ਨਵੀਂ ਦਿੱਲੀ: ਫਿਲਮਸਾਜ਼ ਰਾਜ ਕੁਮਾਰ ਹਿਰਾਨੀ ਅਤੇ ਚਰਚਿਤ ਅਦਾਕਾਰ ਆਮਿਰ ਖਾਨ ਦੀ ਫਿਲਮ ‘ਪੀæਕੇæ’ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ। ਫਿਲਮ ਆਲੋਚਕਾਂ ਦਾ ਕਹਿਣਾ ਹੈ ਕਿ ਚਿਰਾਂ ਬਾਅਦ ਅਜਿਹੀ ਫਿਲਮ ਆਈ ਹੈ ਜਿਹੜੀ ਵਾਰ-ਵਾਰ ਦੇਖੀ ਜਾ ਸਕਦੀ ਹੈ। ਕਮਾਈ ਪੱਖੋਂ ਵੀ ਇਹ ਫਿਲਮ ਲੀਹ ਉਤੇ ਪਈ ਹੋਈ ਹੈ।
ਫਿਲਮ ‘ਪੀæਕੇæ’ ਵਿਚ ਧਰਮ ਦੇ ਨਾਂ ਉਤੇ ਲੋਕਾਂ ਨੂੰ ਲੁੱਟ ਵਾਲਿਆਂ ਉਤੇ ਬਹੁਤ ਤਿੱਖਾ ਵਿਅੰਗ ਕੀਤਾ ਗਿਆ ਹੈ ਅਤੇ ਇਹ ਵਿਅੰਗ ਇੰਨੇ ਵਧੀਆ ਢੰਗ ਨਾਲ ਕੀਤਾ ਗਿਆ ਹੈ ਕਿ ਫਿਲਮ ਵੇਖ ਰਹੇ ਦਰਸ਼ਕ ਵਾਰ-ਵਾਰ ਤਾੜੀਆਂ ਮਾਰਦੇ ਹਨ। ਉਂਜ ਇਸ ਲੁੱਟ ਬਾਰੇ ਚਰਚਾ ਕਰਨ ਤੋਂ ਕੁਝ ਹਿੰਦੂਵਾਦੀ ਜਥੇਬੰਦੀਆਂ ਬਹੁਤ ਜ਼ਿਆਦਾ ਔਖੀਆਂ ਹੋਈਆਂ ਹਨ ਅਤੇ ਉਨ੍ਹਾਂ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਗਾ ਕੇ ਆਮਿਰ ਖਾਨ ਅਤੇ ਰਾਜ ਕੁਮਾਰ ਹਿਰਾਨੀ ਖਿਲਾਫ਼ ਕਈ ਥਾਂਈਂ ਕੇਸ ਵੀ ਦਰਜ ਕਰਵਾ ਦਿੱਤੇ ਹਨ। ਪੰਜਾਬ ਵਿਚ ਵੀ ਕੁਝ ਹਿੰਦੂ ਜਥੇਬੰਦੀਆਂ ਨੇ ਰੋਸ ਵਿਖਾਵੇ ਕੀਤੇ ਹਨ ਅਤੇ ਫਿਲਮ ਉਥੇ ਪਾਬੰਦੀ ਲਾਉਣ ਦੀ ਮੰਗ ਵੀ ਕੀਤੀ ਹੈ।
ਫਿਲਮ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਖੁਸ਼ ਹੋਇਆ ਆਮਿਰ ਖਾਨ ਕਹਿੰਦਾ ਹੈ ਕਿ ਉਸ ਨੇ ਲੋਕਾਂ ਨਾਲ ਸਿੱਧੇ ਜੁੜੇ ਮਸਲੇ ਨੂੰ ਆਪਣੀ ਫਿਲਮ ਵਿਚ ਉਭਾਰਨ ਯਤਨ ਕੀਤਾ ਹੈ ਅਤੇ ਆਪਣੀਆਂ ਅਗਲੀਆਂ ਫਿਲਮਾਂ ਵਿਚ ਵੀ ਉਹ ਇਸੇ ਤਰ੍ਹਾਂ ਕਰਦਾ ਰਹੇਗਾ। ਇਸੇ ਦੌਰਾਨ ਆਮਿਰ ਖਾਨ ਅਤੇ ਰਾਜ ਕੁਮਾਰ ਹਿਰਾਨੀ ਦੇ ਹੱਕ ਵਿਚ ਆਮ ਦਰਸ਼ਕਾਂ ਅਤੇ ਬੁੱਧੀਜੀਵੀਆਂ ਨੇ ਵੀ ਮੁਹਿੰਮ ਚਲਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧਾਰਮਿਕ ਭਾਵਨਾਵਾਂ ਦਾ ਬਹਾਨਾ ਬਣਾ ਕੇ ਬੋਲਣ ਅਤੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦੀ ਆਜ਼ਾਦੀ ਉਤੇ ਰੋਕ ਨਹੀਂ ਲਗਾਈ ਜਾ ਸਕਦੀ। ਉਨ੍ਹਾਂ ਆਮਿਰ ਖਾਨ ਨੂੰ ਵਧਾਈ ਦਿੱਤੀ ਕਿ ਉਸ ਨੇ ਸਮਾਜਕ ਸਰੋਕਾਰਾਂ ਦੀ ਗੱਲ ਕਰਦੀ ਫਿਲਮ ਬਣਾਈ ਹੈ।