ਦਲਬੀਰ ਸਿੰਘ ਨੇ ਆਪਣੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਦੇ ਆਖਰੀ ਕਾਂਡ ‘ਬੀਹੀ ਦੇ ਆਰ-ਪਾਰ’ ਵਿਚ ਇਕ ਵਾਰ ਫਿਰ ਪਿੰਡ ਦਾ ਭਲਵਾਨੀ ਗੇੜਾ ਮਾਰਿਆ ਹੈ ਅਤੇ ਨਾਲ ਹੀ ਪਿੰਡ ਨਾਲੋਂ ਨਾਤਾ ਟੁੱਟਣ ਦਾ ਦੁੱਖ ਬਿਆਨ ਕੀਤਾ ਹੈ। ‘ਨਾੜੂਆ ਕੱਟਿਆ ਗਿਆæææ’ ਵਿਚ ਦਲਬੀਰ ਦਾ ਇਹ ਦੁੱਖ ਉਨ੍ਹਾਂ ਸਭ ਦਾ ਸਾਂਝਾ ਦੁੱਖ ਹੋ ਨਿਬੜਦਾ ਹੈ ਜਿਨ੍ਹਾਂ ਦਾ ਪਿੰਡ, ਜ਼ਿੰਦਗੀ ਦੀ ਇਸ ਦੌੜ ਵਿਚ ਪਿਛਾਂਹ ਛੁੱਟ ਗਿਆ ਹੈ।
ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਨੇ ‘ਤੇਰੀਆਂ ਗਲੀਆਂ’ ਵਿਚ ਭਾਵੇਂ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਯਾਦਾਂ ਪਰੋਈਆਂ ਹਨ; ਪਰ ਯਾਦਾਂ ਦੀਆਂ ਇਹ ਲੜੀਆਂ ਫੈਲ ਕੇ ਪੰਜਾਬ ਦੇ ਪਿੰਡਾਂ ਨਾਲ ਜੁੜ ਗਈਆਂ ਜਾਪਦੀਆਂ ਹਨ। ਉਹ ਪਿੰਡ ਦੀ ਨਬਜ਼ ਉਤੇ ਆਪਣੀਆਂ ਉਂਗਲਾਂ ਦੇ ਪੋਟੇ ਰੱਖ ਕੇ ਇਹਦਾ ਹਾਲ-ਚਾਲ ਪੁੱਛਦਾ ਪ੍ਰਤੀਤ ਹੁੰਦਾ ਹੈ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਕਈ ਦਹਾਕਿਆਂ ਤੋਂ ਤੇਜ਼ੀ ਨਾਲ ਬਦਲੇ ਹਨ। -ਸੰਪਾਦਕ
ਦਲਬੀਰ ਸਿੰਘ
ਬੀਹੀ ਅੰਦਰ ਜਾਣ ਤੋਂ ਪਹਿਲਾਂ ਸਾਹਮਣੇ ਜਿਹੜਾ ਮੋੜ ਦਿਸਦਾ ਹੈ, ਉਸ ਦੀ ਟੱਕਰ ਵਿਚਲਾ ਪੱਕੀਆਂ ਇੱਟਾਂ ਵਾਲਾ ਘਰ ਹੁਣ ਵਾਲੀ ਸ਼ਕਲ ਵਿਚ ਆਉਣ ਤੋਂ ਪਹਿਲਾਂ ਸਰਦਾਰ ਮੇਲਾ ਸਿੰਘ (ਦਾਦਾ ਜੀ) ਨੇ 20ਵੀਂ ਸਦੀ ਦੇ ਪਹਿਲੇ ਸਾਲਾਂ ਦੌਰਾਨ ਬਣਾਇਆ ਸੀ। 21ਵੀਂ ਸਦੀ ਦੇ ਸ਼ੁਰੂ ਵਿਚ ਮੇਰੇ ਸਭ ਤੋਂ ਛੋਟੇ ਭਾਈ ਸੁਖਬੀਰ ਵਿਰਦੀ ਨੇ ਇਸ ਨੂੰ ਹੁਣ ਵਾਲਾ ਰੂਪ ਦਿੱਤਾ ਸੀ, ਸੰਭਾਲ ਨਾ ਹੋਣ ਕਾਰਨ ਪਹਿਲਾ ਮਕਾਨ ਢਹਿ ਗਿਆ ਸੀ।
