ਭਾਰਤ ਵਿਚ ਧਰਮ ਬਦਲੀ ਦਾ ਮਸਲਾ ਅੱਜ ਕੱਲ੍ਹ ਵਾਹਵਾ ਚਰਚਾ ਵਿਚ ਹੈ। ਘੱਟ-ਗਿਣਤੀ ਭਾਈਚਾਰੇ ਕੱਟੜ ਹਿੰਦੂ ਜਥੇਬੰਦੀਆਂ ਦੇ ਨਿਸ਼ਾਨੇ ਉਤੇ ਹਨ। ਧਰਮ ਬਦਲੀ ਬਾਰੇ ਕਈ ਸਾਲ ਪਹਿਲਾਂ ਹਿੰਦੀ ਲੇਖਕ ਦਾਮੋਦਰ ਦੱਤ ਦੀਕਸ਼ਿਤ ਨੇ ਕਹਾਣੀ ‘ਧੰਦਾ’ ਦੀ ਰਚਨਾ ਕੀਤੀ ਸੀ।
ਸੰਭਵ ਹੈ ਕਿ ਇਸ ਰਚਨਾ ਨਾਲ ਕਿਸੇ ਦੀ ਸਹਿਮਤੀ-ਅਸਹਿਮਤੀ ਹੋਵੇ, ਪਰ ਇਸ ਰਚਨਾ ਵਿਚ ਲੇਖਕ ਨੇ ਧਰਮ ਬਦਲੀ ਨਾਲ ਸਬੰਧਤ ਕੁਝ ਪੱਖ ਉਘਾੜਨ ਦਾ ਯਤਨ ਕੀਤਾ ਹੈ। ਇਸ ਮੁੱਦੇ ਬਾਰੇ ਚੱਲ ਰਹੀ ਭਖਵੀਂ ਚਰਚਾ ਦੌਰਾਨ ਅਸੀਂ ਇਹ ਰਚਨਾ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਰਚਨਾ ਦਾ ਅਨੁਵਾਦ ਪੰਜਾਬੀ ਲੇਖਕ ਗੁਰਦਿਆਲ ਦਲਾਲ ਨੇ ਕੀਤਾ ਹੈ। -ਸੰਪਾਦਕ
ਦਾਮੋਦਰ ਦੱਤ ਦੀਕਸ਼ਿਤ
ਅਨੁਵਾਦ: ਗੁਰਦਿਆਲ ਦਲਾਲ
ਭੇਜੂ ਦਾ ਖਿਆਲ ਸੀ ਕਿ ਕਲਕੱਤੇ (ਹੁਣ ਕੋਲਕਾਤਾ) ਵਿਚ ਜਿਥੇ ਕਿਤੇ ਜੰਗਲ ਜਿਹਾ ਹੋਇਆ, ਉਹ ਆਪਣੀ ਕੁੱਲੀ ਪਾ ਲਵੇਗਾ ਪਰ ਕਲਕੱਤੇ ਪਹੁੰਚ ਕੇ ਉਸ ਦਾ ਇਹ ਸੁਪਨਾ ਮਿੱਟੀ ਵਿਚ ਮਿਲ ਗਿਆ। ਭੀੜ ਭਰੇ ਇਸ ਮਹਾਨਗਰ ਵਿਚ ਨਾ ਤਾਂ ਉਸ ਨੂੰ ਕਿਧਰੇ ਜੰਗਲ ਮਿਲਿਆ ਤੇ ਨਾ ਹੀ ਐਨੀ ਥਾਂ ਕਿ ਉਹ ਆਪਣੀ ਕੁੱਲੀ ਪਾ ਸਕੇ। ਦਸ ਦਿਨਾਂ ਤੱਕ ਤਾਂ ਉਸ ਨੂੰ ਹਾਵੜਾ ਪਲੈਟਫਾਰਮ ‘ਤੇ ਹੀ ਡੇਰਾ ਜਮਾਉਣਾ ਪਿਆ। ਅਖੀਰ ਬੜੀ ਮੁਸ਼ਕਿਲ ਨਾਲ ਖਿਦਰਪੁਰ ਦੇ ਗੰਦੇ ਨਾਲੇ ਕੋਲ ਟੀਨਾਂ ਦੇ ਲੰਮੇ ਸ਼ੈੱਡ ਹੇਠ 8¿14 ਫੁੱਟ ਆਕਾਰ ਦੇ ਇਕ ਹਿੱਸੇ ਵਿਚ ਉਸ ਨੂੰ ਪਨਾਹ ਮਿਲ ਗਈ। ਕਿਰਾਇਆ 50 ਰੁਪਏ ਮਹੀਨਾ ਤੈਅ ਹੋਇਆ ਤੇ ਪਗੜੀ ਇਕ ਹਜ਼ਾਰ ਰੁਪਿਆ। ਇਥੇ ਆ ਕੇ ਪਗੜੀ ਸ਼ਬਦ ਉਸ ਨੂੰ ਨਫ਼ਰਤ ਭਰਿਆ ਲੱਗਣ ਲੱਗ ਪਿਆ ਸੀ। ਸਿਰ ਛੁਪਾਉਣ ਨੂੰ ਥਾਂ ਜ਼ਰੂਰ ਮਿਲ ਗਈ ਸੀ, ਪਰ ਹਾਲਤ ਤਰਸਯੋਗ ਹੀ ਬਣੀ ਰਹੀ।
ਆਂਢ-ਗੁਆਂਢ ਵਾਲੇ ਦਿਨ ਭਰ ਤੂੰ-ਤੂੰ, ਮੈਂ-ਮੈਂ ਕਰ ਕੇ ਕਲੇਸ਼ ਖੜ੍ਹਾ ਕਰੀ ਰੱਖਦੇ। ਹਮੇਸ਼ਾ ਸ਼ੋਰ-ਸ਼ਰਾਬਾ ਮੱਚਿਆ ਰਹਿੰਦਾ। ਮੌਕਾ ਤਾੜ ਕੇ ਕੋਈ ਉਸ ਦਾ ਚਿਮਟਾ ਉਡਾ ਲੈ ਜਾਂਦਾ ਤੇ ਕੋਈ ਖਲਪਾੜ ਖਿਸਕਾ ਲੈਂਦਾ। ਮੀਂਹ ਪੈਣ ਵੇਲੇ ਉਸ ਦੇ ਹਿੱਸੇ ਵਿਚ ਲੋਕੀਂ ਆਪਣੇ ਸਮਾਨ ਸਮੇਤ ਆ ਵੜਦੇ। ਉਹ ਜਾਂ ਉਸ ਦੀ ਪਤਨੀ ਕੁਝ ਕਹਿੰਦੇ, ਤਾਂ ਉਹ ਮਰਨ-ਮਾਰਨ ‘ਤੇ ਉਤਰ ਆਉਂਦੇ। ਸਭ ਤੋਂ ਵੱਧ ਤਕਲੀਫ਼ ਉਸ ਨੂੰ ਜੰਗਲ-ਪਾਣੀ ਜਾਣ ਦੀ ਸੀ। ਪਿੰਡ ਵਿਚ ਟੋਭੇ ਕੰਢੇ ਝਾੜਾਂ ਪਿੱਛੇ ਲੁਕ ਕੇ ਉਹ ਜੰਗਲ-ਪਾਣੀ ਜਾਂਦਾ ਹੁੰਦਾ ਸੀ। ਇਥੇ ਬਦਬੂਦਾਰ ਨਾਲੇ ਉਤੇ ਲਾਈਨ ਲਾਉਣੀ ਪੈਂਦੀ ਹੈ। ਸ਼ੁਰੂ-ਸ਼ੁਰੂ ਵਿਚ ਤਾਂ ਸ਼ਰਮ ਦਾ ਮਾਰਿਆ ਉਹ ਚੰਗੀ ਤਰ੍ਹਾਂ ਜੰਗਲ-ਪਾਣੀ ਹੀ ਨਾ ਜਾ ਸਕਦਾ। ਤੀਵੀਆਂ ਦੇ ਜੰਗਲ-ਪਾਣੀ ਦਾ ਵੀ ਇਹੋ ਹਾਲ ਸੀ। ਬੱਸ, ਐਨਾ ਫਰਕ ਕਿ ਤੀਵੀਆਂ ਨਾਲੇ ਦੇ ਉਤਰੀ ਕੰਢੇ ਵੱਲ ਜਾਂਦੀਆਂ ਤੇ ਆਦਮੀ ਦੱਖਣੀ ਵੱਲ।
“ਕਿਥੋਂ ਦੇ ਰਹਿਣ ਵਾਲੇ ਹੋ ਭੇਜੂ?” ਅਸਗਰ ਸਾਹਿਬ ਦਾ ਸਵਾਲ ਸੀ।
“ਗੋਰਖ਼ਪੁਰ ਜ਼ਿਲ੍ਹੇ ਦਾ ਹਾਂ।” ਭੇਜੂ ਦੇ ਮੂੰਹੋਂ ਨਿਕਲਿਆ, ਉਹ ਘਰ ਜਾਣ ਦੀ ਕਾਹਲ ਵਿਚ ਸੀ।
“ਫਿਰ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਹੋ।”
“ਬਾਬੂ ਜੀ, ਮੈਨੂੰ ਇਨ੍ਹਾਂ ਗੱਲਾਂ ਦਾ ਨਹੀਂ ਪਤਾ। ਪਤਾ ਏ ਤਾਂ ਸਿਰਫ ਐਨਾ ਕਿ ਗੋਰਖਪੁਰ (ਜ਼ੋਰ ਦੇ ਕੇ) ਜ਼ਿਲ੍ਹੇ ਦਾ ਰਹਿਣ ਵਾਲਾ ਹਾਂ।”
“ਕਿਹੜੀ ਜਾਤ ਦਾ ਏਂ?”
