ਪਿਛਲੇ ਦੋ ਹਫਤਿਆਂ ਤੋਂ ਜਿਸ ਤਰ੍ਹਾਂ ਦੇ ਬਿਆਨ ਅਤੇ ਸਰਗਰਮੀ ਆਰæਐਸ਼ਐਸ਼ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲੀਡਰ ਕਰ ਰਹੇ ਹਨ, ਉਸ ਨੇ ਮੁਲਕ ਦੇ ਘੱਟ-ਗਿਣਤੀ ਭਾਈਚਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਕੱਟੜ ਆਗੂ ਨਰੇਂਦਰ ਮੋਦੀ ਦੇ ਗੁਜਰਾਤ ਕਤਲੇਆਮ ਨੇ ਮੁਸਲਿਮ ਭਾਈਚਾਰੇ ਦੇ ਮਨਾਂ ਵਿਚ ਤਾਂ ਡਰ ਪਹਿਲਾਂ ਬਿਠਾਇਆ ਹੀ ਹੋਇਆ ਸੀ, ਹੁਣ ਮਿਥ ਕੇ ਈਸਾਈ ਭਾਈਚਾਰੇ ਉਤੇ ਨਿਸ਼ਾਨਾ ਲਾਇਆ ਗਿਆ ਹੈ।
ਆਗਰੇ ਵਾਲੇ ‘ਘਰ ਵਾਪਸੀ’ ਪ੍ਰੋਗਰਾਮ ਨੇ ਸੰਘ ਪਰਿਵਾਰ ਦੀ ਨੀਅਤ ਐਨ ਸਪਸ਼ਟ ਕਰ ਹੀ ਦਿੱਤੀ ਸੀ, ਪਰ ਜਿਸ ਤਰ੍ਹਾਂ ਈਸਾਈਆਂ ਦੇ ਪੁਰਬ ‘ਕ੍ਰਿਸਮਸ ਡੇਅ’ ਨੂੰ ‘ਗੁੱਡ ਗਵਰਨੈਂਸ ਡੇਅ’ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ, ਉਸ ਨੇ ਤਾਂ ਕਿਸੇ ਕਿਸਮ ਦਾ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਹੈ। ਉਧਰ, ਨਰੇਂਦਰ ਮੋਦੀ ਨੇ ਇਸ ਮਾਮਲੇ ਬਾਰੇ ਉਕਾ ਹੀ ਚੁੱਪ ਵੱਟ ਲਈ ਹੈ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰ ਮੰਗ ਕਰਦੇ ਰਹੇ ਕਿ ਮੋਦੀ ਸਦਨ ਵਿਚ ਆ ਕੇ ਸਾਰੀ ਸਥਿਤੀ ਸਪਸ਼ਟ ਕਰੇ। ਮੋਦੀ ਸਦਨ ਵਿਚ ਆਇਆ ਵੀ, ਪਰ ਇਸ ਮੁੱਦੇ ਬਾਰੇ ਉਸ ਤੋਂ ਦੋ ਸ਼ਬਦ ਵੀ ਨਾ ਸਰੇ। ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਵਿਚ ਦਹਿਸ਼ਤਪਸੰਦਾਂ ਨੇ ਇਕ ਸਕੂਲ ਵਿਚ ਵੱਡਾ ਕਾਰਾ ਕਰਦਿਆਂ 132 ਬੱਚਿਆਂ ਸਮੇਤ 142 ਜਾਨਾਂ ਲੈ ਲਈਆਂ ਸਨ, ਤਾਂ ਮੋਦੀ ਝੱਟ ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਸ਼ਾਮਲ ਹੋ ਗਿਆ ਸੀ। ਪਿਸ਼ਾਵਰ ਕਾਂਡ ਦਹਿਸ਼ਤਪਸੰਦਾਂ ਦਾ ਕਰੂਰ ਕਾਰਾ ਸੀ, ਇਸ ਦੀ ਨਿਖੇਧੀ ਹੋਣੀ ਹੀ ਚਾਹੀਦੀ ਸੀ, ਇਸ ਬਾਰੇ ਦੋ ਰਾਵਾਂ ਨਹੀਂ ਹਨ; ਪਰ ਭਾਰਤ ਵਿਚ ਘੱਟ-ਗਿਣਤੀਆਂ ਨੂੰ ਜਿਸ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਬਾਰੇ ਪ੍ਰਧਾਨ ਮੰਤਰੀ ਖਾਮੋਸ਼ ਕਿਉਂ ਹੈ? ਕੁਝ ਮਹੀਨੇ ਪਹਿਲਾਂ ਜਦੋਂ ਇਕ ਹਿੰਦੂ ਜਥੇਬੰਦੀ ਦੇ ਮੈਂਬਰਾਂ ਨੇ ਪੂਣੇ ਵਿਚ ਇਕ ਮੁਸਲਮਾਨ ਨੌਜਵਾਨ ਨੂੰ ਬਿਨਾਂ ਵਜ੍ਹਾ ਕੁੱਟ-ਕੁੱਟ ਕੇ ਮਾਰ ਦਿੱਤਾ ਸੀ, ਉਦੋਂ ਵੀ ਮੋਦੀ ਨੇ ਇਸੇ ਤਰ੍ਹਾਂ ਖਾਮੋਸ਼ੀ ਧਾਰ ਲਈ ਸੀ। ਉਸ ਵੇਲੇ ਉਹ ਤਾਜ਼ਾ-ਤਾਜ਼ਾ ਪ੍ਰਚਾਰ ਕਰ ਰਹੇ ਸਨ ਕਿ ਹੁਣ ਭਾਰਤ ਨੂੰ ਬੋਲਣ ਵਾਲਾ ਪ੍ਰਧਾਨ ਮੰਤਰੀ ਮਿਲ ਗਿਆ ਹੈ। ਉਸ ਵਕਤ ਮੋਦੀ ਦਾ ਸਿੱਧਾ ਇਸ਼ਾਰਾ ਡਾæ ਮਨਮੋਹਨ ਸਿੰਘ ਵੱਲ ਸੀ ਜੋ ਸੋਨੀਆ ਗਾਂਧੀ ਦੇ ਇਸ਼ਾਰੇ ਤੋਂ ਬਿਨਾਂ ਅੱਖ ਵੀ ਉਤਾਂਹ ਨਹੀਂ ਸਨ ਚੁੱਕਦੇ। ਬਾਅਦ ਵਿਚ ਘੱਟ-ਗਿਣਤੀਆਂ ਨਾਲ ਸਿੱਧੇ ਸਬੰਧਤ ਹੋਰ ਵੀ ਕਈ ਮੌਕੇ ਅਜਿਹੇ ਆਏ, ਜਿੱਥੇ ਪ੍ਰਧਾਨ ਮੰਤਰੀ ਵਜੋਂ ਮੋਦੀ ਦਾ ਤੁਰੰਤ ਦਖਲ ਬਣਦਾ ਸੀ, ਪਰ ਪ੍ਰਧਾਨ ਮੰਤਰੀ ਨੇ ਹਰ ਵਾਰ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਜਿਸ ਤਰ੍ਹਾਂ ਹੁਣ ਧਰਮ ਬਦਲੀ ਦੇ ਮਾਮਲੇ ‘ਤੇ ਕੀਤਾ ਹੈ। ਇਹ ਸਾਰਾ ਕੁਝ ਉਸ ਬੰਦੇ ਨੇ ਕੀਤਾ ਹੈ ਜਿਹੜਾ ‘ਵਿਕਾਸ’ ਦੇ ਨਾਂ ਉਤੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਅੱਪੜਿਆ ਅਤੇ ਜਿਸ ਨੇ ਸੰਸਾਰ ਪੱਧਰ ਉਤੇ ਵੀ ਆਪਣਾ ਇਹੀ ਅਕਸ ਬਣਾਉਣ ਲਈ ਪੈਸਾ ਪਾਣੀ ਵਾਂਗ ਵਹਾਇਆ ਹੈ।
