ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੈਚ

ਐਤਕੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡੇ ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੈਚ ਵਿਵਾਦਾਂ ਵਿਚ ਘਿਰ ਗਿਆ। ਮੈਚ ਦੀਆਂ ਦੋਹਾਂ ਟੀਮਾਂ, ਖਾਸ ਕਰ ਕੇ ਪਾਕਿਸਤਾਨ ਦੀ ਟੀਮ ਵੱਲੋਂ ਦੋਸ਼ਾਂ ਦੀ ਵਾਛੜ ਲਗ ਗਈ। ਪ੍ਰਿੰਸੀਪਲ ਸਰਵਣ ਸਿੰਘ ਨੇ ਓਲੰਪੀਅਨ ਪਰਗਟ ਸਿੰਘ ਦੀ ਪ੍ਰਧਾਨਗੀ ਵਿਚ ਬਣੀ ਤਕਨੀਕੀ ਕਮੇਟੀ ਵੱਲੋਂ ਕੱਢੇ ਸਿੱਟਿਆਂ ਦੀ ਪੁਣ-ਛਾਣ ਕਰਦਿਆਂ ਕੁਝ ਤੱਥਾਂ ਉਤੇ ਚਾਨਣਾ ਪਾਇਆ ਹੈ।

ਕਬੱਡੀ ਪ੍ਰੇਮੀਆਂ ਦੀ ਪੁਰਜ਼ੋਰ ਮੰਗ ‘ਤੇ ਅਸੀਂ ਇਹ ਉਚੇਚਾ ਲੇਖ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ

ਪ੍ਰਿੰæ ਸਰਵਣ ਸਿੰਘ

ਪੰਜਵੇਂ ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੈਚ ਹਾਲੇ ਵੀ ਚਰਚਾ ਵਿਚ ਹੈ। ਟੀæਵੀæ ਰਾਹੀਂ ਇਹ ਮੈਚ ਕਰੋੜਾਂ ਲੋਕਾਂ ਨੇ ਵੇਖਿਆ ਤੇ ਯੂ-ਟਿਊਬ ਤੋਂ ਅਜੇ ਵੀ ਵੇਖਿਆ ਜਾ ਰਿਹੈ। ਇਹ ਮੈਚ ਕਾਫੀ ਵਾਦ-ਵਿਵਾਦੀ ਰਿਹਾ। ਓਲੰਪੀਅਨ ਪਰਗਟ ਸਿੰਘ ਦੀ ਪ੍ਰਧਾਨਗੀ ਵਿਚ ਬਣੀ ਤਕਨੀਕੀ ਕਮੇਟੀ ਨੇ ਇਸ ਦੀ ਪੁਣ-ਛਾਣ ਕਰ ਲਈ ਹੈ ਤੇ ਕਈ ਲੁਕਵੇਂ ਤੱਥ ਲੱਭੇ ਹਨ। ਕਬੱਡੀ ਪ੍ਰੇਮੀ ਚਾਹੁੰਦੇ ਹੋਣਗੇ ਕਿ ਉਨ੍ਹਾਂ ਤੱਥਾਂ ਦਾ ਪਤਾ ਲੱਗੇ ਤਾਂ ਕਿ ਫੈਲਾਏ ਜਾ ਰਹੇ ਭਰਮ-ਭੁਲੇਖੇ ਦੂਰ ਹੋਣ। ਦਰਸ਼ਕ ਹਾਰੇ ਖਿਡਾਰੀਆਂ ਦੇ ਹੰਝੂ ਵੇਖ ਕੇ ਗ਼ਲਤ ਅਨੁਮਾਨ ਨਾ ਲਾਉਣ। ਵਾਧੂ ਦੀਆਂ ਊਜਾਂ ਦੇ ਸ਼ਿਕਾਰ ਨਾ ਹੋਣ।
ਅਕਸਰ ਵੇਖਿਆ ਜਾਂਦੈ ਕਿ ਖਿਡਾਰੀ ਹਾਰ ਜਾਣ ਪਿੱਛੋਂ ਰੋਂਦੇ ਧੋਂਦੇ ਤੇ ਬੇਇਨਸਾਫ਼ੀ ਦੇ ਇਲਜ਼ਾਮ ਲਾਉਂਦੇ ਹਨ। ਕੁਝ ਐਸਾ ਹੀ ਭਾਰਤ-ਪਾਕਿਸਤਾਨ ਫਾਈਨਲ ਮੈਚ ਪਿੱਛੋਂ ਹੋਇਆ। ਵਿਸ਼ਵ ਕਬੱਡੀ ਕੱਪ ਦਾ ਡਾਇਰੈਕਟਰ ਉੱਘਾ ਕਬੱਡੀ ਖਿਡਾਰੀ, ਪੁਲਿਸ ਅਫਸਰ ਸ਼ਿਵਦੇਵ ਸਿੰਘ ਸੀ ਜਿਸ ਦਾ ਅਕਸ ਨਿਰਪੱਖ, ਈਮਾਨਦਾਰ ਤੇ ਅਨੁਸ਼ਾਸਨਬੱਧ ਪ੍ਰਬੰਧਕ ਹੋਣ ਦਾ ਬਣਿਆ ਹੋਇਆ ਹੈ। ਉਸ ਦਾ ਖ਼ੁਦ ਖੇਡਣ, ਖਿਡਾਉਣ ਤੇ ਖੇਡ ਪ੍ਰਬੰਧਕ ਹੋਣ ਦਾ ਚਾਲੀ ਵਰ੍ਹੇ ਲੰਮਾ ਤਜਰਬਾ ਹੈ। ਉਸ ਨੇ ਮੈਚ ਤੋਂ ਪਹਿਲਾਂ ਭਾਰਤ-ਪਾਕਿਸਤਾਨ ਟੀਮਾਂ ਦੀ ਨਿਗਰਾਨੀ ਲਈ ਨਿਗਰਾਨ ਲਾ ਦਿੱਤੇ ਸਨ, ਤਾਂ ਕਿ ਖਿਡਾਰੀ ਪਿੰਡੇ ‘ਤੇ ਤੇਲੀਆ ਸ਼ੈਅ ਜਾਂ ਟੀਕੇ ਆਦਿ ਨਾ ਲਾ ਸਕਣ। ਇਹਦੇ ਬਾਵਜੂਦ ਦੋਹਾਂ ਟੀਮਾਂ ਦੇ ਕੁਝ ਖਿਡਾਰੀਆਂ ਨੇ ਤੇਲੀਆ ਵਸਤੂਆਂ ਪਿੰਡਿਆਂ ‘ਤੇ ਲਾ ਲਈਆਂ ਸਨ। ਪਾਕਿਸਤਾਨ ਦੀ ਟੀਮ ਨਾਲ ਲਾਏ ਨਿਗਰਾਨ ਨੇ ਦੱਸਿਆ ਕਿ ਮੈਚ ਤੋਂ ਪਹਿਲਾਂ ਉਸ ਨੂੰ ਇਹ ਕਹਿ ਕੇ ਕਮਰੇ ਤੋਂ ਬਾਹਰ ਭੇਜਿਆ ਗਿਆ, ਪਈ ਉਨ੍ਹਾਂ ਨੇ ਦੁਆ ਕਰਨੀ ਹੈ। ਉਹ ਬਾਹਰ ਨਿਕਲਿਆ ਤਾਂ ਜਿਨ੍ਹਾਂ ਨੇ ਤੇਲ ਲਾਉਣਾ ਸੀ, ਉਹ ਤੇਲ ਦੀ ‘ਦੁਆ’ ਲਾ ਕੇ ਬਾਹਰ ਨਿਕਲੇ। ਇੰਜ ਹੀ ਕੁਝ ਭਾਰਤੀ ਖਿਡਾਰੀਆਂ ਨੇ ‘ਬਾਮ’ ਲਾਈ।
ਟੀਮਾਂ ਦਾਇਰੇ ਵਿਚ ਆਈਆਂ ਤਾਂ ਸ਼ਿਵਦੇਵ ਸਿੰਘ ਨੇ ਪਾਕਿਸਤਾਨੀ ਟੀਮ ਦੇ ਕਪਤਾਨ ਸ਼ਫੀਕ ਚਿਸ਼ਤੀ ਦੇ ਲਿਸ਼ਕਦੇ ਪਟੇ ਵੇਖਦਿਆਂ ਉਨ੍ਹਾਂ ਨੂੰ ਹੱਥ ਲਾ ਕੇ ਟੋਹਿਆ। ਉਸ ਦਾ ਕਹਿਣਾ ਹੈ ਕਿ ਉਹਦਾ ਹੱਥ ਤੇਲ ਨਾਲ ਗੱਚ ਹੋ ਗਿਆ। ਚੰਗੀ ਤਰ੍ਹਾਂ ਪੂੰਝਣ ਨਾਲ ਵੀ ਉਸ ਦਾ ਚਿਪਚਿਪਾਪਨ ਕਾਇਮ ਰਿਹਾ। ਨਿਯਮਾਂ ਅਨੁਸਾਰ ਪਿੰਡੇ ਜਾਂ ਵਾਲਾਂ ਨੂੰ ਤੇਲ ਲਾ ਕੇ ਆਏ ਖਿਡਾਰੀਆਂ ਨੂੰ ਲਾਲ ਕਾਰਡ ਵਿਖਾ ਕੇ ਮੈਚ ਖੇਡਣ ਤੋਂ ਬੈਨ ਕਰ ਦੇਣਾ ਬਣਦਾ ਸੀ, ਪਰ ਉਸ ਵੇਲੇ ਤੇਲੀਆ ਖਿਡਾਰੀਆਂ ਨੂੰ ਬੈਨ ਕੀਤਾ ਜਾਂਦਾ ਤਾਂ ਸੰਭਾਵਨਾ ਸੀ ਕਿ ਮੈਚ ਹੁੰਦਾ ਹੀ ਨਾ। ਉਸ ਵੇਲੇ ਪੰਜਾਬ ਤੇ ਹਰਿਆਣੇ ਦੇ ਮੁੱਖ ਮੰਤਰੀ ਸਸ਼ੋਭਿਤ ਸਨ ਅਤੇ ਦਰਸ਼ਕਾਂ ਨਾਲ ਭਰੇ ਹੋਏ ਸਟੇਡੀਅਮ ‘ਚ ਮੈਚ ਵੇਖਣ ਦੀ ਤੀਬਰ ਚਾਹਤ ਸੀ। ਕਰੋੜਾਂ ਲੋਕ ਟੀæਵੀæ ਤੋਂ ਮੈਚ ਵੇਖਣ ਦੀ ਇੰਤਜ਼ਾਰ ਕਰ ਰਹੇ ਸਨ। ਉਸ ਸਥਿਤੀ ਵਿਚ ਤੌਲੀਆਂ ਨਾਲ ਪਿੰਡੇ ਪੂੰਝੇ ਗਏ, ਪਰ ਤੇਲ ਪੂਰੀ ਤਰ੍ਹਾਂ ਪੂੰਝਿਆ ਨਾ ਜਾ ਸਕਿਆ।
ਟੂਰਨਾਮੈਂਟ ਦੇ ਡਾਇਰੈਕਟਰ ਨੇ ਪਾਕਿਸਤਾਨ ਦੇ ਡਾਇਰੈਕਟਰ ਸਪੋਰਟਸ ਨੂੰ ਕਹਿ ਵੀ ਦਿੱਤਾ ਕਿ ਇਹ ਮੈਚ ਕੋਈ ਮੈਚ ਨਹੀਂ, ਪਰ ਮੈਚ ਖਿਡਾਉਣਾ ਸਮੇਂ ਦੀ ਮਜਬੂਰੀ ਸੀ; ਸੋ, ਮੈਚ ਸ਼ੁਰੂ ਕਰਾਉਣਾ ਪਿਆ। ਤੇਲ ਲੱਗਿਆ ਹੋਣ ਕਾਰਨ ਪਹਿਲੇ ਕੁਆਰਟਰ ਵਿਚ ਦੋਹਾਂ ਟੀਮਾਂ ਤੋਂ ਸਿਰਫ਼ ਇਕ-ਇਕ ਜੱਫਾ ਲੱਗਾ ਤੇ ਅੰਕ 11-11 ਰਹੇ। ਕੁਝ ਰੇਡਰ ਬੁਰੀ ਤਰ੍ਹਾਂ ਫਸ ਕੇ ਵੀ ਜੱਫੇ ‘ਚੋਂ ਤਿਲ੍ਹਕ ਜਾਂਦੇ ਰਹੇ। 20 ਦਸੰਬਰ ਦੀ ਦਿਨ ਛਿਪੇ ਦੀ ਠਾਰੀ ਵਿਚ ਜਦੋਂ ਮੁੜ੍ਹਕਾ ਆਉਂਦਾ ਹੀ ਨਹੀਂ, ਰੇਡਰਾਂ ਦੇ ਪਿੰਡੇ ਲਿਸ਼ਕਦੇ ਰਹੇ ਜਿਵੇਂ ਮੁੜ੍ਹਕੇ ਨਾਲ ਲਿਸ਼ਕਦੇ ਹਨ। ਸਪਸ਼ਟ ਸੀ ਕਿ ਤੇਲੀਆ ਵਸਤੂਆਂ ਮਲੀਆਂ ਹੋਈਆਂ ਸਨ। ਪਾਣੀ ਪੀਣ ਦੀ ਬਰੇਕ ਸਮੇਂ ਪਾਕਿਸਤਾਨੀ ਟੀਮ ਦੇ ਖੇਮੇ ਵਿਚੋਂ ਫੜੀ ਇਕ ਬੋਤਲ ਸ਼ਿਵਦੇਵ ਸਿੰਘ ਨੇ ਤਕਨੀਕੀ ਕਮੇਟੀ ਦੀ ਮੀਟਿੰਗ ਵਿਚ ਪੇਸ਼ ਕੀਤੀ। ਦੱਸਿਆ ਕਿ ਉਸ ਵਿਚ ਨਾਰੀਅਲ ਦਾ ਤੇਲ ਤੇ ਬੇਬੀ ਆਇਲ ਪਾ ਕੇ ਗਰਮ ਪਾਣੀ ਪਾਇਆ ਹੋਇਆ ਸੀ। ਉਹ ਤੇਲੀਆ ਪਾਣੀ ਵੇਖਣ ਨੂੰ ਪਾਣੀ ਹੀ ਲੱਗਦਾ ਸੀ ਜੋ ਪੀਣ ਲਈ ਨਹੀਂ, ਸਿਰ ਦੇ ਪਟਿਆਂ ਨੂੰ ਲਾਉਣ ਲਈ ਸੀ। ਉਥੋਂ ਫਿਰ ਸਹਿਜੇ ਹੀ ਪਿੰਡੇ ‘ਤੇ ਲੱਗ ਸਕਦਾ ਸੀ। ਸ਼ਿਵਦੇਵ ਸਿੰਘ ਨੇ ਜਦੋਂ ਉਹ ਬੋਤਲ ਲੈਣੀ ਚਾਹੀ, ਤਾਂ ਬੋਤਲ ਵਾਲਾ ਭੱਜ ਪਿਆ, ਪਰ ਇਕ ਜੁਆਨ ਨੇ ਪਿੱਛੇ ਭੱਜ ਕੇ ਬੋਤਲ ਕਾਬੂ ਕਰ ਲਈ। ਇਕ ਤਿਹਾਈ ਬਚੀ ਬੋਤਲ ਅਸੀਂ ਸੁੰਘੀ ਤਾਂ ਬੇਬੀ ਆਇਲ ਤੇ ਨਾਰੀਅਲ ਦਾ ਮੁਸ਼ਕ ਆਇਆ। ਉਦੋਂ ਤਕ ਨਾਰੀਅਲ ਦਾ ਤੇਲ ਜੰਮ ਕੇ ਥੱਲੇ ਬੈਠ ਚੁੱਕਾ ਸੀ।
ਪਾਕਿਸਤਾਨ ਦੇ ਡਾਇਰੈਕਟਰ ਸਪੋਰਟਸ ਨੂੰ ਉਹ ਬੋਤਲ ਵਿਖਾਈ ਤਾਂ ਉਸ ਨੇ ਕਿਹਾ, ਇਹ ਸ਼ਹਿਦ ਹੈ। ਚਿੱਟੇ ਰੰਗ ਦੇ ਸ਼ਹਿਦ ਦਾ ਪਹਿਲੀ ਵਾਰ ਪਤਾ ਲੱਗਾ। ਵੈਸੇ ਵਾਟਰ ਬਰੇਕ ਵਿਚ ਪਾਣੀ ਤੋਂ ਇਲਾਵਾ ਸ਼ਹਿਦ ਜਾਂ ਕੁਝ ਵੀ ਹੋਰ ਖਾਣ-ਪੀਣ ਲਈ ਦੇਣਾ ਨਿਯਮਾਂ ਦੀ ਉਲੰਘਣਾ ਸੀ। ਕੁਝ ਖਿਡਾਰੀ ਅੰਕ ਲੈਣ ਪਿੱਛੋਂ ਕੁਝ ਵਧੇਰੇ ਹੀ ਬਾਹਾਂ ਉਲਾਰਦੇ ਰਹੇ ਜੋ ਖੇਡ ਭਾਵਨਾ ਦੇ ਉਲਟ ਸੀ। ਅਜਿਹਾ ਕਰਨ ਵਿਚ ਪਾਕਿਸਤਾਨ ਦੇ ਜ਼ਿੰਮੇਵਾਰ ਕਪਤਾਨ ਨੇ ਵੀ ਘੱਟ ਨਹੀਂ ਗੁਜ਼ਾਰੀ। ਉਹ ਅੰਕ ਹਾਸਲ ਕਰ ਕੇ ਵਾਰ-ਵਾਰ ਲੱਤਾਂ ਦਾ ਅਜਿਹਾ ਫਿਟਫਿਟੀਆ ਚਲਾਉਂਦਾ ਕਿ ਹੋਛਾ ਲੱਗਦਾ। ਭਾਰਤ ਦੇ ਜਾਫੀ ਮੰਗੀ ਨੇ ਧੱਕੇ ਦੇਣ ਦੀਆਂ ਦੋ ਕੋਝੀਆਂ ਹਰਕਤਾਂ ਕੀਤੀਆਂ ਜਿਸ ਕਰ ਕੇ ਉਸ ਨੂੰ ਵਾਰਨਿੰਗ ਕਾਰਡ ਵਿਖਾਇਆ ਗਿਆ।
ਮੈਚ ਦੇ ਅੱਧੇ ਸਮੇਂ ਤਕ ਪਾਕਿਸਤਾਨ ਦੀ ਟੀਮ 23-20 ਅੰਕਾਂ ਨਾਲ ਅੱਗੇ ਸੀ। ਤੀਜੇ ਕੁਆਰਟਰ ਵਿਚ ਉਹ 27-21 ਦੀ ਲੀਡ ਲੈ ਕੇ ਕੁਆਰਟਰ ਮੁੱਕਣ ਤਕ 34-31 ਅੰਕਾਂ ‘ਤੇ ਆ ਗਈ। ਅਖ਼ੀਰਲੇ ਕੁਆਟਰ ਵਿਚ ਉਹ ਮੈਚ ਜਿੱਤਦੀ-ਜਿੱਤਦੀ 42-45 ਅੰਕਾਂ ਨਾਲ ਮੈਚ ਹਾਰ ਗਈ। 