਾ ਜਾਂਦਾ ਹੈ। ਇਸ ਧਰਮ ਦਾ ਬਾਨੀ ਰਾਜਕੁਮਾਰ ਸਿਧਾਰਥ ਸੀ ਜਿਸ ਦਾ ਜਨਮ 566 ਈਸਾ ਪੂਰਵ ਵਿਚ ਹੋਇਆ। ਉਸ ਦਾ ਪਿਤਾ ਕਪਿਲਵਸਤੂ ਦੀ ਰਿਆਸਤ ਦਾ ਰਾਜਾ ਸੀ। ਬੁੱਧ ਕਾਲ ਦੇ ਸਮੇਂ ਔਰਤ ਦੀ ਸਥਿਤੀ ਵਿਚ ਸੁਧਾਰ ਹੋਇਆ। ਉਹ ਆਜ਼ਾਦ ਔਰਤ ਬਣ ਗਈ। ਵਿਆਹੀ ਜਾਣ ਤੋਂ ਬਾਅਦ ਉਹ ਗੁਲਾਮ ਨਹੀਂ ਸੀ ਬਣਦੀ, ਕਿਉਂਕਿ ਬੁੱਧਵਾਦੀ ਪ੍ਰਬੰਧ ਤਹਿਤ ਵਿਆਹ ਇਕ ਇਕਰਾਰਨਾਮਾ ਸੀ। ਇਸ ਕਾਲ ਵਿਚ ਉਹ ਜਾਇਦਾਦ ਦੀ ਮਾਲਕਣ ਹੋ ਸਕਦੀ ਹੈ, ਤਾਲੀਮ ਲੈ ਸਕਦੀ ਹੈ, ਉਹ ਭਿਖਸ਼ੂਆਂ ਦੇ ਬੋਧੀ ਸੰਘ ਦੀ ਮੈਂਬਰ ਬਣ ਸਕਦੀ ਸੀ ਅਤੇ ਬ੍ਰਾਹਮਣ ਦੇ ਰੁਤਬੇ ਤੱਕ ਪਹੁੰਚ ਸਕਦੀ ਸੀ। ਮਹਾਤਮਾ ਬੁੱਧ ਔਰਤ ਨੂੰ ਭਿਖਸ਼ੂ ਬਣਾਉਣ ਦੇ ਹੱਕ ਵਿਚ ਨਹੀਂ ਸੀ। ਬੁੱਧ ਮਤ ਨੇ ਇਹ ਵਿਚਾਰ ਪੇਸ਼ ਕੀਤਾ ਕਿ ਜੇ ਕੋਈ ਇਸਤਰੀ ਡੁੱਬਦੀ ਹੋਵੇ, ਕੋਈ ਵੀ ਭਿਖਸ਼ੂ ਉਸ ਨੂੰ ਬਚਾਉਣ ਲਈ ਹੱਥ ਨਹੀਂ ਵਧਾਏਗਾ, ਭਾਵੇਂ ਉਸ ਦੀ ਆਪਣੀ ਮਾਂ ਜਾਂ ਪਤਨੀ ਹੀ ਕਿਉਂ ਨਾ ਹੋਵੇ। ਆਨੰਦ ਦੀਆਂ ਅਨੇਕਾਂ ਬੇਨਤੀਆਂ ਕਰਨ ਤੋਂ ਬਾਅਦ ਹੀ, ਨਾ ਚਾਹੁੰਦਿਆਂ ਹੋਇਆਂ ਔਰਤ ਨੂੰ ਸੰਘ ਵਿਚ ਦੀਖਿਅਤ ਹੋਣ ਅਤੇ ਸੰਨਿਆਸ ਧਾਰਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਨਾਲ ਹੀ ਬੁੱਧ ਨੇ ਆਨੰਦ ਨੂੰ ਇਹ ਕਿਹਾ ਸੀ, “ਆਨੰਦ! ਸੰਘ ਬਿਨਾਂ ਸ਼ੱਕ ਹਜ਼ਾਰ ਸਾਲ ਤੱਕ ਜਿਉਂਦਾ ਰਹਿ ਸਕਦਾ ਹੈ, ਪਰ ਔਰਤ ਦੇ ਇਸ ਵਿਚ ਦਾਖਲ ਹੋ ਜਾਣ ਨਾਲ ਇਸ ਦੀ ਉਮਰ ਘਟ ਜਾਵੇਗੀ ਅਤੇ ਇਹ ਸਿਰਫ ਪੰਜ ਸੌ ਸਾਲ ਤੱਕ ਹੀ ਚੱਲ ਸਕੇਗਾ।”