“ਹਰੀਜਨ।”
ਇਸ ਮਗਰੋਂ ਅਸਗਰ ਸਾਹਿਬ ਜਿਸ ਕੋਲ ਉਹ ਡੇਢ ਮਹੀਨੇ ਤੋਂ ਮਜ਼ਦੂਰੀ ਕਰ ਰਿਹਾ ਸੀ, ਨੇ ਉਸ ਨੂੰ ਚਾਹ ਮੰਗਵਾ ਕੇ ਪਿਲਾਈ।
ਇੰਜ ਅਕਸਰ ਹੋਣ ਲੱਗਾ। ਕੰਮ ਖਤਮ ਹੁੰਦਿਆਂ ਹੀ ਅਸਗਰ ਸਾਹਿਬ ਉਸ ਨੂੰ ਰੋਕ ਲੈਂਦੇ, ਸੁੱਖ-ਸਾਂਦ ਪੁੱਛਦੇ ਅਤੇ ਚਾਹ-ਪਾਣੀ ਪਿਲਾ ਦਿੰਦੇ। ਉਹ ਅਸਗਰ ਸਾਹਬ ‘ਤੇ ਮੋਹਿਤ ਸੀ ਤੇ ਇਸ ਤੋਂ ਵੀ ਵੱਧ ਆਪਣੇ ਆਪ ‘ਤੇ! ਉਹ ਸੋਚਦਾ, ਉਸ ਵਿਚ ਜ਼ਰੂਰ ਕੋਈ ਵਿਸ਼ੇਸ਼ ਗੁਣ ਹੈ; ਤਦੇ ਤਾਂ ਐਨੇ ਮਜ਼ਦੂਰਾਂ ਵਿਚੋਂ ਅਸਗਰ ਸਾਹਿਬ ਉਸੇ ਨੂੰ ਹੀ ਮਾਣ ਨਾਲ ਬੁਲਾਉਂਦੇ ਹਨ।
ਇਕ ਦਿਨ ਅਸਗਰ ਸਾਹਿਬ ਕਹਿਣ ਲੱਗੇ, “ਭੇਜੂ, ਤੂੰ ਐਥੋਂ ਦੀ ਜ਼ਿੰਦਗੀ ਨਾਲ ਖੁਸ਼ ਏਂ।”
“ਕਾਹਦੇ ਖੁਸ਼ ਹਾਂ ਬਾਬੂ ਜੀ!æææਇਥੇ ਵੀ ਉਹੀ ਪ੍ਰੇਸ਼ਾਨੀ ਹੈ। ਬੜੀ ਮੁਸ਼ਕਿਲ ਨਾਲ ਖਰਚ ਪੂਰਾ ਹੁੰਦਾ ਹੈ। ਰਹਿਣ ਲਈ ਜਿਹੜੀ ਥਾਂ ਲਈ ਏ, ਉਥੇ ਹਮੇਸ਼ਾ ਜੂਤ-ਪਤਾਣ ਹੁੰਦਾ ਰਹਿੰਦਾ ਹੈ।”
“ਫਿਰ ਕੁਝ ਅਜਿਹਾ ਕਰੋ ਜਿਸ ਨਾਲ ਹਾਲਤ ਸੁਧਰੇ।”
“ਕੀ ਕਰਾਂ ਬਾਬੂ ਜੀ?”
ਅਸਗਰ ਸਾਹਿਬ ਨੇ ਕੁਝ ਸੋਚਣ ਦਾ ਬਹਾਨਾ ਕਰਦਿਆਂ ਕਿਹਾ, “ਕੁਝ ਦੱਸਾਂ ਤਾਂ ਸ਼ਾਇਦ ਤੈਨੂੰ ਮਨਜ਼ੂਰ ਹੀ ਨਾ ਹੋਵੇ।”
“ਦੱਸੋ, ਮਨਜ਼ੂਰ ਕਿਉਂ ਨਹੀਂ ਹੋਵੇਗਾ?”
“ਨਹੀਂ, ਤੈਨੂੰ ਬਿਲਕੁਲ ਮਨਜ਼ੂਰ ਨਹੀਂ ਹੋ ਸਕਦਾ।”
“ਨਹੀਂ ਦੱਸੋ, ਮੈਨੂੰ ਸਭ ਮਨਜ਼ੂਰ ਹੋਵੇਗਾ।”
“ਤੈਨੂੰ ਜੀਅ ਤਕੜਾ ਕਰਨਾ ਪਵੇਗਾ।”
“ਜੀਅ ਤਾਂ ਤਕੜਾ ਹੀ ਏ ਸਰਕਾਰ।”
“ਸਾਡੀ ਬਿਰਾਦਰੀ ਵਿਚ ਸ਼ਾਮਲ ਹੋ ਜਾਓ।” ਫਿਰ ਥੋੜ੍ਹਾ ਰੁਕ ਕੇ ਬੋਲੇ, “ਖੜ੍ਹੇ ਪੈਰ ਪੰਜ ਹਜ਼ਾਰ ਦੁਆ ਦੇਵਾਂਗਾ। ਰਹਿਣ ਲਈ ਘੱਟ ਕਿਰਾਏ ‘ਤੇ ਮਕਾਨ ਅਲੱਗ। ਨਲਕਾ ਹੋਵੇਗਾ, ਟੱਟੀ ਹੋਵੇਗੀ। ਇਹ ਸਭ ਕੁਝ ਤੁਰੰਤ ਹੀ ਹੋ ਜਾਵੇਗਾ। ਜੇ ਕਦੀ ਤੈਨੂੰ ਕੋਈ ਮੁਸ਼ਕਿਲ ਆਵੇਗੀ ਤਾਂ ਸਾਰੀ ਬਿਰਾਦਰੀ ਤੇਰੀ ਮੱਦਦ ਲਈ ਟੁੱਟ ਪਵੇਗੀ। ਸਾਡੀ ਬਿਰਾਦਰੀ ਵਿਚ ਸ਼ਾਨ ਨਾਲ ਰਹੋਗੇ। ਬਰਾਬਰੀ ਦਾ ਅਹਿਸਾਸ ਹੋਵੇਗਾ। ਮੈਂ ਕਹਿੰਦਾ ਹਾਂ, ਜੇ ਤੂੰ ਸਾਡੀ ਬਿਰਾਦਰੀ ਵਿਚ ਆ ਜਾਵੇਂ, ਮੈਂ ਤੇਰੀ ਜੂਠ ਖਾਵਾਂਗਾ।”
“ਆਪਣਾ ਧਰਮ ਕਿਵੇਂ ਛੱਡ ਦਿਆਂ?” ਫਟੀਆਂ ਅੱਖਾਂ ਨਾਲ ਭੇਜੂ ਬੋਲਿਆ।
“ਇਕ ਧਰਮ ਛੁੱਟੇਗਾ, ਤਾਂ ਦੂਜਾ ਮਿਲ ਜਾਵੇਗਾ। ਬਥੇਰਾ ਚਿਰ ਰਹਿ ਗਿਆ ਏਂ ਇਸ ਧਰਮ ਵਿਚ।” ਅਸਗਰ ਸਾਹਿਬ ਨੇ ਦਲੀਲ ਦਿੱਤੀ।
ਅਗਲੀ ਸ਼ਾਮ ਭੇਜੂ ਅੱਖ ਬਚਾ ਕੇ ਦੌੜ ਜਾਣਾ ਚਾਹੁੰਦਾ ਸੀ, ਪਰ ਅਸਗਰ ਸਾਹਿਬ ਨੇ ਟੋਕ ਹੀ ਦਿੱਤਾ, “ਸ਼ਾਮਲ ਹੋਣਾ ਨਾ ਹੋਣਾ ਤੇਰੇ ਦਿਲ ਦੀ ਮੌਜ ਏ, ਗੱਲ ਕਰਨ ਵਿਚ ਤਾਂ ਨਹੀਂ ਕੁਝ ਘਟ ਜਾਣਾ?” ਉਸ ਦਾ ਅੱਗੇ ਉਠਿਆ ਕਦਮ ਉਠਿਆ ਹੀ ਰਹਿ ਗਿਆ।
“ਭੇਜੂ, ਘਾਟੇ ਦਾ ਸੌਦਾ ਨਹੀਂ।” ਅਸਗਰ ਸਾਹਿਬ ਨੇ ਉਸ ਨੂੰ ਪ੍ਰਭਾਵਿਤ ਕਰਨ ਲਈ ਜ਼ੋਰ ਦੇ ਕੇ ਕਿਹਾ।
“ਕੀ ਦੱਸਾਂ ਬਾਬੂ ਜੀ!”
“ਨਹੀਂ, ਕਹਿ ਜੋ ਕਹਿਣਾ ਹੈ।”
“ਲੋਕੀਂ ਕੀ ਕਹਿਣਗੇ?”
“ਜਦੋਂ ਢਿੱਡ ਭਰ ਕੇ ਖਾਣ ਨੂੰ ਨਹੀਂ ਮਿਲ ਰਿਹਾ, ਤਾਂ ਲੋਕ ਕਿਉਂ ਨਹੀਂ ਕੁਝ ਕਹਿੰਦੇ?”
“ਲੋਕ ਕਹਿਣਗੇ, ਲਾਲਚ ਵਿਚ ਫਸ ਕੇ ਧਰਮ ਛੱਡ ਦਿੱਤਾ।”
“ਜਦੋਂ ਨਿਆਣੇ ਭੁੱਖ, ਬਿਮਾਰੀ ਨਾਲ ਤੜਫ-ਤੜਫ ਕੇ ਮਰ ਜਾਣਗੇ, ਤਾਂ ਤੇਰਾ ਕਿਹੜਾ ਧਰਮ ਰਹੇਗਾ?”
“ਮੰਨ ਲਓ, ਮੈਂ ਬਣ ਜਾਂਦਾ ਹਾਂ, ਫਿਰ ਮੇਰੀ ਘਰਵਾਲੀ ਨੂੰ ਬੁਰਕਾ ਪਾਉਣਾ ਪਵੇਗਾ?”
“ਪਾ ਲਵੇ ਤਾਂ ਬੜੀ ਚੰਗੀ ਗੱਲ ਏ, ਬੇਪਰਦਗੀ ਚਲੀ ਜਾਵੇਗੀ। ਭੇਜੂ, ਤੂੰ ਪੜ੍ਹਿਆ-ਲਿਖਿਆ ਨਹੀਂ ਏਂ; ਨਹੀਂ ਤਾਂ ਮੌਲਾਨਾ ਮੌਦੀ ਦੀ ਕਿਤਾਬ ‘ਪਰਦਾ’ ਜਿਸ ਦਾ ਭਾਰ ਪੰਜ ਕਿਲੋ ਦੇ ਕਰੀਬ ਹੈ, ਤੈਨੂੰ ਪੜ੍ਹਾਉਂਦਾ। ਫਿਰ ਤੇਰੇ ਖਾਨੇ ਵਿਚ ਗੱਲ ਪੈਂਦੀ, ਬਈ ਪਰਦਾ ਕੀ ਚੀਜ਼ ਹੈ। ਫਿਰ ਵੀ ਜੇ ਤੂੰ ਨਾ ਚਾਹੇਂ, ਐਨੀ ਕੁ ਛੋਟ ਤੈਨੂੰ ਮਿਲ ਜਾਵੇਗੀ।”
“æææਤੇ ਬਾਬੂ ਜੀ ਮੇਰੀ ਮੁਸਲਮਾਨੀ ਵੀ ਕੀਤੀ ਜਾਵੇਗੀ।”
ਅਸਗਰ ਸਾਹਿਬ ਨੇ ਮੁਸਕਰਾ ਕੇ ਕਿਹਾ, “ਚਾਹੁੰਦੇ ਹੋ?”