ਕੁਝ ਸਿਆਸੀ ਵਿਸ਼ਲੇਸ਼ਕਾਂ ਨੇ ਆਰæਐਸ਼ਐਸ਼ ਦੇ ਹਮਲਾਵਰ ਰੁਖ ਤੋਂ ਬਾਅਦ, ਮੋਦੀ ਅਤੇ ਆਰæਐਸ਼ਐਸ਼ ਵਿਚਕਾਰ ਵਖਰੇਵਿਆਂ ਦੀ ਗੱਲ ਕੀਤੀ ਹੈ। ਇਕ ਗੱਲ ਤਾਂ ਸਾਫ ਹੈ ਕਿ ਭਾਜਪਾ ਦੇ ਆਗੂਆਂ ਨੇ ਪਿਛਲੇ ਕੁਝ ਸਮੇਂ ਦੌਰਾਨ ਜਿਹੜੇ ਚੱਕਵੇਂ ਬਿਆਨ ਦਾਗੇ ਹਨ, ਉਹ ਸਭ ਆਰæਐਸ਼ਐਸ਼ ਦੀ ਲੀਡਰਸ਼ਿਪ ਨੂੰ ਖੁਸ਼ ਕਰਨ ਲਈ ਹੀ ਕੀਤਾ ਗਿਆ ਹੈ ਅਤੇ ਮੋਦੀ ਨੇ ਅਜਿਹੇ ਬਿਆਨਾਂ ਉਤੇ ਨਾ-ਖੁਸ਼ੀ ਵੀ ਜ਼ਾਹਿਰ ਕੀਤੀ ਹੈ। ਹੁਣ ਵਿਚਲੀ ਗੱਲ ਇਹ ਹੈ ਕਿ ਸਮੁੱਚੇ ਹਾਲਾਤ ਵਿਚ ਮੋਦੀ ਜਿਸ ਤਰ੍ਹਾਂ ਡਿਕਟੇਟਰ ਬਣ ਕੇ ਸਾਹਮਣੇ ਆ ਰਿਹਾ ਹੈ, ਤੇ ਆਪਣੀ ਮਰਜ਼ੀ ਹਰ ਕਿਸੇ ਉਤੇ ਲੱਦਣ ਦਾ ਯਤਨ ਕਰ ਰਿਹਾ ਹੈ, ਇਹ ਆਰæਐਸ਼ਐਸ਼ ਦੀ ਲੀਡਰਸ਼ਿਪ ਨੂੰ ਕਤਈ ਮਨਜ਼ੂਰ ਨਹੀਂ ਹੈ ਅਤੇ ਇਸ ਨੇ ਮੋਦੀ ਨੂੰ ਆਪਣਾ ਰੰਗ ਦਿਖਾਉਣ ਦੀ ਠਾਣੀ ਹੋਈ ਹੈ। ਬਿਨਾਂ ਸ਼ੱਕ ਮੋਦੀ ਦਾ ਲੁਕਵਾਂ ਏਜੰਡਾ ਵੀ ਆਰæਐਸ਼ਐਸ਼ ਤੋਂ ਕੋਈ ਵੱਖਰਾ ਨਹੀਂ ਹੈ, ਇਹ ਗੱਲ ਉਸ ਦੀਆਂ ਪਹਿਲੀਆਂ ਕਾਰਗੁਜ਼ਾਰੀਆਂ ਤੋਂ ਸਪਸ਼ਟ ਹੋ ਚੁੱਕੀ ਹੈ ਅਤੇ ਉਹ ਖੁਦ ਵੀ ਕਈ ਮੌਕਿਆਂ ਉਤੇ ਇਹ ਸੰਕੇਤ ਦੇ ਚੁੱਕਾ ਹੈ, ਪਰ ਮੁੱਦਾ ਹੁਣ ਇਹ ਵੀ ਹੈ ਕਿ ਲੋਕਾਂ ਨੇ ਮੁਲਕ ਦੀ ਵਾਗਡੋਰ ਆਰæਐਸ਼ਐਸ਼ ਦੇ ਹੱਥਾਂ ਵਿਚ ਨਹੀਂ ਸੀ ਸੌਂਪੀ। ਇਸੇ ਕਰ ਕੇ ਹੀ ਸੰਸਦ ਵਿਚ ਜਦੋਂ ਵਿਰੋਧੀ ਧਿਰ ਨੇ ਇਨ੍ਹਾਂ ਮੁੱਦਿਆਂ ਬਾਰੇ ਚਰਚਾ ਛੋਹੀ ਤਾਂ ਸਰਕਾਰ ਕੋਲ ਪਿੱਛੇ ਹਟਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਇਹ ਠੀਕ ਹੈ ਕਿ ਕਾਂਗਰਸ ਤੇ ਡਾæ ਮਨਮੋਹਨ ਸਿੰਘ ਦੀ ਅਤਿਅੰਤ ਮਾੜੀ ਕਾਰਗੁਜ਼ਾਰੀ ਅਤੇ ਹੋਰ ਕਿਸੇ ਵੱਡੀ ਪਾਰਟੀ ਦੀ ਗੈਰ-ਮੌਜੂਦਗੀ ਵਿਚ ਭਾਜਪਾ ਨੂੰ ਸੱਤਾ ਤੱਕ ਅੱਪੜਨ ਦਾ ਸੁਨਹਿਰੀ ਮੌਕਾ ਮਿਲ ਗਿਆ ਹੈ, ਪਰ ਲੋਕਾਂ ਨੇ ਵੋਟਾਂ ਉਸ ਮੋਦੀ ਨੂੰ ਨਹੀਂ ਸਨ ਪਾਈਆਂ ਜਿਹੜਾ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕਰਨ ਦੀ ਆਗਿਆ ਦਿੰਦਾ ਹੈ। ਇਸੇ ਕਰ ਕੇ ਹੁਣ ਜੰਮੂ-ਕਸ਼ਮੀਰ ਵਿਚ ਚੋਣਾਂ ਦੇ ਨਤੀਜੇ ਭਾਜਪਾ ਤੇ ਆਰæਐਸ਼ਐਸ਼ ਦੀ ਪਸੰਦ ਦੇ ਨਹੀਂ ਆਏ ਹਨ। ਉਥੇ ਭਾਜਪਾ ਦਾ ਪ੍ਰਚਾਰ ਸੀ, ਸੂਬੇ ਵਿਚ ਵੱਧ ਵੋਟਿੰਗ ਉਸ ਦੇ ਹੱਕ ਵਿਚ ਹੋਈ ਹੈ ਪਰ ਹੁਣ ਤੱਥ ਸਾਹਮਣੇ ਆਏ ਹਨ ਕਿ ਭਾਜਪਾ ਆਗੂਆਂ ਦੇ ਚੱਕਵੇਂ ਬਿਆਨਾਂ ਦੇ ਮੱਦੇਨਜ਼ਰ ਵਾਦੀ ਦੇ ਲੋਕਾਂ ਨੇ ਭਾਜਪਾ ਦਾ ਜੇਤੂ ਰੱਥ ਡੱਕਣ ਲਈ ਵੋਟਾਂ ਪਾਈਆਂ। ਸਿੱਟੇ ਵਜੋਂ ਭਾਜਪਾ ਦਾ ਜੇਤੂ ਰੱਥ ਜੰਮੂ ਖੇਤਰ ਪਾਰ ਨਹੀਂ ਕਰ ਸਕਿਆ। ਅਸਲ ਵਿਚ ਪਹਿਲਾਂ ਰਾਜ ਸਭਾ ਵਿਚ ਇਕਜੁਟ ਹੋਈ ਵਿਰੋਧੀ ਧਿਰ ਅਤੇ ਫਿਰ ਚੋਣ ਪਿੜ ਵਿਚ ਕਸ਼ਮੀਰੀਆਂ ਨੇ ਇਹ ਦਰਸਾਇਆ ਹੈ ਕਿ ਭਾਜਪਾ ਦੇ ਫਿਰਕੂ ਰੱਥ ਨੂੰ ਡੱਕਿਆ ਜਾ ਸਕਦਾ ਹੈ। ਇਸ ਲਈ ਹੁਣ ਘੱਟ-ਗਿਣਤੀਆਂ ਲਈ ਉਹ ਰਾਹ ਖੁੱਲ੍ਹਿਆ ਹੈ ਜਿਸ ਉਤੇ ਤੁਰ ਕੇ ਇਸ ਰੱਥ ਨੂੰ ਪਿਛਲਖੁਰੀ ਮੁੜਨ ਲਈ ਮਜਬੂਰ ਕੀਤਾ ਜਾ ਸਕਦਾ ਹੈ। ਹਰ ਮੋਰਚੇ ਉਤੇ ਤਿਆਰੀ ਨਾਲ ਕੀਤੀ ਘੇਰਾਬੰਦੀ ਹੀ ਇਸ ਜੰਜਾਲ ਨੂੰ ਤੋੜ ਸਕਣ ਦੇ ਸਮਰੱਥ ਹੋ ਸਕਦੀ ਹੈ ਜੋ ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਲੋਕਾਂ ਦੇ ਗਲਾਂ ਵਿਚ ਪੈ ਗਿਆ ਹੈ। ਹੁਣ ਇਹ ਦੱਸਣਾ ਹੀ ਪਵੇਗਾ ਕਿ ਭਾਰਤ ਕਿਸ-ਕਿਸ ਦਾ ਹੈ?