ਸਿੱਖ ਮਤ: ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਇਨਕਲਾਬੀ ਸੀ ਜਿਸ ਦੇ ਨਿਸ਼ਾਨੇ ਉਚੇ ਸੁੱਚੇ ਸਨ। ਸਮਾਜਕ ਅਤੇ ਆਰਥਿਕ ਤੌਰ ‘ਤੇ ਔਰਤ ਦੇ ਦਰਜੇ ਨੂੰ ਉਚਾ ਕਰਨਾ ਉਨ੍ਹਾਂ ਦੀ ਵਿਚਾਰਧਾਰਾ ਦਾ ਅਹਿਮ ਹਿੱਸਾ ਸੀ। ਗੁਰੂ ਜੀ ਤੋਂ ਪਹਿਲਾਂ ਦੀਆਂ ਵਿਚਾਰਧਾਰਾਵਾਂ ਵਿਚ ਔਰਤ ਨੂੰ ਸਨਮਾਨਯੋਗ ਦਰਜਾ ਨਹੀਂ ਸੀ ਦਿੱਤਾ ਗਿਆ। ਇਸ ਦਾ ਮੁੱਖ ਕਾਰਨ ਬ੍ਰਾਹਮਣ ਦੁਆਰਾ ਜਾਤੀ-ਪ੍ਰਥਾ ਨੂੰ ਸਤਿਕਾਰ ਦੇਣਾ ਸੀ। ਰੱਬ ਨੇ ਔਰਤ ਨੂੰ ਨੀਵੀਂ ਜਾਤ ਦਾ ਦਰਜਾ ਦਿੱਤਾ ਹੈ, ਉਹ ਮੁਕਤੀ ਪ੍ਰਾਪਤ ਨਹੀਂ ਸੀ ਕਰ ਸਕਦੀ ਅਤੇ ਨਾ ਹੀ ਉਸ ਦਾ ਵਾਸਾ ਸਵਰਗ ਵਿਚ ਹੋ ਸਕਦਾ ਹੈ। ਮਰੇ ਹੋਏ ਪਤੀ ਨਾਲ ਉਸ ਨੂੰ ਸਤੀ ਹੋਣਾ ਪੈਂਦਾ ਸੀ। ਔਰਤ ਨੂੰ ਕੇਵਲ ਭੋਗ-ਵਿਲਾਸ ਦੀ ਪੂਰਤੀ ਕਰਨ ਵਾਲੀ ਵਸਤੂ ਸਮਝਿਆ ਜਾਂਦਾ ਸੀ। ਜੇ ਬਾਹਰੋਂ ਕੋਈ ਹਮਲਾਵਰ ਆਇਆ, ਤਾਂ ਉਸ ਨੇ ਵੀ ਔਰਤ ਦੀ ਇੱਜ਼ਤ ਨੂੰ ਹੱਥ ਪਾਇਆ। ਬਾਬਰ ਦੇ ਹਮਲੇ ਦੇ ਹੱਲੇ ਵੇਲੇ ਦਾ ਵਰਣਨ ਕਰਦੇ ਹੋਏ ਗੁਰੂ ਜੀ ਲਿਖਦੇ ਹਨ,
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥
ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚ ਆਵੈ ਧੂੜਿ॥
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ ਹਦੂਰਿ॥੧॥
ਆਦੇਸੁ ਬਾਬਾ ਆਦੇਸੁ॥
ਆਦਿ ਪੁਰਖ ਤੇਰਾ ਅੰਤੁ ਨ ਪਾਇਆ
