ਨਸ਼ਾ ਸਮਗਲਿੰਗ ਦੀ ਸੂਈ ਆਖਰਕਾਰ ਮਜੀਠੀਏ ‘ਤੇ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਇਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਨੇ ਆਖ਼ਰਕਾਰ ਬਾਦਲ ਸਰਕਾਰ ਦੇ ਸਭ ਤੋਂ ਤਾਕਤਵਰ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੂੰ ਹੱਥ ਪਾ ਲਿਆ ਹੈ। ਛੇ ਹਜ਼ਾਰ ਕਰੋੜ ਰੁਪਏ ਦੀ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਵਿਚ ਮਜੀਠੀਆ ਦਾ ਨਾਂ ਤਕਰੀਬਨ 11 ਮਹੀਨੇ ਪਹਿਲਾਂ ਸਾਹਮਣੇ ਆਇਆ ਸੀ, ਪਰ ਇਸ ਤਾਕਤਵਰ ਵਜ਼ੀਰ ਅਤੇ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਨੂੰ ਹੱਥ ਪਾਉਣ ਤੋਂ ਈæਡੀæ ਵਲੋਂ ਟਾਲਾ ਵੱਟਿਆ ਜਾ ਰਿਹਾ ਸੀ। ਈæਡੀæ ਵਲੋਂ ਮਜੀਠੀਆ ਨੂੰ ਤਲਬ ਕਰਨ ਦੀ ਗੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਵੀ ਜੁੜ ਗਈ ਹੈ।

ਤਕਰੀਬਨ ਹਫਤਾ ਪਹਿਲਾਂ ਹੀ ਸ੍ਰੀ ਮੋਦੀ ਵਲੋਂ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਪੰਜਾਬ ਵਿਚ ਨਸ਼ਿਆਂ ਦੇ ਫੈਲੇ ਮੱਕੜਜਾਲ ਦਾ ਖਾਸ ਜ਼ਿਕਰ ਕੀਤਾ ਸੀ। ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਾਫੀ ਰੜਕੀ ਸੀ ਅਤੇ ਉਨ੍ਹਾਂ ਨੇ ਨਸ਼ਾ, ਭਾਜਪਾ ਦੇ ਸੱਤਾ ਵਾਲੇ ਸੂਬਿਆਂ ਵਿਚੋਂ ਆਉਣ ਦੀ ਗੱਲ ਆਖੀ ਸੀ। ਕੁਝ ਸਿਆਸੀ ਮਾਹਿਰਾਂ ਨੇ ਇਸ ਕਾਰਵਾਈ ਨੂੰ ਭਾਜਪਾ ਦੀ ਰਣਨੀਤੀ ਦਾ ਹੀ ਹਿੱਸਾ ਦੱਸਿਆ ਹੈ ਤਾਂ ਕਿ ਬਾਦਲਾਂ ਦੇ ਪੈਰਾਂ ਹੇਠੋਂ ਹੋਰ ਜ਼ਮੀਨ ਖਿਸਕਾਈ ਜਾ ਸਕੇ।
ਯਾਦ ਰਹੇ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਅਧੀਨ ਹੈ। ਮੰਨਿਆ ਜਾ ਰਿਹਾ ਹੈ ਕਿ ਕੇਂਦਰ ਤੋਂ ਹਰੀ ਝੰਡੀ ਲੈ ਕੇ ਹੀ ਮਜੀਠੀਆ ਨੂੰ ਤਲਬ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਮਜੀਠੀਆ ‘ਤੇ ਨਸ਼ਾ ਤਸਕਰਾਂ ਦੀ ਮਦਦ ਦੇ ਦੋਸ਼ ਲਗਾਤਾਰ ਲੱਗਦੇ ਰਹੇ ਹਨ, ਪਰ ਈæਡੀæ ਸਿਰਫ ਹਵਾਲਾ ਕਾਰੋਬਾਰ ਨਾਲ ਸਬੰਧਤ ਮਾਮਲਿਆਂ ਨੂੰ ਦੇਖਦਾ ਹੈ। ਹੁਣ ਈæਡੀ ਦੀ ਤਿਆਰੀ ਤੋਂ ਲੱਗਦਾ ਹੈ ਕਿ ਮਜੀਠੀਆ ਨੂੰ ਘੇਰਨ ਦੀ ਕਾਰਵਾਈ ਪੱਕੇ ਪੈਰੀਂ ਹੈ। ਇਸ ਮਾਮਲੇ ‘ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਤੋਂ ਬਾਅਦ ਸ੍ਰੀ ਮੋਦੀ ਦੇ ਕਰੀਬੀ ਮੰਨੇ ਜਾਂਦੇ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਵੀ ਮਜੀਠੀਆ ਤੋਂ ਅਸਤੀਫ਼ੇ ਦੀ ਮੰਗ ਕਰ ਕੇ ਅਕਾਲੀ ਦਲ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਮਜੀਠੀਆ ਤੀਜੇ ਅਕਾਲੀ ਆਗੂ ਹਨ ਜਿਨ੍ਹਾਂ ਨੂੰ ਜਗਦੀਸ਼ ਭੋਲਾ ਤੇ ਹੋਰ ਮੁਲਜ਼ਮਾਂ ਦੇ ਬਿਆਨਾਂ ਦੇ ਆਧਾਰ ਉੱਤੇ ਈæਡੀæ ਨੇ ਪੁੱਛ-ਗਿੱਛ ਲਈ ਬੁਲਾਇਆ ਹੈ। ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੂੰ ਵੀ ਪਹਿਲਾਂ ਪੁੱਛ-ਗਿੱਛ ਲਈ ਬੁਲਾਇਆ ਜਾ ਚੁੱਕਾ ਹੈ। ਸੂਤਰਾਂ ਮੁਤਾਬਕ ਦੋਵੇਂ ਬਾਦਲਾਂ ਵਲੋਂ ਈæਡੀæ ਦੇ ਜਿੰਨ ਤੋਂ ਖਹਿੜਾ ਛੁਡਾਉਣ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪੰਜਾਬ ਸਰਕਾਰ ਵਲੋਂ ਪੌਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਚਾਰ ਮੰਤਰੀਆਂ ਤੋਂ ਅਸਤੀਫ਼ੇ ਲਏ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਦੋ ਜਥੇਦਾਰ ਤੋਤਾ ਸਿੰਘ ਤੇ ਗੁਲਜ਼ਾਰ ਸਿੰਘ ਰਣੀਕੇ ਦੀ ਤਾਂ ਵਜ਼ਾਰਤ ਵਿਚ ਵਾਪਸੀ ਹੋ ਚੁੱਕੀ ਹੈ ਜਦੋਂ ਕਿ ਬੀਬੀ ਜਗੀਰ ਕੌਰ ਤੇ ਸਰਵਨ ਸਿੰਘ ਫਿਲੌਰ ਦੀਆਂ ਖੁੱਸੀਆਂ ਤਾਕਤਾਂ ਬਹਾਲ ਨਹੀਂ ਹੋਈਆਂ। ਮਜੀਠੀਆ ਮਾਮਲੇ ਵਿਚ ਸਰਕਾਰ ‘ਤੇ ਦੂਹਰੇ ਮਾਪਦੰਡ ਅਪਨਾਉਣ ਦੇ ਦੋਸ਼ ਵੀ ਲੱਗ ਰਹੇ ਹਨ ਕਿਉਂਕਿ ਦਲਿਤ ਮੰਤਰੀਆਂ ਗੁਲਜ਼ਾਰ ਸਿੰਘ ਰਣੀਕੇ ਤੇ ਸਰਵਨ ਸਿੰਘ ਫਿਲੌਰ ਤੋਂ ਤਾਂ ਝੱਟ ਅਸਤੀਫ਼ੇ ਲੈ ਲਏ ਗਏ ਸਨ, ਪਰ ਮਜੀਠੀਆ ਨੂੰ ਛੱਡ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਈæਡੀæ ਵਲੋਂ ਸ੍ਰੀ ਮਜੀਠੀਆ ਤੋਂ ਪੁੱਛ-ਪੜਤਾਲ ਲਈ ਸਵਾਲਾਂ ਦੀ ਲੰਮੀ ਸੂਚੀ ਤਿਆਰ ਕੀਤੀ ਗਈ ਹੈ। ਇਸ ਦੇ ਨਾਲ ਛੇ ਹਜ਼ਾਰ ਕਰੋੜੀ ਡਰੱਗ ਕੇਸ ਦੇ ਕਥਿਤ ਦੋਸ਼ੀ ਐਨæਆਰæਆਈæ ਬਿਟੂ ਔਲਖ, ਸਤਪ੍ਰੀਤ ਸਿੰਘ ਉਰਫ ਸੱਤਾ, ਅਮਰਿੰਦਰ ਸਿੰਘ ਉਰਫ ਲਾਡੀ ਤੇ ਪਰਮਿੰਦਰ ਸਿੰਘ ਪਿੰਡੀ ਨਾਲ ਵਪਾਰਕ ਸਬੰਧਾਂ ਤੇ ਹੋਈਆਂ ਮਿਲਣੀਆਂ ਬਾਰੇ ਸਵਾਲ ਸ਼ਾਮਲ ਹਨ।
ਕਾਂਗਰਸ ਵਲੋਂ ਅਕਾਲੀ ਦਲ ‘ਤੇ ਚੜ੍ਹਾਈ: ਸਰਕਾਰ ਦੀ ਮਾੜੀ ਕਿਸਮਤ ਨੂੰ ਮਜੀਠੀਏ ਖਿਲਾਫ ਇਹ ਕਾਰਵਾਈ ਸਰਦ ਰੁੱਤ ਸੈਸ਼ਨ ਤੋਂ ਇਕ ਪਹਿਲਾਂ ਕੀਤੀ ਗਈ ਜਿਸ ਕਾਰਨ ਵਿਰੋਧੀ ਧਿਰ ਕਾਂਗਰਸ ਵਲੋਂ ਸਰਕਾਰ ਨੂੰ ਘੇਰਨ ਦਾ ਮੌਕਾ ਮਿਲ ਗਿਆ। ਕਾਂਗਰਸ ਵਲੋਂ ਸਦਨ ਵਿਚ ਪੇਸ਼ ਕੀਤਾ ਬੇਵਿਸਾਹੀ ਮਤਾ ਭਾਵੇਂ ਹਾਕਮ ਧਿਰ ਜ਼ੁਬਾਨੀ ਵੋਟਾਂ ਨਾਲ ਜਿੱਤ ਗਈ, ਪਰ ਇਸ ਮਤੇ ਨੇ ਸਰਕਾਰ ਨੂੰ ਕੱਖੋਂ ਹੌਲਾ ਕਰ ਦਿੱਤਾ ਹੈ; ਕਿਉਂਕਿ ਇਹ ਮਤਾ 36 ਸਾਲ ਬਾਅਦ ਬਾਦਲ ਸਰਕਾਰ ਖਿਲਾਫ ਲਿਆਂਦਾ ਗਿਆ ਹੈ, ਇਸ ਤੋਂ ਪਹਿਲਾਂ 1978 ਵਿਚ ਸੁਨੀਲ ਜਾਖੜਾ ਦੇ ਪਿਤਾ ਬਲਰਾਮ ਜਾਖੜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਖਿਲਾਫ ਬੇਵਿਸਾਹੀ ਦਾ ਮਤਾ ਲਿਆਏ ਸਨ। ਸਦਨ ਵਿਚ ਸਿਆਸੀ ਜ਼ੋਰ ਅਜ਼ਮਾਇਸ਼ ਦੌਰਾਨ ਸਿੱਟਾ ਕੁਝ ਵੀ ਨਿਕਲੇ ਪਰ ਮਾਲ ਮੰਤਰੀ ਦੇ ਮੁੱਦੇ ‘ਤੇ ਅਕਾਲੀ ਦਲ ਨੂੰ ਪੈਣ ਵਾਲੇ ਰਾਜਸੀ ਘਾਟੇ ਦੀ ਭਰਪਾਈ ਲਈ ਕਾਫ਼ੀ ਮਿਹਨਤ ਕਰਨੀ ਪਵੇਗੀ।
