ਫਿਲਮਸਾਜ਼ ਰਾਜ ਕੁਮਾਰ ਹਿਰਾਨੀ ਦੀ ਫਿਲਮ Ḕਪੀ ਕੇḔ ਹਰ ਪਾਸੇ ਜਲਵੇ ਦਿਖਾ ਰਹੀ ਹੈ। ਬਾਕਸ ਆਫਿਸ ਉਤੇ ਤਾਂ ਇਸ ਨੇ ਰਿਕਾਰਡ ਤੋੜਨ ਦਾ ਸਿਲਸਿਲਾ ਜਾਰੀ ਰੱਖਿਆ ਹੀ ਹੋਇਆ ਹੈ, ਇਸ ਫਿਲਮ ਦੇ ਹੱਕ ਵਿਚ ਅਤੇ ਵਿਰੋਧ ਵਿਚ ਵੀ ਖੂਬ ਸਰਗਰਮੀ ਹੋ ਰਹੀ ਹੈ। ਇਹ ਫਿਲਮ ਦੇਖਣ ਵਾਲਾ ਹਰ ਸ਼ਖਸ ਆਪਣੇ ਨੇੜਲੇ ਨੂੰ ਇਹ ਫਿਲਮ ਦੇਖਣ ਦੀ ਸਿਫਾਰਿਸ਼ ਕਰ ਰਿਹਾ ਹੈ।
ਚਿਰਾਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਫਿਲਮ ਨੂੰ ਦਰਸ਼ਕਾਂ ਦੇ ਪੱਧਰ ਉਤੇ ਇਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਹੈ। ਇਹ ਤਾਂ ਹੋਈ ਫਿਲਮ ਦੇ ਹੱਕ ਵਿਚ ਖੜ੍ਹਨ ਵਾਲਿਆਂ ਦੀ ਗੱਲ; ਦੂਜੀ ਗੱਲ ਫਿਲਮ ਦਾ ਵਿਰੋਧ ਕਰਨ ਵਾਲਿਆਂ ਦੀ ਹੈ। ਇਸ ਫਿਲਮ ਦਾ ਵਿਰੋਧ ਕੱਟੜ ਹਿੰਦੂ ਜਥੇਬੰਦੀਆਂ ਦੇ ਮੈਂਬਰ ਕਰ ਰਹੇ ਹਨ, ਹਾਲਾਂਕਿ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਹੋਰ ਉਘੀਆਂ ਹਸਤੀਆਂ ਵੀ ਇਸ ਫਿਲਮ ਦੀ ਤਾਰੀਫ ਕਰ ਰਹੀਆਂ ਹਨ। ਕੱਟੜਪੰਥੀਆਂ ਦੇ ਵਿਰੋਧ ਦਾ ਨੁਕਤਾ ਇਹ ਹੈ ਕਿ ਫਿਲਮ ਵਿਚ ਉਨ੍ਹਾਂ ਦੇ ਭਗਵਾਨਾਂ/ਧਾਰਮਿਕ ਭਾਵਨਾਵਾਂ ਦਾ ਮਖੌਲ ਉਡਾਇਆ ਗਿਆ ਹੈ। ਇਸੇ ਆਧਾਰ ਉਤੇ ਇਨ੍ਹਾਂ ਕੱਟੜ ਜਥੇਬੰਦੀਆਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਵੀ ਪਾਈ ਸੀ। ਇਸ ਪਟੀਸ਼ਨ ਵਿਚ ਮੰਗ ਕੀਤੀ ਗਈ ਕਿ ਫਿਲਮ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ, ਇਸ ਲਈ ਇਸ ਉਤੇ ਤੁਰੰਤ ਪਾਬੰਦੀ ਲਾਈ ਜਾਵੇ। ਸੁਪਰੀਮ ਕੋਰਟ ਨੇ ਇਹ ਪਟੀਸ਼ਨ ਤਾਂ ਸਵੀਕਾਰ ਕਰ ਲਈ, ਪਰ ਆਪਣੇ ਫੈਸਲੇ ਵਿਚ ਸਪਸ਼ਟ ਕਿਹਾ ਕਿ ਜੇ ਕਿਸੇ ਨੂੰ ਇਹ ਫਿਲਮ ਚੰਗੀ ਨਹੀਂ ਲੱਗਦੀ, ਤਾਂ ਉਹ ਫਿਲਮ ਦੇਖਣ ਸਿਨੇਮਾ ਘਰਾਂ ਵਿਚ ਨਾ ਜਾਵੇ। ਇਸ ਦੇ ਨਾਲ ਹੀ ਅਦਾਲਤ ਨੇ ਪਟੀਸ਼ਨ ਰੱਦ ਕਰ ਦਿੱਤੀ। ਇਨ੍ਹਾਂ ਕੱਟੜ ਜਥੇਬੰਦੀਆਂ ਨੇ ਸੈਂਸਰ ਬੋਰਡ ਕੋਲ ਵੀ ਪਹੁੰਚ ਕੀਤੀ ਅਤੇ ਕੁਝ ਸੀਨ ਕੱਟਣ ਲਈ ਕਿਹਾ, ਪਰ ਬੋਰਡ ਦੀ ਮੁਖੀ ਲੀਲ੍ਹਾ ਸੈਮਸਨ ਨੇ ਸਾਰੇ ਪੱਖ ਵਿਚਾਰਨ ਤੋਂ ਬਾਅਦ ਕਿਹਾ ਕਿ ਫਿਲਮ ਦਾ ਕੋਈ ਸੀਨ ਸਂੈਸਰ ਬੋਰਡ ਵਲੋਂ ਕੱਟਿਆ ਨਹੀਂ ਜਾਵੇਗਾ। ਉਂਜ ਵੀ ਸੈਂਸਰ ਬੋਰਡ ਪਹਿਲਾਂ ਹੀ ਫਿਲਮ ਨੂੰ ਪ੍ਰਵਾਨਗੀ ਦੇ ਚੁੱਕਾ ਹੈ ਅਤੇ ਦੂਜੀ ਵਾਰ ਗੌਰ ਕਰਨ ਪਿਛੋਂ ਵੀ ਫਿਲਮ ਵਿਚ ਅਜਿਹਾ ਕੋਈ ਸੀਨ ਨਹੀਂ ਮਿਲਿਆ ਜਿਹੜਾ ਕੱਟਿਆ ਜਾ ਸਕਦਾ ਹੋਵੇ। ਨਾਲੇ ਧਾਰਮਿਕ ਭਾਵਨਾਵਾਂ ਦਾ ਮਸਲਾ ਬਿਲਕੁੱਲ ਅਲੱਗ ਹੈ, ਧਾਰਮਿਕ ਭਾਵਨਾਵਾਂ ਦੇ ਨਾਂ ਉਤੇ ਕਿਸੇ ਦੀ ਕਿਰਤ ਨੂੰ ਕੱਟਿਆ-ਵੱਢਿਆ ਨਹੀਂ ਜਾ ਸਕਦਾ।
ਦਰਅਸਲ, ਫਿਲਮ ਦੀ ਕਹਾਣੀ ਇਸ ਢੰਗ ਨਾਲ ਗੁੰਦੀ ਗਈ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਆਪਣੇ ਨਾਲ ਬੀਤ ਰਹੀ ਕਹਾਣੀ ਜਾਪਦੀ ਹੈ। ਫਿਲਮ ਵਿਚ ਧਾਰਮਿਕ ਲਿਬਾਸਾਂ ਵਿਚ ਲੁਕੇ ਲੋਕਾਂ ਵਲੋਂ ਆਮ ਲੋਕਾਂ ਨੂੰ ਲੁੱਟਣ ਦੀ ਕਥਾ ਬਹੁਤ ਜ਼ੋਰਦਾਰ ਢੰਗ ਨਾਲ ਬਿਆਨ ਕੀਤੀ ਗਈ ਹੈ। ਇਸ ਸਬੰਧੀ ਸੋਨੇ ਉਤੇ ਸੁਹਾਗਾ ਇਹ ਕਿ ਸਾਰੀ ਕਹਾਣੀ ਵਿਅੰਗ ਦੇ ਤਿੱਖੇ ਬਾਣਾਂ ਨਾਲ ਅਗਾਂਹ ਤੋਰੀ ਗਈ ਹੈ। ਬਹੁਤ ਜ਼ਿਆਦਾ ਗੰਭੀਰ ਵਿਸ਼ੇ ਨੂੰ ਹਲਕੀਆਂ-ਫੁਲਕੀਆਂ ਕਲਾਕਾਰੀ ਛੋਹਾਂ ਨਾਲ ਦਰਸ਼ਕਾਂ ਅੱਗੇ ਪਰੋਸਿਆ ਗਿਆ ਹੈ।
ਇਸ ਫਿਲਮ ਵਿਚ ਮੁੱਖ ਅਦਾਕਾਰੀ ਚਰਚਿਤ ਅਦਾਕਾਰ ਆਮਿਰ ਖਾਨ ਦੀ ਹੈ। ਉਸ ਤੋਂ ਇਲਾਵਾ ਅਦਾਕਾਰਾ ਅਨੁਸ਼ਕਾ ਸ਼ਰਮਾ, ਸੁਸ਼ਾਤ ਰਾਜਪੂਤ, ਸੰਜੇ ਦੱਤ, ਬੋਮਨ ਇਰਾਨੀ ਵਰਗੇ ਕਲਾਕਾਰਾਂ ਦੀਆਂ ਅਹਿਮ ਭੂਮਿਕਾਵਾਂ ਹਨ। ਕੁਝ ਫਿਲਮ ਆਲੋਚਕਾਂ ਦਾ ਆਖਣਾ ਹੈ ਕਿ ਇਸ ਤਰ੍ਹਾਂ ਦੀ ਫਿਲਮ ਅਦਾਕਾਰ ਆਮਿਰ ਖਾਨ ਅਤੇ ਫਿਲਮਸਾਜ਼ ਰਾਜ ਕੁਮਾਰ ਹਿਰਾਨੀ ਦੀ ਜੋੜੀ ਹੀ ਬਣਾ ਸਕਦੀ ਸੀ। ਇਸ ਫਿਲਮ ਵਿਚ ਉਨ੍ਹਾਂ ਦੋਹਾਂ ਨੇ ਜੋਖਮ ਵੀ ਬਹੁਤ ਉਠਾਇਆ ਹੈ, ਪਰ ਉਨ੍ਹਾਂ ਦੀ ਮਿਹਨਤ ਅਤੇ ਲਗਨ ਰੰਗ ਲਿਆਈ ਹੈ। ਇਹ ਜੋੜੀ ਇਸ ਤੋਂ ਪਹਿਲਾਂ ਫਿਲਮ Ḕ3 ਈਡੀਅਟਸḔ ਬਣਾ ਚੁੱਕੀ ਹੈ। Ḕ3 ਈਡੀਅਟਸḔ ਦਾ ਰੰਗ ਵੀ ਦੇਖਣ ਹੀ ਵਾਲਾ ਸੀ ਅਤੇ ਇਹ ਫਿਲਮ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤੀ ਸੀ। ਰਾਜ ਕੁਮਾਰ ਹਿਰਾਨੀ ਨੇ ਇਨ੍ਹਾਂ ਦੋ ਫਿਲਮਾਂ ਤੋਂ ਪਹਿਲਾਂ ਦੋ ਹੋਰ ਫਿਲਮਾਂ ਵੀ ਬਣਾਈਆਂ ਸਨ। ਇਨ੍ਹਾਂ ਦੇ ਨਾਂ ਹਨ: ਮੁੰਨਾ ਭਾਈ ਐਮæਬੀæਬੀæਐਸ਼ ਅਤੇ ਲਗੇ ਰਹੋ ਮੁੰਨਾ ਭਾਈ। ਹਿਰਾਨੀ ਦੀ ਹਰ ਫਿਲਮ ਵਿਚ ਵਿਅੰਗ ਦੀ ਧਾਰ ਬੜੀ ਤਿੱਖੀ ਹੁੰਦੀ ਹੈ। ਇਹ ਪਹਿਲੀਆਂ ਦੋਵੇਂ ਫਿਲਮਾਂ ਵੀ ਆਪਣੇ ਦੌਰ ਦੀਆਂ ਫਿਲਮਾਂ ਤੋਂ ਐਨ ਹਟਵੀਆਂ ਸਨ ਪਰ ਇਨ੍ਹਾਂ ਵਿਚ ਜ਼ੋਰਦਾਰ ਸਮਾਜਕ ਸੁਨੇਹਾ ਸੀ। ਜਿਉਂ-ਜਿਉਂ ਹਿਰਾਨੀ ਫਿਲਮਾਂ ਬਣਾਉਂਦਾ ਗਿਆ, ਸਮਾਜਕ ਸੁਨੇਹੇ ਹੋਰ ਪ੍ਰਚੰਡ ਹੁੰਦੇ ਗਏ। ਤੀਜੀ ਫਿਲਮ Ḕ3 ਈਡੀਅਟਸḔ ਵਿਚ ਸਿੱਖਿਆ ਦੇ ਵਪਾਰੀਕਰਨ ਦੇ ਮੁੱਦੇ ਨੂੰ ਉਸ ਨੇ ਬਹੁਤ ਜ਼ੋਰ ਨਾਲ ਉਠਾਇਆ। ਹੁਣ ਚੌਥੀ ਫਿਲਮ Ḕਪੀ ਕੇḔ ਵਿਚ Ḕ3 ਈਡੀਅਟਸḔ ਤੋਂ ਅਗਲੀ ਗੱਲ ਕਰਦਿਆਂ ਧਰਮ ਦੇ ਨਾਂ ਉਤੇ ਆਮ ਲੋਕਾਂ ਦੀ ਲੁੱਟ ਤੋਂ ਇਲਾਵਾ ਹੋਰ ਕਈ ਮਸਲੇ ਉਭਾਰੇ ਹਨ। ਬਹੁਤ ਸਾਧਾਰਨ ਦਿਸਦੀ ਇਸ ਫਿਲਮ ਵਿਚ ਬਹੁਤ ਵੱਡੀਆਂ ਗੱਲਾਂ ਆਖੀਆਂ ਗਈਆਂ ਹਨ।
-ਜਗਜੀਤ ਸਿੰਘ ਸੇਖੋਂ