ਲੁਧਿਆਣਾ: ਪੰਜਾਬੀ ਸਭਿਆਚਾਰ ਦੇ ਥੰਮ ਜਗਦੇਵ ਸਿੰਘ ਜੱਸੋਵਾਲ ਨਹੀਂ ਰਹੇ। ਉਹ 79 ਸਾਲ ਦੇ ਸਨ। ਸ੍ਰੀ ਜੱਸੋਵਾਲ 24 ਨਵੰਬਰ ਤੋਂ ਹਸਪਤਾਲ ਵਿਚ ਇਲਾਜ ਲਈ ਦਾਖਲ ਸਨ। ਉਹ ਗੁਰਦਿਆਂ ਤੇ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ। ਪੂਰੇ ਸੰਸਾਰ ਦੇ ਪੰਜਾਬੀਆਂ ਵਿਚ ਉਹ ਸਭਿਆਚਾਰਕ ਗਤੀਵਿਧੀਆਂ ਕਾਰਨ ਬਹੁਤ ਹਰਮਨ ਪਿਆਰੇ ਸਨ।
ਅਤਿਵਾਦ ਦੇ ਸਮੇਂ ਵਿਚ ਜਦੋਂ ਪੱਤਾ ਵੀ ਨਹੀਂ ਸੀ ਹਿੱਲਦਾ, ਉਨ੍ਹਾਂ ਨੇ ਉਦੋਂ ਪੰਜਾਬ ਭਰ ਵਿਚ ਸਭਿਆਚਾਰਕ ਮੇਲੇ ਲਾ ਕੇ ਪੰਜਾਬ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਹਰਭਜਨ ਮਾਨ, ਰਵਿੰਦਰ ਗਰੇਵਾਲ, ਹਰਬੰਸ ਸਹੋਤਾ ਤੋਂ ਲੈ ਕੇ ਸੈਂਕੜੇ ਗਾਇਕਾਂ ਦੀ ਸਰਪ੍ਰਸਤੀ ਕੀਤੀ ਤੇ ਇਨ੍ਹਾਂ ਨੂੰ ਉਂਗਲ ਫੜ ਕੇ ਕਲਾ ਦੀ ਦੁਨੀਆਂ ਵਿੱਚ ਤੋਰਿਆ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਜਗਦੇਵ ਸਿੰਘ ਜੱਸੋਵਾਲ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਪੰਜਾਬੀਆਂ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਜੱਸੋਵਾਲ ਨੂੰ ਪੰਜਾਬੀ ਸਭਿਆਚਾਰ ਦਾ ਦੂਤ ਦੱਸਿਆ, ਜਿਨ੍ਹਾਂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਵਿਚ ਵੱਡਾ ਯੋਗਦਾਨ ਪਾਇਆ।
30 ਅਪਰੈਲ 1935 ਨੂੰ ਜ਼ੈਲਦਾਰ ਕਰਤਾਰ ਸਿੰਘ ਤੇ ਮਾਤਾ ਅਮਰ ਕੌਰ ਦੇ ਘਰ ਜਨਮੇ ਜੱਸੋਵਾਲ ਨੇ ਪ੍ਰਾਇਮਰੀ ਤੱਕ ਦੀ ਸਿੱਖਿਆ ਆਪਣੇ ਜੱਦੀ ਪਿੰਡ ਜੱਸੋਵਾਲ ਸੂਦਾਂ ਦੇ ਸਕੂਲ ਤੋਂ ਲਈ। ਆਰੀਆ ਕਾਲਜ ਵਿਚ ਹਾਲੇ ਉਹ ਪੜ੍ਹ ਹੀ ਰਹੇ ਸਨ ਕਿ ਇਕ ਗੁਰਦੁਆਰੇ ਵਿਚ ਪੰਜਾਬੀ ਸੂਬੇ ਦੇ ਮੋਰਚੇ ਬਾਰੇ ਦੀਵਾਨ ਸੁਣਨ ਚਲੇ ਗਏ। ਇਨ੍ਹਾਂ ਤਕਰੀਰਾਂ ਨੇ ਉਨ੍ਹਾਂ ਨੂੰ ਏਨਾ ਕਾਟ ਕੀਤਾ ਕਿ ਉਹ ਮੋਰਚੇ ਦੇ ਜਥੇ ਨਾਲ ਜੇਲ੍ਹ ਜਾ ਪੁੱਜੇ। ਉਨ੍ਹਾਂ ਨੇ ਪੰਜਾਬੀ ਸੂਬੇ ਦੇ ਮੋਰਚੇ ਵਿਚ ਡੇਢ ਸਾਲ ਕੈਦ ਕੱਟੀ ਤੇ ਉਨ੍ਹਾਂ ਨੂੰ 11 ਹਜ਼ਾਰ ਰੁਪਏ ਜੁਰਮਾਨਾ ਹੋਇਆ ਪਰ ਪੰਜਾਬੀ ਸੂਬਾ ਬਣਨ ਬਾਅਦ ਕਈ ਵਾਰ ਅਕਾਲੀ ਸਰਕਾਰਾਂ ਆਈਆਂ ਉਨ੍ਹਾਂ ਨੂੰ ਇਹ ਜੁਰਮਾਨਾ ਵਾਪਸ ਨਹੀਂ ਮਿਲਿਆ। ਸਿਆਸੀ ਜ਼ਿੰਦਗੀ ਦੀ ਸ਼ੁਰੂਆਤ ਵਜੋਂ ਉਹ ਪੜ੍ਹਾਈ ਦੌਰਾਨ ਹੀ ਉਹ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਬਣ ਗਏ। 1969 ਵਿਚ ਉਹ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੇ ਸੈਕਟਰੀ ਬਣ ਗਏ। 1972 ਵਿਚ ਕਿਲਾ ਰਾਏਪੁਰ ਤੋਂ ਤੱਕੜੀ ਚੋਣ ਨਿਸ਼ਾਨ ‘ਤੇ ਪਹਿਲੀ ਵਿਧਾਨ ਸਭਾ ਦੀ ਚੋਣ ਲੜੀ ਪਰ ਸਫਲ ਨਹੀਂ ਹੋਏ।
ਕੁਝ ਸਮਾਂ ਉਹ ਸੰਤ ਫਤਹਿ ਸਿੰਘ ਦੇ ਨਾਲ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਰਹੇ। 1980 ਵਿਚ ਕਾਂਗਰਸ ਦੀ ਟਿਕਟ ‘ਤੇ ਰਾਏਕੋਟ ਹਲਕੇ ਤੋਂ ਚੋਣ ਲੜੇ ਤੇ ਵਿਧਾਇਕ ਬਣ ਗਏ। ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸਰਕਾਰ ਵਿਚ ਉਹ ਡੇਅਰੀ ਵਿਕਾਸ ਬੋਰਡ ਤੇ ਜੰਗਲਾਤ ਵਿਭਾਗ ਦੇ ਚੇਅਰਮੈਨ ਰਹੇ। ਦੋ ਸਾਲ ਪੰਜਾਬ ਸਟੇਟ ਯੂਥ ਵੈਲਫੇਅਰ ਬੋਰਡ ਦੇ ਅਡਵਾਈਜ਼ਰ ਰਹੇ। ਮੈਂਬਰ ਬਿਜਲੀ ਬੋਰਡ, ਮੈਂਬਰ ਭਾਸ਼ਾ ਅਡਵਾਇਜ਼ਰੀ ਬੋਰਡ, ਮੈਂਬਰ ਦੂਰਦਰਸ਼ਨ ਕੌਂਸਲ, ਮੈਂਬਰ ਪੰਜਾਬ ਆਰਟਸ ਕੌਂਸਲ ਰਹੇ। ਉਹ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਚੰਡੀਗੜ੍ਹ ਦੇ ਪੰਜ ਸਾਲ ਤੱਕ ਪ੍ਰਧਾਨ ਰਹੇ। 1978 ਵਿਚ ਉਨ੍ਹਾਂ ਨੇ ਪ੍ਰੋæ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਬਣਾਈ ਜਿਸ ਦੇ ਆਖਰੀ ਸਾਹ ਤੱਕ ਉਹ ਚੇਅਰਮੈਨ ਰਹੇ। ਉਨ੍ਹਾਂ ਇਸ ਸੰਸਥਾ ਰਾਹੀਂ ਪ੍ਰੋæ ਮੋਹਨ ਸਿੰਘ ਦਾ ਜਨਮ ਦਿਨ ਸਾਲਾਨਾ ਮੇਲਿਆਂ ਦੇ ਰੂਪ ਵਿਚ ਮਨਾਇਆ। ਪੰਜਾਬ ਭਰ ਦੇ ਕਲਾਕਾਰਾਂ ਨੂੰ ਸੰਗਠਿਤ ਕੀਤਾ। ਉਨ੍ਹਾਂ ਮੋਹਨ ਸਿੰਘ ਦਾ ਬੁੱਤ ਆਰਤੀ ਚੌਕ ਲੁਧਿਆਣਾ ਵਿਚ ਸਥਾਪਤ ਕਰਵਾਇਆ।