“ਮੈਨੂੰ ਡਰ ਲਗਦਾ ਹੈ।”
“ਚੱਲ ਤੇਰੇ ਵਾਸਤੇ ਇਹ ਵੀ ਮਨਜ਼ੂਰ, ਪਰ ਬੱØਚਿਆਂ ਨੂੰ ਤਾਂ ਸੁੰਨਤ ਕਰਾਉਣੀ ਹੀ ਪਵੇਗੀ।”
“ਪਰ ਮੇਰੇ ਬੱਚੇ ਰੋਂਦੇ ਬਹੁਤ ਨੇ, ਮੁਸਲਮਾਨੀ ਵੇਲੇ ਤਾਂ ਜਾਨ ਹੀ ਨਿਕਲ ਜਾਊ ਉਨ੍ਹਾਂ ਦੀ।”
“ਭੇਜੂ, ਤੂੰ ਵੀ ਮੂਰਖਾਂ ਵਾਲੀਆਂ ਗੱਲਾਂ ਕਰਦਾ ਏਂ, ਮੁਸਲਮਾਨੀ ਕਰਾਉਂਦੇ ਸਮੇਂ ਅੱਜ ਤੀਕ ਕੋਈ ਮਰਿਆ ਏ? ਸਭ ਕੁਝ ਢੰਗ ਨਾਲ ਕੀਤਾ ਜਾਂਦਾ ਏ। ਅੰਨ੍ਹੇਵਾਹ ਕਤਲਾਮ ਨਹੀਂ ਹੁੰਦਾ।”
“ਚੰਗਾ ਜੀ, ਹੋਰ ਕੀ-ਕੀ ਹੋਵੇਗਾ?” ਉਸ ਦੇ ਚਿਹਰੇ ‘ਤੇ ਹੈਰਾਨੀ ਤੇ ਉਤਸੁਕਤਾ ਦੇ ਚਿੰਨ੍ਹ ਉਭਰੇ।
“ਹੋਣਾ ਕੀ ਏ, ਤੁਹਾਡੇ ਹਿੰਦੂਆਂ ਦੀ ਤਰ੍ਹਾਂ ਸਾਡੇ ਬਹੁਤੇ ਟਟਵੈਰ ਨਹੀਂ ਹੁੰਦੇ। ‘ਝੱਟ ਮੰਗਣੀ ਪੱਟ ਵਿਆਹ’ ਵਾਲੀ ਗੱਲ ਹੁੰਦੀ ਏ। ਇਮਾਮ ਸਾਹਿਬ ਤੁਹਾਡੇ ਨਵੇਂ ਨਾਉਂ ਰੱਖ ਦੇਣਗੇ। ਨਮਾਜ਼ ਵਿਚ ਬੈਠ ਜਾਣਾ, ਬੱਸ ਮੁਸਲਮਾਨ ਹੋ ਗਏ। ਨਮਾਜ਼ ਪੜ੍ਹਨੀ ਤੈਨੂੰ ਸਿਖਾ ਦੇਵਾਂਗਾ।”
“ਪਰ ਮੈਂ ਨਮਾਜ਼ ਕਿਵੇਂ ਸਿੱਖਾਂਗਾ? ਕਦੋਂ ਉਠਣਾ ਏ, ਕਦੋਂ ਬੈਠਣਾ ਏ, ਇਹ ਸਭ ਭੁੱਲ ਜਾਵਾਂਗਾ। ਅਨਪੜ੍ਹ ਹਾਂ ਨਾ।”
“ਬੱਲੇ ਉਇ ਤੇਰੇ, ਜਾਹਲ ਬੰਦੇ ਤਾਂ ਸਭ ਤੋਂ ਵਧੀਆ ਨਮਾਜ਼ ਪੜ੍ਹਦੇ ਹਨ। ਨਮਾਜ਼ ਦੀ ਜ਼ਿੰਮੇਵਾਰੀ ਮੇਰੇ ‘ਤੇ ਰਹੀ। ਮੈਂ ਤੈਨੂੰ ਚੰਗੀ ਤਰ੍ਹਾਂ ਸਿਖਾ ਦਿਆਂਗਾ।”
ਅਗਲੀ ਸਵੇਰ ਭੇਜੂ ਅਸਗਰ ਸਾਹਿਬ ਨਾਲ ਗੱਲਾਂ ਕਰਨ ਲਈ ਆਪ ਰੁਕ ਗਿਆ।
“ਇਕ ਗੱਲ ਕਰਨੀ ਸੀ ਤੁਹਾਡੇ ਨਾਲ।”
“ਕਰੋ ਭੇਜੂ।” ਕਹਿੰਦਿਆਂ ਅਸਗਰ ਸਾਹਿਬ ਨੇ ਨੌਕਰ ਨੂੰ ਚਾਹ ਲਈ ਬੋਲ ਦਿੱਤਾ।
“ਪੰਜ ਹਜ਼ਾਰ ਘੱਟ ਨੇ।”
ਇਹ ਸੁਣਦਿਆਂ ਹੀ ਅਸਗਰ ਸਾਹਿਬ ਅੱਗ ਦੀ ਲਾਟ ਵਾਂਗ ਭੜਕੇ, “ਘੱਟ ਨੇ? ਤੇਰੀਆਂ ਸੱਤ ਪੀੜ੍ਹੀਆਂ ਨੇ ਵੀ ਪੰਜ ਹਜ਼ਾਰ ਵੇਖੇ ਨੇ? ਮੂਰਖ ਕਿਸੇ ਥਾਂ ਦਾ।”
“ਬਾਬੂ ਜੀ, ਜਦੋਂ ਅਸੀਂ ਆਪਣਾ ਧਰਮ ਛੱਡਾਂਗੇ, ਤਾਂ ਸਾਨੂੰ ਵੀ ਤਾਂ ਕੁਝ ਮਜ਼ਬੂਤੀ ਦੀ ਲੋੜ ਪਵੇਗੀ।” ਭੇਜੂ ਨੇ ਬਿਨਾਂ ਕਿਸੇ ਡਰ ਤੋਂ ਜ਼ੋਰ ਦੇ ਕੇ ਕਿਹਾ।
“ਐਨਿਆਂ ਨਾਲ ਮਜ਼ਬੂਤੀ ਨਹੀਂ ਆਵੇਗੀ?”
“ਕਿਥੋਂ ਆਵੇਗੀ।”
“ਫਿਰ ਕਿੰਨਿਆਂ ਨਾਲ ਆਵੇਗੀ?”
“ਠੀਕ-ਠੀਕ ਕਹਾਂ, ਤਾਂ ਤਿੰਨ ਹਜ਼ਾਰ ਹੋਰ ਦੁਆ ਦਿਓ।”
ਥੋੜ੍ਹੀ ਦੇਰ ਤੱਕ ਚੁੱਪ ਪਸਰੀ ਰਹੀ। ਫਿਰ ਅਸਗਰ ਸਾਹਿਬ ਨੇ ਕਿਹਾ, “ਠੀਕ ਹੈ, ਐਨਾ ਹੀ ਮਿਲੇਗਾ, ਪਰ ਹੁਣ ਗੱਲ ਨਹੀਂ ਟਾਲਣੀ ਹੋਵੇਗੀ, ਨਹੀਂ ਤਾਂæææ।”
“ਨਹੀਂ ਬਾਬੂ ਜੀ, ਐਨਾ ਮਿਲ ਜਾਵੇਗਾ ਤਾਂ ਬਹੁਤ ਹੋਵੇਗਾ। ਹੋਰ ਲਾਲਚ ਨਹੀਂ ਦਿਖਾਵਾਂਗਾ।”
“ਸਹੁੰ ਖਾ ਕੇ ਕਹਿ ਬਈ ਅੱਠ ਹਜ਼ਾਰ ਤੋਂ ਜ਼ਿਆਦਾ ਨਹੀਂ ਮੰਗੇਂਗਾ ਅਤੇ ਮੁਸਲਮਾਨ ਬਣੇਂਗਾ।”
ਭੇਜੂ ਨੇ ਸਹੁੰ ਖਾ ਲਈ।
ਅਗਲੇ ਦਿਨ ਮਸਜਿਦ ਵਿਚ, ਹਿੰਦੂਆਂ ਵਿਚ ਨਾਪਾਕ ਸਮਝੇ ਜਾਣ ਵਾਲੇ ਭੇਜੂ ਨੂੰ ਪਾਕ, ਮਨਜ਼ੂਰ ਅਹਿਮਦ ਬਣਾ ਦਿੱਤਾ ਗਿਆ। ਉਸੇ ਦਿਨ ਉਸ ਦੇ ਦੋਹਾਂ ਲੜਕਿਆਂ ਦੀ ਮੁਸਲਮਾਨੀ ਵੀ ਹੋ ਗਈ। ਦੋਹਾਂ ਲੜਕਿਆਂ ਦੇ ਨਾਉਂ ਅਲਤਾਫ਼ ਅਹਿਮਦ ਅਤੇ ਮੁਸ਼ਤਾਕ ਅਹਿਮਦ ਰੱਖ ਦਿੱਤੇ ਗਏ। ਉਸ ਦੀ ਘਰਵਾਲੀ ਦਾ ਨਾਂ ਰੱਖਿਆ ਗਿਆ ਜ਼ੇਬੁਨ, ਮਤਲਬ ਜ਼ੈਬੁਨਿਸਾ। ਉਸੇ ਦਿਨ ਮਸਜਿਦ ਦੇ ਪਿਛਾੜੀ ਇਕ ਕੋਠੜੀ ਵਿਚ ਭੇਜੂ ਜਿਹੜਾ ਹੁਣ ਮਨਜ਼ੂਰ ਅਹਿਮਦ ਬਣ ਗਿਆ ਸੀ, ਨੇ ਆਪਣਾ ਡੇਰਾ ਜਮਾ ਲਿਆ।
ਮਨਜ਼ੂਰ ਅਹਿਮਦ ਨੇ ਮਸਜਿਦ ਦੇ ਪਿਛਾੜੀ ਕੋਠੜੀ ਵਿਚ ਲਗਾਤਾਰ ਡੇਢ ਸਾਲ ਗੁਜ਼ਾਰ ਦਿੱਤਾ। ਇਕ ਸ਼ਾਮ ਕੰਮ ਤੋਂ ਪਰਤ ਕੇ ਮੰਜੇ ‘ਤੇ ਆਰਾਮ ਕਰਦਿਆਂ ਪਤਾ ਨਹੀਂ ਮਨ ਵਿਚ ਕੀ ਵੇਗ ਉਠਿਆ, ਉਸ ਨੇ ਜ਼ੇਬੁਨ ਨੂੰ ਕਿਹਾ, “ਹੁਣ ਤਾਂ ਪਿੰਡ ਵਿਚ ਹੀ ਰਹਾਂਗੇ।”
“ਪਾਗਲ ਹੋ ਗਿਆ ਏਂ? ਪਿੰਡ ਜਾ ਕੇ ਕੀ ਕਰਾਂਗੇ?”