2013 ਦੇ ਫਾਈਨਲ ਮੈਚ ਵਿਚ ਅੱਧੇ ਸਮੇਂ ਤਕ ਭਾਰਤੀ ਟੀਮ ਪਾਕਿਸਤਾਨੀ ਟੀਮ ਤੋਂ 23-21 ਅੰਕਾਂ ਨਾਲ ਅੱਗੇ ਸੀ। ਪਹਿਲੇ ਕੁਆਰਟਰ ਵਿਚ ਭਾਰਤੀ ਟੀਮ 12-11, ਦੂਜੇ ਵਿਚ 11-10, ਤੀਜੇ ਵਿਚ 11-9 ਤੇ ਚੌਥੇ ਵਿਚ 15-8 ਦੀ ਵੱਡੀ ਲੀਡ ਲੈ ਕੇ 49-38 ਅੰਕਾਂ ਨਾਲ ਮੈਚ ਜਿੱਤੀ ਸੀ। ਇਸ ਵਾਰ ਪਾਕਿਸਤਾਨੀ ਟੀਮ ਪਹਿਲੇ ਕੁਆਰਟਰ ਵਿਚ 11-11, ਦੂਜੇ ਵਿਚ 12-9, ਤੀਜੇ ਵਿਚ 11-11 ਤੇ ਚੌਥੇ ਵਿਚ 8-14 ਅੰਕ ਲੈ ਸਕੀ। ਪਾਕਿਸਤਾਨ ਦੇ ਕਬੱਡੀ ਅਧਿਕਾਰੀਆਂ ਤੇ ਕਬੱਡੀ ਕੋਚਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਟੀਮ ਆਖ਼ਰੀ ਕੁਆਰਟਰ ਵਿਚ ਹੰਭ ਕਿਉਂ ਜਾਂਦੀ ਹੈ?
2013 ਦੇ ਫਾਈਨਲ ਮੈਚ ਵਿਚ ਹਿੰਦ-ਪਾਕਿ ਦੇ 14+10=24 ਜੱਫੇ ਲੱਗੇ ਸਨ। ਹੁਣ 8+7=15 ਜੱਫੇ ਲੱਗੇ ਹਨ। ਕਿਤੇ 2013 ਨਾਲੋਂ 2014 ਵਿਚ ਤੇਲ ਦੀ ਵਰਤੋਂ ਵੱਧ ਤਾਂ ਨਹੀਂ ਹੋ ਗਈ!
ਮੈਚ ਮੁੱਕਣ ਬਾਅਦ ਪਾਕਿਸਤਾਨ ਦੇ ਖਿਡਾਰੀ ਇਸ ਲਈ ਰੋਏ ਕਿ ਉਹ ਮੈਚ ਜਿੱਤਦੇ-ਜਿੱਤਦੇ ਹਾਰੇ। ਉਨ੍ਹਾਂ ਨੂੰ ਮੈਚ ਜਿੱਤਣ ਦੀ ਪੂਰੀ ਆਸ ਬੱਝ ਗਈ ਸੀ। ਉਨ੍ਹਾਂ ਦੀ ਹਾਰ ਦਾ ਅਸਲ ਕਾਰਨ ਮੈਚ ਖਿਡਾਉਣ ਵਾਲਿਆਂ ਦਾ ਪੱਖਪਾਤੀ ਵਤੀਰਾ ਨਹੀਂ, ਸਗੋਂ ਉਨ੍ਹਾਂ ਦੀਆਂ ਆਪਣੀਆਂ ਗ਼ਲਤੀਆਂ ਸਨ। ਜੇ ਸੱਚਮੁਚ ਹੀ ਪੱਖਪਾਤ ਹੋਇਆ ਹੁੰਦਾ ਤਾਂ ਉਹ ਟਾਈਮ ਆਊਟ ਲੈ ਕੇ ਇਤਰਾਜ਼ ਕਰ ਸਕਦੇ ਸਨ ਜੋ ਉਨ੍ਹਾਂ ਨੇ ਕੀਤਾ ਹੀ ਨਹੀਂ। ਨਿਯਮਾਂ ਅਨੁਸਾਰ ਦੋ ਰੈਫਰਲ ਉਨ੍ਹਾਂ ਨੇ ਮੰਗੇ ਜੋ ਦੇ ਦਿੱਤੇ ਗਏ। ਦੋ ਤੋਂ ਵੱਧ ਰੈਫਰਲ ਉਹ ਲੈ ਨਹੀਂ ਸਨ ਸਕਦੇ। ਥਰਡ ਅੰਪਾਇਰਾਂ ਵਿਚ ਇਕ ਇਰਾਨੀ, ਦੂਜਾ ਭਾਰਤੀ ਤੇ ਤੀਜਾ ਪਾਕਿਸਤਾਨੀ ਸੀ। ਟਾਈਮ ਕੀਪਰ ਰੇਡਰਾਂ ਨੂੰ ਪੰਜ ਸੈਕੰਡ ਦੇ ਅੰਦਰ ਰੇਡ ਸ਼ੁਰੂ ਕਰਨ ਲਈ ਹੱਥ ਦਾ ਇਸ਼ਾਰਾ ਕਰਦਾ ਰਿਹਾ। ਜੇ ਕੋਈ ਪੰਜ ਸੈਕੰਡ ਅੰਦਰ ਰੇਡ ਸ਼ੁਰੂ ਨਾ ਕਰਦਾ ਤਾਂ ਉਹਦੇ ਖਿਲਾਫ਼ ਅੰਕ ਦੇਣਾ ਬਣਦਾ ਸੀ। ਇੰਜ ਸੁਸਤ ਖਿਡਾਰੀਆਂ ਦਾ ਬਚਾਅ ਹੁੰਦਾ ਰਿਹਾ।
ਮੈਚ ਮੁੱਕਣ ਪਿਛੋਂ ਪਾਕਿਸਤਾਨੀ ਕਪਤਾਨ ਦੇ ਦੋਸ਼ ਕਿ ਉਨ੍ਹਾਂ ਨੂੰ ਪਾਣੀ ਨਹੀਂ ਪੀਣ ਦਿੱਤਾ, ਕਬੱਡੀ ਛੇਤੀ ਪਾਉਣ ਲਈ ਕਿਹਾ ਜਾਂ ਮੈਚ ਪੂਰਾ ਸਮਾਂ ਨਹੀਂ ਖਿਡਾਇਆ ਗਿਆ, ਪੜਤਾਲ ਦੌਰਾਨ ਨਿਰਮੂਲ ਨਿਕਲੇ। ਪਾਣੀ ਪੀਣ ਦੀ ਸ਼ਾਰਟ ਬਰੇਕ ਦੌਰਾਨ ਦੋਹਾਂ ਟੀਮਾਂ ਦੇ ਖੇਮਿਆਂ ਵਿਚ ਖਿਡਾਰੀਆਂ ਜਿੰਨੀਆਂ ਹੀ ਬੋਤਲਾਂ ਮੌਜੂਦ ਸਨ। ਜੇ ਕਿਸੇ ਨੇ ਸ਼ਾਰਟ ਬਰੇਕ ਵਿਚ ਪਾਣੀ ਪੀਣ ਦੀ ਥਾਂ ਪਟਿਆਂ ਨੂੰ ਲਾਉਂਦੇ ਰਹਿਣਾ ਹੈ ਤਾਂ ਉਸ ਦੀ ਮਰਜ਼ੀ। ਹਾਂ, ਜੇ ਇਹ ਦੋਸ਼ ਲੱਗਦਾ ਕਿ ‘ਗਰਮ ਪਾਣੀ ਦੀ ਬੋਤਲ’ ਕਿਉਂ ਫੜੀ ਤਾਂ ਦੋਸ਼ ਸਹੀ ਸਿੱਧ ਹੋਣਾ ਸੀ।
2010 ਦੇ ਪਹਿਲੇ ਕਬੱਡੀ ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਟੀਮ ਭਾਰਤ ਤੋਂ 58-24 ਅੰਕਾਂ ਨਾਲ ਹਾਰੀ ਸੀ, ਯਾਨੀ 82 ਰੇਡਾਂ ਪਈਆਂ ਸਨ। ਦੂਜੇ ਕੱਪ ਵਿਚ ਭਾਰਤ ਨੇ ਕੈਨੇਡਾ ਨੂੰ 59-25 ਅੰਕਾਂ ਨਾਲ ਹਰਾਇਆ, ਯਾਨੀ 84 ਰੇਡਾਂ ਪਈਆਂ। ਤੀਜੇ ਕੱਪ ਵਿਚ ਭਾਰਤ ਨੇ ਪਾਕਿਸਤਾਨ ਨੂੰ 59-22 ਅੰਕਾਂ ਨਾਲ ਹਰਾਇਆ, ਭਾਵ 81 ਰੇਡਾਂ ਪਈਆਂ। ਚੌਥੇ ਕੱਪ ਵਿਚ ਭਾਰਤ ਨੇ ਪਾਕਿਸਤਾਨ ਨੂੰ 48-39 ਅੰਕਾਂ ਨਾਲ ਹਰਾਇਆ, ਤਾਂ 87 ਰੇਡਾਂ ਪਈਆਂ। ਐਤਕੀਂ ਵੀ ਫਾਈਨਲ ਮੈਚ ਵਿਚ 87 ਰੇਡਾਂ ਪਈਆਂ ਹਨ। ਪੁਣ-ਛਾਣ ਵਿਚ ਮੈਚ ਸਮੇਂ ਵਰਤੀਆਂ ਦੋਵੇਂ ਘੜੀਆਂ ਵੇਖੀਆਂ ਗਈਆਂ। ਇਕ ਦਾ ਸਮਾਂ 40 ਮਿੰਟ 3 ਸੈਕੰਡ ਉਤੇ ਖੜ੍ਹਾ ਸੀ, ਤੇ ਦੂਜੀ ਦਾ 40 ਮਿੰਟ 5 ਸੈਕੰਡ ਉਤੇ। ਜੇ ਮੈਚ ਪੂਰਾ ਸਮਾਂ ਨਾ ਖਿਡਾਇਆ ਜਾਂਦਾ ਤਾਂ 87 ਰੇਡਾਂ ਨਾ ਪੈ ਸਕਦੀਆਂ। ਇਹ ਦੋਸ਼ ਕਿ ਰੇਡਰ ਰੇਡ ਪਾ ਕੇ ਦਾਇਰੇ ਤੋਂ ਬਾਹਰ ਟਰੈਕ ਸੂਟ ਪਾ ਲੈਂਦੇ ਜਾਂ ਪੱਬਾਂ ਭਾਰ ਬੈਠ ਜਾਂਦੇ, ਨਿਯਮਾਂ ਦੀ ਉਲੰਘਣਾ ਨਹੀਂ। ਪੜਤਾਲ ਦੌਰਾਨ ਪਾਇਆ ਗਿਆ ਕਿ ਕਿਸੇ ਵੀ ਖਿਡਾਰੀ ਨੇ ਟਰੈਕ ਸੂਟ ਪਾ ਕੇ ਨਾ ਕੋਈ ਰੇਡ ਪਾਈ ਸੀ, ਤੇ ਨਾ ਕੋਈ ਜੱਫਾ ਲਾਇਆ ਸੀ।
ਇਹ ਦੋਸ਼ ਸਹੀ ਨਿਕਲਿਆ ਕਿ ਭਾਰਤੀ ਟੀਮ ਦਾ ਕੋਚ ਖਿਡਾਰੀਆਂ ਨੂੰ ਖੇਡਣ ਦੇ ਏਰੀਏ ਵਿਚ ਜਾ ਕੇ ਹਦਾਇਤਾਂ ਦਿੰਦਾ ਰਿਹਾ ਜੋ ਨਿਯਮਾਂ ਦੀ ਉਲੰਘਣਾ ਸੀ। ਪਾਕਿਸਤਾਨੀ ਟੀਮ ਦਾ ਮੈਨੇਜਰ ਵੀ ਅਜਿਹੀ ਉਲੰਘਣਾ ਕਰਦਾ ਵੇਖਿਆ ਗਿਆ। ਭਾਰਤ ਦੇ ਕਬੱਡੀ ਅਧਿਕਾਰੀਆਂ ਨੇ ਭਾਰਤੀ ਟੀਮ ਦੇ ਕੋਚ ਨੂੰ ਛੇ ਮਹੀਨੇ ਲਈ ਬੈਨ ਕਰ ਦਿੱਤਾ ਹੈ। ਵੇਖਦੇ ਹਾਂ, ਪਾਕਿਸਤਾਨ ਦੇ ਕਬੱਡੀ ਅਧਿਕਾਰੀ ਆਪਣੀ ਟੀਮ ਦੇ ਮੈਨੇਜਰ ਨੂੰ ਕੀ ਸਜ਼ਾ ਸੁਣਾਉਂਦੇ ਹਨ? ਤੇ ਕਪਤਾਨ ਦੇ ਟੀæਵੀæ ਤੋਂ ਬੋਲੇ ਕਬੋਲਾਂ ਦਾ ਕੀ ਨੋਟਿਸ ਲੈਂਦੇ ਹਨ?
ਕਬੱਡੀ ਮਾਹਿਰ ਸਮਝਦੇ ਹਨ ਕਿ ਪਾਕਿਸਤਾਨ ਦੀ ਟੀਮ ਦੇ ਹਾਰਨ ਦਾ ਮੁੱਖ ਕਾਰਨ ਉਸ ਦੇ ਰੇਡਰਾਂ ਦਾ ਆਖ਼ਰ ਵਿਚ ਹੰਭ ਜਾਣਾ ਸੀ। ਮੈਚ ਜਦੋਂ ਪਾਕਿਸਤਾਨ ਦੇ ਹੱਕ ਵਿਚ 40-39 ਅੰਕਾਂ ਉਤੇ ਸੀ, ਤਾਂ ਆਰਾਮ ਲੈਣ ਲਈ ਪਾਕਿਸਤਾਨ ਦੀ ਟੀਮ ਟਾਈਮ ਆਊਟ ਲੈ ਬੈਠੀ। ਜੇਤੂ ਲੈਅ ਵਿਚ ਚਲਦੀ ਟੀਮ ਲਈ ਇਹ ਘਾਤਕ ਸਿੱਧ ਹੋਇਆ। ਜਦੋਂ ਅੰਕ 42-42 ਹੋਏ ਤਾਂ ਭਾਰਤੀ ਰੇਡਰ ਨੇ ਸਫਲ ਰੇਡ ਪਾ ਕੇ 43-42 ਕਰ ਦਿੱਤੇ। ਮੌਕਾ ਉਦੋਂ ਪਾਕਿਸਤਾਨ ਦੇ ਸਭ ਤੋਂ ਤਕੜੇ ਧਾਵੀ ਟੀਮ ਕਪਤਾਨ ਸ਼ਫੀਕ ਚਿਸ਼ਤੀ ਦੇ ਕਬੱਡੀ ਪਾਉਣ ਦਾ ਸੀ। ਉਸ ਰੇਡ ਨਾਲ ਉਹ ਬੈਸਟ ਰੇਡਰ ਬਣ ਕੇ ਟ੍ਰੈਕਟਰ ਜਿੱਤ ਸਕਦਾ ਸੀ, ਪਰ ਉਹ ਇਕ ਵਾਰ ਡੱਕਿਆ ਜਾਣ ਕਰ ਕੇ ਢੇਰੀ ਢਾਹ ਬੈਠਾ ਸੀ। ਉਸ ਨੇ ਆਪ ਕਬੱਡੀ ਪਾਉਣ ਦੀ ਥਾਂ ਅਬੈਦਉੱਲਾ ਲਾਲੇ ਨੂੰ ਰੇਡ ਪਾਉਣ ਭੇਜ ਦਿੱਤਾ। ਇਹ ਪਾਕਿਸਤਾਨੀ ਟੀਮ ਦੀ ਸਭ ਤੋਂ ਵੱਡੀ ਗ਼ਲਤੀ ਸੀ। ਲਾਲਾ ਜੱਫਾ ਖਾ ਗਿਆ ਤੇ ਪਾਕਿਸਤਾਨ ਜਿੱਤਦਾ-ਜਿੱਤਦਾ ਮੈਚ ਹਾਰ ਗਿਆ।
ਮੈਂ ਪਿਛਲੇ ਸਾਲ ਚਾਹਿਆ ਸੀ ਕਿ ਪਾਕਿਸਤਾਨ ਦੀ ਟੀਮ ਕੱਪ ਜਿੱਤੇ, ਤਾਂ ਜੋ ਵਿਸ਼ਵ ਕੱਪ ਤੋਂ ਇਕੋ ਦੇਸ਼ ਦੀ ਮਨਾਪਲੀ ਟੁੱਟੇ। ਐਤਕੀਂ ਫਿਰ ਮੈਂ ਪਾਕਿਸਤਾਨ ਦੀ ਜਿੱਤ ਲੋਚ ਰਿਹਾ ਸਾਂ, ਪਰ ਪਾਕਿਸਤਾਨ ਦੇ ਜ਼ੋਰਾਵਰ ਖਿਡਾਰੀਆਂ ਨੇ ਤਕਨੀਕੀ ਗ਼ਲਤੀਆਂ ਕਰ ਕੇ ਮੇਰੀਆਂ ਆਸਾਂ ‘ਤੇ ਹੀ ਪਾਣੀ ਨਹੀਂ ਫੇਰਿਆ, ਸਗੋਂ ਦੇਸ-ਪਰਦੇਸ ਵਸਦੇ ਲੱਖਾਂ ਲੋਕਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ। ਹਾਰ ਜਾਣ ਪਿੱਛੋਂ ਰੋਣਾ ਧੋਣਾ ਖੇਡ ਭਾਵਨਾ ਵਾਲੇ ਖਿਡਾਰੀਆਂ ਨੂੰ ਸ਼ੋਭਾ ਨਹੀਂ ਦਿੰਦਾ। ਜਿੱਤ-ਹਾਰ ਖੇਡ ਭਾਵਨਾ ਨਾਲ ਕਬੂਲ ਕਰਨੀ ਚਾਹੀਦੀ ਹੈ। ਅਸੀਂ ਦੁਆ ਕਰਦੇ ਹਾਂ ਕਿ ਛੇਵੇਂ ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਟੀਮ ਤਕਨੀਕੀ ਤੌਰ ‘ਤੇ ਤਕੜੀ ਹੋ ਕੇ ਆਵੇ ਤੇ ਛੇਵਾਂ ਵਿਸ਼ਵ ਕੱਪ ਸ਼ਾਨ ਨਾਲ ਜਿੱਤੇ। ਇਹ ਵੀ ਚਾਹੁੰਦੇ ਹਾਂ ਜਿਵੇਂ ਭਾਰਤੀ ਪੰਜਾਬ ਦੀ ਸਰਕਾਰ ਵਿਸ਼ਵ ਕੱਪ ਕਰਵਾ ਰਹੀ ਹੈ, ਉਵੇਂ ਪਾਕਿਸਤਾਨ ਦੀ ਪੰਜਾਬ ਸਰਕਾਰ ਵੀ ਕਬੱਡੀ ਦਾ ਵਰਲਡ ਕੱਪ ਕਰਾਵੇ। ਤਦ ਹੀ ਪਤਾ ਲੱਗੇਗਾ ਕਿ ਕੱਪ ਕਰਵਾਉਣ ਵਿਚ ਕੀ ਮੁਸ਼ਕਿਲਾਂ ਆਉਂਦੀਆਂ ਹਨ?