ਸਭਿਆਚਾਰ ਦੇ ਬਾਬਾ ਬੋਹੜ ਦਾ ਤੁਰ ਜਾਣਾ

ਗੁਲਜ਼ਾਰ ਸਿੰਘ ਸੰਧੂ
ਜਗਦੇਵ ਸਿੰਘ ਜੱਸੋਵਾਲ ਮੇਰੇ ਨਾਲੋਂ ਇਕ ਸਾਲ ਇੱਕ ਮਹੀਨਾ ਛੋਟਾ ਸੀ ਪਰ ਪ੍ਰਾਪਤੀਆਂ ਵਿਚ ਵੀਹ ਸਾਲ ਤੇ ਵੀਹ ਮਹੀਨੇ ਵੱਡਾ। ਇਹ ਵਡਿੱਤਣ ਹੀ ਉਸ ਨੂੰ ਲੈ ਬੈਠੀ। ਉਹ ਏਨੀ ਛੇਤੀ ਜਾਣ ਵਾਲਾ ਨਹੀਂ ਸੀ, ਨਾ ਕੱਦ-ਕਾਠ ਤੇ ਨਾ ਹੀ ਆਤਮਕ ਬੱਲ ਤੋਂ। ਸਿਆਣਪ ਉਸ ਦੀਆਂ ਉਂਗਲਾਂ ‘ਤੇ ਨੱਚਦੀ ਸੀ। ਕੌਣ ਹੈ ਜਿਸ ਨੂੰ ਉਸ ਦੇ ਜੀਊਂਦੇ ਜੀਅ ਨੱਚਦੀ ਗਾਉਂਦੀ ਰੂਹ, ਕਰਮ ਯੋਗੀ, ਗਵੱਈਆਂ ਦਾ ਗਵਰਨਰ, ਗਾਇਕੀ ਦੇ ਟਿੱਲੇ ਦਾ ਬਾਲ ਨਾਥ, ਧੂਣੀ ਵਾਲਾ ਸਾਧ, ਧਰਤੀ ਉਤਲਾ ਬੌਲਦ ਤੇ ਯੁਗ ਪੁਰਖ ਵਰਗੇ ਉਪਨਾਮ ਮਿਲੇ ਹੋਣ। ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ, ਪੈਗੰਬਰ ਤੇ ਸਮੁੰਦਰ ਵਰਗੇ ਸ਼ਬਦ ਤਾਂ ਉਸ ਲਈ ਆਮ ਹੀ ਵਰਤੇ ਜਾਂਦੇ ਸਨ। ਉਹ ਸੱਚ-ਮੁੱਚ ਬੇਪਰਵਾਹ, ਅਲਬੇਲਾ ਤੇ ਕਾਬਲ-ਏ-ਦੀਦਾਰ ਸ਼ਖਸ ਸੀ। ਜੱਸੋਵਾਲ ਸੂਦਾਂ ਪਿੰਡ ਦਾ ਜਮਪਲ ਇਹ ਗਰੇਵਾਲ ਜੱਟ ਪੰਜ ਭਰਾਵਾਂ ਵਿਚੋਂ ਇਕੱਲਾ ਹੀ ਸੀ ਜਿਸ ਨੇ ਆਪਣੇ ਨਾਂ ਨਾਲ ਗਰੇਵਾਲ ਲਿਖਣ ਦੀ ਥਾਂ ਜਸੋਵਾਲ ਲਿਖਿਆ ਤੇ ਆਪਣੇ ਪਿੰਡ ਨੂੰ ਮਾਨਤਾ ਦਿੱਤੀ। ਜਿੱਥੋਂ ਤੱਕ ਸਰਕਾਰੀ ਚੇਅਰਮੈਨੀਆਂ, ਗੈਰ-ਸਰਕਾਰੀ ਪ੍ਰਧਾਨਗੀਆਂ ਅਤੇ ਮਨ-ਪਸੰਦ ਮੈਂਬਰੀਆਂ ਦਾ ਸਵਾਲ ਹੈ- ਉਨ੍ਹਾਂ ਦੀ ਗਿਣਤੀ ਢਾਈ ਤਿੰਨ ਦਰਜਨ ਹੈ।
