ਭਾਜਪਾ ਦਾ ਮਿਸ਼ਨ ਕਸ਼ਮੀਰ ਫੇਲ੍ਹ

ਸ੍ਰੀਨਗਰ (ਪੰਜਾਬ ਟਾਈਮਜ਼ ਬਿਊਰੋ): ਕਸ਼ਮੀਰੀਆਂ ਨੇ ਭਾਰਤੀ ਜਨਤਾ ਪਾਰਟੀ ਅਤੇ ਨਰੇਂਦਰ ਮੋਦੀ ਦੇ ਜੇਤੂ ਰੱਥ ਡੱਕ ਲਿਆ ਹੈ। ਪਾਰਟੀ ਨੂੰ ਜੰਮੂ ਕਸ਼ਮੀਰ ਦੀ 87 ਮੈਂਬਰੀ ਵਿਧਾਨ ਸਭਾ ਵਿਚ ਸਿਰਫ 25 ਸੀਟਾਂ ਮਿਲੀਆਂ ਹਨ ਜਦਕਿ ਇਸ ਦਾ ਦਾਈਆ 44 ਤੋਂ ਵੱਧ ਸੀਟਾਂ ਉਤੇ ਜਿੱਤਣ ਦਾ ਸੀ। ਕੁੱਲ 28 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀæਡੀæਪੀæ) ਨੇ ਵਾਦੀ ਵਿਚ ਝੰਡੇ ਗੱਡ ਦਿੱਤੇ ਹਨ। ਕਾਂਗਰਸ ਨੂੰ 12 ਅਤੇ ਨੈਸ਼ਨਲ ਕਾਨਫਰੰਸ ਨੂੰ 15 ਸੀਟਾਂ ਉਤੇ ਜਿੱਤ ਹਾਸਲ ਹੋਈ ਹੈ।

ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਜੰਮੂ ਕਸ਼ਮੀਰ ਵਿਚ ਕਿਸੇ ਇਕ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਉਂਜ, ਇਸ ਵਾਰ ਵੋਟਰਾਂ ਨੇ ਕਸ਼ਮੀਰ ਵਾਦੀ ਵਿਚ ਪੀæਡੀæਪੀæ ਅਤੇ ਜੰਮੂ ਖੇਤਰ ਵਿਚ ਭਾਜਪਾ ਦੇ ਹੱਕ ਵਿਚ ਫਤਵਾ ਦਿੱਤਾ। ਇਸ ਨਾਲ ਐਤਕੀਂ ਸੂਬੇ ਦੀ ਖੇਤਰ ਪੱਧਰ ਉਤੇ ਵੰਡ ਪਹਿਲਾਂ ਨਾਲੋਂ ਵੀ ਤਿੱਖੇ ਰੂਪ ਵਿਚ ਸਾਹਮਣੇ ਆਈ ਹੈ। ਅਸਲ ਵਿਚ ਐਤਕੀਂ ਭਾਜਪਾ ਦੇ ਹਮਲਾਵਰ ਰੁਖ ਕਾਰਨ ਸੂਬੇ ਵਿਚ ਖੇਤਰੀ ਅਤੇ ਫਿਰਕੂ ਵੰਡੀਆਂ ਸਿਰੇ ਉਤੇ ਪੁੱਜ ਗਈਆਂ ਸਨ। ਭਾਜਪਾ ਆਗੂਆਂ ਨੇ ‘ਮਿਸ਼ਨ 44+’ ਪੂਰਾ ਕਰਨ ਦੇ ਨਾਲ ਹੀ ਸੂਬੇ ਵਿਚ ਹਿੰਦੂ ਮੁੱਖ ਮੰਤਰੀ ਬਣਾਉਣ ਬਾਰੇ ਵੀ ਆਪਣੀ ਇੱਛਾ ਜ਼ਾਹਿਰ ਕਰ ਦਿੱਤੀ ਸੀ। ਇਹੀ ਨਹੀਂ, ਧਾਰਾ 370 ਜਿਸ ਤਹਿਤ ਸੂਬੇ ਨੂੰ ਵਿਸ਼ੇਸ਼ ਦਰਜਾ ਮਿਲਿਆ ਹੋਇਆ ਹੈ, ਬਾਰੇ ਇਸ ਨੇ ਭਾਵੇਂ ਲਕੋ ਰੱਖਣ ਦਾ ਯਤਨ ਕੀਤਾ, ਪਰ ਪਾਰਟੀ ਦੇ ਆਗੂ ਇਸ ਮੁੱਦੇ ਬਾਰੇ ਅਕਸਰ ਹੀ ਖੁੱਲ੍ਹ ਕੇ ਵਿਚਾਰ ਪ੍ਰਗਟ ਕਰਦੇ ਰਹੇ ਹਨ। ਇਸ ਲਈ ਚੋਣ ਪ੍ਰਚਾਰ ਇਨ੍ਹਾਂ ਮੁੱਦਿਆਂ ਉਤੇ ਹੀ ਜੰਮੂ ਖੇਤਰ ਅਤੇ ਵਾਦੀ ਵਿਚ ਲਾਮਬੰਦੀ ਹੋਈ। ਪਿਛਲੇ ਸਮੇਂ ਦੌਰਾਨ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੀ ਕਾਰਗੁਜ਼ਾਰੀ ਵਧੇਰੇ ਚੰਗੀ ਨਹੀਂ ਸੀ, ਇਸ ਲਈ ਵਾਦੀ ਵਿਚ ਵੋਟਰਾਂ ਨੇ ਲੱਕ ਬੰਨ੍ਹ ਕੇ ਪੀæਡੀæਪੀæ ਨੂੰ ਵੋਟਾਂ ਪਾਈਆਂ।
ਭਾਜਪਾ ਦੇ ਹਮਲਾਵਰ ਰੁਖ ਖਿਲਾਫ ਵੀ ਵਾਦੀ ਨੇ ਲੋਕਾਂ ਨੇ ਆਪਣੀ ਰਾਏ ਜ਼ਾਹਿਰ ਕੀਤੀ। ਭਾਜਪਾ ਜਿਹੜੀ ਇਹ ਪ੍ਰਚਾਰ ਕਰ ਰਹੀ ਸੀ ਕਿ ਸੂਬੇ ਵਿਚ ਰਿਕਾਰਡ ਵੋਟਿੰਗ ਉਸ ਦੇ ਹੱਕ ਵਿਚ ਫਤਵੇ ਦੇ ਸੰਕੇਤ ਹਨ, ਚੋਣ ਨਤੀਜਿਆਂ ਨੇ ਇਸ ਦੇ ਪੱਲੇ ਨਿਰਾਸ਼ਾ ਪਾਈ। ਅਸਲ ਵਿਚ ਜਦੋਂ ਭਾਜਪਾ ਨੇ ਫਿਰਕੂ ਅਤੇ ਦੇਸ਼ ਦੇ ਹੋਰ ਥਾਂਵਾਂ ਉਤੇ ਧਰਮ ਬਦਲੀ ਦਾ ਮੁੱਦਾ ਉਭਾਰਿਆ, ਉਸ ਨੇ ਵੀ ਕਸ਼ਮੀਰੀਆਂ ਉਤੇ ਅਸਲ ਪਾਇਆ। ਇਹੀ ਨਹੀਂ, ਇਨ੍ਹਾਂ ਚੋਣ ਨਤੀਜਿਆਂ ਨਾਲ ‘ਮੋਦੀ ਲਹਿਰ’ ਨੂੰ ਵੀ ਫਿਲਹਾਲ ਠੱਲ੍ਹ ਪੈ ਗਈ ਹੈ, ਕਿਉਂਕਿ ਮੋਦੀ ਨੇ ਸੂਬੇ ਵਿਚ ਉਚੇਚੇ ਤੌਰ ‘ਤੇ ਪ੍ਰਚਾਰ ਕੀਤਾ ਸੀ ਅਤੇ ਇਸ ਨੂੰ ਆਸ ਹੀ ਨਹੀਂ ਯਕੀਨ ਸੀ ਕਿ ਇਹ 44 ਦਾ ਅੰਕੜਾ ਸਹਿਜੇ ਹੀ ਪਾਰ ਕਰ ਲਵੇਗੀ।
