ਸ਼ਰਧਾਲੂਆਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ
ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਜਦੋਂ ਪੰਜਾਬ, ਹਰਿਆਣਾ ਹਾਈਕੋਰਟ ਨੇ ਡੇਰੇ ਵਿਚ ਕੁਝ ਸ਼ਰਧਾਲੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਦੀ ਸੀæਬੀæਆਈæ ਜਾਂਚ ਕਰਾਉਣ ਦੇ ਹੁਕਮ ਦਿੱਤੇ। ਹਾਈਕੋਰਟ ਦੇ ਜਸਟਿਸ ਕੇæ ਕੰਨਨ ਨੇ ਡੇਰੇ ਦੇ ਇਕ ਸਾਬਕਾ ਸ਼ਰਧਾਲੂ ਹੰਸਰਾਜ ਚੌਹਾਨ ਦੀ ਪਟੀਸ਼ਨ ‘ਤੇ ਇਹ ਹੁਕਮ ਦਿੱਤੇ ਹਨ।
ਚੌਹਾਨ ਵੱਲੋਂ ਆਪਣੇ ਵਕੀਲ ਨਵਕਿਰਨ ਸਿੰਘ ਰਾਹੀਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਡੇਰੇ ਵਿਚ ਤਕਰੀਬਨ 400 ਸ਼ਰਧਾਲੂਆਂ ਨੂੰ ਨਿਪੁੰਸਕ ਬਣਾਇਆ ਗਿਆ ਸੀ ਤੇ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਇਸ ਤਰ੍ਹਾਂ ਉਹ ਡੇਰਾ ਮੁਖੀ ਰਾਹੀਂ ਰੱਬ ਨੂੰ ਪ੍ਰਾਪਤ ਕਰ ਸਕਣਗੇ।
ਪਟੀਸ਼ਨ ਦਾ ਨੋਟਿਸ ਲੈਂਦਿਆਂ ਪਹਿਲਾਂ ਹਾਈਕੋਰਟ ਨੇ ਹੰਸਰਾਜ ਚੌਹਾਨ ਦਾ ਚੰਡੀਗੜ੍ਹ ਨੇ ਸੈਕਟਰ-16 ਸਥਿਤ ਮਲਟੀ-ਸਪੈਸ਼ਿਐਲਿਟੀ ਹਸਪਤਾਲ ਤੋਂ ਮੈਡੀਕਲ ਜਾਂਚ ਕਰਾਉਣ ਦਾ ਹੁਕਮ ਦਿੱਤਾ ਸੀ। ਨਵਕਿਰਨ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਮਾਹਿਰਾਂ ਨੇ ਚੌਹਾਨ ਦੀ ਜਾਂਚ ਕਰਕੇ ਪਾਇਆ ਕਿ ਉਸ ਨੂੰ ਖੱਸੀ ਕੀਤਾ ਗਿਆ ਸੀ। ਚੌਹਾਨ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਡੇਰੇ ਦੇ ਸ਼ਰਧਾਲੂਆਂ ਨੂੰ ਨਿਪੁੰਸਕ ਬਣਾਉਣ ਦਾ ਅਮਲ ਗੁਰਮੀਤ ਰਾਮ ਰਹੀਮ ਸਿੰਘ ਦੇ ਇਸ਼ਾਰੇ ‘ਤੇ ਉਸ ਦੇ ਹਸਪਤਾਲ ਵਿਚ ਰੱਖੇ ਡਾਕਟਰਾਂ ਵੱਲੋਂ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਕਸਰ ਵਿਵਾਦਾਂ ਦੇ ਘੇਰੇ ਵਿਚ ਰਿਹਾ ਹੈ। ਅਗਲੇ ਮਹੀਨੇ ਉਸ ਦੀ ਫਿਲਮ Ḕਐਮਐਸਜੀ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਉਤੇ ਕੁਝ ਸਿੱਖ ਜਥੇਬੰਦੀਆਂ ਨੇ ਇਤਰਾਜ਼ ਉਠਾਇਆ ਹੈ ਤੇ ਸੈਂਸਰ ਬੋਰਡ ਨੂੰ ਇਸ ਫਿਲਮ ਉੱਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਡੇਰਾ ਮੁਖੀ ਦੇ ਖ਼ਿਲਾਫ਼ ਹੱਤਿਆ ਤੇ ਮਹਿਲਾ ਸ਼ਰਧਾਲੂਆਂ ਦੇ ਸੋਸ਼ਣ ਦੇ ਕੇਸ ਵੀ ਚੱਲ ਰਹੇ ਹਨ।
