ਕਹਾਣੀ ਇਉਂ ਤੁਰੀ-2
ਪੰਜਾਬੀ ਕਹਾਣੀ ਜਗਤ ਵਿਚ ਗੁਰਬਚਨ ਸਿੰਘ ਭੁੱਲਰ ਦਾ ਨਿਵੇਕਲਾ ਅਤੇ ਨਿਆਰਾ ਸਥਾਨ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਪੰਜਾਬ, ਖਾਸ ਕਰ ਕੇ ਮਾਲਵਾ ਖਿੱਤੇ ਦਾ ਰੰਗ ਪੂਰੇ ਜਲੌਅ ਅਤੇ ਸਿਦਕ ਨਾਲ ਪੇਸ਼ ਹੋਇਆ ਹੈ। ਹਾਲ ਹੀ ਵਿਚ ਉਨ੍ਹਾਂ ਦਾ ਪਲੇਠਾ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਪ੍ਰਕਾਸ਼ਤ ਹੋਇਆ ਹੈ।
495 ਸਫਿਆਂ ਉਤੇ ਫੈਲੇ ਇਸ ਨਾਵਲ ਵਿਚ ਉਨ੍ਹਾਂ ਪੰਜਾਬ ਦੀ ਹੀ ਬਾਤ ਪਾਈ ਹੈ। ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਉਨ੍ਹਾਂ ਆਪਣੀ ਲੰਮੀ ਲੇਖ ਲੜੀ ‘ਕਹਾਣੀ ਇਉਂ ਤੁਰੀ’ ਭੇਜੀ ਹੈ ਜਿਸ ਵਿਚ ਉਨ੍ਹਾਂ ਆਪਣੀ ਕਹਾਣੀ ਯਾਤਰਾ ਬਾਰੇ ਨਿੱਠ ਕੇ ਗੱਲਾਂ ਕੀਤੀਆਂ ਹਨ। ਉਂਜ, ਇਸ ਕਹਾਣੀ ਯਾਤਰਾ ਵਿਚ ਉਨ੍ਹਾਂ ਅਜਿਹਾ ਸਭਿਆਚਾਰਕ-ਸਮਾਜਕ ਰੰਗ ਭਰਿਆ ਹੈ ਕਿ ਇਸ ਕਹਾਣੀ ਯਾਤਰਾ ਦੇ ਪਿਛੇ ਪੰਜਾਬ ਦੀਆਂ ਹੇਕਾਂ ਸੁਣਾਈ ਦਿੰਦੀਆਂ ਹਨ। ਇਹ ਦਿਲਚਸਪ ਲੇਖ ਲੜੀ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ
ਗੁਰਬਚਨ ਸਿੰਘ ਭੁੱਲਰ
ਜਿਸ ਪੇਂਡੂ ਮਾਹੌਲ ਵਿਚ ਮੈਂ ਜੰਮਿਆ-ਪਲਿਆ, ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਰੰਭਕ ਦੌਰ ਵਿਚ ਮੇਰੀ ਕਿੰਨੇ ਕੁ ਦੇਸੀ-ਵਿਦੇਸੀ ਲੇਖਕਾਂ ਦੀਆਂ ਪੁਸਤਕਾਂ ਤੱਕ ਪਹੁੰਚ ਹੋ ਸਕਦੀ ਸੀ। ਮਾਲਵੇ ਦੇ ਜਿਸ ਇਲਾਕੇ ਦੇ ਪਿੰਡ ਵਿਚ ਮੈਂ ਚੜ੍ਹਦੀ ਉਮਰ ਬਿਤਾਈ, ਉਥੇ ਸਾਹਿਤ ਦਾ ਸੋਕਾ ਹੀ ਸੀ। ਇਸ ਲਈ ਮੇਰੇ ਕੋਲ ਕੁਝ ਲੇਖਕਾਂ ਵਾਂਗ ਇਹ ਸੱਚ, ਤੇ ਕੁਝ ਵਾਂਗ ਇਹ ਝੂਠ ਬੋਲਣ ਦਾ ਕੋਈ ਆਧਾਰ ਨਹੀਂ ਕਿ ਮੈਨੂੰ ਸਾਹਿਤ ਦੀ ਪ੍ਰੇਰਨਾ ਗੋਗੋਲ, ਪੁਸ਼ਕਿਨ, ਗੋਰਕੀ, ਮੁਪਾਸਾਂ, ਓæ ਹੈਨਰੀ ਆਦਿ ਆਦਿ ਤੋਂ ਮਿਲੀ। ਸੱਚ ਤਾਂ ਇਹ ਹੈ, ਜਦੋਂ ਮੈਂ ਸਾਹਿਤ ਵੱਲ ਆਇਆ, ਮੈਂ ਤਾਂ ਇਨ੍ਹਾਂ ਵਿਚੋਂ ਬਹੁਤਿਆਂ ਦੇ ਨਾਂ ਵੀ ਨਹੀਂ ਸਨ ਸੁਣੇ ਹੋਏ।
ਮੈਨੂੰ ਜੋ ਸਾਹਿਤ ਪ੍ਰਾਪਤ ਸੀ, ਉਹ ਨਿਰੋਲ ਪੰਜਾਬੀ ਸੀ। ਇਸੇ ਕਰਕੇ ਮੇਰੀ ਪ੍ਰੇਰਨਾ ਦੇ ਸੋਮੇ ਪੰਜਾਬੀ ਲੇਖਕ, ਖਾਸ ਕਰ ਕੇ ਪੰਜਾਬੀ ਗਲਪਕਾਰ ਹੀ ਸਨ। ਸਾਹਿਤਕ ਕਹਾਣੀ ਨਾਲ ਮੇਰਾ ਵਾਹ ਹਰ ਵਿਦਿਆਰਥੀ ਵਾਂਗ ਪਾਠ-ਪੁਸਤਕਾਂ ਵਿਚ ਦਰਜ ਕਹਾਣੀਆਂ ਸਦਕਾ ਪਿਆ। ਇਨ੍ਹਾਂ ਵਿਚ ਸੰਤ ਸਿੰਘ ਸੇਖੋਂ ਦੀ ‘ਪੇਮੀ ਦੇ ਨਿਆਣੇ’, ਸੁਜਾਨ ਸਿੰਘ ਦੀ ‘ਬਾਗਾਂ ਦਾ ਰਾਖਾ’, ਕਰਤਾਰ ਸਿੰਘ ਦੁੱਗਲ ਦੀ ‘ਕਰਾਮਾਤ’, ਦੇਵਿੰਦਰ ਸਤਿਆਰਥੀ ਦੀ ‘ਇਕੱਨੀ’ ਆਦਿ ਸ਼ਾਮਲ ਸਨ।
ਅੱਗੇ ਚੱਲ ਕੇ ਲਿਖਣ ਦੀ ਲਾਲਸਾ ਭੱਜਦੇ ਬੱਦਲ ਦੇ ਪਰਛਾਵੇਂ ਵਾਂਗ ਮਨ ਵਿਚੋਂ ਲੰਘਦੀ ਤਾਂ ਸਥਾਪਤ ਲੇਖਕਾਂ ਦੇ ਜਨਮ-ਸਥਾਨ ਪੜ੍ਹ ਕੇ ਲਗਦਾ ਕਿ ਜਿਵੇਂ ਕਣਕ-ਕਪਾਹ ਸੇਂਜੂ ਖੇਤ ਵਿਚ ਅਤੇ ਜੌਂ-ਛੋਲੇ ਟਿੱਬਿਆਂ ਉਤੇ ਹੁੰਦੇ ਹਨ, ਲੇਖਕ ਪੋਠੋਹਾਰ ਵਿਚ ਜਾਂ ਅੰਮ੍ਰਿਤਸਰ ਅਤੇ ਲੁਧਿਆਣੇ ਦੀ ਧਰਤੀ ਉਤੇ ਹੀ ਜੰਮਦੇ ਹੋਣਗੇ; ਸਾਡੇ ਪਿੰਡਾਂ ਵਿਚ ਤਾਂ ਵੱਧ ਤੋਂ ਵੱਧ ਕਵੀਸ਼ਰ ਹੀ ਹੋ ਸਕਦੇ ਸਨ। ਉਂਜ ਤਾਂ ਭਾਈ ਕਾਨ੍ਹ ਸਿੰਘ ਜੱਦੀ-ਪੁਸ਼ਤੀ ਸਾਡੇ ਪਿੰਡ ਦੇ ਹੀ ਸਨ, ਪਰ ਉਹ ‘ਰਾਜੇ ਦੇ ਗੁਰੂ’ ਰਹੇ ਹੋਣ ਕਰ ਕੇ ਕਿਸੇ ਹੋਰ ਦੁਨੀਆਂ ਦੇ ਵਾਸੀ ਜਾਪਦੇ। ਵੈਸੇ ਵੀ ਉਹ ਪਿੰਡ ਛੱਡ ਕੇ ਨਾਭੇ ਦੇ ਹੀ ਹੋ ਗਏ ਸਨ ਅਤੇ ਉਨ੍ਹਾਂ ਨੇ ਕੁਝ ਕਾਰਨਾਂ ਕਰ ਕੇ ਆਪਣੇ ਨਾਂ ਨਾਲ ਵੀ ਪਿੱਥੋ ਦੀ ਥਾਂ ਨਾਭਾ ਹੀ ਜੋੜ ਲਿਆ ਸੀ; ਜਾਂ ਫੇਰ ਦੇਵਿੰਦਰ ਸਤਿਆਰਥੀ ਸਾਡੇ ਇਲਾਕੇ ਦੇ ਸਨ, ਪਰ ਉਹ ਸੰਨਿਆਸੀ ਸਨ। ਉਨ੍ਹਾਂ ਵਾਂਗ ਘਾਟ-ਘਾਟ ਉਤੇ ਜਾ ਕੇ ਗਿਆਨ ਦੀਆਂ ਚੂਲੀਆਂ ਕੌਣ ਪੀਵੇ! ਤੇ ਜਾਂ ਫੇਰ ਬਲਵੰਤ ਗਾਰਗੀ ਸਾਡੇ ਬਠਿੰਡੇ ਦੇ ਸਨ, ਪਰ ਉਨ੍ਹਾਂ ਦੇ ਖੰਭ ਤਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਤੋਂ ਬਾਹਰ ਉਡਣ ਲਈ ਫੈਲੇ ਹੋਏ ਸਨ। ਸੋ, ਲਿਖਣ ਨੂੰ ਦਿਲ ਕਰਦਾ ਹੋਣ ਦੇ ਬਾਵਜੂਦ ਝਿਜਕ ਬਣੀ ਹੋਈ ਸੀ।
ਸਾਹਿਤ ਨਾਲ ਖਾਸ ਕਰ ਕੇ ਰਚਨਾਕਾਰ ਵਜੋਂ ਜੁੜਨ ਦਾ ਕੋਈ ਇਕ ਸਮਾਂ ਦੱਸਣਾ ਤਾਂ ਸੰਭਵ ਨਹੀਂ ਤੇ ਨਾ ਹੀ ਕਿਸੇ ਇਕ ਕਾਰਨ, ਸਬੱਬ ਜਾਂ ਆਧਾਰ ਉਤੇ ਉਂਗਲ ਰੱਖਣੀ ਸੰਭਵ ਹੈ। ਪੰਜਾਬ ਵਿਚ ਸਾਹਿਤ ਰਿਗਵੇਦ ਦੇ ਸਮੇਂ ਤੋਂ ਰਚਿਆ ਜਾ ਰਿਹਾ ਹੈ। ਸਦੀਆਂ ਵਿਚ ਕਰੋੜਾਂ ਲੋਕ ਆਏ ਤੇ ਗਏ, ਸਾਹਿਤਕਾਰ ਕਿੰਨੇ ਕੁ ਹੋਏ! ਸਭ ਵਲੋਂ ਵਰਤੇ ਜਾਂਦੇ ਸਾਧਾਰਨ ਸ਼ਬਦਾਂ ਦਾ ਕਿਸੇ ਦੀ ਕਾਨੀ ਤੋਂ ਸਾਹਿਤ ਬਣਨ ਲੱਗਣਾ ਅਦਭੁਤ ਵਰਤਾਰਾ ਹੈ, ਅਛੋਪਲਾ, ਸਹਿਜ ਤੇ ਅਕੱਥ। ਇਕੋ ਘਰ ਵਿਚ, ਇਕੋ ਮਾਹੌਲ ਵਿਚ ਇਕੱਠੇ ਜੰਮੇ-ਪਲੇ ਬੱਚਿਆਂ ਵਿਚੋਂ ਇਕ ਸਾਹਿਤਕਾਰ ਜਾਂ ਕਿਸੇ ਹੋਰ ਕਲਾ ਦਾ ਨਿਪੁੰਨ ਬਣ ਜਾਂਦਾ ਹੈ, ਦੂਜੇ ਕੋਰੇ ਰਹਿ ਜਾਂਦੇ ਹਨ।
ਭਾਸ਼ਾ ਦੇ ਮਹਾਂਮਾਰਗ ਉਤੇ ਤੁਰ ਰਹੀ ਅਣਗਿਣਤ ਖਲਕਤ ਵਿਚੋਂ ਕੁਝ ਪਾਂਧੀ ਅਜਿਹੇ ਭਾਗਾਂ ਵਾਲੇ ਹੁੰਦੇ ਹਨ, ਸਾਹਿਤ ਅਛੋਪਲੇ ਜਿਹੇ ਆ ਕੇ ਜਿਨ੍ਹਾਂ ਦਾ ਹੱਥ ਫੜ ਲੈਂਦਾ ਹੈ ਅਤੇ ਸੰਗੀ ਬਣਾ ਕੇ ਨਾਲ-ਨਾਲ ਤੋਰਨ ਲਗਦਾ ਹੈ। ਇਹ ਸਾਥ ਕਦੋਂ ਮਿਲਦਾ ਹੈ, ਇਹਦਾ ਕੋਈ ਪੱਕਾ ਨੇਮ ਨਹੀਂ। ਮੇਰੇ ਮਿੱਤਰ ਦਰਸ਼ਨ ਸਿੰਘ ਨੇ ਸੱਤਰਾਂ ਤੋਂ ਟੱਪ ਕੇ ਪਹਿਲਾ ਨਾਵਲ ਲਿਖਿਆ ਅਤੇ ਉਹ ਹਰ ਰਚਨਾ ਵਿਚ ਦੁਹਰਾਉ-ਰਹਿਤ ਨਵਾਂ-ਨਕੋਰ ਵਿਸ਼ਾ ਲੈ ਕੇ ਬੜੀ ਹੀ ਖ਼ੂਬਸੂਰਤ ਭਾਸ਼ਾ ਵਿਚ ਇਕ ਤੋਂ ਮਗਰੋਂ ਇਕ ਨਾਵਲ ਲਿਖਦਿਆਂ ਕੁਝ ਹੀ ਸਾਲਾਂ ਅੰਦਰ ਪੰਜਾਬੀ ਸਾਹਿਤ ਦਾ ਇਕ ਮਹੱਤਵਪੂਰਨ ਨਾਂ ਬਣ ਗਏ ਹਨ। ਇਹਦੇ ਉਲਟ ਸੰਤ ਸਿੰਘ ਸੇਖੋਂ ਆਖਿਆ ਕਰਦੇ ਸਨ ਕਿ ਸਾਹਿਤ ਦੇ ਪੱਖੋਂ ਉਹ ਪੰਜਵੀਂ ਜਮਾਤ ਵਿਚ ਹੀ ਬਹੁਤ ਸਿਆਣੇ ਹੋ ਗਏ ਸਨ।