ਸਰਦਾਰ ਮੇਲਾ ਸਿੰਘ ਵਲੋਂ ਪੱਕਾ ਘਰ ਉਸਾਰਨ ਤੋਂ ਪਹਿਲਾਂ ਇਹ ਕੱਚਾ ਹੁੰਦਾ ਸੀ। ਮੇਲਾ ਸਿੰਘ ਦਾ ਪਿਤਾ ਅਮੀਰ ਚੰਦ ਇਥੇ ਹੀ ਇਕ ਕੋਨੇ ਵਿਚ ਤਰਖਾਣਾ ਕੰਮ ਕਰਦਾ ਸੀ। ਉਹਦੇ ਨਾਲ ਅਮੀਰ ਚੰਦ ਦੇ ਛੋਟੇ ਭਾਈ ਝੰਡਾ (ਸਿੰਘ ਜਾਂ ਰਾਮ) ਦਾ ਦੋ ਮਰਲਿਆਂ ਦਾ ਘਰ ਸੀ।
ਸਾਰੇ ਪਿੰਡ ਵਿਚ ਇਹ ਇਕੋ ਇਕ ਘਰ ਹੈ ਜਿਸ ਦੀ ਇਕ ਕੰਧ ਗੋਲਾਈਦਾਰ ਹੈ ਅਤੇ ਪਿੰਡ ਦੀ ਇਹ ਮੁੱਖ ਬੀਹੀ ਇਸੇ ਘਰ ਕਾਰਨ ਸਿੱਧੀ ਨਹੀਂ ਰਹਿ ਗਈ। ਪਿੰਡ ਦੇ ਕਈ ਪੰਚਾਂ-ਸਰਪੰਚਾਂ ਨੇ ਕਈ ਵਾਰੀ ਕੋਸ਼ਿਸ਼ ਕੀਤੀ ਕਿ ਇਹ ਬੀਹੀ ਸਿੱਧੀ ਹੋ ਸਕੇ; ਅਜਿਹਾ ਕਰਨ ਲਈ ਇਹ ਘਰ ਢਾਹੁਣਾ ਪੈਣਾ ਸੀ, ਤੇ ਘਰ ਦਾ ਕੋਈ ਵੀ ਬਾਸ਼ਿੰਦਾ ਅਜਿਹਾ ਕਰਨ ਲਈ ਤਿਆਰ ਨਹੀਂ ਸੀ। ਜਦੋਂ ਮੇਲਾ ਸਿੰਘ ਦੇ ਦੂਜੇ ਨੰਬਰ ਦੇ ਪੁੱਤਰ ਮਹਿੰਦਰ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸੁਖਬੀਰ ਸਿੰਘ ਵਿਰਦੀ ਨੇ ਇਹ ਘਰ ਢਾਹ ਕੇ ਨਵੇਂ ਸਿਰੇ ਤੋਂ ਉਸਾਰੀ ਕੀਤੀ, ਉਦੋਂ ਵੀ ਕੁਝ ਲੋਕਾਂ ਨੇ ਬੀਹੀ ਸਿੱਧੀ ਕਰਨ ਦੀ ਸਲਾਹ ਦਿੱਤੀ ਸੀ, ਪਰ ਹੁਣ ਤਾਂ ‘ਚਾਚੇ’ ਝੰਡੇ ਵਾਲਾ ਥਾਂ ਵੀ ਕਿਸੇ ਨੇ ਖਰੀਦ ਲਿਆ ਸੀ; ਸੋ, ਇਸ ਮਕਾਨ ਨੂੰ ਬੀਹੀ ਜਾਂ ਗਲੀ ਤੋਂ ਲਾਂਭੇ ਕਰਨ ਦਾ ਕੋਈ ਵੀ ਸਬੱਬ ਨਹੀਂ ਸੀ ਬਚਿਆ।
ਬੀਹੀ ਦੇ ਸ਼ੁਰੂ ਵਿਚ ਖੱਬੇ ਪਾਸੇ ਜੀਤ ਸਿੰਘ ਉਰਫ ਜੀਤੇ ਦਾ ਘਰ ਹੈ ਜਿਹੜਾ 1950ਵਿਆਂ ਦੇ ਦਹਾਕੇ ਵਿਚ ਉਸਾਰਿਆ ਗਿਆ ਸੀ। ਜੀਤ ਸਿੰਘ ਬਾਕੀ ਦੇ ਨੰਗਲ ਨਿਵਾਸੀ ਕਿਸਾਨਾਂ ਵਾਂਗ ਛੋਟਾ ਕਿਸਾਨ ਸੀ ਅਤੇ ਉਹ ਸਾਰੀ ਉਮਰ ਆਪਣੀ ਢਾਈ-ਤਿੰਨ ਕਿਲੇ ਜ਼ਮੀਨ ਉਤੇ ਮਿਹਨਤ ਕਰਦਾ ਪੂਰਾ ਹੋ ਗਿਆ। ਮਗਰੋਂ ਉਸ ਦੇ ਪੁੱਤਰਾਂ ਨੂੰ ਇਸੇ ਜ਼ਮੀਨ ਨੇ ਲੱਖਪਤੀ ਬਣਾ ਦਿੱਤਾ ਅਤੇ ਜ਼ਮੀਨ ਵਿਚ ਨਵੀਂ ਬਸਤੀ ਉਸਰ ਆਈ ਹੈ।