ਹੁਣ ਸੂਬੇ ਵਿਚ ਸਰਕਾਰ ਦੀ ਕਾਇਮੀ ਲਈ ਸਿਆਸੀ ਜੋੜ-ਤੋੜ ਸ਼ੁਰੂ ਹੋ ਗਿਆ ਹੈ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨੇ ਪੀæਡੀæਪੀæ ਨੂੰ ਹਮਾਇਤ ਦੀ ਗੱਲ ਆਖੀ ਹੈ, ਪਰ ਭਾਜਪਾ ਵੀ ਪੀæਡੀæਪੀæ ਨਾਲ ਸਰਕਾਰ ਬਣਾਉਣ ਬਾਰੇ ਸੋਚ ਰਹੀ ਹੈ। ਚੋਣ ਨਤੀਜਿਆਂ ਤੋਂ ਪਹਿਲਾਂ ਵੀ ਇਹ ਕਿਆਸ-ਆਰਾਈਆਂ ਸਨ ਕਿ ਭਾਜਪਾ ਨੂੰ ਸਭ ਤੋਂ ਵੱਧ ਸੀਟਾਂ ਮਿਲਣ ਤੋਂ ਬਾਅਦ ਪੀæਡੀæਪੀæ ਇਸ ਦੀ ਹਮਾਇਤ ‘ਤੇ ਆ ਸਕਦੀ ਹੈ, ਪਰ ਹੁਣ ਹਾਲਾਤ ਬਦਲ ਗਏ ਹਨ ਅਤੇ ਪੀæਡੀæਪੀæ ਦਾ ਹੱਥ ਉਪਰ ਹੋ ਗਿਆ ਹੈ। ਉਂਜ, ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੋਣ ਕਾਰਨ ਪੀæਡੀæਪੀæ ਇਸ ਸਾਂਝ ਬਾਰੇ ਸੋਚ ਸਕਦੀ ਹੈ। ਕੁਝ ਵੀ ਹੋਵੇ, ਵਾਦੀ ਅਤੇ ਜੰਮੂ ਖੇਤਰ ਵਿਚ ਲੋਕਾਂ ਦੇ ਸਪਸ਼ਟ ਫਤਵੇ ਤੋਂ ਬਆਦ ਸੂਬੇ ਵਿਚ ਸਥਿਰ ਸਰਕਾਰ ਉਤੇ ਫਿਲਹਾਲ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਕੁਝ ਸਿਆਸੀ ਵਿਸ਼ਲੇਸ਼ਕਾਂ ਨੇ ਤਾਂ ਸੂਬੇ ਵਿਚ ਮੱਧਕਾਲੀ ਚੋਣਾਂ ਬਾਰੇ ਵੀ ਵਿਚਾਰ ਪ੍ਰਗਟ ਕਰ ਦਿੱਤੇ ਹਨ।
ਝਾਰਖੰਡ ਵਿਚ ਭਾਜਪਾ ਨੂੰ ਬਹੁਮਤ: ਇਕ ਹੋਰ ਸੂਬੇ ਝਾਰਖੰਡ ਵਿਚ ਭਾਵੇਂ ਭਾਜਪਾ ਅਤੇ ਇਸ ਦੀ ਭਾਈਵਾਲ ਪਾਰਟੀ ਏæਜੇæਐਸ਼ਯੂæ ਨੇ ਕੁੱਲ 81 ਸੀਟਾਂ ਵਿਚੋਂ 42 ਉਤੇ ਜਿੱਤ ਹਾਸਲ ਕਰ ਕੇ ਬਹੁਮਤ ਹਾਸਲ ਕਰ ਲਿਆ ਹੈ, ਪਰ ਇਹ ਜਿੱਤ ਭਾਜਪਾ ਦੀ ਆਸ ਤੋਂ ਘੱਟ ਹੀ ਨਿਕਲੀ ਹੈ। ਇਸ ਸੂਬੇ ਵਿਚ ਝਾਰਖੰਡ ਮੁਕਤੀ ਮੋਰਚਾ ਨੂੰ 19 ਅਤੇ ਕਾਂਗਰਸ ਨੂੰ ਸਿਰਫ 6 ਸੀਟਾਂ ਮਿਲੀਆਂ ਹਨ। ਇਸ ਸੂਬੇ ਵਿਚ ਵੀ ਵਧੇਰੇ ਨੁਕਸਾਨ ਕਾਂਗਰਸ ਦਾ ਹੀ ਹੋਇਆ ਹੈ ਅਤੇ ਇਹ ਜੰਮੂ ਕਸ਼ਮੀਰ ਵਾਂਗ ਹੀ ਚੌਥੇ ਸਥਾਨ ਉਤੇ ਜਾ ਡਿੱਗੀ ਹੈ।