ਜੱਸੋਵਾਲ ਨੇ ਮੋਹਨ ਸਿੰਘ ਦੇ ਜਨਮ ਦਿਨ ਉਤੇ ਹਰ ਸਾਲ ਲੁਧਿਆਣੇ ਵਿਚ ਅਕਤੂਬਰ ਮਹੀਨੇ ਮੋਹਨ ਸਿੰਘ ਮੇਲਾ ਲਾਉਣ ਦੀ ਪਿਰਤ ਪਾਈ। ਮੇਲਾ ਏਨਾ ਭਰਨ ਲੱਗ ਪਿਆ ਕਿ ਤਿਲ ਸੁੱਟਣ ਨੂੰ ਜਗ੍ਹਾ ਨਾ ਲੱਭਦੀ। ਕਲਾਕਾਰ ਏਨੇ ਇੱਕਠੇ ਹੋਣ ਲੱਗੇ ਕਿ ਪ੍ਰਬੰਧਕਾਂ ਨੂੰ ਮੁਸ਼ਕਿਲ ਜਾਪਦਾ ਕਿ ਕਿਸ ਨੂੰ ਟਾਈਮ ਦੇਈਏ, ਕਿਸ ਨੂੰ ਨਾ। ਆਪ ਮੁਹਾਰੇ ਕਲਾਕਾਰ ਤੇ ਆਪ ਮੁਹਾਰੇ ਸਰੋਤੇ। ਇਉਂ ਮੋਹਨ ਸਿੰਘ ਮੇਲਾ ਕੇਵਲ ਪੰਜਾਬ ਵਿਚ ਹੀ ਨਹੀਂ, ਸਗੋਂ ਦੇਸ਼ਾਂ-ਵਿਦੇਸ਼ਾਂ ਵਿਚ ਵੀ ਪ੍ਰਚਲਿਤ ਹੁੰਦਾ ਗਿਆ। ਵਿਦੇਸ਼ੀਂ ਬੈਠੇ ਪੰਜਾਬੀ ਪਿਆਰੇ ਵੀ ਸਹਿਯੋਗ ਦੇਣ ਲੱਗੇ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਦੋਵੇਂ ਕੇਂਦਰੀ ਪੰਜਾਬੀ ਸਭਾਵਾਂ, ਯੂਨੀਵਰਸਿਟੀਆਂ, ਨਾਰਥ ਜ਼ੋਨ ਕਲਚਰ ਸੈਂਟਰ, ਭਾਸ਼ਾ ਵਿਭਾਗ ਸਮੇਤ ਪੰਜਾਬ ਭਰ ਦੀਆਂ ਸਭਿਆਚਾਰਕ-ਸਾਹਿਤਕ ਤੇ ਸਮਾਜਿਕ ਸੰਸਥਾਵਾਂ ਵੀ ਆਪੋ ਆਪਣਾ ਸਹਿਯੋਗ ਦੇਣ ਲੱਗੀਆਂ।