ਉਸ ਦੇ ਘਰ ਤੋਂ ਅਗਲੇ ਖੱਬੇ ਪਾਸੇ ਕਿਸ਼ਨ ਸਿੰਘ ਉਰਫ ਕਿਸ਼ਨੇ ਦਾ ਘਰ ਹੈ ਜਿਸ ਦਾ ਪੁੱਤਰ ਕੇਵਲ ਸਿੰਘ ਮੇਰੀ ਕੁ ਉਮਰ ਦਾ ਸੀ। 1960ਵਿਆਂ ਵਿਚ ਸਿਰਫ ਉਹੀ ਸੀ ਜਿਸ ਕੋਲ ਪੰਜਵੀਂ-ਛੇਵੀਂ ਵਿਚ ਪੜ੍ਹਦੇ ਸਮੇਂ ਛੋਟਾ ਸਾਈਕਲ ਹੁੰਦਾ ਸੀ। ਕੁਝ ਸਾਲਾਂ ਬਾਅਦ ਜਦੋਂ ਕੇਵਲ ਸਿੰਘ ਲਈ ਇਹ ਸਾਈਕਲ ਛੋਟਾ ਹੋ ਗਿਆ ਤਾਂ ਇਹ ਸਾਡੇ ਲਈ ਖਰੀਦ ਲਿਆ ਗਿਆ। ਮੈਂ ਇਸ ਨੂੰ ਚਲਾ ਕੇ ਕੁਝ ਸਾਲਾਂ ਤੱਕ ਜਲੰਧਰ ਛਾਉਣੀ ਦੇ ਬੋਰਡ ਸਕੂਲ ਪੜ੍ਹਨ ਜਾਂਦਾ ਰਿਹਾ ਸਾਂ। ਮੈਥੋਂ ਬਾਅਦ ਮੇਰੇ ਛੋਟੇ ਭਰਾਵਾਂ ਨੇ ਵੀ ਇਹ ਚਲਾਇਆ ਸੀ। ਫਿਰ ਇਹ ਬਹੁਤ ਸਾਲ ਤੱਕ ਗੁਸਲਖਾਨੇ ਉਤੇ ਪਾਈ ਗਈ ਟੀਨ ਦੀ ਛੱਤ ਉਤੇ ਪਿਆ ਰਿਹਾ। ਬਾਅਦ ਵਿਚ ਇਹ ਜ਼ਰੂਰ ਕਬਾੜੀਆਂ ਦੇ ਕੰਮ ਆਇਆ ਹੋਵੇਗਾ।
ਸਾਹਮਣੇ ਅਤੇ ਬੀਹੀ ਦੇ ਸੱਜੇ ਪਾਸੇ ਲੰਬੜਾਂ ਦੇ ਟੱਬਰ ਦਾ ਚੁਬਾਰਾ ਸੀ। ਉਸ ਦੇ ਸਾਹਮਣੇ ਦਾਲੋ ਹੁਰਾਂ ਦਾ ਘਰ ਸੀ। ਦਾਲੋ ਬਹੁਤਾ ਪੜ੍ਹ ਨਹੀਂ ਸੀ ਸਕਿਆ। ਇਕ ਵਾਰ ਉਸ ਨੇ ਆਪਣੇ ਹੀ ਖੇਤ ਵਿਚੋਂ ਹਦਵਾਣੇ ਤੋੜਨ ਦੀ ਸਕੀਮ ਬਣਾਈ ਸੀ ਅਤੇ ਅਸਾਂ ਹਦਵਾਣੇ ਤੋੜ ਕੇ ਹੱਟੀ ਦੇ ਸਾਹਮਣੇ ਸਕੂਲ ਦੇ ਵਰਾਂਡੇ ਵਿਚ ਖਾਧੇ ਸਨ। ਉਦੋਂ ਹੀ ਸਾਹਮਣੀ ਦੁਕਾਨ ਵਿਚੋਂ ਲਾਲਾ ਬਿਸ਼ਨ ਚੰਦ ਨਲਕੇ ਤੋਂ ਪਾਣੀ ਲੈਣ ਆ ਗਿਆ। ਉਸ ਨੇ ਹਨੇਰੇ ਵਿਚ ਬੈਠੇ ਆਕਾਰਾਂ ਨੂੰ ਦੇਖ ਕੇ ਖੰਘੂਰਾ ਮਾਰਿਆ, ਤਾਂ ਅਸਾਂ ਹਦਵਾਣੇ ਦੇ ਖੱਪਰ ਉਸ ਦੇ ਮੂੰਹ ਉਤੇ ਮਾਰੇ ਅਤੇ ਭੱਜ ਗਏ। ਇਕ ਜਣੇ ਦੀ ਜੁੱਤੀ ਉਥੇ ਰਹਿ ਗਈ ਜਿਹੜੀ ਬਿਸ਼ਨ ਚੰਦ ਨੇ ਪਛਾਣ ਲਈ; ਤੇ ਫਿਰ ਅਸੀਂ ਮਾਪਿਆਂ ਤੋਂ ਝਾੜਾਂ ਖਾਣ ਜੋਗੇ ਹੋ ਗਏ ਸਾਂ।
ਇਸ ਤੋਂ ਬਾਅਦ ਜੱਗਾ ਸਿੰਘ ਦਾ ਘਰ ਹੈ ਜੋ ਬੀਹੀ ਤੋਂ ਹਟਵਾਂ ਸੀ। ਜੱਗਾ ਸਿੰਘ ਦਾ ਮਗਰਲੀ ਉਮਰੇ ਵਿਆਹ ਹੋਇਆ ਸੀ ਅਤੇ ਉਸ ਦੀ ਜਵਾਨ ਦਿਸਦੀ ਘਰਵਾਲੀ ਨੂੰ ਦਾਦੀ ਕਹਿੰਦਿਆਂ ਔਖਾ ਲਗਦਾ ਸੀ। ਉਸ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਸਨ। ਉਸ ਦੇ ਪੁੱਤਰ ਰਾਣੇ ਨੂੰ ਕੁਝ ਸਾਲ ਹੋਏ ਮੈਂ ਬਰਮਿੰਘਮ ਵਿਚ ਮਿਲਿਆ ਸਾਂ ਜਿਥੇ ਉਹ ਸਾਡੇ ਹੀ ਪਿੰਡ ਦੇ ਲੁਹਾਰਾਂ ਦੇ ਮਿਹਰ ਸਿੰਘ ਦੇ ਪੁੱਤਰ ਰਾਣੇ ਨਾਲ ਰਲ ਕੇ ਫਾਸਟ ਫੂਡ ਦੀ ਦੁਕਾਨ ਕਰਦਾ ਸੀ। ਕੁਝ ਘੰਟੇ ਉਨ੍ਹਾਂ ਦੀ ਦੁਕਾਨ ਉਤੇ ਬੈਠਣ ਨਾਲ ਇੰਗਲੈਂਡ ਵਿਚ ਆਮ ਮਜ਼ਦੂਰਾਂ ਦੀ ਮੰਦੀ ਹਾਲਤ ਬਾਰੇ ਜਿਹੜੀਆਂ ਗੱਲਾਂ ਪਤਾ ਲੱਗੀਆਂ, ਉਹ ਸ਼ਾਇਦ ਦਰਜਨਾਂ ਕਿਤਾਬਾਂ ਜਾਂ ਭਾਸ਼ਣਾਂ ਵਿਚੋਂ ਵੀ ਪਤਾ ਨਾ ਲਗਦੀਆਂ।
ਇਸ ਘਰ ਦੇ ਸਾਹਮਣੇ ਹੀ ਤਰਖਾਣਾਂ ਦੇ ਕਰਤਾਰ ਸਿੰਘ ਦੇ ਵੱਡੇ ਭਰਾ ਬਾਵਾ ਸਿੰਘ ਦਾ ਘਰ ਸੀ। ਉਸ ਦੇ ਦੋ ਪੁੱਤਰ ਸਨ ਪਰ ਦੋਵੇਂ ਹੀ ਅਵਾਰਾ ਨਿਕਲੇ। ਬਾਵਾ ਸਿੰਘ ਦੀ ਪਹਿਲੀ ਘਰਵਾਲੀ ਮਰ ਗਈ ਸੀ। ਫਿਰ ਉਹ ਟਰੱਕਾਂ ਨਾਲ ਗਿਆ ਕਿਸੇ ਥਾਂ ਤੋਂ ਕੁਦੇਸਣ ਲੈ ਆਇਆ ਸੀ।
ਬਾਵਾ ਸਿੰਘ ਦੇ ਘਰ ਤੋਂ ਮੁੜ ਕੇ ਇਕ ਬੀਹੀ ਖੱਬੇ ਪਾਸੇ ਚਲੇ ਜਾਂਦੀ ਹੈ ਜਿਸ ਵਿਚ ਪਹਿਲਾਂ ਤਾਂ ਪਿੰਡ ਦੇ ਕੁੜੀਆਂ ਦੇ ਸਕੂਲ ਦਾ ਦਰਵਾਜ਼ਾ ਆਉਂਦਾ ਹੈ ਅਤੇ ਫਿਰ ਛੀਂਬਿਆਂ ਦੇ ਟੱਬਰ ਦਾ। ਉਸ ਤੋਂ ਬਾਅਦ ਮਿਹਰ ਸਿੰਘ ਅਤੇ ਬਾਬੂ ਕਰਮ ਸਿੰਘ ਦੇ ਘਰ ਸਨ। ਬਾਬੂ ਕਰਮ ਸਿੰਘ ਦਾ ਛੋਟਾ ਪੁੱਤਰ ਮੈਥੋਂ ਕਰੀਬ ਬਾਰਾਂ ਵਰ੍ਹੇ ਛੋਟਾ ਸੀ। ਉਸ ਨਾਲ ਖੁੱਲ੍ਹ ਕੇ ਪਹਿਲੀ ਮੁਲਾਕਾਤ ਚੰਡੀਗੜ੍ਹ ਅਤੇ ਦੂਜੀ ਇੰਗਲੈਂਡ ਵਿਚ ਹੋਈ। ਦਲਜੀਤ ਸਿੰਘ ਉਰਫ ਲਾਲ ਜੀ ਨਾਂ ਦੇ ਇਸ ਮਿਲਾਪੜੇ ਜਵਾਨ ਨਾਲ ਮੁਲਾਕਾਤ ਇਸ ਪਰਿਵਾਰ ਨੂੰ ਜਾਣਨ ਵਿਚ ਬਹੁਤ ਸਹਾਈ ਹੋਈ।
ਇਨ੍ਹਾਂ ਹੀ ਘਰਾਂ ਵਿਚ ਮਰਹੂਮ ਗੁਰਦਿਆਲ ਸਿੰਘ ਫੁੱਲ ਦਾ ਘਰ ਸੀ ਜਿਨ੍ਹਾਂ ਪੰਜਾਬੀ ਸਾਹਿਤ ਵਿਚ ਨਾਂ ਕਮਾਇਆ ਅਤੇ ਪਿੰਡ ਦਾ ਨਾਂ ਵੀ ਰੌਸ਼ਨ ਕੀਤਾ। ਉਨ੍ਹਾਂ ਦੀ ਇੱਛਾ ਸੀ ਕਿ ਪਿੰਡ ਦੇ ਲੋਕ ਵੀ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਨ। ਇਕ ਵਾਰੀ ਜਦੋਂ ਮੈਂ ਪਿੰਡ ਦੀ ਨੌਜਵਾਨ ਸਭਾ ਵਲੋਂ ਪਿੰਡ ਵਿਚ ਉਨ੍ਹਾਂ ਦਾ ਸਨਮਾਨ ਕਰਨ ਦੀ ਪੇਸ਼ਕਸ਼ ਕੀਤੀ, ਤਾਂ ਖਬਰੇ ਕੀ ਸੋਚ ਕੇ ਉਨ੍ਹਾਂ ਨਾਂਹ ਕਰ ਦਿੱਤੀ। ਮੈਨੂੰ ਸਾਰੀ ਉਮਰ ਇਹ ਪਛਤਾਵਾ ਰਿਹਾ ਕਿ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਕੀਤੀ ਜਾ ਸਕੀ। ਮਗਰੋਂ ਜਦੋਂ ਪਿੰਡ ਦੇ ਕੁਝ ਨੌਜਵਾਨਾਂ ਨੇ ਉਨ੍ਹਾਂ ਦੀ ਯਾਦ ਵਿਚ ਮੇਲਾ ਲਾਉਣਾ ਸ਼ੁਰੂ ਕਰ ਕੀਤਾ, ਇੰਨੀ ਕੁ ਤਸੱਲੀ ਜ਼ਰੂਰ ਹੋਈ ਕਿ ਪਿੰਡ ਨੇ ਆਪਣੇ ਪੁੱਤਰ ਨੂੰ ਭੁਲਾਇਆ ਨਹੀਂ ਹੈ।
ਇਸ ਤੋਂ ਅੱਗੇ ਇਕ ਪਾਸੇ ਤਾਂ ਸੰਤਾ ਸਿੰਘ ਦਾ ਘਰ ਸੀ ਅਤੇ ਉਸ ਦੇ ਸਾਹਮਣੇ ਡੋਗਰ ਸਿੰਘ ਦਾ। ਸੰਤਾ ਸਿੰਘ ਦੇ ਘਰ ਦੀ ਪਿਛਲੀ ਕੰਧ ਸਾਡੇ ਘਰ ਨੂੰ ਲਗਦੀ ਸੀ। ਸੰਤਾ ਸਿੰਘ ਦੇ ਧੀਆਂ ਪੁੱਤਰਾਂ ਨਾਲ ਸਾਡੀ ਛੱਡ ਉਤੇ ਦੀ ਸਾਂਝ ਸੀ। ਉਸ ਦੀ ਇਕ ਧੀ ਸੁਰਿੰਦਰ ਮੇਰੇ ਨਾਲ ਪੜ੍ਹਦੀ ਹੁੰਦੀ ਸੀ। ਅੱਠਵੀਂ ਜਮਾਤ ਵਿਚ ਉਹ ਮੇਰੇ ਨਾਲ ਹੀ ਮਾਸਟਰਨੀ ਦੇ ਪਿਤਾ ਤੋਂ ਟਿਊਸ਼ਨ ਵੀ ਪੜ੍ਹਦੀ ਹੁੰਦੀ ਸੀ। ਉਹ ਸ਼ਾਇਦ ਦਸਵੀਂ ਨਹੀਂ ਸੀ ਪਾਸ ਕਰ ਸਕੀ। ਪਿੰਡਾਂ ਵਿਚ ਅਕਸਰ ਹੀ ਕੁੜੀਆਂ ਦੇ ਵਿਆਹ ਦੀ ਕਾਹਲੀ ਹੁੰਦੀ ਹੈ; ਇਸ ਲਈ ਪੜ੍ਹਾਈ ਵਿਚ ਹੁਸ਼ਿਆਰ ਹੋਣ ਦੇ ਬਾਵਜੂਦ ਉਸ ਨੂੰ ਬਹੁਤਾ ਪੜ੍ਹਨ ਨਹੀਂ ਸੀ ਦਿੱਤਾ ਗਿਆ।
ਹੁਣ ਮੁੜ ਮੁੱਖ ਗਲੀ ਵੱਲ ਆਈਏ ਜਿਸ ਵਿਚ ਗੋਲਾਈਦਾਰ ਕੰਧ ਵਾਲਾ ਮਕਾਨ ਅਜੇ ਵੀ ਮੌਜੂਦ ਹੈ। ਮੁੱਖ ਗਲੀ ਵਿਚ ਬਾਵਾ ਸਿੰਘ ਦੇ ਘਰ ਤੋਂ ਬਾਅਦ ਸੱਜੇ ਪਾਸੇ ਪੰਜਾਬ ਸਿੰਘ ਦਾ ਚੁਬਾਰਾ ਹੈ। ਕਿਸੇ ਸਮੇਂ ਇਹ ਬਹੁਤ ਉਚਾ ਮਕਾਨ ਸਮਝਿਆ ਜਾਂਦਾ ਸੀ। ਸਭ ਤੋਂ ਅਖੀਰ ਵਿਚ ਗੋਲ ਕੰਧ ਵਾਲੇ ਮਕਾਨ ਦੇ ਸਾਹਮਣੇ ਅਮਰ ਸਿੰਘ ਦਾ ਘਰ ਹੈ ਜਿਸ ਦੀ ਘਰਵਾਲੀ ਨੂੰ ਸਾਰੇ ਭਾਬੀ ਕਹਿੰਦੇ ਸਨ। ਦੋਵੇਂ ਬਹੁਤ ਮਿਲਾਪੜੇ ਸੁਭਾਅ ਦੇ ਸਨ।
ਜਦੋਂ ਗੋਲਾਈਦਾਰ ਕੰਧ ਪਾਰ ਕਰ ਜਾਓ, ਤਾਂ ਐਨ ਪਿਛਲੇ ਪਾਸੇ ਮਿਲਖਾ ਸਿੰਘ ਨਾਂ ਦੇ ਬੇਜ਼ਮੀਨੇ ਕਿਸਾਨ ਦਾ ਘਰ ਸੀ। ਉਹ ਬਹੁਤ ਗਰੀਬ ਜੱਟ ਸੀ ਅਤੇ ਉਸ ਦੀ ਦੂਜੀ ਘਰਵਾਲੀ ਬਿੱਸੀ ਕਦੀ-ਕਦੀ ਸ਼ਰਾਬ ਵੀ ਵੇਚਦੀ ਹੁੰਦੀ ਸੀ।
ਸੱਜੇ ਪਾਸੇ ਦਲਜੀਤ ਕਿਆਂ ਦਾ ਚੁਬਾਰਾ ਸੀ ਜਿਸ ਨਾਲ ਹਮਉਮਰ ਹੋਣ ਕਾਰਨ ਮੇਰੀ ਵੀ ਅਤੇ ਮੇਰੀ ਵੱਡੀ ਭੈਣ ਦੀ ਵੀ ਬਹੁਤ ਸਾਂਝ ਸੀ। ਉਸ ਤੋਂ ਪਹਿਲਾਂ ਮੇਰੇ ਚਾਚੇ ਹਰਭਜਨ ਸਿੰਘ ਅਤੇ ਦਲਜੀਤ ਦੇ ਚਾਚੇ ਦੀ ਵੀ ਬਹੁਤ ਸਾਂਝ ਸੁਣੀਂਦੀ ਸੀ। ਦਲਜੀਤ ਸਿੰਘ ਦੇ ਪਿਤਾ ਬਿੱਕਰ ਸਿੰਘ ਨੇ ਬਹੁਤ ਗਰੀਬੀ ਤੋਂ ਜ਼ਿੰਦਗੀ ਸ਼ੁਰੂ ਕੀਤੀ ਸੀ ਅਤੇ ਸਖਤ ਮਿਹਨਤ ਨਾਲ ਕਈ ਭੱਠੇ ਤੇ ਟਰੱਕ ਬਣਾ ਲਏ ਸਨ।