________________________________________________
ਪੰਜਾਬ ਦੀ ਸਿਆਸਤ ਉਤੇ ਅਸਰ
ਭਾਜਪਾ ਨੇ ਜੰਮੂ ਕਸ਼ਮੀਰ ਵਿਚ ‘ਮਿਸ਼ਨ 44+’ ਤੋਂ ਬਾਅਦ 2016 ਵਿਚ ਪੱਛਮੀ ਬੰਗਾਲ ਅਤੇ 2017 ਵਿਚ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਉਤੇ ਨਿਸ਼ਾਨਾ ਸਾਧਿਆ ਹੋਇਆ ਸੀ। ਜੰਮੂ ਕਸ਼ਮੀਰ ਵਿਚ ‘ਮਿਸ਼ਨ 44+’ ਫੇਲ੍ਹ ਹੋਣ ਤੋਂ ਬਾਅਦ ਇਸ ਦੇ ‘ਮਿਸ਼ਨ ਪੱਛਮੀ ਬੰਗਾਲ’ ਅਤੇ ‘ਮਿਸ਼ਨ ਪੰਜਾਬ’ ਉਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਬਾਦਲਾਂ ਦੀ ਗੱਡੀ ਲੀਹੋਂ ਲਹਿਣ ਅਤੇ ਹਿਤਾਂ ਦਾ ਟਕਰਾਅ ਵਧਣ ਕਾਰਨ ਭਾਜਪਾ ਆਗੂ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜਨ ਬਾਰੇ ਖੰਭ ਤੋਲ ਰਹੇ ਸਨ। ਇਸੇ ਦੌਰਾਨ ਆਹਲਾ ਮਿਆਰੀ ਸੂਤਰਾਂ ਤੋਂ ਇਹ ਸੂਹ ਵੀ ਮਿਲੀ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦਾ ਇਕ ਹਿੱਸਾ ਸ਼੍ਰæੋਮਣੀ ਅਕਾਲੀ ਦਲ ਨੂੰ ਇਕੱਲਿਆਂ ਛੱਡਣ ਦੇ ਹੱਕ ਵਿਚ ਨਹੀਂ ਹੈ। ਇਸ ਹਿੱਸੇ ਦੇ ਲੀਡਰਾਂ ਦੀ ਸਮਝ ਹੈ ਕਿ ਇਕ ਤਾਂ ਪੰਜਾਬ ਸਰਹੱਦੀ ਸੂਬਾ ਹੈ ਅਤੇ ਦੂਜੇ, ਵੱਖਵਾਦ ਦਾ ਮਸਲਾ ਵੀ ਸੂਬੇ ਵਿਚ ਸਦਾ ਸੁਲਗਦਾ ਰਹਿੰਦਾ ਹੈ, ਇਸ ਕਰ ਕੇ ਅਕਾਲੀ ਦਲ ਨੂੰ ਆਪਣੇ ਤੋਂ ਦੂਰ ਨਾ ਹੀ ਕੀਤਾ ਜਾਵੇ।