ਸਫਾਈ ਦਿੰਦਿਆਂ ਇਕ ਹੋਰ ਵਿਵਾਦ ਵਿਚ ਘਿਰੇ ਮਜੀਠੀਆ: ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਜਦੋਂ ਸਦਨ ਵਿਚ ਆਪਣੇ ‘ਤੇ ਲੱਗੇ ਦੋਸ਼ਾਂ ਦੀ ਸਫਾਈ ਦੇਣ ਲਈ ਬੋਲਣ ਲੱਗੇ ਤਾਂ ਉਹ ਦਸਵੇਂ ਗੁਰੂ ਦੀ ਉਸਤਤ ਨਾਲ ਜੁੜੀ ਇਕ ਤੁਕ ਨੂੰ ਆਪਣੇ ਢੰਗ ਨਾਲ ਬਦਲਣ ਦੇ ਦੋਸ਼ਾਂ ਵਿਚ ਘਿਰ ਗਏ। ਇਸ ਮਾਮਲੇ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਹੋਇਆ। ਵਿਰੋਧੀ ਧਿਰ ਨੇ ਸਦਨ ਵਿਚ ਮਾਲ ਮੰਤਰੀ ਵਿਰੁੱਧ ਨਾਅਰੇਬਾਜ਼ੀ ਕੀਤੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਬਿਕਰਮ ਮਜੀਠੀਆ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਮਜੀਠੀਆ ਨੇ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਗੁਰਬਾਣੀ ਦੀ ਤੁਕ ਤੋੜ-ਮਰੋੜ ਕੇ ਪੇਸ਼ ਕੀਤੀ ਸੀ। ਉਸ ਸਮੇਂ ਮਜੀਠੀਆ ਨੇ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਤਨਖਾਹ ਵੀ ਲਵਾਈ ਸੀ।
____________________________________
ਬਾਦਲ ਨੇ ਫਿਰ ਮਾਰਿਆ ਯੂ-ਟਰਨ
ਡਰੱਗ ਤਸਕਰੀ ਵਿਚ ਬਿਕਰਮ ਮਜੀਠੀਆ ਦਾ ਨਾਂ ਸਾਹਮਣੇ ਆਉਣ ਪਿੱਛੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦੇ ਆ ਰਹੇ ਸਨ ਕਿ ਖ਼ਬਰਾਂ ਦੇ ਆਧਾਰ ‘ਤੇ ਕਿਸੇ ਮੰਤਰੀ ਦਾ ਅਸਤੀਫਾ ਨਹੀਂ ਲਿਆ ਜਾ ਸਕਦਾ। ਹੁਣ ਉਨ੍ਹਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਉਹ ਈæਡੀæ ਦੇ ਤਲਬ ਕਰਨ ‘ਤੇ ਹੀ ਅਸਤੀਫਾ ਨਹੀਂ ਲੈ ਸਕਦੇ, ਹਾਲਾਂਕਿ ਜਦੋਂ ਸਰਵਨ ਸਿੰਘ ਫਿਲੌਰ ਦੇ ਬੇਟੇ ਦਮਨਬੀਰ ਸਿੰਘ ਨੂੰ ਈæਡੀæ ਨੇ ਪੁੱਛ-ਗਿੱਛ ਲਈ ਸੱਦਿਆ ਸੀ ਤਾਂ ਫਿਲੌਰ ਤੋਂ ਅਸਤੀਫ਼ਾ ਲੈ ਲਿਆ ਸੀ। ਗੁਲਜ਼ਾਰ ਸਿੰਘ ਰਣੀਕੇ ਦੇ ਪੀæਏæ ਉੱਤੇ ਫ਼ੰਡ ਘਪਲੇ ਦੇ ਇਲਜ਼ਾਮਾਂ ਪਿਛੋਂ ਉਸ ਨੂੰ ਅਸਤੀਫ਼ਾ ਦੇਣਾ ਪਿਆ ਸੀ।