“ਕੁਝ ਵੀ ਕਰੀਏ, ਪਰ ਐਥੇ ਨਹੀਂ ਰਹਿਣਾ।” ਇੰਨਾ ਕਹਿ ਕੇ ਉਸ ਨੇ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਫ਼ਿਰਕਮੰਦ ਜ਼ੇਬੁਨ ਨੇ ਪੁੱਛਿਆ, “ਕਿਉਂ ਗੱਲ ਕੀ ਹੋ ਗਈ? ਤੈਨੂੰ ਕਿਸੇ ਨੇ ਕੁਝ ਕਿਹਾ ਏ?”
“ਨਹੀਂ, ਕਿਸੇ ਨੇ ਕੁਝ ਨਹੀਂ ਕਿਹਾ।”
“ਫ਼ਿਰ ਕੀ ਹੋਇਆ?”
“ਹੋਣਾ ਕੀ ਏ? ਐਥੇ ਨਹੀਂ ਲਗਦਾ ਦਿਲ। ਦਮ ਘੁਟਦਾ ਏ ਮੇਰਾ ਤਾਂ।”
“ਹੁਣੇ ਥੋੜ੍ਹੀ ਦੇਰ ਪਹਿਲਾਂ ਤੱਕ ਦਮ ਨਹੀਂ ਸੀ ਘੁਟਦਾ? ਪਏ-ਪਏ ਦਮ ਘੁਟਣ ਲੱਗ ਪਿਆ?”
“ਵੇਖ, ਮੇਰੇ ਨਾਲ ਬਹੁਤੀ ਬਹਿਸ ਕਰਨ ਦੀ ਲੋੜ ਨਹੀਂ। ਚਿੱਤ ਮੰਨਦਾ ਏ ਤਾਂ ਚੁੱਪ-ਚਾਪ ਚੱਲ, ਨਹੀਂ ਮੰਨਦਾ ਤਾਂ ਐਥੇ ਹੀ ਰਹਿ।”
ਜ਼ੇਬੁਨ ਚੁੱਪ ਹੋ ਗਈ। ਥੋੜ੍ਹੀ ਦੇਰ ਬਾਅਦ ਬੋਲੀ, “ਪਰ ਪਿੰਡ ਜਾਵਾਂਗੇ ਤਾਂ ਬਿਰਾਦਰੀ ਵਾਲੇ ਕੀ ਕਹਿਣਗੇ?”
“ਇਸ ਗੱਲ ਦੀ ਚਿੰਤਾ ਨਾ ਕਰ।”
“ਫਿਰ ਵੀ ਮੈਨੂੰ ਵੀ ਕੁਝ ਦੱਸ, ਮੈਂ ਤੇਰੀ ਪਤਨੀ ਹਾਂ।”
“ਸੱਚ ਤਾਂ ਇਹ ਹੈ ਕਿ ਮੁਸਲਮਾਨ ਹੋਣ ਤੋਂ ਮੇਰਾ ਮਨ ਭਰ ਗਿਆ ਏ। ਨਮਾਜ਼ਾਂ ਰੋਜ਼ੇ, ਇਹ ਕਰ, ਉਹ ਨਾ ਕਰ। ਇਹ ਸਭ ਕੁਝ ਹੁਣ ਮੈਥੋਂ ਨਹੀਂ ਹੋਣਾ।”
“ਪਰ ਅਸਗਰ ਸਾਹਿਬ ਕੀ ਕਹਿਣਗੇ?”
“ਗੋਲੀ ਮਾਰ ਉਹਦੇ, ਉਹ ਕਿਹੜਾ ਪਹਿਰੇਦਾਰ ਏ ਜਿਹੜਾ ਰਾਤ ਨੂੰ ਪਹਿਰਾ ਦਿੰਦਾ ਏ।”
ਪਿੰਡ ਜਿਹੜਾ ਬੰਦਾ ਪਹੁੰਚਿਆ ਸੀ, ਉਹ ਮਨਜ਼ੂਰ ਅਹਿਮਦ ਨਹੀਂ, ਭੇਜੂ ਸੀ। ਰਸਤੇ ਵਿਚ ਕਿਸੇ ਸਟੇਸ਼ਨ ਤੋਂ ਆਪਣੀ ਦਾੜ੍ਹੀ ਮੁਨਵਾ ਕੇ, ਬੱਚਿਆਂ ਦੀਆਂ ਗੋਲ ਟੋਪੀਆਂ ਸੁੱਟ ਕੇ, ਉਸ ਨੇ ਪਹਿਲਾਂ ਵਾਲਾ ਹੀ ਰੂਪ ਧਾਰ ਲਿਆ ਸੀ। ਆਪਣੀ ਕੁੱਲੀ ਪਾ ਕੇ ਉਸ ਨੇ ਮਜ਼ਦੂਰੀ ਸ਼ੁਰੂ ਕਰ ਦਿੱਤੀ।
ਪਿੰਡ ਛੱਡਣ ਤੋਂ ਪਹਿਲਾਂ ਵੀ ਮਜ਼ਦੂਰੀ ਕਰਦਾ ਸੀ, ਬਾਬੂ ਸਾਹਿਬ ਦੇ ਘਰ। ਬੰਨ੍ਹੀ-ਬੰਨ੍ਹਾਈ ਮਜ਼ਦੂਰੀ ਵਾਲੀ ਕੋਈ ਗੱਲ ਨਹੀਂ ਸੀ; ਜਦੋਂ ਉਹ ਕੁਝ ਮੰਗਦਾ, ਬਾਬੂ ਸਾਹਿਬ ਕੁਝ ਨਾ ਕੁਝ ਉਸ ਦੇ ਹੱਥ ‘ਤੇ ਧਰ ਦਿੰਦੇ। ਉਸ ਦਾ ਆਪਣਾ ਡੇਢ ਵਿੱਘੇ ਦਾ ਖੇਤ ਵੀ ਸੀ। ਆਪਣੇ ਖੇਤ ਵਿਚ ਉਹ ਆਪ ਹਲ ਵਾਹੁੰਦਾ, ਫਸਲ ਬੀਜਦਾ, ਵਾਢੀ ਕਰਦਾ, ਪਰ ਉਸ ਦੀ ਇਕ-ਤਿਹਾਈ ਪੈਦਾਵਾਰ ਹੀ ਉਸ ਨੂੰ ਮਿਲਦੀ। ਦੋ-ਤਿਹਾਈ ਪੈਦਾਵਾਰ ਬਾਬੂ ਸਾਹਿਬ ਦੇ ਖਾਤੇ ਵਿਚ ਚਲੀ ਜਾਂਦੀ, ਕਿਉਂਕਿ ਉਨਾਂ੍ਹ ਨੇ ਖੇਤ ਵਟਾਈ ‘ਤੇ ਲੈ ਰੱਖਿਆ ਸੀ। ਉਹਨੇ ਇਸੇ ਵਟਾਈ-ਲੁਟਾਈ ਵਿਚ ਖੇਤ ਵੇਚਿਆ, ਤੇ ਕਲਕੱਤੇ ਚੱਲ ਪਿਆ ਸੀ।