ਇਕ ਵਾਰ ਪੰਜਾਬੀ ਯੂਨੀਵਰਸਿਟੀ ਦੀ ਇਕ ਵਿਸ਼ਵ ਕਾਨਫਰੰਸ ਦੇ ਮੰਚ ਤੋਂ ਮੈਂ ਆਪਣੀ ਗੱਲ ਕਹਿ ਕੇ ਉਤਰ ਰਿਹਾ ਸੀ ਤਾਂ ਸਾਹਮਣੇ ਪਹਿਲੀ ਕਤਾਰ ਵਿਚ ਬੈਠੇ ਸੇਖੋਂ ਸਾਹਿਬ ਆਪਣੇ ਟਿੱਪਣੀਬਾਜ਼ ਸੁਭਾਅ ਅਨੁਸਾਰ ਮੁਸਕਰਾ ਕੇ ਬੋਲੇ, “ਭੁੱਲਰ, ਤੂੰ ਤਾਂ ਖਾਸਾ ਸਿਆਣਾ ਹੈਂ ਬਈ!” ਮੈਂ ਹੱਸ ਕੇ ਕਿਹਾ, “ਮੈਂ ਵੀ ਤੁਹਾਡੇ ਵਾਂਗ ਪੰਜਵੀਂ ਵਿਚ ਹੀ ਸਿਆਣਾ ਹੋ ਗਿਆ ਸੀ।” ਹੋਰ ਲੋਕ ਵੀ ਹੱਸ ਪਏ। ਹਾਸੇ ਵਿਚ ਕਹੀ ਇਹ ਗੱਲ ਇਕ ਪਾਸੇ, ਮੈਂ ਸਾਹਿਤਕ ਪੱਖੋਂ ਪੰਜਵੀਂ ਵਿਚ ਸਿਆਣਾ ਨਹੀਂ ਸੀ ਹੋਇਆ। ਸੱਚ ਦੱਸਾਂ, ਜਿਹੜੇ ਲੋਕ ਪ੍ਰਾਇਮਰੀ ਜਾਂ ਮਿਡਲ ਜਮਾਤਾਂ ਵਿਚ ਨਾਮੀ ਸਾਹਿਤਕਾਰਾਂ ਨੂੰ ਪੜ੍ਹ ਕੇ ਕੰਮ ਮੁਕਾ ਲਿਆ ਹੋਣ ਬਾਰੇ ਦੱਸਦੇ ਹਨ, ਉਨ੍ਹਾਂ ਉਤੇ ਹੋਣਾ ਤਾਂ ਰਸ਼ਕ ਚਾਹੀਦਾ ਹੈ ਪਰ ਹੁੰਦੀ ਹੈਰਾਨੀ ਹੈ।
ਮੇਰੀ ਹੈਰਾਨੀ ਦਾ ਨਿੱਗਰ ਕਾਰਨ ਹੈ। ਅੱਖਰ ਉਠਾਲਣੇ ਆ ਜਾਣ ਨਾਲ ਸਾਹਿਤ ਪੜ੍ਹਨ, ਸਮਝਣ ਤੇ ਮਾਨਣ ਦੀ ਸਮਰੱਥਾ ਨਹੀਂ ਆ ਜਾਂਦੀ। ਪਾਤਰਾਂ ਦੇ ਮਨ, ਘਟਨਾਵਾਂ ਦੇ ਅਰਥ ਅਤੇ ਭਾਸ਼ਾ ਦੀਆਂ ਬਾਰੀਕੀਆਂ ਸਮਝਣ ਤੋਂ ਕੱਚੀ ਉਮਰ ਵਿਚ ਅੱਖਰਾਂ ਵਿਚੋਂ ਲੰਘਣ ਨੂੰ ਸਾਹਿਤ ਪੜ੍ਹਨਾ ਨਹੀਂ ਕਿਹਾ ਜਾ ਸਕਦਾ। ਸਾਹਿਤ ਤਾਂ ਅਜਿਹੀ ਤਹਿਦਾਰ ਸ਼ੈਅ ਹੈ ਕਿ ਇਸ ਦੀਆਂ ਅਨੇਕ ਬਾਰੀਕੀਆਂ ਤੇ ਸੂਖ਼ਮਤਾਵਾਂ ਪਾਠਕਾਂ ਦੇ ਤਾਂ ਕੀ, ਲੇਖਕ ਤੇ ਆਲੋਚਕ ਕਹਾਉਣ ਵਾਲੇ ਸਾਡੇ ਅਨੇਕ ਮਹਾਂਪੁਰਸ਼ਾਂ ਦੇ ਪੱਲੇ ਨਹੀਂ ਪੈਂਦੀਆਂ!
