ਅੱਖੀਂ ਡਿੱਠੇ ਧਰਮ ਪਰਿਵਰਤਨ ਦੀਆਂ ਵਿਸ਼ੇਸ਼ ਵਾਰਦਾਤਾਂ

ਗੁਲਜ਼ਾਰ ਸਿੰਘ ਸੰਧੂ
ਹੋਰ ਦੋ ਮਹੀਨੇ ਤੱਕ ਮੈਂ ਇੱਕ ਉਤੇ ਅੱਸੀ ਸਾਲ ਦਾ ਹੋ ਜਾਣਾ ਹੈ। ਭਾਰਤੀ ਸੰਸਦ ਤੇ ਸੰਸਦ ਦੇ ਬਾਹਰ ਧਰਮ ਪਰਿਵਰਤਨ ਦੇ ਸਮਾਚਾਰਾਂ ਨੇ ਮੈਨੂੰ ਅੱਖੀਂ ਦੇਖੀਆਂ ਵਾਰਦਾਤਾਂ ਚੇਤੇ ਕਰਵਾ ਦਿੱਤੀਆਂ ਹਨ।
1947 ਦੀ ਦੇਸ਼ ਵੰਡ ਸਮੇਂ ਮੈਂ 14 ਸਾਲ ਦਾ ਸਾਂ। ਨਵ ਜੰਮੇ ਪਾਕਿਸਤਾਨ ਦੇ ਹਿੰਦੂ ਸਿੱਖ ਆਪਣੇ ਘਰ ਘਾਟ ਤਿਆਗ ਕੇ ਏਧਰ ਆ ਰਹੇ ਸਨ ਤੇ ਏਧਰ ਦੇ ਮੁਸਲਮਾਨ ਉਨ੍ਹਾਂ ਵਾਂਗ ਹੀ ਓਧਰ ਜਾ ਰਹੇ ਸਨ।

ਮੇਰੇ ਜੱਦੀ ਪਿੰਡ ਸੂਨੀ (ਹੁਸ਼ਿਆਰਪੁਰ) ਵਿਚ ਦੋ ਨੀਲੇ ਬਾਣੇ ਵਾਲੇ ਘੋੜ ਸਵਾਰਾਂ ਨੇ ਸਾਡੇ ਪਿੰਡ ਦੇ ਅਰਾਈਆਂ ਨੂੰ ਕਿਹਾ ਕਿ ਜਿਹੜੇ ਅਰਾਈਂ ਓਧਰ ਨਹੀਂ ਜਾਣਾ ਚਾਹੁੰਦੇ, ਉਹ ਅੰਮ੍ਰਿਤਧਾਰੀ ਸਿੱਖ ਹੋ ਕੇ ਏਧਰ ਰਹਿ ਸਕਦੇ ਹਨ। ਸਾਰੇ ਦੇ ਸਾਰੇ ਅਰਾਈਂ ਕੱਛੇ ਸਿਲਵਾ ਕੇ ਤੇ ਕੰਘੇ, ਕੜੇ ਤੇ ਕਿਰਪਾਨ ਧਾਰੀ ਹੋ ਕੇ ਸਿੰਘ ਸੱਜ ਗਏ ਸਨ। ਅੰਮ੍ਰਿਤ ਛਕਾਉਣ ਵਾਲੇ ਗ੍ਰੰਥੀ ਦੇ ਕਹਿਣ ਉਤੇ ਉਹ ਸਤਿਨਾਮ ਵਾਹਿਗੁਰੂ ਉਚਾਰਦੇ ਉਸ ਔਰੰਗਜ਼ੇਬ ਨੂੰ ਕੋਸ ਰਹੇ ਸਨ ਜਿਸ ਦੇ ਰਾਜ ਕਾਲ ਵਿਚ, ਉਨ੍ਹਾਂ ਦੇ ਸੁਣੇ ਅਨੁਸਾਰ, ਉਨ੍ਹਾਂ ਨੂੰ ਹਿੰਦੂਆਂ ਤੋਂ ਮੁਸਲਮਾਨ ਬਣਾਇਆ ਗਿਆ ਸੀ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੇ ਸਿੰਘ ਸਜਣ ਤੋਂ ਦੋ ਦਿਨ ਬਾਅਦ ਹਜ਼ਾਰਾਂ ਹਿੰਦੂ ਸਿੱਖਾਂ ਨੇ, ਜਿਹੜੇ ਸਾਡੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਸਨ, ਸਿੰਘ ਸਜੇ ਮੁਸਲਮਾਨਾਂ ਦੇ ਘਰਾਂ ਉਤੇ ਧਾਵਾ ਬੋਲ ਕੇ ਉਨ੍ਹਾਂ ਦਾ ਸਾਜ ਸਮਾਨ ਹੀ ਨਹੀਂ ਸੀ ਲੁਟਿਆ, ਨੂੰਹਾਂ-ਧੀਆਂ ਦੀ ਪੱਤ ਵੀ ਰੋਲੀ ਸੀ। ਉਹ ਆਪਣੇ ਨਾਲ ਦੋ ਦਰਜਨ ਗਭਰੂਆਂ ਦੀ ਹੱਤਿਆ ਕਰਕੇ ਅੱਧੀ ਦਰਜਨ ਮੁਟਿਆਰਾਂ ਚੁੱਕ ਕੇ ਲੈ ਗਏ ਸਨ। ਸਾਡੇ ਪਿੰਡ ਦੇ ਹਿੰਦੂ ਸਿੱਖ ਏਨੇ ਥੋੜ੍ਹੇ ਸਨ ਕਿ ਕਿਸੇ ਦੀ ਰਾਖੀ ਨਹੀਂ ਸਨ ਕਰ ਸਕੇ। ਹਾਂ! ਏਨਾ ਜ਼ਰੂਰ ਹੈ ਕਿ ਜਦੋਂ ਦੋ ਮਹੀਨੇ ਪਿੱਛੋਂ ਗੇਂਦੇ ਭਰਾਈ ਦੀ ਨੂੰਹ ਅਤੇ ਧੀ ਆਪਣੇ ਚੁੱਕਣ ਵਾਲਿਆਂ ਨੂੰ ਚਕਮਾ ਦੇ ਕੇ ਮੁੜ ਸਾਡੇ ਪਿੰਡ ਆ ਵੜੀਆਂ ਸਨ ਤਾਂ ਅਸੀਂ ਉਨ੍ਹਾਂ ਨੂੰ ਆਪਣੇ ਪਿੰਡ ਦੀਆਂ ਨੂੰਹਾਂ-ਧੀਆਂ ਵਾਲਾ ਪਿਆਰ ਤੇ ਦਿਲਾਸਾ ਦੇ ਕੇ ਆਪਣੇ ਘਰਾਂ ਵਿਚ ਸਾਂਭ ਲਿਆ ਸੀ। ਇਥੋਂ ਤੱਕ ਕਿ ਜਦੋਂ ਉਨ੍ਹਾਂ ਨੂੰ ਚੁੱਕਣ ਵਾਲੇ ਪ੍ਰੀਤਮ ਸਿੰਘ, ਰਤਨ ਸਿੰਘ ਤੇ ਬਲਵੰਤ ਸਿੰਘ- ਇਕ ਘੋੜੀ ਤੇ ਰਫ਼ਲਾਂ ਬੰਦੂਕਾਂ ਲੈ ਕੇ ਉਨ੍ਹਾਂ ਨੂੰ ਮੁੜ ਚੁੱਕਣ ਆਏ ਸਨ ਤਾਂ ਸਾਡੇ ਪਿੰਡ ਵਾਲਿਆਂ ਨੇ ਆਪਣੀਆਂ ਮੁਸਲਿਮ ਧੀਆਂ ਦੀ ਰੱਖਿਆ ਕਰਦਿਆਂ ਤਿੰਨੋਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਮੇਰੇ ਲੁਧਿਆਣਾ ਜ਼ਿਲ੍ਹੇ ਵਾਲੇ ਨਾਨਕੇ ਪਿੰਡ ਮੇਰੇ ਨਾਨੇ ਨੇ ਇੱਕ ਸੱਤ ਸਾਲਾ ਅਲੀ ਗੌਂਸ ਨਾਮ ਦੇ ਲੜਕੇ ਨੂੰ ਉਸ ਦੇ ਮ੍ਰਿਤਕ ਮਾਪਿਆਂ ਦੀਆਂ ਲਾਸ਼ਾਂ ਕੋਲੋਂ ਚੁੱਕ ਕੇ ਆਪਣੇ ਘਰ ਲੈ ਆਂਦਾ ਸੀ ਜਿਸ ਨੂੰ ਮੇਰੀ ਨਾਨੀ ਨੇ ਆਪਣੇ ਪਹਿਲੇ ਅੱਠ ਧੀਆਂ ਪੁੱਤਰਾਂ ਦਾ ਨੌਵਾਂ ਭਰਾ ਰਾਮ ਸਿੰਘ ਬਣਾ ਕੇ ਸਿੱਖ ਮਰਿਆਦਾ ਨਾਲ ਪਾਲਿਆ ਤੇ ਵਿਆਹਿਆ ਸੀ। ਉਸ ਨੂੰ ਨਾਨਕਿਆਂ ਤੋਂ ਦਿੱਲੀ ਲਿਜਾ ਕੇ ਟੈਕਸੀ ਡਰਾਈਵਰ ਦਾ ਕੰਮ ਦਿਲਵਾਉਣ ਤੇ ਇੱਕ ਮਹਾਰਾਸ਼ਟਰਣ ਕੁੜੀ ਨਾਲ ਵਿਆਹੁਣ ਵਾਲਾ ਮੈਂ ਆਪ ਸਾਂ। ਉਹ ਮੈਥੋਂ ਸੱਤ ਸਾਲ ਛੋਟਾ ਹੋਣ ਕਾਰਨ ਮੈਨੂੰ ਆਪਣਾ ਭਾਣਜਾ ਸਾਹਿਬ ਕਹਿੰਦਾ ਹੁੰਦਾ ਸੀ। ਇਹ ਗੱਲ ਵੱਖਰੀ ਹੈ ਕਿ ਜਦੋਂ 1984 ਵਿਚ ਇੰਦਰਾ ਗਾਂਧੀ ਦੀ ਹੱਤਿਆ ਉਤੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਉਸ ਨੇ ਕੇਸ ਕਟਵਾ ਕੇ ਜਾਨ ਬਚਾਈ ਸੀ। ਮੇਰੀ ਨਾਨੀ ਦੇ ਦਿੱਤੇ ਉਹ ਕੇਸ ਜਿਹੜੇ ਉਸ ਨੇ ਮਹਾਰਾਸ਼ਟਰਣ ਵਹੁਟੀ ਦੇ ਕਹਿਣ ਉਤੇ ਵੀ ਨਹੀਂ ਸਨ ਕਟਵਾਏ।
1998 ਵਿਚ ਜਦੋਂ ਗੋਆ ਦਾ ਸਾਬਕਾ ਰਾਜਪਾਲ ਕਰਨਲ ਪ੍ਰਤਾਪ ਸਿੰਘ ਗਿੱਲ ਮੈਨੂੰ ਆਪੂੰ ਥਾਪੇ ਹਿੰਦੂ ਮੁਸਲਿਮ ਮਿਲਾਪ ਟਰੱਸਟ ਦਾ ਮੈਂਬਰ ਬਣਾ ਕੇ ਆਪਣੇ ਨਾਲ ਪਾਕਿਸਤਾਨ ਲੈ ਗਿਆ ਤਾਂ ਲਾਹੌਰ, ਸ਼ੇਖੂਪੁਰਾ ‘ਤੇ ਮੁਲਤਾਨ ਦੇ ਅੱਧੀ ਦਰਜਨ ਅਜਿਹੇ ਪਰਿਵਾਰਾਂ ਨੂੰ ਮਿਲਿਆ ਜਿਹੜੇ ਓਧਰ ਵਾਲਾ ਆਪਣਾ ਘਰ ਘਾਟ ਛੱਡ ਕੇ ਏਧਰ ਦੀ ਓਪਰੀ ਧਰਤੀ ਵਿਚ ਆਉਣ ਦੀ ਥਾਂ ਹਿੰਦੂਆਂ ਤੋਂ ਮੁਸਲਮਾਨ ਹੋ ਕੇ ਓਧਰ ਹੀ ਰਹਿ ਗਏ ਸਨ। ਉਨ੍ਹਾਂ ਨੇ ਸਾਰੇ ਮੈਂਬਰਾਂ ਦੀ ਮਹਿਮਾਨ ਨਿਵਾਜ਼ੀ ਹੀ ਨਹੀਂ ਸੀ ਕੀਤੀ ਵਕਤ ਆਉਣ ਉਤੇ ਸਾਡੇ ਕੋਲੋਂ ਮੁਆਫੀ ਮੰਗ ਕੇ ਨੇੜਲੀ ਮਸੀਤ ਵਿਚ ਜਾ ਕੇ ਨਮਾਜ਼ ਵੀ ਪੜ੍ਹੀ। ਸਾਡੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਨਿਮਾਜ਼ ਪੜ੍ਹਨ ਲਈ ਮੰਗੀ ਮੁਆਫੀ ਉਨ੍ਹਾਂ ਨੇ ਵਾਪਸ ਪਰਤਣ ਉਤੇ ਇੱਕ ਵਾਰੀ ਫੇਰ ਮੰਗੀ। ਸਾਡੀ ਉਸ ਫੇਰੀ ਸਮੇਂ ਸਾਨੂੰ ਉਹ ਔਰਤਾਂ ਵੀ ਮਿਲੀਆਂ ਜਿਨ੍ਹਾਂ ਦੇ ਚਾਚੇ-ਤਾਇਆਂ ਤੇ ਭਰਾਵਾਂ ਦੀ ਹੱਤਿਆ ਕਰਕੇ ਓਧਰ ਦੇ ਮੁਸਲਮਾਨਾਂ ਨੇ ਉਨ੍ਹਾਂ ਨੂੰ ਆਪਣੇ ਘਰ ਵਸਾ ਲਿਆ ਸੀ। ਸਾਨੂੰ ਮਿਲਣ ਉਤੇ ਉਨ੍ਹਾਂ ਦੇ ਪੁੱਤਰ-ਧੀਆਂ ਦਾ ਸਾਨੂੰ Ḕਮਾਮਾ ਜੀ-ਨਾਨਾ ਜੀḔ ਕਹਿੰਦਿਆਂ ਦਾ ਮੂੰਹ ਸੁੱਕਦਾ ਸੀ। ਜਿੰਨੇ ਪਿਆਰ ਨਾਲ ਸਾਡੇ ਗੋਡੀਂ ਹੱਥ ਲਾ ਕੇ ਸਾਡਾ ਸਤਿਕਾਰ ਕੀਤਾ, ਉਹ ਮੈਨੂੰ ਅੰਤਲੇ ਦਮ ਤੱਕ ਚੇਤੇ ਰਹੇਗਾ। ਇਨ੍ਹਾਂ ਸਾਰੇ ਅਮਲਾਂ ਦਾ ਚਸ਼ਮਦੀਦ ਗਵਾਹ ਹੋਣ ਦੇ ਨਾਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਭਨਾਂ ਨੇ ਆਪਣਾ ਧਰਮ ਮਜਬੂਰੀ ਵਿਚ ਬਦਲਿਆ ਸੀ। ਖੁਸ਼ੀ ਖੁਸ਼ੀ ਨਹੀਂ।
ਉਪਰੋਕਤ ਅਮਲਾਂ ਨੂੰ Ḕਘਰ ਵਾਪਸੀḔ ਦਾ ਨਾਂ ਦੇਣਾ ਜਾਂ ਬਾਬਰੀ ਮਸਜਿਦ ਦੇ ਢਾਹੁਣ ਨੂੰ Ḕਹਿੰਦੂ ਏਕਤਾḔ ਦਾ ਨਾਂ ਦੇਣਾ ਓਨਾ ਹੀ ਹਾਸੋ ਹੀਣਾ ਹੈ ਜਿੰਨਾ ਮੁਸਲਿਮ ਮਹਿਲਾਵਾਂ ਵਲੋਂ ਬੁਰਕੇ ਤੋਂ ਛੁਟਕਾਰਾ ਪਾਉਣ ਲਈ ਹਿੰਦੂ ਔਰਤਾਂ ਦਾ ਘੁੰਡ ਅਪਨਾਉਣ ਦਾ ਤਰਕ।
ਮੈਨੂੰ ਨਹੀਂ ਪਤਾ ਭਾਜਪਾ, ਰਾਸ਼ਟਰੀ ਸ੍ਵੈਮ ਸੇਵਕ ਸੰਘ ਜਾਂ ਹਿੰਦੂਤਵ ਦੇ ਧਾਰਨੀ ਰਾਬਿੰਦਰਨਾਥ ਟੈਗੋਰ ਜਾਂ ਸਵਾਮੀ ਵਿਵੇਕਾ ਨੰਦ ਦੇ ਕਿੰਨੇ ਕੁ ਮੱਦਾਹ ਹਨ ਪਰ ਇਥੇ ਉਨ੍ਹਾਂ ਦੀ ਧਾਰਨਾ ਪੇਸ਼ ਕਰਨਾ ਉਚਿਤ ਹੋਵੇਗਾ। ਟੈਗੋਰ ਅਨੁਸਾਰ “ਏਥੇ ਆਰੀਆ, ਗੈਰ-ਆਰੀਆ, ਦ੍ਰਾਵੜੀ, ਚੀਨੇ, ਹੂਨ, ਪਠਾਣ ਤੇ ਮੁਗ਼ਲ- ਇਕ ਦੂਜੇ ਵਿਚ ਮਿਲ ਕੇ ਇੱਕ ਇਕਾਈ ਬਣ ਚੁੱਕੇ ਹਨ ਤੇ ਇਹ ਇਕਾਈ ਭਾਰਤ ਹੈ।”
ਵਿਵੇਕਾਨੰਦ ਦੇ ਸ਼ਬਦਾਂ ਵਿਚ “ਹਰ ਪ੍ਰਣਾਲੀ ਨੇ ਅਜਿਹੇ ਮਰਦ ਔਰਤਾਂ ਨੂੰ ਜਨਮ ਦਿੱਤਾ ਹੈ ਜਿਹੜੇ ਕਿਸੇ ਇੱਕ ਧਰਮ ਨੂੰ ਪਛਾੜਨ ਜਾਂ ਦੁਰਕਾਰਨ ਦੇ ਉਕਾ ਹੀ ਹੱਕ ਵਿਚ ਨਹੀਂ। ਅੱਜ ਈਸਾਈਆਂ ਦੀ ਕ੍ਰਿਸਮਸ ਨੂੰ ਸ਼ੁਭ ਸ਼ਾਸਨ ਦਿਵਸ ਮਨਾਉਣ ਲਈ ਹੁਕਮ ਜਾਰੀ ਕਰਨਾ ਟੈਗੋਰ ਤੇ ਵਿਵੇਕਾਨੰਦ ਦੇ ਭਾਰਤ ਨੂੰ ਕਿਧਰ ਲਿਜਾ ਰਿਹਾ ਹੈ।
ਅੰਤਿਕਾ: (ਅਜੀਜ਼ ਇੰਦੌਰਵੀ)
ਹਮੇਂ ਭੀ ਯਾਦ ਰੱਖੇਂ ਜਬ ਲਿਖੇਂ ਤਾਰੀਖ ਗੁਲਸ਼ਨ ਕੀ,
ਕਿ ਹਮਨੇ ਭੀ ਲੁਟਾਇਆ ਹੈ ਚਮਨ ਮੇਂ ਆਸ਼ੀਆਂ ਅਪਨਾ।