ਹੁਣ ਭੇਜੂ ਦਾ ਪਿੰਡ ਵਿਚ ਵੀ ਬਹੁਤੇ ਦਿਨਾਂ ਤੱਕ ਜੀਅ ਨਾ ਲੱਗਿਆ। ਧਰਮ ਬਦਲੀ ਦੀ ਕਮਾਈ ਮੁੱਕਦਿਆਂ ਹੀ ਉਸ ਨੂੰ ਫਿਰ ਪਰਦੇਸ ਜਾਣਾ ਪਿਆ। ਇਸ ਵਾਰੀ ਦਾ ਪਰਦੇਸ ਬੰਬਈ (ਹੁਣ ਮੁੰਬਈ) ਸੀ। ਬੰਬਈ ਉਸ ਲਈ ਕੁਝ ਸੁਖਾਲਾ ਰਿਹਾ। ਪਹੁੰਚਿਆ ਹੀ ਸੀ ਕਿ ਮਜ਼ਦੂਰੀ ਮਿਲ ਗਈ। ਜਿਸ ਬਹੁ-ਮੰਜ਼ਲੀ ਇਮਾਰਤ ਦੇ ਨਿਰਮਾਣ ਵਿਚ ਉਸ ਨੂੰ ਮਜ਼ਦੂਰੀ ਮਿਲੀ ਸੀ, ਉਥੇ ਹੀ ਅੱਧੀ ਮਜ਼ਦੂਰੀ ‘ਤੇ ਉਸ ਦੀ ਪਤਨੀ ਨੂੰ ਵੀ ਕੰਮ ਮਿਲ ਗਿਆ। ਰਹਿਣ ਲਈ ਠੇਕੇਦਾਰ ਦੁਆਰਾ ਬਣਵਾਈ ਝੌਂਪੜੀ ਮੁਫ਼ਤ ਵਿਚ ਮਿਲ ਗਈ।
ਇਕ ਸ਼ਾਮ ਉਹ ਲੱਤਾਂ ਪਸਾਰੀ ਝੌਂਪੜੀ ਦੇ ਬਾਹਰ ਬੈਠਾ ਸੀ ਕਿ ਇਕ ਔਰਤ ਆ ਧਮਕੀ। ਭੇਜੂ ਘਬਰਾ ਕੇ ਉਠ ਖੜ੍ਹਾ ਹੋਇਆ। ਉਹ ਮੁਸਕਰਾ ਰਹੀ ਸੀ। ਭੇਜੂ ਨੇ ਮੰਜਾ ਡਾਹ ਦਿੱਤਾ। ਉਹ ਮੁਸਕਰਾਉਂਦੀ ਹੋਈ ਮੰਜੇ ‘ਤੇ ਬੈਠ ਗਈ। ਉਸ ਨੇ ਭੇਜੂ ਨੂੰ ਈਸਾ ਮਸੀਹ ਬਾਰੇ ਬੜੇ ਵਿਸਥਾਰ ਨਾਲ ਦੱਸਿਆ। ਸੁੱਖ ਦੀ ਕਲਪਨਾ ਕਰਦਿਆਂ ਭੇਜੂ ਦੇ ਮੂੰਹ ਵਿਚ ਲਾਰ ਟਪਕ ਆਈ। ਕਹਿ ਬੈਠਾ, “ਤੁਸੀਂ ਬੜੀਆਂ ਚੰਗੀਆਂ ਗੱਲਾਂ ਦੱਸ ਰਹੇ ਹੋ।”
“ਤੈਨੂੰ ਸੱਚਮੁੱਚ ਮੇਰੀਆਂ ਗੱਲਾਂ ਪਸੰਦ ਆਈਆਂ?”
“ਹਾਂ, ਤੁਸੀਂ ਬੜੀਆਂ ਚੰਗੀਆਂ ਗੱਲਾਂ ਕਰ ਰਹੇ ਹੋ।”æææਤੇ ਉਹ ਔਰਤ ਕਦੀ ਫ਼ਿਰ ਆਉਣ ਲਈ ਆਖ ਕੇ ਚਲੀ ਗਈ।
ਕੁਝ ਮੁਲਾਕਾਤਾਂ ਹੋਰ ਹੋਈਆਂ। ਇਕ ਦਿਨ ਉਹ ਔਰਤ ਭੇਜੂ ਨੂੰ ਫਾਦਰ ਡਿਸੂਜਾ ਕੋਲ ਲੈ ਗਈ। ਫਾਦਰ ਕੋਲ ਭੇਜੂ ਧਰਮ ਬਦਲੀ ਦੇ ਛੇ ਹਜ਼ਾਰ ਲੈਣ ‘ਤੇ ਅੜ ਗਿਆ। ਫਾਦਰ ਨੇ ਪਹਿਲਾਂ ਤਾਂ ਉਸ ਨੂੰ ਕਾਫ਼ੀ ਬੁਰਾ-ਭਲਾ ਕਿਹਾ ਪਰ ਮਨ ਵਿਚ ਇਹ ਹਿਸਾਬ-ਕਿਤਾਬ ਲਾਉਂਦਿਆਂ ਕਿ ਇਸ ਦੀਆਂ ਪੀੜ੍ਹੀਆਂ ਤੁਰਨਗੀਆਂ, ਵਧਣਗੀਆਂ ਤੇ ਉਹ ਸਭ ਈਸਾਈ ਹੋਣਗੀਆਂ, ਤਾਂ ਇਹ ਨਫ਼ੇ ਦਾ ਹੀ ਸੌਦਾ ਹੋਵੇਗਾ। ਉਸ ਨੇ ਛੇ ਹਜ਼ਾਰ ਦੇਣ ਦੀ ਸਹਿਮਤੀ ਦੇ ਦਿੱਤੀ।