ਗੱਲ ਨੂੰ ਸਪਸ਼ਟ ਕਰਨ ਵਾਸਤੇ ਮੈਂ ਚੌਥੀ-ਪੰਜਵੀਂ ਜਮਾਤ ਵੇਲੇ ਦੀ ਇਕ ਦਿਲਚਸਪ ਆਪਬੀਤੀ ਸੁਣਾਉਣੀ ਚਾਹਾਂਗਾ। ਮੇਰੀ ਗੁਆਂਢਣ ਚਾਚੀ ਡਾਕ ਵਿਚ ਆਇਆ ਕਾਰਡ ਪੜ੍ਹਵਾਉਣ ਵਾਸਤੇ ਅਤੇ ਨਵਾਂ ਕਾਰਡ ਜਵਾਬ ਲਿਖਵਾਉਣ ਵਾਸਤੇ ਲੈ ਕੇ ਸਾਡੇ ਘਰ ਆਈ। ਚਿੱਠੀ ਵਿਚ ਉਹਦੇ ਫੌਜੀ ਜੁਆਈ ਨੇ ਕਿਹਾ ਹੋਇਆ ਸੀ ਕਿ ਦਿਆਲੋ ਨੂੰ ਮੇਰੀ ਮਾਂ ਕੋਲ ਛੱਡ ਆਓ। ਦਿਆਲੋ ਚਾਚੀ ਦੀ ਉਹਨੂੰ ਧੀ ਵਿਆਹੀ ਹੋਈ ਸੀ। ਚਾਚੀ ਬੋਲੀ-ਲਿਖ ਦੇ, ਦਿਆਲੋ ਦਾ ਪੈਰ ਭਾਰੀ ਹੈ, ਅਸੀਂ ਉਹਨੂੰ ਇਥੇ ਹੀ ਰੱਖਾਂਗੇ। ਮੈਂ ਕਲਮ ਰੱਖ ਦਿੱਤੀ ਤੇ ਪੁੱਛਿਆ-ਚਾਚੀ, ਭੈਣ ਦਾ ਪੈਰ ਕੀ ਵੱਜਣ ਨਾਲ ਸੁੱਜ ਕੇ ਭਾਰੀ ਹੋ ਗਿਆ? ਉਹ ਕਹਿੰਦੀ, ਬੱਸ ਪੁੱਤ ਤੂੰ ਏਨਾ ਲਿਖ ਦੇ, ਉਹ ਆਪੇ ਸਮਝ ਜਾਊ। ਮੈਂ ਜ਼ਿੱਦ ਕਰਨ ਲੱਗਿਆ, ਜੀਜਾ ਦੱਸੇ ਬਿਨਾਂ ਆਪੇ ਕਿਵੇਂ ਸਮਝ ਜਾਊ, ਉਹ ਫ਼ਿਕਰ ਕਰੂ ਕਿ ਪੈਰ ਉਤੇ ਪਤਾ ਨਹੀਂ ਕੀ ਵੱਜਿਆ! ਆਖਰ ਮਾਂ ਤੇ ਚਾਚੀ ਦੇ ਕਹਿਣ ਸਦਕਾ ਮੈਂ ਲਿਖ ਤਾਂ ਦਿੱਤਾ ਪਰ ਦਿਆਲੋ ਦੇ ਪੈਰ ਦੀ ਸੱਟ ਬਾਰੇ ਮੇਰੀ ਬੇਚੈਨੀ ਘਟੀ ਨਾ। ਚਾਚੀ ਦੇ ਜਾਣ ਮਗਰੋਂ ਮੈਂ ਮਾਂ ਦੇ ਖਹਿੜੇ ਪਿਆ ਰਿਹਾ ਤਾਂ ਉਹਨੂੰ ਦੱਸਣਾ ਪਿਆ ਕਿ ਜਦੋਂ ਕਿਸੇ ਕੁੜੀ ਜਾਂ ਬਹੂ ਦੇ ਨਿੱਕਾ-ਨਿਆਣਾ ਹੋਣ ਵਾਲਾ ਹੋਵੇ, ਉਹਦਾ ਪੈਰ ਭਾਰੀ ਆਖਦੇ ਨੇ! ਪ੍ਰਾਇਮਰੀ-ਮਿਡਲ ਦੇ ਵਿਦਿਆਰਥੀ ਹੁੰਦਿਆਂ ਉਚ-ਪਾਏ ਦਾ ਸਾਹਿਤ ਪੜ੍ਹਿਆ ਹੋਣ ਦਾ ਦਾਅਵਾ ਕਰਨ ਵਾਲੇ ਲੇਖਕ ਮਿੱਤਰਾਂ ਨੇ ਉਸ ਵਿਚੋਂ ਕੀ ਇੱਲ੍ਹ ਦਾ ਕੋਕੋ ਸਮਝਿਆ ਹੋਵੇਗਾ, ਤੁਸੀਂ ਆਪ ਸੋਚ ਸਕਦੇ ਹੋ।
ਜਿਸ ਮਨ ਵਿਚ ਲੇਖਕ ਬਣਨ ਦੀ ਸਮਰੱਥਾ ਹੋਵੇ, ਇਹ ਮੁਸ਼ਕ ਪਹਿਲਾਂ-ਪਹਿਲ ਕਵਿਤਾ ਬਣ ਕੇ ਫੁਟਦਾ ਹੈ। ਉਮਰ ਦਾ ਇਹ ਸਭ ਤੋਂ ਜਜ਼ਬਾਤੀ ਦੌਰ ਹੁੰਦਾ ਹੈ ਤੇ ਕਵਿਤਾ ਸਾਰੇ ਸਾਹਿਤਕ ਰੂਪਾਂ ਵਿਚੋਂ ਵੱਧ ਜਜ਼ਬਿਆਂ-ਗੁੱਧਾ ਰੂਪ ਹੈ। ਇਸੇ ਕਰ ਕੇ ਬਹੁਤੇ ਲੇਖਕ ਅਰੰਭ ਕਵਿਤਾ ਨਾਲ ਕਰਦੇ ਹਨ। ਅਪਰੈਲ 1956 ਦੇ ਸ਼ੁਰੂ ਵਿਚ ਮੈਂ ਕਵਿਤਾ ਲਿਖੀ। ਦੂਜੀ ਸੰਸਾਰ ਜੰਗ ਦੀ ਬਰਬਰਤਾ ਅਜੇ ਕੱਲ੍ਹ ਦੀ ਗੱਲ ਸੀ ਕਿ ਤੀਜੀ ਜੰਗ ਦਾ ਖ਼ਤਰਾ ਬਣਦਾ ਜਾ ਰਿਹਾ ਸੀ। ਇਸ ਖ਼ਤਰੇ ਵਿਰੁਧ ਸ਼ਕਤੀਸ਼ਾਲੀ ਅਮਨ ਲਹਿਰ ਉਭਰੀ। ਲੇਖਕਾਂ ਤੇ ਸਭਿਆਚਾਰਕ ਕਾਮਿਆਂ ਦੀ ਉਸ ਵਿਚ ਵੱਡੀ ਭੂਮਿਕਾ ਰਹੀ। ਧੀਰ, ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ-ਸਭ ਅਮਨ ਦੇ ਗੀਤ ਗਾ ਰਹੇ ਸਨ! ਅਮਨ ਦੀ ਇਹ ਕਵਿਤਾ ਮੈਂ ਬੋਲੀਆਂ ਦੇ ਰੂਪ ਵਿਚ ਲਿਖੀ।
ਸਾਹਿਤ ਦੇ ਸੰਸਾਰ ਦੀ ਰਸਾਲਿਆਂ ਵਿਚ ਛਪਣ ਦੀ ਮੈਨੂੰ ਉਕਾ ਹੀ ਕੋਈ ਜਾਣਕਾਰੀ ਨਹੀਂ ਸੀ। ਦੁਚਿੱਤੀ ਜਿਹੀ ਵਿਚ ਹਿੰਮਤ ਕਰ ਕੇ ‘ਪ੍ਰੀਤਲੜੀ’ ਨੂੰ ਭੇਜ ਦਿੱਤੀ। ਨਾ ਕੋਈ ਜਾਣ, ਨਾ ਪਛਾਣ, ਛਪਣ ਦਾ ਵਿਸ਼ਵਾਸ ਕਿਥੇ ਹੋਣਾ ਸੀ। ਅਗਲਾ ਪਰਚਾ ਖੋਲ੍ਹਿਆ ਤਾਂ ਦੰਗ ਹੋ ਕੇ ਇਕ ਪਲ ਤਾਂ ਦਿਲ ਦੀ ਧੜਕਣ ਥੰਮ੍ਹ ਹੀ ਗਈ ਅਤੇ ਫੇਰ ਮਨ ਚਾਅ ਨਾਲ ਨੱਚ ਉਠਿਆ। ਪਹਿਲਾ ਕ੍ਰਿਸ਼ਮਾ ਤਾਂ ਇਹ ਹੋਇਆ ਕਿ ਉਹ ਛਪ ਗਈ। ਦੂਜਾ ਇਹ ਕਿ ਅਗਲੇ, ਮਈ ਦੇ ਅੰਕ ਵਿਚ ਹੀ ਛਪ ਗਈ। ਤੀਜਾ ਇਹ ਕਿ ਉਹ ਪੂਰੇ ਪੰਨੇ ਉਤੇ ਵਧੀਆ ਛਾਪੀ ਗਈ।
ਕਈ ਸਾਲ ਮੇਰੀਆਂ ਕਵਿਤਾਵਾਂ ਉਸ ਸਮੇਂ ਦੇ ਤਿੰਨ ਪ੍ਰਮੁੱਖ ਰਸਾਲਿਆਂ ‘ਪ੍ਰੀਤਲੜੀ’, ‘ਪੰਜ ਦਰਿਆ’ ਅਤੇ ਨਵੇਂ ਨਿਕਲੇ ‘ਆਰਸੀ’ ਵਿਚ ਛਪਦੀਆਂ ਰਹੀਆਂ। ਛੇਤੀ ਹੀ ਮੈਨੂੰ ਮਹਿਸੂਸ ਹੋਣ ਲੱਗਿਆ, ਕਵਿਤਾ ਨਾਲੋਂ ਮੈਂ ਕਹਾਣੀ ਨਾਲ ਪੈਰ ਮਿਲਾ ਕੇ ਵਧੇਰੇ ਸਹਿਜ ਨਾਲ ਤੁਰ ਸਕਦਾ ਹਾਂ। ਆਪਣੇ ਪ੍ਰਗਟਾਵੇ ਲਈ ਕਹਾਣੀ ਮੈਨੂੰ ਵਧੇਰੇ ਢੁੱਕਵਾਂ ਮਾਧਿਅਮ ਲੱਗੀ। ਇਸ ਗੱਲ ਦਾ ਕਵਿਤਾ ਜਾਂ ਕਹਾਣੀ ਦੀ ਸੀਮਾ ਤੇ ਸਮਰੱਥਾ ਨਾਲ ਓਨਾ ਸਬੰਧ ਨਹੀਂ, ਜਿੰਨਾ ਇਹ ਮੇਰੀ ਆਪਣੀ ਸੀਮਾ ਤੇ ਸਮਰੱਥਾ ਦਾ ਸਵਾਲ ਹੈ। ਇਉਂ ਮੈਂ ਨਾਲ-ਨਾਲ ਕਹਾਣੀ ਵੀ ਲਿਖਣ ਲੱਗਿਆ। ਮੈਨੂੰ ਦੁੱਗਲ, ਸੁਜਾਨ ਸਿੰਘ, ਵਿਰਕ, ਧੀਰ ਅਤੇ ਕੰਵਲ ਦੀਆਂ ਰਚਨਾਵਾਂ ਚੰਗੀਆਂ ਲਗਦੀਆਂ ਸਨ ਅਤੇ ਕਹਾਣੀ ਲਿਖਣ ਲਈ ਪ੍ਰੇਰਦੀਆਂ ਸਨ। ਆਖ਼ਰ ਇਕ ਸਮਾਂ ਅਜਿਹਾ ਆਇਆ ਜਦੋਂ ਕਵਿਤਾ ਕਿਤੇ ਰਾਹ ਵਿਚ ਹੀ ਰਹਿ ਗਈ।
(ਚਲਦਾ)