“ਪੰਜਾਬ ਭਰ ਦੇ ਚਿੱਤਰਕਾਰ, ਕਲਾਕਾਰ, ਗੀਤਕਾਰ, ਸਾਹਿਤਕਾਰ, ਪੱਤਰਕਾਰ, ਢਾਡੀ-ਕਵੀਸ਼ਰ, ਭੰਡ, ਨਕਲੀਏ, ਰਾਸਧਾਰੀਏ, ਕੱਵਾਲ, ਸਪੇਰਿਆਂ, ਗਤਕਾ ਪਾਰਟੀਆਂ ਭੰਗੜਾ ਟੀਮਾਂ, ਲੋਕ ਨਾਚ ਮੰਡਲੀਆਂ, ਮੇਲੇ ਵਿਚ ਨੁਮਾਇਸ਼ਾਂ ਤੇ ਪ੍ਰਦਸ਼ਨੀਆਂ ਇਉਂ ਆ ਜੁੜਦੀਆਂ, ਜਿਵੇਂ ਸਭੇ ਦੇਸ਼ਾਂ-ਵਿਦੇਸ਼ਾਂ ਦੇ ਕਲਾਕਾਰ ਆਣ ਜੁੜੇ ਹੋਣ।
ਪੰਜਾਬ ‘ਤੇ ਕਾਲੇ ਦਿਨ ਆ ਗਏ। ਲੋਕੀ ਸਹਿਮ ਗਏ। ਮਾਰ-ਮਰਾਈ ਹੋ ਰਹੀ ਸੀ। ਪਰ ਮੇਲਾ ਆਪਣੀ ਤਾਰੀਖ ‘ਤੇ, ਧੂਮ-ਧੜੱਕੇ ਨਾਲ ਲੱਗਦਾ ਰਿਹਾ। ਜੱਸੋਵਾਲ ਕਲਾਕਾਰਾਂ ਦੇ ਘਰੋ-ਘਰੀ ਜਾ ਕੇ ਉਨ੍ਹਾਂ ਦਾ ਹੌਸਲਾ ਵਧਾਉਂਦਾ ਤੇ ਗਾਉਣ ਲਈ ਪ੍ਰੇਰਦਾ। ਮੇਲੇ ਵਿਚ ਦੀਵਾਲੀ ਕਈ ਵਾਰੀ ਇਸੇ ਤਾਰੀਖ ਨੂੰ ਆਈ, ਦੁਸਹਿਰਾ ਵੀ ਆਇਆ ਪਰ ਮੇਲਾ ਲੱਗਿਆ। ਪੰਜਾਬ ਵਿਚ ਭਾਵੇਂ ਲੋਕ ਮਰ ਰਹੇ ਸਨ ਪਰ ਫਿਰ ਵੀ ਸਹਿਮੇ ਹੋਏ ਲੋਕ ਮੇਲਾ ਵੇਖਣ ਆਉਂਦੇ ਰਹੇ, ਲੋਕ ਨਹੀਂ ਰੁਕੇ। ਸਿਆਸਤਦਾਨ ਮੇਲੇ ਵਿਚ ਆਉਂਦੇ ਰਹੇ, ਹੁਣ ਵੀ ਆਉਂਦੇ ਹਨ, ਪਰ ਸਿਆਸਤ ਦੀ ਜੁੱਤੀ ਬਾਹਰ ਲਾਹ ਕੇ!”
ਜੱਸੋਵਾਲ ਆਪਣੇ ਅਕਾਲ ਚਲਾਣੇ ਤੋਂ ਡੇਢ ਮਹੀਨਾ ਪਹਿਲਾਂ ਹੁਸ਼ਿਆਰਪੁਰ ਨੇੜੇ ਡੈਨਮਾਰਕ ਦੀ ਗੋਰੀ ਗਾਇਕਾ ਅਨੀਤਾ ਲਾਇਕੇ ਦੇ ਸਨਮਾਨ ਵਿਚ ਰਚਾਏ ਸਮਾਗਮ ਉਤੇ ਹੀ ਨਹੀਂ ਪਹੁੰਚਿਆ ਸਟਾਕਟਨ (ਕੈਲੀਫੋਰਨੀਆ) ਵਿਖੇ ਮਨਾਏ ਮੋਹਨ ਸਿੰਘ ਮੇਲੇ ਵਿਚ ਮੁਖ ਮਹਿਮਾਨ ਵਜੋਂ ਹਾਜ਼ਰੀ ਲਗਾ ਕੇ ਆਇਆ। ਉਸ ਨੂੰ ਸੋਨੇ ਦਾ ਮੈਡਲ ਮਿਲਿਆ ਜਿਹੜਾ ਉਸ ਨੇ ਆਪਣੀ ਪਤਨੀ ਸੁਰਜੀਤ ਕੌਰ ਨੂੰ ਇਹ ਕਹਿ ਕੇ ਭੇਟ ਕੀਤਾ, “ਮੈਂ ਵਕਾਲਤ ਦੀ ਵਿਦਿਆ ਪ੍ਰਾਪਤ ਕਰਨ ਸਮੇਂ ਤੇਰੀਆਂ ਟੂਮਾਂ ਦਾ ਛੱਜ ਬਿਕਵਾ ਦਿੱਤਾ ਸੀ, ਮੈਂ ਨਹੀਂ ਚਾਹੁੰਦਾ ਕਿ ਉਸ ਵਿਚੋਂ ਕੁਝ ਵੀ ਨਾ ਮੋੜਾਂ।”
ਇਥੇ ਉਸ ਦੀ ਵਾਰਤਾਲਾਪ ਦੇ ਦੋ ਨਮੂਨੇ ਪੇਸ਼ ਹਨ ਜਿਹੜੇ ਉਸ ਦੀ ਸੋਚਣੀ ਤੇ ਸੋਚ ਪਰਵਾਹ ਦਾ ਉਤਮ ਨਮੂਨਾ ਹਨ।
“ਪੰਜਾਬ ਵਾਰ-ਵਾਰ ਵੰਡਿਆ ਗਿਆæææ1911 ਵਿਚ ਪਹਿਲੀ ਵਾਰ ਪੰਜਾਬ ਦੀ ਵੰਡ ਹੋਈ, ਜਦੋਂ ਦਿੱਲੀ ਨੂੰ ਪੰਜਾਬ ਤੋਂ ਜੁਦਾ ਕੀਤਾ ਗਿਆ। ਫਿਰ ਦੂਜੀ ਵਾਰæææ1919 ਵਿਚ ਜਦੋਂ ਸੂਬਾ ਸਰਹੱਦ ਬਣਿਆæææਫਿਰ 1947 ਵਿਚæææਜਦੋਂ ਇਕ ਹਿੱਸਾ ਏਧਰ, ਇਕ ਓਧਰ, ਫਿਰ 1966 ਵਿਚ ਹਰਿਆਣਾ ਨਿਕਲਿਆ, ਹਿਮਾਚਲ ਦਾ ਵੱਡਾ ਹਿੱਸਾ ਨਿਕਲਿਆ, ਚੰਡੀਗੜ੍ਹ ਲਿਕਲਿਆ, ਪੰਜਾਬ ਵਾਰ-ਵਾਰ ਵੱਢੀਂਦਾ ਤੇ ਟੁੱਕੀਂਦਾ ਰਿਹੈ, ਏਹਨੇ ḔਸੀḔ ਨਾ ਕੀਤੀæææਸਭ ਕੁਛ ਸਿਰ ‘ਤੇ ਜਰਿਆ, ਸੋਨੇ ਦੀ ਚਿੜੀ ਕਿੱਥੇ ਗਈ? ਪਿਓ ਕਹਿੰਦਾ ਕਿ ਪੰਜਾਬ ‘ਚ ਮਹਾਰਾਜਾ ਰਣਜੀਤ ਸਿਉਂ ਦਾ ਰਾਜ ਲਾਗੂ ਕਰਨੈæææਉਧਰੋਂ ਪੁੱਤ ਕਹਿੰਦੈ ਪੰਜਾਬ ਨੂੰ ਪੈਰਿਸ ਬਣਾਉਣੇæææਪੰਜਾਬ ਨੂੰ ਕੈਲੀਫੋਰਨੀਆ ਬਣਾਉਣੈæææਏਨਾ ਫਰਕ? ਪਹਿਲਾਂ ਸਲਾਹ ਤਾਂ ਕਰ ਲਓ ਘਰ ‘ਚ ਬੈਠ ਕੇ ਕਰਨਾ ਕੀ ਐæææ?”
“ਪੰਜਾਬ ਦੇ ਵਿਹੜੇ ਸੁੰਨੇ! ਜਵਾਨੀ ਪਰਦੇਸਾਂ ‘ਚ ਤੁਰ ਗਈ, ਵਹੀਰਾਂ ਘੱਤ ਕੇ। ਉਥੇ ਮਜ਼ਦੂਰੀਆਂ ਕਰਦੇ ਨੇ ਪੰਜਾਬ ਦੇ ਲਾਲ! ਹਰੇ-ਭਰੇ ਆਪਣੇ ਖੇਤ ਛੱਡ ਕੇ ਲੋਕਾਂ ਦੇ ਖੇਤਾਂ ‘ਚ ਮਿੱਟੀ ਨਾਲ ਮਿੱਟੀ ਹੁੰਦੇ ਨੇ! ਵੇ ਜੱਗਿਆ-ਤੁਰ ਪਰਦੇਸ ਗਿਉਂ ਬੂਹਾ ਵੱਜਿਆæææਦੁਆਬਾ ਵੇਖੋ ਜਾ ਕੇæææਸਾਰਾ ਸੁੰਨਾ ਪਿਐ! ਕੀ ਗੱਲ ਸੀ? ਕਿਉਂ, ਰੋਟੀ ਦੇ ਲਾਲੇ ਪੈ ਗਏ ਏਥੇ? ਘਰੇ ਕੰਮ ਕਰਨਾ ਨਹੀਂ ਆਇਆ, ਜਾਂ ਕੰਮ ਨੀ ਮਿਲਿਆ? ਜਿਹੜੀ ਰਹਿੰਦ-ਖੂੰਹਦ ਸੀ ਉਹ ਟੀਕਿਆਂ, ਗੋਲੀਆਂ, ਸਮੈਕਾਂ ਨੇ ਸਮੇਟ ਲਈ, ਮੈਂ ਕਿਸੇ ਦਿਨ ਪੰਮੀ ਬਾਈ ਨੂੰ ਕਹੂੰਗਾ ਬਈ ਤੇਰਾ ਗੀਤ ਹੁਣ ਮੰਦਾ ਪੈ ਚੱਲਿਐæææਏਹ ਗੀਤ ਤੇਰਾ ਪੁਰਾਣੇ ਪੰਜਾਬ ਲਈ ਠੀਕ ਸੀ: ਜੀ ਨੀ ਜਾਣ ਨੂੰ ਕਰਦਾ ਰੰਗਲੀ ਦੁਨੀਆਂ ਤੋਂæææਉਏ ਕੌਣ ਸੰਭਾਲੂ ਪੰਜਾਬ ਨੂੰ?”
ਆਪਣੇ ਜੀਵਨ ਵਿਚ ਜੱਸੋਵਾਲ ਨੇ ਸਭਿਆਚਾਰ ਨੂੰ ਪਾਲਿਆ ਤੇ ਸਿਆਸਤ ਨੂੰ ਮਿੱਧਿਆ। ਉਸ ਦੇ ਆਪਣੇ ਸ਼ਬਦਾਂ ਵਿਚ, “ਮੈਂ ਨਿੱਕਾ ਹੁੰਦਾ ਕਿੱਕਰ ਤੋਂ ਕਾਟੋ ਫੜ੍ਹਦਾ ਸੀæææਬੜੀਆਂ ਕਾਟੋਆਂ ਮਾਰੀਆਂ ਬਈ ਦੁਆਨੀ ਨਿਕਲੂ ਕਾਟੋ ਦੇ ਸਿਰ ‘ਚੋਂæææਕਾਹਦੀ ਨਿਕਲਣੀ ਸੀ? ਹੁਣ ਕਾਟੋਆਂ ਦਾ ਪਾਪ ਮਾਰੀ ਜਾਂਦੈæææਲੀਡਰੀ ‘ਚੋਂ ਵੀ ਮੈਨੂੰ ਦੁਆਨੀ ਨਾ ਨਿਕਲੀæææਕਾਟੋ ਦੇ ਸਿਰ ‘ਚੋਂ ਕਾਹਦੀ ਨਿਕਲਣੀ ਸੀæææ? ਹੱਦ ਹੋ ਗਈæææਭੈਣ ਦੇਣੇ ਦੀ।”
ਜੱਸੋਵਾਲ ਦੇ ਚੇਲਿਆਂ ਵਿਚੋਂ ਇਕ ਨਿੰਦਰ ਘੁਗਿਆਣਵੀ ਹੈ ਜਿਹੜਾ ਉਸ ਨੂੰ ਲਾਲ ਚੰਦ ਯਮਲਾ ਜਟ ਵਰਗਾ ਸਤਿਕਾਰ ਦਿੰਦਾ ਰਿਹਾ ਹੈ- ਬਾਪੂ ਕਹਿ ਕੇ। ਉਪਰ ਦਿੱਤੀਆਂ ਪੁੱਠੇ ਕਾਮਿਆਂ ਵਾਲੀਆਂ ਸਭ ਟੂਕਾਂ ਮੈਂ ਉਸ ਦੀ ਪੁਸਤਕ Ḕਬਾਪੂ ਖੁਸ਼ ਹੈḔ ਵਿਚੋਂ ਲਈਆਂ ਹਨ। ਇਹ ਪੁਸਤਕ ਮੈਨੂੰ ਜੱਸੋਵਾਲ ਨੇ 24 ਜੂਨ 2014 ਵਾਲੇ ਦਿਨ ਉਦੋਂ ਦਿੱਤੀ ਸੀ ਜਦ ਮੈਂ ਲੁਧਿਆਣੇ ਵਾਲਾ ਵਿਰਾਸਤ ਭਵਨ ਵੇਖਣ ਗਿਆ। ਉਸ ਨੇ ਇਹਦੇ ਬਾਰੇ ਦੋ ਅੱਖਰ ਲਿਖਣ ਦੀ ਮੰਗ ਪਾਈ ਸੀ ਜਿਹੜੀ ਮੈਂ ਉਸ ਦੇ ਜੀਊਂਦੇ ਜੀਅ ਪੂਰੀ ਨਹੀਂ ਕਰ ਸਕਿਆ। ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਉਹ ਏਨੀ ਛੇਤੀ ਤੁਰ ਜਾਵੇਗਾ। ਮੈਂ ਉਸ ਨੂੰ ਹੁਸ਼ਿਆਰਪੁਰ ਵਾਲੀ ਮਿਲਣੀ ਸਮੇਂ ਵੀ ਮਿਲਿਆ ਤੇ ਫੈਸਲਾ ਕੀਤਾ ਉਸ ਦੀ ਮੰਗ ਪੂਰੀ ਕਰਾਂ। ਅੱਜ ਮੈਨੂੰ ਇਸ ਗੱਲ ਦਾ ਅੰਤਾਂ ਦਾ ਝੋਰਾ ਹੈ। ਉਪਰ ਜਾ ਕੇ ਮਿਲਾਂਗਾ ਤਾਂ ਖਿਮਾ ਮੰਗਾਂਗਾæææਕਿਸੇ ਅਜਿਹੇ ਮੇਲੇ ਵਿਚ ਜਿਹੜਾ ਉਸ ਨੇ ਉਥੇ ਜਾ ਕੇ ਲਾਉਣਾ ਹੈ ਤੇ ਨਿਭਾਉਣਾ ਹੈ।
ਅੰਤਿਕਾ: (ਜਸਵਿੰਦਰ ਦੇ ਗਜ਼ਲ ਸੰਗ੍ਰਹਿ ḔਅਗਰਬੱਤੀḔ ਵਿਚੋਂ)
ਅੱਗ ਹੈ, ਪਾਣੀ ਹੈ, ਇਹ ਆਕਾਸ਼ ਹੈ ਜਾਂ ਪੌਣ ਹੈ,
ਮੇਰੇ ਚੇਤਨ ਤੇ ਅਚੇਤਨ ਦੇ ਵਿਚਾਲੇ ਕੌਣ ਹੈ?
ਮਨ ਦੀਆਂ ਰੁੱਤਾਂ ਦੇ ਇਸ ਕੋਲਾਜ ਨੂੰ ਕੀ ਨਾਂ ਦਿਆਂ?
ਮੇਰੀਆਂ ਅੱਖਾਂ ‘ਚ ਅੱਧਾ ਹਾੜ੍ਹ ਅੱਧਾ ਸੌਣ ਹੈ।
ਪੈਲ ਪਾ ਕੇ ਨੱਚਣਾ ਤੈਨੂੰ ਬੜਾ ਮਹਿੰਗਾ ਪਿਆ,
ਨੱਚਦੀਆਂ ਛੁਰੀਆਂ ‘ਚ ਹੁਣ ਮੋਰਾ ਵੇ ਤੇਰੀ ਧੌਣ ਹੈ।
ਤੇਰੇ ਜਤ ਸਤ ਤੋਂ ਜ਼ਿਆਦਾ, ਤੇਰੇ ਤਰਲੇ ਤੋਂ ਵਧੀਕ
ਪੂਰਨਾ ਇਸ ਕਲਯੁਗੀ ਖੂਹ ਦੀ ਉਚੇਰੀ ਮੌਣ ਹੈ।
ਸਾੜ ਕੇ ਮੇਰਾ ਲਹੂ ਮਹਿਕਾਂ ਫਿਜ਼ਾ ਵਿਚ ਵੰਡਦੀ,
ਮੇਰੇ ਅੰਦਰ ਧੁਖ਼ ਰਹੀ ਇਹ ਅਗਰਬੱਤੀ ਕੌਣ ਹੈ?