ਭੇਜੂ, ਉਸ ਦੀ ਪਤਨੀ ਅਤੇ ਦੋ ਬੱਚਿਆਂ ਦਾ ਰਸਮ ਅਨੁਸਾਰ ਬਪਿੱਤਸਮਾ ਹੋਇਆ ਜਿਨ੍ਹਾਂ ਦੇ ਨਾਂ ਕ੍ਰਮਵਾਰ ਇਸ ਪ੍ਰਕਾਰ ਸਨ: ਜੋਜ਼ਫ਼, ਐਲਫਰੇਡਾ, ਪੀਟਰ ਅਤੇ ਵਿਕਟਰ। ਰਹਿਣ ਲਈ ਉਸ ਨੂੰ ਗਿਰਜਾ ਘਰ ਦੇ ਅਹਾਤੇ ਵਿਚ ਕੋਠੜੀ ਮਿਲ ਗਈ। ਪਤਨੀ ਐਲਫਰੇਡਾ ਨੂੰ ਗਿਰਜਾ ਘਰ ਵਿਚ ਸਫ਼ਾਈ ਦਾ ਕੰਮ ਮਿਲ ਗਿਆ ਅਤੇ ਜੋਜ਼ਫ਼ ਆਪਣੇ ਵੱਡੇ ਲੜਕੇ ਪੀਟਰ ਨਾਲ ਮਜ਼ਦੂਰੀ ਉਤੇ ਜਾਣ ਲੱØਗਿਆ। ਹਰ ਸ਼ਾਮ ਉਹ ਪਰਿਵਾਰ ਸਮੇਤ ਗਿਰਜਾ ਘਰ ਵਿਚ ਪ੍ਰਾਰਥਨਾ ਕਰਦਾ। ਫ਼ਾਦਰ ਨੇ ਜੋਜ਼ਫ਼ ਅਤੇ ਉਸ ਦੇ ਪੁੱਤਰਾਂ ਨੂੰ ਪੁਰਾਣੇ ਪੈਂਟ ਕਮੀਜ਼ ਅਤੇ ਉਸ ਦੀ ਪਤਨੀ ਨੂੰ ਪੁਰਾਣਾ ਸਕਰਟ ਦਿੱਤਾ। ਉਨ੍ਹਾਂ ਨੇ ਆਪਣੇ ਪੁਰਾਣੀ ਕਿਸਮ ਦੇ ਕੱਪੜਿਆਂ ਨੂੰ ਅਲਵਿਦਾ ਆਖੀ ਅਤੇ ਆਧੁਨਿਕ ਹੋ ਗਏ।
ਇਕ ਸਵੇਰ ਗਿਰਜਾ ਘਰ ਦੀ ਸਫ਼ਾਈ ਜਦ ਦੇਰ ਤੱਕ ਨਾ ਹੋਈ, ਤਾਂ ਨੰਨ ਐਲਫਰੇਡਾ ਨੂੰ ਬੁਲਾਉਣ ਗਈ। ਕੋਠੜੀ ਕੋਲ ਜਾ ਕੇ ਕਈ ਆਵਾਜ਼ਾਂ ਮਾਰਨ ਉਤੇ ਵੀ ਜਦੋਂ ਕੋਈ ਨਾ ਬੋਲਿਆ, ਤਾਂ ਉਸ ਨੇ ਹੱਥ ਨਾਲ ਦਰਵਾਜ਼ਾ ਧੱਕਿਆ। ਖਾਲੀ ਕੋਠੜੀ ਭਾਂਅ-ਭਾਂਅ ਕਰ ਰਹੀ ਸੀ। ਜੋਜ਼ਫ਼ ਪਰਿਵਾਰ ਸਮੇਤ ਉਡਾਰੀ ਮਾਰ ਗਿਆ ਸੀ।
ਇਸ ਵਾਰੀ ਵੀ ਭੇਜੂ ਪੱਕੇ ਤੌਰ ‘ਤੇ ਆਪਣੇ ਪਿੰਡ ਨਾ ਰੁਕਿਆ। ਬੰਬਈ ਦੀ ਕਮਾਈ ਮੁੱਕਣ ਦੀ ਦੇਰ ਸੀ ਕਿ ਉਹ ਪਰਿਵਾਰ ਸਮੇਤ ਦਿੱਲੀ ਪੁੱਜ ਗਿਆ। ਦਿੱਲੀ ਵਿਚ ਕਾਫ਼ੀ ਦਿਨਾਂ ਤੱਕ ਇੱਧਰ-ਉਧਰ ਮਜ਼ਦੂਰੀ ਕਰਦਾ ਰਿਹਾ। ਇਕ ਦਿਨ ਉਹ ਠੇਕੇਦਾਰ ਸਰਦਾਰ ਹਰਨੈਲ ਸਿੰਘ ਦੇ ਸੰਪਰਕ ਵਿਚ ਆ ਗਿਆ। ਸਰਦਾਰ ਜੀ ਨੇ ਗੜਗਾਉਂ ਰੋਡ ਉਤੇ ਆਪਣੇ ਇੱਟਾਂ ਦੇ ਭੱਠੇ ‘ਤੇ ਉਸ ਨੂੰ ਚੌਕੀਦਾਰ ਬਣਾ ਕੇ ਭੇਜ ਦਿੱਤਾ। ਉਸ ਦੇ ਦੋਨੋਂ ਬੱਚੇ ਵੀ ਮਜ਼ਦੂਰੀ ਕਰਨ ਲੱਗ ਪਏ।
ਸਰਦਾਰ ਹਰਨੈਲ ਸਿੰਘ ਅਕਾਲੀ ਦਲ ਦੇ ਸ਼ਰਧਾਲੂ ਅਤੇ ਉਘੇ ਮੈਂਬਰ ਸਨ। ਵੱਡੇ-ਵੱਡੇ ਸਿੱਖ ਲੀਡਰਾਂ ਨੂੰ ਉਹ ਝਾੜ ਪਾ ਦਿਆ ਕਰਦੇ ਸਨ, “ਤੁਸੀਂ ਸਿੱਖ ਪੰਥ ਵਾਸਤੇ ਕੀਤਾ ਹੀ ਕੀ ਹੈ? ਆਜ਼ਾਦੀ ਮਗਰੋਂ ਕਿੰਨੇ ਲੋਕਾਂ ਨੂੰ ਤੁਸੀਂ ਸਿੱਖ ਬਣਾਇਆ?”