ਕਰਿ ਕਰਿ ਦੇਖਹਿ ਵੇਸ ॥੧॥ ਰਹਾਉ॥
ਜਦਹੁ ਸੀਆ ਵੀਆਹੀਆ ਲਾੜੇ ਸੋਹਿਨ ਪਾਸਿ॥
ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ॥
ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ॥੨॥
ਇਕੁ ਲਖੁ ਲਹਨਿ ਬਹਿਠੀਆ ਲਖੁ ਲਹਨਿ ਖੜੀਆ॥
ਗਰੀ ਛੁਹਾਰੇ ਖਾਂਦੀਆ ਮਾਣਨਿ ਸੇਜੜੀਆ॥
ਤਿਨ ਗਲਿ ਸਿਲਕਾ ਪਾਈਆ ਤੁਟਨਿਹ ਮੋਤਸਰੀਆ॥੩॥
ਧਨੁ ਜੋਬਨੁ ਦੁਇ ਵੈਰੀ ਹੋਏ ਜਿਨੀ ਰਖੇ ਰੰਗੁ ਲਾਇ॥
ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ॥
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ॥੪॥
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥
ਸਾਹਾਂ ਸੁਰਤਿ ਸਵਾਈਆ ਰੰਗਿ ਤਮਾਸੈ ਚਾਇ॥
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥੫॥
ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਸਮਾਜਕ ਰੁਤਬੇ ਨੂੰ ਮਹੱਤਵਪੂਰਨ ਦਰਸਾਉਣ ਲਈ ਅਕਾਲ ਪੁਰਖ ਦੇ ਸਾਹਮਣੇ ਆਪਣੀ ਸਥਿਤੀ ਔਰਤ ਵਰਗੀ ਰੱਖੀ ਸੀ। ਗੁਰੂ ਜੀ ਜਦੋਂ ਵੀ ਆਪਣੇ ਅਤੇ ਅਕਾਲ ਪੁਰਖ ਵਿਚਾਲੇ ਦੀ ਸਥਿਤੀ ਬਿਆਨ ਕਰਦੇ ਹਨ, ਤਾਂ ਕਈ ਥਾਂਈਂ ਅਕਾਲ ਪੁਰਖ ਨੂੰ ਪਤੀ ਵਜੋਂ ਅਤੇ ਆਪਣੇ ਆਪ ਨੂੰ ਪਤਨੀ ਜਾਂ ਔਰਤ ਦੇ ਤੌਰ ‘ਤੇ ਬਿਆਨ ਕਰਦੇ ਹਨ।
ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ। ਜਿਹੜੀ ਔਰਤ ਰਾਜਿਆਂ, ਮਹਾਂਰਾਜਿਆਂ ਤੇ ਮਹਾਨ ਹਸਤੀਆਂ ਨੂੰ ਜਨਮ ਦਿੰਦੀ ਹੈ, ਉਹ ਬੁਰੀ ਕਿਸ ਤਰ੍ਹਾਂ ਹੋ ਸਕਦੀ ਹੈ? ਮਰਦ ਵਾਂਗ ਉਹ ਵੀ ਰੱਬ ਦੀ ਰਚਨਾ ਹੈ। ਰੱਬ ਦੀ ਰਚਨਾ ਨੂੰ ਮਾੜਾ ਕਿਵੇਂ ਕਿਹਾ ਜਾ ਸਕਦਾ ਹੈ? ਗੁਰੂ ਨਾਨਕ ਸਾਹਿਬ ਨੇ ਫਰਮਾਇਆ,
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥
ਗੁਰੂ ਅਮਰਦਾਸ ਨੇ ਪਰਦੇ ਅਤੇ ਸਤੀ ਦੀ ਰਸਮ ਖਤਮ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਅਸਲ ਪਤੀਵ੍ਰਤਾ ਔਰਤ ਉਹ ਨਹੀਂ ਜਿਹੜੀ ਪਤੀ ਦੇ ਨਾਲ ਸਤੀ ਹੋ ਜਾਂਦੀ ਹੈ, ਸਗੋਂ ਅਸਲੀ ਪਤੀਵ੍ਰਤਾ ਔਰਤ ਉਹ ਹੈ ਜਿਹੜੀ ਪਤੀ-ਵਿਛੋੜੇ ਵਿਚ ਉਸ ਦੇ ਧਿਆਨ ਵਿਚ ਲੀਨ ਰਹਿੰਦੀ ਹੈ। ਵਿਧਵਾ ਹੋਣ ਤੇ ਸਾਊ ਬਣ ਕੇ ਸਬਰ ਸੰਤੋਖ ਨਾਲ ਉਮਰ ਗੁਜ਼ਾਰਦੀ ਹੈ ਅਤੇ ਆਪਣੇ ਪਤੀ ਦੀ ਯਾਦ ਨੂੰ ਸੰਭਾਲ ਕੇ ਰੱਖਦੀ ਹੈ।
ਸਤੀਆ ਏਹਿ ਨਾ ਆਖੀਅਨਿ ਜੋ ਮੜਿਆ ਲਗਿ ਜਲੰਨਿ॥
ਨਾਨਕ ਸਤੀਆ ਜਾਣੀਅਨਿ ਬਿਰਹੇ ਚੋਟ ਮਰੰਨਿ॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾਲੰਨਿ॥
ਸਿੱਖਾਂ ਦੇ ਲੀਡਰ ਸ਼ ਜੱਸਾ ਸਿੰਘ ਆਹਲੂਵਾਲੀਆ ਦੇ ਮਾਤਾ ਜੀ ਦੀਵਾਨਾਂ ਵਿਚ ਕੀਰਤਨ ਕਰਦੇ ਹੁੰਦੇ ਸਨ। (ਗੰਡਾ ਸਿੰਘ, ਸ਼ ਜੱਸਾ ਸਿੰਘ ਆਹਲੂਵਾਲੀਆ ਪੰਨਾ 21, 23)
ਸ਼ ਸੁੱਖਾ ਸਿੰਘ ਜੋ ਛੋਟੇ ਘੱਲੂਘਾਰੇ ਵਿਚ ਕਮਾਂਡਰ ਸਨ, ਇਕ ਸਮੇਂ ਖਾਲਸੇ ਵਿਚੋਂ ਇਸ ਲਈ ਛੇਕੇ ਗਏ ਸਨ, ਕਿਉਂਕਿ ਸ਼ੱਕ ਸੀ ਕਿ ਉਨ੍ਹਾਂ ਜਾਂ ਉਨ੍ਹਾਂ ਦੀ ਪਤਨੀ ਨੇ ਕੰਨਿਆ ਹੱਤਿਆ ਕਰ ਕੇ ਸਿੱਖਾਂ ਦੀ ਰਵਾਇਤ ਨੂੰ ਧੱਬਾ ਲਾਇਆ ਸੀ (ਰਤਨ ਸਿੰਘ ਭੰਗੂ)। ਇਨਕਲਾਬੀ ਲਹਿਰ ਵਿਚ ਵੀ ਸਿੱਖ ਔਰਤਾਂ ਨੇ ਮਰਦਾਂ ਨਾਲ ਮਿਲ ਕੇ ਸਿੱਖ ਰਾਜ ਦੀ ਸਥਾਪਤੀ ਲਈ ਕੁਰਬਾਨੀਆਂ ਦਿੱਤੀਆਂ। ਮਾਈ ਭਾਗੋ ਨੇ ਉਨ੍ਹਾਂ ਬੇਦਾਵਿਆਂ ਨੂੰ ਇਕੱਠੇ ਕੀਤਾ ਜਿਹੜੇ ਇਨਕਲਾਬ ਤੋਂ ਮੂੰਹ ਮੋੜ ਗਏ ਸਨ ਅਤੇ ਉਹ ਖਿਦਰਾਣਾ (ਮੁਕਤਸਰ) ਦੀ ਲੜਾਈ ਵਿਚ ਉਨ੍ਹਾਂ ਨੂੰ ਨਾਲ ਲੈ ਕੇ ਲੜੀ ਅਤੇ ਅਗਵਾਈ ਕੀਤੀ। ਗੁਰੀਲਾ ਲੜਾਈ ਦੇ ਸਮੇਂ ਸਿੱਖ ਔਰਤਾਂ ਅਤੇ ਬੱਚਿਆਂ ਨੂੰ ਕੈਦ ਕਰ ਲਿਆ ਜਾਂਦਾ ਸੀ ਤੇ ਉਨ੍ਹਾਂ ਤੋਂ ਭਾਰੀ ਮੁਸ਼ੱਕਤ ਲਈ ਜਾਂਦੀ ਸੀ, ਪਰ ਉਨ੍ਹਾਂ ਸਿੰਘਣੀਆਂ ਨੇ ਧਰਮ ਨਹੀਂ ਹਾਰਿਆ; ਉਹ ਧਰਮ ਤੋਂ ਕਦੀ ਨਾ ਡੋਲੀਆਂ। ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ ਵਿਚ ਪਵਾ ਲਏ, ਪਰ ਆਪਣੇ ਇਸ਼ਟ (ਗੁਰੂ) ਤੋਂ ਕਦੀ ਮੂੰਹ ਨਹੀਂ ਮੋੜਿਆ।
ਸ਼ ਗੁਰਬਖਸ਼ ਸਿੰਘ ਦੀ ਪਤਨੀ ਸਦਾ ਕੌਰ ਨੇ ਐਸੇ ਖੇਤਰ ‘ਤੇ ਰਾਜ ਕੀਤਾ ਜਿਹੜੀ ਕਨੱਈਆ ਮਿਸਲ ਦੇ ਕਬਜ਼ੇ ਵਿਚ ਸੀ ਤੇ ਉਸ ਨੇ ਲੜਾਈ ਵਿਚ ਆਪਣੀਆਂ ਫੌਜਾਂ ਦੀ ਅਗਵਾਈ ਕੀਤੀ। (ਹਰੀ ਰਾਮ ਗੁਪਤਾ, ਹਿਸਟਰੀ ਆਫ ਦਿ ਸਿੱਖਸ, ਜਿਲਦ 1, ਪੰਨਾ 81)