__________________________________
ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਮੁਖੀ ਦੀ ਫ਼ਿਲਮ ਦੇ ਵਿਰੋਧ ਦਾ ਫ਼ੈਸਲਾ
ਅੰਮ੍ਰਿਤਸਰ: ਸਿੱਖਾਂ ਨਾਲ ਵਿਵਾਦਤ ਤਕਰਾਰ ਦੇ ਚੱਲਦਿਆਂ ਡੇਰਾ ਸਿਰਸਾ ਦੇ ਮੁਖੀ ਵੱਲੋਂ ਆਪਣੀ ਉਪਮਾਂ ਵਿਚ ਆਪੇ ਬਣਾਈ ਫ਼ਿਲਮ Ḕਮੈਸੰਜ਼ਰ ਆਫ਼ ਗੌਡ’ ਦੀ ਨਜ਼ਰਸਾਨੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਫ਼ਿਲਮ ਵੇਖ ਕੇ ਉਣਤਾਈਆਂ ਦੇ ਆਧਾਰ ‘ਤੇ ਪਾਬੰਦੀ ਦੀ ਮੰਗ ਤੈਅ ਕਰਨ ਦੇ ਨਿਰਦੇਸ਼ਾਂ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਫ਼ਿਲਮ ਦੇ ਪੋਸਟਰਾਂ ਤੋਂ ਹੀ ਡੇਰਾ ਮੁਖੀ ਦੀ Ḕਹਿਮਾਕਤ’ ਝਲਕਦੀ ਹੈ ਤੇ ਅਜਿਹੇ ਵਿਚ ਫ਼ਿਲਮ ਨੂੰ ਜਾਰੀ ਨਹੀਂ ਕੀਤਾ ਜਾਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਬੇਸ਼ੱਕ ਸਿੰਘ ਸਾਹਿਬ ਦੇ ਹੁਕਮਾਂ ‘ਤੇ ਫ਼ਿਲਮ ਵੇਖੀ ਜਾਵੇਗੀ ਪਰ ਸਿੱਖਾਂ ਵਿਚ ਇਸ ਫ਼ਿਲਮ ਵਿਰੁੱਧ ਸੰਭਾਵਿਤ ਰੋਸ ਨੂੰ ਵੇਖਦਿਆਂ ਫ਼ਿਲਮ ‘ਤੇ ਪਾਬੰਦੀ ਤੈਅ ਹੋਣੀ ਚਾਹੀਦੀ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ, ਸਾਹਿਬਜ਼ਾਦੇ, ਪੰਜ ਪਿਆਰੇ, ਸਮੂਹ ਸ਼ਹੀਦਾਂ ਦੇ ਅਧਾਰਿਤ ਸਿੱਖੀ ਨਾਲ ਸਬੰਧਿਤ ਕੋਈ ਵੀ ਫ਼ਿਲਮ ਬਣਾਉਣ ਦੇ ਚਾਹਵਾਨ ਨਿਰਮਾਤਾ ਤੇ ਨਿਰਦੇਸ਼ਕਾਂ ਨੂੰ ਫ਼ਿਲਮ ਦੀ ਕਹਾਣੀ ਤੋਂ ਲੈ ਕੇ ਆਖਰੀ ਪੜਾਅ ਤੱਕ ਤਿਆਰੀ ਲਈ ਸਿੱਖ ਸਿਧਾਂਤਾਂ ਦੀ ਪਰਖ ਵਿਚੋਂ ਲੰਘਣਾ ਪਵੇਗਾ, ਜਿਸ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਜਲਦ ਹੀ ਵਿਦਵਾਨਾਂ, ਮਾਹਿਰਾਂ ਦੇ ਸ਼ੁਮਾਰ ਵਾਲੇ ਸੈਂਸਰ ਬੋਰਡ ਦਾ ਗਠਨ ਕੀਤਾ ਜਾ ਰਿਹਾ ਹੈ। ਸਫ਼ਲ ਫ਼ਿਲਮ ਚਾਰ ਸਾਹਿਬਜ਼ਾਦੇ ਨੂੰ ਸ਼ੁਰੂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਨਾ ਮਿਲਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਹਰੀ ਝੰਡੀ ਬਾਰੇ ਉਨ੍ਹਾਂ ਕਿਹਾ ਕਿ ਹਰੇਕ ਆਮ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਲਿਜਾਣਾ ਵਾਜ਼ਬ ਨਹੀਂ ਹੈ, ਇਸੇ ਕਾਰਨ ਹੀ ਫ਼ਿਲਮਾਂ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਸੈਂਸਰ ਬੋਰਡ ਗਠਿਤ ਕੀਤਾ ਜਾ ਰਿਹਾ ਹੈ।