ਉਸ ਤੋਂ ਅੱਗੇ ਝਿਊਰਾਂ ਦਾ ਛੋਟਾ ਜਿਹਾ ਘਰ ਸੀ ਅਤੇ ਖੱਬੇ ਪਾਸੇ ਜੱਟਾਂ ਦਾ। ਇਸ ਤੋਂ ਬਾਅਦ ਗਲੀ ਚੌੜੀ ਹੋ ਜਾਂਦੀ ਸੀ ਅਤੇ ਅੱਗੇ ਪਿੰਡ ਦਾ ਵੱਡਾ ਦਰਵਾਜ਼ਾ ਆ ਜਾਂਦਾ ਸੀ। ਇਉਂ ਮੈਂ ਆਪਣੀ ਬੇਟੀ ਸੁਪਨੀਤ ਨੂੰ ਆਪਣਾ ਪਿੰਡ ਦਿਖਾਉਂਦਾ ਹਾਂ। ਇਸ ਪਿੰਡ ਵਿਚ ਨਾ ਤਾਂ ਪਹਿਲਾਂ ਵਾਲੇ ਲੋਕ ਲੱਭਦੇ ਹਨ ਅਤੇ ਨਾ ਹੀ ਇਸ ਨੂੰ ਪਿੰਡ ਕਹਿਣ ਨੂੰ ਚਿੱਤ ਕਰਦਾ ਹੈ। ਸ਼ਹਿਰੀਕਰਨ ਨੇ ਇਸ ਦਾ ਰੂਪ ਬਦਲ ਦਿੱਤਾ ਹੈ। ਸਾਰੇ ਪਿੰਡ ਵਿਚ ਸਿਰਫ ਤਿੰਨ-ਚਾਰ ਬੰਦਿਆਂ ਨੇ ਹੀ ਮੈਨੂੰ ਪਛਾਣਿਆ।
ਫਿਰ ਵੀ ਇਹ ਹੌਸਲਾ ਸੀ ਕਿ ਜੱਦੀ-ਪੁਸ਼ਤੀ ਮਕਾਨ ਮੌਜੂਦ ਹੈ ਅਤੇ ਇਸ ਰਾਹੀਂ ਪਿੰਡ ਨਾਲ ਨਾੜੂਆ ਜੁੜਿਆ ਹੋਇਆ ਹੈ, ਪਰ 2007 ਵਿਚ ਛੋਟੇ ਭਾਈ ਨੇ ਇਹ ਮਕਾਨ ਵੇਚ ਦਿੱਤਾ। ਹੁਣ ਦਲਬੀਰ ਸਿੰਘ ਵਲਦ ਮਹਿੰਦਰ ਸਿੰਘ ਵਲਦ ਮੇਲਾ ਸਿੰਘ ਵਲਦ ਵਿਸਾਖੀ ਵਲਦ ਮਹੇਰਸਾ ਵਲਦ ਬੁਲਾਕੀ ਵਲਦ ਕਪੂਰਾ ਵਲਦ ਦੁਨੀਆ ਦੀ ਕੋਈ ਨਿਸ਼ਾਨੀ ਇਸ ਪਿੰਡ ਵਿਚ ਨਹੀਂ ਰਹੀ। ਮੇਰਾ ਵੀ ਇਸ ਨਾਲੋਂ ਜਿਵੇਂ ਨਾੜੂਆਂ ਕੱਟਿਆ ਗਿਆ ਹੋਵੇ।
ਕੁਝ ਸਾਲ ਹੋਏ ਮਾਂ ਨੇ ਕੂਚ ਕਰਨ ਤੋਂ ਪਹਿਲਾਂ ਜ਼ੁਬਾਨੀ-ਕਲਾਮੀ ਹੀ ਪਿਤਾ ਪੁਰਖੀ ਜਾਇਦਾਦ ਦੀ ਵੰਡ ਕਰ ਦਿੱਤੀ। ਤਿੰਨਾਂ ਛੋਟੇ ਭਰਾਵਾਂ ਨੂੰ ਪਿਤਾ ਵਲੋਂ ਬਣਾਈ ਜਾਇਦਾਦ ਦਾ ਕੋਈ ਨਾ ਕੋਈ ਹਿੱਸਾ ਦਿੱਤਾ। ਮੇਰੀ ਭਾਵੁਕ ਲਾਲਸਾ ਸੀ ਕਿ ਪਿੰਡ ਵਾਲਾ ਥਾਂ ਮੈਨੂੰ ਮਿਲ ਜਾਵੇ। ਮਾਂ ਨੇ ਇਹ ਤੀਜੇ ਥਾਂ ਵਾਲੇ ਪੁੱਤ ਨੂੰ ਦੇ ਦਿੱਤਾ। ਮੇਰੇ ਸਿਰ ਉਤੇ ਹੱਥ ਰੱਖ ਕੇ ਕਹਿਣ ਲੱਗੀ ਕਿ ਤੈਨੂੰ ਰੱਬ ਨੇ ਬਥੇਰਾ ਦਿੱਤਾ। ਮੇਰੇ ਲਈ ਇਹੀ ਬਹੁਤ ਸੀ। ਚਲੋ ਕੋਈ ਨਹੀਂ। ਮੈਂ ਸੋਚਦਾ ਸਾਂ ਕਿ ਘਰ ਭਰਾ ਕੋਲ ਵੀ ਰਹੇ, ਤਾਂ ਵੀ ਕੀ ਫਰਕ ਪੈਂਦਾ ਹੈ? ਕਦੀ-ਕਦੀ ਹੀ ਤਾਂ ਜੀਅ ਕਰਦਾ ਹੈ; ਜਦੋਂ ਵੀ ਜੀਅ ਕੀਤਾ, ਦੇਖਣ ਜਾ ਹੀ ਸਕਾਂਗਾ; ਪਰæææਕਹਿੰਦੇ ਨੇ, ਜਦੋਂ ਕੋਈ ਝਟਕਾ ਲੱਗੇ ਉਦੋਂ ਸੀਨੇ ਵਿਚ ਦਰਦ ਹੁੰਦਾ ਹੈ। ਇਹ ਦਰਦ ਉਸ ਤਰ੍ਹਾਂ ਦਾ ਨਹੀਂ ਹੁੰਦਾ ਜਿਸ ਤਰ੍ਹਾਂ ਦਾ ਦਿਲ ਦੀ ਬਿਮਾਰੀ ਕਾਰਨ ਹੁੰਦਾ ਹੈ। ਨਾ ਹੀ ਇਹ ਮਹਿਬੂਬ ਦੇ ਰੁੱਸ ਜਾਣ ਕਾਰਨ ਹੋਣ ਵਾਲੇ ਦਰਦ ਵਰਗਾ ਹੁੰਦਾ ਹੈ। ਇਹ ਦਰਦ ਬਿਲਕੁਲ ਵੱਖਰੀ ਕਿਸਮ ਦਾ ਹੁੰਦਾ ਹੈ।æææਕਈ ਵਾਰ ਲਗਦਾ ਹੈ ਕਿ ਉਦਰੇਵਾਂ ਸਿਰਫ ਮੈਨੂੰ ਹੀ ਹੈ, ਹੋਰ ਕਿਸੇ ਨੂੰ ਨਹੀਂ। ਬਾਬਾ ਫਰੀਦ ਨੂੰ ਵੀ ਮੈਂ ਭੁੱਲੀ ਬੈਠਾ ਹਾਂ ਜਿਨ੍ਹਾਂ ਕਿਹਾ ਹੈ ਕਿ ਦੁੱਖਾਂ ਦੀ ਅੱਗ ਤਾਂ ਘਰ-ਘਰ ਬਲਦੀ ਹੈ, ਸਿਰਫ ਉਚੇ ਚੜ੍ਹ ਕੇ ਦੇਖਣ ਵਾਲੀ ਅੱਖ ਚਾਹੀਦੀ ਹੈ।
ਕਿੱਸਾ ਖਤਮ ਕਰਦੇ ਹੋਏ ਸਿਰਫ ਇਹੀ ਕਹਿੰਦਾ ਹਾਂ ਕਿ ਹੁਣ ਉਸ ਘਰ ਨੂੰ ਆਪਣਾ ਕਹਿਣ ਦਾ ਹੱਕ ਵੀ ਜਾਂਦਾ ਰਿਹਾ ਹੈ। ਵਲੈਤ ਰਹਿੰਦੇ ਜਿਸ ਭਰਾ ਨੂੰ ਇਹ ਵਿਰਸੇ ਵਿਚ ਮਿਲਿਆ ਸੀ, ਉਸ ਨੇ ਇਹ ਵੇਚ ਦਿੱਤਾ ਹੈ। ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ। ਮੁਰਾਰੀ ਨਿਰਾ ਭਾਵੁਕ ਮੂਰਖ ਹੈ। ਉਹ ਕਈ ਦਿਨ ਗ਼ਮ ਵਿਚ ਹੀ ਕੱਟ ਦੇਵੇਗਾ। ਉਸ ਕੋਲ ਦਰਦ ਨੂੰ ਦੱਸਣ ਲਈ ਸ਼ਬਦ ਨਹੀਂ ਸਨ। ਇਸੇ ਲਈ ਹੀ ਉਹ ਦੱਸ ਨਹੀਂ ਪਾ ਰਿਹਾ ਕਿ ਇਹ ਜੋ ਦਰਦ ਸੀਨੇ ਵਿਚ ਹੈ, ਇਹ ਕਿਸ ਤਰ੍ਹਾਂ ਦਾ ਹੈ!
ਅੱਜ ਦੀ ਰਾਤ ਉਹ ਫਿਰ ਉਵੇਂ ਹੀ ਸੁੰਨੀਆਂ ਗਲੀਆਂ ਵਿਚ ਘੁੰਮੇਗਾ ਜਿਵੇਂ ਕਈ ਰਾਤਾਂ ਤੋਂ ਘੁੰਮਦਾ ਆ ਰਿਹਾ ਹੈ। ਜੜ੍ਹਾਂ ਤੋਂ ਬਗੈਰ ਕੋਈ ਧਰਤੀ ਉਤੇ ਕਿਵੇਂ ਰਹੇ?
(ਸਮਾਪਤ)