1793 ਵਿਚ ਸਾਹਿਬ ਕੌਰ ਨੂੰ ਪਟਿਆਲਾ ਦੀ ਮੁੱਖ ਮੰਤਰੀ ਬਣਾਇਆ ਗਿਆ ਸੀ। ਅੰਬਾਲੇ ਦੇ ਨੇੜੇ ਜਦੋਂ ਮਰਾਠਿਆਂ ਨੇ ਲੜਾਈ ਦੇ ਮੈਦਾਨ ਵਿਚ ਉਸ ਦੀ ਫੌਜ ਨੂੰ ਪਿਛੇ ਧੱਕ ਦਿੱਤਾ, ਤਾਂ ਉਸ ਨੇ ਆਪਣੀ ਨੰਗੀ ਤਲਵਾਰ ਸੂਤ ਕੇ ਫੌਜ ਦੀ ਅਗਵਾਈ ਕੀਤੀ। ਇਹੋ ਜਿਹੀਆਂ ਮਿਸਾਲਾਂ ਆਮ ਮਿਲਦੀਆਂ ਹਨ ਜਿਥੇ ਸਿੱਖ ਔਰਤਾਂ ਨੇ ਦੁਸ਼ਮਣਾਂ ਤੋਂ ਆਪਣੇ ਘਰ ਬਚਾਉਣ ਲਈ ਹਥਿਆਰਬੰਦ ਮੁਕਾਬਲਾ ਕੀਤਾ। ਉਹ ਲੜਾਈ ਵਿਚ ਲਗਾਤਾਰ ਹੌਸਲੇ ਦਾ ਸਬੂਤ ਦਿੰਦੀਆਂ ਰਹੀਆਂ। (ਹਰੀ ਗੁਪਤਾ, ਹਿਸਟਰੀ ਆਫ ਦਿ ਸਿੱਖਸ, ਜਿਲਦ 1, ਪੰਨਾ 81)
ਜਿਥੇ ਸਿੰਘਣੀਆਂ ਨੇ ਧਰਮ ਖਾਤਰ ਕੁਰਬਾਨੀਆਂ ਦਿੱਤੀਆਂ, ਉਥੇ ਸਿੰਘ ਸੂਰਮੇ ਵੀ ਔਰਤ ਦੀ ਇੱਜ਼ਤ ਦੀ ਰਾਖੀ ਲਈ ਜੀਅ-ਜਾਨ ਨਾਲ ਲੜੇ; ਉਹ ਔਰਤ ਭਾਵੇਂ ਕਿਸੇ ਵੀ ਧਰਮ ਦੀ ਸੀ। ਇਸ ਦੀ ਇਕ ਮਿਸਾਲ 10 ਅਪਰੈਲ 1761 ਦੇ ਦਿਨ ਦੀ ਹੈ, ਜਦੋਂ ਸਿੱਖਾਂ ਦਾ ਸਰਬਤ ਖਾਲਸਾ ਅੰਮ੍ਰਿਤਸਰ ਵਿਚ ਹੋਇਆ। ਇਸ ਮੌਕੇ ਉਤੇ ਬਹੁਤ ਸਾਰੇ ਹਿੰਦੂ ਖਾਲਸਾ ਫੌਜਾਂ ਦੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਕੋਲ ਫਰਿਆਦੀ ਹੋਏ ਤੇ ਉਨ੍ਹਾਂ ਨੇ ਆਪਣੀਆਂ ਧੀਆਂ, ਔਰਤਾਂ ਨੂੰ ਅਹਿਮਦ ਸ਼ਾਹ ਤੋਂ ਛੁਡਾਉਣ ਦੀ ਬੇਨਤੀ ਕੀਤੀ। ਉਨ੍ਹਾਂ ਵਲੋਂ ਕੀਤੀ ਫਰਿਆਦ 18 ਸਦੀ ਦੇ ਇਸ ਗੀਤ ਵਿਚੋਂ ਮਿਲਦੀ ਹੈ,
ਵੇ ਮੋੜੀਂ ਭਾਈ ਕੱਛ (ਕਛਿਹਰਾ) ਵਾਲਿਆਂ ਸਿਰਦਾਰਾ।
ਧੀ ਸਾਡੀ ਗਈ, ਬਸਰੇ ਨੂੰ ਗਈ।
ਏਨ੍ਹਾਂ ਦੀਆਂ ਗੁੱਡੀਆਂ ਭੂਆਈਂ ਸਿੰਘਾਂ ਛਈ।
ਵੇ ਮੋੜੀਂ ਕੱਛ ਵਾਲਿਆਂ ਸਿਰਦਾਰਾ।
ਜੱਸਾ ਸਿੰਘ ਦੀ ਅਗਵਾਈ ਵਿਚ ਖਾਲਸੇ ਨੇ ਅਫਗਾਨ ਫੌਜ ਉਤੇ ਹਮਲਾ ਕਰ ਦਿੱਤਾ ਅਤੇ ਹਜ਼ਾਰਾਂ (ਇਕ ਹੋਰ ਸੋਮੇ ਮੁਤਾਬਕ 2200) ਹਿੰਦੂ ਕੁੜੀਆਂ ਨੂੰ ਰਿਹਾ ਕਰਵਾਇਆ, ਉਨ੍ਹਾਂ ਨੂੰ ਉਨ੍ਹਾਂ ਦੇ ਘਰੋ-ਘਰੀ ਛੱਡ ਆਏ (ਕਨਈਆ ਲਾਲ, ਤਾਰੀਖ-ਇ-ਪੰਜਾਬ, ਪੰਨਾ 100)।
ਹਜ਼ਾਰਾਂ ਹਿੰਦੂ ਕੁੜੀਆਂ ਨੂੰ ਰਿਹਾ ਕਰਵਾਉਣ ਦੇ ਕਾਰਨਾਮੇ ‘ਤੇ ਲੋਕਾਂ ਨੇ ਜੱਸਾ ਸਿੰਘ ਅਤੇ ਖਾਲਸਾ ਫੌਜ ਨੂੰ ਬੰਦੀ-ਛੋੜ ਦਾ ਖਿਤਾਬ ਦਿੱਤਾ।
ਭਾਰਤੀ ਔਰਤ ਦਾ ਇਤਿਹਾਸ ਜਿੰਨਾ ਗੰਧਲਾ ਅਤੇ ਭਿਆਨਕ ਹੈ, ਭਾਰਤੀ ਮਰਦ ਦਾ ਇਸ ਦੇ ਮੁਕਾਬਲੇ ਮੈਲਾ ਤੇ ਖੁਦਗਰਜ਼ੀ ਭਰਿਆ ਹੈ। ਮਰਦ ਨੇ ਤਮਾਮ ਸਮਾਜਕ, ਆਰਥਿਕ ਤੇ ਰਾਜਸੀ ਸੁੱਖ ਇਕੱਠੇ ਕਰ ਕੇ ਆਪਣੇ ਲਈ ਰੱਖੇ ਅਤੇ ਔਰਤ ਅੱਗੇ ਉਸ ਨੇ ਚੁੱਲ੍ਹੇ ਦੀ ਸੁਆਹ ਪਰੋਸ ਦਿੱਤੀ ਅਤੇ ਉਨ੍ਹਾਂ ਦਾ ਕਾਤਲ ਵੀ ਬਣਿਆ। ਸਿੱਖ ਮਤ ਨੇ ਹੀ ਔਰਤ ਦੀ ਬੁਨਿਆਦੀ ਤਾਕਤ ਅਤੇ ਅਧਿਕਾਰਾਂ ਦੀ ਗੱਲ ਕੀਤੀ। ਸਿਰਫ ਗੱਲ ਹੀ ਨਹੀਂ ਕੀਤੀ, ਉਸ ਨੂੰ ਮਰਦ ਦੇ ਬਰਾਬਰ ਖੜ੍ਹਾ ਵੀ ਕਰ ਦਿੱਤਾ। ਔਰਤ ਦੀ ਆਪਣੀ ਇਕ ਤਾਕਤ ਹੈ; ਜਿੰਨਾ ਚਿਰ ਉਹ ਮਰਦ ਦੇ ਮੂੰਹ ਵੱਲ ਦੇਖਦੀ ਰਹੇਗੀ, ਉਹ ਅਸੁਰੱਖਿਆ ਦੀ ਦਲਦਲ ਵਿਚ ਧਸਦੀ ਜਾਏਗੀ। ਜਿਸ ਹੌਸਲੇ ਅਤੇ ਸਾਧਨਾਂ ਨਾਲ ਉਸ ਨੇ ਆਪਣੇ ਬੀਤੇ ਦਾ ਇਤਿਹਾਸ ਸਿਰਜਿਆ ਹੈ, ਉਸ ਨੂੰ ਉਹ ਕਿਤੇ ਭੁੱਲ ਨਾ ਜਾਏ। ਅੱਜ ਔਰਤ ਦਾ ਭਵਿੱਖ ਰੋਸ਼ਨ ਹੈ। ਔਰਤਾਂ ਦੀਆਂ ਬੇੜੀਆਂ (ਬੰਦਸ਼ਾਂ) ਹੁਣ ਤਿੜਕ ਰਹੀਆਂ ਹਨ। ਆਪਣੇ ਆਉਣ ਵਾਲੇ ਭਵਿੱਖ ਦੀ ਸਿਰਜਣਾ ਦੀ ਉਹ ਜਨਮਦਾਤੀ ਹੈ।
(ਸਮਾਪਤ)