ਉਨ੍ਹਾਂ ਦਾ ਮੌਲਿਕ ਵਿਚਾਰ ਸੀ ਕਿ ਪੰਥ ਦੇ ਵਿਸਥਾਰ ਵਾਸਤੇ ਹਰ ਸਿੱਖ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਘੱਟੋ-ਘੱਟ ਦਸ ਬੰਦਿਆਂ ਨੂੰ ਸਿੱਖ ਬਣਾਏ। ਖਾਲਿਸਤਾਨ ਦੇ ਮਸਲੇ ਬਾਰੇ ਉਨ੍ਹਾਂ ਕੋਲ ਨਵੀਂ ਯੋਜਨਾ ਸੀ। ਉਹ ਚਾਹੁੰਦੇ ਸਨ ਕਿ ਧਰਮ ਬਦਲੀ ਦੁਆਰਾ ਦਿੱਲੀ ਵਿਚ ਸਿੱਖਾਂ ਦੀ ਬਹੁ-ਗਿਣਤੀ ਬਣਾ ਕੇ ਖਾਲਿਸਤਾਨ ਦੀ ਰਾਜਧਾਨੀ ਦਿੱਲੀ ਨੂੰ ਹੀ ਬਣਾਇਆ ਜਾਵੇ।
ਹਰਨੈਲ ਸਿੰਘ ਜੀ ਦੀ ਗੈਰ-ਸਿੱਖਾਂ ਨਾਲ ਕਾਫੀ ਦੋਸਤੀ ਸੀ। ਉਹ ਜਦੋਂ ਵੀ ਆਪਣੇ ਕੋਲ ਚਾਰ-ਛੇ ਗੈਰ-ਸਿੱਖਾਂ ਨੂੰ ਬੈਠੇ ਦੇਖਦੇ ਤਾਂ ਪੰਥ ਦੇ ਗੁਣ ਗਾਉਣ ਲੱਗ ਪੈਂਦੇ। ਫਿਰ ਵੀ ਲੋਕਾਂ ‘ਤੇ ਗਹਿਰਾ ਪ੍ਰਭਾਵ ਪਾਉਣ ਵਿਚ ਇਹ ਸਦਾ ਅਸਮਰਥ ਰਹੇ ਸਨ। ਮਸਲਾ ਤਾਂ ਘੱਟੋ-ਘੱਟ ਦਸ ਬੰਦਿਆਂ ਨੂੰ ਸਿੱਖ ਬਣਾਉਣ ਦਾ ਸੀ, ਪਰ ਗੱਲ ਇਕ ਵੀ ਨਹੀਂ ਸੀ ਬਣ ਰਹੀ। ਆਖਰ ‘ਦੇਰ ਆਏ ਦਰੁਸਤ ਆਏ’ ਖਿਆਲ ਨਾਲ ਉਹ ਇਸ ਨਤੀਜੇ ‘ਤੇ ਪਹੁੰਚੇ ਕਿ ਅੱਜ ਕੱਲ੍ਹ ਲੋਕ ਧਾਰਮਿਕ ਸਿੱਖਿਆਵਾਂ ਨਾਲ ਨਹੀਂ, ਸਗੋਂ ਰੁਪਏ ਦੇ ਜ਼ੋਰ ਨਾਲ ਧਰਮ ਬਦਲੀ ਕਰਦੇ ਹਨ।
ਭੇਜੂ ਨਾਲ ਉਨ੍ਹਾਂ ਨੇ ਧਰਮ ਬਦਲੀ ਦੀ ਗੱਲ ਕੀਤੀ, ਤਾਂ ਭੇਜੂ ਨੇ ਨਾ ਹੀ ‘ਹਾਂ’ ਕੀਤੀ ਤੇ ਨਾ ਹੀ ‘ਨਾਂਹ’। ਉਨ੍ਹਾਂ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਥੋੜ੍ਹੇ ਦਿਨ ਟਾਲ-ਮਟੋਲ ਕਰਨ ਮਗਰੋਂ ਭੇਜੂ ਨੇ ਸਿੱਖ ਬਣਨਾ ਤਾਂ ਮੰਨ ਲਿਆ ਪਰ ਦਸ ਹਜ਼ਾਰ ਦੀ ਮੰਗ ਰੱਖ ਦਿੱਤੀ। ਸਰਦਾਰ ਜੀ ਨੂੰ ਉਸ ਰਾਤ ਨੀਂਦ ਨਾ ਆਈ। ਇਕ ਪਾਸੇ ਐਨੇ ਰੁਪਏ ਤੇ ਦੂਜੇ ਪਾਸੇ ਧਰਮ ਬਦਲੀ ਲਈ ਹੱਥ ਲੱਗਿਆ ਪਹਿਲਾ ਬੰਦਾ। ਕਾਫੀ ਉਧੇੜ-ਬੁਣ ਮਗਰੋਂ ਰਾਤ ਦੇ ਤਿੰਨ ਵਜੇ ਉਨ੍ਹਾਂ ਨੇ ਫੈਸਲਾ ਕਰ ਲਿਆ। ਤੁਰੰਤ ਉਠੇ ਤੇ ਭੱਠੇ ‘ਤੇ ਪਹੁੰਚ ਗਏ। ਭੇਜੂ ਨੂੰ ਜਗਾਇਆ ਤੇ ਦੱਸਿਆ ਕਿ ਉਹ ਸਿੱਖ ਬਣਨ ਲਈ ਤਿਆਰ ਹੋ ਜਾਵੇ, ਉਸ ਦੀ ਮੰਗ ਪੂਰੀ ਕੀਤੀ ਜਾਵੇਗੀ।
ਉਸ ਦਿਨ ਠੀਕ ਗਿਆਰਾਂ ਵਜੇ ਗੁਰਦੁਆਰੇ ਵਿਚ ਗੁਰਬਾਣੀ ਦੀ ਧੀਮੀ ਲੈਅ ਵਿਚ ਭੇਜੂ ਨੇ ਪਰਿਵਾਰ ਸਮੇਤ ਸਿੱਖ ਧਰਮ ਗ੍ਰਹਿਣ ਕਰ ਲਿਆ। ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਕੜਾ, ਕਛਹਿਰਾ, ਕੰਘਾ, ਕਿਰਪਾਨ ਤੇ ਪਗੜੀਆਂ ਮਿਲ ਗਈਆਂ। ਹੁਣ ਉਹਦਾ ਨਾਂ ਗੁਰਭਾਗ ਸਿੰਘ, ਪਤਨੀ ਦਾ ਜਸਵੀਰ ਕੌਰ ਅਤੇ ਪੁੱਤਰਾਂ ਦੇ ਨਾਂ ਗੁਰਭੇਜ ਸਿੰਘ ਅਤੇ ਗੁਰਮੇਲ ਸਿੰਘ ਰੱਖੇ ਗਏ। ਅਗਲੇ ਦਿਨ ਭੱਠੇ ਉਤੇ ਸਿੱਖ ਧਰਮ ਦੇ ਵੱਡੇ-ਵੱਡੇ ਲੀਡਰਾਂ, ਨਿਹੰਗ ਸਿੰਘਾਂ, ਪੱਤਰਕਾਰਾਂ ਆਦਿ ਦੀ ਭੀੜ ਲੱਗਣੀ ਸ਼ੁਰੂ ਹੋ ਗਈ। ਹਰਨੈਲ ਸਿੰਘ ਬੜੇ ਮਾਣ ਨਾਲ ਦੱਸਦੇ: “ਆਪਣੇ ਧਰਮ ਦੀਆਂ ਕੁਲੀਨ ਜਾਤਾਂ ਦੇ ਅੱਤਿਆਚਾਰਾਂ ਤੋਂ ਦੁਖੀ ਹੋ ਕੇ ਗੁਰਭਾਗ ਸਿੰਘ ਨੇ ਖੁਸ਼ੀ ਨਾਲ ਆਪਣਾ ਧਰਮ ਛੱਡਿਆ ਹੈ। ਇਹ ਤਾਂ ਕੇਵਲ ਮੁੱਢ ਹੈ। ਅੱਗੇ ਵੇਖੋ ਕੀ ਬਣਦਾ ਹੈ।”
ਸੱਚਮੁਚ ਜੋ ਅੱਗੇ ਹੋਇਆ, ਉਹ ਦੇਖਣਯੋਗ ਸੀ। ਦਸ ਮਹੀਨੇ ਬਾਅਦ ਗੁਰਭਾਗ ਸਿੰਘ ਭੱਠੇ ਤੋਂ ਤਿੱਤਰ ਹੋ ਗਿਆ। ਇੱਧਰ ਸਰਦਾਰ ਹਰਨੈਲ ਸਿੰਘ ਆਪਣੀਆਂ ਕਾਰਾਂ, ਮੋਟਰ ਸਾਈਕਲਾਂ ਅਤੇ ਟਰੱਕ ਦੌੜਾਈ ਆਪਣੇ ਇਕੋ-ਇਕ ਨਮੂਨੇ ਦੀ ਖੋਜ ਲਈ ਭੱਜੇ ਫਿਰ ਰਹੇ ਸਨ, ਤੇ ਉਧਰ ਉਹ ਤੇਜ਼ ਰਫ਼ਤਾਰ ਗੱਡੀ ਵਿਚ ਆਪਣੇ ਨਾਲ ਬੈਠੇ ਨੌਜਵਾਨ ਤੋਂ ਬੜੇ ਹੌਸਲੇ ਨਾਲ ਪੁੱਛ ਰਿਹਾ ਸੀ-“ਭਾਈ ਸਾਹਿਬ, ਆਪਣੇ ਦੇਸ਼ ਵਿਚ ਹਿੰਦੂ, ਮੁਸਲਮਾਨ (ਇਸਲਾਮ), ਸਿੱਖ ਅਤੇ ਈਸਾਈ ਧਰਮ ਤੋਂ ਬਿਨਾਂ ਕੋਈ ਹੋਰ ਧਰਮ ਵੀ ਹੁੰਦਾ ਹੈ?”